ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਆਪਸੀ ਤੌਰ ‘ਤੇ ਲਾਭਕਾਰੀ ਭਾਰਤ-ਬ੍ਰਿਟੇਨ ਮੁਕਤ ਵਪਾਰ ਸਮਝੌਤੇ ਅਤੇ ਦੋਹਰੇ ਯੋਗਦਾਨ ਸੰਮੇਲਨ ਦੀ ਸਮਾਪਤੀ ਦਾ ਸੁਆਗਤ ਕੀਤਾ


ਦੋਵਾਂ ਨੇਤਾਵਾਂ ਨੇ ਇਸ ਨੂੰ ਦੁਵੱਲੀ ਵਿਆਪਕ ਰਣਨੀਤੀ ਸਾਂਝੇਦਾਰੀ ਵਿੱਚ ਇੱਕ ਇਤਿਹਾਸਿਕ ਉਪਲਬਧੀ ਦੱਸਿਆ

ਇਹ ਸਮਝੌਤੇ ਵਪਾਰ ਅਤੇ ਆਰਥਿਕ ਸਹਿਯੋਗ ਨੂੰ ਪ੍ਰੋਤਸਾਹਨ ਦੇਣਗੇ, ਇਨੋਵੇਸ਼ਨ, ਰੋਜ਼ਗਾਰ ਸਿਰਜਣ ਅਤੇ ਗਤੀਸ਼ੀਲਤਾ ਨੂੰ ਹੁਲਾਰਾ ਦੇਣਗੇ

ਪ੍ਰਧਾਨ ਮੰਤਰੀ ਮੋਦੀ ਨੇ ਪ੍ਰਧਾਨ ਮੰਤਰੀ ਸਟਾਰਮਰ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ

Posted On: 06 MAY 2025 6:28PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਅੱਜ ਟੈਲੀਫੋਨ ‘ਤੇ ਗੱਲਬਾਤ ਕੀਤੀ। ਦੋਵਾਂ ਨੇਤਾਵਾਂ ਨੇ ਮਹੱਤਵਅਕਾਂਖੀ  ਅਤੇ ਆਪਸੀ ਤੌਰ ‘ਤੇ ਲਾਭਕਾਰੀ ਭਾਰਤ-ਬ੍ਰਿਟੇਨ ਮੁਕਤ ਵਪਾਰ ਸਮਝੌਤੇ ਦੇ ਨਾਲ-ਨਾਲ ਦੋਹਰੇ ਯੋਗਦਾਨ ਸੰਮੇਲਨ ਦੀ ਸਫ਼ਲ ਸਮਾਪਤੀ ਦਾ ਸੁਆਗਤ ਕੀਤਾ।

ਦੋਵਾਂ ਨੇਤਾਵਾਂ ਨੇ ਇਸ ਨੂੰ ਦੁਵੱਲੀ ਰਣਨੀਤਕ ਸਾਂਝੇਦਾਰੀ ਵਿੱਚ ਇੱਕ ਇਤਿਹਾਸਿਕ ਉਪਲਬਧੀ ਦੱਸਿਆ। ਇਹ ਦੋਵਾਂ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਵਿੱਚ ਵਪਾਰ, ਨਿਵੇਸ਼, ਇਨੋਵੇਸ਼ਨ ਅਤੇ ਰੋਜ਼ਗਾਰ ਸਿਰਜਣ ਨੂੰ ਪ੍ਰੋਤਸਾਹਨ ਦੇਵੇਗਾ। ਦੋਵਾਂ ਪ੍ਰਧਾਨ ਮੰਤਰੀਆਂ ਨੇ ਸਹਿਮਤੀ ਵਿਅਕਤ ਕਰਦੇ ਹੋਏ ਕਿਹਾ ਕਿ ਦੁਨੀਆ ਦੀ ਦੋ ਵੱਡੀਆਂ ਅਤੇ ਖੁੱਲ੍ਹੀਆਂ ਬਜ਼ਾਰ ਅਰਥਵਿਵਸਥਾਵਾਂ ਦਰਮਿਆਨ ਇਤਿਹਾਸਿਕ ਸਮਝੌਤੇ ਕਾਰੋਬਾਰਾਂ ਲਈ ਨਵੇਂ ਮੌਕੇ ਖੋਲ੍ਹਣਗੇ, ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨਗੇ ਅਤੇ ਲੋਕਾਂ ਦਰਮਿਆਨ ਸਬੰਧਾਂ ਨੂੰ ਡੂੰਘਾ ਕਰਨਗੇ।

ਪ੍ਰਧਾਨ ਮੰਤਰੀ ਸਟਾਰਮਰ ਨੇ ਕਿਹਾ ਕਿ ਦੁਨੀਆ ਭਰ ਦੀਆਂ ਅਰਥਵਿਵਸਥਾਵਾਂ ਦੇ ਨਾਲ ਗਠਬੰਧਨਾਂ ਨੂੰ ਮਜ਼ਬੂਤ ਕਰਨਾ ਅਤੇ ਵਪਾਰ ਕਰਨ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਘੱਟ ਕਰਨਾ, ਇੱਕ ਮਜ਼ਬੂਤ ਅਤੇ ਵਧੇਰੇ ਸੁਰੱਖਿਅਤ ਅਰਥਵਿਵਸਥਾ ਪ੍ਰਦਾਨ ਕਰਨ ਲਈ ਉਨ੍ਹਾਂ ਦੀ ਪਰਿਵਰਤਨ ਯੋਜਨਾ ਦਾ ਹਿੱਸਾ ਹੈ।

ਦੋਵਾਂ ਨੇਤਾਵਾਂ ਨੇ ਸਹਿਮਤੀ ਵਿਅਕਤ ਕੀਤੀ ਕਿ ਭਾਰਤ ਅਤੇ ਬ੍ਰਿਟੇਨ ਦਰਮਿਆਨ ਆਰਥਿਕ ਅਤੇ ਵਪਾਰਕ ਸਬੰਧਾਂ ਦਾ ਵਿਸਤਾਰ ਤੇਜ਼ੀ ਨਾਲ ਮਜ਼ਬੂਤ ਅਤੇ ਬਹੁਪੱਖੀ ਸਾਂਝੇਦਾਰੀ ਦਾ ਅਧਾਰ ਹੈ। ਵਸਤੂਆਂ ਅਤੇ ਸੇਵਾਵਾਂ ਦੇ ਵਪਾਰ ਨੂੰ ਕਵਰ ਕਰਨ ਵਾਲੇ ਇੱਕ ਸੰਤੁਲਿਤ, ਨਿਆਸੰਗਤ ਅਤੇ ਮਹੱਤਵਅਕਾਂਖੀ ਐੱਫਟੀਏ ਦੀ ਸਮਾਪਤੀ ਨਾਲ ਦੁਵੱਲੇ ਵਪਾਰ ਵਿੱਚ ਜ਼ਿਕਰਯੋਗ ਵਾਧਾ, ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਹੋਣੇ, ਜੀਵਨ ਪੱਧਰ ਵਿੱਚ ਸੁਧਾਰ ਅਤੇ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਦੀ ਸਮੁੱਚੀ ਭਲਾਈ ਵਿੱਚ ਸੁਧਾਰ ਹੋਣ ਦੀ ਸੰਭਾਵਨਾ ਹੈ।

ਇਹ ਦੋਵਾਂ ਦੇਸ਼ਾਂ ਲਈ ਗਲੋਬਲ ਬਜ਼ਾਰਾਂ ਲਈ ਉਤਪਾਦਾਂ ਅਤੇ ਸੇਵਾਵਾਂ ਨੂੰ ਸੰਯੁਕਤ ਤੌਰ ‘ਤੇ ਵਿਕਸਿਤ ਕਰਨ ਦੀ ਨਵੀਂ ਸਮਰੱਥਾ ਪ੍ਰਦਾਨ ਕਰੇਗਾ। ਇਹ ਸਮਝੌਤਾ ਭਾਰਤ-ਬ੍ਰਿਟੇਨ ਵਿਆਪਕ ਰਣਨੀਤਕ ਸਾਂਝੇਦਾਰੀ ਦੀ ਮਜ਼ਬੂਤ ਨੀਂਹ ਨੂੰ ਮਜ਼ਬੂਤ ਕਰਦਾ ਹੈ ਅਤੇ ਸਹਿਯੋਗ ਅਤੇ ਸਮ੍ਰਿੱਧੀ ਦੇ ਇੱਕ ਨਵੇਂ ਯੁਗ ਦਾ ਰਾਹ ਪੱਧਰਾ ਕਰਦਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਪ੍ਰਧਾਨ ਮੰਤਰੀ ਸਟਾਰਮਰ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ। ਨੇਤਾਵਾਂ ਨੇ ਸੰਪਰਕ ਵਿੱਚ ਰਹਿਣ ‘ਤੇ ਸਹਿਮਤੀ ਵਿਅਕਤ ਕੀਤੀ।

*****

ਐੱਮਜੇਪੀਐੱਸ/ਐੱਸਟੀ


(Release ID: 2127467)