ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
azadi ka amrit mahotsav

ਪੀਐੱਮ ਸੂਰਯ ਘਰ: ਮੁਫ਼ਤ ਬਿਜਲੀ ਯੋਜਨਾ ਨੇ 10 ਲੱਖ ਇੰਸਟਾਲੇਸ਼ਨ ਦਾ ਕੀਰਤੀਮਾਨ ਸਥਾਪਿਤ ਕੀਤਾ

Posted On: 11 MAR 2025 4:49PM by PIB Chandigarh

ਪੀਐੱਮ ਸੂਰਯ ਘਰ: ਮੁਫ਼ਤ ਬਿਜਲੀ ਯੋਜਨਾ (ਪੀਐੱਮਐੱਸਜੀਐੱਮਬੀਵਾਈ), ਦੁਨੀਆ ਦੀ ਸਭ ਤੋਂ ਵੱਡੀ ਘਰੇਲੂ ਰੂਫਟੌਪ ਸੋਲਰ ਪਹਿਲ ਹੈ, ਨੇ 10 ਮਾਰਚ 2025 ਤੱਕ ਦੇਸ਼ ਭਰ ਵਿੱਚ 10.09 ਲੱਖ ਇੰਸਟਾਲੇਸ਼ਨ ਦੇ ਨਾਲ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹਾਸਲ ਕੀਤਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ 13 ਫਰਵਰੀ 2024 ਨੂੰ ਸ਼ੁਰੂ ਕੀਤੀ ਗਈ ਇਸ ਮਹੱਤਵਅਕਾਂਖੀ ਯੋਜਨਾ ਦਾ ਉਦੇਸ਼ 1 ਕਰੋੜ ਰਿਹਾਇਸ਼ੀ ਘਰਾਂ ਨੂੰ ਰੂਫਟੌਪ ਸੋਲਰ ਸਿਸਟਮਸ ਦੇ ਜ਼ਰੀਏ ਮੁਫ਼ਤ ਬਿਜਲੀ ਪ੍ਰਦਾਨ ਕਰਨਾ ਅਤੇ ਪਰੰਪਰਾਗਤ ਬਿਜਲੀ ਸਰੋਤਾਂ ‘ਤੇ ਨਿਰਭਰਤਾ ਨੂੰ ਘੱਟ ਕਰਨਾ ਹੈ, ਨਾਲ ਹੀ ਨਾਗਰਿਕਾਂ ਨੂੰ ਊਰਜਾ ਉਤਪਾਦਕ ਬਣਨ ਵਿੱਚ ਸਮਰੱਥ ਬਣਾਉਣਾ ਹੈ। ਇਹ ਯੋਜਨਾ ਹਰੇਕ ਘਰ ਨੂੰ 100 ਰੁੱਖ ਲਗਾਉਣ ਦੇ ਬਰਾਬਰ ਕਾਰਬਨ ਨਿਕਾਸੀ ਨੂੰ ਘਟਾ ਕੇ ਜਲਵਾਯੂ ਪਰਿਵਰਤਨ ਨੂੰ ਘਟਾਉਣ ਵਿੱਚ ਯੋਗਦਾਨ ਕਰਨ ਵਿੱਚ ਸਮਰੱਥ ਬਣਾਉਂਦੀ ਹੈ।

ਸਬਸਿਡੀ ਅਤੇ ਪ੍ਰੋਤਸਾਹਨ ਦੇ ਨਾਲ ਪਰਿਵਾਰਾਂ ਨੂੰ ਸਸ਼ਕਤ ਬਣਾਉਣਾ

ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ (ਐੱਮਐੱਨਆਰਈ) ਦੁਆਰਾ ਲਾਗੂ ਇਸ ਯੋਜਨਾ ਨੂੰ 47.3 ਲੱਖ ਐਪਲੀਕੇਸ਼ਨਾਂ ਪ੍ਰਾਪਤ ਹੋਈਆਂ ਹਨ। 6.13 ਲੱਖ ਲਾਭਾਰਥੀਆਂ ਨੂੰ ਸਫਲਤਾਪੂਰਵਕ ਸਬਸਿਡੀ ਪ੍ਰਾਪਤ ਹੋਈ ਹੈ, ਜਿਸ ਦੀ ਰਾਸ਼ੀ 4,770 ਕਰੋੜ ਰੁਪਏ ਹਨ।   www.pmsuryaghar.gov.in ਰਾਹੀਂ ਪੂਰੀ ਤਰ੍ਹਾਂ ਨਾਲ ਸਵੈਚਾਲਿਤ ਐਪਲੀਕੇਸ਼ਨ, ਵਿਕ੍ਰੇਤਾ ਦੀ ਚੋਣ ਅਤੇ ਸਬਸਿਡੀ ਰੀਡੀਮ ਪ੍ਰਕਿਰਿਆ ਦੇ ਨਾਲ, ਸਬਸਿਡੀ ਬਿਨੈਕਾਰਾਂ ਦੇ ਬੈਂਕ ਖਾਤਿਆਂ ਵਿੱਚ 15 ਦਿਨਾਂ ਦੇ ਅੰਦਰ ਜਮ੍ਹਾਂ ਹੋ ਜਾਂਦੀ ਹੈ।  

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ, ਪੀਐੱਮ ਸੂਰਯ ਘਰ: ਮੁਫ਼ਤ ਬਿਜਲੀ ਯੋਜਨਾ ਦੀ ਇੱਕ ਪ੍ਰਮੁੱਖ ਵਿਸ਼ੇਸ਼ਤਾ 12 ਜਨਤਕ ਖੇਤਰ ਦੇ ਬੈਂਕਾਂ (ਪੀਐੱਸਬੀਪੀਐੱਸਬੀ) ਦੇ ਜ਼ਰੀਏ 6.75% ਦੇ ਰਿਆਇਤੀ ਵਿਆਜ ਦਰ ‘ਤੇ 2 ਲੱਖ ਰੁਪਏ ਤੱਕ ਦੇ ਲੋਨ ਲਈ ਜਮਾਨਤ-ਮੁਕਤ ਲੋਨ ਦਾ ਪ੍ਰਬੰਧ ਹੈ, ਜਿਸ ਨਾਲ ਰੂਫ ਟੌਪ ਸੋਲਰ ਇੰਸਟਾਲੇਸ਼ਨ ਆਮ ਲੋਕਾਂ ਲਈ ਵਧੇਰੇ ਅਸਾਨ ਹੋ ਗਿਆ ਹੈ। ਅਸਾਨ ਲੋਨ ਸੁਵਿਧਾ ਦੇ ਨਾਲ,  3 KW ਰੂਫ ਟੌਪ ਸੋਲਰ ਸਿਸਟਮ ਨੂੰ ₹15,000/- ਜਿੰਨੇ ਘੱਟ ਨਿਵੇਸ਼ ਨਾਲ ਲਗਾਇਆ ਜਾ ਸਕਦਾ ਹੈ ਜੋ ਕਿ 25 ਵਰ੍ਹਿਆਂ ਵਿੱਚ ₹15 ਲੱਖ ਤੱਕ ਦਾ ਰਿਟਰਨ ਦੇ ਸਕਦਾ ਹੈ। ਲੋਨ ਐਪਲੀਕੇਸ਼ਨ ਪ੍ਰੋਸੈੱਸ ਵੀ ਪੂਰੀ ਤਰ੍ਹਾਂ ਸਵੈਚਾਲਿਤ ਅਤੇ ਔਨਲਾਈਨ ਹੈ। ਹੁਣ ਤੱਕ, 3.10 ਲੱਖ ਲੋਨ ਐਪਲੀਕੇਸ਼ਨਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿੱਚੋਂ 1.58 ਲੱਖ ਲੋਨ ਮਨਜ਼ੂਰ ਕੀਤੇ ਗਏ ਹਨ ਅਤੇ 1.28 ਲੱਖ ਵੰਡੇ ਗਏ ਹਨ, ਜਿਸ ਨਾਲ ਸੰਭਾਵੀ ਲਾਭਾਰਥੀਆਂ ਲਈ ਵਿਆਪਕ ਪਹੁੰਚ ਨੂੰ ਯਕੀਨੀ ਕੀਤਾ ਜਾ ਸਕੇ। ਲਾਭਾਰਥੀਆਂ ਨੂੰ 3KW ਰੂਫ ਟੌਪ ਸੋਲਰ ਸਿਸਟਮ ਲਈ ₹78,000 ਤੱਕ ਦੀ ਸਬਸਿਡੀ ਮਿਲਦੀ ਹੈ, ਜਿਸ ਨਾਲ ਇੰਸਟਾਲੇਸ਼ਨ ਲਾਗਤ ਕਾਫ਼ੀ ਘੱਟ ਹੋ ਜਾਂਦੀ ਹੈ।

 

ਕਈ ਰਾਜਾਂ ਵਿੱਚ ਜ਼ਿਕਰਯੋਗ ਵਿਕਾਸ

ਇਸ ਯੋਜਨਾ ਵਿੱਚ ਕਈ ਰਾਜਾਂ ਵਿੱਚ ਜ਼ਿਕਰਯੋਗ ਵਿਕਾਸ ਦੇਖਿਆ ਗਿਆ ਹੈ। ਖਾਸ ਕਰਕੇ ਚੰਡੀਗੜ੍ਹ ਅਤੇ ਦਮਨ ਅਤੇ ਦਿਉ ਨੇ ਆਪਣੇ ਸਰਕਾਰੀ ਭਵਨਾਂ ‘ਤੇ ਰੂਫ ਟੌਪ ਸੋਲਰ ਦੇ 100% ਟੀਚਿਆਂ ਨੂੰ ਹਾਸਲ ਕਰ ਲਿਆ ਹੈ, ਜਿਸ ਨਾਲ ਉਹ ਸਵੱਛ ਊਰਜਾ ਅਪਣਾਉਣ ਵਿੱਚ ਦੇਸ਼ ਦੀ ਅਗਵਾਈ ਕਰ ਰਹੇ ਹਨ। ਰਾਜਸਥਾਨ, ਮਹਾਰਾਸ਼ਟਰ, ਗੁਜਰਾਤ ਅਤੇ ਤਮਿਲ ਨਾਡੂ ਜਿਹੇ ਰਾਜ ਵੀ ਅਸਾਧਾਰਣ ਤੌਰ ‘ਤੇ ਚੰਗਾ ਪ੍ਰਦਰਸ਼ਨ ਕਰਦੇ ਹੋਏ ਕੁੱਲ ਇੰਸਟਾਲੇਸ਼ਨ  ਅੰਕੜਿਆਂ ਵਿੱਚ ਮਹੱਤਵਪੂਰਨ ਯੋਗਦਾਨ ਦੇ ਰਹੇ ਹਨ। ਸਰਕਾਰ ਯੋਜਨਾ ਦੇ ਸੁਚਾਰੂ ਅਤੇ ਸਮੇਂ ‘ਤੇ ਲਾਗੂਕਰਨ ਨੂੰ ਯਕੀਨੀ ਬਣਾਉਣ ਲਈ ਸਾਰੇ ਰਾਜਾਂ ਵਿੱਚ ਵਿਕਾਸ ਦੀ ਸਰਗਰਮ ਤੌਰ ‘ਤੇ ਨਿਗਰਾਨੀ ਕਰ ਰਹੀ ਹੈ, ਜਿਸ ਦਾ ਟੀਚਾ 2026 -27 ਤੱਕ ਇੱਕ ਕਰੋੜ ਘਰਾਂ ਤੱਕ ਪਹੁੰਚਣਾ ਹੈ।

ਭਾਰਤ ਦੇ ਰੂਫ ਟੌਪ ਸੋਲਰ ਖੇਤਰ ਨੂੰ ਅੱਗੇ ਵਧਾਉਣਾ

ਇਸ ਯੋਜਨਾ ਦਾ ਕੁੱਲ ਖਰਚ ₹75,021 ਕਰੋੜ ਹੈ। ਅਸਾਨ ਵਿੱਤ ਪੋਸ਼ਣ ਦੀ ਸੁਵਿਧਾ ਲਈ, ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਨੇ ਹਾਲ ਹੀ ਵਿੱਚ ਮੁੰਬਈ ਵਿੱਚ ਨਵਿਆਉਣਯੋਗ ਊਰਜਾ ਲਈ ਵਿੱਤ ਜੁਟਾਉਣ ‘ਤੇ ਨੈਸ਼ਨਲ ਵਰਕਸ਼ਾਪ ਵਿੱਚ ਟੌਪ ਬੈਂਕਰਾਂ ਦੇ ਨਾਲ ਇੱਕ ਬੈਠਕ ਕੀਤੀ, ਜਿਸ ਵਿੱਚ ਉਨ੍ਹਾਂ ਨੂੰ ਯੋਜਨਾ ਦੇ ਤਹਿਤ ਪਰੇਸ਼ਾਨੀ ਮੁਕਤ ਲੋਨ ਵੰਡ ਯਕੀਨੀ ਬਣਾਉਣ ਦੀ ਤਾਕੀਦ ਕੀਤੀ ਗਈ। ਚਰਚਾਵਾਂ ਵਿੱਚ ਕਈ ਪ੍ਰਮੁੱਖ ਸਿੱਟੇ ਨਿਕਲੇ, ਜਿਨ੍ਹਾਂ ਵਿੱਚ ਵਿੱਤ ਤੱਕ ਬਿਹਤਰ ਪਹੁੰਚ ਨੂੰ ਅਣਲੌਕ ਕਰਨ ਲਈ ਘੱਟ ਲਾਗਤ ਵਾਲੇ ਵਿੱਤਪੋਸ਼ਣ, ਸ਼ਾਨਦਾਰ ਵਿੱਤਪੋਸ਼ਣ ਮਾਡਲ, ਆਲਮੀ ਜਲਵਾਯੂ ਫੰਡਸ ਤੱਕ ਪਹੁੰਚ ਅਤੇ ਨਵੀਆਂ ਤਕਨੀਕਾਂ ਲਈ ਬਿਹਤਰ ਜ਼ੋਖਮ-ਸਾਂਝਾਕਰਣ ਪ੍ਰਣਾਲੀ ਦੀ ਜ਼ਰੂਰਤ ਸ਼ਾਮਲ ਹੈ। ਬੈਠਕ ਵਿੱਚ ਭਾਰਤ ਦੇ ਸਵੱਛ ਊਰਜਾ ਪਰਿਵਰਤਨ ਦਾ ਸਮਰਥਨ ਕਰਨ ਲਈ ਜਨਤਕ-ਨਿਜੀ ਭਾਗੀਦਾਰੀ ਨੂੰ ਮਜ਼ਬੂਤ ਕਰਨ ਅਤੇ ਹਰਿਤ ਵਿੱਤੀ ਉਪਕਰਣਾਂ ਦੇ ਵਿਸਤਾਰ ਦੇ ਮਹੱਤਵ ‘ਤੇ ਵੀ ਚਾਨਣਾ ਪਾਇਆ ਗਿਆ। 

 

ਸਰਕਾਰ ਰੂਫ ਟੌਪ ਸੋਲਰ ਪਹਿਲ ਨੂੰ ਜਨਤਕ ਬੁਨਿਆਦੀ ਢਾਂਚੇ ਤੱਕ ਵੀ ਵਿਸਤ੍ਰਿਤ ਕਰ ਰਹੀ ਹੈ, ਜਿਸ ਨਾਲ ਸਰਕਾਰੀ ਭਵਨਾਂ ‘ਤੇ ਸੌਰ ਊਰਜਾ ਪ੍ਰਣਾਲੀਆਂ ਦੀ ਸਥਾਪਨਾ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ। ਇਹ ਕੋਸ਼ਿਸ਼ ਨਾ ਸਿਰਫ਼ ਸੰਚਾਲਨ ਊਰਜਾ ਲਾਗਤ ਨੂੰ ਘੱਟ ਕਰਦੀ ਹੈ ਸਗੋਂ ਵਣਜ ਅਤੇ ਉਦਯੋਗਿਕ ਖੇਤਰਾਂ ਲਈ ਇੱਕ ਮਾਡਲ ਵਜੋਂ ਵੀ ਕੰਮ ਕਰਦੀ ਹੈ, ਜਿਸ ਨਾਲ ਪੂਰੇ ਦੇਸ਼ ਵਿੱਚ ਸੌਰ ਊਰਜਾ ਨੂੰ ਵਿਆਪਕ ਤੌਰ ‘ਤੇ ਅਪਣਾਉਣ ਨੂੰ ਪ੍ਰੋਤਸਾਹਨ ਮਿਲਦਾ ਹੈ। 

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ, ਆਤਮਨਿਰਭਰ ਭਾਰਤ ਪਹਿਲ ਦੇ ਅਨੁਸਾਰ, ਪੀਐੱਮ ਸੂਰਯ ਘਰ: ਮੁਫ਼ਤ ਬਿਜਲੀ ਯੋਜਨਾ ਭਾਰਤ ਵਿੱਚ ਬਣਨ ਵਾਲੇ ਸੋਲਰ ਮੌਡਿਊਲ ਅਤੇ ਸੈੱਲ ਦੀ ਵਰਤੋਂ ਨੂੰ ਲਾਜ਼ਮੀ ਕਰਕੇ ਘਰੇਲੂ ਮੈਨੂਫੈਕਚਰਿੰਗ ਦਾ ਸਮਰਥਨ ਕਰਦੀ ਹੈ। 10 ਮਾਰਚ 2025 ਤੱਕ, ਇਸ ਯੋਜਨਾ ਨੇ 3 ਗੀਗਾਵਾਟ ਤੋਂ ਵੱਧ ਰੂਫ ਟੌਪ ਸੋਲਰ ਸਮਰੱਥਾ ਦੀ ਸਥਾਪਨਾ ਨੂੰ ਸੁਗਮ ਬਣਾਇਆ ਹੈ, ਅਤੇ ਮਾਰਚ 2027 ਤੱਕ ਵਾਧੂ 27 ਗੀਗਾਵਾਟ ਦਾ ਟੀਚਾ ਰੱਖਿਆ ਗਿਆ ਹੈ। ਇਹ ਪਹਿਲ ਇਨਵਰਟਰ ਅਤੇ ਬੈਲੈਂਸ ਆਫ ਪਲਾਂਟ (ਬੀਓਪੀ) ਕੰਪੋਨੈਂਟਸ ਦੇ ਸਥਾਨਕ ਉਤਪਾਦਨ ਨੂੰ ਵੀ ਹੁਲਾਰਾ ਦੇ ਰਹੀ ਹੈ ਜਿਸ ਨਾਲ ਭਾਰਤ ਦੇ ਅਖੁੱਟ ਊਰਜਾ ਈਕੋਸਿਸਟਮ ਨੂੰ ਹੋਰ ਮਜ਼ਬੂਤੀ ਮਿਲ ਰਹੀ ਹੈ ਅਤੇ ‘ਮੇਕ ਇਨ ਇੰਡੀਆ’ ਦੇ ਦ੍ਰਿਸ਼ਟੀਕੋਣ ਨੂੰ ਹੁਲਾਰਾ ਮਿਲ ਰਿਹਾ ਹੈ।

 

ਕੇਂਦਰੀ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਦੇ ਮਾਰਗਦਰਸ਼ਨ ਵਿੱਚ, ਐੱਮਐੱਨਆਰਈ ਤੇਜ਼ੀ ਨਾਲ ਲਾਗੂਕਰਨ, ਤੁਰੰਤ ਤੈਨਾਤੀ ਦੇ ਲਈ ਬੁਨਿਆਦੀ ਢਾਂਚਾ ਨਿਰਮਾਣ, ਕੁਸ਼ਲ ਸਬਸਿਡੀ ਵੰਡ ਨੂੰ ਯਕੀਨੀ ਬਣਾਉਣ ਅਤੇ ਵਿਆਪਕ ਜਾਗਰੂਕਤਾ ਅਭਿਯਾਨ ਚਲਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ। ਇਹ ਯੋਜਨਾ ਜਨਤਾ ਅਤੇ ਸਰਕਾਰ ਵੱਲੋਂ ਲਗਾਤਾਰ ਭਾਰੀ ਸਮਰਥਨ ਪ੍ਰਦਾਨ ਕਰ ਰਹੀ ਹੈ, ਜੋ ਕਿ ਭਾਰਤ ਦੇ ਲਈ ਸਵੱਛ, ਹਰਿਤ ਅਤੇ ਊਰਜਾ ਸੁਰੱਖਿਅਤ ਭਵਿੱਖ ਵੱਲ ਇੱਕ ਪਰਿਵਰਤਨਕਾਰੀ ਕਦਮ ਹੈ। 

 

 

*****

ਨਵੀਨ ਸ੍ਰੀਜਿਤ


(Release ID: 2111360) Visitor Counter : 32