ਪ੍ਰਧਾਨ ਮੰਤਰੀ ਦਫਤਰ
ਸਪੇਨ ਦੇ ਰਾਸ਼ਟਰਪਤੀ ਦੀ ਭਾਰਤ ਯਾਤਰਾ ਦੌਰਾਨ ਭਾਰਤ-ਸਪੇਨ ਦੇ ਦਰਮਿਆਨ ਸੰਯੁਕਤ ਬਿਆਨ (28-29 ਅਕਤੂਬਰ, 2024)
Posted On:
28 OCT 2024 6:32PM by PIB Chandigarh
ਭਾਰਤ ਦੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੱਦੇ 'ਤੇ, ਸਪੇਨ ਦੇ ਰਾਸ਼ਟਰਪਤੀ, ਸ਼੍ਰੀ ਪੈਡਰੋ ਸਾਂਚੇਜ਼ 28 -29 ਅਕਤੂਬਰ, 2024 ਨੂੰ ਭਾਰਤ ਦੀ ਸਰਕਾਰੀ ਯਾਤਰਾ ‘ਤੇ ਆਏ।
ਰਾਸ਼ਟਰਪਤੀ ਸਾਂਚੇਜ਼ ਦੀ ਇਹ ਪਹਿਲੀ ਭਾਰਤ ਯਾਤਰਾ ਸੀ ਅਤੇ 18 ਵਰ੍ਹਿਆਂ ਬਾਅਦ ਸਪੇਨ ਦੇ ਕਿਸੇ ਰਾਸ਼ਟਰਪਤੀ ਦੀ ਪਹਿਲੀ ਭਾਰਤ ਯਾਤਰਾ ਸੀ। ਉਨ੍ਹਾਂ ਦੇ ਨਾਲ ਟ੍ਰਾਂਸਪੋਰਟ ਤੇ ਸਸਟੇਨੇਬਲ ਮੋਬਿਲਿਟੀ ਮੰਤਰੀ ਅਤੇ ਉਦਯੋਗ ਤੇ ਟੂਰਿਜ਼ਮ ਮੰਤਰੀ ਅਤੇ ਇੱਕ ਉੱਚ ਪੱਧਰੀ ਅਧਿਕਾਰੀ ਅਤੇ ਵਪਾਰਕ ਵਫ਼ਦ ਭੀ ਮੌਜੂਦ ਸੀ।
ਦੋਵਾਂ ਨੇਤਾਵਾਂ ਨੇ ਕਿਹਾ ਕਿ ਇਸ ਯਾਤਰਾ ਨੇ ਦੁਵੱਲੇ ਸਬੰਧਾਂ ਨੂੰ ਨਵਾਂ ਰੂਪ ਦਿੱਤਾ ਹੈ, ਨਵੀਂ ਗਤੀ ਦਿੱਤੀ ਹੈ ਅਤੇ ਵਿਭਿੰਨ ਖੇਤਰਾਂ ਵਿੱਚ ਦੋਵਾਂ ਦੇਸ਼ਾਂ ਦੇ ਦਰਮਿਆਨ ਬਿਹਤਰ ਸਹਿਯੋਗ ਦੇ ਨਵੇਂ ਯੁਗ ਦੀ ਸ਼ੁਰੂਆਤ ਕੀਤੀ ਹੈ।
ਉਨ੍ਹਾਂ ਨੇ 2017 ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਸਪੇਨ ਯਾਤਰਾ ਤੋਂ ਬਾਅਦ ਦੁਵੱਲੇ ਸਬੰਧਾਂ ਦੀ ਪ੍ਰਗਤੀ 'ਤੇ ਭੀ ਤਸੱਲੀ ਪ੍ਰਗਟ ਕੀਤੀ। ਦੋਵਾਂ ਨੇਤਾਵਾਂ ਨੇ ਆਪਣੀਆਂ ਟੀਮਾਂ ਨੂੰ ਦੁਵੱਲੇ ਏਜੰਡੇ ਨੂੰ ਹੋਰ ਅੱਪਗ੍ਰੇਡ ਕਰਨਾ ਜਾਰੀ ਰੱਖਣ ਅਤੇ ਰਾਜਨੀਤਿਕ, ਆਰਥਿਕ, ਸੁਰੱਖਿਆ, ਰੱਖਿਆ, ਲੋਕਾਂ ਦੇ ਪਰਸਪਰ ਅਤੇ ਸੱਭਿਆਚਾਰਕ ਸਹਿਯੋਗ ਦੇ ਸਾਰੇ ਪਹਿਲੂਆਂ ਵਿੱਚ ਸਹਿਯੋਗ ਵਧਾਉਣ ਦੇ ਨਿਰਦੇਸ਼ ਦਿੱਤੇ।
ਰਾਸ਼ਟਰਪਤੀ ਸਾਂਚੇਜ਼ ਦਾ ਸੱਭਿਆਚਾਰਕ ਪੱਧਰ ‘ਤੇ ਸੁਆਗਤ ਕੀਤਾ ਗਿਆ ਅਤੇ ਵਡੋਦਰਾ ਵਿਖੇ ਪ੍ਰਧਾਨ ਮੰਤਰੀ ਮੋਦੀ ਨਾਲ ਵਫ਼ਦ ਪੱਧਰੀ ਗੱਲਬਾਤ ਕੀਤੀ ਗਈ। ਉਨ੍ਹਾਂ ਨੇ ਮੁੰਬਈ ਦਾ ਭੀ ਦੌਰਾ ਕੀਤਾ ਜਿੱਥੇ ਉਨ੍ਹਾਂ ਨੇ ਉੱਘੇ ਕਾਰੋਬਾਰੀ ਆਗੂਆਂ, ਸੱਭਿਆਚਾਰਕ ਹਸਤੀਆਂ ਅਤੇ ਭਾਰਤੀ ਫ਼ਿਲਮ ਉਦਯੋਗ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕੀਤੀ।
ਰਾਸ਼ਟਰਪਤੀ ਸਾਂਚੇਜ਼ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਸਾਂਝੇ ਤੌਰ 'ਤੇ ਵਡੋਦਰਾ ਵਿਖੇ ਏਅਰਬੱਸ ਸਪੇਨ ਅਤੇ ਟਾਟਾ ਅਡਵਾਂਸਡ ਸਿਸਟਮਸ ਲਿਮਿਟਿਡ ਦੁਆਰਾ ਸਹਿ-ਨਿਰਮਿਤ ਸੀ-295 ਏਅਰਕ੍ਰਾਫਟ ਦੇ ਫਾਈਨਲ ਅਸੈਂਬਲੀ ਲਾਇਨ ਪਲਾਂਟ ਦਾ ਉਦਘਾਟਨ ਕੀਤਾ। ਇਹ ਪਲਾਂਟ ਭਾਰਤ ਵਿੱਚ ਬਣਾਏ ਜਾਣ ਵਾਲੇ ਕੁੱਲ 40 ਏਅਰਕ੍ਰਾਫਟਸ ਵਿੱਚੋਂ 2026 ਵਿੱਚ ਪਹਿਲਾ ‘ਮੇਡ ਇਨ ਇੰਡੀਆ’ ਸੀ 295 ਏਅਰਕ੍ਰਾਫਟ ਤਿਆਰ ਕਰੇਗਾ। ਏਅਰਬੱਸ ਸਪੇਨ ਭਾਰਤ ਨੂੰ 'ਫਲਾਈ-ਅਵੇ' ਹਾਲਤ ਵਿਚ 16 ਏਅਰਕ੍ਰਾਫਟ ਵੀ ਪ੍ਰਦਾਨ ਕਰ ਰਿਹਾ ਹੈ, ਜਿਨ੍ਹਾਂ ਵਿਚੋਂ 6 ਪਹਿਲਾਂ ਹੀ ਭਾਰਤੀ ਵਾਯੂ ਸੈਨਾ ਨੂੰ ਸੌਂਪੇ ਜਾ ਚੁੱਕੇ ਹਨ।
ਰਾਜਨੀਤਿਕ, ਰੱਖਿਆ ਅਤੇ ਸੁਰੱਖਿਆ ਸਹਿਯੋਗ
1. ਦੋਹਾਂ ਨੇਤਾਵਾਂ ਨੇ ਦੋਹਾਂ ਦੇਸ਼ਾਂ ਦਰਮਿਆਨ ਨਿੱਘੇ ਅਤੇ ਸੁਹਿਰਦ ਦੁਵੱਲੇ ਸਬੰਧਾਂ ਦੀ ਸਮੀਖਿਆ ਕੀਤੀ ਅਤੇ ਇਹ ਉਜਾਗਰ ਕੀਤਾ ਕਿ ਵਧ ਰਹੀ ਭਾਈਵਾਲੀ ਦੀ ਬੁਨਿਆਦ ਲੋਕਤੰਤਰ, ਆਜ਼ਾਦੀ, ਕਾਨੂੰਨ ਦੇ ਸ਼ਾਸਨ, ਇੱਕ ਨਿਰਪੱਖ ਅਤੇ ਬਰਾਬਰੀ ਵਾਲੀ ਗਲੋਬਲ ਅਰਥਵਿਵਸਥਾ, ਇੱਕ ਵਧੇਰੇ ਟਿਕਾਊ ਅਤੇ ਲਚੀਲੇ ਗ੍ਰਹਿ, ਇੱਕ ਨਿਯਮ-ਅਧਾਰਿਤ ਅੰਤਰਰਾਸ਼ਟਰੀ ਵਿਵਸਥਾ, ਅਤੇ ਵਧੇ ਹੋਏ ਅਤੇ ਸੁਧਰੇ ਹੋਏ ਬਹੁਪੱਖੀਵਾਦ ਪ੍ਰਤੀ ਸਾਂਝੀ ਪ੍ਰਤੀਬੱਧਤਾ ਵਿੱਚ ਨਿਹਿਤ ਹੈ। ਉਨ੍ਹਾਂ ਨੇ ਇਸ ਸਹਿਯੋਗ ਦੇ ਕੇਂਦਰ ਵਜੋਂ ਦੋਹਾਂ ਦੇਸ਼ਾਂ ਦੇ ਦਰਮਿਆਨ ਸਥਾਈ ਇਤਿਹਾਸਕ ਸਬੰਧਾਂ ਅਤੇ ਲੰਬੇ ਸਮੇਂ ਤੋਂ ਚਲੀ ਆ ਰਹੀ ਦੋਸਤੀ ਨੂੰ ਵੀ ਉਜਾਗਰ ਕੀਤਾ।
2. ਦੋਹਾਂ ਨੇਤਾਵਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਨਿਯਮਿਤ ਉੱਚ-ਪੱਧਰੀ ਗੱਲਬਾਤ ਸਾਂਝੇਦਾਰੀ ਨੂੰ ਗਤੀ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਮਾਮਲਿਆਂ, ਅਰਥਵਿਵਸਥਾ ਅਤੇ ਵਣਜ ਅਤੇ ਰੱਖਿਆ ਮੰਤਰਾਲਿਆਂ ਦਰਮਿਆਨ ਚਲ ਰਿਹਾ ਦੁਵੱਲਾ ਸਹਿਯੋਗ ਵਧੀਆ ਢੰਗ ਨਾਲ ਕੰਮ ਕਰ ਰਿਹਾ ਹੈ ਅਤੇ ਉਨ੍ਹਾਂ ਨੇ ਰੱਖਿਆ, ਸਾਈਬਰ ਸੁਰੱਖਿਆ, ਵਪਾਰ ਅਤੇ ਆਰਥਿਕ ਮੁੱਦਿਆਂ, ਸੱਭਿਆਚਾਰ, ਟੂਰਿਜ਼ਮ, ਸਿੱਖਿਆ ਅਤੇ ਲੋਕਾਂ ਦੇ ਪਰਸਪਰ ਸਬੰਧਾਂ ਦੇ ਮੁੱਖ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਵਿਵਿਧਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਦੋਵਾਂ ਪੱਖਾਂ ਦੇ ਸਬੰਧਿਤ ਮੰਤਰਾਲਿਆਂ/ਏਜੰਸੀਆਂ ਦੇ ਦਰਮਿਆਨ ਨਿਯਮਿਤ ਗੱਲਬਾਤ ਦੇ ਮਹੱਤਵ 'ਤੇ ਜ਼ੋਰ ਦਿੱਤਾ।
3. ਦੋਹਾਂ ਨੇਤਾਵਾਂ ਨੇ ਦੋਵਾਂ ਦੇਸ਼ਾਂ ਦਰਮਿਆਨ ਵਧ ਰਹੇ ਰੱਖਿਆ ਉਦਯੋਗਿਕ ਸਹਿਯੋਗ ਦੇ ਪ੍ਰਤੀਕ ਵਜੋਂ ਸੀ-295 ਏਅਰਕ੍ਰਾਫਟ ਪ੍ਰੋਜੈਕਟ ਵਿੱਚ ਹੋਈ ਪ੍ਰਗਤੀ 'ਤੇ ਤਸੱਲੀ ਪ੍ਰਗਟਾਈ। ਇਸ ਵਧਦੀ ਭਾਈਵਾਲੀ ਦੇ ਅਨੁਰੂਪ, ਅਤੇ ਸਪੈਨਿਸ਼ ਰੱਖਿਆ ਉਦਯੋਗ ਦੀ ਉੱਨਤ ਸਮਰੱਥਾ ਅਤੇ ਮੁਕਾਬਲੇਬਾਜ਼ੀ ਅਤੇ 'ਮੇਕ ਇਨ ਇੰਡੀਆ' ਪਹਿਲ ਦੇ ਲਕਸ਼ਾਂ ਵਿੱਚ ਇਸ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ, ਉਨ੍ਹਾਂ ਨੇ ਦੂਸਰੇ ਸੈਕਟਰਾਂ ਵਿੱਚ ਵੀ ਆਪੋ-ਆਪਣੇ ਰੱਖਿਆ ਉਦਯੋਗਾਂ ਨੂੰ ਭਾਰਤ ਵਿੱਚ ਸਮਾਨ ਸੰਯੁਕਤ ਪ੍ਰੋਜੈਕਟ ਸਥਾਪਿਤ ਕਰਨ ਲਈ ਉਤਸ਼ਾਹਿਤ ਕੀਤਾ।
ਆਰਥਿਕ ਅਤੇ ਵਪਾਰਕ ਸਹਿਯੋਗ
4. ਰਾਸ਼ਟਰਪਤੀ ਸਾਂਚੇਜ਼ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਦੋਵਾਂ ਦੇਸ਼ਾਂ ਵਿੱਚ ਸਕਾਰਾਤਮਕ ਆਰਥਿਕ ਦ੍ਰਿਸ਼ਟੀਕੋਣ ਦੁਆਰਾ ਉਤਸ਼ਾਹਿਤ ਹੋ ਕੇ ਦੁਵੱਲੇ ਵਪਾਰ ਅਤੇ ਨਿਵੇਸ਼ ਸਾਂਝੇਦਾਰੀ ਵਿੱਚ ਹਾਲ ਹੀ ਦੇ ਸਕਾਰਾਤਮਕ ਵਿਕਾਸ ਦਾ ਸੁਆਗਤ ਕੀਤਾ ਅਤੇ ਦੋਵਾਂ ਦੇਸ਼ਾਂ ਦੇ ਕਾਰੋਬਾਰਾਂ ਦਰਮਿਆਨ ਮਜ਼ਬੂਤ ਸਬੰਧਾਂ ਦਾ ਸੱਦਾ ਦਿੱਤਾ।
5. ਪ੍ਰਧਾਨ ਮੰਤਰੀ ਮੋਦੀ ਨੇ ਸਪੇਨ ਦੀ ਅਰਥਵਿਵਸਥਾ ਦੇ ਵਿਕਾਸ ਅਤੇ ਲਚੀਲੇਪਣ 'ਤੇ ਰਾਸ਼ਟਰਪਤੀ ਸਾਂਚੇਜ਼ ਨੂੰ ਵਧਾਈਆਂ ਦਿੱਤੀਆਂ। ਰਾਸ਼ਟਰਪਤੀ ਸਾਂਚੇਜ਼ ਨੇ ਭਾਰਤ ਦੇ ਤੇਜ਼ ਆਰਥਿਕ ਵਿਕਾਸ 'ਤੇ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ਼ ਕੀਤੀ ਅਤੇ ਵਪਾਰ ਦੇ ਅਨੁਕੂਲ ਮਾਹੌਲ ਨੂੰ ਉਤਸ਼ਾਹਿਤ ਕਰਨ ਲਈ ਵਿਭਿੰਨ ਸਰਕਾਰੀ ਪਹਿਲਾਂ ਦੀ ਸ਼ਲਾਘਾ ਕੀਤੀ। ਰਾਸ਼ਟਰਪਤੀ ਸਾਂਚੇਜ਼ ਨੇ ਭਾਰਤ ਵਿੱਚ ਮੌਜੂਦ ਲਗਭਗ 230 ਸਪੈਨਿਸ਼ ਕੰਪਨੀਆਂ ਦੀਆਂ ਗਤੀਵਿਧੀਆਂ ਜ਼ਰੀਏ 'ਮੇਕ ਇਨ ਇੰਡੀਆ' ਪਹਿਲ ਲਈ ਸਪੇਨ ਦੀ ਪ੍ਰਤੀਬੱਧਤਾ ਨੂੰ ਉਜਾਗਰ ਕੀਤਾ। ਦੋਵਾਂ ਨੇਤਾਵਾਂ ਨੇ ਖੁੱਲ੍ਹੇ ਨਿਯਮ-ਅਧਾਰਿਤ ਬਹੁ-ਪੱਖੀ ਵਪਾਰ ਪ੍ਰਣਾਲੀ ਅਤੇ ਦੋਵਾਂ ਦੇਸ਼ਾਂ ਵਿੱਚ ਵਪਾਰ-ਅਨੁਕੂਲ ਨਿਵੇਸ਼ ਦ੍ਰਿਸ਼ ਲਈ ਆਪਣੇ ਮਜ਼ਬੂਤ ਸਮਰਥਨ ਨੂੰ ਦੁਹਰਾਇਆ।
6. ਊਰਜਾ, ਅਖੁੱਟ ਊਰਜਾ, ਪਰਮਾਣੂ ਅਤੇ ਸਮਾਰਟ ਗਰਿੱਡਾਂ, ਫੂਡ ਪ੍ਰੋਸੈੱਸਿੰਗ, ਸਿਹਤ ਸੰਭਾਲ਼ ਅਤੇ ਸਿਹਤ ਸੇਵਾਵਾਂ, ਆਟੋਮੋਟਿਵ ਅਤੇ ਟ੍ਰਾਂਸਪੋਰਟ ਇਨਫ੍ਰਾਸਟ੍ਰਕਚਰ ਸਮੇਤ ਰੇਲਾਂ, ਸੜਕਾਂ, ਬੰਦਰਗਾਹਾਂ ਅਤੇ ਟ੍ਰਾਂਸਪੋਰਟ ਨੈੱਟਵਰਕ ਪ੍ਰਬੰਧਨ ਸਮੇਤ ਸੈਕਟਰਾਂ ਵਿੱਚ ਸਪੈਨਿਸ਼ ਕੰਪਨੀਆਂ ਦੀ ਮੁਹਾਰਤ ਨੂੰ ਮਾਨਤਾ ਦਿੰਦੇ ਹੋਏ, ਦੋਵੇਂ ਨੇਤਾਵਾਂ ਨੇ ਇਨ੍ਹਾਂ ਸੈਕਟਰਾਂ ਵਿੱਚ ਹੋਰ ਸਹਿਯੋਗ ਦਾ ਸੁਆਗਤ ਕੀਤਾ। ਰਾਸ਼ਟਰਪਤੀ ਸਾਂਚੇਜ਼ ਨੇ ਸੂਚਨਾ ਟੈਕਨੋਲੋਜੀ, ਫਾਰਮਾਸਿਊਟੀਕਲਸ ਅਤੇ ਆਟੋਮੋਬਾਈਲ ਅਤੇ ਆਟੋ ਕੰਪੋਨੈਂਟਸ ਜਿਹੇ ਸੈਕਟਰਾਂ ਵਿੱਚ ਸਪੇਨ ਦੀ ਅਰਥਵਿਵਸਥਾ ਵਿੱਚ ਭਾਰਤੀ ਕੰਪਨੀਆਂ ਦੁਆਰਾ ਪਾਏ ਜਾ ਰਹੇ ਸਕਾਰਾਤਮਕ ਯੋਗਦਾਨ ਦਾ ਸੁਆਗਤ ਕੀਤਾ। ਦੋਵਾਂ ਨੇਤਾਵਾਂ ਨੇ ਭਾਰਤ ਅਤੇ ਸਪੇਨ ਵਿੱਚ ਆਪਸੀ ਨਿਵੇਸ਼ਾਂ ਦੀ ਸੁਵਿਧਾ ਲਈ 'ਫਾਸਟ ਟ੍ਰੈਕ ਮਕੈਨਿਜ਼ਮ' ਦੀ ਸਥਾਪਨਾ ਦਾ ਸੁਆਗਤ ਕੀਤਾ।
7. ਦੋਵਾਂ ਨੇਤਾਵਾਂ ਨੇ 2023 ਵਿੱਚ ਆਯੋਜਿਤ ਭਾਰਤ-ਸਪੇਨ 'ਜੁਆਇੰਟ ਕਮਿਸ਼ਨ ਫੌਰ ਇਕਨੌਮਿਕ ਕੋਆਪਰੇਸ਼ਨ' (ਜੇਸੀਈਸੀ) ਦੇ 12ਵੇਂ ਸੈਸ਼ਨ ਵਿੱਚ ਹੋਈ ਪ੍ਰਗਤੀ ਦਾ ਨੋਟਿਸ ਲਿਆ ਅਤੇ 2025 ਦੇ ਸ਼ੁਰੂ ਵਿੱਚ ਸਪੇਨ ਵਿੱਚ ਜੇਸੀਈਸੀ ਦਾ ਅਗਲਾ ਸੈਸ਼ਨ ਬੁਲਾਉਣ ਲਈ ਸਹਿਮਤੀ ਪ੍ਰਗਟਾਈ। ਇਸ ਸੰਦਰਭ ਵਿੱਚ, ਉਹ ਆਰਥਿਕ ਸਬੰਧਾਂ ਨੂੰ ਗਹਿਰਾ ਕਰਨ ਅਤੇ ਅਖੁੱਟ ਊਰਜਾ, ਟੈਕਨੋਲੋਜੀ ਅਤੇ ਟਿਕਾਊ ਬੁਨਿਆਦੀ ਢਾਂਚੇ ਜਿਹੇ ਪ੍ਰਮੁੱਖ ਖੇਤਰਾਂ ਵਿੱਚ ਰਣਨੀਤਕ ਸਹਿਯੋਗ ਦੀ ਪੜਚੋਲ ਕਰਨ ਦੇ ਮਹੱਤਵ 'ਤੇ ਵੀ ਸਹਿਮਤ ਹੋਏ। ਦੋਵਾਂ ਨੇਤਾਵਾਂ ਨੇ ਸ਼ਹਿਰੀ ਸਸਟੇਨੇਬਲ ਵਿਕਾਸ 'ਤੇ ਸਮਝੌਤਾ ਪੱਤਰ ਦੇ ਛੇਤੀ ਸਿੱਟੇ ਦੀ ਉਮੀਦ ਕੀਤੀ।
8. ਦੋਵਾਂ ਨੇਤਾਵਾਂ ਨੇ ਦੋਵਾਂ ਦੇਸ਼ਾਂ ਦੇ ਦਰਮਿਆਨ ਵਪਾਰ ਅਤੇ ਨਿਵੇਸ਼ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ 29 ਅਕਤੂਬਰ, 2024 ਨੂੰ ਮੁੰਬਈ ਵਿੱਚ ਭਾਰਤ-ਸਪੇਨ ਸੀਈਓਜ਼ ਫੋਰਮ ਦੇ ਨਾਲ-ਨਾਲ ਭਾਰਤ-ਸਪੇਨ ਵਪਾਰ ਸੰਮੇਲਨ ਦੀ ਦੂਸਰੀ ਬੈਠਕ ਦਾ ਸੁਆਗਤ ਕੀਤਾ।
9. ਦੋਵਾਂ ਨੇਤਾਵਾਂ ਨੇ ਦੁਵੱਲੀ ਭਾਈਵਾਲੀ ਨੂੰ ਅੱਗੇ ਵਧਾਉਣ ਲਈ ਇਨੋਵੇਸ਼ਨ ਅਤੇ ਸਟਾਰਟਅਪ ਈਕੋਸਿਸਟਮ ਦੇ ਮਹੱਤਵਪੂਰਨ ਮਹੱਤਵ ਨੂੰ ਪਹਿਚਾਣਿਆ ਅਤੇ ਅਜਿਹੇ ਸਾਰੇ ਮੌਕਿਆਂ ਦੀ ਆਪਸੀ ਹਿਤ ਵਿੱਚ ਖੋਜ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਦੋਵਾਂ ਦੇਸ਼ਾਂ ਦੀਆਂ ਸਬੰਧਿਤ ਏਜੰਸੀਆਂ ਨੂੰ ਭਵਿੱਖ ਵਿੱਚ ਅਜਿਹੇ ਕਿਸੇ ਵੀ ਅਦਾਨ-ਪ੍ਰਦਾਨ ਨੂੰ ਗਹਿਰਾ ਕਰਨ ਲਈ ਕੰਮ ਕਰਨ ਲਈ ਉਤਸ਼ਾਹਿਤ ਕੀਤਾ, ਜਿਸ ਵਿੱਚ ਰਾਈਜ਼ਿੰਗ ਅੱਪ ਇਨ ਸਪੇਨ ਅਤੇ ਸਟਾਰਟਅਪ ਇੰਡੀਆ ਪਹਿਲ ਜਿਹੇ ਫ੍ਰੇਮਵਰਕ ਸ਼ਾਮਲ ਹਨ।
10. ਦੋਵਾਂ ਨੇਤਾਵਾਂ ਨੇ ਰੇਲ ਟ੍ਰਾਂਸਪੋਰਟ ਦੇ ਖੇਤਰ ਵਿੱਚ ਸਹਿਯੋਗ ਅਤੇ ਕਸਟਮ ਦੇ ਮਾਮਲੇ ਵਿੱਚ ਸਹਿਯੋਗ ਅਤੇ ਆਪਸੀ ਸਹਾਇਤਾ ਦੇ ਸਮਝੌਤੇ 'ਤੇ ਹਸਤਾਖਰ ਕੀਤੇ ਜਾਣ 'ਤੇ ਤਸੱਲੀ ਪ੍ਰਗਟਾਈ।
11. ਨੇਤਾਵਾਂ ਨੇ ਆਰਥਿਕ ਅਤੇ ਵਪਾਰਕ ਮੌਕਿਆਂ ਨੂੰ ਵਧਾਉਣ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਦਰਮਿਆਨ ਸਮਝ ਨੂੰ ਵਧਾਉਣ ਵਿੱਚ ਟੂਰਿਜ਼ਮ ਦੀ ਭੂਮਿਕਾ ਨੂੰ ਸਵੀਕਾਰ ਕੀਤਾ ਅਤੇ ਇਸ ਗੱਲ 'ਤੇ ਸਹਿਮਤੀ ਪ੍ਰਗਟਾਈ ਕਿ ਇਸਨੂੰ ਹੋਰ ਅੱਗੇ ਵਧਾਇਆ ਜਾਣਾ ਚਾਹੀਦਾ ਹੈ। ਦੋਵਾਂ ਨੇਤਾਵਾਂ ਨੇ ਸਪੇਨ ਅਤੇ ਭਾਰਤ ਦੇ ਦਰਮਿਆਨ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਲਈ ਏਅਰਲਾਇਨਸ ਦੁਆਰਾ ਦਿਖਾਈ ਗਈ ਦਿਲਚਸਪੀ ਦਾ ਸੁਆਗਤ ਕੀਤਾ।
ਸਾਲ 2026 ਨੂੰ ਭਾਰਤ-ਸਪੇਨ ਸੱਭਿਆਚਾਰ, ਟੂਰਿਜ਼ਮ ਅਤੇ ਆਰਟੀਫਿਸ਼ਲ ਇੰਟੈਲੀਜੈਸ਼ (ਏਆਈ) ਦਾ ਸਾਲ ਮੰਨਿਆ ਜਾਵੇਗਾ।
12. ਭਾਰਤ ਅਤੇ ਸਪੇਨ ਦੇ ਦਰਮਿਆਨ ਗਹਿਰੇ ਸਬੰਧਾਂ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਦਰਮਿਆਨ ਲੰਬੇ ਸਮੇਂ ਤੋਂ ਚਲੀ ਆ ਰਹੀ ਦੋਸਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਪੈਡਰੋ ਸਾਂਚੇਜ਼, ਸੰਸਕ੍ਰਿਤੀ, ਟੂਰਿਜ਼ਮ ਅਤੇ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਦੇ ਖੇਤਰਾਂ ਵਿੱਚ 2026 ਨੂੰ ਭਾਰਤ ਅਤੇ ਸਪੇਨ ਦਾ ਸਾਲ ਮਨੋਨੀਤ ਕਰਨ ਲਈ ਸਹਿਮਤ ਹੋਏ ਹਨ।
13. ਇਸ ਸਾਲ ਦੇ ਦੌਰਾਨ, ਦੋਵੇਂ ਧਿਰਾਂ ਆਪੋ-ਆਪਣੇ ਅਜਾਇਬ ਘਰਾਂ, ਕਲਾ, ਮੇਲਿਆਂ, ਫਿਲਮਾਂ, ਤਿਉਹਾਰਾਂ, ਸਾਹਿਤ, ਆਰਕੀਟੈਕਟਾਂ ਦੀਆਂ ਬੈਠਕਾਂ ਅਤੇ ਵਾਦ-ਵਿਵਾਦ ਅਤੇ ਵਿਚਾਰਾਂ ਦੇ ਦੌਰਾਂ ਵਿੱਚ ਇੱਕ ਦੂਸਰੇ ਦੀ ਸੱਭਿਆਚਾਰਕ ਮੌਜੂਦਗੀ ਨੂੰ ਹੁਲਾਰਾ ਦੇਣ ਲਈ ਵੱਧ ਤੋਂ ਵੱਧ ਯਤਨ ਕਰਨਗੀਆਂ।
14. ਇਸੇ ਤਰ੍ਹਾਂ, ਸ਼ਹਿਰੀ ਅਤੇ ਗ੍ਰਾਮੀਣ ਟੂਰਿਜ਼ਮ ਦੋਵਾਂ ਵਿੱਚ ਪਰਾਹੁਣਚਾਰੀ, ਆਰਕੀਟੈਕਚਰ, ਪਕਵਾਨ, ਮਾਰਕਿਟਿੰਗ ਦੇ ਕਈ ਖੇਤਰਾਂ ਵਿੱਚ ਸੈਲਾਨੀਆਂ ਦੀ ਆਮਦ ਨੂੰ ਵਧਾਉਣ, ਆਪਸੀ ਨਿਵੇਸ਼ਾਂ ਨੂੰ ਉਤਸ਼ਾਹਿਤ ਕਰਨ ਅਤੇ ਅਨੁਭਵ ਸਾਂਝੇ ਕਰਨ ਦੇ ਤਰੀਕਿਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ, ਜਿਸ ਨਾਲ ਦੋਵਾਂ ਦੇਸ਼ਾਂ ਦੀ ਆਰਥਿਕ ਸਮਰੱਥਾ ਵਿੱਚ ਵਾਧਾ ਹੋਵੇਗਾ ਅਤੇ ਇੱਕਸੁਰਤਾਪੂਰਣ ਵਿਕਾਸ ਅਤੇ ਸੁਧਾਰ ਦਾ ਲਾਭ ਹੋਵੇਗਾ।
15. ਜੀ20 ਨਵੀਂ ਦਿੱਲੀ ਲੀਡਰਸ ਡੈਕਲਾਰੇਸ਼ਨ ਦੇ ਅਨੁਸਾਰ, ਭਾਰਤ ਅਤੇ ਸਪੇਨ ਚੰਗੇ ਉਦੇਸ਼ਾਂ ਲਈ ਏਆਈ ਦੀ ਵਰਤੋਂ ਅਤੇ ਕਈ ਖੇਤਰਾਂ ਵਿੱਚ ਇਸਦੇ ਸਕਾਰਾਤਮਕ ਲਾਗੂਕਰਨ ਲਈ ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਦੋਵੇਂ ਦੇਸ਼ ਸਾਲ ਦੌਰਾਨ ਏਆਈ ਦੀ ਸਕਾਰਾਤਮਕ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਸਮਾਗਮ ਆਯੋਜਿਤ ਕਰਨ ਲਈ ਪ੍ਰਤੀਬੱਧ ਹਨ ਅਤੇ ਉਤਪਾਦਕ ਅਰਥਵਿਵਸਥਾ ਵਿੱਚ ਏਆਈ ਦੇ ਖੇਤਰ ਵਿੱਚ ਨਵੀਆਂ ਤਰੱਕੀਆਂ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਲਈ ਕੰਮ ਕਰਨਗੇ।
16. ਇਸ ਪਹਿਲ ਦੀ ਮਹੱਤਤਾ ਨੂੰ ਦਰਸਾਉਣ ਲਈ, ਦੋਨੋਂ ਨੇਤਾਵਾਂ ਨੇ ਸਬੰਧਿਤ ਹਿਤਧਾਰਕਾਂ ਨੂੰ ਇਸ ਸਾਲ ਨੂੰ ਸਬੰਧਿਤ ਦੇਸ਼ਾਂ ਵਿੱਚ ਸਭ ਤੋਂ ਢੁਕਵੇਂ ਢੰਗ ਨਾਲ ਮਨਾਉਣ ਦੇ ਨਿਰਦੇਸ਼ ਦਿੱਤੇ।
ਸੱਭਿਆਚਾਰਕ ਅਤੇ ਲੋਕਾਂ ਦੇ ਪਰਸਪਰ ਸਬੰਧ
17. ਦੋਵਾਂ ਨੇਤਾਵਾਂ ਨੇ ਰਾਸ਼ਟਰਾਂ ਨੂੰ ਨਜ਼ਦੀਕ ਲਿਆਉਣ ਵਿੱਚ ਸੱਭਿਆਚਾਰਕ ਸਬੰਧਾਂ ਦੀ ਭੂਮਿਕਾ ਨੂੰ ਸਵੀਕਾਰ ਕੀਤਾ ਅਤੇ ਭਾਰਤ ਅਤੇ ਸਪੇਨ ਦੀ ਸਮ੍ਰਿੱਧ ਅਤੇ ਵਿਵਿਧ ਸੱਭਿਆਚਾਰਕ ਵਿਰਾਸਤ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਭਾਰਤ ਅਤੇ ਸਪੇਨ ਦਰਮਿਆਨ ਲੰਬੇ ਸਮੇਂ ਤੋਂ ਚੱਲ ਰਹੇ ਸੱਭਿਆਚਾਰਕ ਅਦਾਨ-ਪ੍ਰਦਾਨ ਅਤੇ ਸਮ੍ਰਿੱਧੀ, ਖਾਸ ਤੌਰ 'ਤੇ ਸਪੈਨਿਸ਼ ਵਿਦਵਾਨਾਂ (ਇੰਡੋਲੌਜਿਸਟਸ) ਅਤੇ ਭਾਰਤੀ ਹਿਸਪੈਨਿਸਟਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸੰਗੀਤ, ਨ੍ਰਿਤ, ਥੀਏਟਰ, ਸਾਹਿਤ, ਅਜਾਇਬ ਘਰਾਂ ਅਤੇ ਤਿਉਹਾਰਾਂ ਵਿੱਚ ਦੁਵੱਲੇ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਲਈ ਇੱਕ ਸੱਭਿਆਚਾਰਕ ਆਦਾਨ-ਪ੍ਰਦਾਨ ਪ੍ਰੋਗਰਾਮ 'ਤੇ ਹਸਤਾਖਰ ਕੀਤੇ ਜਾਣ ਦਾ ਸੁਆਗਤ ਕੀਤਾ।
18. ਦੋਹਾਂ ਨੇਤਾਵਾਂ ਨੇ ਦੋਹਾਂ ਦੇਸ਼ਾਂ ਦੇ ਸਭਿਆਚਾਰਾਂ ਅਤੇ ਭਾਸ਼ਾਵਾਂ ਦੇ ਅਧਿਐਨ ਵਿੱਚ ਵਧ ਰਹੀ ਰੁਚੀ ਦੀ ਸ਼ਲਾਘਾ ਕੀਤੀ। ਸਪੈਨਿਸ਼ ਭਾਰਤ ਵਿੱਚ ਪ੍ਰਸਿੱਧ ਵਿਦੇਸ਼ੀ ਭਾਸ਼ਾਵਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਭਾਰਤ-ਸਪੇਨ ਸੱਭਿਆਚਾਰਕ ਸਹਿਯੋਗ ਅਤੇ ਦੋਵਾਂ ਦੇਸ਼ਾਂ ਦੀਆਂ ਸੱਭਿਆਚਾਰਕ ਸੰਸਥਾਵਾਂ ਜਿਵੇਂ ਕਿ ਨਵੀਂ ਦਿੱਲੀ ਵਿੱਚ ਇੰਸਟੀਟਿਊਟੋ ਸਰਵੈਂਟਸ (Instituto Cervantes) ਅਤੇ ਕਾਸਾ ਡੇ ਲਾ ਇੰਡੀਆ ਇਨ ਵੈਲਾਡੋਲਿਡ (Casa de la India in Valladolid) ਦਰਮਿਆਨ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਵਿੱਚ ਆਪਸੀ ਹਿੱਤਾਂ ਉੱਤੇ ਜ਼ੋਰ ਦਿੱਤਾ।
19. ਦੋਵਾਂ ਨੇਤਾਵਾਂ ਨੇ ਵੈਲਾਡੋਲਿਡ ਯੂਨੀਵਰਸਿਟੀ ਵਿਖੇ ਹਿੰਦੀ ਅਤੇ ਭਾਰਤੀ ਅਧਿਐਨ 'ਤੇ ਆਈਸੀਸੀਆਰ ਚੇਅਰਾਂ ਦੀ ਸਥਾਪਨਾ ਦਾ ਸੁਆਗਤ ਕੀਤਾ। ਭਾਰਤ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਦੇ ਤਹਿਤ ਭਾਰਤ ਵਿੱਚ ਸਿੱਖਿਆ ਦੇ ਖੇਤਰ ਵਿੱਚ ਪਰਿਵਰਤਨਸ਼ੀਲ ਤਬਦੀਲੀਆਂ ਲਿਆ ਰਿਹਾ ਹੈ। ਇਸ ਸੰਦਰਭ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਪ੍ਰਮੁੱਖ ਸਪੈਨਿਸ਼ ਯੂਨੀਵਰਸਿਟੀਆਂ ਨੂੰ ਭਾਰਤੀ ਸੰਸਥਾਵਾਂ ਨਾਲ ਅਕਾਦਮਿਕ ਅਤੇ ਖੋਜ ਭਾਈਵਾਲੀ ਨੂੰ ਮਜ਼ਬੂਤ ਕਰਨ; ਸੰਯੁਕਤ/ਦੋਹਰੀ ਡਿਗਰੀ ਅਤੇ ਟਵਿਨਿੰਗ ਪ੍ਰਬੰਧਾਂ ਦੁਆਰਾ ਸੰਸਥਾਗਤ ਸਬੰਧਾਂ ਦਾ ਨਿਰਮਾਣ ਕਰਨ ਅਤੇ ਭਾਰਤ ਵਿੱਚ ਬ੍ਰਾਂਚ ਕੈਂਪਸ ਸਥਾਪਿਤ ਕਰਨ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰਨ ਲਈ ਉਤਸ਼ਾਹਿਤ ਕੀਤਾ।
20. ਰਾਸ਼ਟਰਪਤੀ ਸਾਂਚੇਜ਼ ਮੁੰਬਈ ਵਿੱਚ ਸਪੇਨ-ਇੰਡੀਆ ਕੌਂਸਲ ਫਾਊਂਡੇਸ਼ਨ ਅਤੇ ਆਬਜ਼ਰਵਰ ਰਿਸਰਚ ਫਾਊਂਡੇਸ਼ਨ ਦੁਆਰਾ ਸਹਿ-ਸੰਗਠਿਤ ਚੌਥੇ ਸਪੇਨ-ਇੰਡੀਆ ਫੋਰਮ ਵਿੱਚ ਮੁੱਖ ਭਾਸ਼ਣ ਵੀ ਦੇ ਰਹੇ ਹਨ। ਨੇਤਾਵਾਂ ਨੇ ਇਸ ਸੰਸਥਾ ਦੇ ਵਡਮੁੱਲੇ ਯੋਗਦਾਨ ਦੀ ਸ਼ਲਾਘਾ ਕੀਤੀ, ਜੋ ਭਾਰਤੀ ਅਤੇ ਸਪੈਨਿਸ਼ ਸਿਵਲ ਸੋਸਾਇਟੀਆਂ, ਕੰਪਨੀਆਂ, ਥਿੰਕ ਟੈਂਕਾਂ, ਪ੍ਰਸ਼ਾਸਨ ਅਤੇ ਯੂਨੀਵਰਸਿਟੀਆਂ ਦੇ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ, ਆਪਣੇ ਮੈਂਬਰਾਂ ਅਤੇ ਇਸ ਦੀਆਂ ਗਤੀਵਿਧੀਆਂ ਦੇ ਦਰਮਿਆਨ ਮਜ਼ਬੂਤ ਸਾਂਝੇਦਾਰੀ ਨੂੰ ਹੁਲਾਰਾ ਦੇ ਕੇ ਦੁਵੱਲੇ ਸਬੰਧਾਂ ਨੂੰ ਵਧਾਉਣ ਵਿੱਚ ਮਦਦ ਕਰਨ ਅਤੇ ਦੋਵਾਂ ਦੇਸ਼ਾਂ ਨੂੰ ਆਪਸੀ ਗਿਆਨ ਨੂੰ ਵਧਾਉਣ ਲਈ ਇਕੱਠੇ ਲਿਆਉਣ ਵਿੱਚ ਸਰਕਾਰਾਂ ਲਈ ਪੂਰਕ ਭੂਮਿਕਾ ਨਿਭਾਉਂਦੀ ਹੈ।
21. ਦੋਨੋਂ ਨੇਤਾਵਾਂ ਨੇ ਆਈਸੀਸੀਆਰ (ICCR) ਦੁਆਰਾ ਸਪੇਨ ਦੇ ਲੋਕਾਂ ਨੂੰ ਤੋਹਫ਼ੇ ਵਿੱਚ ਗੁਰੂਦੇਵ ਰਬਿੰਦਰਨਾਥ ਟੈਗੋਰ ਦੀ ਮੂਰਤੀ ਦੀ ਵੈਲਾਡੋਲਿਡ ਵਿਖੇ ਸਥਾਪਨਾ ਅਤੇ ਮੈਡ੍ਰਿਡ ਵਿੱਚ ਇੰਸਟੀਟਿਊਟੋ ਸਰਵੈਂਟਸ ਦੇ ਵਾਲਟ ਵਿੱਚ ਟੈਗੋਰ ਦੀਆਂ ਅਨੁਵਾਦਿਤ ਰਚਨਾਵਾਂ ਰੱਖਣ ਦਾ ਸੁਆਗਤ ਕੀਤਾ ਜੋ ਕਿ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਦਰਮਿਆਨ ਸੱਭਿਆਚਾਰਕ ਸਬੰਧਾਂ ਨੂੰ ਵਧਾਉਣ ਦਾ ਪ੍ਰਮਾਣ ਹੈ।
22. ਦੋਵਾਂ ਧਿਰਾਂ ਨੇ ਫਿਲਮ ਅਤੇ ਆਡੀਓ-ਵਿਜ਼ੂਅਲ ਦੇ ਖੇਤਰ ਵਿੱਚ ਵਧ ਰਹੇ ਸਹਿਯੋਗ, ਜਿਸ ਵਿੱਚ 2023 ਵਿੱਚ ਸੇਮਿੰਸੀ (SEMINCI) ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਭਾਰਤ ਦੇ ਮਹਿਮਾਨ ਦੇਸ਼ ਹੋਣ ਅਤੇ ਮਹਾਨ ਸਪੈਨਿਸ਼ ਡਾਇਰੈਕਟਰ ਕਾਰਲੋਸ ਸੌਰਾ ਨੂੰ ਆਈਐੱਫਐੱਫਆਈ (IFFI-ਇੱਫੀ) ਸੱਤਿਆਜੀਤ ਰੇ ਲਾਇਫਟਾਇਮ ਅਚੀਵਮੈਂਟ ਪੁਰਸਕਾਰ ਦੇਣਾ ਸ਼ਾਮਲ ਹੈ, ‘ਤੇ ਤਸੱਲੀ ਪ੍ਰਗਟਾਈ। ਭਾਰਤ ਅਤੇ ਸਪੇਨ ਵਿੱਚ ਬੜੇ ਫਿਲਮ ਅਤੇ ਆਡੀਓ-ਵਿਜ਼ੂਅਲ ਉਦਯੋਗਾਂ ਨੂੰ ਸਵੀਕਾਰ ਕਰਦੇ ਹੋਏ, ਦੋਵੇਂ ਨੇਤਾ ਇਸ ਗੱਲ 'ਤੇ ਸਹਿਮਤ ਹੋਏ ਕਿ ਆਡੀਓ-ਵਿਜ਼ੂਅਲ ਕੋ-ਪ੍ਰੋਡਕਸ਼ਨ ਸਮਝੌਤੇ ਦੇ ਤਹਿਤ ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਦੀ ਗੁੰਜਾਇਸ਼ ਨੂੰ ਵਧਾਇਆ ਜਾ ਸਕਦਾ ਹੈ ਅਤੇ ਆਡੀਓ-ਵਿਜ਼ੁਅਲ ਖੇਤਰ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਸਹਿਯੋਗ ਨੂੰ ਬਿਹਤਰ ਬਣਾਉਣ ਅਤੇ ਫਿਲਮਾਂ ਦੇ ਸਹਿ-ਨਿਰਮਾਣ ਨੂੰ ਉਤਸ਼ਾਹਿਤ ਕਰਨ ਅਤੇ ਸੁਵਿਧਾ ਦੇਣ ਲਈ ਇੱਕ ਸੰਯੁਕਤ ਕਮਿਸ਼ਨ ਦੇ ਗਠਨ ਦਾ ਸੁਆਗਤ ਕੀਤਾ।
23. ਦੋਹਾਂ ਦੇਸ਼ਾਂ ਵਿੱਚ ਲੋਕਾਂ ਦੇ ਪਰਸਪਰ ਸਬੰਧਾਂ ਅਤੇ ਕੌਂਸਲਰ ਸੇਵਾਵਾਂ ਨੂੰ ਵਧਾਉਣ ਲਈ, ਦੋਵਾਂ ਨੇਤਾਵਾਂ ਨੇ ਸਪੇਨ ਦੇ ਬਾਰਸੀਲੋਨਾ ਵਿੱਚ ਭਾਰਤ ਦੇ ਪਹਿਲੇ ਕੌਂਸਲੇਟ ਜਨਰਲ ਦੇ ਸੰਚਾਲਨ ਅਤੇ ਬੰਗਲੁਰੂ ਵਿੱਚ ਸਪੇਨ ਦੇ ਕੌਂਸਲੇਟ ਜਨਰਲ ਨੂੰ ਖੋਲ੍ਹਣ ਦੇ ਫ਼ੈਸਲੇ ਦਾ ਸੁਆਗਤ ਕੀਤਾ।
ਯੂਰੋਪੀਅਨ ਯੂਨੀਅਨ (ਈਯੂ) ਅਤੇ ਭਾਰਤ ਸਬੰਧ
24. ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਸਾਂਚੇਜ਼ ਨੇ ਭਾਰਤ-ਯੂਰੋਪੀਅਨ ਯੂਨੀਅਨ (ਈਯੂ) ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਅਤੇ ਵਿਆਪਕ ਮੁਕਤ ਵਪਾਰ ਸਮਝੌਤੇ, ਨਿਵੇਸ਼ ਸੁਰੱਖਿਆ ਸਮਝੌਤਾ ਅਤੇ ਭੂਗੋਲਿਕ ਸੰਕੇਤ ਸਮਝੌਤੇ ਦੀ ਯੂਰਪੀ-ਭਾਰਤ ਤੀਹਰੀ ਵਾਰਤਾ ਨੂੰ ਅੱਗੇ ਵਧਾਉਣ ਲਈ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ।
25. ਉਹ ਯੂਰੋਪੀਅਨ ਯੂਨੀਅਨ (ਈਯੂ)-ਇੰਡੀਆ ਕਨੈਕਟਿਵਿਟੀ ਪਾਰਟਨਰਸ਼ਿਪ ਦੇ ਉਦੇਸ਼ਾਂ ਨੂੰ ਪੂਰੀ ਤਰ੍ਹਾਂ ਨਾਲ ਸਾਕਾਰ ਕਰਨ ਲਈ ਆਪਣੇ ਸਹਿਯੋਗ ਨੂੰ ਵਧਾਉਣ ਲਈ ਸਹਿਮਤ ਹੋਏ ਅਤੇ ਭਾਰਤ ਅਤੇ ਯੂਰਪ ਦੇ ਦਰਮਿਆਨ ਕਨੈਕਟਿਵਿਟੀ ਨੂੰ ਹੁਲਾਰਾ ਦੇਣ ਲਈ ਇੰਡੀਆ-ਮਿਡਲ ਈਸਟ-ਯੂਰਪ ਇਕਨੌਮਿਕ ਕੌਰੀਡੋਰ ਪ੍ਰੋਜੈਕਟ (ਆਈਐੱਮਈਈਸੀ) ਦੀ ਸੰਭਾਵਨਾ ਨੂੰ ਮਾਨਤਾ ਦਿੱਤੀ। ਉਨ੍ਹਾਂ ਨੇ ਵਪਾਰ, ਨਿਵੇਸ਼, ਟੈਕਨੋਲੋਜੀ, ਊਰਜਾ, ਲੌਜਿਸਟਿਕਸ, ਬੰਦਰਗਾਹਾਂ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਜਿਹੇ ਖੇਤਰਾਂ ਵਿੱਚ ਖੇਤਰੀ ਦੇਸ਼ਾਂ ਦੇ ਦਰਮਿਆਨ ਸਹਿਯੋਗ ਦੇ ਮੌਕਿਆਂ ਦੀ ਖੋਜ ਕੀਤੀ।
ਗਲੋਬਲ ਮੁੱਦੇ
26. ਨੇਤਾਵਾਂ ਨੇ ਯੂਕ੍ਰੇਨ ਵਿੱਚ ਜੰਗ 'ਤੇ ਆਪਣੀ ਗਹਿਰੀ ਚਿੰਤਾ ਪ੍ਰਗਟ ਕੀਤੀ ਅਤੇ ਸੰਯੁਕਤ ਰਾਸ਼ਟਰ ਦੇ ਚਾਰਟਰ ਦੇ ਉਦੇਸ਼ਾਂ ਅਤੇ ਸਿਧਾਂਤਾਂ ਦੇ ਅਨੁਰੂਪ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਸਾਰ ਇੱਕ ਵਿਆਪਕ, ਨਿਆਂਪੂਰਨ ਅਤੇ ਸਥਾਈ ਸ਼ਾਂਤੀ ਦੀ ਜ਼ਰੂਰਤ ਨੂੰ ਦੁਹਰਾਇਆ, ਜਿਸ ਵਿੱਚ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਵੀ ਸ਼ਾਮਲ ਹੈ। ਉਨ੍ਹਾਂ ਨੇ ਗੱਲਬਾਤ ਅਤੇ ਕੂਟਨੀਤੀ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਅਤੇ ਨਾਲ ਹੀ ਟਕਰਾਅ ਦੇ ਟਿਕਾਊ ਅਤੇ ਸ਼ਾਂਤੀਪੂਰਨ ਹੱਲ ਨੂੰ ਪ੍ਰਾਪਤ ਕਰਨ ਲਈ ਸਾਰੇ ਹਿਤਧਾਰਕਾਂ ਦੇ ਦਰਮਿਆਨ ਗੰਭੀਰ ਸ਼ਮੂਲੀਅਤ ਨੂੰ ਰੇਖਾਂਕਿਤ ਕੀਤਾ। ਦੋਵੇਂ ਧਿਰਾਂ ਸੰਘਰਸ਼ ਦੇ ਗੱਲਬਾਤ ਨਾਲ ਹੱਲ ਕਰਨ ਦੇ ਉਦੇਸ਼ ਨਾਲ ਕੀਤੇ ਜਾ ਰਹੇ ਯਤਨਾਂ ਦਾ ਸਮਰਥਨ ਕਰਨ ਲਈ ਸੰਪਰਕ ਵਿੱਚ ਰਹਿਣ ਲਈ ਸਹਿਮਤ ਹੋਈਆਂ।
27. ਉਨ੍ਹਾਂ ਨੇ ਮੱਧ ਪੂਰਬ ਵਿੱਚ ਸ਼ਾਂਤੀ ਅਤੇ ਸਥਿਰਤਾ ਪ੍ਰਾਪਤ ਕਰਨ ਲਈ ਆਪਣੀ ਦ੍ਰਿੜ੍ਹ ਪ੍ਰਤੀਬੱਧਤਾ ਸਾਂਝੀ ਕੀਤੀ, ਅਤੇ ਪੱਛਮੀ ਏਸ਼ੀਆ ਵਿੱਚ ਸੁਰੱਖਿਆ ਸਥਿਤੀ ਦੇ ਵਧਣ 'ਤੇ ਆਪਣੀ ਗਹਿਰੀ ਚਿੰਤਾ ਪ੍ਰਗਟ ਕੀਤੀ ਅਤੇ ਸਾਰੇ ਸਬੰਧਤਾਂ ਨੂੰ ਸੰਜਮ ਰੱਖਣ ਲਈ ਕਿਹਾ। ਉਨ੍ਹਾਂ ਸਾਰੇ ਮੁੱਦਿਆਂ ਨੂੰ ਗੱਲਬਾਤ ਅਤੇ ਕੂਟਨੀਤੀ ਜ਼ਰੀਏ ਹੱਲ ਕਰਨ ਦੀ ਤਾਕੀਦ ਕੀਤੀ। ਦੋਵਾਂ ਨੇਤਾਵਾਂ ਨੇ 7 ਅਕਤੂਬਰ, 2023 ਨੂੰ ਇਜ਼ਰਾਈਲ 'ਤੇ ਹੋਏ ਆਤੰਕਵਾਦੀ ਹਮਲਿਆਂ ਦੀ ਸਪੱਸ਼ਟ ਤੌਰ 'ਤੇ ਨਿੰਦਾ ਕੀਤੀ ਅਤੇ ਇਸ ਗੱਲ 'ਤੇ ਸਹਿਮਤੀ ਪ੍ਰਗਟਾਈ ਕਿ ਗਾਜ਼ਾ ਵਿੱਚ ਬੜੇ ਪੱਧਰ 'ਤੇ ਨਾਗਰਿਕਾਂ ਦੀਆਂ ਜਾਨਾਂ ਦਾ ਨੁਕਸਾਨ ਅਤੇ ਮਾਨਵਤਾਵਾਦੀ ਸੰਕਟ ਅਸਵੀਕਾਰਨਯੋਗ ਹੈ ਅਤੇ ਜਲਦੀ ਤੋਂ ਜਲਦੀ ਖ਼ਤਮ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਸਾਰੇ ਬੰਧਕਾਂ ਦੀ ਤੁਰੰਤ ਰਿਹਾਈ, ਤੁਰੰਤ ਜੰਗਬੰਦੀ ਅਤੇ ਗਾਜ਼ਾ ਵਿੱਚ ਮਾਨਵਤਾਵਾਦੀ ਸਹਾਇਤਾ ਦੇ ਸੁਰੱਖਿਅਤ, ਨਿਰੰਤਰ ਦਾਖਲੇ ਦੀ ਮੰਗ ਕੀਤੀ। ਉਨ੍ਹਾਂ ਨੇ ਨਾਗਰਿਕਾਂ ਦੀ ਜਾਨ ਦੀ ਸੁਰੱਖਿਆ ਦੀ ਫੌਰੀ ਲੋੜ 'ਤੇ ਜ਼ੋਰ ਦਿੱਤਾ ਅਤੇ ਸਾਰੀਆਂ ਧਿਰਾਂ ਨੂੰ ਅੰਤਰਰਾਸ਼ਟਰੀ ਕਾਨੂੰਨ ਦੀ ਪਾਲਣਾ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਟੂ-ਸਟੇਟ ਸੌਲਿਊਸ਼ਨ ਨੂੰ ਲਾਗੂ ਕਰਨ ਲਈ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ, ਜਿਸ ਨਾਲ ਫਲਸਤੀਨ ਦੇ ਇੱਕ ਪ੍ਰਭੂਸੱਤਾ ਸੰਪੰਨ, ਵਿਹਾਰਕ ਅਤੇ ਸੁਤੰਤਰ ਰਾਜ ਦੀ ਸਥਾਪਨਾ ਹੋ ਸਕੇ, ਜੋ ਸੁਰੱਖਿਅਤ ਅਤੇ ਆਪਸੀ ਮਾਨਤਾ ਪ੍ਰਾਪਤ ਸਰਹੱਦਾਂ ਦੇ ਅੰਦਰ, ਇਜ਼ਰਾਈਲ ਨਾਲ ਸ਼ਾਂਤੀ ਅਤੇ ਸੁਰੱਖਿਆ ਵਿੱਚ ਰਹਿ ਸਕੇ, ਨਾਲ ਹੀ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਵਿੱਚ ਫਲਸਤੀਨ ਦੀ ਮੈਂਬਰਸ਼ਿਪ ਲਈ ਆਪਣਾ ਸਮਰਥਨ ਭੀ ਦੁਹਰਾਇਆ।
28. ਦੋਵਾਂ ਧਿਰਾਂ ਨੇ ਲੇਬਨਾਨ ਵਿੱਚ ਵਧ ਰਹੀ ਹਿੰਸਾ ਅਤੇ ਬਲੂ ਲਾਇਨ ਦੇ ਨਾਲ ਸੁਰੱਖਿਆ ਸਥਿਤੀ 'ਤੇ ਆਪਣੀ ਚਿੰਤਾ ਨੂੰ ਦੁਹਰਾਇਆ ਅਤੇ ਯੂਐੱਨਐੱਸਸੀ ਮਤੇ 1701 ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ। ਪ੍ਰਮੁੱਖ ਸੈਨਿਕ ਯੋਗਦਾਨ ਦੇਣ ਵਾਲੇ ਦੇਸ਼ਾਂ ਦੇ ਰੂਪ ਵਿੱਚ, ਉਨ੍ਹਾਂ ਨੇ ਯੂਨੀਫਿਲ (UNIFIL) 'ਤੇ ਹਮਲਿਆਂ ਦੀ ਨਿੰਦਾ ਕੀਤੀ ਅਤੇ ਉਜਾਗਰ ਕੀਤਾ ਕਿ ਸ਼ਾਂਤੀ ਰੱਖਿਅਕਾਂ ਦੀ ਰੱਖਿਆ ਅਤੇ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ ਅਤੇ ਸਾਰਿਆਂ ਦੁਆਰਾ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਸੰਯੁਕਤ ਰਾਸ਼ਟਰ ਪਰਿਸਰ ਦੀ ਅਖੰਡਤਾ ਅਤੇ ਉਨ੍ਹਾਂ ਦੇ ਆਦੇਸ਼ ਦੀ ਪਵਿੱਤਰਤਾ ਦਾ ਸਾਰਿਆਂ ਦੁਆਰਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।
29. ਦੋਵਾਂ ਧਿਰਾਂ ਨੇ ਇੱਕ ਆਜ਼ਾਦ, ਖੁੱਲ੍ਹੇ, ਸਮਾਵੇਸ਼ੀ, ਸ਼ਾਂਤੀਪੂਰਨ ਅਤੇ ਸਮ੍ਰਿੱਧ ਇੰਡੋ-ਪੈਸੀਫਿਕ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦਿੱਤਾ, ਜੋ ਕਿ ਇੱਕ ਨਿਯਮ-ਅਧਾਰਿਤ ਅੰਤਰਰਾਸ਼ਟਰੀ ਵਿਵਸਥਾ, ਪ੍ਰਭੂਸੱਤਾ ਲਈ ਆਪਸੀ ਸਤਿਕਾਰ, ਅਤੇ ਪ੍ਰਭਾਵੀ ਖੇਤਰੀ ਸੰਸਥਾਵਾਂ ਦੁਆਰਾ ਸਮਰਥਤ ਵਿਵਾਦਾਂ ਦੇ ਸ਼ਾਂਤੀਪੂਰਨ ਹੱਲ ਲਈ ਹੈ। ਉਨ੍ਹਾਂ ਨੇ ਅੰਤਰਰਾਸ਼ਟਰੀ ਕਾਨੂੰਨ, ਖਾਸ ਤੌਰ 'ਤੇ ਸਮੁੰਦਰ ਦੇ ਕਾਨੂੰਨ 'ਤੇ ਸੰਯੁਕਤ ਰਾਸ਼ਟਰ ਕਨਵੈਨਸ਼ਨ (ਯੂਐੱਨਸੀਐੱਲਓਐੱਸ -UNCLOS) 1982 ਦੀ ਪਾਲਣਾ ਕਰਦੇ ਹੋਏ ਨਿਰਵਿਘਨ ਵਪਾਰ ਅਤੇ ਨੇਵੀਗੇਸ਼ਨ ਦੀ ਆਜ਼ਾਦੀ ਦੇ ਮਹੱਤਵ ਨੂੰ ਉਜਾਗਰ ਕੀਤਾ। ਦੋਵਾਂ ਧਿਰਾਂ ਨੇ ਇੰਡੋ-ਪੈਸਿਫਿਕ ਓਸ਼ੀਅਨ ਇਨਿਸ਼ਿਏਟਿਵ (ਆਈਪੀਓਆਈ) ਵਿੱਚ ਹਿੱਸਾ ਲੈਣ ਲਈ ਸਪੇਨ ਨੂੰ ਭਾਰਤ ਦੇ ਸੱਦੇ ਨੂੰ ਸਵੀਕਾਰ ਕੀਤਾ, ਜੋ ਕਿ ਇੰਡੋ-ਪੈਸੀਫਿਕ ਖੇਤਰ ਵਿੱਚ ਸਮੁੰਦਰੀ ਖੇਤਰ ਦੇ ਪ੍ਰਬੰਧਨ, ਸੰਭਾਲ਼, ਸਥਿਰਤਾ, ਸੁਰੱਖਿਆ ਅਤੇ ਵਿਕਾਸ ਦੇ ਉਦੇਸ਼ ਨਾਲ ਇੱਕ ਸਹਿਯੋਗੀ ਯਤਨ ਹੈ। ਉਨ੍ਹਾਂ ਨੇ ਭਾਰਤ ਦੇ ਇੰਡੋ-ਪੈਸੀਫਿਕ ਵਿਜ਼ਨ ਅਤੇ ਇੰਡੋ-ਪੈਸੀਫਿਕ ਵਿੱਚ ਸਹਿਯੋਗ ਲਈ ਯੂਰਪੀ ਸੰਘ ਦੀ ਰਣਨੀਤੀ ਦਰਮਿਆਨ ਪੂਰਕਤਾ ਨੂੰ ਵੀ ਮਾਨਤਾ ਦਿੱਤੀ।
30. ਭਾਰਤ ਅਤੇ ਲਾਤੀਨੀ ਅਮਰੀਕੀ ਖਿੱਤੇ ਦਰਮਿਆਨ ਵਧ ਰਹੇ ਸਿਆਸੀ ਅਤੇ ਵਪਾਰਕ ਸਬੰਧਾਂ ਅਤੇ ਸਪੇਨ ਨਾਲ ਇਸ ਦੇ ਇਤਿਹਾਸਕ, ਆਰਥਿਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਦੇਖਦੇ ਹੋਏ, ਦੋਵਾਂ ਨੇਤਾਵਾਂ ਨੇ ਇਸ ਖੇਤਰ ਵਿੱਚ ਨਿਵੇਸ਼ ਅਤੇ ਵਿਕਾਸ ਲਈ ਤਿਕੋਣੀ ਸਹਿਯੋਗ ਦੀ ਅਥਾਹ ਸੰਭਾਵਨਾ ਨੂੰ ਪਛਾਣਿਆ। ਸਪੇਨ ਨੇ ਐਸੋਸੀਏਟ ਆਬਜ਼ਰਵਰ ਵਜੋਂ ਇਬੇਰੋ-ਅਮਰੀਕਨ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਭਾਰਤ ਦੀ ਅਰਜ਼ੀ ਦਾ ਸੁਆਗਤ ਕੀਤਾ, ਜੋ ਲਾਤੀਨੀ ਅਮਰੀਕੀ ਦੇਸ਼ਾਂ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਇੱਕ ਪਲੈਟਫਾਰਮ ਪ੍ਰਦਾਨ ਕਰੇਗਾ। ਦੋਵੇਂ ਧਿਰਾਂ 2026 ਵਿੱਚ ਸਪੇਨ ਵਿੱਚ ਹੋਣ ਵਾਲੇ ਇਬੇਰੋ-ਅਮਰੀਕਨ ਸੰਮੇਲਨ ਦੁਆਰਾ ਪ੍ਰਕਿਰਿਆ ਨੂੰ ਅੰਤਿਮ ਰੂਪ ਦੇਣ ਲਈ ਪ੍ਰਤੀਬੱਧ ਹਨ, ਤਾਂ ਜੋ ਭਾਰਤ ਸਪੇਨ ਦੇ ਸਕੱਤਰੇਤ ਪ੍ਰੋ ਟੈਂਪੋਰ ਦੀਆਂ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈ ਸਕੇ।
ਅੰਤਰਰਾਸ਼ਟਰੀ ਅਤੇ ਬਹੁਪੱਖੀ ਸਹਿਯੋਗ
31. ਦੋਵੇਂ ਨੇਤਾ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (ਯੂਐੱਨਐੱਸਸੀ), ਅਤੇ ਹੋਰ ਬਹੁਪੱਖੀ ਫੋਰਮਾਂ ਸਮੇਤ ਸੰਯੁਕਤ ਰਾਸ਼ਟਰ ਦੇ ਅੰਦਰ ਸਹਿਯੋਗ ਅਤੇ ਤਾਲਮੇਲ ਵਧਾਉਣ ਲਈ ਸਹਿਮਤ ਹੋਏ। ਉਨ੍ਹਾਂ ਨੇ ਵਿਸ਼ਵ ਸ਼ਾਂਤੀ ਅਤੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਨਿਯਮ-ਅਧਾਰਿਤ ਅੰਤਰਰਾਸ਼ਟਰੀ ਵਿਵਸਥਾ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਦੋਵੇਂ ਧਿਰਾਂ ਬਹੁ-ਪੱਖੀਵਾਦ ਨੂੰ ਅੱਗੇ ਵਧਾਉਣ ਲਈ ਪ੍ਰਤੀਬੱਧ ਹਨ ਜੋ ਵਰਤਮਾਨ ਸਮੇਂ ਦੀਆਂ ਹਕੀਕਤਾਂ ਨੂੰ ਦਰਸਾਉਂਦੀ ਹੈ, ਜਿਸ ਨਾਲ ਯੂਐੱਨਐੱਸਸੀ ਸਮੇਤ ਅੰਤਰਰਾਸ਼ਟਰੀ ਸੰਸਥਾਵਾਂ ਵਧੇਰੇ ਪ੍ਰਤੀਨਿਧ, ਪ੍ਰਭਾਵਸ਼ਾਲੀ, ਲੋਕਤੰਤਰੀ, ਜਵਾਬਦੇਹ ਅਤੇ ਪਾਰਦਰਸ਼ੀ ਬਣ ਸਕਣ। ਭਾਰਤ ਨੇ 2031-32 ਦੀ ਅਵਧੀ ਲਈ ਸਪੇਨ ਦੀ ਯੂਐੱਨਐੱਸਸੀ ਉਮੀਦਵਾਰੀ ਲਈ ਆਪਣਾ ਸਮਰਥਨ ਪ੍ਰਗਟ ਕੀਤਾ, ਜਦੋਂ ਕਿ ਸਪੇਨ ਨੇ 2028-29 ਦੀ ਅਵਧੀ ਲਈ ਭਾਰਤ ਦੀ ਉਮੀਦਵਾਰੀ ਲਈ ਆਪਣਾ ਸਮਰਥਨ ਪ੍ਰਗਟਾਇਆ।
32. ਦੋਵਾਂ ਨੇਤਾ 2025 ਵਿੱਚ ਸੇਵਿਲ (ਸਪੇਨ) ਵਿੱਚ ਵਿਕਾਸ ਲਈ ਵਿੱਤ ਬਾਰੇ ਚੌਥੀ ਅੰਤਰਰਾਸ਼ਟਰੀ ਕਾਨਫਰੰਸ ਨੂੰ ਸਸਟੇਨੇਬਲ ਡਿਵੈਲਪਮੈਂਟ ਲਕਸ਼ਾਂ ਨੂੰ ਲਾਗੂ ਕਰਨ ਲਈ ਲੋੜੀਂਦੇ ਸੰਸਾਧਨਾਂ ਦੇ ਅੰਤਰ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਲਈ ਤਰਜੀਹੀ ਕਾਰਵਾਈਆਂ ਦੀ ਪਹਿਚਾਣ ਕਰਨ ਦੇ ਇੱਕ ਮਹੱਤਵਪੂਰਨ ਮੌਕੇ ਦੇ ਰੂਪ ਵਿੱਚ ਦੇਖ ਰਹੇ ਹਨ।
33. ਰਾਸ਼ਟਰਪਤੀ ਸਾਂਚੇਜ਼ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜੀ20 ਦੀ ਉਨ੍ਹਾਂ ਦੀ ਮਿਸਾਲੀ ਪ੍ਰਧਾਨਗੀ ਲਈ ਵਧਾਈਆਂ ਦਿੱਤੀਆਂ, ਜਿਸ ਨੇ ਮਹੱਤਵਪੂਰਨ ਅਤੇ ਗੁੰਝਲਦਾਰ ਗਲੋਬਲ ਸਾਊਥ ਮੁੱਦਿਆਂ ਨੂੰ ਸਫਲਤਾਪੂਰਵਕ ਅਤੇ ਸੰਮਿਲਿਤ ਰੂਪ ਨਾਲ ਹੱਲ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਜੀ20 ਦੇ ਸਥਾਈ ਸੱਦੇ ਵਜੋਂ ਚਰਚਾ ਵਿੱਚ ਸਪੇਨ ਦੁਆਰਾ ਪਾਏ ਵਡਮੁੱਲੇ ਯੋਗਦਾਨ ਦੀ ਸ਼ਲਾਘਾ ਕੀਤੀ।
34. ਦੋਵੇਂ ਨੇਤਾ ਟਿਕਾਊ ਊਰਜਾ ਨੂੰ ਉਤਸ਼ਾਹਿਤ ਕਰਨ ਅਤੇ ਜਲਵਾਯੂ ਪਰਿਵਰਤਨ ਦੇ ਅਨੁਕੂਲ ਹੋਣ ਲਈ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਸਹਿਮਤ ਹੋਏ। ਉਹ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਗਲੋਬਲ ਕਾਰਵਾਈ ਨੂੰ ਤੇਜ਼ ਕਰਨ ਦੀ ਲੋੜ ਨੂੰ ਪਛਾਣਦੇ ਹਨ ਅਤੇ ਬਾਕੂ ਵਿੱਚ ਆਗਾਮੀ ਜਲਵਾਯੂ ਸਮਿਟ (ਸੀਓਪੀ29 - COP29) ਦੇ ਸੰਦਰਭ ਵਿੱਚ ਸਹਿਯੋਗ ਕਰਨ ਲਈ ਪ੍ਰਤੀਬੱਧ ਹਨ, ਜਿਸ ਵਿੱਚ ਜਲਵਾਯੂ ਵਿੱਤ 'ਤੇ ਇੱਕ ਨਵਾਂ ਸਮੂਹਿਕ ਮਾਪਦੰਡ ਲਕਸ਼ ਪ੍ਰਾਪਤ ਕੀਤਾ ਜਾ ਸਕੇ, ਜੋ ਪੈਰਿਸ ਸਮਝੌਤੇ ਦੇ ਤਾਪਮਾਨ ਦੇ ਲਕਸ਼ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ। ਉਨ੍ਹਾਂ ਨੇ ਦੁਨੀਆ ਭਰ ਵਿੱਚ ਜਲਵਾਯੂ ਪਰਿਵਰਤਨ ਦੇ ਵਧ ਰਹੇ ਪ੍ਰਭਾਵਾਂ ਦੇ ਮੱਦੇਨਜ਼ਰ ਦੇਸ਼ਾਂ ਦੇ ਲਚੀਲੇਪਣ ਅਤੇ ਅਨੁਕੂਲਤਾ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਉੱਚ ਪੱਧਰੀ ਕਾਰਵਾਈਆਂ ਦੀ ਲੋੜ ਨੂੰ ਵੀ ਉਜਾਗਰ ਕੀਤਾ। ਦੋਵਾਂ ਨੇਤਾਵਾਂ ਨੇ ਅਖੁੱਟ ਊਰਜਾ ਦੇ ਖੇਤਰ ਵਿੱਚ ਸਮਝੌਤਿਆਂ 'ਤੇ ਛੇਤੀ ਹਸਤਾਖਰ ਕੀਤੇ ਜਾਣ ਦੀ ਉਮੀਦ ਪ੍ਰਗਟਾਈ। ਪ੍ਰਧਾਨ ਮੰਤਰੀ ਮੋਦੀ ਨੇ ਗ੍ਰੀਨ ਤਬਦੀਲੀ ਪ੍ਰਤੀ ਸਪੇਨ ਦੀ ਪ੍ਰਤੀਬੱਧਤਾ ਦੀ ਸ਼ਲਾਘਾ ਕੀਤੀ ਅਤੇ ਅੰਤਰਰਾਸ਼ਟਰੀ ਸੌਰ ਗਠਜੋੜ ਵਿੱਚ ਸਪੇਨ ਦਾ ਸੁਆਗਤ ਕੀਤਾ। ਰਾਸ਼ਟਰਪਤੀ ਸਾਂਚੇਜ਼ ਨੇ ਲਕਸ਼ਿਤ ਸਾਲ ਤੋਂ ਬਹੁਤ ਪਹਿਲਾਂ ਅਖੁੱਟ ਊਰਜਾ ਲਕਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਭਾਰਤ ਦੁਆਰਾ ਕੀਤੀਆਂ ਤਰੱਕੀਆਂ ਦੀ ਸ਼ਲਾਘਾ ਕੀਤੀ। ਦੋਵਾਂ ਨੇਤਾਵਾਂ ਨੇ ਇਸ ਗੱਲ 'ਤੇ ਵੀ ਸਹਿਮਤੀ ਪ੍ਰਗਟਾਈ ਕਿ ਜਲਵਾਯੂ ਪਰਿਵਰਤਨ ਦੀਆਂ ਚਿੰਤਾਵਾਂ ਨੂੰ ਹੱਲ ਕਰਨ ਲਈ ਇੱਕ ਸੰਯੁਕਤ ਆਲਮੀ ਯਤਨ ਦੀ ਲੋੜ ਹੋਵੇਗੀ। ਦੋਵੇਂ ਧਿਰਾਂ ਰਾਸ਼ਟਰੀ ਹਾਲਾਤ ਦੇ ਮੱਦੇਨਜ਼ਰ ਪਹਿਲੀ ਗਲੋਬਲ ਸਟਾਕਟੈੱਕ ਸਮੇਤ ਸੀਓਪੀ28 (COP28) ਦੇ ਨਤੀਜਿਆਂ ਲਈ ਸਕਾਰਾਤਮਕ ਪ੍ਰਤੀਕਿਰਿਆ ਦੇਣਗੇ।
35. ਸਪੇਨ ਨੇ ਭਾਰਤ ਨੂੰ ਅੰਤਰਰਾਸ਼ਟਰੀ ਸੋਕਾ ਲਚੀਲਾਪਣ ਗੱਠਜੋੜ (ਆਈਆਰਡੀਏ- IDRA) ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ, ਜੋ ਕਿ ਤਿਆਰੀਆਂ ਅਤੇ ਅਨੁਕੂਲਤਾ ਦੇ ਉਪਾਵਾਂ ਦੁਆਰਾ ਦੇਸ਼ਾਂ, ਸ਼ਹਿਰਾਂ ਅਤੇ ਭਾਈਚਾਰਿਆਂ ਦੀ ਸੋਕੇ ਪ੍ਰਤੀ ਸੰਵੇਦਨਸ਼ੀਲਤਾ ਨੂੰ ਘੱਟ ਕਰਨ ਲਈ ਠੋਸ ਕਾਰਵਾਈ ਨੂੰ ਉਤਸ਼ਾਹਿਤ ਕਰਨ ਲਈ 2022 ਵਿੱਚ ਸ਼ੁਰੂ ਕੀਤਾ ਗਿਆ ਇੱਕ ਪਲੈਟਫਾਰਮ ਹੈ।
36.ਦੋਵੇਂ ਨੇਤਾਵਾਂ ਨੇ ਆਤੰਕਵਾਦ ਅਤੇ ਇਸ ਦੇ ਸਾਰੇ ਰੂਪਾਂ ਅਤੇ ਪ੍ਰਗਟਾਵੇ ਵਿੱਚ ਆਤੰਕਵਾਦ ਅਤੇ ਹਿੰਸਕ ਕੱਟੜਪੰਥ ਦੀ ਨਿੰਦਾ ਕੀਤੀ, ਜਿਸ ਵਿੱਚ ਆਤੰਕਵਾਦੀ ਪ੍ਰੌਕਸੀਜ਼ ਅਤੇ ਸਰਹੱਦ ਪਾਰ ਆਤੰਕਵਾਦ ਦੀ ਵਰਤੋਂ ਸ਼ਾਮਲ ਹੈ। ਦੋਵਾਂ ਧਿਰਾਂ ਨੇ ਇਸ ਗੱਲ 'ਤੇ ਸਹਿਮਤੀ ਪ੍ਰਗਟਾਈ ਕਿ ਆਤੰਕਵਾਦ ਅੰਤਰਰਾਸ਼ਟਰੀ ਸ਼ਾਂਤੀ ਅਤੇ ਸਥਿਰਤਾ ਲਈ ਗੰਭੀਰ ਖਤਰਾ ਬਣਿਆ ਹੋਇਆ ਹੈ, ਅਤੇ ਸਾਰੇ ਆਤੰਕਵਾਦੀ ਹਮਲਿਆਂ ਦੇ ਦੋਸ਼ੀਆਂ ਨੂੰ ਬਿਨਾ ਦੇਰੀ ਕੀਤੇ ਨਿਆਂ ਦੇ ਕਟਹਿਰੇ 'ਚ ਲਿਆਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਸਾਰੇ ਦੇਸ਼ਾਂ ਨੂੰ ਆਪਣੇ ਨਿਯੰਤ੍ਰਣ ਤਹਿਤ ਖੇਤਰ ਨੂੰ ਆਤੰਕਵਾਦੀ ਉਦੇਸ਼ਾਂ ਲਈ ਵਰਤੇ ਜਾਣ ਤੋਂ ਰੋਕਣ ਲਈ ਤੁਰੰਤ, ਸਥਾਈ ਅਤੇ ਅਟੱਲ ਕਾਰਵਾਈ ਕਰਨ ਦੀ ਤਾਕੀਦ ਕੀਤੀ, ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਸਬੰਧਿਤ ਮਤਿਆਂ ਨੂੰ ਲਾਗੂ ਕਰਨ ਦੇ ਨਾਲ-ਨਾਲ ਸੰਯੁਕਤ ਰਾਸ਼ਟਰ ਗਲੋਬਲ ਕਾਊਂਟਰ-ਟੈਰਰਿਜ਼ਮ ਇਨਿਸ਼ਿਏਟਿਵ ਨੂੰ ਮਜ਼ਬੂਤੀ ਨਾਲ ਲਾਗੂ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅਲ ਕਾਇਦਾ, ਆਈਐੱਸਆਈਐੱਸ/ਦਾਏਸ਼, ਲਸ਼ਕਰ-ਏ-ਤੋਇਬਾ (ਐੱਲਈਟੀ), ਜੈਸ਼-ਏ-ਮੁਹੰਮਦ (ਜੇਐੱਮ) ਅਤੇ ਉਨ੍ਹਾਂ ਦੇ ਪ੍ਰੌਕਸੀ ਸਮੂਹਾਂ ਸਮੇਤ ਯੂਐੱਨਐੱਸਸੀ ਦੁਆਰਾ ਪਾਬੰਦੀਸ਼ੁਦਾ ਸਾਰੇ ਆਤੰਕਵਾਦੀ ਸਮੂਹਾਂ ਵਿਰੁੱਧ ਠੋਸ ਕਾਰਵਾਈ ਕਰਨ ਦੀ ਵੀ ਮੰਗ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਆਤੰਕਵਾਦ ਦੇ ਪੀੜਤਾਂ ਅਤੇ ਉਨ੍ਹਾਂ ਦੇ ਸਸ਼ਕਤੀਕਰਨ ਦੇ ਸਮਰਥਨ ਵਿੱਚ ਸਪੇਨ ਦੀਆਂ ਬਹੁਪੱਖੀ ਪਹਿਲਾਂ ਦੀ ਸ਼ਲਾਘਾ ਕੀਤੀ।
37. ਰਾਸ਼ਟਰਪਤੀ ਸਾਂਚੇਜ਼ ਨੇ ਦੌਰੇ ਦੌਰਾਨ ਉਨ੍ਹਾਂ ਅਤੇ ਉਨ੍ਹਾਂ ਦੇ ਵਫ਼ਦ ਦੇ ਨਿੱਘੇ ਸੁਆਗਤ ਅਤੇ ਮਹਿਮਾਨਨਿਵਾਜ਼ੀ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਨੇੜਲੇ ਭਵਿੱਖ ਵਿੱਚ ਸਪੇਨ ਦਾ ਦੌਰਾ ਕਰਨ ਦਾ ਸੱਦਾ ਦਿੱਤਾ।
******
ਐੱਮਜੇਪੀਐੱਸ/ਐੱਸਆਰ
(Release ID: 2069402)
Visitor Counter : 6
Read this release in:
Odia
,
English
,
Urdu
,
Hindi
,
Assamese
,
Manipuri
,
Bengali
,
Gujarati
,
Tamil
,
Kannada
,
Malayalam