ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਇਕਨੌਮਿਕ ਟਾਈਮਜ਼ ਵਰਲਡ ਲੀਡਰਜ਼ ਫੋਰਮ ਨੂੰ ਸੰਬੋਧਨ ਕੀਤਾ


"ਸੁਧਾਰ, ਪ੍ਰਦਰਸ਼ਨ ਅਤੇ ਪਰਿਵਰਤਨ ਸਾਡਾ ਮੰਤਰ"

"ਪਿਛਲੇ ਦਹਾਕੇ ਵਿੱਚ 25 ਕਰੋੜ ਲੋਕ ਗਰੀਬੀ ਤੋਂ ਬਾਹਰ ਨਿਕਲੇ ਅਤੇ ਇੱਕ ਨਵ-ਮੱਧ ਵਰਗ ਬਣਿਆ"

"ਭਾਰਤ ਨੂੰ ਇੱਕ ਗਲੋਬਲ ਮੈਨੂਫੈਕਚਰਿੰਗ ਹੱਬ ਬਣਾਉਣਾ ਹਰ ਭਾਰਤੀ ਦੀ ਇੱਛਾ"

"ਬੁਨਿਆਦੀ ਢਾਂਚਾ ਸਾਡੇ ਨਾਗਰਿਕਾਂ ਲਈ ਸਹੂਲਤ ਅਤੇ ਈਜ਼ ਆਫ਼ ਲਿਵਿੰਗ ਨੂੰ ਬਿਹਤਰ ਬਣਾਉਣ ਦਾ ਇੱਕ ਸਾਧਨ ਹੈ"

"21ਵੀਂ ਸਦੀ ਦਾ ਇਹ ਤੀਜਾ ਦਹਾਕਾ ਭਾਰਤ ਲਈ ਵਿਕਾਸ ਦੇ ਦਹਾਕੇ ਵਰਗਾ ਹੈ"

"ਅਸੀਂ ਆਪਣੀਆਂ ਨੀਤੀਆਂ ਨੂੰ ਅਤੀਤ 'ਤੇ ਅਧਾਰਤ ਨਹੀਂ, ਬਲਕਿ ਭਵਿੱਖ 'ਤੇ ਨਜ਼ਰ ਰੱਖ ਕੇ ਬਣਾਉਂਦੇ ਹਾਂ"

“ਅੱਜ ਦਾ ਭਾਰਤ ਮੌਕਿਆਂ ਦੀ ਧਰਤੀ ਹੈ। ਅੱਜ ਦਾ ਭਾਰਤ ਧਨ ਸਿਰਜਣਹਾਰਾਂ ਦਾ ਸਨਮਾਨ ਕਰਦਾ ਹੈ”

“ਇੱਕ ਖੁਸ਼ਹਾਲ ਭਾਰਤ ਆਲਮੀ ਸਮ੍ਰਿਧੀ ਲਈ ਰਾਹ ਪੱਧਰਾ ਕਰ ਸਕਦਾ ਹੈ”

Posted On: 31 AUG 2024 10:13PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਇਕਨੌਮਿਕ ਟਾਈਮਜ਼ ਵਰਲਡ ਲੀਡਰਜ਼ ਫੋਰਮ ਨੂੰ ਸੰਬੋਧਨ ਕੀਤਾ।

ਸਭਾ ਨੂੰ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਦੇਸ਼ ਦੇ ਉੱਜਵਲ ਭਵਿੱਖ ਲਈ ਇਕਨੌਮਿਕ ਟਾਈਮਜ਼ ਵਰਲਡ ਲੀਡਰਜ਼ ਫੋਰਮ 'ਤੇ ਸ਼ਾਨਦਾਰ ਵਿਚਾਰ-ਵਟਾਂਦਰੇ ਹੋਏ ਹੋਣਗੇ ਅਤੇ ਉਨ੍ਹਾਂ ਰੇਖਾਂਕਿਤ ਕੀਤਾ ਕਿ ਇਹ ਵਿਚਾਰ-ਵਟਾਂਦਰੇ ਅਜਿਹੇ ਸਮੇਂ ਹੋ ਰਹੇ ਹਨ, ਜਦੋਂ ਦੁਨੀਆ ਭਾਰਤ 'ਤੇ ਭਰੋਸਾ ਕਰਦੀ ਹੈ।

ਸਭਾ ਨੂੰ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਦੇਸ਼ ਦੇ ਉੱਜਵਲ ਭਵਿੱਖ ਲਈ ਇਕਨੌਮਿਕ ਟਾਈਮਜ਼ ਵਰਲਡ ਲੀਡਰਜ਼ ਫੋਰਮ 'ਤੇ ਸ਼ਾਨਦਾਰ ਵਿਚਾਰ-ਵਟਾਂਦਰੇ ਹੋਏ ਹੋਣਗੇ ਅਤੇ ਉਨ੍ਹਾਂ ਰੇਖਾਂਕਿਤ ਕੀਤਾ ਕਿ ਇਹ ਵਿਚਾਰ-ਵਟਾਂਦਰੇ ਅਜਿਹੇ ਸਮੇਂ ਹੋ ਰਹੇ ਹਨ, ਜਦੋਂ ਦੁਨੀਆ ਭਾਰਤ 'ਤੇ ਭਰੋਸਾ ਕਰਦੀ ਹੈ।ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਭਾਰਤ ਅੱਜ ਇੱਕ ਨਵੀਂ ਸਫਲਤਾ ਦੀ ਕਹਾਣੀ ਲਿਖ ਰਿਹਾ ਹੈ ਅਤੇ ਸੁਧਾਰਾਂ ਦੇ ਪ੍ਰਭਾਵ ਨੂੰ ਅਰਥਵਿਵਸਥਾ ਦੇ ਪ੍ਰਦਰਸ਼ਨ ਰਾਹੀਂ ਦੇਖਿਆ ਜਾ ਸਕਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਨੇ ਕਈ ਵਾਰ ਉਮੀਦਾਂ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ 10 ਸਾਲਾਂ ਦੌਰਾਨ ਭਾਰਤ ਦੀ ਅਰਥਵਿਵਸਥਾ 90 ਫੀਸਦੀ ਵਧੀ ਹੈ ਜਦਕਿ ਆਲਮੀ ਅਰਥਵਿਵਸਥਾ 35 ਫੀਸਦੀ ਵਧੀ ਹੈ। ਉਨ੍ਹਾਂ ਵਾਅਦੇ ਅਨੁਸਾਰ ਨਿਰੰਤਰ ਵਿਕਾਸ ਨੂੰ ਪ੍ਰਾਪਤ ਕਰਨ ਲਈ ਇਸਦਾ ਸਿਹਰਾ ਦਿੱਤਾ ਅਤੇ ਭਰੋਸਾ ਦਿਵਾਇਆ ਕਿ ਇਹ ਭਵਿੱਖ ਵਿੱਚ ਵੀ ਜਾਰੀ ਰਹੇਗਾ।

ਪਿਛਲੇ ਸਾਲਾਂ ਵਿੱਚ ਲੋਕਾਂ ਦੀ ਬਿਹਤਰੀ ਲਈ ਸਰਕਾਰ ਵਲੋਂ ਕੀਤੇ ਗਏ ਸਰਬਪੱਖੀ ਬਦਲਾਅ 'ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਯਤਨਾਂ ਨੇ ਕਰੋੜਾਂ ਨਾਗਰਿਕਾਂ ਦੇ ਜੀਵਨ ਨੂੰ ਛੂਹਿਆ ਹੈ। ਪੀਐੱਮ ਮੋਦੀ ਨੇ ਕਿਹਾ, “ਲੋਕਾਂ ਨੂੰ ਸੁਸ਼ਾਸਨ ਪ੍ਰਦਾਨ ਕਰਨਾ ਸਰਕਾਰ ਦਾ ਸੰਕਲਪ ਹੈ ਅਤੇ ਸੁਧਾਰ, ਪ੍ਰਦਰਸ਼ਨ ਅਤੇ ਪਰਿਵਰਤਨ ਸਾਡਾ ਮੰਤਰ ਰਿਹਾ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਲੋਕਾਂ ਨੇ ਸਰਕਾਰ ਦੀ ਸੇਵਾ ਭਾਵਨਾ ਅਤੇ ਪਿਛਲੇ 10 ਸਾਲਾਂ ਵਿੱਚ ਦੇਸ਼ ਦੀਆਂ ਪ੍ਰਾਪਤੀਆਂ ਨੂੰ ਦੇਖਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਇਸ ਲਈ, ਭਾਰਤ ਦੇ ਲੋਕ ਨਵੇਂ ਵਿਸ਼ਵਾਸਾਂ ਜਿਵੇਂ ਆਪਣੇ 'ਤੇ ਵਿਸ਼ਵਾਸ, ਦੇਸ਼ ਦੀ ਤਰੱਕੀ, ਸਰਕਾਰ ਦੀਆਂ ਨੀਤੀਆਂ, ਫੈਸਲਿਆਂ ਅਤੇ ਇਰਾਦਿਆਂ ਨਾਲ ਭਰੇ ਹੋਏ ਹਨ। ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ ਹੋ ਰਹੀਆਂ ਚੋਣਾਂ 'ਤੇ ਰੌਸ਼ਨੀ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਨੇ ਜ਼ਿਆਦਾਤਰ ਮਾਮਲਿਆਂ 'ਚ ਬਦਲਾਅ ਲਈ ਵੋਟ ਦਿੱਤੀ ਹੈ, ਜਦਕਿ ਕਈ ਦੇਸ਼ਾਂ ਦੀਆਂ ਸਰਕਾਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਭਾਰਤੀ ਵੋਟਰਾਂ ਨੇ 60 ਸਾਲਾਂ ਵਿੱਚ ਪਹਿਲੀ ਵਾਰ ਕਿਸੇ ਸਰਕਾਰ ਨੂੰ ਹੈਟ੍ਰਿਕ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਭਾਰਤ ਦੇ ਉਤਸ਼ਾਹੀ ਨੌਜਵਾਨਾਂ ਅਤੇ ਮਹਿਲਾਵਾਂ ਨੇ ਨਿਰੰਤਰਤਾ, ਰਾਜਨੀਤਿਕ ਸਥਿਰਤਾ ਅਤੇ ਆਰਥਿਕ ਵਿਕਾਸ ਲਈ ਵੋਟ ਦਿੱਤੀ ਹੈ ਜਿਸ ਲਈ ਪ੍ਰਧਾਨ ਮੰਤਰੀ ਨੇ ਉਨ੍ਹਾਂ ਦਾ ਸਮਰਥਨ ਲਈ ਧੰਨਵਾਦ ਕੀਤਾ।

ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ, "ਭਾਰਤ ਦੀ ਤਰੱਕੀ ਆਲਮੀ ਸੁਰਖੀਆਂ ਦਾ ਹਿੱਸਾ ਬਣ ਰਹੀ ਹੈ।" ਸ਼੍ਰੀ ਮੋਦੀ ਨੇ ਟਿੱਪਣੀ ਕੀਤੀ, ਹਾਲਾਂਕਿ ਅੰਕੜਿਆਂ ਦਾ ਆਪਣਾ ਮਹੱਤਵ ਹੈ, ਇਹ ਦੇਖਣਾ ਵੀ ਓਨਾ ਹੀ ਪ੍ਰਸੰਗਿਕ ਹੈ ਕਿ ਕਿੰਨੀਆਂ ਜ਼ਿੰਦਗੀਆਂ ਬਦਲੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ ਭਵਿੱਖ ਦਾ ਰਾਜ਼ ਇਸੇ ਵਿੱਚ ਛੁਪਿਆ ਹੋਇਆ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, “ਪਿਛਲੇ ਦਹਾਕੇ ਵਿੱਚ 25 ਕਰੋੜ ਲੋਕ ਗਰੀਬੀ ਤੋਂ ਬਾਹਰ ਨਿਕਲੇ ਹਨ ਅਤੇ ਇੱਕ ਨਵ-ਮੱਧ ਵਰਗ ਬਣਿਆ ਹੈ”। ਉਨ੍ਹਾਂ ਅੱਗੇ ਕਿਹਾ ਕਿ ਇਸ ਦੀ ਗਤੀ ਅਤੇ ਪੈਮਾਨਾ ਇਤਿਹਾਸਕ ਹੈ ਅਤੇ ਇਸ ਤੋਂ ਪਹਿਲਾਂ ਦੁਨੀਆ ਦੇ ਕਿਸੇ ਵੀ ਲੋਕਤੰਤਰੀ ਸਮਾਜ ਵਿੱਚ ਅਜਿਹਾ ਕਦੇ ਨਹੀਂ ਹੋਇਆ ਸੀ। ਸ਼੍ਰੀ ਮੋਦੀ ਨੇ ਦੱਸਿਆ ਕਿ ਇਹ ਬਦਲਾਅ ਗਰੀਬਾਂ ਪ੍ਰਤੀ ਸਰਕਾਰ ਦੇ ਨਜ਼ਰੀਏ ਵਿੱਚ ਬਦਲਾਅ ਕਾਰਨ ਸੰਭਵ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਅਕਾਂਖਿਆਵਾਂ ਅਤੇ ਡਟੇ ਰਹਿਣ ਦੀ ਭਾਵਨਾ ਹੋਣ ਦੇ ਬਾਵਜੂਦ, ਗਰੀਬਾਂ ਨੂੰ ਬੁਨਿਆਦੀ ਸਹੂਲਤਾਂ ਦੀ ਘਾਟ ਵਰਗੀਆਂ ਕਈ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਸਰਕਾਰ ਨੇ ਗਰੀਬਾਂ ਦੀਆਂ ਰੁਕਾਵਟਾਂ ਨੂੰ ਦੂਰ ਕਰਕੇ ਅਤੇ ਉਨ੍ਹਾਂ ਦਾ ਸਮਰਥਨ ਕਰਕੇ ਉਨ੍ਹਾਂ ਦੇ ਸਸ਼ਕਤੀਕਰਨ ਦਾ ਰਾਹ ਚੁਣਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਰਗ ਨੇ ਡਿਜੀਟਲ ਲੈਣ-ਦੇਣ ਅਤੇ ਗਾਰੰਟੀ-ਮੁਕਤ ਕਰਜ਼ਿਆਂ ਵਰਗੇ ਲਾਭਾਂ ਨਾਲ ਗਰੀਬਾਂ ਦੇ ਜੀਵਨ ਨੂੰ ਬਦਲਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਬਹੁਤ ਸਾਰੇ ਗਰੀਬ ਉੱਦਮੀ ਬਣ ਰਹੇ ਹਨ ਅਤੇ ਕਨੈਕਟੀਵਿਟੀ ਅਤੇ ਉਪਕਰਣਾਂ ਦੀ ਮਦਦ ਨਾਲ, ਉਹ ਹੁਣ 'ਬੇਹਤਰ ਜਾਣਕਾਰ ਨਾਗਰਿਕ' ਬਣ ਰਹੇ ਹਨ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਗਰੀਬੀ ਤੋਂ ਬਾਹਰ ਨਿਕਲਣ ਵਾਲੇ ਲੋਕ ਤਰੱਕੀ ਦੀ ਤੀਬਰ ਇੱਛਾ ਰੱਖਦੇ ਹਨ ਅਤੇ ਉਨ੍ਹਾਂ ਦੀਆਂ ਅਕਾਂਖਿਆਵਾਂ ਨੇ ਨਵੇਂ ਬੁਨਿਆਦੀ ਢਾਂਚੇ ਦੇ ਵਿਕਾਸ ਵੱਲ ਅਗਵਾਈ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਉਨ੍ਹਾਂ ਦੀ ਸਿਰਜਣਾਤਮਕਤਾ ਨਵੀਨਤਾ ਦੇ ਨਵੇਂ ਰਸਤੇ ਤਿਆਰ ਕਰ ਰਹੀ ਸੀ, ਉਦੋਂ ਉਨ੍ਹਾਂ ਦੇ ਹੁਨਰ ਉਦਯੋਗ ਦੀ ਦਿਸ਼ਾ ਨੂੰ ਆਕਾਰ ਦੇ ਰਹੇ ਸਨ, ਉਨ੍ਹਾਂ ਦੀਆਂ ਲੋੜਾਂ ਮਾਰਕੀਟ ਦੀ ਦਿਸ਼ਾ ਨੂੰ ਆਕਾਰ ਦੇ ਰਹੀਆਂ ਸਨ ਅਤੇ ਉਨ੍ਹਾਂ ਦੀ ਆਮਦਨੀ ਵਿੱਚ ਵਾਧਾ ਬਾਜ਼ਾਰ ਵਿੱਚ ਮੰਗ ਨੂੰ ਵਧਾ ਰਿਹਾ ਸੀ। ਸ਼੍ਰੀ ਮੋਦੀ ਨੇ ਪ੍ਰਸ਼ੰਸਾ ਕਰਦਿਆਂ ਕਿਹਾ, "ਭਾਰਤ ਦਾ ਨਵ-ਮੱਧ ਵਰਗ ਦੇਸ਼ ਦੀ ਤਰੱਕੀ ਲਈ ਸਭ ਤੋਂ ਵੱਡੀ ਤਾਕਤ ਸਾਬਤ ਹੋ ਰਿਹਾ ਹੈ।"

ਚੋਣ ਨਤੀਜਿਆਂ ਦੇ ਦਿਨ ਨੂੰ ਯਾਦ ਕਰਦੇ ਹੋਏ ਜਦੋਂ ਪ੍ਰਧਾਨ ਮੰਤਰੀ ਨੇ ਸਰਕਾਰ ਦੇ ਤੀਜੇ ਕਾਰਜਕਾਲ ਵਿੱਚ ਤਿੰਨ ਗੁਣਾ ਗਤੀ ਨਾਲ ਕੰਮ ਕਰਨ ਦੀ ਗੱਲ ਆਖੀ ਸੀ, ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਇਰਾਦੇ ਅੱਜ ਹੋਰ ਵੀ ਮਜ਼ਬੂਤ ਹੋਏ ਹਨ। ਉਨ੍ਹਾਂ ਰੇਖਾਂਕਿਤ ਕੀਤਾ ਕਿ ਸਰਕਾਰ, ਨਾਗਰਿਕਾਂ ਵਾਂਗ, ਨਵੇਂ ਵਿਸ਼ਵਾਸਾਂ ਅਤੇ ਉਮੀਦਾਂ ਨਾਲ ਭਰੀ ਹੋਈ ਹੈ। ਇਹ ਨੋਟ ਕਰਦੇ ਹੋਏ ਕਿ ਸਰਕਾਰ ਦੇ ਤੀਜੇ ਕਾਰਜਕਾਲ ਨੂੰ ਅਜੇ 100 ਦਿਨ ਪੂਰੇ ਹੋਣੇ ਹਨ, ਪ੍ਰਧਾਨ ਮੰਤਰੀ ਮੋਦੀ ਨੇ ਭੌਤਿਕ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ, ਸਮਾਜਿਕ ਬੁਨਿਆਦੀ ਢਾਂਚੇ ਦਾ ਵਿਸਥਾਰ ਕਰਨ ਅਤੇ ਸੁਧਾਰਾਂ ਨੂੰ ਅੱਗੇ ਵਧਾਉਣ 'ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 3 ਮਹੀਨਿਆਂ ਵਿੱਚ ਸਰਕਾਰ ਨੇ ਗਰੀਬਾਂ, ਨੌਜਵਾਨਾਂ, ਮਹਿਲਾਵਾਂ ਅਤੇ ਕਿਸਾਨਾਂ ਲਈ ਕਈ ਵੱਡੇ ਫੈਸਲੇ ਲਏ ਹਨ। ਹਾਲੀਆ ਪ੍ਰਾਪਤੀਆਂ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਗਰੀਬਾਂ ਲਈ 3 ਕਰੋੜ ਪੱਕੇ ਮਕਾਨ, ਯੂਨੀਫਾਈਡ ਪੈਨਸ਼ਨ ਸਕੀਮ, ਖੇਤੀਬਾੜੀ ਬੁਨਿਆਦੀ ਢਾਂਚੇ ਦੇ ਵਿਸਤਾਰ ਲਈ 1 ਲੱਖ ਕਰੋੜ ਦੇ ਫੰਡ, ਕਿਸਾਨਾਂ ਲਈ ਬਿਹਤਰ ਗੁਣਵੱਤਾ ਵਾਲੇ ਕਈ ਬੀਜਾਂ ਦੀ ਸ਼ੁਰੂਆਤ, 2 ਲੱਖ ਕਰੋੜ ਰੁਪਏ ਦੇ ਪ੍ਰਧਾਨ ਮੰਤਰੀ ਪੈਕੇਜ, ਜਿਸ ਦਾ ਸਿੱਧਾ ਲਾਭ 4 ਕਰੋੜ ਤੋਂ ਵੱਧ ਨੌਜਵਾਨਾਂ ਅਤੇ ਪੇਂਡੂ ਪਿਛੋਕੜ ਵਾਲੇ 11 ਲੱਖ ਨਵੀਆਂ ਲਖਪਤੀ ਦੀਦੀਆਂ ਨੂੰ ਮਿਲਿਆ ਹੈ, ਦਾ ਜ਼ਿਕਰ ਕੀਤਾ।ਲਖਪਤੀ ਦੀਦੀ ਪ੍ਰੋਗਰਾਮ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਇਸ ਨੇ ਮਹਿਲਾਵਾਂ ਦੇ ਵਿੱਤੀ ਸਸ਼ਕਤੀਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ।

ਪ੍ਰਧਾਨ ਮੰਤਰੀ ਮੋਦੀ ਨੇ 75,000 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਵਾਲੇ ਵਾਧਵਨ ਬੰਦਰਗਾਹ ਦਾ ਨੀਂਹ ਪੱਥਰ ਰੱਖਣ ਲਈ ਬੀਤੇ ਦਿਨ ਮਹਾਰਾਸ਼ਟਰ ਦੇ ਪਾਲਘਰ ਦੇ ਦੌਰੇ ਦਾ ਜ਼ਿਕਰ ਕੀਤਾ। ਉਨ੍ਹਾਂ ਤਿੰਨ ਦਿਨ ਪਹਿਲਾਂ 30,000 ਕਰੋੜ ਰੁਪਏ ਦੇ ਨਿਵੇਸ਼ ਨਾਲ 12 ਨਵੇਂ ਉਦਯੋਗਿਕ ਸ਼ਹਿਰਾਂ ਨੂੰ ਵਿਕਸਤ ਕਰਨ, 50,000 ਕਰੋੜ ਰੁਪਏ ਤੋਂ ਵੱਧ ਦੇ 9 ਹਾਈ-ਸਪੀਡ ਕੌਰੀਡੋਰ ਦੇ ਨਿਰਮਾਣ ਅਤੇ 30,000 ਕਰੋੜ ਰੁਪਏ ਨਾਲ ਪੁਣੇ, ਠਾਣੇ ਅਤੇ ਬੈਂਗਲੁਰੂ ਮੈਟਰੋ ਦੇ ਵਿਸਤਾਰ ਬਾਰੇ ਵੀ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਲੱਦਾਖ 'ਚ ਦੁਨੀਆ ਦੀ ਸਭ ਤੋਂ ਉੱਚੀ ਸੁਰੰਗ ਦਾ ਨਿਰਮਾਣ ਸ਼ੁਰੂ ਹੋ ਗਿਆ ਹੈ।

ਪ੍ਰਧਾਨ ਮੰਤਰੀ ਨੇ ਅੱਜ ਤਿੰਨ ਨਵੀਆਂ ਵੰਦੇ ਭਾਰਤ ਰੇਲ ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਭਾਰਤ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਦਾ ਜ਼ਿਕਰ ਕੀਤਾ। ਸਰਕਾਰ ਦੀ ਪਰਿਵਰਤਨਸ਼ੀਲ ਪਹੁੰਚ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਕਿਹਾ, "ਸਾਡੇ ਲਈ, ਬੁਨਿਆਦੀ ਢਾਂਚਾ ਸਿਰਫ ਲੰਬਾਈ, ਚੌੜਾਈ ਅਤੇ ਉਚਾਈ ਨੂੰ ਵਧਾਉਣ ਲਈ ਨਹੀਂ ਹੈ; ਇਹ ਭਾਰਤ ਦੇ ਨਾਗਰਿਕਾਂ ਲਈ 'ਈਜ਼ ਆਫ਼ ਲਿਵਿੰਗ' ਨੂੰ ਬਿਹਤਰ ਬਣਾਉਣ ਦਾ ਇੱਕ ਸਾਧਨ ਹੈ।" ਪ੍ਰਧਾਨ ਮੰਤਰੀ ਨੇ ਭਾਰਤੀ ਰੇਲਵੇ ਦੇ ਵਿਕਾਸ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਰੇਲ ਦੇ ਡੱਬੇ ਹਮੇਸ਼ਾ ਬਣਾਏ ਜਾਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਵੰਦੇ ਭਾਰਤ ਵਰਗੀਆਂ ਆਧੁਨਿਕ ਰੇਲ ਗੱਡੀਆਂ ਪੇਸ਼ ਕੀਤੀਆਂ ਗਈਆਂ ਹਨ, ਜੋ ਰਫ਼ਤਾਰ ਅਤੇ ਆਰਾਮ ਦੋਵੇਂ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਕਿਹਾ,  "ਇਨ੍ਹਾਂ ਨਵੀਆਂ ਰੇਲਗੱਡੀਆਂ ਦੀ ਸ਼ੁਰੂਆਤ ਦੇਸ਼ ਦੇ ਆਵਾਜਾਈ ਬੁਨਿਆਦੀ ਢਾਂਚੇ ਵਿੱਚ ਕ੍ਰਾਂਤੀ ਲਿਆਉਣ ਲਈ ਇੱਕ ਵਿਆਪਕ ਦ੍ਰਿਸ਼ਟੀਕੋਣ ਦਾ ਹਿੱਸਾ ਹੈ, ਜੋ ਇੱਕ ਤੇਜ਼ੀ ਨਾਲ ਆਧੁਨਿਕ ਬਣ ਰਹੇ ਰਾਸ਼ਟਰ ਦੀਆਂ ਲੋੜਾਂ ਦੇ ਅਨੁਸਾਰ ਹੈ।"

ਦੇਸ਼ ਦੀ ਕਨੈਕਟੀਵਿਟੀ ਨੂੰ ਅਪਗ੍ਰੇਡ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਅੱਗੇ ਵਧਾਉਂਦੇ ਹੋਏ, ਸ਼੍ਰੀ ਮੋਦੀ ਨੇ ਟਿੱਪਣੀ ਕੀਤੀ, "ਦੇਸ਼ ਵਿੱਚ ਪਹਿਲਾਂ ਵੀ ਸੜਕਾਂ ਬਣਾਈਆਂ ਗਈਆਂ ਸਨ, ਪਰ ਅਸੀਂ ਸਮੁੱਚੇ ਭਾਰਤ ਵਿੱਚ ਆਧੁਨਿਕ ਐਕਸਪ੍ਰੈਸਵੇਅ ਦਾ ਜਾਲ ਵਿਛਾ ਰਹੇ ਹਾਂ।" ਉਨ੍ਹਾਂ ਨੇ ਹਵਾਈ ਸੰਪਰਕ, ਖਾਸ ਕਰਕੇ ਛੋਟੇ ਸ਼ਹਿਰਾਂ ਵਿੱਚ ਹਵਾਈ ਸੰਪਰਕ ਵਧਾਉਣ ਦੇ ਯਤਨਾਂ ਬਾਰੇ ਵਿਸਥਾਰ ਵਿੱਚ ਦੱਸਿਆ ਅਤੇ ਕਿਹਾ ਕਿ ਹਵਾਈ ਅੱਡੇ ਪਹਿਲਾਂ ਵੀ ਮੌਜੂਦ ਸਨ, ਪਰ ਸਰਕਾਰ ਟੀਅਰ-2 ਅਤੇ ਟੀਅਰ-3 ਸ਼ਹਿਰਾਂ ਨੂੰ ਹਵਾਈ ਸੰਪਰਕ ਨਾਲ ਜੋੜ ਰਹੀ ਹੈ ਅਤੇ ਆਧੁਨਿਕ ਆਵਾਜਾਈ ਦੇ ਲਾਭ ਭਾਰਤ ਦੇ ਹਰ ਕੋਨੇ ਤੱਕ ਪਹੁੰਚਾ ਰਹੀ ਹੈ।

ਪ੍ਰਧਾਨ ਮੰਤਰੀ ਨੇ ਪੀਐੱਮ ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਬਾਰੇ ਵੀ ਗੱਲ ਕੀਤੀ, ਜਿਸਦਾ ਉਦੇਸ਼ ਸਰਕਾਰੀ ਵਿਭਾਗਾਂ ਵਿੱਚ ਸਾਇਲੋਜ਼ ਨੂੰ ਤੋੜਨਾ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਇੱਕ ਏਕੀਕ੍ਰਿਤ, ਤਾਲਮੇਲ ਵਾਲੀ ਪਹੁੰਚ ਬਣਾਉਣਾ ਹੈ। ਉਨ੍ਹਾਂ ਸਰਕਾਰ ਦੀਆਂ ਪਹਿਲਕਦਮੀਆਂ ਦੇ ਵਿਆਪਕ ਆਰਥਿਕ ਲਾਭਾਂ ਨੂੰ ਦਰਸਾਉਂਦੇ ਹੋਏ ਕਿਹਾ, "ਇਹ ਯਤਨ ਮਹੱਤਵਪੂਰਨ ਰੋਜ਼ਗਾਰ ਦੇ ਮੌਕੇ ਪੈਦਾ ਕਰ ਰਹੇ ਹਨ ਅਤੇ ਸਾਡੀ ਆਰਥਿਕਤਾ ਅਤੇ ਉਦਯੋਗ 'ਤੇ ਡੂੰਘਾ ਸਕਾਰਾਤਮਕ ਪ੍ਰਭਾਵ ਪਾ ਰਹੇ ਹਨ।"

ਭਵਿੱਖ ਵੱਲ ਦੇਖਦੇ ਹੋਏ, ਸ਼੍ਰੀ ਮੋਦੀ ਨੇ ਘੋਸ਼ਣਾ ਕੀਤੀ ਕਿ 21ਵੀਂ ਸਦੀ ਦਾ ਤੀਜਾ ਦਹਾਕਾ ਭਾਰਤ ਲਈ ਇੱਕ ਵਿਕਾਸ ਦੇ ਦਹਾਕੇ ਵਰਗਾ ਹੈ। ਉਨ੍ਹਾਂ ਇਸ ਗਤੀ ਨੂੰ ਬਣਾਈ ਰੱਖਣ ਲਈ ਸਮੂਹਿਕ ਜ਼ਿੰਮੇਵਾਰੀ 'ਤੇ ਜ਼ੋਰ ਦਿੱਤਾ, ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਵਿਕਾਸ ਦੇ ਲਾਭ ਦੇਸ਼ ਭਰ ਦੇ ਸਾਰੇ ਨਾਗਰਿਕਾਂ ਤੱਕ ਪਹੁੰਚ ਸਕਣ। ਭਾਰਤ ਦੀ ਆਰਥਿਕਤਾ ਅਤੇ ਨਿੱਜੀ ਖੇਤਰ ਦੇ ਹਿਤਧਾਰਕਾਂ ਨੂੰ ਸੰਬੋਧਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਉਨ੍ਹਾਂ ਥੰਮ੍ਹਾਂ 'ਤੇ ਜ਼ੋਰ ਦਿੱਤਾ ਜੋ ਭਾਰਤ ਦੀ ਪ੍ਰਗਤੀ ਨੂੰ ਇੱਕ ਵਿਕਸਤ ਰਾਸ਼ਟਰ ਬਣਨ ਵੱਲ ਅੱਗੇ ਵਧਾਉਣਗੇ। ਉਨ੍ਹਾਂ ਜ਼ਿਕਰ ਕੀਤਾ, "ਇਹ ਥੰਮ੍ਹ ਨਾ ਸਿਰਫ ਭਾਰਤ ਦੀ ਸਮ੍ਰਿਧੀ ਦੀ ਬੁਨਿਆਦ ਹਨ, ਬਲਕਿ ਆਲਮੀ ਸਮ੍ਰਿਧੀ ਦੇ ਵੀ ਥੰਮ੍ਹ ਹਨ।" ਜਿਵੇਂ ਕਿ ਭਾਰਤ ਵੱਖ-ਵੱਖ ਖੇਤਰਾਂ ਵਿੱਚ ਮੌਕਿਆਂ ਵਿੱਚ ਵਾਧਾ ਕਰ ਹੈ, ਪ੍ਰਧਾਨ ਮੰਤਰੀ ਨੇ ਦੇਸ਼ ਦੇ ਦੀਰਘਕਾਲੀ ਦ੍ਰਿਸ਼ਟੀਕੋਣ ਵਿੱਚ ਯੋਗਦਾਨ ਪਾਉਣ ਵਾਲੀਆਂ ਸਾਰੀਆਂ ਪਹਿਲਕਦਮੀਆਂ ਲਈ ਸਰਕਾਰ ਦੇ ਸਮਰਥਨ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਇੱਕ ਵੱਡੀ ਛਾਲ ਮਾਰਨ ਦੀ ਲੋੜ ਜ਼ਾਹਰ ਕਰਦਿਆਂ ਕਿਹਾ ਕਿ ਸਰਕਾਰ ਦੀਰਘਕਾਲੀ ਵਿਜ਼ਨ 'ਤੇ ਕੰਮ ਕਰ ਰਹੀ ਹੈ

ਸ਼੍ਰੀ ਮੋਦੀ ਨੇ ਰੇਖਾਂਕਿਤ ਕੀਤਾ,"ਭਾਰਤ ਨੂੰ ਇੱਕ ਗਲੋਬਲ ਮੈਨੂਫੈਕਚਰਿੰਗ ਹੱਬ ਬਣਾਉਣਾ ਹਰ ਭਾਰਤੀ ਦੀ ਇੱਛਾ ਹੈ।" ਉਨ੍ਹਾਂ ਕਿਹਾ ਕਿ ਭਾਰਤ ਤੋਂ ਦੁਨੀਆ ਨੂੰ ਵੀ ਇਹੀ ਉਮੀਦ ਸੀ ਅਤੇ ਅੱਜ ਇਸ ਪ੍ਰਤੀ ਦੇਸ਼ ਵਿੱਚ ਕ੍ਰਾਂਤੀ ਚੱਲ ਰਹੀ ਹੈ। ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਅੱਜ ਐੱਮਐੱਸਐੱਮਈਜ਼ ਨੂੰ ਦੇਸ਼ ਵਿੱਚ ਅਤੀਤ ਦੇ ਮੁਕਾਬਲੇ ਬਹੁਤ ਲੋੜੀਂਦਾ ਸਮਰਥਨ ਮਿਲ ਰਿਹਾ ਹੈ। ਕੀਤੀਆਂ ਪਹਿਲਕਦਮੀਆਂ ਦਾ ਹਵਾਲਾ ਦਿੰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਪਲੱਗ-ਐਂਡ-ਪਲੇਅ ਉਦਯੋਗਿਕ ਪਾਰਕ ਅਤੇ ਆਰਥਿਕ ਕੌਰੀਡੋਰ ਬਣਾਏ ਜਾ ਰਹੇ ਹਨ, ਨਾਲ ਹੀ ਮਹੱਤਵਪੂਰਨ ਖਣਿਜਾਂ ਦੇ ਉਤਪਾਦਨ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਵਿੱਚ ਪੀਐੱਲਆਈ ਸਕੀਮਾਂ ਨੇ ਜੋ ਸਫਲਤਾ ਪ੍ਰਾਪਤ ਕੀਤੀ ਹੈ, ਉਹ ਬੇਮਿਸਾਲ ਹੈ।

ਗੁਲਾਮੀ ਤੋਂ ਪਹਿਲਾਂ ਦੇ ਦੌਰ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਸਮ੍ਰਿਧੀ ਦਾ ਮੁੱਖ ਆਧਾਰ ਸਾਡੀ ਗਿਆਨ ਪ੍ਰਣਾਲੀ ਸੀ, ਜੋ ਕਿ ਵਿਕਸਤ ਭਾਰਤ ਦਾ ਇੱਕ ਮਹੱਤਵਪੂਰਨ ਥੰਮ੍ਹ ਵੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਭਾਰਤ ਨੂੰ ਹੁਨਰ, ਗਿਆਨ, ਖੋਜ ਅਤੇ ਨਵੀਨਤਾ ਦਾ ਕੇਂਦਰ ਬਣਾਉਣ ਲਈ ਉਦਯੋਗ ਅਤੇ ਅਕਾਦਮਿਕ ਭਾਈਵਾਲ ਬਣਾ ਰਹੀ ਹੈ। ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਇਸ ਸਾਲ ਦੇ ਬਜਟ 'ਚ ਇਸ 'ਤੇ ਬਹੁਤ ਜ਼ੋਰ ਦਿੱਤਾ ਗਿਆ ਹੈ, ਜੋ ਕਿ 1 ਲੱਖ ਕਰੋੜ ਰੁਪਏ ਦੇ ਖੋਜ ਫੰਡ 'ਚ ਝਲਕਦਾ ਹੈ। ਮੱਧ-ਵਰਗੀ ਪਰਿਵਾਰਾਂ ਦੇ ਬੱਚਿਆਂ ਵਲੋਂ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਲਈ ਖਰਚੇ ਜਾਣ ਵਾਲੇ ਵੱਡੀ ਗਿਣਤੀ ਵਿੱਚ ਪੈਸਿਆਂ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਬਹੁਤ ਜ਼ਿਆਦਾ ਖਰਚਿਆਂ ਤੋਂ ਲੋਕਾਂ ਦੀ ਮਦਦ ਕਰਨ ਲਈ ਭਾਰਤ ਵਿੱਚ ਚੋਟੀ ਦੀਆਂ ਵਿਦੇਸ਼ੀ ਯੂਨੀਵਰਸਿਟੀਆਂ ਦੇ ਕੈਂਪਸ ਖੋਲ੍ਹਣ ਵਰਗੇ ਉਪਾਅ ਕਰ ਰਹੀ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੇ 7 ਦਹਾਕਿਆਂ ਵਿੱਚ 80 ਹਜ਼ਾਰ ਦੇ ਮੁਕਾਬਲੇ ਪਿਛਲੇ ਦਹਾਕੇ ਵਿੱਚ ਲਗਭਗ 1 ਲੱਖ ਨਵੀਆਂ ਐੱਮਬੀਬੀਐੱਸ-ਐੱਮਡੀ ਸੀਟਾਂ ਬਣਾਈਆਂ ਗਈਆਂ ਹਨ। ਉਨ੍ਹਾਂ ਨੇ ਇਸ ਸਾਲ ਦੇ ਸੁਤੰਤਰਤਾ ਦਿਵਸ ਦੇ ਭਾਸ਼ਣ ਦੌਰਾਨ ਅਗਲੇ 5 ਸਾਲਾਂ ਵਿੱਚ 75 ਹਜ਼ਾਰ ਨਵੀਆਂ ਮੈਡੀਕਲ ਸੀਟਾਂ ਬਣਾਉਣ ਦੇ ਕੀਤੇ ਗਏ ਐਲਾਨ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਆਉਣ ਵਾਲੇ ਸਮੇਂ ਵਿੱਚ ਭਾਰਤ ਵਿਸ਼ਵ ਵਿੱਚ ਸਿਹਤ ਅਤੇ ਤੰਦਰੁਸਤੀ ਦਾ ਇੱਕ ਮਹੱਤਵਪੂਰਨ ਕੇਂਦਰ ਬਣ ਜਾਵੇਗਾ।

ਪ੍ਰਧਾਨ ਮੰਤਰੀ ਮੋਦੀ ਨੇ 'ਗਲੋਬਲ ਫੂਡ ਬਾਸਕੇਟ' ਬਣਨ ਲਈ ਰਾਸ਼ਟਰ ਦੀ ਵਚਨਬੱਧਤਾ ਦੀ ਰੂਪ-ਰੇਖਾ ਪੇਸ਼ ਕੀਤੀ ਅਤੇ ਸਰਕਾਰ ਦੇ ਇਸ ਸੰਕਲਪ ਨੂੰ ਦਰਸਾਉਂਦੇ ਹੋਏ ਟੀਚੇ 'ਤੇ ਜ਼ੋਰ ਦਿੱਤਾ ਕਿ ਦੁਨੀਆ ਦੇ ਹਰ ਖਾਣੇ ਦੇ ਮੇਜ਼ 'ਤੇ ਭਾਰਤ ਵਿੱਚ ਬਣਿਆ ਘੱਟੋ-ਘੱਟ ਇੱਕ ਭੋਜਨ ਉਤਪਾਦ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਇਸ ਵਿਜ਼ਨ ਨੂੰ ਪੂਰਾ ਕਰਨ ਲਈ ਸਰਕਾਰ ਭਾਰਤ ਦੇ ਡੇਅਰੀ ਅਤੇ ਸਮੁੰਦਰੀ ਭੋਜਨ ਉਤਪਾਦਾਂ ਦੀ ਗੁਣਵੱਤਾ ਨੂੰ ਵਧਾਉਣ ਦੇ ਨਾਲ-ਨਾਲ ਜੈਵਿਕ ਅਤੇ ਕੁਦਰਤੀ ਖੇਤੀ ਅਭਿਆਸਾਂ ਨੂੰ ਉਤਸ਼ਾਹਿਤ ਕਰ ਰਹੀ ਹੈ।" ਭਾਰਤ ਦੀਆਂ ਹਾਲੀਆ ਪ੍ਰਾਪਤੀਆਂ ਨੂੰ ਦਰਸਾਉਂਦੇ ਹੋਏ, ਸ਼੍ਰੀ ਮੋਦੀ ਨੇ ਭਾਰਤ ਵਲੋਂ ਸ਼ੁਰੂ ਕੀਤੇ ਗਏ ਮੋਟੇ ਅਨਾਜ ਦੇ ਅੰਤਰਰਾਸ਼ਟਰੀ ਸਾਲ ਦੇ ਆਲਮੀ ਜਸ਼ਨ ਨੂੰ ਉਜਾਗਰ ਕੀਤਾ। ਉਨ੍ਹਾਂ ਮਾਣ ਨਾਲ ਕਿਹਾ, "ਦੁਨੀਆ ਵਿੱਚ ਮੋਟੇ ਅਨਾਜ ਦਾ ਸਭ ਤੋਂ ਵੱਡਾ ਉਤਪਾਦਕ ਕੌਣ ਹੈ? ਇਹ ਭਾਰਤ ਹੈ। ਉਨ੍ਹਾਂ ਕੁਦਰਤ ਅਤੇ ਪ੍ਰਗਤੀ ਦੋਵਾਂ ਲਈ ਸੁਪਰਫੂਡ ਦੇ ਦੋਹਰੇ ਲਾਭਾਂ 'ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਚੋਟੀ ਦੇ ਆਲਮੀ ਖੁਰਾਕੀ ਉਤਪਾਦ ਬ੍ਰਾਂਡਾਂ ਵਿੱਚ ਭਾਰਤ ਦੀ ਵਧਦੀ ਮੌਜੂਦਗੀ 'ਤੇ ਆਪਣੀ ਤਸੱਲੀ ਪ੍ਰਗਟ ਕੀਤੀ, ਜੋ ਕਿ ਭੋਜਨ ਉਦਯੋਗ ਵਿੱਚ ਦੇਸ਼ ਦੇ ਵਧਦੇ ਕੱਦ ਨੂੰ ਦਰਸਾਉਂਦਾ ਹੈ।

ਵਿਕਸਿਤ ਭਾਰਤ ਦੇ ਇੱਕ ਹੋਰ ਮਹੱਤਵਪੂਰਨ ਥੰਮ੍ਹ ਵੱਲ ਧਿਆਨ ਕੇਂਦਰਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਹਰਿਤ ਊਰਜਾ ਖੇਤਰ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਜੀ-20 ਵਿੱਚ ਭਾਰਤ ਦੀ ਸਫਲਤਾ 'ਤੇ ਚਾਨਣਾ ਪਾਇਆ, ਜਿੱਥੇ ਗ੍ਰੀਨ ਹਾਈਡ੍ਰੋਜਨ ਪਹਿਲਕਦਮੀ ਨੂੰ ਸਾਰੇ ਦੇਸ਼ਾਂ ਤੋਂ ਸਮਰਥਨ ਪ੍ਰਾਪਤ ਹੋਇਆ ਅਤੇ 2030 ਤੱਕ 500 ਗੀਗਾਵਾਟ ਅਖੁੱਟ ਊਰਜਾ ਪੈਦਾ ਕਰਨ ਦੇ ਨਾਲ 5 ਮਿਲੀਅਨ ਟਨ ਗ੍ਰੀਨ ਹਾਈਡ੍ਰੋਜਨ ਪੈਦਾ ਕਰਨ ਦੀ ਸਮਰੱਥਾ ਵਿਕਸਿਤ ਕਰਨ ਦੇ ਭਾਰਤ ਦੇ ਅਕਾਂਖੀ ਟੀਚੇ ਦਾ ਐਲਾਨ ਕੀਤਾ।

ਪ੍ਰਧਾਨ ਮੰਤਰੀ ਮੋਦੀ ਨੇ ਟੈਕਨੋਲੋਜੀ ਦੇ ਨਾਲ-ਨਾਲ ਭਾਰਤ ਦੇ ਵਿਕਾਸ ਦੇ ਇੱਕ ਮਜ਼ਬੂਤ ਥੰਮ੍ਹ ਵਜੋਂ ਸੈਰ-ਸਪਾਟੇ ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ, ਜਿਸ ਨੇ ਪਹਿਲਾਂ ਹੀ ਦੇਸ਼ ਦੀ ਤਰੱਕੀ ਨੂੰ ਤੇਜ਼ ਕੀਤਾ ਹੈ। ਉਨ੍ਹਾਂ ਐਲਾਨ ਕੀਤਾ, "ਭਾਰਤ ਦੁਨੀਆ ਭਰ ਦੇ ਸਾਰੇ ਹਿੱਸਿਆਂ ਵਿੱਚ ਸੈਲਾਨੀਆਂ ਲਈ ਚੋਟੀ ਦਾ ਸਥਾਨ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ, ਉਨ੍ਹਾਂ ਭਾਰਤ ਦੀਆਂ ਇਤਿਹਾਸਕ ਅਤੇ ਸੱਭਿਆਚਾਰਕ ਥਾਵਾਂ ਨੂੰ ਵਧਾਉਣ ਅਤੇ ਛੋਟੇ ਸਮੁੰਦਰੀ ਬੀਚਾਂ ਨੂੰ ਵਿਕਸਤ ਕਰਨ ਲਈ ਚੱਲ ਰਹੇ ਯਤਨਾਂ 'ਤੇ ਜ਼ੋਰ ਦਿੱਤਾ। ਉਨ੍ਹਾਂ 'ਦੇਖੋ ਅਪਨਾ ਦੇਸ਼, ਪੀਪਲਜ਼ ਚੌਇਸ' ਮੁਹਿੰਮ ਨੂੰ ਵੀ ਉਜਾਗਰ ਕੀਤਾ, ਜਿਸ ਵਿੱਚ ਨਾਗਰਿਕ ਭਾਰਤ ਦੇ ਪ੍ਰਮੁੱਖ ਸੈਰ-ਸਪਾਟਾ ਸਥਾਨਾਂ ਦੀ ਪਛਾਣ ਕਰਨ ਲਈ ਵੋਟ ਕਰ ਰਹੇ ਹਨ, ਜਿਨ੍ਹਾਂ ਨੂੰ ਮਿਸ਼ਨ ਮੋਡ ਵਿੱਚ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ, “ਇਹ ਪਹਿਲ ਰੋਜ਼ਗਾਰ ਦੇ ਮਹੱਤਵਪੂਰਨ ਮੌਕੇ ਪੈਦਾ ਕਰੇਗੀ।”

ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਤੌਰ 'ਤੇ ਗਲੋਬਲ ਸਾਊਥ ਲਈ ਸਮਾਵੇਸ਼ੀ ਆਲਮੀ ਵਿਕਾਸ ਦੇ ਮਹੱਤਵ 'ਤੇ ਵੀ ਜ਼ੋਰ ਦਿੱਤਾ। ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ 'ਤੇ ਪ੍ਰਤੀਬਿੰਬਤ ਕਰਦੇ ਹੋਏ, ਉਨ੍ਹਾਂ ਕਿਹਾ, "ਭਾਰਤ ਨੇ ਗਲੋਬਲ ਸਾਊਥ ਦੀ ਆਵਾਜ਼ ਨੂੰ ਵਧਾਇਆ ਅਤੇ ਸਾਡੇ ਅਫਰੀਕੀ ਦੋਸਤਾਂ ਨੂੰ ਸਸ਼ਕਤ ਕਰਨ ਵਿੱਚ ਮਦਦ ਕੀਤੀ।" ਉਨ੍ਹਾਂ ਇੱਕ ਅਜਿਹੇ ਭਵਿੱਖ ਦੀ ਕਲਪਨਾ ਕੀਤੀ, ਜਿੱਥੇ ਗਲੋਬਲ ਸਾਊਥ ਵਿੱਚ ਸਭ ਤੋਂ ਵੱਡੀ ਸੰਭਾਵਨਾ ਹੈ, ਜਿਸ ਵਿੱਚ ਭਾਰਤ ਆਲਮੀ ਭਾਈਚਾਰੇ ਦੀ ਭਾਵਨਾ ਵਿੱਚ ਇਨ੍ਹਾਂ ਦੇਸ਼ਾਂ ਲਈ ਇੱਕ ਆਵਾਜ਼ ਵਜੋਂ ਕੰਮ ਕਰ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ, "ਅਸੀਂ ਇੱਕ ਵਿਸ਼ਵ ਵਿਵਸਥਾ ਚਾਹੁੰਦੇ ਹਾਂ ਜੋ ਸਾਰਿਆਂ ਲਈ, ਖਾਸ ਕਰਕੇ ਗਲੋਬਲ ਸਾਊਥ ਲਈ ਸਮਾਵੇਸ਼ੀ ਵਿਕਾਸ ਨੂੰ ਯਕੀਨੀ ਬਣਾਉਂਦੀ ਹੈ।"

ਵਿਸ਼ਵ ਦੀ ਗਤੀਸ਼ੀਲ ਪ੍ਰਕਿਰਤੀ ਨੂੰ ਚਿੰਨ੍ਹਤ ਹੋਏ, ਸ਼੍ਰੀ ਮੋਦੀ ਨੇ ਭਾਰਤ ਸਰਕਾਰ ਦੀਆਂ ਨੀਤੀਆਂ ਅਤੇ ਰਣਨੀਤੀਆਂ ਦੀ ਅਨੁਕੂਲਤਾ 'ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ, "ਸਾਡਾ ਧਿਆਨ ਭਵਿੱਖ 'ਤੇ ਹੈ। ਉਨ੍ਹਾਂ ਗ੍ਰੀਨ ਹਾਈਡ੍ਰੋਜਨ ਮਿਸ਼ਨ, ਕੁਆਂਟਮ ਮਿਸ਼ਨ, ਸੈਮੀਕੰਡਕਟਰ ਮਿਸ਼ਨ ਅਤੇ ਡੀਪ ਓਸ਼ੀਅਨ ਮਿਸ਼ਨ ਵਰਗੀਆਂ ਪਹਿਲਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਸੀਂ ਆਉਣ ਵਾਲੇ ਕੱਲ੍ਹ ਦੀਆਂ ਚੁਣੌਤੀਆਂ ਅਤੇ ਮੌਕਿਆਂ ਲਈ ਅੱਜ ਦੇਸ਼ ਨੂੰ ਤਿਆਰ ਕਰ ਰਹੇ ਹਾਂ। ਪ੍ਰਧਾਨ ਮੰਤਰੀ ਨੇ ਪੁਲਾੜ ਟੈਕਨੋਲੋਜੀ ਨੂੰ ਹੁਲਾਰਾ ਦੇਣ ਲਈ ਸਰਕਾਰ ਵੱਲੋਂ ਹਾਲ ਹੀ ਵਿੱਚ 1,000 ਕਰੋੜ ਰੁਪਏ ਦੀ ਐਲੋਕੇਸ਼ਨ ਬਾਰੇ ਗੱਲ ਕੀਤੀ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ, "ਅੱਜ ਦਾ ਭਾਰਤ ਮੌਕਿਆਂ ਦੀ ਧਰਤੀ ਹੈ ਅਤੇ ਸਾਨੂੰ ਵਿਸ਼ਵਾਸ ਹੈ ਕਿ ਭਾਰਤ ਦਾ ਭਵਿੱਖ ਹੋਰ ਵੀ ਉੱਜਵਲ ਹੋਵੇਗਾ।"

ਆਪਣੀ ਸਮਾਪਤੀ ਟਿੱਪਣੀ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ 2047 ਤੱਕ ਵਿਕਸਿਤ ਭਾਰਤ ਬਣਨ ਦੇ ਭਾਰਤ ਦੇ ਸੰਕਲਪ ਨੂੰ ਦੁਹਰਾਇਆ। ਉਨ੍ਹਾਂ ਸਾਰੇ ਨਾਗਰਿਕਾਂ ਅਤੇ ਹਿਤਧਾਰਕਾਂ ਨੂੰ ਇਸ ਯਾਤਰਾ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਅਤੇ ਭਾਰਤ ਵਿੱਚ ਹੋਰ ਕੰਪਨੀਆਂ ਨੂੰ ਗਲੋਬਲ ਬ੍ਰਾਂਡ ਬਣਦੇ ਦੇਖਣ ਦੀ ਇੱਛਾ ਜ਼ਾਹਰ ਕੀਤੀ। ਉਨ੍ਹਾਂ ਕਿਹਾ, "ਅਸੀਂ ਚਾਹੁੰਦੇ ਹਾਂ ਕਿ ਭਾਰਤ ਦੁਨੀਆ ਭਰ ਵਿੱਚ ਹਰ ਖੇਤਰ ਵਿੱਚ ਅਗਵਾਈ ਕਰੇ।" ਉਨ੍ਹਾਂ ਭਰੋਸਾ ਦਿਵਾਇਆ, “ਅਸੀਂ ਇੱਕ ਸਥਿਰ ਨੀਤੀ ਵਿਵਸਥਾ ਅਤੇ ਵਿਕਾਸ ਨੂੰ ਸੁਖਾਲਾ ਬਣਾਉਣ, ਸੁਧਾਰਨ ਅਤੇ ਉਪਲੱਭਧ ਕਰਨ ਦਾ ਵਾਅਦਾ ਕਰਦੇ ਹਾਂ।" ਤੁਹਾਨੂੰ ਨਵੀਨਤਾ, ਪ੍ਰਦਰਸ਼ਨ, ਸਕਾਰਾਤਮਕ ਰੁਕਾਵਟਾਂ ਪੈਦਾ ਕਰਨ ਅਤੇ ਉੱਚ ਗੁਣਵੱਤਾ 'ਤੇ ਧਿਆਨ ਦੇਣ ਦਾ ਵਾਅਦਾ ਕਰਨਾ ਚਾਹੀਦਾ ਹੈ। ਭਾਰਤ ਦੀ ਸਫਲਤਾ ਦੀਆਂ ਕਹਾਣੀਆਂ ਲਿਖਣ ਵਿੱਚ ਸਾਰਿਆਂ ਨੂੰ ਵੱਡਾ ਸੋਚਣ ਅਤੇ ਸਹਿਯੋਗ ਕਰਨ ਦੀ ਅਪੀਲ ਕਰਦੇ ਹੋਏ, ਉਨ੍ਹਾਂ ਕਿਹਾ, “ਅੱਜ ਦਾ ਭਾਰਤ ਸੰਪਤੀ ਦੇ ਸਿਰਜਣਹਾਰਾਂ ਦਾ ਸਨਮਾਨ ਕਰਦਾ ਹੈ।"

*****

ਐੱਮਜੇਪੀਐੱਸ/ਐੱਸਆਰ/ਟੀਐੱਸ


(Release ID: 2050713) Visitor Counter : 34