ਵਿੱਤ ਮੰਤਰਾਲਾ
ਕਸਟਮ ਡਿਊਟੀ ਵਿੱਚ ਸੁਧਾਰ ਸਥਾਨਕ ਨਿਰਮਾਣ ਨੂੰ ਹੁਲਾਰਾ ਦੇਣਗੇ ਅਤੇ ਨਿਰਯਾਤ ਪ੍ਰਤੀਯੋਗੀਤਾ ਨੂੰ ਉਤਸ਼ਾਹਿਤ ਕਰਨਗੇ; ਵਿੱਤ ਮੰਤਰੀ
ਕਸਟਮ ਡਿਊਟੀ ਤੋਂ ਛੋਟ ਵਾਲੀਆਂ ਵਸਤਾਂ ਵਿੱਚ 25 ਦੁਰਲੱਭ ਖਣਿਜ ਅਤੇ ਤਿੰਨ ਹੋਰ ਕੈਂਸਰ ਦੀਆਂ ਦਵਾਈਆਂ ਸ਼ਾਮਲ
ਸਮੁੰਦਰੀ ਭੋਜਨ ਅਤੇ ਚਮੜੇ ਦੇ ਨਿਰਯਾਤ ਦੀ ਪ੍ਰਤੀਯੋਗੀਤਾ ਨੂੰ ਵਧਾਉਣ ਲਈ ਕਸਟਮ ਡਿਊਟੀ ਦਾ ਪੁਨਰਗਠਨ
Posted On:
23 JUL 2024 1:12PM by PIB Chandigarh
ਅੱਜ ਸੰਸਦ ਵਿੱਚ ਬਜਟ ਭਾਸ਼ਣ ਦੌਰਾਨ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੀ ਕੇਂਦਰੀ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਆਮ ਜਨਤਾ ਅਤੇ ਖ਼ਪਤਕਾਰਾਂ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਕਸਟਮ ਡਿਊਟੀ ਵਿੱਚ ਬਜਟ ਪ੍ਰਸਤਾਵਾਂ ਦਾ ਇਰਾਦਾ ਸਥਾਨਕ ਨਿਰਮਾਣ ਨੂੰ ਸਮਰਥਨ ਦੇਣਾ, ਸਥਾਨਕ ਮੁੱਲ ਜੋੜਨ, ਨਿਰਯਾਤ ਪ੍ਰਤੀਯੋਗਤਾ ਨੂੰ ਉਤਸ਼ਾਹਿਤ ਕਰਨਾ ਅਤੇ ਟੈਕਸਾਂ ਨੂੰ ਸਰਲ ਬਣਾਉਣਾ ਹੈ। ਜੀਵਨ ਬਚਾਉਣ ਵਾਲੀਆਂ ਦਵਾਈਆਂ ਤੋਂ ਲੈ ਕੇ ਧਰਤੀ ’ਤੇ ਮਿਲਣ ਵਾਲੇ ਦੁਰਲੱਭ ਖਣਿਜਾਂ ਤੱਕ ਵਸਤਾਂ ਲਈ ਨਵੀਂ ਕਸਟਮ ਡਿਊਟੀ ਦਰਾਂ ਦਾ ਪ੍ਰਸਤਾਵ ਦਿੱਤਾ ਹੈ।
ਕੈਂਸਰ ਦੇ ਮਰੀਜਾਂ ਨੂੰ ਵੱਡੀ ਰਾਹਤ ਦਿੰਦੇ ਹੋਏ, ਤਿੰਨ ਹੋਰ ਦਵਾਈਆਂ ਜਿਵੇਂ ਟ੍ਰੈਸਟੁਜ਼ੁਮਬ ਡਰਕਸਟੇਕਨ, ਓਸੀਮੇਰਟਿਨਿਬ ਅਤੇ ਦੁਰਵਾਲੁਮਬ ਨੂੰ ਕਸਟਮ ਡਿਊਟੀ ਤੋਂ ਪੂਰੀ ਤਰ੍ਹਾਂ ਛੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਮੈਡੀਕਲ ਐਕਸ-ਰੇ ਮਸ਼ੀਨਾਂ ਵਿੱਚ ਵਰਤੋਂ ਲਈ ਐਕਸ-ਰੇ ਟਿਊਬਾਂ ਅਤੇ ਫਲੈਟ ਪੈਨਲ ਡਿਟੈਕਟਰਾਂ ’ਤੇ ਮੁੱਢਲੀ ਕਸਟਮ ਡਿਊਟੀ ਭਾਵ ਬੀਸੀਡੀ ਨੂੰ ਵੀ ਘਟਾਇਆ ਗਿਆ ਹੈ, ਤਾਂ ਜੋ ਉਨ੍ਹਾਂ ਨੂੰ ਸਥਾਨਕ ਸਮਰੱਥਾ ਦੇ ਨਾਲ ਮਿਲਾ ਕੇ ਸਮਕਾਲੀ ਬਣਾਇਆ ਜਾ ਸਕੇ।
ਵਿੱਤ ਮੰਤਰੀ ਨੇ ਕਿਹਾ ਕਿ ਪਿਛਲੇ ਛੇ ਸਾਲਾਂ ਵਿੱਚ ਮੋਬਾਈਲ ਫੋਨਾਂ ਦੇ ਘਰੇਲੂ ਉਤਪਾਦਨ ਵਿੱਚ ਤਿੰਨ ਗੁਣਾ ਵਾਧਾ ਹੋਇਆ ਹੈ ਅਤੇ ਮੋਬਾਈਲ ਫੋਨਾਂ ਦੇ ਨਿਰਯਾਤ ਵਿੱਚ ਲਗਭਗ ਸੌ ਗੁਣਾ ਵਾਧਾ ਹੋਇਆ ਹੈ। ਵਿੱਤ ਮੰਤਰੀ ਨੇ ਅੱਜ ਸੰਸਦ ਵਿੱਚ ਕੇਂਦਰੀ ਬਜਟ 2024-25 ਪੇਸ਼ ਕਰਦੇ ਹੋਏ ਕਿਹਾ, “ਖਪਤਕਾਰਾਂ ਦੇ ਹਿੱਤ ਵਿੱਚ, ਮੈਂ ਹੁਣ ਮੋਬਾਈਲ ਫੋਨ, ਮੋਬਾਈਲ ਪੀਸੀਬੀਏ ਅਤੇ ਮੋਬਾਈਲ ਚਾਰਜਰ ਉੱਤੇ ਬੀਸੀਡੀ ਨੂੰ 15 ਫੀਸਦੀ ਤੱਕ ਘਟਾਉਣ ਦਾ ਪ੍ਰਸਤਾਵ ਕਰਦੀ ਹਾਂ”।
ਵਿੱਤ ਮੰਤਰੀ ਨੇ 25 ਨਾਜ਼ੁਕ ਖਣਿਜਾਂ ’ਤੇ ਕਸਟਮ ਡਿਊਟੀ ਤੋਂ ਪੂਰੀ ਛੋਟ ਦਾ ਐਲਾਨ ਕੀਤਾ ਅਤੇ ਇਨ੍ਹਾਂ ’ਚੋਂ ਦੋ ’ਤੇ ਮੁੱਢਲੀ ਕਸਟਮ ਡਿਊਟੀ ਘਟਾਈ। ਇਸ ਨਾਲ ਪੁਲਾੜ, ਰੱਖਿਆ, ਦੂਰਸੰਚਾਰ, ਉੱਚ-ਤਕਨੀਕੀ ਇਲੈਕਟ੍ਰੋਨਿਕਸ, ਪ੍ਰਮਾਣੂ ਊਰਜਾ ਅਤੇ ਨਵਿਆਉਣਯੋਗ ਊਰਜਾ ਵਰਗੇ ਖੇਤਰਾਂ ਨੂੰ ਲਾਭ ਹੋਵੇਗਾ, ਇਨ੍ਹਾਂ ਖੇਤਰਾਂ ਲਈ ਇਹ ਧਰਤੀ ਦੇ ਦੁਰਲੱਭ ਖਣਿਜ ਕਾਫੀ ਅਹਿਮ ਹਨ। ਨਵਿਆਉਣਯੋਗ ਊਰਜਾ ਖੇਤਰ ਨੂੰ ਹੋਰ ਹੁਲਾਰਾ ਦੇਣ ਲਈ, ਮੰਤਰੀ ਨੇ ਦੇਸ਼ ਵਿੱਚ ਸੋਲਰ ਸੈੱਲਾਂ ਅਤੇ ਪੈਨਲਾਂ ਦੇ ਨਿਰਮਾਣ ਵਿੱਚ ਵਰਤੋਂ ਲਈ ਛੋਟ ਪ੍ਰਾਪਤ ਪੂੰਜੀਗਤ ਵਸਤਾਂ ਦੀ ਸੂਚੀ ਦੇ ਵਿਸਥਾਰ ਦਾ ਐਲਾਨ ਕੀਤਾ। ਵਿੱਤ ਮੰਤਰੀ ਨੇ ਕਿਹਾ, “ਇਸ ਤੋਂ ਇਲਾਵਾ, ਸੋਲਰ ਗਲਾਸ ਅਤੇ ਟਿਨਡ ਕਾਪਰ ਇੰਟਰਕਨੈਕਟ ਦੀ ਲੋੜੀਂਦੀ ਘਰੇਲੂ ਨਿਰਮਾਣ ਸਮਰੱਥਾ ਦੇ ਮੱਦੇਨਜ਼ਰ, ਮੈਂ ਉਨ੍ਹਾਂ ਨੂੰ ਪ੍ਰਦਾਨ ਕੀਤੀ ਕਸਟਮ ਡਿਊਟੀ ਦੀ ਛੋਟ ਨੂੰ ਨਾ ਵਧਾਉਣ ਦਾ ਪ੍ਰਸਤਾਵ ਦਿੰਦੀ ਹਾਂ।”
ਦੇਸ਼ ਤੋਂ ਸਮੁੰਦਰੀ ਭੋਜਨ ਦੇ ਨਿਰਯਾਤ ਦੀ ਪ੍ਰਤੀਯੋਗਤਾ ਨੂੰ ਵਧਾਉਣ ਲਈ, ਵਿੱਤ ਮੰਤਰੀ ਨੇ ਕੁਝ ਬਰੂਡਸਟੌਕ, ਪੌਲੀਚਾਈਟ ਕੀੜੇ, ਝੀਂਗਾ ਅਤੇ ਮੱਛੀ ਫੀਡ ’ਤੇ ਮੁੱਢਲੀ ਕਸਟਮ ਡਿਊਟੀ ਨੂੰ 5 ਫੀਸਦੀ ਤੱਕ ਘਟਾਉਣ ਦਾ ਪ੍ਰਸਤਾਵ ਕੀਤਾ। ਇਸ ਤੋਂ ਇਲਾਵਾ ਸਮੁੰਦਰੀ ਭੋਜਨ ਦੇ ਨਿਰਯਾਤ ਨੂੰ ਹੋਰ ਹੁਲਾਰਾ ਦੇਣ ਲਈ ਝੀਂਗਾ ਅਤੇ ਮੱਛੀ ਫੀਡ ਦੇ ਨਿਰਮਾਣ ਲਈ ਵੱਖ-ਵੱਖ ਇਨਪੁਟਸ ਨੂੰ ਕਸਟਮ ਡਿਊਟੀ ਤੋਂ ਛੋਟ ਦਿੱਤੀ ਗਈ ਹੈ। ਚਮੜਾ ਅਤੇ ਕੱਪੜਾ ਖੇਤਰ ਵਿੱਚ ਨਿਰਯਾਤ ਦੀ ਪ੍ਰਤੀਯੋਗਤਾ ਨੂੰ ਵਧਾਉਣ ਲਈ ਵੱਖ-ਵੱਖ ਚਮੜੇ ਦੇ ਕੱਚੇ ਮਾਲ ਲਈ ਵੀ ਇਸੇ ਤਰ੍ਹਾਂ ਦੀ ਕਟੌਤੀ ਅਤੇ ਕਸਟਮ ਡਿਊਟੀ ਵਿੱਚ ਛੋਟ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਕੱਚੀ ਚਮੜੀ, ਚਮੜੀ ਅਤੇ ਚਮੜੇ ’ਤੇ ਨਿਰਯਾਤ ਡਿਊਟੀ ਢਾਂਚੇ ਨੂੰ ਸਰਲ ਅਤੇ ਤਰਕਸੰਗਤ ਬਣਾਉਣ ਦਾ ਪ੍ਰਸਤਾਵ ਦਿੱਤਾ ਹੈ।
ਦੇਸ਼ ਵਿੱਚ ਸੋਨੇ ਅਤੇ ਕੀਮਤੀ ਧਾਤ ਦੇ ਗਹਿਣਿਆਂ ਵਿੱਚ ਘਰੇਲੂ ਮੁੱਲ ਵਾਧੇ ਨੂੰ ਵਧਾਉਣ ਲਈ ਸੋਨੇ ਅਤੇ ਚਾਂਦੀ ’ਤੇ ਕਸਟਮ ਡਿਊਟੀ 15% ਤੋਂ ਘਟਾ ਕੇ 6% ਜਦਕਿ ਪਲਾਟੀਨਮ ’ਤੇ 15.4% ਤੋਂ ਘਟਾ ਕੇ 6.4% ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਸਟੀਲ ਅਤੇ ਤਾਂਬੇ ਦੇ ਉਤਪਾਦਨ ਦੀ ਲਾਗਤ ਨੂੰ ਘਟਾਉਣ ਲਈ ਫੈਰੋ ਨਿਕਲ ਅਤੇ ਬਲਿਸਟਰ ਤਾਂਬੇ ’ਤੇ ਮੁੱਢਲੀ ਕਸਟਮ ਡਿਊਟੀ ਨੂੰ ਹਟਾ ਦਿੱਤਾ ਗਿਆ ਹੈ।
ਵਿੱਤ ਮੰਤਰੀ ਨੇ ਇਹ ਵੀ ਕਿਹਾ ਕਿ ਕਸਟਮ ਡਿਊਟੀ ਦਰਾਂ ਦੇ ਢਾਂਚੇ ਦੀ ਅਗਲੇ ਛੇ ਮਹੀਨਿਆਂ ਦੌਰਾਨ ਵਿਆਪਕ ਸਮੀਖਿਆ ਕੀਤੀ ਜਾਵੇਗੀ ਤਾਂ ਜੋ ਵਪਾਰ ਨੂੰ ਹੋਰ ਸੁਖਾਲਾ ਬਣਾਉਣ, ਡਿਊਟੀ ਇਨਵਰਜ਼ਨ ਨੂੰ ਹਟਾਉਣ ਅਤੇ ਵਿਵਾਦਾਂ ਨੂੰ ਘਟਾਉਣ ਲਈ ਇਸ ਨੂੰ ਤਰਕਸੰਗਤ ਅਤੇ ਸਰਲ ਬਣਾਇਆ ਜਾ ਸਕੇ।
************
ਐੱਨਬੀ/ ਕੇਐੱਸਵਾਈ/ ਐੱਸਟੀ/ ਆਰਕੇ/ ਏਐੱਸ
(Release ID: 2035996)
Visitor Counter : 45