ਗ੍ਰਹਿ ਮੰਤਰਾਲਾ

ਰਾਜ/ਯੂਟੀ ਪੁਲਿਸ, ਐੱਨਸੀਬੀ, ਸੀਬੀਆਈ, ਆਰਬੀਆਈ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਭੇਸ ਵਿੱਚ ਸਾਈਬਰ ਅਪਰਾਧੀਆਂ ਦੁਆਰਾ 'ਬਲੈਕਮੇਲ' ਅਤੇ 'ਡਿਜੀਟਲ ਗ੍ਰਿਫਤਾਰੀ' ਦੀਆਂ ਘਟਨਾਵਾਂ ਬਾਰੇ ਅਲਰਟ

Posted On: 14 MAY 2024 4:15PM by PIB Chandigarh

ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ (ਐੱਨਸੀਆਰਪੀ) 'ਤੇ ਪੁਲਿਸ ਅਥਾਰਟੀਆਂ, ਕੇਂਦਰੀ ਜਾਂਚ ਬਿਊਰੋ (ਸੀਬੀਆਈ), ਨਾਰਕੋਟਿਕਸ ਵਿਭਾਗ, ਭਾਰਤੀ ਰਿਜ਼ਰਵ ਬੈਂਕ (ਆਰਬੀਆਈ), ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਰੂਪ ਵਿੱਚ ਸਾਈਬਰ ਅਪਰਾਧੀਆਂ ਦੁਆਰਾ ਧਮਕਾਉਣ, ਬਲੈਕਮੇਲ, ਜਬਰੀ ਵਸੂਲੀ ਅਤੇ "ਡਿਜੀਟਲ ਗ੍ਰਿਫਤਾਰੀਆਂ" ਬਾਰੇ ਵੱਡੀ ਗਿਣਤੀ ਵਿੱਚ ਸ਼ਿਕਾਇਤਾਂ ਰਿਪੋਰਟ ਕੀਤੀਆਂ ਜਾ ਰਹੀਆਂ ਹਨ। 

ਇਹ ਧੋਖੇਬਾਜ਼ ਆਮ ਤੌਰ 'ਤੇ ਇੱਕ ਸੰਭਾਵੀ ਪੀੜਤ ਨੂੰ ਕਾਲ ਕਰਦੇ ਹਨ ਅਤੇ ਸੂਚਿਤ ਕਰਦੇ ਹਨ ਕਿ ਪੀੜਿਤ ਨੇ ਇੱਕ ਪਾਰਸਲ ਭੇਜਿਆ ਹੈ ਜਾਂ ਉਹ ਪਾਰਸਲ ਦਾ ਇੱਛਿਤ ਪ੍ਰਾਪਤ ਕਰਤਾ ਹੈ, ਜਿਸ ਵਿੱਚ ਗੈਰ-ਕਾਨੂੰਨੀ ਸਮਾਨ, ਨਸ਼ੀਲੇ ਪਦਾਰਥ, ਜਾਅਲੀ ਪਾਸਪੋਰਟ ਜਾਂ ਕੋਈ ਹੋਰ ਪਾਬੰਦੀਸ਼ੁਦਾ ਵਸਤੂ ਸ਼ਾਮਲ ਹੈ। ਕਈ ਵਾਰ, ਉਹ ਇਹ ਵੀ ਸੂਚਿਤ ਕਰਦੇ ਹਨ ਕਿ ਪੀੜਤ ਦਾ ਕੋਈ ਨਜ਼ਦੀਕੀ ਜਾਂ ਪਿਆਰਾ ਵਿਅਕਤੀ ਕਿਸੇ ਅਪਰਾਧ ਜਾਂ ਦੁਰਘਟਨਾ ਵਿੱਚ ਸ਼ਾਮਲ ਪਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਿਰਾਸਤ ਵਿੱਚ ਹੈ। "ਕੇਸ” ਦਾ ਨਿਪਟਾਰਾ ਕਰਨ ਲਈ ਪੈਸੇ ਦੀ ਮੰਗ ਕੀਤੀ ਜਾਂਦੀ ਹੈ। ਕੁਝ ਮਾਮਲਿਆਂ ਵਿੱਚ, ਬੇਖ਼ਬਰ ਪੀੜਤਾਂ ਨੂੰ "ਡਿਜੀਟਲ ਗ੍ਰਿਫਤਾਰੀ" ਤੋਂ ਗੁਜ਼ਰਨਾ ਪੈਂਦਾ ਹੈ ਅਤੇ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ, ਉਹ ਧੋਖਾਧੜੀ ਕਰਨ ਵਾਲਿਆਂ ਲਈ ਸਕਾਈਪ ਜਾਂ ਹੋਰ ਵੀਡੀਓ ਕਾਨਫਰੰਸਿੰਗ ਪਲੈਟਫਾਰਮ 'ਤੇ ਦ੍ਰਿਸ਼ਟੀਗਤ ਤੌਰ 'ਤੇ ਉਪਲਬਧ ਰਹਿੰਦੇ ਹਨ। ਧੋਖੇਬਾਜ਼ ਪੁਲਿਸ ਥਾਣਿਆਂ ਅਤੇ ਸਰਕਾਰੀ ਦਫ਼ਤਰਾਂ ਦੇ ਮਾਡਲ ਵਾਲੇ ਸਟੂਡੀਓ ਦੀ ਵਰਤੋਂ ਕਰਦੇ ਹਨ ਅਤੇ ਅਸਲੀ ਦਿਖਣ ਲਈ ਵਰਦੀਆਂ ਪਹਿਨਦੇ ਹਨ।

ਦੇਸ਼ ਭਰ ਵਿੱਚ ਬਹੁਤ ਸਾਰੇ ਪੀੜਤ ਅਜਿਹੇ ਅਪਰਾਧੀਆਂ ਦੇ ਹੱਥੋਂ ਵੱਡੀ ਰਕਮ ਗੁਆ ਚੁੱਕੇ ਹਨ। ਇਹ ਇੱਕ ਸੰਗਠਿਤ ਔਨਲਾਈਨ ਆਰਥਿਕ ਅਪਰਾਧ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਸ ਨੂੰ ਸਰਹੱਦ ਪਾਰ ਦੇ ਅਪਰਾਧ ਸਿੰਡੀਕੇਟਾਂ ਦੁਆਰਾ ਸੰਚਾਲਿਤ ਕੀਤਾ ਜਾਂਦਾ ਹੈ।

ਗ੍ਰਹਿ ਮੰਤਰਾਲੇ ਦੇ ਅਧੀਨ ਭਾਰਤੀ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (ਆਈ4ਸੀ- I4C) ਦੇਸ਼ ਵਿੱਚ ਸਾਈਬਰ ਅਪਰਾਧ ਦਾ ਮੁਕਾਬਲਾ ਕਰਨ ਨਾਲ ਸਬੰਧਿਤ ਗਤੀਵਿਧੀਆਂ ਦਾ ਤਾਲਮੇਲ ਕਰਦਾ ਹੈ। ਇਨ੍ਹਾਂ ਧੋਖਾਧੜੀਆਂ ਨਾਲ ਨਜਿੱਠਣ ਲਈ ਗ੍ਰਹਿ ਮੰਤਰਾਲਾ ਹੋਰ ਮੰਤਰਾਲਿਆਂ ਅਤੇ ਉਨ੍ਹਾਂ ਦੀਆਂ ਏਜੰਸੀਆਂ, ਆਰਬੀਆਈ ਅਤੇ ਹੋਰ ਸੰਸਥਾਵਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਆਈ4ਸੀ ਮਾਮਲਿਆਂ ਦੀ ਪਹਿਚਾਣ ਕਰਨ ਅਤੇ ਜਾਂਚ ਕਰਨ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਪੁਲਿਸ ਅਥਾਰਟੀਆਂ ਨੂੰ ਇਨਪੁਟ ਅਤੇ ਤਕਨੀਕੀ ਸਹਾਇਤਾ ਵੀ ਪ੍ਰਦਾਨ ਕਰ ਰਿਹਾ ਹੈ। 

ਆਈ4ਸੀ ਨੇ ਮਾਈਕ੍ਰੋਸਾਫਟ ਦੇ ਸਹਿਯੋਗ ਨਾਲ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ 1,000 ਤੋਂ ਵੱਧ ਸਕਾਈਪ ਆਈਡੀਜ਼ ਨੂੰ ਵੀ ਬਲੌਕ ਕੀਤਾ ਹੈ। ਇਹ ਅਜਿਹੇ ਧੋਖੇਬਾਜ਼ਾਂ ਦੁਆਰਾ ਵਰਤੇ ਜਾਂਦੇ ਸਿਮ ਕਾਰਡਾਂ, ਮੋਬਾਈਲ ਡਿਵਾਈਸਾਂ ਅਤੇ ਮਿਊਲ ਅਕਾਊਂਟਸ (Mule accounts) ਨੂੰ ਬਲੌਕ ਕਰਨ ਦੀ ਵੀ ਸੁਵਿਧਾ ਪ੍ਰਦਾਨ ਕਰ ਰਿਹਾ ਹੈ। ਆਈ4ਸੀ ਨੇ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ 'ਸਾਈਬਰਦੋਸਤ' 'ਤੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ, ਫੇਸਬੁੱਕ, ਇੰਸਟਾਗ੍ਰਾਮ ਅਤੇ ਹੋਰ ਪਲੈਟਫਾਰਮਾਂ 'ਤੇ ਇਨਫੋਗ੍ਰਾਫਿਕਸ ਅਤੇ ਵੀਡੀਓਜ਼ ਰਾਹੀਂ ਕਈ ਅਲਰਟ ਵੀ ਜਾਰੀ ਕੀਤੇ ਹਨ।

ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸੁਚੇਤ ਰਹਿਣ ਅਤੇ ਇਸ ਤਰ੍ਹਾਂ ਦੀਆਂ ਧੋਖਾਧੜੀਆਂ ਬਾਰੇ ਜਾਗਰੂਕਤਾ ਫੈਲਾਉਣ। ਅਜਿਹੀਆਂ ਕਾਲਾਂ ਆਉਣ 'ਤੇ, ਨਾਗਰਿਕਾਂ ਨੂੰ ਸਹਾਇਤਾ ਲਈ ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ 1930 ਜਾਂ www.cybercrime.gov.in  'ਤੇ ਤੁਰੰਤ ਘਟਨਾ ਦੀ ਰਿਪੋਰਟ ਕਰਨੀ ਚਾਹੀਦੀ ਹੈ। 

 

******

 

ਆਰਕੇ/ਵੀਵੀ/ਏਐੱਸਐੱਚ/ਆਰਆਰ/ਪੀਐੱਸ



(Release ID: 2020661) Visitor Counter : 34