ਖੇਤੀਬਾੜੀ ਮੰਤਰਾਲਾ

ਭਾਰਤੀ ਖੇਤੀ ਖੋਜ ਪ੍ਰੀਸ਼ਦ ਅਤੇ ਧਨੁਕਾ ਐਗਰੀਟੈਕ ਲਿਮਟਿਡ ਦਰਮਿਆਨ ਸਹਿਮਤੀ ਪੱਤਰ 'ਤੇ ਦਸਤਖ਼ਤ ਕੀਤੇ ਗਏ

Posted On: 20 MAR 2024 12:19PM by PIB Chandigarh

ਭਾਰਤੀ ਖੇਤੀ ਖੋਜ ਪ੍ਰੀਸ਼ਦ (ਆਈਸੀਏਆਰ) ਅਤੇ ਧਨੁਕਾ ਐਗਰੀਟੇਕ ਲਿਮਟਿਡ ਨੇ ਇੱਕ ਸਮਝੌਤੇ 'ਤੇ ਹਸਤਾਖ਼ਰ ਕੀਤੇ ਹਨ। ਡਿਪਟੀ ਡਾਇਰੈਕਟਰ ਜਨਰਲ (ਖੇਤੀਬਾੜੀ ਵਿਸਥਾਰ), ਆਈਸੀਏਆਰ ਡਾ. ਯੂਐੱਸ ਗੌਤਮ ਅਤੇ ਚੇਅਰਮੈਨ, ਧਨੁਕਾ ਐਗਰੀਟੈਕ ਲਿਮਟਿਡ ਡਾ. ਆਰਜੀ ਅਗਰਵਾਲ ਨੇ ਕੱਲ੍ਹ ਸਬੰਧਿਤ ਸੰਸਥਾਵਾਂ ਦੀ ਤਰਫੋਂ ਇਸ ਸਹਿਮਤੀ ਪੱਤਰ 'ਤੇ ਦਸਤਖ਼ਤ ਕੀਤੇ। 

ਡਾ. ਗੌਤਮ ਨੇ ਕਿਹਾ ਕਿ ਇਸ ਸਮਝੌਤੇ ਦਾ ਉਦੇਸ਼ ਕਿਸਾਨਾਂ ਤੱਕ ਨਵੀਂ ਤਕਨੀਕ ਪਹੁੰਚਾਉਣ ਲਈ ਦੋਵਾਂ ਸੰਸਥਾਵਾਂ ਦੀ ਕੁਸ਼ਲਤਾ ਦੀ ਵਰਤੋਂ ਕਰਨਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ 14.5 ਕਰੋੜ ਤੋਂ ਵੱਧ ਕਿਸਾਨ ਹਨ, ਜਿਨ੍ਹਾਂ ਵਿੱਚੋਂ ਬਹੁਤੇ ਕਿਸਾਨਾਂ ਕੋਲ ਥੋੜ੍ਹੀ ਜ਼ਮੀਨ ਹੈ। ਧਨੁਕਾ ਐਗਰੀਟੇਕ ਇਨ੍ਹਾਂ ਛੋਟੇ ਕਿਸਾਨਾਂ ਨੂੰ ਕੇਂਦਰੀ ਸੰਸਥਾਵਾਂ, ਏਟੀਏਆਰਆਈਜ਼ (ATARIs) ਅਤੇ ਕੇਵੀਕੇਜ਼ (KVKs) ਨਾਲ ਮਿਲ ਕੇ ਖੇਤੀ ਉਤਪਾਦਨ ਨਾਲ ਸਬੰਧਿਤ ਸਿਖਲਾਈ ਪ੍ਰਦਾਨ ਕਰੇਗੀ। 

ਡਾ. ਗੌਤਮ ਨੇ ਕਿਹਾ ਕਿ ਅੱਜ ਸਮੁੱਚਾ ਵਿਸ਼ਵ ਜਲਵਾਯੂ ਪਰਿਵਰਤਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਭਾਰਤ ਵੀ ਇਸ ਤੋਂ ਅਛੂਤਾ ਨਹੀਂ ਹੈ, ਅਜਿਹੀ ਸਥਿਤੀ ਵਿੱਚ ਦੋਵਾਂ ਸੰਸਥਾਵਾਂ ਨੂੰ ਖੇਤੀਬਾੜੀ ਉਤਪਾਦਨ ਦੇ ਨਵੇਂ ਢੰਗ-ਤਰੀਕਿਆਂ 'ਤੇ ਮਿਲ ਕੇ ਕੰਮ ਕਰਨ ਦੀ ਲੋੜ ਹੈ ਜੋ ਕਿ ਜਲਵਾਯੂ ਅਨੁਕੂਲ ਹੋਣ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਦਾ ਉਦੇਸ਼ ਬਦਲਦੇ ਵਾਤਾਵਰਨ ਵਿੱਚ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨਾ ਹੈ।

ਡਾ. ਅਗਰਵਾਲ ਨੇ ਕਿਹਾ ਕਿ ਧਨੁਕਾ ਐਗਰੀਟੇਕ ਸਲਾਹਕਾਰ ਸੇਵਾ ਪ੍ਰਦਾਨ ਕਰੇਗੀ ਅਤੇ ਆਈਸੀਏਆਰ-ਏਟੀਏਆਰਆਈ ਅਤੇ ਕੇਵੀਕੇ ਦੇ ਸਹਿਯੋਗ ਨਾਲ ਕਿਸਾਨਾਂ ਨੂੰ ਸਿਖਲਾਈ ਦੇਵੇਗੀ। ਇਸ ਮੌਕੇ ਆਈਸੀਏਆਰ ਦੇ ਸਹਾਇਕ ਡਾਇਰੈਕਟਰ ਜਨਰਲ, ਆਈਸੀਏਆਰ ਹੈੱਡਕੁਆਰਟਰ ਦੇ ਡਾਇਰੈਕਟਰ, ਸੀਨੀਅਰ ਵਿਗਿਆਨੀ ਅਤੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। 

 

 ******

 

ਐੱਸਕੇ/ਐੱਸਐੱਮ



(Release ID: 2015723) Visitor Counter : 34