ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਕੇਰਲ ਦੇ ਤਿਰੂਵਨੰਤਪੁਰਮ ਵਿੱਚ ਵਿਕਰਮ ਸਾਰਾਭਾਈ ਸਪੇਸ ਸੈਂਟਰ (VSSC) ਦਾ ਦੌਰਾ ਕੀਤਾ


ਲਗਭਗ 1800 ਕਰੋੜ ਰੁਪਏ ਦੇ ਤਿੰਨ ਅਹਿਮ ਪੁਲਾੜ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ

ਗਗਨਯਾਨ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਮਨੋਨੀਤ ਪੁਲਾੜ ਯਾਤਰੀਆਂ ਨੂੰ 'ਐਸਟ੍ਰੋਨੌਟ ਵਿੰਗਜ਼' ਪ੍ਰਦਾਨ ਕੀਤੇ

"ਨਵੇਂ ਕਾਲ ਚੱਕਰ ਵਿੱਚ, ਵਿਸ਼ਵ ਵਿਵਸਥਾ 'ਚ ਭਾਰਤ ਲਗਾਤਾਰ ਆਪਣੀ ਜਗ੍ਹਾ ਵਧਾ ਰਿਹਾ ਹੈ ਅਤੇ ਇਹ ਸਾਡੇ ਪੁਲਾੜ ਪ੍ਰੋਗਰਾਮ ਵਿੱਚ ਸਪੱਸ਼ਟ ਵਿਖਾਈ ਦੇ ਰਿਹਾ ਹੈ"

"ਚਾਰ ਮਨੋਨੀਤ ਪੁਲਾੜ ਯਾਤਰੀ ਸਿਰਫ਼ ਚਾਰ ਨਾਮ ਜਾਂ ਵਿਅਕਤੀ ਨਹੀਂ ਹਨ, ਉਹ 140 ਕਰੋੜ ਭਾਰਤੀਆਂ ਦੀਆਂ ਇੱਛਾਵਾਂ ਨੂੰ ਪੁਲਾੜ ਵਿੱਚ ਲਿਜਾਣ ਵਾਲੀਆਂ ਚਾਰ 'ਸ਼ਕਤੀਆਂ' ਹਨ।"

"ਚਾਰ ਮਨੋਨੀਤ ਪੁਲਾੜ ਯਾਤਰੀ ਅਜੋਕੇ ਭਾਰਤ ਦੇ ਭਰੋਸੇ, ਦਲੇਰੀ, ਬਹਾਦਰੀ ਅਤੇ ਅਨੁਸ਼ਾਸਨ ਦੇ ਪ੍ਰਤੀਕ ਹਨ"

“40 ਸਾਲਾਂ ਬਾਅਦ, ਕੋਈ ਭਾਰਤੀ ਪੁਲਾੜ ਵਿੱਚ ਜਾ ਰਿਹਾ ਹੈ। ਪਰ ਹੁਣ ਸਮਾਂ, ਪੁੱਠੀ–ਗਿਣਤੀ ਅਤੇ ਰਾਕੇਟ ਸਾਡੇ ਹਨ"

“ਭਾਰਤ ਹੁਣ ਦੁਨੀਆ ਦੀਆਂ ਚੋਟੀ ਦੀਆਂ ਤਿੰਨ ਅਰਥਵਿਵਸਥਾਵਾਂ 'ਚੋਂ ਇੱਕ ਬਣਨ ਜਾ ਰਿਹਾ ਹੈ, ਨਾਲ ਹੀ ਦੇਸ਼ ਦਾ ਗਗਨਯਾਨ ਵੀ ਸਾਡੇ ਪੁਲਾੜ ਖੇਤਰ ਨੂੰ ਨਵੇਂ ਸਿਖ਼ਰਾਂ 'ਤੇ ਲਿਜਾ ਜਾ ਰਿਹਾ ਹੈ।

"ਭਾਰਤ ਦੀ ਨਾਰੀ ਸ਼ਕਤੀ ਪੁਲਾੜ ਖੇਤਰ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ"

"ਪੁਲਾੜ ਖੇਤਰ ਵਿੱਚ ਭਾਰਤ ਦੀ ਸਫਲਤਾ ਦੇਸ਼ ਦੀ ਨੌਜਵਾਨ ਪੀੜ੍ਹੀ ਵਿੱਚ ਵਿਗਿਆਨ

Posted On: 27 FEB 2024 1:19PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤਿਰੂਵਨੰਤਪੁਰਮ, ਕੇਰਲ ਵਿਖੇ ਵਿਕਰਮ ਸਾਰਾਭਾਈ ਸਪੇਸ ਸੈਂਟਰ (VSSC) ਦਾ ਦੌਰਾ ਕੀਤਾ ਅਤੇ ਲਗਭਗ 1,800 ਕਰੋੜ ਰੁਪਏ ਦੇ ਪੁਲਾੜ ਬੁਨਿਆਦੀ ਢਾਂਚੇ ਦੇ ਤਿੰਨ ਅਹਿਮ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਨ੍ਹਾਂ ਪ੍ਰੋਜੈਕਟਾਂ ਵਿੱਚ ਸਤੀਸ਼ ਧਵਨ ਸਪੇਸ ਸੈਂਟਰ, ਸ਼੍ਰੀਹਰੀਕੋਟਾ ਵਿੱਚ SLV ਏਕੀਕਰਣ ਸਹੂਲਤ (PIF); ਮਹਿੰਦਰਗਿਰੀ ਵਿਖੇ ISRO ਪ੍ਰੋਪਲਸ਼ਨ ਕੰਪਲੈਕਸ ਵਿਖੇ ਨਵੀਂ 'ਸੈਮੀ-ਕ੍ਰਾਇਓਜੇਨਿਕਸ ਏਕੀਕ੍ਰਿਤ ਇੰਜਣ ਅਤੇ ਪੜਾਅ ਟੈਸਟ ਸਹੂਲਤ'; ਅਤੇ VSSC, ਤਿਰੂਵਨੰਤਪੁਰਮ ਵਿਖੇ 'ਟ੍ਰਾਈਸੋਨਿਕ ਵਿੰਡ ਟਨਲ' ਸ਼ਾਮਲ ਹਨ। ਸ਼੍ਰੀ ਮੋਦੀ ਨੇ ਗਗਨਯਾਨ ਮਿਸ਼ਨ ਦੀ ਪ੍ਰਗਤੀ ਦੀ ਸਮੀਖਿਆ ਵੀ ਕੀਤੀ ਅਤੇ ਚਾਰ ਮਨੋਨੀਤ ਪੁਲਾੜ ਯਾਤਰੀਆਂ ਨੂੰ 'ਐਸਟ੍ਰੋਨੌਟ ਵਿੰਗਜ਼' ਪ੍ਰਦਾਨ ਕੀਤੇ। ਇਹ ਮਨੋਨੀਤ ਪੁਲਾੜ ਯਾਤਰੀ ਗਰੁੱਪ ਕੈਪਟਨ ਪ੍ਰਸ਼ਾਂਤ ਬਾਲਕ੍ਰਿਸ਼ਨਨ ਨਾਇਰ, ਗਰੁੱਪ ਕੈਪਟਨ ਅਜੀਤ ਕ੍ਰਿਸ਼ਨਨ, ਗਰੁੱਪ ਕੈਪਟਨ ਅੰਗਦ ਪ੍ਰਤਾਪ ਅਤੇ ਵਿੰਗ ਕਮਾਂਡਰ ਸ਼ੁਭਾਂਸ਼ੂ ਸ਼ੁਕਲਾ ਹਨ।
ਇਕੱਠ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਨੇ ਪੁਲਾੜ ਯਾਤਰੀਆਂ ਲਈ ਖੜ੍ਹੇ ਹੋ ਕੇ ਜੈਕਾਰੇ ਬੁਲਾਉਂਦਿਆਂ ਸ਼ੁਰੂਆਤ ਕੀਤੀ ਕਿਉਂਕਿ ਸਮੁੱਚਾ ਹਾਲ ''ਭਾਰਤ ਮਾਤਾ ਕੀ ਜੈ'' ਦੇ ਜੈਕਾਰਿਆਂ ਨਾਲ ਗੂੰਜ ਉੱਠਿਆ।

ਇਹ ਉਜਾਗਰ ਕਰਦਿਆਂ ਕਿ ਹਰੇਕ ਰਾਸ਼ਟਰ ਦੀ ਵਿਕਾਸ ਯਾਤਰਾ ਦੇ ਆਪਣੇ ਵਿਸ਼ੇਸ਼ ਛਿਣ ਹੁੰਦੇ ਹਨ, ਜੋ ਨਾ ਸਿਰਫ਼ ਵਰਤਮਾਨ ਨੂੰ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪਰਿਭਾਸ਼ਿਤ ਕਰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਲਈ ਅਜਿਹਾ ਮੌਕਾ ਹੈ ਜਦੋਂ ਮੌਜੂਦਾ ਪੀੜ੍ਹੀ ਧਰਤੀ 'ਤੇ ਹਵਾ, ਪਾਣੀ ਅਤੇ ਪੁਲਾੜ 'ਚ ਰਾਸ਼ਟਰ ਦੀਆਂ ਇਤਿਹਾਸਕ ਪ੍ਰਾਪਤੀਆਂ 'ਤੇ ਮਾਣ ਕਰ ਸਕਦੀ ਹੈ। ਅਯੁੱਧਿਆ ਤੋਂ ਬਣੇ ਨਵੇਂ ‘ਕਾਲ ਚੱਕਰ’ ਦੀ ਸ਼ੁਰੂਆਤ ਬਾਰੇ ਆਪਣੇ ਬਿਆਨ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਆਲਮੀ ਕ੍ਰਮ ਵਿੱਚ ਆਪਣੀ ਪੁਲਾੜ ਦਾ ਲਗਾਤਾਰ ਵਿਸਤਾਰ ਕਰ ਰਿਹਾ ਹੈ ਅਤੇ ਇਸ ਦੀਆਂ ਝਲਕਾਂ ਦੇਸ਼ ਦੇ ਪੁਲਾੜ ਪ੍ਰੋਗਰਾਮ 'ਚੋਂ ਵੇਖੀਆਂ ਜਾ ਸਕਦੀਆਂ ਹਨ।

ਪ੍ਰਧਾਨ ਮੰਤਰੀ ਨੇ ਭਾਰਤ ਦੀ ਚੰਦਰਯਾਨ ਸਫਲਤਾ ਨੂੰ ਯਾਦ ਕੀਤਾ ਕਿਉਂਕਿ ਭਾਰਤ ਚੰਨ ਦੇ ਦੱਖਣੀ ਧਰੁਵ 'ਤੇ ਉਤਰਨ ਵਾਲਾ ਪਹਿਲਾ ਦੇਸ਼ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਅੱਜ ਸ਼ਿਵ-ਸ਼ਕਤੀ ਪੁਆਇੰਟ ਪੂਰੇ ਵਿਸ਼ਵ ਨੂੰ ਭਾਰਤੀ ਸ਼ਕਤੀ ਨਾਲ ਜਾਣੂ ਕਰਵਾ ਰਿਹਾ ਹੈ। ਉਨ੍ਹਾਂ ਨੇ ਗਗਨਯਾਨ ਦੇ ਚਾਰ ਯਾਤਰੀਆਂ, ਮਨੋਨੀਤ ਪੁਲਾੜ ਯਾਤਰੀਆਂ ਦੀ ਜਾਣ-ਪਛਾਣ ਨੂੰ ਇਤਿਹਾਸਕ ਮੌਕਾ ਦੱਸਿਆ। ਪ੍ਰਧਾਨ ਮੰਤਰੀ ਨੇ ਕਿਹਾ,“ਉਹ ਸਿਰਫ਼ ਚਾਰ ਨਾਂਅ ਜਾਂ ਵਿਅਕਤੀ ਨਹੀਂ ਹਨ, ਉਹ 140 ਕਰੋੜ ਭਾਰਤੀਆਂ ਦੀਆਂ ਇੱਛਾਵਾਂ ਨੂੰ ਪੁਲਾੜ ਵਿੱਚ ਲਿਜਾਣ ਵਾਲੀਆਂ ਚਾਰ ‘ਸ਼ਕਤੀਆਂ’ ਹਨ। ਉਨ੍ਹਾਂ ਅੱਗੇ ਕਿਹਾ, “ਇੱਕ ਭਾਰਤੀ 40 ਸਾਲਾਂ ਬਾਅਦ ਪੁਲਾੜ ਵਿੱਚ ਜਾ ਰਿਹਾ ਹੈ। ਹਾਲਾਂਕਿ, ਹੁਣ, ਸਮਾਂ, ਪੁੱਠੀ ਗਿਣਤੀ (ਕਾਉਂਟਡਾਊਨ) ਅਤੇ ਰਾਕੇਟ ਸਾਡੇ ਹਨ। ਪੁਲਾੜ ਯਾਤਰੀਆਂ ਨੂੰ ਮਿਲ ਕੇ ਅਤੇ ਰਾਸ਼ਟਰ ਨਾਲ ਜਾਣ-ਪਛਾਣ ਕਰਾਉਣ 'ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਪ੍ਰਧਾਨ ਮੰਤਰੀ ਨੇ ਪੂਰੇ ਦੇਸ਼ ਦੀ ਤਰਫੋਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਪੁਲਾੜ ਯਾਤਰੀਆਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਨਾਂ ਭਾਰਤ ਦੀ ਸਫਲਤਾ ਨਾਲ ਜੁੜੇ ਹੋਏ ਹਨ ਅਤੇ ਉਹ ਅੱਜ ਦੇ ਭਾਰਤ ਦੇ ਵਿਸ਼ਵਾਸ, ਦਲੇਰੀ, ਬਹਾਦਰੀ ਅਤੇ ਅਨੁਸ਼ਾਸਨ ਦੇ ਪ੍ਰਤੀਕ ਹਨ। ਉਨ੍ਹਾਂ ਸਿਖਲਾਈ ਪ੍ਰਤੀ ਉਨ੍ਹਾਂ ਦੇ ਸਮਰਪਣ ਅਤੇ ਭਾਵਨਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਭਾਰਤ ਦੀ ਅੰਮ੍ਰਿਤ ਪੀੜ੍ਹੀ ਦੇ ਪ੍ਰਤੀਨਿਧ ਹਨ ਜੋ ਕਦੇ ਵੀ ਹਾਰ ਨਹੀਂ ਮੰਨਦੇ ਅਤੇ ਹਰ ਮੁਸ਼ਕਲ ਨੂੰ ਚੁਣੌਤੀ ਦੇਣ ਦੀ ਤਾਕਤ ਦਿਖਾਉਂਦੇ ਹਨ। ਇਸ ਮਿਸ਼ਨ ਲਈ ਸਿਹਤਮੰਦ ਸਰੀਰ ਅਤੇ ਸਿਹਤਮੰਦ ਮਨ ਦੀ ਲੋੜ ਨੂੰ ਉਜਾਗਰ ਕਰਦਿਆਂ ਪ੍ਰਧਾਨ ਮੰਤਰੀ ਨੇ ਸਿਖਲਾਈ ਮਾਡਿਯੂਲ ਦੇ ਹਿੱਸੇ ਵਜੋਂ ਯੋਗਾ ਦੀ ਭੂਮਿਕਾ ਨੂੰ ਨੋਟ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ,''ਦੇਸ਼ ਦੀਆਂ ਸ਼ੁਭਕਾਮਨਾਵਾਂ ਅਤੇ ਆਸ਼ੀਰਵਾਦ ਤੁਹਾਡੇ 'ਤੇ ਹੈ। ਉਨ੍ਹਾਂ ਨੇ ਗਗਨਯਾਨ ਪ੍ਰੋਜੈਕਟ ਨਾਲ ਜੁੜੇ ਇਸਰੋ ਦੇ ਸਾਰੇ ਸਟਾਫ ਟ੍ਰੇਨਰਾਂ ਨੂੰ ਵੀ ਸ਼ੁਭਕਾਮਨਾਵਾਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਚਾਰ ਮਨੋਨੀਤ ਪੁਲਾੜ ਯਾਤਰੀਆਂ ਵੱਲ ਸੈਲੀਬ੍ਰਿਟੀ ਦੇ ਧਿਆਨ ਬਾਰੇ ਕੁਝ ਚਿੰਤਾਵਾਂ ਵੀ ਦੱਸੀਆਂ, ਜੋ ਉਨ੍ਹਾਂ ਦੀ ਸਿਖਲਾਈ ਵਿੱਚ ਵਿਘਨ ਪੈਦਾ ਕਰ ਸਕਦੀਆਂ ਹਨ। ਉਨ੍ਹਾਂ ਪੁਲਾੜ ਯਾਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਸਹਿਯੋਗ ਦੀ ਅਪੀਲ ਕੀਤੀ ਤਾਂ ਜੋ ਉਹ ਆਪਣੀ ਸਿਖਲਾਈ ਨੂੰ ਬਿਨਾਂ ਕਿਸੇ ਭਟਕਣ ਦੇ ਜਾਰੀ ਰੱਖਣ।
ਪ੍ਰਧਾਨ ਮੰਤਰੀ ਨੂੰ ਗਗਨਯਾਨ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਇਸ ਗੱਲ 'ਤੇ ਖੁਸ਼ੀ ਜ਼ਾਹਰ ਕੀਤੀ ਕਿ ਗਗਨਯਾਨ ਦੇ ਜ਼ਿਆਦਾਤਰ ਉਪਕਰਣ 'ਮੇਡ ਇਨ ਇੰਡੀਆ' ਭਾਵ ਭਾਰਤ 'ਚ ਬਣੇ ਹਨ। ਉਨ੍ਹਾਂ ਵਿਸ਼ਵ ਦੀਆਂ ਚੋਟੀ ਦੀਆਂ ਤਿੰਨ ਅਰਥਵਿਵਸਥਾਵਾਂ ਵਿੱਚ ਭਾਰਤ ਦੇ ਹੋਣ ਵਾਲੇ ਦਾਖ਼ਲੇ ਨਾਲ ਗਗਨਯਾਨ ਦੀ ਤਿਆਰੀ ਦੇ ਖੁਸ਼ਹਾਲ ਸੰਜੋਗ ਨੂੰ ਨੋਟ ਕੀਤਾ। ਉਨ੍ਹਾਂ ਕਿਹਾ ਕਿ ਅੱਜ ਸਮਰਪਿਤ ਕੀਤੇ ਗਏ ਪ੍ਰੋਜੈਕਟ ਨਵੀਆਂ ਨੌਕਰੀਆਂ ਪੈਦਾ ਕਰਨਗੇ ਅਤੇ ਭਾਰਤੀ ਪ੍ਰੋਫਾਈਲ ਨੂੰ ਉੱਚਾ ਚੁੱਕਣਗੇ।
ਭਾਰਤ ਦੇ ਪੁਲਾੜ ਪ੍ਰੋਗਰਾਮ ਵਿੱਚ ਨਾਰੀ ਸ਼ਕਤੀ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ,"ਭਾਵੇਂ ਇਹ ਚੰਦਰਯਾਨ ਹੋਵੇ ਜਾਂ ਗਗਨਯਾਨ, ਅਜਿਹੇ ਕਿਸੇ ਵੀ ਪ੍ਰੋਜੈਕਟ ਦੀ ਮਹਿਲਾ ਵਿਗਿਆਨੀਆਂ ਤੋਂ ਬਿਨਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।" ਉਨ੍ਹਾਂ ਦੱਸਿਆ ਕਿ ਇਸਰੋ ਵਿੱਚ 500 ਤੋਂ ਵੱਧ ਔਰਤਾਂ ਲੀਡਰਸ਼ਿਪ ਦੇ ਅਹੁਦਿਆਂ 'ਤੇ ਤਾਇਨਾਤ ਹਨ।
ਇਸ ਗੱਲ ਨੂੰ ਉਜਾਗਰ ਕਰਦਿਆਂ ਕਿ ਭਾਰਤ ਦੇ ਪੁਲਾੜ ਖੇਤਰ ਦਾ ਵੱਡਾ ਯੋਗਦਾਨ ਨੌਜਵਾਨ ਪੀੜ੍ਹੀਆਂ ਵਿੱਚ ਵਿਗਿਆਨਕ ਸੁਭਾਅ ਦੇ ਬੀਅ ਬੀਜ ਰਿਹਾ ਹੈ, ਪ੍ਰਧਾਨ ਮੰਤਰੀ ਨੇ ਦੇਖਿਆ ਕਿ ਇਸਰੋ ਵੱਲੋਂ ਪ੍ਰਾਪਤ ਕੀਤੀ ਗਈ ਸਫਲਤਾ ਅੱਜ ਦੇ ਬੱਚਿਆਂ ਵਿੱਚ ਵਿਗਿਆਨੀ ਬਣਨ ਦਾ ਵਿਚਾਰ ਪੈਦਾ ਕਰਦੀ ਹੈ। ਬੇਹੱਦ ਉਤਸ਼ਾਹਿਤ ਹੋਏ ਪ੍ਰਧਾਨ ਮੰਤਰੀ ਨੇ ਵਿਗਿਆਨੀਆਂ ਨੂੰ ਆਪਣੇ ਸੰਬੋਧਨ ਨੂੰ ਨਿਰਦੇਸ਼ਿਤ ਕਰਦਿਆਂ ਕਿਹਾ,"ਰਾਕੇਟ ਲਾਂਚ ਕਰਨ ਵੇਲੇ ਦੀ ਪੁੱਠੀ ਗਿਣਤੀ ਭਾਰਤ ਦੇ ਲੱਖਾਂ ਬੱਚਿਆਂ ਨੂੰ ਪ੍ਰੇਰਿਤ ਕਰਦੀ ਹੈ ਅਤੇ ਕਾਗਜ਼ ਦੇ ਜਹਾਜ਼ ਬਣਾਉਣ ਵਾਲੇ ਅੱਜ ਤੁਹਾਡੇ ਵਰਗੇ ਵਿਗਿਆਨੀ ਬਣਨ ਦੇ ਸੁਫ਼ਨੇ ਦੇਖਦੇ ਹਨ।" ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਇੱਛਾ ਸ਼ਕਤੀ ਦੇਸ਼ ਦੀ ਦੌਲਤ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਚੰਦਰਯਾਨ–2 ਦੀ ਲੈਂਡਿੰਗ ਦਾ ਸਮਾਂ ਦੇਸ਼ ਦੇ ਹਰ ਬੱਚੇ ਲਈ ਸਿੱਖਣ ਦਾ ਤਜਰਬਾ ਸੀ, ਜਦਕਿ ਪਿਛਲੇ ਸਾਲ 23 ਅਗਸਤ ਨੂੰ ਚੰਦਰਯਾਨ–3 ਦੀ ਸਫਲ ਲੈਂਡਿੰਗ ਨੇ ਨੌਜਵਾਨਾਂ ਨੂੰ ਨਵੀਂ ਊਰਜਾ ਨਾਲ ਭਰ ਦਿੱਤਾ ਸੀ। ਉਨ੍ਹਾਂ ਪੁਲਾੜ ਖੇਤਰ ਵਿੱਚ ਦੇਸ਼ ਵੱਲੋਂ ਬਣਾਏ ਗਏ ਵੱਖ-ਵੱਖ ਰਿਕਾਰਡਾਂ ਨੂੰ ਉਜਾਗਰ ਕਰਦਿਆਂ ਦੱਸਿਆ,“ਇਹ ਦਿਨ ਹੁਣ ਪੁਲਾੜ ਦਿਵਸ ਵਜੋਂ ਮਨਾਇਆ ਜਾਂਦਾ ਹੈ।” ਪ੍ਰਧਾਨ ਮੰਤਰੀ ਨੇ ਪਹਿਲੀ ਕੋਸ਼ਿਸ਼ ਵਿੱਚ ਮੰਗਲ ਗ੍ਰਹਿ 'ਤੇ ਪਹੁੰਚਣ, ਇੱਕ ਹੀ ਮਿਸ਼ਨ ਵਿੱਚ 100 ਤੋਂ ਵੱਧ ਉਪਗ੍ਰਹਿਆਂ ਨੂੰ ਲਾਂਚ ਕਰਨ ਅਤੇ ਧਰਤੀ ਤੋਂ 15 ਲੱਖ ਕਿਲੋਮੀਟਰ ਦੀ ਦੂਰੀ 'ਤੇ ਇਸ ਦੇ ਆਰਬਿਟ ਵਿੱਚ ਆਦਿਤਿਆ ਐਲ1 ਸੋਲਰ ਪ੍ਰੋਬ ਨੂੰ ਸਫ਼ਲਤਾਪੂਰਵਕ ਪ੍ਰਵੇਸ਼ ਕਰਨ ਦੀਆਂ ਦੇਸ਼ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਹੁਤ ਘੱਟ ਦੇਸ਼ਾਂ ਨੇ ਅਜਿਹਾ ਕੁਝ ਕਰਦਿਆਂ ਅਜਿਹੇ ਕਾਰਨਾਮੇ ਹਾਸਿਲ ਕੀਤੇ ਹਨ। ਉਨ੍ਹਾਂ ਨੇ 2024 ਦੇ ਪਹਿਲੇ ਕੁਝ ਹਫ਼ਤਿਆਂ ਵਿੱਚ ਐਕਸਪੋ-ਸੈਟ ਅਤੇ ਇਨਸੈਟ-3ਡੀਐਸ ਦੀਆਂ ਹਾਲੀਆ ਸਫਲਤਾਵਾਂ ਦਾ ਵੀ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਮੋਦੀ ਨੇ ਇਸਰੋ ਟੀਮ ਨੂੰ ਕਿਹਾ,“ਤੁਸੀਂ ਸਾਰੇ ਭਵਿੱਖ ਦੀਆਂ ਸੰਭਾਵਨਾਵਾਂ ਦੇ ਨਵੇਂ ਬੂਹੇ ਖੋਲ੍ਹ ਰਹੇ ਹੋ”। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਨੁਮਾਨਾਂ ਅਨੁਸਾਰ ਭਾਰਤ ਦੀ ਪੁਲਾੜ ਅਰਥਵਿਵਸਥਾ ਅਗਲੇ 10 ਸਾਲਾਂ ਵਿੱਚ ਪੰਜ–ਗੁਣਾ ਵਧ ਕੇ 44 ਅਰਬ ਡਾਲਰ ਨੂੰ ਛੋਹ ਜਾਵੇਗੀ। ਉਨ੍ਹਾਂ ਕਿਹਾ ਕਿ ਭਾਰਤ ਪੁਲਾੜ ਦੇ ਖੇਤਰ ਵਿੱਚ ਇੱਕ ਵਿਸ਼ਵ–ਪੱਧਰੀ ਵਪਾਰਕ ਧੁਰਾ ਬਣ ਰਿਹਾ ਹੈ। ਆਉਣ ਵਾਲੇ ਦਿਨਾਂ 'ਚ ਭਾਰਤ ਇਕ ਵਾਰ ਫਿਰ ਚੰਦਰਮਾ 'ਤੇ ਜਾਵੇਗਾ। ਉਨ੍ਹਾਂ ਨੇ ਚੰਦਰਮਾ ਦੀ ਸਤ੍ਹਾ ਤੋਂ ਨਮੂਨੇ ਪ੍ਰਾਪਤ ਕਰਨ ਦੀ ਨਵੀਂ ਇੱਛਾ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਵੀਨਸ ਵੀ ਰਾਡਾਰ 'ਤੇ ਹੈ। ਉਨ੍ਹਾਂ ਇਹ ਵੀ ਕਿਹਾ ਕਿ 2035 ਤੱਕ ਭਾਰਤ ਦਾ ਆਪਣਾ ਪੁਲਾੜ ਸਟੇਸ਼ਨ ਹੋਵੇਗਾ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ,"ਇਸ ਅੰਮ੍ਰਿਤ ਕਾਲ ਵਿੱਚ, ਇੱਕ ਭਾਰਤੀ ਪੁਲਾੜ ਯਾਤਰੀ ਇੱਕ ਭਾਰਤੀ ਰਾਕੇਟ ਵਿੱਚ ਚੰਦਰਮਾ 'ਤੇ ਉਤਰੇਗਾ"।

2014 ਤੋਂ ਪਹਿਲਾਂ ਦੇ ਦਹਾਕੇ ਨਾਲ ਪਿਛਲੇ 10 ਸਾਲਾਂ ਦੌਰਾਨ ਪੁਲਾੜ ਖੇਤਰ ਵਿੱਚ ਭਾਰਤ ਦੀਆਂ ਹਾਲੀਆ ਪ੍ਰਾਪਤੀਆਂ ਦੀ ਤੁਲਨਾ ਕਰਦਿਆਂ ਪ੍ਰਧਾਨ ਮੰਤਰੀ ਨੇ ਸਿਰਫ਼ 33 ਦੇ ਮੁਕਾਬਲੇ 400 ਦੇ ਕਰੀਬ ਉਪਗ੍ਰਹਿ ਲਾਂਚ ਕਰਨ ਅਤੇ ਨੌਜਵਾਨਾਂ ਵੱਲੋਂ ਸੰਚਾਲਿਤ ਪੁਲਾੜ ਸਟਾਰਟਅੱਪਸ ਦੀ ਗਿਣਤੀ 'ਚ ਦੋ ਜਾਂ ਤਿੰਨ ਤੋਂ 200 ਤੋਂ ਵੱਧ ਦੇ ਵਾਧੇ ਦਾ ਜ਼ਿਕਰ ਕੀਤਾ। ਅੱਜ ਉਨ੍ਹਾਂ ਦੀ ਮੌਜੂਦਗੀ ਨੂੰ ਪ੍ਰਵਾਨ ਕਰਦਿਆਂ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਦੂਰ–ਦ੍ਰਿਸ਼ਟੀ, ਪ੍ਰਤਿਭਾ ਅਤੇ ਉਨ੍ਹਾਂ ਦੀ ਉੱਦਮਤਾ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਖੇਤਰ ਨੂੰ ਹੁਲਾਰਾ ਦੇਣ ਵਾਲੇ ਪੁਲਾੜ ਸੁਧਾਰਾਂ ਨੂੰ ਵੀ ਛੋਹਿਆ ਅਤੇ ਪੁਲਾੜ ਖੇਤਰ ਵਿੱਚ 100 ਫ਼ੀ ਸਦੀ ਵਿਦੇਸ਼ੀ ਨਿਵੇਸ਼ ਦੀ ਹਾਲ ਹੀ ਵਿੱਚ ਪ੍ਰਵਾਨਿਤ ਐਫਡੀਆਈ ਨੀਤੀ ਦਾ ਜ਼ਿਕਰ ਕੀਤਾ। ਇਸ ਸੁਧਾਰ ਨਾਲ, ਪ੍ਰਧਾਨ ਮੰਤਰੀ ਨੇ ਕਿਹਾ, ਦੁਨੀਆ ਦੀਆਂ ਸਭ ਤੋਂ ਵੱਡੀਆਂ ਪੁਲਾੜ ਸੰਸਥਾਵਾਂ ਹੁਣ ਭਾਰਤ ਵਿੱਚ ਆਪਣੇ ਆਪ ਨੂੰ ਸਥਾਪਿਤ ਕਰ ਸਕਦੀਆਂ ਹਨ ਅਤੇ ਨੌਜਵਾਨਾਂ ਨੂੰ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਪ੍ਰਦਾਨ ਕਰ ਸਕਦੀਆਂ ਹਨ।

ਵਿਕਸ਼ਿਤ ਬਣਨ ਦੇ ਭਾਰਤ ਦੇ ਸੰਕਲਪ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਪੁਲਾੜ ਖੇਤਰ ਦੀ ਭੂਮਿਕਾ ਨੂੰ ਉਜਾਗਰ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ,“ਪੁਲਾੜ ਵਿਗਿਆਨ ਸਿਰਫ਼ ਰਾਕੇਟ ਵਿਗਿਆਨ ਨਹੀਂ ਹੈ, ਸਗੋਂ ਇਹ ਸਭ ਤੋਂ ਵੱਡਾ ਸਮਾਜਿਕ ਵਿਗਿਆਨ ਵੀ ਹੈ। ਸਮਾਜ ਨੂੰ ਪੁਲਾੜ ਤਕਨਾਲੋਜੀ ਤੋਂ ਸਭ ਤੋਂ ਵੱਧ ਫ਼ਾਇਦਾ ਹੁੰਦਾ ਹੈ। ਉਨ੍ਹਾਂ ਨੇ ਮਛੇਰਿਆਂ ਲਈ ਖੇਤੀਬਾੜੀ, ਮੌਸਮ ਨਾਲ ਸਬੰਧਤ, ਆਫ਼ਤ ਚੇਤਾਵਨੀ, ਸਿੰਚਾਈ ਨਾਲ ਸਬੰਧਤ, ਨੇਵੀਗੇਸ਼ਨ ਨਕਸ਼ੇ ਅਤੇ ਹੋਰ ਉਪਯੋਗਾਂ ਜਿਵੇਂ ਕਿ 'ਨਾਵਿਕ' (NAVIC) ਸਿਸਟਮ ਦਾ ਜ਼ਿਕਰ ਕੀਤਾ। ਉਨ੍ਹਾਂ ਪੁਲਾੜ ਵਿਗਿਆਨ ਦੇ ਹੋਰ ਉਪਯੋਗਾਂ ਜਿਵੇਂ ਕਿ ਸਰਹੱਦੀ ਸੁਰੱਖਿਆ, ਸਿੱਖਿਆ, ਸਿਹਤ ਅਤੇ ਹੋਰ ਕਈ ਵਿਸ਼ਿਆਂ ਨੂੰ ਛੋਹਿਆ। ਪ੍ਰਧਾਨ ਮੰਤਰੀ ਨੇ ਅੰਤ 'ਚ ਆਖਿਆ,“ਵਿਕਸਤ ਭਾਰਤ ਦੇ ਨਿਰਮਾਣ ਵਿੱਚ ਤੁਹਾਡੇ ਸਾਰਿਆਂ ਦੀ, ਇਸਰੋ ਅਤੇ ਸਮੁੱਚੇ ਪੁਲਾੜ ਖੇਤਰ ਦੀ ਬਹੁਤ ਵੱਡੀ ਭੂਮਿਕਾ ਹੈ।

ਇਸ ਮੌਕੇ ਕੇਰਲ ਦੇ ਰਾਜਪਾਲ, ਸ੍ਰੀ ਆਰਿਫ਼ ਮੁਹੰਮਦ ਖ਼ਾਨ, ਕੇਰਲ ਦੇ ਮੁੱਖ ਮੰਤਰੀ ਸ਼੍ਰੀ ਪਿਨਰਾਈ ਵਿਜਯਨ, ਕੇਂਦਰੀ ਰਾਜ ਮੰਤਰੀ ਵੀ. ਮੁਰਲੀਧਰਨ ਅਤੇ ਪੁਲਾੜ ਵਿਭਾਗ ਦੇ ਸਕੱਤਰ ਅਤੇ ਇਸਰੋ ਦੇ ਚੇਅਰਮੈਨ ਸ੍ਰੀ ਐਸ. ਸੋਮਨਾਥ ਆਦਿ ਹਾਜ਼ਰ ਸਨ।

 

ਪਿਛੋਕੜ

 

ਦੇਸ਼ ਦੇ ਪੁਲਾੜ ਖੇਤਰ ਨੂੰ ਇਸ ਦੀ ਪੂਰੀ ਸਮਰੱਥਾ ਨੂੰ ਸਾਕਾਰ ਕਰਨ ਲਈ ਸੁਧਾਰ ਕਰਨ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਅਤੇ ਖੇਤਰ ਵਿੱਚ ਤਕਨੀਕੀ ਅਤੇ ਖੋਜ ਅਤੇ ਵਿਕਾਸ ਸਮਰੱਥਾ ਨੂੰ ਵਧਾਉਣ ਲਈ ਉਨ੍ਹਾਂ ਦੀ ਵਚਨਬੱਧਤਾ ਨੂੰ ਹੁਲਾਰਾ ਮਿਲਦਾ ਹੈ ਕਿਉਂਕਿ ਵਿਕਰਮ ਸਾਰਾਭਾਈ ਸਪੇਸ ਸੈਂਟਰ, ਤਿਰੂਵਨੰਤਪੁਰਮ ਦੇ ਦੌਰੇ ਦੌਰਾਨ ਤਿੰਨ ਅਹਿਮ ਪੁਲਾੜ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਪ੍ਰੋਜੈਕਟਾਂ ਵਿੱਚ ਸਤੀਸ਼ ਧਵਨ ਸਪੇਸ ਸੈਂਟਰ, ਸ਼੍ਰੀਹਰੀਕੋਟਾ ਵਿੱਚ ਪੀਐਸਐਲਵੀ ਏਕੀਕਰਣ ਸਹੂਲਤ (ਪੀਆਈਐਫ); ਮਹਿੰਦਰਗਿਰੀ ਵਿਖੇ ISRO ਪ੍ਰੋਪਲਸ਼ਨ ਕੰਪਲੈਕਸ ਵਿਖੇ ਨਵੀਂ 'ਸੈਮੀ-ਕ੍ਰਾਇਓਜੇਨਿਕਸ ਏਕੀਕ੍ਰਿਤ ਇੰਜਣ ਅਤੇ ਪੜਾਅ ਟੈਸਟ ਸਹੂਲਤ'; ਅਤੇ VSSC, ਤਿਰੂਵਨੰਤਪੁਰਮ ਵਿਖੇ 'ਟ੍ਰਾਈਸੋਨਿਕ ਵਿੰਡ ਟਨਲ' ਸ਼ਾਮਲ ਹਨ। ਪੁਲਾੜ ਖੇਤਰ ਲਈ ਵਿਸ਼ਵ–ਪੱਧਰੀ ਤਕਨੀਕੀ ਸਹੂਲਤਾਂ ਪ੍ਰਦਾਨ ਕਰਨ ਵਾਲੇ ਇਹ ਤਿੰਨ ਪ੍ਰੋਜੈਕਟ ਲਗਭਗ 1,800 ਕਰੋੜ ਰੁਪਏ ਦੀ ਸੰਚਤ ਲਾਗਤ ਨਾਲ ਤਿਆਰ ਕੀਤੇ ਗਏ ਹਨ।

ਸਤੀਸ਼ ਧਵਨ ਸਪੇਸ ਸੈਂਟਰ, ਸ਼੍ਰੀਹਰੀਕੋਟਾ ਵਿਖੇ ਪੀਐਸਐਲਵੀ ਏਕੀਕਰਣ ਸਹੂਲਤ (ਪੀਆਈਐਫ) ਪੀਐਸਐਲਵੀ ਲਾਂਚ ਦੀ ਬਾਰੰਬਾਰਤਾ ਨੂੰ 6 ਤੋਂ 15 ਪ੍ਰਤੀ ਸਾਲ ਵਧਾਉਣ ਵਿੱਚ ਮਦਦ ਕਰੇਗੀ। ਇਹ ਅਤਿ-ਆਧੁਨਿਕ ਸਹੂਲਤ ਨਿੱਜੀ ਪੁਲਾੜ ਕੰਪਨੀਆਂ ਦੁਆਰਾ ਡਿਜ਼ਾਈਨ ਕੀਤੇ SSLV ਅਤੇ ਹੋਰ ਛੋਟੇ ਲਾਂਚ ਵਾਹਨਾਂ ਦੇ ਲਾਂਚ ਨੂੰ ਵੀ ਪੂਰਾ ਕਰ ਸਕਦੀ ਹੈ।

ਆਈਪੀਆਰਸੀ ਮਹਿੰਦਰਗਿਰੀ ਵਿਖੇ ਨਵੀਂ 'ਸੈਮੀ-ਕ੍ਰਾਇਓਜੇਨਿਕ ਇੰਟੀਗ੍ਰੇਟਿਡ ਇੰਜਣ ਅਤੇ ਸਟੇਜ ਟੈਸਟ ਸਹੂਲਤ' ਸੈਮੀ-ਕ੍ਰਾਇਓਜੇਨਿਕ ਇੰਜਣਾਂ ਅਤੇ ਪੜਾਵਾਂ ਦੇ ਵਿਕਾਸ ਨੂੰ ਸਮਰੱਥ ਕਰੇਗੀ ਜੋ ਮੌਜੂਦਾ ਲਾਂਚ ਵਾਹਨਾਂ ਦੀ ਪੇਲੋਡ ਸਮਰੱਥਾ ਨੂੰ ਵਧਾਏਗੀ। ਇਹ ਸਹੂਲਤ ਤਰਲ ਆਕਸੀਜਨ ਅਤੇ ਮਿੱਟੀ ਦੇ ਤੇਲ ਦੀ ਸਪਲਾਈ ਪ੍ਰਣਾਲੀਆਂ ਨਾਲ ਲੈਸ ਹੈ, ਤਾਂ ਜੋ 200 ਟਨ ਤੱਕ ਦੇ ਥਰਸਟ ਇੰਜਣਾਂ ਦੀ ਜਾਂਚ ਕੀਤੀ ਜਾ ਸਕੇ।

ਵਾਯੂਮੰਡਲ ਸ਼ਾਸਨ ਵਿੱਚ ਉਡਾਣ ਦੌਰਾਨ ਰਾਕੇਟ ਅਤੇ ਜਹਾਜ਼ਾਂ ਦੀ ਵਿਸ਼ੇਸ਼ਤਾ ਲਈ ਐਰੋਡਾਇਨਾਮਿਕ ਟੈਸਟਿੰਗ ਲਈ ਵਿੰਡ ਟਨਲ ਜ਼ਰੂਰੀ ਹਨ। VSSC ਵਿਖੇ "ਟ੍ਰਾਈਸੋਨਿਕ ਵਿੰਡ ਟਨਲ" ਦਾ ਉਦਘਾਟਨ ਕੀਤਾ ਜਾ ਰਿਹਾ ਹੈ, ਇੱਕ ਗੁੰਝਲਦਾਰ ਤਕਨੀਕੀ ਪ੍ਰਣਾਲੀ ਹੈ ਜੋ ਸਾਡੀਆਂ ਭਵਿੱਖ ਦੀਆਂ ਤਕਨਾਲੋਜੀ ਵਿਕਾਸ ਲੋੜਾਂ ਨੂੰ ਪੂਰਾ ਕਰੇਗੀ।

ਆਪਣੀ ਫੇਰੀ ਦੌਰਾਨ, ਪ੍ਰਧਾਨ ਮੰਤਰੀ ਨੇ ਗਗਨਯਾਨ ਮਿਸ਼ਨ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਅਤੇ ਪੁਲਾੜ ਯਾਤਰੀਆਂ ਨੂੰ 'ਐਸਟ੍ਰੋਨੌਟ ਵਿੰਗਜ਼' ਪ੍ਰਦਾਨ ਕੀਤੇ। ਗਗਨਯਾਨ ਮਿਸ਼ਨ ਭਾਰਤ ਦਾ ਪਹਿਲਾ ਮਨੁੱਖੀ ਪੁਲਾੜ ਉਡਾਣ ਪ੍ਰੋਗਰਾਮ ਹੈ, ਜਿਸ ਲਈ ਇਸਰੋ ਦੇ ਵੱਖ-ਵੱਖ ਕੇਂਦਰਾਂ 'ਤੇ ਵਿਆਪਕ ਤਿਆਰੀਆਂ ਚੱਲ ਰਹੀਆਂ ਹਨ।

****************

ਡੀਐੱਸ/ਟੀਐੱਸ


(Release ID: 2010841) Visitor Counter : 83