ਪ੍ਰਧਾਨ ਮੰਤਰੀ ਦਫਤਰ
ਵਿਕਸਿਤ ਭਾਰਤ ਵਿਕਸਿਤ ਛੱਤੀਸਗੜ੍ਹ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ
Posted On:
24 FEB 2024 2:50PM by PIB Chandigarh
ਜੈ ਜੋਹਾਰ।
ਛੱਤੀਸਗੜ੍ਹ ਦੇ ਮੁੱਖ ਮੰਤਰੀ ਵਿਸ਼ਨੂੰ ਦੇਵ ਸਾਯ ਜੀ, ਛੱਤੀਸਗੜ੍ਹ ਦੇ ਮੰਤਰੀਗਣ, ਹੋਰ ਜਨ ਪ੍ਰਤੀਨਿਧੀ ਅਤੇ ਛੱਤੀਸਗੜ੍ਹ ਦੇ ਕੋਨੇ-ਕੋਨੇ ਵਿੱਚ, ਮੈਨੂੰ ਦੱਸਿਆ ਗਿਆ ਕਿ 90 ਤੋਂ ਵੱਧ ਸਥਾਨਾਂ ‘ਤੇ ਹਜ਼ਾਰਾਂ ਲੋਕ ਉੱਥੇ ਜੁੜੇ ਹੋਏ ਹਨ। ਕੋਨੇ-ਕੋਨੇ ਤੋਂ ਜੁੜੇ ਮੇਰੇ ਪਰਿਵਾਰਜਨੋਂ! ਸਭ ਤੋਂ ਪਹਿਲੇ ਤਾਂ ਮੈਂ ਛੱਤੀਸਗੜ੍ਹ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ਨਾਲ ਜੁੜੇ ਲੱਖਾਂ ਪਰਿਵਾਰਜਨਾਂ ਦਾ ਅਭਿਨੰਦਨ ਕਰਦਾ ਹਾਂ। ਵਿਧਾਨ ਸਭਾ ਚੋਣਾਂ ਵਿੱਚ ਤੁਸੀਂ ਸਾਰਿਆਂ ਨੇ ਸਾਨੂੰ ਬਹੁਤ ਅਸ਼ੀਰਵਾਦ ਦਿੱਤਾ ਹੈ। ਤੁਹਾਡੇ ਇਸੇ ਅਸ਼ੀਰਵਾਦ ਦਾ ਨਤੀਜਾ ਹੈ ਕਿ ਅੱਜ ਅਸੀਂ ਵਿਕਸਿਤ ਛੱਤੀਸਗੜ੍ਹ ਦੇ ਸੰਕਲਪ ਦੇ ਨਾਲ ਤੁਹਾਡੇ ਦਰਮਿਆਨ ਹਾਂ। ਭਾਜਪਾ ਨੇ ਬਣਾਇਆ ਹੈ, ਭਾਜਪਾ ਹੀ ਸੰਵਾਰੇਗੀ, ਇਹ ਗੱਲ ਅੱਜ ਇਸ ਆਯੋਜਨ ਨਾਲ ਹੋਰ ਪੁਸ਼ਟ ਹੋ ਰਹੀ ਹੈ।
ਸਾਥੀਓ,
ਵਿਕਸਿਤ ਛੱਤੀਸਗੜ੍ਹ ਦਾ ਨਿਰਮਾਣ, ਗ਼ਰੀਬ, ਕਿਸਾਨ, ਯੁਵਾ ਅਤੇ ਨਾਰੀਸ਼ਕਤੀ ਦੇ ਸਸ਼ਕਤੀਕਰਣ ਨਾਲ ਹੋਵੇਗਾ। ਵਿਕਸਿਤ ਛੱਤੀਸਗੜ੍ਹ ਦੀ ਨੀਂਹ, ਆਧੁਨਿਕ ਇਨਫ੍ਰਾਸਟ੍ਰਕਚਰ ਨਾਲ ਮਜ਼ਬੂਤ ਹੋਵੇਗੀ। ਇਸ ਲਈ ਅੱਜ ਛੱਤੀਸਗੜ੍ਹ ਦੇ ਵਿਕਾਸ ਨਾਲ ਜੁੜੇ ਲਗਭਗ 35 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਲੋਕਅਰਪਣ ਹੋਇਆ ਹੈ। ਇਨ੍ਹਾਂ ਵਿੱਚ ਕੋਲੇ ਨਾਲ ਜੁੜੇ, ਸੋਲਰ ਪਾਵਰ ਨਾਲ ਜੁੜੇ, ਬਿਜਲੀ ਨਾਲ ਜੁੜੇ ਅਤੇ ਕਨੈਕਟੀਵਿਟੀ ਨਾਲ ਜੁੜੇ ਕਈ ਪ੍ਰੋਜੈਕਟਸ ਹਨ। ਇਨ੍ਹਾਂ ਨਾਲ ਛੱਤੀਸਗੜ੍ਹ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਹੋਰ ਨਵੇਂ ਅਵਸਰ ਬਣਨਗੇ। ਇਨ੍ਹਾਂ ਪ੍ਰੋਜੈਕਟਾਂ ਲਈ ਛੱਤੀਸਗੜ੍ਹ ਦੇ ਮੇਰੇ ਸਾਰੇ ਭਾਈ-ਭੈਣਾਂ ਨੂੰ, ਆਪ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ।
ਸਾਥੀਓ,
ਅੱਜ NTPC ਦੇ 1600 ਮੈਗਾਵਾਟ ਦੇ ਸੁਪਰ ਥਰਮਲ ਪਾਵਰ ਸਟੇਸ਼ਨ ਸਟੇਜ-ਵੰਨ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਆਧੁਨਿਕ ਪਲਾਂਟ ਦੇ 1600 ਮੈਗਾਵਾਟ ਦੇ ਸਟੇਜ-ਟੂ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ। ਇਨ੍ਹਾਂ ਪਲਾਂਟਾਂ ਰਾਹੀਂ ਦੇਸ਼ ਵਾਸੀਆਂ ਨੂੰ ਘੱਟ ਲਾਗਤ 'ਤੇ ਬਿਜਲੀ ਉਪਲਬਧ ਹੋ ਸਕੇਗੀ। ਅਸੀਂ ਛੱਤੀਸਗੜ੍ਹ ਨੂੰ ਸੂਰਜੀ ਊਰਜਾ ਦਾ ਵੀ ਇੱਕ ਬਹੁਤ ਵੱਡਾ ਕੇਂਦਰ ਵੀ ਬਣਾਉਣਾ ਚਾਹੁੰਦੇ ਹਾਂ। ਅੱਜ ਹੀ ਰਾਜਨਾਂਦਗਾਂਵ ਅਤੇ ਭਿਲਾਈ ਵਿੱਚ ਬਹੁਤ ਵੱਡੇ ਸੋਲਰ ਪਲਾਂਟਾਂ ਦਾ ਉਦਘਾਟਨ ਕੀਤਾ ਗਿਆ ਹੈ। ਇਸ ਵਿਚ ਅਜਿਹੀ ਵਿਵਸਥਾ ਵੀ ਹੈ, ਜਿਸ ਨਾਲ ਰਾਤ ਨੂੰ ਵੀ ਆਸ-ਪਾਸ ਦੇ ਲੋਕਾਂ ਨੂੰ ਬਿਜਲੀ ਮਿਲਦੀ ਰਹੇਗੀ। ਭਾਰਤ ਸਰਕਾਰ ਦਾ ਲਕਸ਼ ਸੂਰਜੀ ਊਰਜਾ ਨਾਲ ਦੇਸ਼ ਦੇ ਲੋਕਾਂ ਨੂੰ ਬਿਜਲੀ ਦੇਣ ਦੇ ਨਾਲ ਹੀ ਉਨ੍ਹਾਂ ਦਾ ਬਿਜਲੀ ਬਿਲ ਜ਼ੀਰੋ ਕਰਨ ਦਾ ਵੀ ਹੈ। ਮੋਦੀ ਹਰ ਘਰ ਨੂੰ ਸੂਰਯ ਘਰ ਬਣਾਉਣਾ ਚਾਹੁੰਦੇ ਹਨ। ਮੋਦੀ ਹਰ ਪਰਿਵਾਰ ਨੂੰ ਘਰ ਵਿੱਚ ਬਿਜਲੀ ਪੈਦਾ ਕਰਕੇ, ਉਹੀ ਬਿਜਲੀ ਵੇਚ ਕੇ ਕਮਾਈ ਦਾ ਇੱਕ ਹੋਰ ਸਾਧਨ ਦੇਣਾ ਚਾਹੁੰਦੇ ਹਨ।
ਇਸ ਉਦੇਸ਼ ਦੇ ਨਾਲ ਅਸੀਂ ਪੀਐੱਮ ਸੂਰਯਘਰ - ਮੁਫ਼ਤ ਬਿਜਲੀ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਫਿਲਹਾਲ ਇਹ ਯੋਜਨਾ 1 ਕਰੋੜ ਪਰਿਵਾਰਾਂ ਲਈ ਹੈ। ਇਸ ਦੇ ਤਹਿਤ ਘਰ ਦੀ ਛੱਤ 'ਤੇ ਸੋਲਰ ਪਾਵਰ ਪੈਨਲ ਲਗਾਉਣ ਲਈ ਸਰਕਾਰ ਸਹਾਇਤਾ ਦੇਵੇਗੀ, ਸਿੱਧੇ ਬੈਂਕ ਖਾਤੇ ਵਿੱਚ ਪੈਸੇ ਭੇਜੇਗੀ। ਇਸ ਨਾਲ 300 ਯੂਨਿਟ ਤੱਕ ਬਿਜਲੀ ਮੁਫ਼ਤ ਮਿਲੇਗੀ ਅਤੇ ਵਾਧੂ ਬਿਜਲੀ ਪੈਦਾ ਹੋਵੇਗੀ, ਉਹ ਸਰਕਾਰ ਖਰੀਦ ਲਵੇਗੀ। ਇਸ ਨਾਲ ਪਰਿਵਾਰਾਂ ਨੂੰ ਹਰ ਵਰ੍ਹੇ ਹਜ਼ਾਰਾਂ ਰੁਪਏ ਦੀ ਆਮਦਨ ਹੋਵੇਗੀ। ਸਰਕਾਰ ਦਾ ਜ਼ੋਰ ਸਾਡੇ ਅੰਨਦਾਤਾ ਨੂੰ ਊਰਜਾਦਾਤਾ ਬਣਾਉਣ 'ਤੇ ਵੀ ਹੈ। ਸੋਲਰ ਪੰਪਾਂ ਦੇ ਲਈ, ਖੇਤ ਦੇ ਕਿਨਾਰੇ, ਬੰਜਰ ਜ਼ਮੀਨਾਂ ‘ਤੇ ਛੋਟੇ-ਛੋਟੇ ਸੋਲਰ ਪਲਾਂਟ ਲਗਾਉਣ ਲਈ ਵੀ ਸਰਕਾਰ ਸਹਾਇਤਾ ਦੇ ਰਹੀ ਹੈ।
ਭਾਈਓ ਅਤੇ ਭੈਣੋਂ,
ਛੱਤੀਸਗੜ੍ਹ ਵਿੱਚ ਜਿਸ ਤਰ੍ਹਾਂ ਡਬਲ ਇੰਜਣ ਸਰਕਾਰ ਆਪਣੀਆਂ ਗਾਰੰਟੀਆਂ ਨੂੰ ਪੂਰਾ ਕਰ ਰਹੀ ਹੈ, ਉਹ ਬਹੁਤ ਸ਼ਲਾਘਾਯੋਗ ਹੈ। ਛੱਤੀਸਗੜ੍ਹ ਦੇ ਲੱਖਾਂ ਕਿਸਾਨਾਂ ਨੂੰ 2 ਵਰ੍ਹੇ ਦਾ ਬਕਾਇਆ ਬੋਨਸ ਦਿੱਤਾ ਜਾ ਚੁਕਿਆ ਹੈ। ਚੋਣਾਂ ਸਮੇਂ ਮੈਂ ਤੇਂਦੁਪੱਤਾ ਸੰਗ੍ਰਾਹਕਾਂ ਦੇ ਪੈਸੇ ਵਧਾਉਣ ਦੀ ਗਾਰੰਟੀ ਦਿੱਤੀ ਸੀ। ਡਬਲ ਇੰਜਣ ਸਰਕਾਰ ਨੇ ਇਹ ਗਰੰਟੀ ਵੀ ਪੂਰੀ ਕਰ ਦਿੱਤੀ ਹੈ। ਪਿਛਲੀ ਕਾਂਗਰਸ ਸਰਕਾਰ ਗ਼ਰੀਬਾਂ ਨੂੰ ਘਰ ਬਣਾਉਣ ਤੋਂ ਵੀ ਰੋਕ ਰਹੀ ਸੀ, ਰੋੜ੍ਹੇ ਅਟਕਾ ਰਹੀ ਸੀ। ਹੁਣ ਭਾਜਪਾ ਸਰਕਾਰ ਨੇ ਗ਼ਰੀਬਾਂ ਦੇ ਘਰ ਬਣਾਉਣ ਲਈ ਤੇਜ਼ੀ ਨਾਲ ਕੰਮ ਕਰ ਦਿੱਤਾ ਹੈ। ਹਰ ਘਰ ਜਲ ਦੀ ਯੋਜਨਾ ਨੂੰ ਵੀ ਸਰਕਾਰ ਹੁਣ ਤੇਜ਼ੀ ਨਾਲ ਅੱਗੇ ਵਧਾ ਰਹੀ ਹੈ। PSC ਦੀ ਪ੍ਰੀਖਿਆ ਵਿੱਚ ਹੋਈਆਂ ਗੜਬੜੀਆਂ ਦੀ ਜਾਂਚ ਦੇ ਵੀ ਹੁਕਮ ਦਿੱਤੇ ਗਏ ਹਨ। ਮੈਂ ਛੱਤੀਸਗੜ੍ਹ ਦੀਆਂ ਭੈਣਾਂ ਮਹਤਾਰੀ ਵੰਦਨ ਯੋਜਨਾ ਲਈ ਵੀ ਵਧਾਈ ਦਿੰਦਾ ਹਾਂ। ਇਸ ਯੋਜਨਾ ਦਾ ਲੱਖਾਂ ਭੈਣਾਂ ਨੂੰ ਫਾਇਦਾ ਹੋਵੇਗਾ। ਇਹ ਸਾਰੇ ਫੈਸਲੇ ਦਰਸਾਉਂਦੇ ਹਨ ਕਿ ਬੀਜੇਪੀ ਜੋ ਕਹਿੰਦੀ ਹੈ, ਉਹੀ ਕਰਕੇ ਦਿਖਾਉਂਦੀ ਹੈ। ਇਸੇ ਲਈ ਲੋਕ ਕਹਿੰਦੇ ਹਨ, ਮੋਦੀ ਦੀ ਗਾਰੰਟੀ ਯਾਨੀ ਗਾਰੰਟੀ ਪੂਰਾ ਹੋਣ ਦੀ ਗਾਰੰਟੀ।
ਸਾਥੀਓ,
ਛੱਤੀਸਗੜ੍ਹ ਵਿੱਚ ਮਿਹਨਤੀ ਕਿਸਾਨ, ਪ੍ਰਤਿਭਾਸ਼ਾਲੀ ਨੌਜਵਾਨ ਅਤੇ ਕੁਦਰਤ ਦਾ ਖਜ਼ਾਨਾ ਹੈ। ਵਿਕਸਿਤ ਹੋਣ ਲਈ ਜੋ ਕੁਝ ਵੀ ਚਾਹੀਦਾ ਹੈ, ਉਹ ਛੱਤੀਸਗੜ੍ਹ ਕੋਲ ਪਹਿਲਾਂ ਵੀ ਮੌਜੂਦ ਸੀ ਅਤੇ ਅੱਜ ਵੀ ਹੈ। ਲੇਕਿਨ ਆਜ਼ਾਦੀ ਤੋਂ ਬਾਅਦ ਜਿਨ੍ਹਾਂ ਨੇ ਲੰਬੇ ਸਮੇਂ ਤੱਕ ਸ਼ਾਸਨ ਕੀਤਾ, ਉਨ੍ਹਾਂ ਦੀ ਸੋਚ ਹੀ ਵੱਡੀ ਨਹੀਂ ਸੀ। ਉਹ ਸਿਰਫ਼ 5 ਸਾਲ ਦੇ ਰਾਜਨੀਤਕ ਸੁਆਰਥ ਨੂੰ ਧਿਆਨ ਵਿੱਚ ਰੱਖਦੇ ਹੋਏ ਫੈਸਲੇ ਲੈਂਦੇ ਰਹੇ। ਕਾਂਗਰਸ ਨੇ ਸਰਕਾਰਾਂ ਵਾਰ-ਵਾਰ ਬਣਾਈਆਂ, ਲੇਕਿਨ ਭਵਿੱਖ ਦੇ ਭਾਰਤ ਦਾ ਨਿਰਮਾਣ ਕਰਨਾ ਭੁੱਲ ਗਈਆਂ, ਕਿਉਂਕਿ ਉਨ੍ਹਾਂ ਦੇ ਮਨ ਵਿੱਚ ਸਰਕਾਰ ਬਣਾਉਣਾ ਇਹੀ ਕੰਮ ਸੀ, ਦੇਸ਼ ਨੂੰ ਅੱਗੇ ਲਿਜਾਣਾ ਉਨ੍ਹਾਂ ਦੇ ਏਜੰਡੇ ਵਿੱਚ ਨਹੀਂ ਸੀ। ਅੱਜ ਵੀ ਕਾਂਗਰਸ ਦੀ ਰਾਜਨੀਤੀ ਦੀ ਦਸ਼ਾ ਅਤੇ ਦਿਸ਼ਾ ਉਹੀ ਹੈ। ਕਾਂਗਰਸ ਪਰਿਵਾਰਵਾਦ, ਭ੍ਰਿਸ਼ਟਾਚਾਰ ਅਤੇ ਤੁਸ਼ਟੀਕਰਣ ਤੋਂ ਅੱਗੇ ਸੋਚ ਹੀ ਨਹੀਂ ਪਾਉਂਦੀ। ਜਿਹੜੇ ਸਿਰਫ਼ ਆਪਣੇ ਪਰਿਵਾਰਾਂ ਲਈ ਕੰਮ ਕਰਦੇ ਹਨ, ਉਹ ਤੁਹਾਡੇ ਪਰਿਵਾਰਾਂ ਬਾਰੇ ਕਦੇ ਨਹੀਂ ਸੋਚ ਸਕਦੇ। ਜੋ ਸਿਰਫ਼ ਆਪਣੇ ਬੇਟੇ-ਬੇਟੀਆਂ ਦਾ ਭਵਿੱਖ ਬਣਾਉਣ ਵਿਚ ਜੁਟੇ ਹੋਏ ਹਨ, ਉਹ ਤੁਹਾਡੇ ਬੇਟੇ-ਬੇਟੀਆਂ ਦੇ ਭਵਿੱਖ ਦੀ ਚਿੰਤਾ ਕਦੇ ਨਹੀਂ ਕਰ ਸਕਦੇ। ਲੇਕਿਨ ਮੋਦੀ ਲਈ ਤਾਂ ਤੁਸੀਂ ਸਾਰੇ, ਤੁਸੀਂ ਹੀ ਮੋਦੀ ਦਾ ਪਰਿਵਾਰ ਹੋ। ਤੁਹਾਡੇ ਸੁਪਨੇ ਮੋਦੀ ਦਾ ਸੰਕਲਪ ਹਨ। ਇਸ ਲਈ, ਅੱਜ ਮੈਂ ਵਿਕਸਿਤ ਭਾਰਤ-ਵਿਕਸਿਤ ਛੱਤੀਸਗੜ੍ਹ ਦੀ ਗੱਲ ਕਰ ਰਿਹਾ ਹਾਂ।
140 ਕਰੋੜ ਦੇਸ਼ ਵਾਸੀਆਂ ਨੂੰ, ਉਨ੍ਹਾਂ ਦੇ ਇਸ ਸੇਵਕ ਨੇ ਆਪਣੀ ਮਿਹਨਤ ਅਤੇ ਆਪਣੀ ਨਿਸ਼ਠਾ ਦੀ ਗਾਰੰਟੀ ਦਿੱਤੀ ਹੈ। 2014 ਵਿੱਚ, ਮੋਦੀ ਨੇ ਗਾਰੰਟੀ ਦਿੱਤੀ ਸੀ ਕਿ ਸਰਕਾਰ ਅਜਿਹੀ ਹੋਵੇਗੀ ਕਿ ਪੂਰੀ ਦੁਨੀਆ ਵਿੱਚ ਹਰ ਭਾਰਤੀ ਦਾ ਸਿਰ ਮਾਣ ਨਾਲ ਉੱਚਾ ਹੋਵੇਗਾ। ਇਹ ਗਾਰੰਟੀ ਪੂਰੀ ਕਰਨ ਲਈ ਮੈਂ ਆਪਣੇ ਆਪ ਨੂੰ ਖਪਾ ਦਿੱਤਾ। 2014 ਵਿੱਚ, ਮੋਦੀ ਨੇ ਗਾਰੰਟੀ ਦਿੱਤੀ ਸੀ ਕਿ ਸਰਕਾਰ ਗ਼ਰੀਬਾਂ ਲਈ ਕੋਈ ਕੋਰ ਕਸਰ ਬਾਕੀ ਨਹੀਂ ਛੱਡੇਗੀ। ਗ਼ਰੀਬਾਂ ਨੂੰ ਲੁੱਟਣ ਵਾਲਿਆਂ ਨੂੰ ਗ਼ਰੀਬਾਂ ਦਾ ਪੈਸਾ ਵਾਪਸ ਕਰਨਾ ਪਵੇਗਾ। ਅੱਜ ਦੇਖੋ, ਗ਼ਰੀਬਾਂ ਦਾ ਪੈਸਾ ਲੁੱਟਣ ਵਾਲਿਆਂ ‘ਤੇ ਸਖਤ ਕਾਰਵਾਈ ਹੋ ਰਹੀ ਹੈ। ਗ਼ਰੀਬਾਂ ਦਾ ਜੋ ਪੈਸਾ ਲੁੱਟਣ ਤੋਂ ਬਚਿਆ ਹੈ, ਉਹੀ ਪੈਸਾ ਗ਼ਰੀਬ ਭਲਾਈ ਦੀਆਂ ਯੋਜਨਾਵਾਂ ਵਿੱਚ ਕੰਮ ਆ ਰਿਹਾ ਹੈ। ਮੁਫ਼ਤ ਰਾਸ਼ਨ, ਮੁਫ਼ਤ ਇਲਾਜ, ਸਸਤੀਆਂ ਦਵਾਈਆਂ, ਗ਼ਰੀਬਾਂ ਲਈ ਘਰ, ਹਰ ਘਰ ਨਲ ਸੇ ਜਲ, ਘਰ-ਘਰ ਵਿੱਚ ਗੈਸ ਕਨੈਕਸ਼ਨ, ਹਰ ਘਰ ਟਾਇਲਟ, ਇਹ ਸਾਰੇ ਕੰਮ ਹੋ ਰਹੇ ਹਨ। ਜਿਨ੍ਹਾਂ ਗ਼ਰੀਬਾਂ ਨੇ ਇਨ੍ਹਾਂ ਸੁਵਿਧਾਵਾਂ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਸੀ, ਉਨ੍ਹਾੰ ਦੇ ਘਰ ਵਿੱਚ ਵੀ ਇਹ ਸਾਰੀਆਂ ਸੁਵਿਧਾਵਾਂ ਪਹੁੰਚ ਰਹੀਆਂ ਹਨ। ਵਿਕਸਿਤ ਭਾਰਤ ਸੰਕਲਪ ਯਾਤਰਾ ਦੌਰਾਨ ਮੋਦੀ ਕੀ ਗਾਰੰਟੀ ਵਾਲੀ ਗੱਡੀ, ਇਸ ਲਈ ਹੀ ਪਿੰਡ-ਪਿੰਡ ਵਿੱਚ ਪਹੁੰਚੀ ਸੀ। ਅਤੇ ਹੁਣ ਮਾਣਯੋਗ ਮੁੱਖ ਮੰਤਰੀ ਜੀ ਨੇ ਗਾਰੰਟੀ ਵਾਲੀ ਗੱਡੀ ਵਿੱਚ ਕੀ-ਕੀ ਕੰਮ ਹੋਏ ਉਸ ਦੇ ਸਾਰੇ ਅੰਕੜੇ ਦੱਸੇ ਅਤੇ ਹੌਂਸਲਾ ਵਧਾਉਣ ਵਾਲੀਆਂ ਗੱਲਾਂ ਦੱਸੀਆਂ।
ਸਾਥੀਓ,
10 ਵਰ੍ਹੇ ਪਹਿਲਾਂ ਮੋਦੀ ਨੇ ਇੱਕ ਹੋਰ ਗਾਰੰਟੀ ਦਿੱਤੀ ਸੀ। ਉਦੋਂ ਮੈਂ ਕਿਹਾ ਸੀ ਕਿ ਅਜਿਹਾ ਭਾਰਤ ਬਣਾਵਾਂਗੇ, ਜਿਸ ਦੇ ਸੁਪਨੇ ਸਾਡੀਆਂ ਪਹਿਲੇ ਵਾਲੀਆਂ ਪੀੜ੍ਹੀਆਂ ਨੇ ਬਹੁਤ ਉਮੀਦਾਂ ਦੇ ਨਾਲ, ਉਨ੍ਹਾਂ ਸੁਪਨਿਆਂ ਨੂੰ ਦੇਖਿਆ ਸੀ, ਸੁਪਨਿਆਂ ਨੂੰ ਸੰਜੋਇਆ ਸੀ। ਅੱਜ ਦੇਖੋ, ਚਾਰੇ ਪਾਸੇ, ਸਾਡੇ ਪੂਰਵਜਾਂ ਨੇ ਜੋ ਸੁਪਨੇ ਦੇਖੇ ਸਨ ਨਾ ਵੈਸਾ ਹੀ ਨਵਾਂ ਭਾਰਤ ਬਣ ਰਿਹਾ ਹੈ। ਕੀ 10 ਵਰ੍ਹੇ ਪਹਿਲਾਂ ਕਿਸੇ ਨੇ ਸੋਚਿਆ ਸੀ ਕਿ ਪਿੰਡ-ਪਿੰਡ ਵਿੱਚ ਵੀ ਡਿਜੀਟਲ ਪੇਮੈਂਟ ਹੋ ਸਕਦੀ ਹੈ? ਬੈਂਕ ਦਾ ਕੰਮ ਹੋਵੇ, ਬਿਲ ਜਮ੍ਹਾਂ ਕਰਵਾਉਣਾ ਹੋਵੇ ਜਾਂ ਕਿਤੇ ਅਰਜ਼ੀ-ਐਪਲੀਕੇਸ਼ਨ ਭੇਜਣੀ ਹੋਵੇ, ਉਹ ਘਰ ਤੋਂ ਸੰਭਵ ਹੋ ਸਕਦਾ ਹੈ? ਕੀ ਇਹ ਕਦੇ ਕਿਸੇ ਨੇ ਸੋਚਿਆ ਸੀ ਕਿ ਬਾਹਰ ਮਜ਼ਦੂਰੀ ਕਰਨ ਗਿਆ ਬੇਟਾ ਪਲਕ ਝਪਕਦਿਆਂ ਹੀ ਪਿੰਡ ਵਿੱਚ ਆਪਣੇ ਪਰਿਵਾਰ ਨੂੰ ਪੈਸੇ ਭੇਜ ਸਕੇਗਾ? ਕੀ ਕਦੇ ਕਿਸੇ ਨੇ ਸੋਚਿਆ ਸੀ ਕਿ ਕੇਂਦਰ ਦੀ ਭਾਜਪਾ ਸਰਕਾਰ ਪੈਸੇ ਭੇਜੇਗੀ ਅਤੇ ਗ਼ਰੀਬ ਦੇ ਮੋਬਾਈਲ 'ਤੇ ਤੁਰੰਤ ਸੁਨੇਹਾ ਆ ਜਾਵੇਗਾ ਕਿ ਪੈਸਾ ਜਮ੍ਹਾ ਹੋ ਚੁਕਿਆ ਹੈ।
ਅੱਜ ਇਹ ਸੰਭਵ ਹੋਇਆ ਹੈ। ਤੁਹਾਨੂੰ ਯਾਦ ਹੋਵੇਗਾ, ਕਾਂਗਰਸ ਦਾ ਇੱਕ ਪ੍ਰਧਾਨ ਮੰਤਰੀ ਸੀ, ਉਸ ਪ੍ਰਧਾਨ ਮੰਤਰੀ ਨੇ ਆਪਣੀ ਹੀ ਕਾਂਗਰਸ ਦੀ ਸਰਕਾਰ ਲਈ ਕਿਹਾ ਸੀ, ਖੁਦ ਦੀ ਸਰਕਾਰ ਲਈ ਕਿਹਾ ਸੀ, ਉਨ੍ਹਾਂ ਨੇ ਕਿਹਾ ਸੀ ਕਿ ਅਸੀਂ ਦਿੱਲੀ ਤੋਂ 1 ਰੁਪਿਆ ਭੇਜਦੇ ਹਨ ਤਾਂ ਪਿੰਡ ਵਿੱਚ ਜਾਂਦੇ-ਜਾਂਦੇ ਸਿਰਫ਼ 15 ਪੈਸੇ ਪਹੁੰਚਦੇ ਹਨ, 85 ਪੈਸੇ ਰਸਤੇ ਵਿੱਚ ਹੀ ਗਾਇਬ ਹੋ ਜਾਂਦੇ ਹਨ। ਜੇਕਰ ਇਹੀ ਸਥਿਤੀ ਰਹਿੰਜੀ ਤਾਂ ਅੱਜ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਸਥਿਤੀ ਕੀ ਹੁੰਦੀ ? ਹੁਣ ਤੁਸੀਂ ਹਿਸਾਬ ਲਗਾਓ, ਬੀਤੇ 10 ਵਰ੍ਹੇ ਵਿੱਚ ਬੀਜੇਪੀ ਸਰਕਾਰ ਨੇ 34 ਲੱਖ ਕਰੋੜ ਰੁਪਏ ਤੋਂ ਵੱਧ, 34 ਲੱਖ ਕਰੋੜ ਰੁਪਏ ਤੋਂ ਵੱਧ, ਇਹ ਅੰਕੜਾ ਛੋਟਾ ਨਹੀਂ ਹੈ, DBT, Direct Benefit Transfer ਯਾਨੀ ਕਿ ਪੈਸਾ ਦਿੱਲੀ ਤੋਂ ਸਿੱਧਾ ਤੁਹਾਡੇ ਮੋਬਾਈਲ ਤੱਕ ਪੈਸਾ ਪਹੁੰਚ ਜਾਂਦਾ ਹੈ। DBT ਦੇ ਜ਼ਰੀਏ ਦੇਸ਼ ਦੀ ਜਨਤਾ ਦੇ ਬੈਂਕ ਖਾਤਿਆਂ ਵਿੱਚ 34 ਲੱਖ ਕਰੋੜ ਰੁਪਏ ਭੇਜੇ ਗਏ ਹਨ। ਹੁਣ ਤੁਸੀਂ ਸੋਚੋ, ਕਾਂਗਰਸ ਸਰਕਾਰ ਹੁੰਦੀ ਅਤੇ 1 ਰੁਪਏ ਵਿੱਚੋਂ 15 ਪੈਸੇ ਵਾਲੀ ਹੀ ਪਰੰਪਰਾ ਹੁੰਦੀ ਤਾਂ ਕੀ ਹੁੰਦਾ, 34 ਲੱਖ ਕਰੋੜ ਵਿੱਚੋਂ 29 ਲੱਖ ਕਰੋੜ ਰੁਪਏ, ਰਸਤੇ ਵਿੱਚ ਹੀ ਕਿਤੇ ਨਾ ਕਿਤੇ ਕੋਈ ਵਿਚੋਲੀਆ ਚਬਾ ਜਾਂਦਾ।
ਭਾਜਪਾ ਸਰਕਾਰ ਨੇ ਮੁਦਰਾ ਯੋਜਨਾ ਦੇ ਤਹਿਤ ਨੌਜਵਾਨਾਂ ਨੂੰ ਰੋਜ਼ਗਾਰ -ਸਵੈ-ਰੋਜ਼ਗਾਰ ਲਈ 28 ਲੱਖ ਕਰੋੜ ਰੁਪਏ ਦੀ ਸਹਾਇਤਾ ਦਿੱਤੀ ਹੈ। ਜੇਕਰ ਕਾਂਗਰਸ ਸਰਕਾਰ ਹੁੰਦੀ ਤਾਂ ਉਸ ਦੇ ਵਿਚੋਲੇ ਵੀ ਇਸ ਵਿੱਚੋਂ 24 ਲੱਖ ਕਰੋੜ ਖਾ ਜਾਂਦੇ। ਬੀਜੇਪੀ ਸਰਕਾਰ ਨੇ ਪੀਐੱਮ ਕਿਸਾਨ ਸੰਮਾਨ ਨਿਧੀ ਦੇ ਤਹਿਤ ਕਿਸਾਨਾਂ ਨੂੰ ਪੌਣੇ ਤਿੰਨ ਲੱਖ ਕਰੋੜ ਰੁਪਏ ਬੈਂਕ ਵਿੱਚ ਟਰਾਂਸਫਰ ਕੀਤੇ। ਜੇਕਰ ਕਾਂਗਰਸ ਸਰਕਾਰ ਹੁੰਦੀ ਤਾਂ ਇਸ ਵਿੱਚੋਂ ਸਵਾ ਦੋ ਲੱਖ ਕਰੋੜ ਤਾਂ ਆਪਣੇ ਘਰ ਲੈ ਜਾਂਦੀ, ਕਿਸਾਨਾਂ ਤੱਕ ਪਹੁੰਚਦੇ ਹੀ ਨਹੀਂ। ਅੱਜ ਇਹ ਭਾਜਪਾ ਸਰਕਾਰ ਹੈ ਜਿਸ ਨੇ ਗ਼ਰੀਬਾਂ ਨੂੰ ਉਨ੍ਹਾਂ ਦਾ ਹੱਕ ਦਿਲਾਇਆ ਹੈ। ਜਦੋਂ ਭ੍ਰਿਸ਼ਟਾਚਾਰ ਰੁਕਦਾ ਹੈ ਤਾਂ ਵਿਕਾਸ ਯੋਜਨਾਵਾਂ ਸ਼ੁਰੂ ਹੁੰਦੀਆਂ ਹਨ ਰੋਜ਼ਗਾਰ ਦੇ ਕਈ ਮੌਕੇ ਮਿਲਦੇ ਹਨ। ਨਾਲ ਹੀ ਆਸ-ਪਾਸ ਦੇ ਇਲਾਕਿਆਂ ਲਈ ਸਿੱਖਿਆ, ਸਿਹਤ ਦੀਆਂ ਆਧੁਨਿਕ ਸਹੂਲਤਾਂ ਵੀ ਬਣਦੀਆਂ ਹਨ। ਅੱਜ ਜੋ ਇਹ ਚੌੜੀਆਂ ਸੜਕਾਂ ਬਣ ਰਹੀਆਂ ਹਨ, ਨਵੀਆਂ ਰੇਲਵੇ ਲਾਈਨਾਂ ਬਣ ਰਹੀਆਂ ਹਨ, ਇਹ ਭਾਜਪਾ ਸਰਕਾਰ ਦੇ ਚੰਗੇ ਸ਼ਾਸਨ ਦਾ ਹੀ ਨਤੀਜਾ ਹਨ।
ਭਾਈਓ ਅਤੇ ਭੈਣੋਂ,
21ਵੀਂ ਸਦੀ ਦੀ ਆਧੁਨਿਕ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੇ ਅਜਿਹੇ ਹੀ ਕੰਮਾਂ ਨਾਲ ਵਿਕਸਿਤ ਛੱਤੀਸਗੜ੍ਹ ਦਾ ਸੁਪਨਾ ਪੂਰਾ ਹੋਵੇਗਾ। ਛੱਤੀਸਗੜ੍ਹ ਵਿਕਸਿਤ ਹੋਵੇਗਾ, ਤਾਂ ਭਾਰਤ ਨੂੰ ਵਿਕਸਿਤ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਹੈ ? ਆਉਣ ਵਾਲੇ 5 ਵਰ੍ਹਿਆਂ ਵਿੱਚ ਜਦੋਂ ਭਾਰਤ ਦੁਨੀਆ ਦੀ ਤੀਸਰੀ ਵੱਡੀ ਆਰਥਿਕ ਤਾਕਤ ਬਣੇਗਾ, ਤਾਂ ਛੱਤੀਸਗੜ੍ਹ ਵੀ ਵਿਕਾਸ ਦੀ ਨਵੀਂ ਬੁਲੰਦੀ ‘ਤੇ ਹੋਵੇਗਾ। ਇਹ ਵਿਸ਼ੇਸ਼ ਤੌਰ ‘ਤੇ ਫਸਟ ਟਾਈਮ ਵੋਟਰਸ ਦੇ ਲਈ, ਸਕੂਲ-ਕਾਲਜ ਵਿੱਚ ਪੜ੍ਹ ਰਹੇ ਯੁਵਾ ਸਾਥੀਆਂ ਲਈ ਬਹੁਤ ਵੱਡਾ ਅਵਸਰ ਹੈ। ਵਿਕਸਿਤ ਛੱਤੀਸਗੜ੍ਹ, ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰੇਗਾ। ਆਪ ਸਾਰਿਆਂ ਨੂੰ ਫਿਰ ਤੋਂ ਇਨ੍ਹਾਂ ਵਿਕਾਸ ਕਾਰਜਾਂ ਦੀਆਂ ਬਹੁਤ-ਬਹੁਤ ਵਧਾਈਆਂ।
ਧੰਨਵਾਦ!
************
ਡੀਐੱਸ/ਐੱਸਟੀ/ਆਰਕੇ
(Release ID: 2008874)
Visitor Counter : 121
Read this release in:
Kannada
,
Bengali
,
English
,
Urdu
,
Marathi
,
Hindi
,
Manipuri
,
Gujarati
,
Odia
,
Tamil
,
Malayalam