ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਸੰਤ ਸ਼ਿਰੋਮਣਿ ਆਚਾਰਿਆ ਸ਼੍ਰੀ 108 ਵਿਦਿਯਾਸਾਗਰ ਜੀ ਮਹਾਰਾਜ ਜੀ ਨੂੰ ਪ੍ਰਧਾਨ ਮੰਤਰੀ ਦੀ ਸ਼ਰਧਾਂਜਲੀ

Posted On: 21 FEB 2024 12:47PM by PIB Chandigarh

ਜੀਵਨ ਵਿੱਚ ਅਸੀਂ ਬਹੁਤ ਘੱਟ ਅਜਿਹੇ ਲੋਕਾਂ ਨੂੰ ਮਿਲਦੇ ਹਾਂ, ਜਿਨ੍ਹਾਂ ਦੇ ਨੇੜੇ ਜਾਂਦੇ ਹੀ ਦਿਲ-ਦਿਮਾਗ ਇੱਕ ਸਕਾਰਾਤਮਕ ਊਰਜਾ ਨਾਲ ਭਰ ਜਾਂਦਾ ਹੈ। ਅਜਿਹੇ ਵਿਅਕਤੀਆਂ ਦਾ ਸਨੇਹ, ਉਨ੍ਹਾਂ ਦਾ ਅਸ਼ੀਰਵਾਦ, ਸਾਡੀ ਬਹੁਤ ਵੱਡੀ ਪੂੰਜੀ ਹੁੰਦੀ ਹੈ। ਸੰਤ ਸ਼ਿਰੋਮਣੀ ਆਚਾਰਿਆ ਸ਼੍ਰੀ 108 ਵਿਦਿਯਾਸਾਗਰ ਜੀ ਮਹਾਰਾਜ (Shri 108 Vidyasagar Ji Maharaj) ਮੇਰੇ ਲਈ ਅਜਿਹੇ ਹੀ ਸਨ। ਉਨ੍ਹਾਂ ਦੇ ਨੇੜੇ ਅਲੌਕਿਕ ਅਧਿਆਤਮਿਕ ਊਰਜਾ ਦਾ ਸੰਚਾਰ ਹੁੰਦਾ ਹੈ।  ਆਚਾਰਿਆ ਵਿਦਿਯਾਸਾਗਰ ਜੀ ਜਿਹੇ ਸੰਤਾਂ ਨੂੰ ਦੇਖ ਕੇ ਇਹ ਅਨੁਭਵ ਹੁੰਦਾ ਸੀ ਕਿਵੇਂ ਭਾਰਤ ਵਿੱਚ ਅਧਿਆਤਮ ਕਿਸੇ ਅਮਰ ਜਲਧਾਰਾ ਦੇ ਬਰਾਬਰ ਲਗਾਤਾਰ ਵਹਿ ਕੇ ਸਮਾਜ ਦਾ ਮੰਗਲ ਕਰਦਾ ਰਹਿੰਦਾ ਹੈ।

 

ਅੱਜ ਮੈਨੂੰ, ਉਨ੍ਹਾਂ ਨਾਲ ਹੋਈਆਂ ਮੁਲਾਕਾਤਾਂ, ਉਨ੍ਹਾਂ ਨਾਲ ਹੋਇਆ ਸੰਵਾਦ, ਸਭ ਵਾਰ-ਵਾਰ ਯਾਦ ਆ ਰਿਹਾ ਹੈ। ਪਿਛਲੇ ਸਾਲ ਨਵੰਬਰ ਵਿੱਚ ਛਤੀਸਗੜ੍ਹ ਵਿੱਚ ਡੋਂਗਰਗੜ੍ਹ ਦੇ ਚੰਦਰਗਿਰੀ ਜੈਨ ਮੰਦਿਰ ਵਿੱਚ ਉਨ੍ਹਾਂ ਦੇ ਦਰਸ਼ਨ ਕਰਨ ਜਾਣਾ ਮੇਰੇ ਲਈ ਪਰਮ ਸੁਭਾਗ ਦੀ ਗੱਲ ਸੀ। ਤਦ ਮੈਨੂੰ ਜ਼ਰਾ ਵੀ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਆਚਾਰਿਆ ਜੀ ਨਾਲ ਮੇਰੀ ਇਹ ਆਖਰੀ ਮੁਲਾਕਾਤ ਹੋਵੇਗੀ। ਉਹ ਪਲ ਮੇਰੇ ਲਈ ਨਾ ਭੁੱਲਣ ਯੋਗ ਬਣ ਗਿਆ ਹੈ। ਇਸ ਦੌਰਾਨ ਉਨ੍ਹਾਂ ਨੇ ਬਹੁਤ ਦੇਰ ਤੱਕ ਮੇਰੇ ਨਾਲ ਗੱਲਾਂ ਕੀਤੀਆਂ।

 

ਉਨ੍ਹਾਂ ਨੇ ਪਿਤਾ ਵਾਂਗ ਮੇਰੇ ਧਿਆਨ ਰੱਖਿਆ ਅਤੇ ਦੇਸ਼ ਸੇਵਾ ਵਿੱਚ ਕੀਤੇ ਜਾ ਰਹੇ ਪ੍ਰਯਾਸਾਂ ਦੇ ਲਈ ਮੈਨੂੰ ਅਸ਼ੀਰਵਾਦ ਵੀ ਦਿੱਤਾ। ਦੇਸ਼ ਦੇ ਵਿਕਾਸ ਅਤੇ ਵਿਸ਼ਵ ਪਲੈਟਫਾਰਮ ‘ਤੇ ਭਾਰਤ ਨੂੰ ਮਿਲ ਰਹੇ ਸਨਮਾਨ ‘ਤੇ ਉਨ੍ਹਾਂ ਨੇ ਪ੍ਰਸੰਨਤਾ ਵੀ ਵਿਅਕਤ ਕੀਤੀ ਸੀ। ਆਪਣੇ ਕੰਮਾਂ ਦੀ ਚਰਚਾ ਕਰਦੇ ਹੋਏ ਉਹ ਬਹੁਤ ਉਤਸ਼ਾਹਿਤ ਸਨ। ਇਸ ਦੌਰਾਨ ਉਨ੍ਹਾਂ ਦੀ ਸੁਭਾਵਕ ਦ੍ਰਿਸ਼ਟੀ ਅਤੇ ਦਿਵਯ ਮੁਸਕਾਨ ਪ੍ਰੇਰਿਤ ਕਰਨ ਵਾਲੀ ਸੀ। ਉਨ੍ਹਾਂ ਦਾ ਅਸ਼ੀਰਵਾਦ ਆਨੰਦ ਨਾਲ ਭਰ ਦੇਣ ਵਾਲਾ ਸੀ, ਜੋ ਸਾਡੇ ਅੰਤਰ ਮਨ ਦੇ ਨਾਲ-ਨਾਲ ਪੂਰੇ ਵਾਤਾਵਰਣ ਵਿੱਚ ਉਨ੍ਹਾਂ ਦੀ ਦਿਵਯ ਮੌਜੂਦਗੀ ਦਾ ਅਹਿਸਾਸ ਕਰਾ ਰਿਹਾ ਸੀ। ਉਨ੍ਹਾਂ ਦਾ ਜਾਣਾ ਉਸ ਅਦਭੁਤ ਮਾਰਗਦਰਸ਼ਕ ਨੂੰ ਖੋਅ ਦੇਣ ਦੇ ਬਰਾਬਰ ਹੈ, ਜਿਨ੍ਹਾਂ ਨੇ ਮੇਰਾ ਅਤੇ ਅਣਗਿਣਤ ਲੋਕਾਂ ਦਾ ਮਾਰਗ ਨਿਰੰਤਰ ਪੱਧਰਾ ਕੀਤਾ ਹੈ।

 

 

ਭਾਰਤ ਦੀ ਇਹ ਵਿਸ਼ੇਸ਼ਤਾ ਰਹੀ ਕਿ ਇੱਥੋਂ ਦੀ ਪਾਵਨ ਧਰਤੀ ਨੇ ਨਿਰੰਤਰ ਅਜਿਹੀਆਂ ਮਹਾਨ ਵਿਭੂਤੀਆਂ ਨੂੰ ਜਨਮ ਦਿੱਤਾ ਹੈ, ਜਿਨ੍ਹਾਂ ਨੇ ਲੋਕਾਂ ਨੂੰ ਦਿਸ਼ਾ ਦਿਖਾਉਣ ਦੇ ਨਾਲ-ਨਾਲ ਸਮਾਜ ਨੂੰ ਵੀ ਬਿਹਤਰ ਬਣਾਉਣ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਸੰਤਾਂ ਅਤੇ ਸਮਾਜ ਸੁਧਾਰ ਦੀ ਇਸੇ ਮਹਾਨ ਪਰੰਪਰਾ ਨੂੰ ਸੰਤ ਸ਼ਿਰੋਮਣੀ ਆਚਾਰਿਆ ਸ਼੍ਰੀ ਵਿਦਿਯਾਸਾਗਰ ਜੀ ਮਹਾਰਾਜ (Vidyasagar Ji Maharaj) ਜੀ ਦਾ ਪ੍ਰਮੁੱਖ ਸਥਾਨ ਹੈ। ਉਨ੍ਹਾਂ ਨੇ ਵਰਤਮਾਨ ਦੇ ਨਾਲ ਹੀ ਭਵਿੱਖ ਦੇ ਲਈ ਵੀ ਇੱਕ ਨਵੀਂ ਰਾਹ ਦਿਖਾਈ ਹੈ। ਉਨ੍ਹਾਂ ਦਾ ਸੰਪੂਰਨ ਜੀਵਨ ਅਧਿਆਤਮਕ ਪ੍ਰੇਰਣਾ ਨਾਲ ਭਰਿਆ ਰਿਹਾ। ਉਨ੍ਹਾਂ ਦੇ ਜੀਵਨ ਦਾ ਹਰ ਅਧਿਆਏ, ਅਦਭੁਤ ਗਿਆਨ, ਅਸੀਮ ਕਰੁਣਾ ਅਤੇ ਮਾਨਵਤਾ ਦੇ ਉਥਾਨ ਲਈ ਅਟੁੱਟ ਪ੍ਰਤੀਬੱਧਤਾ ਨਾਲ ਸੁਸ਼ੋਭਿਤ ਹੈ।

 

ਸੰਤ ਸ਼ਿਰੋਮਣੀ ਆਚਾਰਿਆ ਵਿਦਿਯਾਸਾਗਰ ਜੀ ਮਹਾਰਾਜ (Vidyasagar Ji Maharaj) ਜੀ ਸਹੀ ਗਿਆਨ, ਸਹੀ ਦਰਸ਼ਨ ਅਤੇ ਸਹੀ ਚਰਿੱਤਰ ਦੇ ਤ੍ਰਿਵੇਣੀ ਸਨ। ਉਨ੍ਹਾਂ ਦੀ ਸ਼ਖਸੀਅਤ ਦੀ ਸਭ ਤੋਂ ਵਿਸ਼ੇਸ਼ ਗੱਲ ਇਹ ਸੀ ਕਿ ਉਨ੍ਹਾਂ ਦਾ ਸਹੀ ਦਰਸ਼ਨ ਜਿੰਨਾ ਆਤਮਬੋਧ ਦੇ ਲਈ ਸੀ, ਉੰਨਾ ਹੀ ਸਸ਼ਕਤ ਉਨ੍ਹਾਂ ਦਾ ਲੋਕ ਬੋਧ ਵੀ ਸੀ। ਉੰਨਾ ਦਾ ਸਹੀ ਗਿਆਨ ਜਿਨ੍ਹਾਂ ਧਰਮ ਨੂੰ ਲੈ ਕੇ ਸੀ, ਉਨ੍ਹਾਂ ਹੀ ਉਨ੍ਹਾਂ ਦਾ ਚਿੰਤਨ ਜਨਤਕ ਵਿਗਿਆਨ ਦੇ ਲਈ ਵੀ ਰਹਿੰਦਾ ਸੀ।

 

ਦਇਆ, ਸੇਵਾ ਅਤੇ ਤੱਪਸਿਆ ਨਾਲ ਪਰਿਪੂਰਨ ਆਚਾਰਿਆ ਜੀ ਦਾ ਜੀਵਨ ਭਗਵਾਨ ਮਹਾਵੀਰ ਦੇ ਆਦਰਸ਼ਾਂ ਦਾ ਪ੍ਰਤੀਕ ਰਿਹਾ, ਉਨ੍ਹਾਂ ਦਾ ਜੀਵਨ, ਜੈਨ ਧਰਮ ਦੀ ਮੂਲ ਭਾਵਨਾ ਦਾ ਸਭ ਤੋਂ ਵੱਡੀ ਉਦਾਹਰਣ ਰਹੀ। ਉਨ੍ਹਾਂ ਨੇ ਜੀਵਨ ਭਰ ਆਪਣੇ ਕੰਮ ਅਤੇ ਆਪਣੀ ਦੀਕਸ਼ਾ ਨਾਲ ਇਨ੍ਹਾਂ ਸਿਧਾਂਤਾਂ ਦੀ ਸੁਰੱਖਿਆ ਕੀਤੀ। ਹਰ ਵਿਅਕਤੀ ਦੇ ਲਈ ਉਨ੍ਹਾਂ ਦਾ ਪਿਆਰ, ਇਹ ਦੱਸਦਾ ਹੈ ਕਿ ਜੈਨ ਧਰਮ ਵਿੱਚ ‘ਜੀਵਨ’ ਦਾ ਮਹੱਤਵ ਕੀ ਹੈ। ਉਨ੍ਹਾਂ ਨੇ ਇਮਾਨਦਾਰੀ ਦੇ ਨਾਲ ਆਪਣੀ ਪੂਰੀ ਉਮਰ ਤੱਕ ਇਹ ਸਿੱਖ ਦਿੱਤੀ ਕਿ ਵਿਚਾਰਾਂ, ਸ਼ਬਦਾਂ ਅਤੇ ਕਰਮਾਂ ਦੀ ਪਵਿੱਤਰਤਾ ਕਿੰਨੀ ਵੱਡੀ ਹੁੰਦੀ ਹੈ। ਉਨ੍ਹਾਂ ਨੇ ਹਮੇਸ਼ਾ ਜੀਵਨ ਦੇ ਸਰਲ ਹੋਣ ‘ਤੇ ਜ਼ੋਰ ਦਿੱਤਾ। ਆਚਾਰਿਆ ਜੀ ਜਿਹੀਆਂ ਸ਼ਖਸੀਅਤਾਂ ਦੇ ਕਾਰਨ ਹੀ, ਅੱਜ ਪੂਰੀ ਦੁਨੀਆ ਨੂੰ ਜੈਨ ਧਰਮ ਅਤੇ ਭਗਵਾਨ ਮਹਾਵੀਰ ਦੇ ਜੀਵਨ ਨਾਲ ਜੁੜਨ ਦੀ ਪ੍ਰੇਰਣਾ ਮਿਲਦੀ ਹੈ।

 

ਉਹ ਜੈਨ ਭਾਈਚਾਰੇ ਦੇ ਨਾਲ ਹੀ ਹੋਰ ਵੱਖ-ਵੱਖ ਭਾਈਚਾਰਿਆਂ ਦੇ ਵੀ ਵੱਡੇ ਪ੍ਰੇਰਣਾਸਰੋਤ ਰਹੇ। ਵੱਖ-ਵੱਖ ਸੰਪਰਦਾਵਾਂ, ਪਰੰਪਰਾਵਾਂ ਅਤੇ ਖੇਤਰਾਂ ਦੇ ਲੋਕਾਂ ਨੂੰ ਉਨ੍ਹਾਂ ਦਾ ਸਾਥ ਮਿਲਿਆ, ਵਿਸ਼ੇਸ਼ ਤੌਰ ‘ਤੇ ਨੌਜਵਾਨਾਂ ਵਿੱਚ ਅਧਿਆਤਮਕ ਜਾਗ੍ਰਿਤੀ ਦੇ ਲਈ ਉਨ੍ਹਾਂ ਨੇ ਅਣਥੱਕ ਪ੍ਰਯਾਸ ਕੀਤਾ।

 

ਸਿੱਖਿਆ ਦਾ ਖੇਤਰ ਉਨ੍ਹਾਂ ਦੇ ਦਿਲ ਦੇ ਬਹੁਤ ਕਰੀਬ ਰਿਹਾ ਹੈ। ਬਚਪਨ ਵਿੱਚ ਆਮ ਵਿਦਿਯਾਧਰ ਤੋਂ ਲੈ ਕੇ ਆਚਾਰਿਆ ਵਿਦਿਯਾਸਾਗਰ ਜੀ ਬਣਨ ਤੱਕ ਦੀ ਉਨ੍ਹਾਂ ਦੀ ਯਾਤਰਾ ਗਿਆਨ ਪ੍ਰਾਪਤੀ ਅਤੇ ਉਸ ਗਿਆਨ ਨਾਲ ਪੂਰੇ ਸਮਾਜ ਨੂੰ ਪ੍ਰਕਾਸ਼ਿਤ ਕਰਨ ਦੀ ਉਨ੍ਹਾਂ ਦੀ ਗਹਿਰੀ ਪ੍ਰਤੀਬੱਧਤਾ ਨੂੰ ਦਿਖਾਉਂਦੀ ਹੈ। ਉਨ੍ਹਾਂ ਦਾ ਦ੍ਰਿੜ੍ਹ ਵਿਸ਼ਵਾਸ ਸੀ ਕਿ ਸਿੱਖਿਆ ਹੀ ਇੱਕ ਨਿਆਂਪੂਰਨ ਅਤੇ ਪ੍ਰਬੁੱਧ  (ਗਿਆਨਵਾਨ) ਸਮਾਜ ਦਾ ਅਧਾਰ ਹੈ। ਉਨ੍ਹਾਂ ਨੇ ਲੋਕਾਂ ਨੂੰ ਸਸ਼ਕਤ ਬਣਾਉਣ ਅਤੇ ਜੀਵਨ ਦੇ ਟੀਚਿਆਂ ਨੂੰ ਪਾਉਣ ਦੇ ਲਈ ਗਿਆਨ ਨੂੰ ਸਰਵੋਤਮ ਦੱਸਿਆ। ਸੱਚੇ ਗਿਆਨ ਦੇ ਮਾਰਗ ਦੇ ਰੂਪ ਵਿੱਚ ਸਵੈ-ਅਧਿਆਏ ਅਤੇ ਆਤਮ-ਜਾਗਰੂਕਤਾ ਦੇ ਮਹੱਤਵ ‘ਤੇ ਉਨ੍ਹਾਂ ਦਾ ਵਿਸ਼ੇਸ਼ ਜ਼ੋਰ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਪੈਰੋਕਾਰਾਂ ਤੋਂ ਨਿਰੰਤਰ ਸਿੱਖਣ ਅਤੇ ਅਧਿਆਤਮਕ ਵਿਕਾਸ ਦੇ ਲਈ ਨਿਰੰਤਰ ਪ੍ਰਯਾਸ ਕਰਨ ਦੀ ਵੀ ਤਾਕੀਦ ਕੀਤੀ।

 

ਸੰਤ ਸ਼ਿਰੋਮਣੀ ਆਚਾਰਿਆ ਵਿਦਿਯਾਸਾਗਰ ਜੀ ਮਹਾਰਾਜ ਦੀ ਇੱਛਾ ਸੀ ਕਿ ਸਾਡੇ ਨੌਜਵਾਨਾਂ ਨੂੰ ਅਜਿਹੀ ਸਿੱਖਿਆ ਮਿਲੇ,  ਜੋ ਸਾਡੀਆਂ ਸੱਭਿਆਚਾਰਕ ਕਦਰਾਂ ਕੀਮਤਾਂ ‘ਤੇ ਅਧਾਰਿਤ ਹੋਵੇ। ਉਹ ਅਕਸਰ ਕਿਹਾ ਕਰਦੇ ਸਨ ਕਿ ਕਿਉਂਕਿ ਅਸੀਂ ਆਪਣੇ ਅਤੀਤ ਦੇ ਗਿਆਨ ਤੋਂ ਦੂਰ ਹੋ ਗਏ ਹਾਂ, ਇਸ ਲਈ ਵਰਤਮਾਨ ਵਿੱਚ ਅਸੀਂ ਕਈ ਵੱਡੀਆਂ ਚੁਣੌਤੀਆਂ ਨਾਲ ਜੂਝ ਰਹੇ ਹਾਂ। ਅਤੀਤ ਦੇ ਗਿਆਨ ਵਿੱਚ ਉਹ ਅੱਜ ਦੀਆਂ ਕਈ ਚੁਣੌਤੀਆਂ ਦਾ ਸਮਾਧਾਨ ਦੇਖਦੇ ਸਨ। ਜਿਵੇਂ ਜਲ ਸੰਕਟ ਨੂੰ ਲੈ ਕੇ ਉਹ ਭਾਰਤ ਦੇ ਪ੍ਰਾਚੀਨ ਗਿਆਨ ਤੋਂ ਕਈ ਸਮਾਧਾਨ ਦੇ ਸੁਝਾਅ ਦਿੰਦੇ ਸਨ। ਉਨ੍ਹਾਂ ਦਾ ਇਹ ਵੀ ਵਿਸ਼ਵਾਸ ਸੀ ਕਿ ਸਿੱਖਿਆ ਉਹੀ ਹੈ, ਜੋ ਸਕਿੱਲ ਡਿਵੈਲਪਮੈਂਟ ਅਤੇ ਇਨੋਵੇਸ਼ਨ ‘ਤੇ ਆਪਣਾ ਧਿਆਨ ਕੇਂਦ੍ਰਿਤ ਕਰੇ।

 

ਆਚਾਰਿਆ ਜੀ ਨੇ ਕੈਦੀਆਂ ਦੀ ਭਲਾਈ ਲਈ ਵਿਭਿੰਨ ਜੇਲ੍ਹਾਂ ਵਿੱਚ ਬਹੁਤ ਕੰਮ ਕੀਤੇ ਸਨ। ਕਿੰਨੇ  ਹੀ ਕੈਦੀਆਂ ਨੇ ਆਚਾਰਿਆ ਜੀ ਦੇ ਸਹਿਯੋਗ ਨਾਲ ਹੈਂਡਲੂਮ ਦੀ ਟ੍ਰੇਨਿੰਗ ਲਈ। ਕੈਦੀਆਂ ਵਿੱਚ ਉਨ੍ਹਾਂ ਦਾ ਇੰਨਾ ਸਨਮਾਨ ਸੀ ਕਿ ਕਈ ਕੈਦੀ ਰਿਹਾਈ ਤੋਂ ਬਾਅਦ ਆਪਣੇ ਪਰਿਵਾਰ ਤੋਂ ਵੀ ਪਹਿਲਾਂ ਆਚਾਰਿਆ ਵਿਦਿਯਾਸਾਗਰ ਜੀ ਨਾਲ ਮਿਲਣ ਜਾਂਦੇ ਸਨ।

 

ਸੰਤ ਸ਼ਿਰੋਮਣੀ ਆਚਾਰਿਆ ਜੀ ਨੂੰ ਭਾਰਤ ਦੇਸ਼ ਦੀ ਭਾਸ਼ਾਈ ਵਿਭਿੰਨਤਾ ‘ਤੇ ਬਹੁਤ ਮਾਣ ਸੀ। ਇਸ ਲਈ ਉਹ ਹਮੇਸ਼ਾ ਨੌਜਵਾਨਾਂ ਨੂੰ ਸਥਾਨਕ ਭਾਸ਼ਾਵਾਂ ਸਿੱਖਣ ਦੇ ਲਈ ਪ੍ਰੋਤਸ਼ਾਹਿਤ ਕਰਦੇ ਸਨ। ਉਨ੍ਹਾਂ ਨੇ ਖੁਦ ਵੀ ਸੰਸਕ੍ਰਿਤ, ਪ੍ਰਾਕ੍ਰਿਤ (ਸਧਾਰਣ) ਅਤੇ ਹਿੰਦੀ ਵਿੱਚ ਕਈ ਸਾਰੀਆਂ ਰਚਨਾਵਾਂ ਕੀਤੀਆਂ ਹਨ। ਇੱਕ ਸੰਤ ਦੇ ਰੂਪ ਵਿੱਚ ਉਹ ਟੌਪ ਤੱਕ ਪਹੁੰਚਣ ਦੇ ਬਾਅਦ ਵੀ ਜਿਸ ਪ੍ਰਕਾਰ ਜ਼ਮੀਨ ਨਾਲ ਜੁੜੇ ਰਹੇ, ਇਹ ਉਨ੍ਹਾਂ ਦੀ ਮਹਾਨ ਰਚਨਾ ‘ਮੂਕ ਮਾਟੀ’ ਵਿੱਚ ਸਪਸ਼ਟ ਤੌਰ ‘ਤੇ ਦਿਖਾਈ ਪੈਂਦੀ ਹੈ। ਇੰਨਾ ਹੀ ਨਹੀਂ, ਉਹ ਆਪਣੇ ਕਾਰਜਾਂ ਨਾਲ ਵੰਚਿਤਾਂ ਦੀ ਆਵਾਜ਼ ਵੀ ਬਣੇ।

 

ਸੰਤ ਸ਼ਿਰੋਮਣੀ ਆਚਾਰਿਆ ਵਿਦਿਯਾਸਾਗਰ ਜੀ ਮਹਾਰਾਜ ਜੀ ਦੇ ਯੋਗਦਾਨ ਨਾਲ ਹੈਲਥਕੇਅਰ ਦੇ ਖੇਤਰ ਵਿੱਚ ਵੀ ਵੱਡੇ ਪਰਿਵਰਤਨ ਹੋਏ ਹਨ। ਉਨ੍ਹਾਂ ਨੇ ਉਨ੍ਹਾਂ ਖੇਤਰਾਂ ਵਿੱਚ ਵਿਸ਼ੇਸ਼ ਯਤਨ ਕੀਤਾ, ਜਿੱਥੇ ਉਨ੍ਹਾਂ ਨੂੰ ਜ਼ਿਆਦਾ ਕਮੀ ਦਿਖਾਈ ਪਈ। ਸਿਹਤ ਨੂੰ ਲੈ ਕੇ ਉਨ੍ਹਾਂ ਦਾ ਦ੍ਰਿਸ਼ਟੀਕੋਣ ਬਹੁਤ ਵਿਆਪਕ ਸੀ। ਉਨ੍ਹਾਂ ਨੇ ਸਰੀਰਕ ਸਿਹਤ ਨੂੰ ਅਧਿਆਤਮਿਕ ਚੇਤਨਾ ਦੇ ਨਾਲ ਜੋੜਣ ‘ਤੇ ਜ਼ੋਰ ਦਿੱਤਾ, ਤਾਕਿ ਲੋਕ ਸਰੀਰਕ ਅਤੇ ਮਾਨਸਿਕ ਰੂਪ, ਦੋਵਾਂ ਨਾਲ ਤੰਦਰੁਸਤ ਰਹਿ ਸਕਣ।

 

ਮੈਂ ਵਿਸ਼ੇਸ਼ ਤੌਰ ‘ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਤਾਕੀਦ ਕਰਾਂਗਾ ਕਿ ਉਹ ਰਾਸ਼ਟਰ ਨਿਰਮਾਣ ਦੇ ਪ੍ਰਤੀ ਸੰਤ ਸ਼ਿਰੋਮਣੀ ਆਚਾਰਿਆ ਸ਼੍ਰੀ ਵਿਦਿਯਾਸਾਗਰ ਜੀ ਮਹਾਰਾਜ ਦੀ ਪ੍ਰਤੀਬੱਧਤਾ ਬਾਰੇ ਵਿਆਪਕ ਅਧਿਐਨ ਕਰਨ। ਉਹ ਹਮੇਸ਼ਾ ਲੋਕਾਂ ਨੂੰ ਕਿਸੇ ਵੀ ਪੱਖਪਾਤਪੂਰਣ ਵਿਚਾਰ ਤੋਂ ਉੱਪਰ ਉੱਠ ਕੇ ਰਾਸ਼ਟਰੀ ਹਿਤ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਤਾਕੀਦ ਕਰਿਆ ਕਰਦੇ ਸਨ। ਉਹ ਮਤਦਾਨ ਦੇ ਪ੍ਰਬਲ ਸਮਰਥਕਾਂ ਵਿੱਚੋਂ ਇੱਕ ਸਨ ਅਤੇ ਮੰਨਦੇ ਸਨ ਕਿ ਇਹ ਲੋਕਤੰਤਰੀ ਪ੍ਰਕਿਰਿਆ ਵਿੱਚ ਭਾਗੀਦਾਰੀ ਦੀ ਸਭ ਤੋਂ ਸਸ਼ਕਤ ਅਭਿਵਿਅਕਤੀ ਹੈ। ਉਨ੍ਹਾਂ ਨੇ ਹਮੇਸ਼ਾ ਸਵਸਥ ਅਤੇ ਸਵੱਛ ਰਾਜਨੀਤੀ ਦੀ ਪੈਰਵੀ ਕੀਤੀ। ਉਨ੍ਹਾਂ ਦਾ ਕਹਿਣਾ ਸੀ – ‘ਲੋਕਨੀਤੀ ਲੋਭਸੰਗ੍ਰਹਿ ਨਹੀਂ, ਬਲਕਿ ਲੋਕਸੰਗ੍ਰਹਿ ਹੈ।’, ਇਸ ਲਈ ਨੀਤੀਆਂ ਦਾ ਨਿਰਮਾਣ ਨਿਜੀ ਸੁਆਰਥ ਦੇ ਲਈ ਨਹੀਂ, ਬਲਕਿ ਲੋਕਾਂ ਦੀ ਭਲਾਈ ਦੇ ਲਈ ਹੋਣਾ ਚਾਹੀਦਾ ਹੈ।

 

ਆਚਾਰਿਆ ਜੀ ਦਾ ਗਹਿਰਾ ਵਿਸ਼ਵਾਸ ਸੀ ਕਿ ਇੱਕ ਸਸ਼ਕਤ ਰਾਸ਼ਟਰ ਦਾ ਨਿਰਮਾਣ ਉਸ ਦੇ ਨਾਗਰਿਕਾਂ ਦੇ ਕਰਤੱਵ ਭਾਵ ਦੇ ਨਾਲ ਹੀ ਆਪਣੇ ਪਰਿਵਾਰ, ਆਪਣੇ ਸਮਾਜ ਅਤੇ ਦੇਸ਼ ਦੇ ਪ੍ਰਤੀ ਗਹਿਰੀ ਪ੍ਰਤੀਬੱਧਤਾ ਦੀ ਨੀਂਹ ‘ਤੇ ਹੁੰਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਸਦਾ ਇਮਾਨਦਾਰੀ, ਸੱਤਿਆਨਿਸ਼ਠਾ ਅਤੇ ਆਤਮਨਿਰਭਰਤਾ ਜਿਹੇ ਗੁਣਾਂ ਨੂੰ ਵਿਕਸਿਤ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ। ਇਹ ਗੁਣ ਇੱਕ ਨਿਆਂਪੂਰਣ, ਕਰੂਣਾਮਈ ਅਤੇ ਸਮ੍ਰਿੱਧ ਸਮਾਜ ਲਈ ਜ਼ਰੂਰੀ ਹਨ। ਅੱਜ ਜਦੋਂ ਅਸੀਂ ਵਿਕਸਿਤ ਭਾਰਤ ਦੇ ਨਿਰਮਾਣ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕਰ ਰਹੇ ਹਾਂ ਕਰਤੱਵਾਂ ਦੀ ਭਾਵਨਾ ਹੋਰ ਜ਼ਿਆਦਾ ਮਹੱਤਵਪੂਰਨ ਹੋ ਜਾਂਦੀ ਹੈ।

 

ਅਜਿਹੇ ਕਾਲਖੰਡ ਵਿੱਚ ਜਦੋਂ ਦੁਨੀਆਭਰ ਵਿੱਚ ਵਾਤਾਵਰਣ ‘ਤੇ ਕਈ ਤਰ੍ਹਾਂ ਦੇ ਸੰਕਟ ਮੰਡਰਾ ਰਹੇ ਹਨ, ਤਦ ਸੰਤ ਸ਼ਿਰੋਮਣੀ ਆਚਾਰਿਆ ਜੀ ਦਾ ਮਾਰਗਦਰਸ਼ਨ ਸਾਡੇ ਬਹੁਤ ਕੰਮ ਆਉਣ ਵਾਲਾ ਹੈ। ਉਨ੍ਹਾਂ ਨੇ ਇੱਕ ਅਜਿਹੀ ਜੀਵਨਸ਼ੈਲੀ ਅਪਣਾਉਣ ਦਾ ਸੱਦਾ ਦਿੱਤਾ, ਜੋ ਕੁਦਰਤ ਨੂੰ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਵਿੱਚ ਸਹਾਇਕ ਹੋਵੇ। ਇਹੀ ਤਾਂ ‘ਮਿਸ਼ਨ ਲਾਇਫ’ ਹੈ ਜਿਸ ਦਾ ਸੱਦਾ ਅੱਜ ਭਾਰਤ ਨੇ ਆਲਮੀ ਮੰਚ ‘ਤੇ ਕੀਤਾ ਹੈ। ਇਸੇ ਤਰ੍ਹਾਂ ਉਨ੍ਹਾਂ ਨੇ ਸਾਡੀ ਅਰਥਵਿਵਸਥਾ ਵਿੱਚ ਖੇਤੀ ਨੂੰ ਸਰਬਉੱਚ ਮਹੱਤਵ ਦਿੱਤਾ। ਉਨ੍ਹਾਂ ਨੇ ਖੇਤੀ ਵਿੱਚ ਆਧੁਨਿਕ ਟੈਕਨੋਲੋਜੀ ਅਪਣਾਉਣ ‘ਤੇ ਵੀ ਜ਼ੋਰ ਦਿੱਤਾ। ਮੈਨੂੰ ਵਿਸ਼ਵਾਸ ਹੈ ਕਿ ਉਹ ਨਮੋ ਡ੍ਰੋਨ ਦੀਦੀ ਅਭਿਯਾਨ ਦੀ ਸਫ਼ਲਤਾ ਤੋਂ ਬਹੁਤ ਖੁਸ਼ ਹੁੰਦੇ।

 

ਸੰਤ ਸ਼ਿਰੋਮਣੀ ਆਚਾਰਿਆ ਸ਼੍ਰੀ 108 ਵਿਦਿਯਾਸਾਗਰ ਜੀ ਮਹਾਰਾਜ ਜੀ, ਦੇਸ਼ਵਾਸੀਆਂ ਦੇ ਦਿਲ ਅਤੇ ਦਿਮਾਗ ਵਿੱਚ ਸਦਾ ਜੀਵੰਤ ਰਹਿਣਗੇ। ਆਚਾਰਿਆ ਜੀ ਦੇ ਸੰਦੇਸ਼ ਉਨ੍ਹਾਂ ਨੂੰ ਹਮੇਸ਼ਾ ਪ੍ਰੇਰਿਤ ਅਤੇ ਆਲੋਕਿਤ (ਰੌਸ਼ਨ) ਕਰਦੇ ਰਹਿਣਗੇ।  ਉਨ੍ਹਾਂ ਦੀ ਅਭੁੱਲ ਯਾਦ ਦਾ ਸਨਮਾਨ ਕਰਦੇ ਹੋਏ ਅਸੀਂ ਉਨ੍ਹਾਂ ਕਦਰਾਂ-ਕੀਮਤਾਂ ਨੂੰ ਮੂਰਤ ਰੂਪ ਦੇਣ (ਰੂਪਮਾਨ ਕਰਨ) ਲਈ ਪ੍ਰਤੀਬੱਧ ਹਾਂ। ਇਹ ਨਾ ਸਿਰਫ਼ ਉਨ੍ਹਾਂ ਨੂੰ ਨਿਮਰ ਸ਼ਰਧਾਂਜਲੀ ਹੋਵੇਗੀ, ਬਲਕਿ ਉਨ੍ਹਾਂ ਦੁਆਰਾ ਦੱਸੇ ਰਸਤੇ ‘ਤੇ ਚੱਲ ਕੇ ਰਾਸ਼ਟਰ ਨਿਰਮਾਣ ਅਤੇ ਰਾਸ਼ਟਰ ਕਲਿਆਣ ਦਾ ਮਾਰਗ ਵੀ ਪੱਧਰਾ ਹੋਵੇਗਾ।

 

************


ਡੀਐੱਸ/ਐੱਸਟੀ


(Release ID: 2007914) Visitor Counter : 75