ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦਾ 75ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ ਰਾਸ਼ਟਰ ਦੇ ਨਾਮ ਸੰਬੋਧਨ
Posted On:
25 JAN 2024 7:42PM by PIB Chandigarh
ਮੇਰੇ ਪਿਆਰੇ ਦੇਸ਼ਵਾਸੀਓ,
ਨਮਸਕਾਰ,
1. 75ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ ਮੈਂ ਤੁਹਾਨੂੰ ਸਾਰਿਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦੀ ਹਾਂ। ਜਦ ਮੈਂ ਪਿੱਛੇ ਮੁੜ ਕੇ ਦੇਖਦੀ ਹਾਂ ਕਿ ਵਿਪਰੀਤ ਹਾਲਾਤ ਦੇ ਬਾਵਜੂਦ ਅਸੀਂ ਕਿੰਨੀ ਲੰਬੀ ਯਾਤਰਾ ਕੀਤੀ ਹੈ, ਤਦ ਮੇਰਾ ਹਿਰਦੈ ਗਰਵ ਨਾਲ ਭਰ ਜਾਂਦਾ ਹੈ। ਸਾਡੇ ਗਣਤੰਤਰ ਦਾ 75ਵਾਂ ਸਾਲ ਕਈ ਮਾਅਨਿਆਂ ਵਿੱਚ, ਦੇਸ਼ ਦੀ ਯਾਤਰਾ ਵਿੱਚ ਇੱਕ ਇਤਿਹਾਸਿਕ ਪੜਾਅ ਹੈ। ਇਹ ਉਤਸਵ ਮਨਾਉਣ ਦਾ ਵਿਸ਼ੇਸ਼ ਮੌਕਾ ਹੈ, ਜਿਵੇਂ ਅਸੀਂ ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ ‘ਤੇ, "ਆਜ਼ਾਦੀ ਕਾ ਅੰਮ੍ਰਿਤ ਮਹੋਤਸਵ" ਦੇ ਦੌਰਾਨ ਆਪਣੇ ਦੇਸ਼ ਦੀ ਵਿਲੱਖਣ ਮਹਾਨਤਾ ਅਤੇ ਵਿਵਿਧਤਾਪੂਰਨ ਸੰਸਕ੍ਰਿਤੀ ਦਾ ਉਤਸਵ ਮਨਾਇਆ ਸੀ।
2. ਕੱਲ੍ਹ ਦੇ ਦਿਨ ਅਸੀਂ ਸੰਵਿਧਾਨ ਦੇ ਸ਼ੁਰੂ ਹੋਣ ਦਾ ਉਤਸਵ ਮਨਾਵਾਂਗੇ। ਸੰਵਿਧਾਨ ਦੀ ਪ੍ਰਸਤਾਵਨਾ "ਹਮ, ਭਾਰਤ ਕੇ ਲੋਗ", ਇਨ੍ਹਾਂ ਸ਼ਬਦਾਂ ਨਾਲ ਸ਼ੁਰੂ ਹੁੰਦੀ ਹੈ। ਇਹ ਸ਼ਬਦ, ਸਾਡੇ ਸੰਵਿਧਾਨ ਦੇ ਮੂਲ ਭਾਵ ਅਰਥਾਤ ਲੋਕਤੰਤਰ ਨੂੰ ਉਜਾਗਰ ਕਰਦੇ ਹਨ। ਭਾਰਤ ਦੀ ਲੋਕਰਾਜੀ ਵਿਵਸਥਾ, ਲੋਕਤੰਤਰ ਦੇ ਪੱਛਮੀ ਸੰਕਲਪ ਤੋਂ ਕਿਤੇ ਵਧੇਰੇ ਪ੍ਰਾਚੀਨ ਹੈ। ਇਸੇ ਲਈ ਭਾਰਤ ਨੂੰ "ਲੋਕਤੰਤਰ ਦੀ ਜਨਨੀ" ਕਿਹਾ ਜਾਂਦਾ ਹੈ।
3. ਇੱਕ ਲੰਬੇ ਅਤੇ ਕਠਿਨ ਸੰਘਰਸ਼ ਮਗਰੋਂ 15 ਅਗਸਤ, 1947 ਨੂੰ ਸਾਡਾ ਦੇਸ਼ ਵਿਦੇਸ਼ੀ ਸ਼ਾਸਨ ਤੋਂ ਮੁਕਤ ਹੋ ਗਿਆ। ਪਰ, ਉਸ ਸਮੇਂ ਵੀ, ਦੇਸ਼ ਵਿੱਚ ਸੁਸ਼ਾਸਨ ਅਤੇ ਦੇਸ਼ਵਾਸੀਆਂ ਵਿੱਚ ਮੌਜੂਦ ਸਮੱਰਥਾਵਾਂ ਅਤੇ ਪ੍ਰਤਿਭਾਵਾਂ ਨੂੰ ਖੁੱਲ੍ਹਾ ਵਿਸਤਾਰ ਦੇਣ ਲਈ ਉਪਯੁਕਤ ਬੁਨਿਆਦੀ ਸਿਧਾਂਤਾਂ ਅਤੇ ਪ੍ਰਕਿਰਿਆਵਾਂ ਨੂੰ ਸਵਰੂਪ ਪ੍ਰਦਾਨ ਕਰਨ ਲਈ ਕੰਮ ਚਲ ਹੀ ਰਿਹਾ ਸੀ। ਸੰਵਿਧਾਨ ਸਭਾ ਨੇ ਸੁਸ਼ਾਸਨ ਦੇ ਸਾਰੇ ਪਹਿਲੂਆਂ ਉੱਪਰ ਤਕਰੀਬਨ 3 ਸਾਲ ਤੱਕ ਵਿਆਪਕ ਚਰਚਾ ਕੀਤੀ ਅਤੇ ਸਾਡੇ ਰਾਸ਼ਟਰ ਦੇ ਮਹਾਨ ਅਧਾਰ ਵਾਲੇ ਗ੍ਰੰਥ, ਯਾਨੀ ਭਾਰਤ ਦੇ ਸੰਵਿਧਾਨ ਦੀ ਰਚਨਾ ਕੀਤੀ। ਅੱਜ ਦੇ ਦਿਨ ਅਸੀਂ ਸਾਰੇ ਦੇਸ਼ਵਾਸੀ ਉਨ੍ਹਾਂ ਦੂਰਦਰਸ਼ੀ ਜਨ-ਨਾਇਕਾਂ ਅਤੇ ਅਧਿਕਾਰੀਆਂ ਨੂੰ ਅਹਿਸਾਨਮੰਦ ਹੋ ਕੇ ਯਾਦ ਕਰਦੇ ਹਾਂ, ਜਿਨ੍ਹਾਂ ਨੇ ਸਾਡੇ ਵਿਸ਼ਾਲ ਅਤੇ ਪ੍ਰੇਰਕ ਸੰਵਿਧਾਨ ਦੇ ਨਿਰਮਾਣ ਵਿੱਚ ਅਣਮੁੱਲਾ ਯੋਗਦਾਨ ਦਿੱਤਾ ਸੀ।
4. ਸਾਡਾ ਦੇਸ਼ ਆਜ਼ਾਦੀ ਦੀ ਸ਼ਤਾਬਦੀ ਵੱਲ ਵਧਦੇ ਹੋਏ ਅੰਮ੍ਰਿਤਕਾਲ ਦੇ ਸ਼ੁਰੂਆਤੀ ਦੌਰ ਵਿਚੋਂ ਗੁਜਰ ਰਿਹਾ ਹੈ। ਇਹ ਇੱਕ ਕ੍ਰਾਂਤੀਕਾਰੀ ਪਰਿਵਰਤਨ ਦਾ ਕਾਲਖੰਡ ਹੈ। ਸਾਨੂੰ ਆਪਣੇ ਦੇਸ਼ ਨੂੰ ਨਵੀਆਂ ਬੁਲੰਦੀਆਂ ਤੱਕ ਲਿਜਾਣ ਦਾ ਸੁਨਹਿਰਾ ਮੌਕਾ ਮਿਲਿਆ ਹੈ। ਸਾਡੇ ਟੀਚਿਆਂ ਨੂੰ ਹਾਸਲ ਕਰਨ ਲਈ ਹਰ ਇੱਕ ਨਾਗਰਿਕ ਦਾ ਯੋਗਦਾਨ, ਮਹੱਤਵਪੂਰਨ ਹੋਵੇਗਾ। ਇਸ ਲਈ ਮੈਂ ਸਾਰੇ ਦੇਸ਼ਵਾਸੀਆਂ ਤੋਂ ਸੰਵਿਧਾਨ ਵਿੱਚ ਦਰਸਾਏ ਸਾਡੇ ਬੁਨਿਆਦੀ ਕਰਤੱਵਾਂ ਦਾ ਪਾਲਨ ਕਰਨ ਦੀ ਬੇਨਤੀ ਕਰਾਂਗੀ। ਇਹ ਕਰਤੱਵ, ਆਜ਼ਾਦੀ ਦੇ 100 ਸਾਲ ਪੂਰੇ ਹੋਣ ਤੱਕ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਦੀ ਦਿਸ਼ਾ ਵਿੱਚ, ਹਰ ਇੱਕ ਨਾਗਰਿਕ ਦੀ ਜ਼ਰੂਰੀ ਜ਼ਿੰਮੇਵਾਰੀ ਹੈ। ਇਸ ਸੰਦਰਭ ਵਿੱਚ ਮੈਨੂੰ ਮਹਾਤਮਾ ਗਾਂਧੀ ਦੀ ਯਾਦ ਆਉਂਦੀ ਹੈ। ਬਾਪੂ ਨੇ ਠੀਕ ਹੀ ਕਿਹਾ ਸੀ, "ਜਿਸ ਨੇ ਸਿਰਫ਼ ਅਧਿਕਾਰਾਂ ਨੂੰ ਚਾਹਿਆ ਹੈ, ਐਸੀ ਕੋਈ ਵੀ ਪ੍ਰਜਾ ਤਰੱਕੀ ਨਹੀਂ ਕਰ ਸਕੀ ਹੈ। ਕੇਵਲ ਉਹ ਹੀ ਪ੍ਰਜਾ ਵਿਕਾਸ ਕਰ ਸਕੀ ਹੈ, ਜਿਸ ਨੇ ਕਰਤੱਵਾਂ ਦਾ ਧਾਰਮਿਕ ਰੂਪ ਵਿੱਚ ਪਾਲਨ ਕੀਤਾ ਹੈ"।
ਮੇਰੇ ਪਿਆਰੇ ਦੇਸ਼ਵਾਸੀਓ,
5. ਗਣਤੰਤਰ ਦਿਵਸ, ਸਾਡੀਆਂ ਬੁਨਿਆਦੀ ਕਦਰਾਂ-ਕੀਮਤਾਂ ਅਤੇ ਸਿਧਾਂਤਾਂ ਨੂੰ ਯਾਦ ਕਰਨ ਦਾ ਇੱਕ ਮਹੱਤਵਪੂਰਨ ਮੌਕਾ ਹੈ। ਜਦ ਅਸੀਂ, ਉਨ੍ਹਾਂ ਵਿਚੋਂ ਕਿਸੇ ਇੱਕ ਬੁਨਿਆਦੀ ਸਿਧਾਂਤ ਉੱਪਰ ਚਿੰਤਨ ਕਰਦੇ ਹਾਂ, ਤਾਂ ਕੁਦਰਤੀ ਤੌਰ ‘ਤੇ ਬਾਕੀ ਸਾਰੇ ਸਿਧਾਂਤਾਂ ਉੱਪਰ ਵੀ ਸਾਡਾ ਧਿਆਨ ਜਾਂਦਾ ਹੈ। ਸੰਸਕ੍ਰਿਤੀ, ਮਾਨਤਾਵਾਂ ਅਤੇ ਪਰੰਪਰਾਵਾਂ ਦੀ ਵਿਵਿਧਤਾ, ਸਾਡੇ ਲੋਕਤੰਤਰ ਦਾ ਆਪਸ ਨਾਲ ਜੁੜਿਆ ਵਿਸਤਾਰ ਹੈ। ਸਾਡੀ ਵਿਵਿਧਤਾ ਦਾ ਇਹ ਉਤਸਵ, ਸਮਤਾ ਉੱਪਰ ਅਧਾਰਿਤ ਹੈ, ਜਿਸ ਨੂੰ ਨਿਆਂ ਦੁਆਰਾ ਸੰਭਾਲ਼ਿਆ ਜਾਂਦਾ ਹੈ। ਇਹ ਸਭ ਸੁਤੰਤਰਤਾ ਦੇ ਵਾਤਾਵਰਣ ਵਿੱਚ ਹੀ ਸੰਭਵ ਹੋ ਪਾਂਦਾ ਹੈ। ਇਨ੍ਹਾਂ ਕਦਰਾਂ-ਕੀਮਤਾਂ ‘ਤੇ ਸਿਧਾਂਤਾਂ ਦੀ ਇੱਕਰੂਪਤਾ ਹੀ ਸਾਡੀ ਭਾਰਤੀਅਤਾ ਦਾ ਅਧਾਰ ਹੈ। ਡਾਕਟਰ ਬੀ ਆਰ ਅੰਬੇਡਕਰ ਦੇ ਕੁਸ਼ਲ ਮਾਰਗ ਦਰਸ਼ਨ ਵਿੱਚ ਵਹਿ ਰਹੇ, ਇਨ੍ਹਾਂ ਬੁਨਿਆਦੀ ਜੀਵਨ ਕਦਰਾਂ ਕੀਮਤਾਂ ਅਤੇ ਸਿਧਾਂਤਾਂ ਵਿੱਚ ਰਚੀ-ਬਸੀ ਸੰਵਿਧਾਨ ਦੀ ਰੰਗਤ ਨੇ, ਹਰ ਤਰ੍ਹਾਂ ਦੇ ਭੇਦਭਾਵ ਨੂੰ ਖ਼ਤਮ ਕਰਨ ਲਈ ਸਮਾਜਿਕ ਨਿਆਂ ਦੇ ਮਾਰਗ ਉੱਪਰ ਸਾਨੂੰ ਅਡੋਲ ਬਣਾਏ ਰੱਖਿਆ ਹੈ।
6. ਮੈਂ ਇਹ ਜ਼ਿਕਰ ਕਰਨਾ ਚਾਹਾਂਗੀ ਕਿ ਸਮਾਜਿਕ ਨਿਆਂ ਲਈ ਲਗਾਤਾਰ ਸੰਘਰਸ਼ਸ਼ੀਲ ਰਹੇ, ਸ਼੍ਰੀ ਕਰਪੂਰੀ ਠਾਕੁਰ ਜੀ ਦੀ ਜਨਮ ਸ਼ਤਾਬਦੀ ਦਾ ਉਤਸਵ ਕੱਲ੍ਹ ਹੀ ਸੰਪੰਨ ਹੋਇਆ ਹੈ। ਕਰਪੂਰੀ ਜੀ ਪਿਛੜੇ ਵਰਗਾਂ ਦੇ ਸਭ ਤੋਂ ਮਹਾਨ ਹਮਾਇਤੀਆਂ ਵਿੱਚੋਂ ਇੱਕ ਸਨ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਉਨ੍ਹਾਂ ਦੇ ਕਲਿਆਣ ਲਈ ਸਮਰਪਿਤ ਕਰ ਦਿੱਤਾ ਸੀ। ਉਨ੍ਹਾਂ ਦੇ ਜੀਵਨ ਦਾ ਇੱਕ ਸੰਦੇਸ਼ ਸੀ। ਆਪਣੇ ਯੋਗਦਾਨ ਨਾਲ ਜਨਤਕ ਜੀਵਨ ਨੂੰ ਖੁਸ਼ਹਾਲ ਬਣਾਉਣ ਲਈ, ਮੈਂ ਕਰਪੂਰੀ ਜੀ ਨੂੰ ਆਪਣੀ ਸ਼ਰਧਾਂਜਲੀ ਅਰਪਿਤ ਕਰਦੀ ਹਾਂ।
7. ਸਾਡੇ ਸੰਵਿਧਾਨ ਦੀ ਮੂਲ ਭਾਵਨਾ ਤੋਂ ਇਕਜੁੱਟ ਹੋ ਕੇ 140 ਕਰੋੜ ਤੋਂ ਵੱਧ ਭਾਰਤਵਾਸੀ ਇੱਕ ਪਰਿਵਾਰ ਦੇ ਰੂਪ ਵਿੱਚ ਰਹਿੰਦੇ ਹਨ। ਦੁਨੀਆ ਦੇ ਸਭ ਤੋਂ ਵੱਡੇ ਇਸ ਪਰਿਵਾਰ ਦੇ ਲਈ ਸਹਿ-ਹੋਂਦ ਦੀ ਭਾਵਨਾ, ਭੂਗੋਲ ਦੁਆਰਾ ਥੋਪਿਆ ਗਿਆ ਬੋਝ ਨਹੀਂ ਹੈ, ਬਲਕਿ ਸਮੂਹਿਕ ਜਸ਼ਨ ਦਾ ਸਹਿਜ ਸੋਮਾ ਹੈ, ਜੋ ਸਾਡੇ ਗਣਤੰਤਰ ਦਿਵਸ ਦੇ ਜਸ਼ਨ ਵਿੱਚ ਝਲਕਦਾ ਹੈ।
8. ਇਸ ਹਫ਼ਤੇ ਦੇ ਸ਼ੁਰੂ ਵਿੱਚ ਅਸੀਂ ਸਾਰਿਆਂ ਨੇ ਅਯੁੱਧਿਆ ਵਿੱਚ ਪ੍ਰਭੁ ਸ਼੍ਰੀ ਰਾਮ ਦੇ ਜਨਮ ਅਸਥਾਨ ਉੱਪਰ ਬਣੇ ਸ਼ਾਨਦਾਰ ਮੰਦਿਰ ਵਿੱਚ ਸਥਾਪਿਤ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਦਾ ਇਤਿਹਾਸਿਕ ਸਮਾਗਮ ਦੇਖਿਆ। ਭਵਿੱਖ ਵਿੱਚ ਜਦ ਇਸ ਘਟਨਾ ਨੂੰ ਵਿਆਪਕ ਨਜ਼ਰੀਏ ਵਿੱਚ ਦੇਖਿਆ ਜਾਵੇਗਾ, ਤਦ ਇਤਿਹਾਸਕਾਰ ਭਾਰਤ ਦੁਆਰਾ ਆਪਣੀ ਸੱਭਿਅਤਾਗਤ ਵਿਰਾਸਤ ਦੀ ਲਗਾਤਾਰ ਖੋਜ ਵਿੱਚ ਕ੍ਰਾਂਤੀਕਾਰੀ ਆਯੋਜਨ ਦੇ ਰੂਪ ਵਿੱਚ ਇਸ ਦਾ ਵਿਚਾਰ ਕਰਨਗੇ। ਵਾਜਿਬ ਨਿਆਂ ਪ੍ਰਕਿਰਿਆ ਅਤੇ ਦੇਸ਼ ਦੇ ਉੱਚਤਮ ਅਦਾਲਤ ਦੇ ਫ਼ੈਸਲੇ ਮਗਰੋਂ ਮੰਦਿਰ ਦੇ ਨਿਰਮਾਣ ਦਾ ਕੰਮ ਸ਼ੁਰੂ ਹੋਇਆ। ਹੁਣ ਇਹ ਇੱਕ ਸ਼ਾਨਦਾਰ ਇਮਾਰਤ ਦੇ ਰੂਪ ਵਿੱਚ ਸ਼ੋਭਾਏਮਾਨ ਹੈ। ਇਹ ਮੰਦਿਰ ਨਾ ਸਿਰਫ਼ ਜਨ-ਜਨ ਦੀ ਆਸਥਾ ਨੂੰ ਵਿਅਕਤ ਕਰਦਾ ਹੈ, ਬਲਕਿ ਨਿਆਂ ਪ੍ਰਕਿਰਿਆ ਵਿੱਚ ਸਾਡੇ ਦੇਸ਼ਵਾਸੀਆਂ ਦੀ ਗੂੜ੍ਹੀ ਆਸਥਾ ਦਾ ਪ੍ਰਮਾਣ ਵੀ ਹੈ।
ਮੇਰੇ ਪਿਆਰੇ ਦੇਸ਼ਵਾਸੀਓ,
9. ਸਾਡੇ ਰਾਸ਼ਟਰੀ ਤਿਉਹਾਰ ਅਜਿਹੇ ਮਹੱਤਵਪੂਰਨ ਮੌਕੇ ਹੁੰਦੇ ਹਨ, ਜਦ ਅਸੀਂ ਪਿਛੋਕੜ ਉੱਪਰ ਵੀ ਝਾਤ ਮਾਰਦੇ ਹਾਂ ਅਤੇ ਭਵਿੱਖ ਵੱਲ ਵੀ ਦੇਖਦੇ ਹਾਂ। ਪਿਛਲੇ ਗਣਤੰਤਰ ਦਿਵਸ ਦੇ ਬਾਅਦ ਦੇ ਇੱਕ ਸਾਲ ਤੇ ਨਜ਼ਰ ਪਾਈਏ, ਤਾਂ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ। ਭਾਰਤ ਦੀ ਅਗਵਾਈ ਵਿੱਚ ਦਿੱਲੀ ‘ਚ ਜੀ-ਟਵੰਟੀ ਸਿਖਰ ਸੰਮੇਲਨ ਦਾ ਸਫ਼ਲ ਆਯੋਜਨ ਇੱਕ ਵਿਲੱਖਣ ਉਪਲਬਧੀ ਸੀ। ਜੀ-ਟਵੰਟੀ ਨਾਲ ਜੁੜੇ ਸਮਾਗਮਾਂ ਵਿੱਚ ਆਮ ਜਨ ਦੀ ਭਾਗੀਦਾਰੀ ਖ਼ਾਸ ਤੌਰ ‘ਤੇ ਜ਼ਿਕਰਯੋਗ ਹੈ। ਇਨ੍ਹਾਂ ਸਮਾਗਮਾਂ ਵਿੱਚ ਵਿਚਾਰਾਂ ਅਤੇ ਸੁਝਾਵਾਂ ਦਾ ਪ੍ਰਵਾਹ ਉੱਪਰ ਤੋਂ ਥੱਲ੍ਹੇ ਵੱਲ ਨਹੀਂ, ਬਲਕਿ ਥੱਲੇ ਤੋਂ ਉੱਪਰ ਵੱਲ ਸੀ। ਉਸ ਸ਼ਾਨਦਾਰ ਆਯੋਜਨ ਤੋਂ ਇਹ ਸਿੱਖਿਆ ਵੀ ਮਿਲੀ ਹੈ, ਕਿ ਆਮ ਨਾਗਰਿਕ ਨੂੰ ਵੀ ਅਜਿਹੇ ਗਹਿਰੇ ਅਤੇ ਅੰਤਰਰਾਸ਼ਟਰੀ ਮਹੱਤਵ ਦੇ ਮੁੱਦਿਆਂ ਵਿੱਚ ਭਾਗੀਦਾਰ ਬਣਾਇਆ ਜਾ ਸਕਦਾ ਹੈ, ਜਿਸ ਦਾ ਪ੍ਰਭਾਵ ਆਖਿਰ ਉਨ੍ਹਾਂ ਦੇ ਆਪਣੇ ਭਵਿੱਖ ਉੱਪਰ ਪੈਂਦਾ ਹੈ। ਜੀ-ਟਵੰਟੀ ਸਿਖ਼ਰ ਸੰਮੇਲਨ ਦੇ ਮਾਧਿਅਮ ਰਾਹੀਂ ਗਲੋਬਲ ਸਾਊਥ ਦੀ ਆਵਾਜ਼ ਦੇ ਰੂਪ ਵਿੱਚ ਭਾਰਤ ਦੇ ਉੱਭਰਨ ਨੂੰ ਵੀ ਹੁਲਾਰਾ ਮਿਲਿਆ, ਜਿਸ ਨਾਲ ਅੰਤਰਰਾਸ਼ਟਰੀ ਸੰਵਾਦ ਦੀ ਪ੍ਰਕਿਰਿਆ ਵਿੱਚ ਇੱਕ ਜ਼ਰੂਰੀ ਤੱਤ ਦਾ ਸਮਾਵੇਸ਼ ਹੋਇਆ।
10. ਜਦ ਸੰਸਦ ਨੇ ਇਤਿਹਾਸਿਕ ਮਹਿਲਾ ਰਾਖਵਾਂਕਰਣ ਬਿਲ ਪਾਸ ਕੀਤਾ ਤਾਂ ਸਾਡਾ ਦੇਸ਼, ਇਸਤਰੀ-ਪੁਰਸ਼ ਸਮਾਨਤਾ ਦੇ ਆਦਰਸ਼ ਵੱਲ ਅੱਗੇ ਵਧਿਆ। ਮੇਰਾ ਮੰਨਣਾ ਹੈ ਕਿ "ਨਾਰੀ ਸ਼ਕਤੀ ਵੰਦਨ ਅਧਿਨਿਯਮ", ਮਹਿਲਾ ਸਸ਼ਕਤੀਕਰਣ ਦਾ ਇੱਕ ਕ੍ਰਾਂਤੀਕਾਰੀ ਮਾਧਿਅਮ ਸਾਬਤ ਹੋਵੇਗਾ। ਇਸ ਨਾਲ ਸਾਡੇ ਸ਼ਾਸਨ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਵਿੱਚ ਬਹੁਤ ਮਦਦ ਮਿਲੇਗੀ। ਜਦ ਸਮੂਹਿਕ ਮਹੱਤਵ ਦੇ ਮੁੱਦਿਆਂ ਉੱਪਰ ਮਹਿਲਾਵਾਂ ਦੀ ਭਾਗੀਦਾਰੀ ਵਧੇਗੀ, ਤਦ ਸਾਡੀ ਪ੍ਰਸ਼ਾਸਨਿਕ ਪ੍ਰਾਥਮਿਕਤਾਵਾਂ ਦਾ ਜਨਤਾ ਦੀਆਂ ਜ਼ਰੂਰਤਾਂ ਦੇ ਨਾਲ ਬਿਹਤਰ ਤਾਲਮੇਲ ਬਣੇਗਾ।
11. ਇਸੇ ਮਿਆਦ ਵਿੱਚ ਭਾਰਤ, ਚੰਦਰਮਾ ਦੇ ਦੱਖਣੀ ਧਰੁਵ ਦੇ ਖੇਤਰ ਉੱਪਰ ਉਤਰਣ ਵਾਲਾ ਪਹਿਲਾ ਦੇਸ਼ ਬਣਿਆ। ਚੰਦਰਯਾਨ-3 ਦੇ ਬਾਅਦ ਇਸਰੋ ਨੇ ਇੱਕ ਸੌਰ ਮਿਸ਼ਨ ਵੀ ਸ਼ੁਰੂ ਕੀਤਾ। ਹਾਲ ਹੀ ਵਿੱਚ ਅਦਿੱਤਯ-ਐੱਲ-ਵੰਨ ਨੂੰ ਸਫ਼ਲਤਾਪੂਰਵਕ "ਹੈਲੋ ਔਰਬਿਟ" ਵਿੱਚ ਸਥਾਪਿਤ ਕੀਤਾ ਗਿਆ ਹੈ। ਭਾਰਤ ਨੇ ਆਪਣੇ ਪਹਿਲੇ ਐਕਸ-ਰੇ ਪੋਲਾਰੀਮੀਟਰ ਸੈਟੇਲਾਈਟ, ਜਿਸ ਨੂੰ ਐਕਸਪੋਸੈੱਟ ਕਿਹਾ ਜਾਂਦਾ ਹੈ, ਦੇ ਪਰੀਖਣ ਦੇ ਨਾਲ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਹੈ। ਇਹ ਸੈਟੇਲਾਈਟ, ਪੁਲਾੜ ਦੇ "ਬਲੈਕਹੋਲ" ਵਰਗੇ ਭੇਤਾਂ ਦਾ ਅਧਿਐਨ ਕਰੇਗਾ। ਸਾਲ 2024 ਦੇ ਦੌਰਾਨ ਹੋਰ ਕਈ ਪੁਲਾੜ ਅਭਿਯਾਨਾਂ ਦੀ ਯੋਜਨਾ ਬਣਾਈ ਗਈ ਹੈ। ਇਹ ਖੁਸ਼ੀ ਦਾ ਵਿਸ਼ਾ ਹੈ ਕਿ ਭਾਰਤ ਦੀ ਪੁਲਾੜ ਯਾਤਰਾ ਵਿੱਚ ਕਈ ਨਵੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਜਾਣ ਵਾਲੀਆਂ ਹਨ। ਸਾਡੇ ਪਹਿਲੇ ਮਾਨਵ ਪੁਲਾੜ ਉਡਾਣ ਪ੍ਰੋਗਰਾਮ, "ਗਗਨਯਾਨ ਮਿਸ਼ਨ" ਦੀ ਤਿਆਰੀ ਸੁਚੱਜੇ ਢੰਗ ਨਾਲ ਅੱਗੇ ਵੱਧ ਰਹੀ ਹੈ। ਸਾਨੂੰ ਆਪਣੇ ਵਿਗਿਆਨੀਆਂ ਅਤੇ ਟੈਕਨੋਲੋਜੀ ਮਾਹਿਰਾਂ ਉੱਪਰ ਸਦਾ ਮਾਣ ਰਿਹਾ ਹੈ, ਪਰ ਹੁਣ ਇਹ ਪਹਿਲਾਂ ਤੋਂ ਕਿਤੇ ਵੱਧ ਉੱਚੇ ਲਕਸ਼ ਤੈਅ ਕਰ ਰਹੇ ਨੇ ਅਤੇ ਉਨ੍ਹਾਂ ਦੇ ਮੁਤਾਬਿਕ ਨਤੀਜੇ ਵੀ ਹਾਸਲ ਕਰ ਰਹੇ ਨੇ। ਭਾਰਤ ਦੇ ਪੁਲਾੜ ਪ੍ਰੋਗਰਾਮ ਦਾ ਮੰਤਵ, ਸਮੁੱਚੀ ਮਾਨਵਤਾ ਦੇ ਕਲਿਆਣ ਲਈ ਵਿਗਿਆਨ ਅਤੇ ਟੈਕਨੋਲੋਜੀ ਦੀ ਭੂਮਿਕਾ ਨੂੰ ਹੋਰ ਵੱਧ ਵਿਸਤਾਰ ਅਤੇ ਗਹਿਰਾਈ ਪ੍ਰਦਾਨ ਕਰਨਾ ਹੈ। ਇਸਰੋ ਦੇ ਪ੍ਰੋਗਰਾਮ ਪ੍ਰਤੀ ਦੇਸ਼ਵਾਸੀਆਂ ਵਿੱਚ ਜੋ ਉਤਸ਼ਾਹ ਦਿਖਾਈ ਦਿੰਦਾ ਹੈ, ਉਸ ਨਾਲ ਨਵੀਆਂ ਆਸ਼ਾਵਾਂ ਦਾ ਸੰਚਾਰ ਹੋ ਰਿਹਾ ਹੈ। ਪੁਲਾੜ ਵਿਗਿਆਨ ਦੇ ਖੇਤਰ ਵਿੱਚ ਨਵੀਆਂ ਉਪਲਬਧੀਆਂ ਹਨ, ਯੁਵਾ ਪੀੜ੍ਹੀ ਦੀ ਕਲਪਨਾ ਸ਼ਕਤੀ ਨੂੰ ਨਵੇਂ ਖੰਭ ਦਿੱਤੇ ਹਨ। ਮੈਨੂੰ ਯਕੀਨ ਹੈ, ਕਿ ਸਾਡੇ ਬੱਚਿਆਂ ਅਤੇ ਨੌਜਵਾਨਾਂ ਵਿੱਚ ਵੱਡੇ ਪੈਮਾਨੇ ਉੱਪਰ, ਵਿਗਿਆਨ ਪ੍ਰਤੀ ਰੁਝਾਨ ਵਧੇਗਾ ਅਤੇ ਉਨ੍ਹਾਂ ਵਿੱਚ ਵਿਗਿਆਨਕ ਦ੍ਰਿਸ਼ਟੀਕੋਣ ਵਿਕਸਿਤ ਹੋਵੇਗਾ। ਪੁਲਾੜ ਵਿਗਿਆਨ ਦੀਆਂ ਇਨ੍ਹਾਂ ਉਪਲਬਧੀਆਂ ਨਾਲ ਨੌਜਵਾਨਾਂ, ਖਾਸ ਕਰਕੇ ਯੁਵਾ ਮਹਿਲਾਵਾਂ ਨੂੰ ਇਹ ਪ੍ਰੇਰਣਾ ਮਿਲੇਗੀ ਕਿ ਉਹ, ਵਿਗਿਆਨ ਅਤੇ ਟੈਕਨੋਲੋਜੀ ਨੂੰ ਆਪਣਾ ਕਾਰਜ ਖੇਤਰ ਬਣਾਉਣ।
ਮੇਰੇ ਪਿਆਰੇ ਦੇਸ਼ਵਾਸੀਓ,
12. ਅੱਜ ਦਾ ਭਾਰਤ ਆਤਮ ਵਿਸ਼ਵਾਸ ਨਾਲ ਅੱਗੇ ਵਧ ਰਿਹਾ ਹੈ। ਮਜ਼ਬੂਤ ਅਤੇ ਸਵਸਥ ਅਰਥਵਿਵਸਥਾ ਇਸ ਆਤਮਵਿਸ਼ਵਾਸ ਦਾ ਕਾਰਨ ਵੀ ਹੈ ਅਤੇ ਨਤੀਜਾ ਵੀ। ਹਾਲ ਦੇ ਸਾਲਾਂ ਵਿੱਚ ਕੁੱਲ ਘਰੇਲੂ ਉਤਪਾਦ ਦੀ ਸਾਡੀ ਵਿਕਾਸ ਦਰ ਪ੍ਰਮੁੱਖ ਅਰਥਵਿਵਸਥਾਵਾਂ ਵਿੱਚੋਂ ਸਭ ਤੋਂ ਵੱਧ ਰਹੀ ਹੈ। ਠੋਸ ਅੰਕੜਿਆਂ ਦੇ ਅਧਾਰ ‘ਤੇ ਸਾਨੂੰ ਪੂਰਾ ਯਕੀਨ ਹੈ ਕਿ ਇਹ ਅਸਾਧਾਰਣ ਪ੍ਰਦਰਸ਼ਨ ਸਾਲ 2024 ਅਤੇ ਉਸ ਮਗਰੋਂ ਵੀ ਜਾਰੀ ਰਹੇਗਾ। ਇਹ ਗੱਲ ਮੈਨੂੰ ਵਿਸ਼ੇਸ਼ ਤੌਰ ‘ਤੇ ਜ਼ਿਕਰਯੋਗ ਲਗਦੀ ਹੈ, ਕਿ ਜਿਸ ਦੂਰਗਾਮੀ ਯੋਜਨਾ ਦ੍ਰਿਸ਼ਟੀ ਨਾਲ ਅਰਥਵਿਵਸਥਾ ਨੂੰ ਰਫ਼ਤਾਰ ਹਾਸਲ ਹੋਈ ਹੈ, ਉਸ ਦੇ ਤਹਿਤ ਵਿਕਾਸ ਨੂੰ ਹਰ ਦ੍ਰਿਸ਼ਟੀ ਨਾਲ ਸਮਾਵੇਸ਼ੀ ਬਣਾਉਣ ਲਈ ਸੁਚੱਜੇ ਢੰਗ ਨਾਲ ਵਿਚਾਰੇ ਹੋਏ ਜਨ ਕਲਿਆਣ ਅਭਿਯਾਨਾਂ ਨੂੰ ਵੀ ਹੁਲਾਰਾ ਦਿੱਤਾ ਗਿਆ ਹੈ। ਮਹਾਮਾਰੀ ਦੇ ਦਿਨਾਂ ਵਿੱਚ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਮੁਫ਼ਤ ਅਨਾਜ ਮੁਹੱਈਆ ਕਰਵਾਉਣ ਲਈ ਲਾਗੂ ਯੋਜਨਾਵਾਂ ਦਾ ਦਾਇਰਾ ਸਰਕਾਰ ਨੇ ਵਧਾ ਦਿੱਤਾ ਸੀ। ਬਾਅਦ ਵਿੱਚ ਕਮਜ਼ੋਰ ਵਰਗਾਂ ਦੀ ਆਬਾਦੀ ਨੂੰ ਸੰਕਟ ਤੋਂ ਉਭਾਰਨ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ ਇਨ੍ਹਾਂ ਕਲਿਆਣਕਾਰੀ ਯੋਜਨਾਵਾਂ ਨੂੰ ਜਾਰੀ ਰੱਖਿਆ ਗਿਆ। ਇਸ ਪਹਿਲ ਨੂੰ ਹੋਰ ਵਧੇਰੇ ਵਿਸਤਾਰ ਦਿੰਦੇ ਹੋਏ, ਸਰਕਾਰ ਨੇ 81 ਕਰੋੜ ਤੋਂ ਵਧ ਲੋਕਾਂ ਨੂੰ ਅਗਲੇ ਪੰਜ ਸਾਲ ਤੱਕ ਮੁਫ਼ਤ ਅਨਾਜ ਮੁਹੱਈਆ ਕਰਵਾਉਣ ਦਾ ਫ਼ੈਸਲਾ ਲਿਆ ਹੈ। ਸੰਭਵ ਤੌਰ ‘ਤੇ ਇਤਿਹਾਸ ਵਿੱਚ ਇਹ ਆਪਣੀ ਤਰ੍ਹਾਂ ਦਾ ਸਭ ਤੋਂ ਵੱਡਾ ਜਨ ਕਲਿਆਣ ਪ੍ਰੋਗਰਾਮ ਹੈ।
13. ਨਾਲ ਹੀ, ਸਾਰੇ ਨਗਾਰਿਕਾਂ ਦੇ ਜੀਵਨ ਨੂੰ ਸੁਖਾਲਾ ਬਣਾਉਣ ਲਈ ਕਈ ਸਮਾਂਬੱਧ ਯੋਜਨਾਵਾਂ ਵੀ ਅਮਲ ਵਿੱਚ ਲਿਆਂਦੀਆਂ ਜਾ ਰਹੀਆਂ ਹਨ। ਘਰ ਵਿੱਚ ਸੁਰੱਖਿਅਤ ਅਤੇ ਲੋੜੀਂਦੇ ਪੀਣ ਵਾਲੇ ਪਾਣੀ ਦੀ ਉਪਲਬਧਤਾ ਤੋਂ ਲੈ ਕੇ ਆਪਣਾ ਘਰ ਹੋਣ ਦੇ ਸੁਰੱਖਿਆਜਨਕ ਅਨੁਭਵ ਤੱਕ, ਇਹ ਸਾਰੀਆਂ ਬੁਨਿਆਦੀ ਘੱਟੋ-ਘੱਟ ਜ਼ਰੂਰਤਾਂ ਹਨ, ਨਾ ਕਿ ਖ਼ਾਸ ਸੁਵਿਧਾਵਾਂ। ਇਹ ਮੁੱਦੇ, ਕਿਸੇ ਵੀ ਸਿਆਸੀ ਜਾਂ ਆਰਥਿਕ ਵਿਚਾਰਧਾਰਾ ਤੋਂ ਪਰ੍ਹੇ ਹਨ ਅਤੇ ਇਨ੍ਹਾਂ ਨੂੰ ਮਾਨਵੀ ਦ੍ਰਿਸ਼ਟੀਕੋਣ ਨਾਲ ਹੀ ਦੇਖਿਆ ਜਾਣਾ ਚਾਹੀਦਾ ਹੈ। ਸਰਕਾਰ ਨੇ, ਕੇਵਲ ਜਨ-ਕਲਿਆਣ ਯੋਜਨਾਵਾਂ ਦਾ ਵਿਸਤਾਰ ਅਤੇ ਰੱਖ-ਰਖਾਅ ਹੀ ਨਹੀਂ ਕੀਤਾ ਹੈ, ਬਲਕਿ ਜਨ ਕਲਿਆਣ ਦੀ ਅਵਧਾਰਨਾ ਨੂੰ ਵੀ ਨਵਾਂ ਅਰਥ ਪ੍ਰਦਾਨ ਕੀਤਾ ਹੈ। ਅਸੀਂ ਸਾਰੇ ਉਸ ਦਿਨ ਗਰਵ ਦਾ ਅਨੁਭਵ ਕਰਾਂਗੇ ਜਦ ਭਾਰਤ ਅਜਿਹੇ ਕੁਝ ਦੇਸ਼ਾਂ ਵਿੱਚ ਸ਼ਾਮਲ ਹੋ ਜਾਵੇਗਾ, ਜਿੱਥੇ ਸ਼ਾਇਦ ਹੀ ਕੋਈ ਬੇਘਰ ਹੋਵੇ। ਸਮਾਵੇਸ਼ੀ ਕਲਿਆਣ ਦੀ ਅਜਿਹੀ ਸੋਚ ਦੇ ਨਾਲ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਡਿਜੀਟਲ ਵੰਡ ਨੂੰ ਪੂਰਨ ਅਤੇ ਵਾਂਝੇ ਵਰਗ ਦੇ ਵਿਦਿਆਰਥੀਆਂ ਦੇ ਹਿਤ ਵਿੱਚ, ਸਮਾਨਤਾ ਉੱਪਰ ਅਧਾਰਿਤ ਸਿੱਖਿਆ ਵਿਵਸਥਾ ਦੇ ਨਿਰਮਾਣ ਨੂੰ ਸਮੁੱਚਿਤ ਪਹਿਲ ਦਿੱਤੀ ਜਾ ਰਹੀ ਹੈ। "ਆਯੁਸ਼ਮਾਨ ਭਾਰਤ ਯੋਜਨਾ" ਦੇ ਵਿਸਤਾਰਿਤ ਸੁਰੱਖਿਆ ਕਵਚ ਤਹਿਤ ਸਾਰੇ ਲਾਭਾਰਥੀਆਂ ਨੂੰ ਸ਼ਾਮਲ ਕਰਨ ਦਾ ਟੀਚਾ ਹੈ। ਇਸ ਸੁਰੱਖਿਆ ਨਾਲ ਗ਼ਰੀਬ ਅਤੇ ਕਮਜ਼ੋਰ ਵਰਗਾਂ ਦੇ ਲੋਕਾਂ ਵਿੱਚ ਇੱਕ ਬਹੁਤ ਵੱਡਾ ਵਿਸ਼ਵਾਸ ਜਗਿਆ ਹੈ।
14. ਸਾਡੇ ਖਿਡਾਰੀਆਂ ਨੇ ਅੰਤਰਰਾਸ਼ਟਰੀ ਮੰਚਾਂ ‘ਤੇ ਭਾਰਤ ਦਾ ਮਾਣ ਵਧਾਇਆ ਹੈ। ਪਿਛਲੇ ਸਾਲ ਆਯੋਜਿਤ ਏਸ਼ਿਆਈ ਖੇਡਾਂ ਵਿੱਚ, ਅਸੀਂ 107 ਤਮਗਿਆਂ ਦੇ ਨਵੇਂ ਕੀਰਤੀਮਾਨ ਦੇ ਨਾਲ ਇਤਿਹਾਸ ਰਚਿਆ ਅਤੇ ਏਸ਼ਿਆਈ ਪੈਰਾ ਖੇਡਾਂ ਵਿੱਚ ਅਸੀਂ 111 ਤਮਗੇ ਜਿੱਤੇ। ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਮਹਿਲਾਵਾਂ, ਸਾਡੀ ਤਮਗਾ-ਸੂਚੀ ਵਿੱਚ ਬਹੁਤ ਪ੍ਰਭਾਵਸ਼ਾਲੀ ਯੋਗਦਾਨ ਦੇ ਰਹੀਆਂ ਹਨ। ਸਾਡੇ ਸ੍ਰੇਸ਼ਟ ਖਿਡਾਰੀਆਂ ਦੀ ਸਫ਼ਲਤਾ ਨਾਲ ਬੱਚਿਆਂ ਨੂੰ ਵੱਖ-ਵੱਖ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਣਾ ਮਿਲੀ ਹੈ, ਜਿਸ ਨਾਲ ਉਨ੍ਹਾਂ ਦਾ ਆਤਮਵਿਸ਼ਵਾਸ ਬਹੁਤ ਵਧਿਆ ਹੈ। ਮੈਨੂੰ ਯਕੀਨ ਹੈ ਕਿ ਨਵੇਂ ਆਤਮਵਿਸ਼ਵਾਸ ਨਾਲ ਭਰੇ ਸਾਡੇ ਖਿਡਾਰੀ, ਆਗਾਮੀ ਪੈਰਿਸ ਓਲੰਪਿਕ ਵਿੱਚ ਹੋਰ ਵੀ ਚੰਗਾ ਪ੍ਰਦਰਸ਼ਨ ਕਰਨਗੇ।
ਪਿਆਰੇ ਦੇਸ਼ਵਾਸੀਓ,
15. ਹਾਲ ਦੇ ਦੌਰ ਵਿੱਚ ਵਿਸ਼ਵ ਵਿੱਚ ਅਨੇਕ ਥਾਂਵਾਂ ਉੱਪਰ ਲੜਾਈਆਂ ਹੋ ਰਹੀਆਂ ਹਨ ਅਤੇ ਦੁਨੀਆ ਦੇ ਬਹੁਤ ਸਾਰੇ ਹਿੱਸੇ ਹਿੰਸਾ ਨਾਲ ਪੀੜਿਤ ਹਨ। ਜਦ ਦੋ ਆਪਸੀ ਵਿਰੋਧੀ ਧਿਰਾਂ ਵਿੱਚੋਂ ਹਰੇਕ ਮੰਨਦਾ ਹੈ ਕਿ ਸਿਰਫ਼ ਉਸੇ ਦੀ ਗੱਲ ਸਹੀ ਹੈ ਅਤੇ ਦੂਸਰੇ ਦੀ ਗੱਲ ਗਲਤ ਹੈ, ਤਾਂ ਅਜਿਹੇ ਹਾਲਾਤ ਵਿੱਚ ਹੱਲ ਵਾਲੇ ਤਰਕ ਦੇ ਅਧਾਰ ਉੱਪਰ ਹੀ ਅੱਗੇ ਵਧਣਾ ਚਾਹੀਦਾ ਹੈ। ਬਦਕਿਸਮਤੀ ਨਾਲ, ਤਰਕ ਦੀ ਥਾਂ ਉੱਪਰ, ਆਪਸੀ ਡਰ ‘ਤੇ ਪੱਖਪਾਤ ਦੀ ਭਾਵਨਾ ਨੂੰ ਹੁਲਾਰਾ ਦਿੱਤਾ ਹੈ, ਜਿਸ ਦੇ ਕਾਰਨ ਲਗਾਤਾਰ ਹਿੰਸਾ ਹੋ ਰਹੀ ਹੈ। ਵੱਡੇ ਪੈਮਾਨੇ ਉੱਪਰ ਮਨੁੱਖੀ ਤ੍ਰਾਸਦੀਆਂ ਦੀਆਂ ਅਨੇਕ ਦੁਖਦ ਘਟਨਾਵਾਂ ਹੋਈਆਂ ਹਨ, ਅਤੇ ਅਸੀਂ ਸਾਰੇ ਇਸ ਮਨੁੱਖੀ ਪੀੜਾਂ ਨਾਲ ਅਤਿਅੰਤ ਦੁਖੀ ਹਾਂ। ਅਜਿਹੇ ਹਾਲਾਤ ਵਿੱਚ ਸਾਨੂੰ ਭਗਵਾਨ ਬੁੱਧ ਦੇ ਸ਼ਬਦਾਂ ਦੀ ਯਾਦ ਆਉਂਦੀ ਹੈ:
ਨ ਹਿ ਵੇਰੇਨ ਵੇਰਾਨਿ, ਸੰਮਨਤੀਧ ਕੁਦਾਚਨਮ੍।
ਅਵੇਰੇਨ ਚ ਸੰਮੰਤਿ, ਏਸ ਧੰਮੋ ਸਨਨਤਨੋ।
(न हि वेरेन वेरानि, सम्मन्तीध कुदाचनम्
अवेरेन च सम्मन्ति, एस धम्मो सनन्तनो)
ਇਸ ਦਾ ਭਾਵ ਅਰਥ ਹੈ : "ਇੱਥੇ ਕਦੀ ਵੀ ਦੁਸ਼ਮਣੀ ਨੂੰ ਦੁਸ਼ਮਣੀ ਦੇ ਮਾਧਿਅਮ ਨਾਲ ਸ਼ਾਂਤ ਨਹੀਂ ਕੀਤਾ ਜਾਂਦਾ ਹੈ, ਬਲਕਿ ਗ਼ੈਰ-ਦੁਸ਼ਮਣੀ ਦੇ ਮਾਧਿਅਮ ਨਾਲ ਸ਼ਾਂਤ ਕੀਤਾ ਜਾਂਦਾ ਹੈ। ਇਹੋ ਸ਼ਾਸ਼ਵਤ ਨਿਯਮ ਹੈ।"
16. ਵਰਧਮਾਨ ਮਹਾਵੀਰ ਅਤੇ ਸਮਰਾਟ ਅਸ਼ੋਕ ਤੋਂ ਲੈ ਕੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਤੱਕ, ਭਾਰਤ ਨੇ ਹਮੇਸ਼ਾ ਇੱਕ ਉਦਾਹਰਣ ਪੇਸ਼ ਕੀਤੀ ਹੈ, ਕਿ ਅਹਿੰਸਾ ਸਿਰਫ਼ ਇੱਕ ਆਦਰਸ਼ ਮਾਤਰ ਨਹੀਂ ਹੈ ਜਿਸ ਨੂੰ ਹਾਸਲ ਕਰਨਾ ਮੁਸ਼ਕਿਲ ਹੋਵੇ, ਬਲਕਿ ਇਹ ਇੱਕ ਸਪਸ਼ਟ ਸੰਭਾਵਨਾ ਹੈ। ਇਹੀ ਨਹੀਂ, ਬਲਕਿ ਅਨੇਕ ਲੋਕਾਂ ਲਈ ਇਹ ਇੱਕ ਜੀਵੰਤ ਯਥਾਰਥ ਹੈ। ਅਸੀਂ ਸਾਰੇ ਆਸ ਕਰਦੇ ਹਾਂ, ਕਿ ਸੰਘਰਸ਼ਾਂ ਵਿੱਚ ਉਲਝੇ ਖੇਤਰਾਂ ਵਿੱਚ, ਉਨ੍ਹਾਂ ਸੰਘਰਸ਼ਾਂ ਨੂੰ ਸੁਲਝਾਉਣ ਅਤੇ ਸ਼ਾਂਤੀ ਸਥਾਪਿਤ ਕਰਨ ਦੇ ਮਾਰਗ ਖੋਜ ਲਏ ਜਾਣਗੇ।
17. ਵੈਸ਼ਵਿਕ ਵਾਤਾਵਰਣ ਸੰਕਟ ਤੋਂ ਉੱਭਰਨ ਵਿੱਚ ਵੀ ਭਾਰਤ ਦਾ ਪ੍ਰਾਚੀਨ ਗਿਆਨ ਵਿਸ਼ਵ ਭਾਈਚਾਰੇ ਦਾ ਮਾਰਗਦਰਸ਼ਨ ਕਰ ਸਕਦਾ ਹੈ। ਭਾਰਤ ਨੂੰ ਊਰਜਾ ਦੇ ਅਖੁੱਟ ਸੋਮਿਆਂ ਨੂੰ ਹੁਲਾਰਾ ਦੇਣ ਵਿੱਚ ਮੋਹਰੀ ਯੋਗਦਾਨ ਦਿੰਦੇ ਹੋਏ ਅਤੇ ਗਲੋਬਲ ਕਲਾਇਮੈਂਟ ਐਕਸ਼ਨ ਨੂੰ ਅਗਵਾਈ ਪ੍ਰਦਾਨ ਕਰਦੇ ਹੋਏ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ। ਭਾਰਤ ਨੇ, ਵਾਤਾਵਰਣ ਪ੍ਰਤੀ ਸੁਚੇਤ ਜੀਵਨ ਸ਼ੈਲੀ ਅਪਣਾਉਣ ਲਈ ਲਾਈਫ ਮੂਵਮੈਂਟ ਸ਼ੁਰੂ ਕੀਤਾ ਹੈ। ਸਾਡੇ ਦੇਸ਼ ਵਿੱਚ ਜਲਵਾਯੂ ਤਬਦੀਲੀ ਦੇ ਮੁੱਦੇ ਦਾ ਸਾਹਮਣਾ ਕਰਨ ਵਿੱਚ ਵਿਅਕਤੀਗਤ ਵਿਵਹਾਰ-ਪਰਿਵਰਤਨ ਨੂੰ ਪਹਿਲ ਦਿੱਤੀ ਜਾ ਰਹੀ ਹੈ ਅਤੇ ਵਿਸ਼ਵ ਭਾਈਚਾਰੇ ਦੁਆਰਾ ਇਸ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਹਰ ਥਾਂ ਦੇ ਨਿਵਾਸੀ ਆਪਣੀ ਜੀਵਨਸ਼ੈਲੀ ਨੂੰ ਕੁਦਰਤ ਦੇ ਮੁਤਾਬਕ ਢਾਲ ਕੇ ਆਪਣਾ ਯੋਗਦਾਨ ਦੇ ਸਕਦੇ ਹਨ ਅਤੇ ਉਨ੍ਹਾਂ ਨੂੰ ਅਜਿਹਾ ਕਰਨਾ ਹੀ ਚਾਹੀਦਾ ਹੈ। ਇਸ ਨਾਲ, ਨਾ ਸਿਰਫ਼ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰਿਥਵੀ ਦਾ ਰੱਖ ਰਖਾਅ ਕਰਨ ਵਿੱਚ ਸਹਾਇਤਾ ਮਿਲੇਗੀ ਬਲਕਿ, ਜੀਵਨ ਦੀ ਗੁਣਵੱਤਾ ਵੀ ਵਧੇਗੀ।
ਪਿਆਰੇ ਦੇਸ਼ਵਾਸੀਓ,
18. ਸਾਡੀ ਆਜ਼ਾਦੀ ਦੇ 100 ਵਰ੍ਹੇ ਪੂਰੇ ਹੋਣ ਤੱਕ ਦੀ, ਅੰਮ੍ਰਿਤ ਕਾਲ ਦੀ ਮਿਆਦ ਦੌਰਾਨ ਵਿਲੱਖਣ ਤਕਨੀਕੀ ਪਰਿਵਰਤਨ ਵੀ ਹੋਣ ਜਾ ਰਹੇ ਹਨ। ਆਰਟੀਫਿਸ਼ਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਵਰਗੇ ਤਕਨੀਕੀ ਬਦਲਾਅ, ਅਸਾਧਾਰਣ ਗਤੀ ਦੇ ਨਾਲ, ਸੁਰਖੀਆਂ ਤੋਂ ਬਾਹਰ ਆ ਕੇ, ਸਾਡੇ ਰੋਜ਼ਾਨਾ ਜੀਵਨ ਦਾ ਅੰਗ ਬਣ ਗਏ ਹਨ। ਕਈ ਖੇਤਰਾਂ ਵਿੱਚ ਭਵਿੱਖ ਨਾਲ ਜੁੜੇ ਖਦਸ਼ੇ ਚਿੰਤਤ ਕਰਦੇ ਹਨ, ਪਰ ਅਨੇਕ ਉਤਸ਼ਾਹ-ਜਨਕ ਮੌਕੇ ਵੀ ਦਿਖਾਈ ਦਿੰਦੇ ਹਨ, ਖਾਸ ਕਰਕੇ ਨੌਜਵਾਨਾਂ ਦੇ ਲਈ। ਸਾਡੇ ਯੁਵਾ, ਵਰਤਮਾਨ ਦੀਆਂ ਹੱਦਾਂ ਤੋਂ ਪਰ੍ਹੇ ਜਾ ਕੇ ਨਵੀਆਂ ਸੰਭਾਵਨਾਵਾਂ ਤਲਾਸ਼ ਰਹੇ ਹਨ। ਉਨ੍ਹਾਂ ਦੇ ਰਸਤੇ ਵਿੱਚ ਰੁਕਾਵਟਾਂ ਨੂੰ ਦੂਰ ਕਰਨ ਅਤੇ ਉਨ੍ਹਾਂ ਨੂੰ ਆਪਣੀ ਪੂਰੀ ਸਮਰੱਥਾ ਦਾ ਇਸਤੇਮਾਲ ਕਰਨ ਦੀ ਸਹੂਲਤ ਪ੍ਰਦਾਨ ਕਰਨ ਲਈ ਅਸੀਂ ਹਰ ਸੰਭਵ ਯਤਨ ਕਰਨਾ ਹੈ। ਸਾਡੀ ਯੁਵਾ ਪੀੜ੍ਹੀ ਚਾਹੁੰਦੀ ਹੈ ਕਿ ਸਾਰਿਆਂ ਨੂੰ ਮੌਕਿਆਂ ਦੀ ਸਮਾਨਤਾ ਹਾਸਲ ਹੋਵੇ। ਉਹ ਸਮਾਨਤਾ ਨਾਲ ਜੁੜੇ ਪੁਰਾਣੇ ਸ਼ਬਦਜਾਲ ਨਹੀਂ ਚਾਹੁੰਦੇ ਹਨ ਬਲਕਿ, ਸਮਾਨਤਾ ਦੇ ਸਾਡੇ ਅਣਮੁੱਲੇ ਆਦਰਸ਼ਾਂ ਨੂੰ ਯਥਾਰਥ ਰੂਪ ਦੇਣਾ ਚਾਹੁੰਦੇ ਹਨ।
19. ਅਸਲ ਵਿੱਚ, ਸਾਡੇ ਨੌਜਵਾਨਾਂ ਦੇ ਆਤਮਵਿਸ਼ਵਾਸ ਦੇ ਬਲ ਉੱਪਰ ਹੀ ਭਾਵੀ ਭਾਰਤ ਦਾ ਨਿਰਮਾਣ ਹੋ ਰਿਹਾ ਹੈ। ਨੌਜਵਾਨਾਂ ਦੇ ਮਨ ਮਸਤਕ ਨੂੰ ਸਵਾਰਨ ਦਾ ਕੰਮ ਸਾਡੇ ਅਧਿਆਪਕ ਕਰਦੇ ਹਨ, ਜੋ ਸਹੀ ਅਰਥਾਂ ਵਿੱਚ ਰਾਸ਼ਟਰ ਦਾ ਭਵਿੱਖ ਬਣਾਉਂਦੇ ਹਨ। ਮੈਂ ਆਪਣੇ ਉਨ੍ਹਾਂ ਕਿਸਾਨਾਂ ਅਤੇ ਮਜ਼ਦੂਰ ਭਾਈ-ਭੈਣਾਂ ਦੇ ਪ੍ਰਤੀ ਆਭਾਰ ਪ੍ਰਗਟ ਕਰਦੀ ਹਾਂ ਜੋ, ਚੁੱਪਚਾਪ ਮਿਹਨਤ ਕਰਦੇ ਹਨ ਅਤੇ ਦੇਸ਼ ਦੇ ਭਵਿੱਖ ਨੂੰ ਬਿਹਤਰ ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਦਿੰਦੇ ਹਨ। ਗਣਤੰਤਰ ਦਿਵਸ ਦੇ ਪਾਵਨ ਮੌਕੇ ਦੀ ਪੂਰਵ ਸੰਧਿਆ ਉੱਪਰ, ਸਾਰੇ ਦੇਸ਼ਵਾਸੀ ਸਾਡੇ ਹਥਿਆਰਬੰਦ ਬਲਾਂ, ਪੁਲਿਸ ਅਤੇ ਨੀਮ ਫ਼ੌਜੀ ਬਲਾਂ ਦਾ ਵੀ ਨਿਮਰਤਾਪੂਰਵਕ ਅਭਿਨੰਦਨ ਕਰਦੇ ਹਨ। ਉਨ੍ਹਾਂ ਦੀ ਬਹਾਦਰੀ ਅਤੇ ਚੌਕਸੀ ਦੇ ਬਿਨਾ, ਅਸੀਂ ਉਨ੍ਹਾਂ ਪ੍ਰਭਾਵਸ਼ਾਲੀ ਉਪਲਬਧੀਆਂ ਨੂੰ ਹਾਸਲ ਨਹੀਂ ਕਰ ਸਕਦੇ ਸੀ, ਜੋ ਅਸੀਂ ਹਾਸਲ ਕਰ ਲਈਆਂ ਹਨ।
20. ਆਪਣੀ ਵਾਣੀ ਨੂੰ ਵਿਰਾਮ ਦੇਣ ਤੋਂ ਪਹਿਲਾਂ, ਮੈਂ ਨਿਆਂਪਾਲਿਕਾ ਅਤੇ ਸਿਵਲ ਸੇਵਾਵਾਂ ਦੇ ਮੈਂਬਰਾਂ ਨੂੰ ਵੀ ਸ਼ੁਭਕਾਮਨਾਵਾਂ ਦੇਣਾ ਚਾਹੁੰਦੀ ਹਾਂ। ਵਿਦੇਸ਼ਾਂ ਵਿੱਚ ਤੈਨਾਤ ਮਿਸ਼ਨਾਂ ਦੇ ਅਧਿਕਾਰੀਆਂ ਅਤੇ ਪ੍ਰਵਾਸੀ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਮੈਂ ਗਣਤੰਤਰ ਦਿਵਸ ਦੀ ਵਧਾਈ ਦਿੰਦੀ ਹਾਂ। ਆਓ, ਅਸੀਂ ਸਾਰੇ ਪੂਰੀ ਤਾਕਤ ਨਾਲ ਰਾਸ਼ਟਰ ਅਤੇ ਦੇਸ਼ਵਾਸੀਆਂ ਦੀ ਸੇਵਾ ਵਿੱਚ ਖ਼ੁਦ ਨੂੰ ਸਮਰਪਿਤ ਕਰਨ ਦਾ ਸੰਕਲਪ ਕਰੀਏ। ਇਸ ਸ਼ੁਭ ਸੰਕਲਪ ਨੂੰ ਸਿੱਧ ਕਰਨ ਦੇ ਯਤਨ ਹੇਤੂ ਤੁਹਾਨੂੰ ਸਾਰਿਆਂ ਨੂੰ ਮੇਰੀਆਂ ਹਾਰਦਿਕ ਸ਼ੁਭਕਾਮਨਾਵਾਂ।
ਧੰਨਵਾਦ।
ਜੈ ਹਿੰਦ।
ਜੈ ਭਾਰਤ।
*******
ਡੀਐੱਸ/ਐੱਸਕੇਐੱਸ
(Release ID: 1999743)
Visitor Counter : 119
Read this release in:
Marathi
,
Tamil
,
Telugu
,
Malayalam
,
English
,
Urdu
,
Hindi
,
Assamese
,
Manipuri
,
Gujarati
,
Odia
,
Kannada