ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਵਾਇਬ੍ਰੈਂਟ ਗੁਜਰਾਤ ਗਲੋਬਲ ਸਮਿਟ ਦੇ 10ਵੇਂ ਸੰਸਕਰਣ ਵਿੱਚ ਆਲਮੀ ਕਾਰੋਬਾਰੀ ਨੇਤਾਵਾਂ ਨੇ ਪ੍ਰਧਾਨ ਮੰਤਰੀ ਦੇ ਵਿਜ਼ਨ ਦੀ ਸ਼ਲਾਘਾ ਕੀਤੀ

Posted On: 10 JAN 2024 12:28PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗਾਂਧੀਨਗਰ ਦੇ ਮਹਾਤਮਾ ਮੰਦਿਰ, ਵਾਇਬ੍ਰੈਂਟ  ਗੁਜਰਾਤ ਗਲੋਬਲ ਸਮਿਟ 2024 ਦੇ 10ਵੇਂ ਸੰਸਕਰਣ ਦਾ ਉਦਘਾਟਨ ਕੀਤਾ। ਇਸ ਸਾਲ ਦੇ ਸਮਿਟ ਦਾ ਥੀਮ 'ਗੇਟਵੇਅ ਟੂ ਦ ਫਿਊਚਰ' ਹੈ ਅਤੇ ਇਸ ਵਿੱਚ 34 ਭਾਈਵਾਲ ਦੇਸ਼ਾਂ ਅਤੇ 16 ਭਾਈਵਾਲ ਸੰਸਥਾਵਾਂ ਦੀ ਭਾਗੀਦਾਰੀ ਹੈ। ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲੇ ਦੁਆਰਾ ਉੱਤਰ-ਪੂਰਬ ਖੇਤਰਾਂ ਵਿੱਚ ਨਿਵੇਸ਼ ਦੇ ਅਵਸਰਾਂ ਨੂੰ ਪ੍ਰਦਰਸ਼ਿਤ ਕਰਨ ਲਈ ਸੰਮੇਲਨ ਨੂੰ ਇੱਕ ਪਲੈਟਫਾਰਮ ਦੇ ਰੂਪ ਵਿੱਚ ਵੀ ਉਪਯੋਗ ਕੀਤਾ ਜਾ ਰਿਹਾ ਹੈ।

ਇਸ ਮੌਕੇ ਕਈ ਉਦਯੋਗਪਤੀਆਂ ਨੇ ਸੰਬੋਧਨ ਕੀਤਾ।

ਆਰਸੇਲਰ ਮਿੱਤਲ ਦੇ ਚੇਅਰਮੈਨ, ਸ਼੍ਰੀ ਲਕਸ਼ਮੀ ਮਿੱਤਲ ਨੇ ਪਿਛਲੇ ਸਾਲ ਸਤੰਬਰ ਵਿੱਚ ਵਾਇਬ੍ਰੈਂਟ  ਗੁਜਰਾਤ ਦੀ 20ਵੀਂ ਵਰ੍ਹੇਗੰਢ ਦੇ ਅਵਸਰ ‘ਤੇ ਦੌਰੇ ਨੂੰ ਯਾਦ ਕੀਤਾ ਅਤੇ ਪ੍ਰਧਾਨ ਮੰਤਰੀ ਵੱਲੋਂ ਵਾਇਬ੍ਰੈਂਟ  ਗੁਜਰਾਤ ਸਮਿਟ ਦੇ ਮੈਗਾ ਗਲੋਬਲ ਈਵੈਂਟ ਲਈ ਇੱਕ ਸੰਸਥਾਗਤ ਢਾਂਚਾ ਬਣਾਉਣ ਲਈ ਪ੍ਰਕਿਰਿਆ ਦੀ ਨਿਰੰਤਰਤਾ 'ਤੇ ਜ਼ੋਰ ਦੇਣ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ ਦੇ ਸਿਧਾਂਤਾਂ ਵਿੱਚ ਪ੍ਰਧਾਨ ਮੰਤਰੀ ਦੇ ਵਿਸ਼ਵਾਸ ਅਤੇ ਹਰ ਅੰਤਰਰਾਸ਼ਟਰੀ ਫੋਰਮ ਵਿੱਚ ਗਲੋਬਲ ਸਾਊਥ ਦੀ ਆਵਾਜ਼ ਨੂੰ ਮਜ਼ਬੂਤ ਕਰਨ ਬਾਰੇ ਵੀ ਚਾਨਣਾ ਪਾਇਆ। ਇੱਕ ਰਾਸ਼ਟਰ ਨੂੰ ਆਤਮਨਿਰਭਰ ਬਣਾਉਣ ਵਿੱਚ ਸਟੀਲ ਦੀ ਮਹੱਤਤਾ ਨੂੰ ਰੇਖਾਂਕਿਤ ਕਰਦੇ ਹੋਏ, ਸ਼੍ਰੀ ਮਿੱਤਲ ਨੇ 2021 ਵਿੱਚ ਆਰਸੇਲਰ ਮਿੱਤਲ ਨਿਪਨ ਸਟੀਲ ਇੰਡੀਆ ਹਜ਼ੀਰਾ ਵਿਸਥਾਰ ਪ੍ਰੋਜੈਕਟ ਦੇ ਨੀਂਹ ਪੱਥਰ ਨੂੰ ਯਾਦ ਕਰਦੇ ਹੋਏ ਕਿਹਾ ਕਿ ਇਸ ਪ੍ਰੋਜੈਕਟ ਦਾ ਪਹਿਲਾ ਪੜਾਅ 2026 ਦੇ ਨਿਰਧਾਰਤ ਲਕਸ਼ ਵਰ੍ਹੇ ਤੱਕ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਅਖੁੱਟ ਊਰਜਾ ਅਤੇ ਗ੍ਰੀਨ ਹਾਈਡ੍ਰੋਜਨ ਜਿਹੇ ਹਰਿਤ ਖੇਤਰਾਂ ਵਿੱਚ ਨਿਵੇਸ਼ ਕਰਨ 'ਤੇ ਵੀ ਜ਼ੋਰ ਦਿੱਤਾ।

ਸੁਜ਼ੂਕੀ ਮੋਟਰ ਕਾਰਪੋਰੇਸ਼ਨ, ਜਪਾਨ ਦੇ ਪ੍ਰਮੁੱਖ ਸ਼੍ਰੀ ਤੋਸ਼ੀਹੀਰੋ ਸੁਜ਼ੂਕੀ ਨੇ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੀ ਮਜ਼ਬੂਤ ਅਗਵਾਈ ਦਾ ਕ੍ਰੈਡਿਟ ਦਿੰਦੇ ਹੋਏ ਉਨ੍ਹਾਂ ਨੇ ਦੇਸ਼ ਵਿੱਚ ਨਿਰਮਾਣ ਉਦਯੋਗਾਂ ਨੂੰ ਪ੍ਰਦਾਨ ਕੀਤੇ ਗਏ ਸਮਰਥਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਇਹ ਦੱਸਦੇ ਹੋਏ ਕਿ ਭਾਰਤ ਹੁਣ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਆਟੋਮੋਬਾਈਲ ਬਜ਼ਾਰ ਬਣ ਗਿਆ ਹੈ, ਸ਼੍ਰੀ ਸੁਜ਼ੂਕੀ ਨੇ ਦੇਸ਼ ਦੇ ਆਰਥਿਕ ਵਿਕਾਸ 'ਤੇ ਪ੍ਰਧਾਨ ਮੰਤਰੀ ਦੀ ਪ੍ਰਗਤੀਸ਼ੀਲ ਪਹੁੰਚ ਦੇ ਪ੍ਰਭਾਵ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਭਾਰਤ ਵਿੱਚ ਬਣਾਈ ਗਈ ਪਹਿਲੀ ਈਵੀ ਨੂੰ ਰੋਲ ਆਊਟ ਕਰਨ ਦੇ ਨਾਲ-ਨਾਲ ਯੂਰਪੀ ਦੇਸ਼ਾਂ ਅਤੇ ਜਪਾਨ ਨੂੰ ਨਿਰਯਾਤ ਕਰਨ ਦੀ ਕੰਪਨੀ ਦੀਆਂ ਯੋਜਨਾਵਾਂ ਦਾ ਵੀ ਜ਼ਿਕਰ ਕੀਤਾ ਅਤੇ ਨਾਲ ਹੀ ਉਨ੍ਹਾਂ ਨੇ ਉਤਪਾਦਨ ਸਮਰੱਥਾ ਵਧਾਉਣ ਦੇ ਯਤਨਾਂ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਈਥਾਨੌਲ, ਗ੍ਰੀਨ ਹਾਈਡ੍ਰੋਜਨ ਅਤੇ ਗੋਬਰ ਤੋਂ ਬਾਇਓਗੈਸ ਦੇ ਉਤਪਾਦਨ ਦੁਆਰਾ ਗ੍ਰੀਨ ਹਾਊਸ ਦੇ ਨਿਕਾਸ ਨੂੰ ਘਟਾਉਣ ਵਿੱਚ ਯੋਗਦਾਨ ਪਾਉਣ ਲਈ ਸੰਸਥਾ ਦੀ ਯੋਜਨਾ ਦਾ ਵੀ ਜ਼ਿਕਰ ਕੀਤਾ।

ਰਿਲਾਇੰਸ ਗਰੁੱਪ ਦੇ ਸ਼੍ਰੀ ਮੁਕੇਸ਼ ਅੰਬਾਨੀ ਨੇ ਵਾਇਬ੍ਰੈਂਟ  ਗੁਜਰਾਤ ਨੂੰ ਅੱਜ ਦੁਨੀਆ ਦਾ ਸਭ ਤੋਂ ਪ੍ਰਤਿਸ਼ਠਿਤ ਨਿਵੇਸ਼ ਸਮਿਟ ਦੱਸਿਆ ਕਿਉਂਕਿ ਇਸ ਤਰ੍ਹਾਂ ਦਾ ਕੋਈ ਹੋਰ ਸਮਿਟ ਪਿਛਲੇ 20 ਸਾਲਾਂ ਤੋਂ ਆਯੋਜਿਤ ਨਹੀਂ ਕੀਤਾ ਜਾ ਰਿਹਾ ਹੈ ਅਤੇ ਇਹ ਲਗਾਤਾਰ ਮਜ਼ਬੂਤ ਵੀ ਹੁੰਦਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ “ਇਹ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਅੰਦੇਸ਼ੀ ਅਤੇ ਨਿਰੰਤਰਤਾ ਦਾ ਪ੍ਰਤੀਕ ਹੈ”। ਸ਼੍ਰੀ ਅੰਬਾਨੀ ਨੇ ਕਿਹਾ ਕਿ ਉਨ੍ਹਾਂ ਨੇ ਵਾਇਬ੍ਰੈਂਟ  ਗੁਜਰਾਤ ਦੇ ਹਰ ਇੱਕ ਐਡੀਸ਼ਨ ਵਿੱਚ ਸ਼ਾਮਲ ਹੋਏ ਹਨ। ਗੁਜਰਾਤੀ ਮੂਲ 'ਤੇ ਮਾਣ ਪ੍ਰਗਟ ਕਰਦੇ ਹੋਏ, ਸ਼੍ਰੀ ਅੰਬਾਨੀ ਨੇ ਗੁਜਰਾਤ ਦੇ ਬਦਲਾਅ ਦਾ ਕ੍ਰੈਡਿਟ ਪ੍ਰਧਾਨ ਮੰਤਰੀ ਨੂੰ ਦਿੱਤਾ। ਉਨ੍ਹਾਂ ਨੇ ਕਿਹਾ, “ਇਸ ਬਦਲਾਅ ਦਾ ਮੁੱਖ ਕਾਰਨ ਸਾਡੇ ਨੇਤਾ ਹਨ ਜੋ ਆਧੁਨਿਕ ਸਮੇਂ ਦੇ ਮਹਾਨ ਨੇਤਾ, ਸ਼੍ਰੀ ਨਰੇਂਦਰ ਮੋਦੀ ਭਾਰਤ ਦੇ ਇਤਿਹਾਸ ਦੇ ਸਭ ਤੋਂ ਸਫਲ ਪ੍ਰਧਾਨ ਮੰਤਰੀ ਵਜੋਂ ਉੱਭਰੇ ਹਨ। ਜਦੋਂ ਉਹ ਬੋਲਦੇ ਹਨ, ਨਾ ਸਿਰਫ਼ ਦੁਨੀਆ ਬੋਲਦੀ ਹੈ, ਬਲਕਿ ਉਨ੍ਹਾਂ ਦੀ ਪ੍ਰਸ਼ੰਸਾ ਵੀ ਕਰਦੀ ਹੈ।” ਉਨ੍ਹਾਂ ਨੇ ਵਿਸਤਾਰ ਨਾਲ ਦੱਸਿਆ ਕਿ ਕਿਵੇਂ ਭਾਰਤ ਦੇ ਪ੍ਰਧਾਨ ਮੰਤਰੀ ਅਸੰਭਵ ਨੂੰ ਸੰਭਵ ਬਣਾਉਂਦੇ ਹਨ - 'ਮੋਦੀ ਹੈ ਤੋ ਮੁਮਕਿਨ ਹੈ' ਅਤੇ ਕਿਹਾ ਕਿ ਇਹ ਨਾਅਰਾ ਦੁਨੀਆ ਦੇ ਦਰਸ਼ਕਾਂ ਵਿੱਚ ਗੂੰਜ ਰਿਹਾ ਹੈ ਅਤੇ ਉਹ ਇਸ ਨਾਲ ਸਹਿਮਤ ਵੀ ਹਨ। ਆਪਣੇ ਪਿਤਾ ਧੀਰੂਭਾਈ ਅੰਬਾਨੀ ਨੂੰ ਯਾਦ ਕਰਦਿਆਂ ਸ਼੍ਰੀ ਮੁਕੇਸ਼ ਅੰਬਾਨੀ ਨੇ ਕਿਹਾ ਕਿ ਰਿਲਾਇੰਸ ਗੁਜਰਾਤੀ ਕੰਪਨੀ ਸੀ ਅਤੇ ਹਮੇਸ਼ਾ ਰਹੇਗੀ। ਉਨ੍ਹਾਂ ਨੇ ਕਿਹਾ, "ਹਰ ਰਿਲਾਇੰਸ ਕਾਰੋਬਾਰ ਮੇਰੇ 7 ਕਰੋੜ ਸਾਥੀ ਗੁਜਰਾਤੀਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਯਤਨਸ਼ੀਲ ਹੈ"। ਉਨ੍ਹਾਂ ਨੇ ਦੱਸਿਆ ਕਿ ਰਿਲਾਇੰਸ ਨੇ ਪਿਛਲੇ 10 ਸਾਲਾਂ ਵਿੱਚ ਵਿਸ਼ਵ ਪੱਧਰ ਦੇ ਅਸਾਸੇ ਬਣਾਉਣ ਲਈ ਪੂਰੇ ਭਾਰਤ ਵਿੱਚ 150 ਬਿਲੀਅਨ ਅਮਰੀਕੀ ਡਾਲਰ ਭਾਵ 12 ਲੱਖ ਕਰੋੜ ਤੋਂ ਵੱਧ ਦਾ ਨਿਵੇਸ਼ ਕੀਤਾ ਹੈ, ਜਿਸ ਵਿੱਚੋਂ ਇੱਕ ਤਿਹਾਈ ਤੋਂ ਵੱਧ ਦਾ ਨਿਵੇਸ਼ ਕੇਵਲ ਗੁਜਰਾਤ ਵਿੱਚ ਕੀਤਾ ਗਿਆ ਹੈ। ਸ਼੍ਰੀ ਅੰਬਾਨੀ ਨੇ ਗੁਜਰਾਤ ਨਾਲ 5 ਵਾਅਦੇ ਕੀਤੇ। ਪਹਿਲਾ, ਰਿਲਾਇੰਸ ਅਗਲੇ 10 ਸਾਲਾਂ ਵਿੱਚ ਮਹੱਤਵਪੂਰਨ ਨਿਵੇਸ਼ਾਂ ਦੇ ਨਾਲ ਗੁਜਰਾਤ ਦੀ ਵਿਕਾਸ ਗਾਥਾ ਵਿੱਚ ਮੋਹਰੀ ਭੂਮਿਕਾ ਨਿਭਾਉਂਦਾ ਰਹੇਗਾ, ਖਾਸ ਤੌਰ 'ਤੇ ਰਿਲਾਇੰਸ ਗੁਜਰਾਤ ਨੂੰ ਹਰਿਤ ਵਿਕਾਸ ਵਿੱਚ ਇੱਕ ਗਲੋਬਲ ਲੀਡਰ ਬਣਾਉਣ ਵਿੱਚ ਪ੍ਰਮੁੱਖ ਭੂਮਿਕਾ ਨਿਭਾਏਗਾ। ਉਨ੍ਹਾਂ ਨੇ  ਕਿਹਾ, "ਅਸੀਂ ਸਾਲ 2030 ਤੱਕ ਅਖੁੱਟ ਊਰਜਾ ਰਾਹੀਂ ਆਪਣੀਆਂ ਅੱਧੀਆਂ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਗੁਜਰਾਤ ਦੇ ਟੀਚੇ ਵਿੱਚ ਮਦਦ ਕਰਾਂਗੇ"। ਜਾਮਨਗਰ ਵਿੱਚ 5000 ਏਕੜ ਦਾ ਧੀਰੂਭਾਈ ਐਨਰਜੀ ਗੀਗਾ ਕੰਪਲੈਕਸ ਬਣ ਰਿਹਾ ਹੈ ਜੋ 2024 ਦੇ ਦੂਜੇ ਅੱਧ ਵਿੱਚ ਚਾਲੂ ਹੋਣ ਲਈ ਤਿਆਰ ਹੋ ਜਾਵੇਗਾ। ਦੂਸਰਾ, 5ਜੀ ਦੇ ਸਭ ਤੋਂ ਤੇਜ਼ ਰੋਲ ਆਊਟ ਕਾਰਨ, ਅੱਜ ਗੁਜਰਾਤ ਪੂਰੀ ਤਰ੍ਹਾਂ 5ਜੀ ਸਮਰਥਿਤ ਹੈ। ਇਹ ਗੁਜਰਾਤ ਨੂੰ ਡਿਜੀਟਲ ਡਾਟਾ ਪਲੈਟਫਾਰਮ ਅਤੇ ਏਆਈ ਅਪਣਾਉਣ ਵਿੱਚ ਮੋਹਰੀ ਬਣਾ ਦੇਵੇਗਾ। ਤੀਸਰਾ, ਰਿਲਾਇੰਸ ਰਿਟੇਲ ਗੁਣਵੱਤਾ ਵਾਲੇ ਉਤਪਾਦ ਲਿਆਉਣ ਅਤੇ ਲੱਖਾਂ ਕਿਸਾਨਾਂ ਅਤੇ ਛੋਟੇ ਵਪਾਰੀਆਂ ਦੀ ਮਦਦ ਕਰਨ ਲਈ ਆਪਣੇ ਕਦਮ ਚਿੰਨ੍ਹਾਂ ਦਾ ਵਿਸਤਾਰ ਕਰੇਗਾ। ਚੌਥਾ, ਉਨ੍ਹਾਂ ਨੇ ਕਿਹਾ ਕਿ ਰਿਲਾਇੰਸ ਗੁਜਰਾਤ ਨੂੰ ਨਵੀਂ ਸਮੱਗਰੀ ਅਤੇ ਸਰਕੂਲਰ ਅਰਥਵਿਵਸਥਾ ਵਿੱਚ ਮੋਹਰੀ ਬਣਾਏਗਾ। ਇਹ ਸਮੂਹ ਹਜ਼ੀਰਾ ਵਿਖੇ ਵਿਸ਼ਵ ਪੱਧਰੀ ਕਾਰਬਨ ਫਾਈਬਰ ਸੁਵਿਧਾ ਸਥਾਪਿਤ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ 2036 ਓਲੰਪਿਕ ਲਈ ਬੋਲੀ ਲਗਾਉਣ ਦੇ ਪ੍ਰਧਾਨ ਮੰਤਰੀ ਦੇ ਇਰਾਦੇ ਦੇ ਐਲਾਨ ਦੇ ਅਨੁਸਾਰ, ਰਿਲਾਇੰਸ ਅਤੇ ਰਿਲਾਇੰਸ ਫਾਊਂਡੇਸ਼ਨ ਗੁਜਰਾਤ ਵਿੱਚ ਖੇਡ, ਸਿੱਖਿਆ ਅਤੇ ਹੁਨਰ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਕੰਮ ਕਰਨ ਲਈ ਕਈ ਹੋਰ ਭਾਈਚਾਰਿਆਂ ਨਾਲ ਮਿਲ ਕੇ ਕੰਮ ਕਰਨਗੇ। ਅੰਤ ਵਿੱਚ, ਸ਼੍ਰੀ ਅੰਬਾਨੀ ਨੇ ਦੁਹਰਾਇਆ ਕਿ ਪ੍ਰਧਾਨ ਮੰਤਰੀ ਕਿਹਾ ਕਰਦੇ ਸਨ ਕਿ ‘ਭਾਰਤ ਦੇ ਵਿਕਾਸ ਲਈ ਗੁਜਰਾਤ ਦਾ ਵਿਕਾਸ’, ਹੁਣ ‘ਪ੍ਰਧਾਨ ਮੰਤਰੀ ਵਜੋਂ ਤੁਹਾਡਾ ਮਿਸ਼ਨ ਵਿਸ਼ਵ ਵਿਕਾਸ ਲਈ ਭਾਰਤ ਦਾ ਵਿਕਾਸ ਹੈ। ਤੁਸੀਂ ਵਿਸ਼ਵ ਕਲਿਆਣ ਦੇ ਮੰਤਰ 'ਤੇ ਕੰਮ ਕਰ ਰਹੇ ਹੋ ਅਤੇ ਭਾਰਤ ਨੂੰ ਵਿਸ਼ਵ ਦਾ ਵਿਕਾਸ ਇੰਜਣ ਬਣਾ ਰਹੇ ਹੋ। ਗੁਜਰਾਤ ਤੋਂ ਗਲੋਬਲ ਮੰਚ ਤੱਕ ਸਿਰਫ਼ ਦੋ ਦਹਾਕਿਆਂ ਵਿੱਚ ਤੁਹਾਡੇ ਸਫ਼ਰ ਦੀ ਕਹਾਣੀ ਕਿਸੇ ਆਧੁਨਿਕ ਮਹਾਂਕਾਵਿ ਤੋਂ ਘੱਟ ਨਹੀਂ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ "ਅੱਜ ਦਾ ਭਾਰਤ ਅਸਲ ਵਿੱਚ ਨੌਜਵਾਨ ਪੀੜ੍ਹੀ ਲਈ ਅਰਥਵਿਵਸਥਾ ਵਿੱਚ ਪ੍ਰਵੇਸ਼ ਕਰਨ, ਨਵਾਚਾਰ ਲਿਆਉਣ ਅਤੇ ਲੱਖਾਂ ਲੋਕਾਂ ਲਈ ਈਜ਼ ਆਵ੍ ਲਿਵਿੰਗ ਅਤੇ ਈਜ਼ ਆਵ੍ ਅਰਨਿੰਗ ਪ੍ਰਦਾਨ ਕਰਨ ਦਾ ਸਭ ਤੋਂ ਵਧੀਆ ਸਮਾਂ ਹੈ। ਆਉਣ ਵਾਲੀਆਂ ਪੀੜ੍ਹੀਆਂ ਪ੍ਰਧਾਨ ਮੰਤਰੀ ਦੇ ਇੱਕ ਰਾਸ਼ਟਰਵਾਦੀ ਅਤੇ ਇੱਕ ਅੰਤਰਰਾਸ਼ਟਰੀਵਾਦੀ ਹੋਣ ਲਈ ਆਭਾਰੀ ਹੋਣਗੀਆਂ। ਤੁਸੀਂ ਵਿਕਸਿਤ ਭਾਰਤ ਦੀ ਮਜ਼ਬੂਤ ਨੀਂਹ ਰੱਖੀ ਹੈ।” ਉਨ੍ਹਾਂ ਨੇ ਇਹ ਕਹਿ ਕੇ ਸਮਾਪਤੀ ਕੀਤੀ ਕਿ ਧਰਤੀ ਦੀ ਕੋਈ ਵੀ ਤਾਕਤ ਭਾਰਤ ਨੂੰ 2047 ਤੱਕ 35 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਤੋਂ ਨਹੀਂ ਰੋਕ ਸਕਦੀ। ਮੈਂ ਇਕੱਲੇ ਗੁਜਰਾਤ ਨੂੰ 3 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਦੇ ਦੇਖ ਰਿਹਾ ਹਾਂ। ਹਰ ਗੁਜਰਾਤੀ ਅਤੇ ਹਰ ਭਾਰਤੀ ਨੂੰ ਭਰੋਸਾ ਹੈ ਕਿ ਮੋਦੀ ਯੁੱਗ ਭਾਰਤ ਨੂੰ ਸਮ੍ਰਿੱਧੀ, ਪ੍ਰਗਤੀ ਅਤੇ ਗੌਰਵ ਦੀਆਂ ਨਵੀਆਂ ਉੱਚਾਈਆਂ 'ਤੇ ਲੈ ਜਾਵੇਗਾ।

ਮਾਈਕ੍ਰੋਨ ਟੈਕਨਾਲੋਜਿਜ਼, ਯੂਐੱਸਏ ਦੇ ਸੀਈਓ ਸੰਜੇ ਮਹਿਰੋਤਰਾ ਨੇ ਦੇਸ਼ ਨੂੰ ਸੈਮੀਕੰਡਕਟਰ ਦੇ ਨਿਰਮਾਣ ਲਈ ਖੋਲ੍ਹਣ ਲਈ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਭਵਿੱਖ ਵਿੱਚ ਇੱਕ ਬਹੁਤ ਵੱਡਾ ਆਰਥਿਕ ਚਾਲਕ ਬਣ ਜਾਵੇਗਾ ਕਿਉਂਕਿ ਭਾਰਤ ਵਿਸ਼ਵ ਵਿੱਚ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਵੱਲ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਵਾਇਬ੍ਰੈਂਟ  ਗੁਜਰਾਤ ਸਮਿਟ ਇੱਕ ਸੈਮੀਕੰਡਕਟਰ ਸ਼ਕਤੀ ਵਜੋਂ ਭਾਰਤ ਦੇ ਵਿਕਾਸ ਲਈ ਮਹੱਤਵਪੂਰਨ ਦੂਰਅੰਦੇਸ਼ੀ ਵਿਚਾਰਾਂ ਨੂੰ ਪੇਸ਼ ਕਰਦੀ ਹੈ ਅਤੇ ਇਸ ਖੇਤਰ ਵਿੱਚ ਵਿਕਾਸ ਦੇ ਕਈ ਮੌਕਿਆਂ 'ਤੇ ਵੀ ਰੌਸ਼ਨੀ ਪਾਉਂਦਾ ਹੈ। ਉਨ੍ਹਾਂ ਨੇ ਗੁਜਰਾਤ ਵਿੱਚ ਵਰਲਡ ਕਲਾਸ ਮੈਮੋਰੀ ਅਸੈਂਬਲੀ ਅਤੇ ਟੈਸਟ ਸੁਵਿਧਾ ਸਥਾਪਿਤ ਕਰਨ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ ਰਾਜ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਉਨ੍ਹਾਂ ਨੇ ਇਸ ਸੁਵਿਧਾ ਲਈ ਟਾਟਾ ਪ੍ਰੋਜੈਕਟਸ ਨਾਲ ਬੁਨਿਆਦੀ ਢਾਂਚੇ ਦੀ ਸਾਂਝੇਦਾਰੀ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਦੱਸਿਆ ਕਿ 500,000 ਵਰਗ ਫੁੱਟ ਦੇ ਖੇਤਰ ਨੂੰ ਕਵਰ ਕਰਨ ਵਾਲਾ ਪਹਿਲਾ ਪੜਾਅ 2025 ਦੇ ਸ਼ੁਰੂ ਤੱਕ ਚਾਲੂ ਹੋ ਜਾਵੇਗਾ, ਜਿਸ ਨਾਲ ਆਉਣ ਵਾਲੇ ਸਾਲਾਂ ਵਿੱਚ 5,000 ਪ੍ਰਤੱਖ ਨੌਕਰੀਆਂ ਅਤੇ 15,000 ਹੋਰ ਕਮਿਊਨਿਟੀ ਨੌਕਰੀਆਂ ਪੈਦਾ ਹੋਣਗੀਆਂ। ਉਨ੍ਹਾਂ ਨੇ ਕਿਹਾ, "ਦੋਵੇਂ ਪੜਾਵਾਂ ਵਿੱਚ ਮਾਈਕ੍ਰੋਨ ਅਤੇ ਸਰਕਾਰ ਦੁਆਰਾ ਸੰਯੁਕਤ ਨਿਵੇਸ਼ 2.75 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚ ਸਕਦਾ ਹੈ"। ਉਨ੍ਹਾਂ ਨੇ ਸੈਮੀਕੰਡਕਟਰ ਉਦਯੋਗ ਵਿੱਚ ਭਾਰਤ ਵਿੱਚ ਨਿਵੇਸ਼ ਨੂੰ ਵਧਾਉਣ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਿੱਚ ਕੰਪਨੀ ਦੀ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ ਸਿੱਟਾ ਕੱਢਿਆ।

ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਹੁਣ ਤੱਕ ਵਾਇਬ੍ਰੈਂਟ  ਗੁਜਰਾਤ ਸਮਿਟ ਦੇ ਹਰ ਐਡੀਸ਼ਨ ਦਾ ਹਿੱਸਾ ਬਣਨ 'ਤੇ ਮਾਣ ਵਿਅਕਤ ਕੀਤਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਅਸਾਧਾਰਣ ਵਿਜ਼ਨ ਲਈ ਧੰਨਵਾਦ ਕੀਤਾ, ਸ਼੍ਰੀ ਅਡਾਨੀ ਨੇ ਉਨ੍ਹਾਂ ਦੇ ਹਾਲਮਾਰਕ ਹਸਤਾਖਰਾਂ, ਸ਼ਾਨਦਾਰ ਅਭਿਲਾਸ਼ਾਵਾਂ, ਸੁਚੱਜੇ ਸ਼ਾਸਨ ਅਤੇ ਤਰੁੱਟੀਹੀਣ ਅਮਲ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਅਪੀਲ ਦਾ ਪ੍ਰਧਾਨ ਮੰਤਰੀ ਨੂੰ ਕ੍ਰੈਡਿਟ ਦਿੱਤਾ, ਜਿਸ ਨੇ ਦੇਸ਼ ਵਿਆਪੀ ਅੰਦੋਲਨ ਨੂੰ ਪ੍ਰਫੁੱਲਤ ਕੀਤਾ ਜਿਸ ਨਾਲ ਰਾਜਾਂ ਨੇ ਭਾਰਤ ਦੇ ਉਦਯੋਗਿਕ ਲੈਂਡਸਕੇਪ ਨੂੰ ਬੁਨਿਆਦੀ ਤੌਰ 'ਤੇ ਮੁੜ ਤਿਆਰ ਕਰਨ ਲਈ ਮੁਕਾਬਲਾ ਕਰਨ ਅਤੇ ਸਹਿਯੋਗ ਕਰਨ ਲਈ ਕਦਮ ਅੱਗੇ ਵਧਾਏ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ 2014 ਤੋਂ, ਭਾਰਤ ਦੀ ਜੀਡੀਪੀ ਵਿੱਚ 185% ਅਤੇ ਪ੍ਰਤੀ ਵਿਅਕਤੀ ਆਮਦਨ ਵਿੱਚ 165% ਦਾ ਵਾਧਾ ਹੋਇਆ ਹੈ, ਜੋ ਕਿ ਵਿਸ਼ੇਸ਼ ਤੌਰ 'ਤੇ ਭੂ-ਰਾਜਨੀਤਿਕ ਅਸਥਿਰਤਾ ਅਤੇ ਮਹਾਮਾਰੀ ਚੁਣੌਤੀਆਂ ਦੁਆਰਾ ਚਿੰਨ੍ਹਤ ਯੁੱਗ ਵਿੱਚ ਇੱਕ ਕਮਾਲ ਦੀ ਗੱਲ ਹੈ। ਉਨ੍ਹਾਂ ਨੇ ਅੰਤਰਰਾਸ਼ਟਰੀ ਮੰਚ 'ਤੇ ਪ੍ਰਧਾਨ ਮੰਤਰੀ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਕਿਉਂਕਿ ਉਨ੍ਹਾਂ ਨੇ ਇੱਕ ਅਜਿਹੇ ਦੇਸ਼ ਤੋਂ ਰਾਸ਼ਟਰ ਦੀ ਯਾਤਰਾ ਨੂੰ ਰੌਸ਼ਨ ਕੀਤਾ ਜੋ ਆਪਣੀ ਆਵਾਜ਼ ਨੂੰ ਗਲੋਬਲ ਪਲੈਟਫਾਰਮਾਂ 'ਤੇ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਹੁਣ ਗਲੋਬਲ ਪਲੈਟਫਾਰਮ ਬਣਾ ਰਿਹਾ  ਹੈ। ਭਾਰਤ ਦੀ ਜੀ20 ਪ੍ਰਧਾਨਗੀ ਦੌਰਾਨ ਅੰਤਰਰਾਸ਼ਟਰੀ ਸੌਰ ਗਠਜੋੜ ਦੀ ਸ਼ੁਰੂਆਤ ਅਤੇ ਪ੍ਰਧਾਨ ਮੰਤਰੀ ਦੀ ਅਗਵਾਈ, ਜੀ20 ਵਿੱਚ ਗਲੋਬਲ ਸਾਊਥ ਨੂੰ ਸ਼ਾਮਲ ਕਰਨ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਅਡਾਨੀ ਨੇ ਕਿਹਾ ਕਿ ਇਸ ਨੇ ਇੱਕ ਹੋਰ ਸਮਾਵੇਸ਼ੀ ਵਿਸ਼ਵ ਵਿਵਸਥਾ ਲਈ ਮਾਪਦੰਡ ਤੈਅ ਕੀਤੇ ਅਤੇ ਭਾਰਤੀ ਇਤਿਹਾਸ ਵਿੱਚ ਇੱਕ ਪਰਿਭਾਸ਼ਿਤ ਪਲ ਹੈ। ਸ਼੍ਰੀ ਅਡਾਨੀ ਨੇ ਕਿਹਾ, "ਤੁਸੀਂ ਭਵਿੱਖ ਦੀ ਭਵਿੱਖਬਾਣੀ ਨਹੀਂ ਕਰਦੇ, ਤੁਸੀਂ ਇਸ ਨੂੰ ਆਕਾਰ ਦਿੰਦੇ ਹੋ, ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਭਾਰਤ ਨੂੰ ਵਿਸ਼ਵ ਦਾ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲਾ ਰਾਸ਼ਟਰ ਬਣਨ ਅਤੇ ਦੇਸ਼ ਨੂੰ ਵਸੁਧੈਵ ਕੁਟੁੰਬਕਮ ਦੇ ਫਲਸਫਿਆਂ ਦੁਆਰਾ ਚਲਾਇਆ ਗਿਆ ਗਲੋਬਲ ਸੋਸ਼ਲ ਚੈਂਪੀਅਨ ਅਤੇ ਵਿਸ਼ਵ ਗੁਰੂ ਬਣਾਉਣ ਦਾ ਕ੍ਰੈਡਿਟ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਾਲ 2047 ਤੱਕ ਭਾਰਤ ਨੂੰ 'ਵਿਕਸਿਤ ਭਾਰਤ' ਬਣਾਉਣ ਦੇ ਪ੍ਰਧਾਨ ਮੰਤਰੀ ਦੇ ਸੁਪਨੇ ਸਦਕਾ ਅੱਜ ਦਾ ਭਾਰਤ ਕੱਲ੍ਹ ਦੇ ਵਿਸ਼ਵ ਭਵਿੱਖ ਨੂੰ ਰੂਪ ਦੇਣ ਲਈ ਤਿਆਰ ਹੈ। ਉਨ੍ਹਾਂ ਨੇ 2025 ਤੱਕ ਰਾਜ ਵਿੱਚ 55,000 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਵੀ ਕੀਤਾ। ਵੱਖ-ਵੱਖ ਖੇਤਰਾਂ ਵਿੱਚ 50,000 ਕਰੋੜ ਰੁਪਏ ਦੇ ਨਿਵੇਸ਼ ਦਾ ਟੀਚਾ, 25,000 ਪ੍ਰਤੱਖ ਅਤੇ ਅਪ੍ਰਤੱਖ ਨੌਕਰੀਆਂ ਪੈਦਾ ਕਰੇਗਾ। ਉਨ੍ਹਾਂ ਨੇ ਆਤਮਨਿਰਭਰ ਭਾਰਤ ਲਈ ਗ੍ਰੀਨ ਸਪਲਾਈ ਚੇਨ ਵੱਲ ਵਿਸਤਾਰ ਕਰਨ ਅਤੇ ਸੋਲਰ ਪੈਨਲ, ਵਿੰਡ ਟਰਬਾਈਨਜ਼, ਹਾਈਡ੍ਰੋ ਇਲੈਕਟ੍ਰੋਲਾਈਜ਼ਰ, ਗ੍ਰੀਨ ਅਮੋਨੀਆ, ਪੀਵੀਸੀ ਅਤੇ ਤਾਂਬੇ ਅਤੇ ਸੀਮਿੰਟ ਪ੍ਰੋਜੈਕਟਾਂ ਵਿੱਚ ਵਿਸਤਾਰ ਸਹਿਤ ਸਭ ਤੋਂ ਵੱਡਾ ਏਕੀਕ੍ਰਿਤ ਅਖੁੱਟ ਊਰਜਾ ਈਕੋਸਿਸਟਮ ਬਣਾਉਣ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਗੁਜਰਾਤ ਵਿੱਚ ਅਗਲੇ 5 ਸਾਲਾਂ ਵਿੱਚ 2 ਲੱਖ ਕਰੋੜ ਰੁਪਏ ਤੋਂ ਵੱਧ ਨਿਵੇਸ਼ ਕਰਨ ਦੀ ਅਡਾਨੀ ਸਮੂਹ ਦੀ ਯੋਜਨਾ ਬਾਰੇ ਜਾਣਕਾਰੀ ਦਿੱਤੀ, ਜਿਸ ਨਾਲ 1 ਲੱਖ ਤੋਂ ਵੱਧ ਪ੍ਰਤੱਖ ਅਤੇ ਅਪ੍ਰਤੱਖ ਨੌਕਰੀਆਂ ਪੈਦਾ ਹੋਣਗੀਆਂ।

ਸਿਮਟੈੱਕ, ਦੱਖਣੀ ਕੋਰੀਆ ਦੇ ਸੀਈਓ ਸ਼੍ਰੀ ਜੈਫਰੀ ਚੁਨ ਨੇ ਕਿਹਾ ਕਿ ਸੈਮੀਕੰਡਕਟਰ ਅਸੈਂਬਲੀ ਅਤੇ ਟੈਸਟ ਸੁਵਿਧਾਵਾਂ ਵਿੱਚ ਮੁੱਖ ਸਪਲਾਈ ਚੇਨ ਪਾਰਟਨਰ ਹੋਣ ਦੇ ਨਾਤੇ ਗੁਜਰਾਤ ਰਾਜ ਵਿੱਚ ਉਨ੍ਹਾਂ ਦੇ ਪ੍ਰਮੁੱਖ ਕਸਟਮਰ ਮਾਈਕ੍ਰੋਨ ਦੇ ਪ੍ਰੋਜੈਕਟ ਤੋਂ ਬਾਅਦ ਇੱਕ ਸਹਿ-ਸਥਾਨਕ ਨਿਵੇਸ਼ ਦੇ ਰੂਪ ਵਿੱਚ ਉਨ੍ਹਾਂ ਦੇ ਭਾਰਤ ਪ੍ਰੋਜੈਕਟ ਲਈ ਉਤਸ਼ਾਹ ਜ਼ਾਹਰ ਕੀਤਾ। ਉਨ੍ਹਾਂ ਨੇ ਕਿਹਾ ਕਿ ਵਾਇਬ੍ਰੈਂਟ  ਗੁਜਰਾਤ ਗਲੋਬਲ ਸਮਿਟ ਭਾਰਤ ਵਰਗੇ ਤੇਜ਼ੀ ਨਾਲ ਵਧ ਰਹੇ ਦੇਸ਼ ਵਿੱਚ ਇੱਕ ਨਵਾਂ ਸਪਲਾਈ ਚੇਨ ਨੈੱਟਵਰਕ ਬਣਾਉਣ ਦੀ ਗਲੋਬਲ ਲਹਿਰ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਭਾਰਤ ਵਿੱਚ ਕੋ-ਲੋਕੇਸ਼ਨ ਇਨਵੈਸਟਮੈਂਟ ਦੇ ਇੱਕ ਹੋਰ ਦੌਰ ਦੀ ਤਿਆਰੀ ਕਰ ਰਹੇ ਹਨ ਅਤੇ ਰਾਜ ਅਤੇ ਕੇਂਦਰ ਸਰਕਾਰ ਦੀ ਸਹਾਇਤਾ ਨੂੰ ਧਿਆਨ ਵਿੱਚ ਰੱਖਦੇ ਹਨ। ਇਹ ਸੈਮੀਕੰਡਕਟਰ ਸਪਲਾਈ ਚੇਨ ਨੈੱਟਵਰਕ ਵਿੱਚ ਭਾਰਤ ਦੀ ਮੌਜੂਦਗੀ ਨੂੰ ਬਹੁਤ ਮਜ਼ਬੂਤ ਬਣਾਏਗਾ ਅਤੇ ਭਾਰਤ ਦੇ ਸਥਾਨਕ ਪਲੇਯਰਾਂ ਨੂੰ ਗਲੋਬਲ ਸਪਲਾਈ ਚੇਨ ਈਕੋਸਿਸਟਮ ਦਾ ਹਿੱਸਾ ਬਣਨ ਦੇ ਯੋਗ ਬਣਾਏਗਾ।

ਟਾਟਾ ਸੰਨਜ਼ ਲਿਮਿਟਿਡ ਦੇ ਚੇਅਰਮੈਨ ਸ਼੍ਰੀ ਐੱਨ ਚੰਦਰਸ਼ੇਖਰਨ ਨੇ ਕਿਹਾ ਕਿ 'ਗੁਜਰਾਤ ਦੀ ਇੰਨੇ ਲੰਬੇ ਸਮੇਂ ਤੋਂ ਲਗਾਤਾਰ ਅਤੇ ਸ਼ਾਨਦਾਰ ਪ੍ਰਗਤੀ ਸਾਡੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੀ ਦੂਰਅੰਦੇਸ਼ੀ ਲੀਡਰਸ਼ਿਪ ਅਤੇ ਮਾਨਸਿਕਤਾ ਨੂੰ ਸਪੱਸ਼ਟ ਤੌਰ 'ਤੇ ਦਰਸਾਉਂਦੀ ਹੈ"। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਆਰਥਿਕ ਵਿਕਾਸ ਦੇ ਨਤੀਜੇ ਵਜੋਂ ਬਹੁਤ ਜ਼ਿਆਦਾ ਸਮਾਜਿਕ ਵਿਕਾਸ ਵੀ ਹੋਇਆ ਹੈ ਅਤੇ ਗੁਜਰਾਤ ਨੇ ਸਪੱਸ਼ਟ ਤੌਰ 'ਤੇ ਆਪਣੇ ਆਪ ਨੂੰ ਭਵਿੱਖ ਦੇ ਗੇਟਵੇਅ ਵਜੋਂ ਸਥਾਪਿਤ ਕੀਤਾ ਹੈ। ਉਨ੍ਹਾਂ ਨੇ ਗੁਜਰਾਤ ਵਿੱਚ ਟਾਟਾ ਸਮੂਹ ਦੀ ਸ਼ੁਰੂਆਤ ਦਾ ਜ਼ਿਕਰ ਕੀਤਾ ਕਿਉਂਕਿ ਸੰਸਥਾਪਕ ਜਮਸ਼ੇਦਜੀ ਟਾਟਾ ਦਾ ਜਨਮ ਨਵਸਾਰੀ ਵਿੱਚ ਹੋਇਆ ਸੀ। ਅੱਜ ਰਾਜ ਵਿੱਚ ਟਾਟਾ ਗਰੁੱਪ ਦੀਆਂ 21 ਕੰਪਨੀਆਂ ਦੀ ਮਜ਼ਬੂਤ ਮੌਜੂਦਗੀ ਹੈ। ਉਨ੍ਹਾਂ ਨੇ ਗੁਜਰਾਤ ਵਿੱਚ ਈਵੀ ਵਾਹਨਾਂ, ਬੈਟਰੀ ਉਤਪਾਦਨ, ਸੀ295 ਰੱਖਿਆ ਹਵਾਈ ਜਹਾਜ਼ਾਂ ਅਤੇ ਸੈਮੀਕੰਡਕਟਰ ਫੈੱਬ, ਆਧੁਨਿਕ ਨਿਰਮਾਣ ਹੁਨਰ ਨਿਰਮਾਣ ਦੇ ਖੇਤਰਾਂ ਵਿੱਚ ਗਰੁੱਪ ਦੀ ਵਿਸਤਾਰ ਯੋਜਨਾ ਬਾਰੇ ਵੀ ਵਿਸਥਾਰ ਨਾਲ ਦੱਸਿਆ। ਉਨ੍ਹਾਂ ਨੇ ਕਿਹਾ, "ਗੁਜਰਾਤ ਟਾਟਾ ਸਮੂਹ ਲਈ ਸਭ ਤੋਂ ਮਹੱਤਵਪੂਰਨ ਸਥਾਨਾਂ ਵਿੱਚੋਂ ਇੱਕ ਹੈ ਅਤੇ ਅਸੀਂ ਇਸ ਦੇ ਵਿਕਾਸ ਦੇ ਸਫ਼ਰ ਵਿੱਚ ਮੁੱਖ ਭੂਮਿਕਾ ਨਿਭਾਵਾਂਗੇ"।

ਡੀਪੀ ਵਰਲਡ ਦੇ ਚੇਅਰਮੈਨ ਸ਼੍ਰੀ ਸੁਲਤਾਨ ਅਹਿਮਦ ਬਿਨ ਸੁਲੇਯਮ ਨੇ ਕਿਹਾ ਕਿ ਇੱਕ ਜੀਵੰਤ ਗੁਜਰਾਤ ਲਈ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਹਕੀਕਤ ਬਣਦੇ ਦੇਖਣਾ ਖੁਸ਼ੀ ਦੀ ਗੱਲ ਹੈ ਅਤੇ ਉਨ੍ਹਾਂ ਨੇ ਸਮਿਟ ਦੇ ਆਯੋਜਨ ਲਈ ਗੁਜਰਾਤ ਸਰਕਾਰ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਵਾਇਬ੍ਰੈਂਟ  ਗੁਜਰਾਤ ਸਮਿਟ ਭਾਰਤ ਦੇ ਪ੍ਰਮੁੱਖ ਵਪਾਰਕ ਮੰਚ ਦੇ ਰੂਪ ਵਿੱਚ ਪ੍ਰਧਾਨ ਮੰਤਰੀ ਦੇ ‘ਵਿਕਸਿਤ ਭਾਰਤ @ 2047’ ਦੇ ਸੰਕਲਪ ਦੇ ਮਾਰਗਦਰਸ਼ਨ ਦੇ ਰੂਪ ਵਿੱਚ ਆਪਣੇ ਤੇਜ਼ੀ ਨਾਲ ਵਧਣ ਦਾ ਪ੍ਰਦਰਸ਼ਨ ਕਰ ਰਿਹਾ ਹੈ। ਉਨ੍ਹਾਂ ਨੇ ਵੱਖ-ਵੱਖ ਉਦਯੋਗਿਕ ਕਲੱਸਟਰਾਂ ਜਿਵੇਂ ਕਿ ਗਿਫਟ ਸਿਟੀ, ਧੋਲੇਰਾ ਸਪੈਸ਼ਲ ਇਨਵੈਸਟਮੈਂਟ ਰੀਜ਼ਨ ਅਤੇ ਗੁਜਰਾਤ ਮੈਰੀਟਾਈਮ ਕਲੱਸਟਰ ਨੂੰ ਵਿਕਸਿਤ ਕਰਨ ਅਤੇ ਉਤਸ਼ਾਹਿਤ ਕਰਨ ਦਾ ਕ੍ਰੈਡਿਟ ਸਰਕਾਰ ਨੂੰ ਦਿੱਤਾ ਅਤੇ ਕਿਹਾ ਕਿ ਇਹ ਭਵਿੱਖ ਲਈ ਇੱਕ ਗੇਟਵੇਅ ਦੇ ਰੂਪ ਵਿੱਚ ਕੰਮ ਕਰੇਗਾ। ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਦਰਮਿਆਨ ਦੁਵੱਲੇ ਆਰਥਿਕ ਸਬੰਧਾਂ 'ਤੇ ਚਾਨਣਾ ਪਾਉਂਦੇ ਹੋਏ, ਉਨ੍ਹਾਂ ਨੇ 2017 ਤੋਂ ਹੁਣ ਤੱਕ ਗੁਜਰਾਤ ਵਿੱਚ 2.4 ਬਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕਰਨ ਵਾਲੇ ਦੇਸ਼ ਦੇ ਸਭ ਤੋਂ ਵੱਡੇ ਵਿਦੇਸ਼ੀ ਨਿਵੇਸ਼ਕਾਂ ਵਿੱਚੋਂ ਇੱਕ ਹੋਣ ਬਾਰੇ ਦੱਸਿਆ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਗੁਜਰਾਤ ਨੇ ਪਿਛਲੇ ਸਾਲ 7 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਦੀਆਂ ਵਸਤਾਂ ਦਾ ਨਿਰਯਾਤ ਕੀਤਾ ਸੀ। ਇਹ ਜ਼ਿਕਰ ਕਰਦੇ ਹੋਏ ਕਿ ਭਾਰਤ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਪ੍ਰਮੁੱਖ ਅਰਥਵਿਵਸਥਾ ਹੈ, ਸ਼੍ਰੀ ਸੁਲੇਯਮ ਨੇ ਜ਼ੋਰ ਦਿੱਤਾ ਕਿ ਪ੍ਰਧਾਨ ਮੰਤਰੀ ਦੀ ਮਜ਼ਬੂਤ ਅਗਵਾਈ ਵਿੱਚ ਵਿਕਾਸ ਜਾਰੀ ਰਹੇਗਾ। ਉਨ੍ਹਾਂ ਨੇ ਗਤੀਸ਼ਕਤੀ ਵਰਗੀਆਂ ਨਿਵੇਸ਼ ਪਹਿਲਾਂ ਦਾ ਕ੍ਰੈਡਿਟ ਵੀ ਦਿੱਤਾ ਜੋ ਭਾਰਤ ਅਤੇ ਗੁਜਰਾਤ ਨੂੰ ਆਰਥਿਕ ਪਾਵਰ ਹਾਊਸ ਵਜੋਂ ਆਪਣੀ ਸਮਰੱਥਾ ਦਾ ਅਹਿਸਾਸ ਕਰਨ ਵਿੱਚ ਮਦਦ ਕਰੇਗਾ। ਉਨ੍ਹਾਂ ਨੇ ਡੀਪੀ ਵਰਲਡ ਦੀ ਕਾਂਡਲਾ, ਗੁਜਰਾਤ ਵਿਖੇ 2 ਮਿਲੀਅਨ ਕੰਟੇਨਰਾਂ ਦੀ ਸਮਰੱਥਾ ਵਾਲੇ ਅਤਿ-ਆਧੁਨਿਕ ਕੰਟੇਨਰ ਟਰਮੀਨਲਾਂ ਦੇ ਨਿਵੇਸ਼ ਅਤੇ ਵਿਕਾਸ ਦੀ ਯੋਜਨਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੇਸ਼ ਦੇ ਲੌਜਿਸਟਿਕਸ ਇਨਫ੍ਰਾਸਟ੍ਰਕਚਰ ਦੇ ਵਿਸਤਾਰ ਵਿੱਚ ਭਾਰਤ ਸਰਕਾਰ ਨਾਲ ਸਾਂਝੇਦਾਰੀ ਕਰਨ 'ਤੇ ਮਾਣ ਪ੍ਰਗਟ ਕੀਤਾ ਅਤੇ ਵਾਇਬ੍ਰੈਂਟ  ਗੁਜਰਾਤ ਸਮਿਟ ਦਾ ਹਿੱਸਾ ਬਣਨ ਦੇ ਮੌਕੇ ਲਈ ਗੁਜਰਾਤ ਸਰਕਾਰ ਦਾ ਧੰਨਵਾਦ ਕੀਤਾ।

ਨਵੀਡੀਆ (Nvidia) ਦੇ ਐੱਸਆਰ ਵੀਪੀ ਸ਼੍ਰੀ ਸ਼ੰਕਰ ਤ੍ਰਿਵੇਦੀ ਨੇ ਜਨਰੇਟਿਵ ਏਆਈ ਦੇ ਵਧਦੇ ਮਹੱਤਵ ਨੂੰ ਯਾਦ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਨਵੀਡੀਆ ਦੇ ਸੀਈਓ ਸ਼੍ਰੀ ਜੇਨਸਨ ਹੁਆਂਗ ਨੂੰ ਭਾਰਤ ਸਰਕਾਰ ਦੇ ਸੀਨੀਅਰ ਮੈਂਬਰਾਂ ਨੂੰ ਨੇਤਾਵਾਂ ਨੂੰ ਭਾਸ਼ਣ ਦੇਣ ਲਈ ਸੱਦਾ ਦਿੱਤਾ ਅਤੇ ਕਿਹਾ ਕਿ “ਇਹ ਪਹਿਲੀ ਵਾਰ ਸੀ ਜਦੋਂ ਕਿਸੇ ਗਲੋਬਲ ਲੀਡਰ ਨੇ ਅਸਲ ਵਿੱਚ ਏਆਈ ਬਾਰੇ ਗੱਲ ਕੀਤੀ।" ਪ੍ਰਧਾਨ ਮੰਤਰੀ ਮੋਦੀ ਜੀ ਦੀ ਅਗਵਾਈ ਲਈ ਧੰਨਵਾਦ, ਇਹ ਭਾਰਤ ਵਿੱਚ ਅਤੇ ਇੱਥੇ ਗੁਜਰਾਤ ਵਿੱਚ ਵੀ ਜਨਰੇਟਿਵ ਏਆਈ ਨੂੰ ਅਪਣਾਉਣ ਲਈ ਇੱਕ ਉੱਤਪ੍ਰੇਰਕ ਰਿਹਾ ਹੈ। ਜਨਰੇਟਿਵ ਏਆਈ ਦੇ ਸਬੰਧ ਵਿੱਚ ਹੁਨਰ ਵਿਕਾਸ ਵਿੱਚ ਨਵੀਡੀਆ ਦੇ ਯਤਨਾਂ ਦੀ ਵਿਆਖਿਆ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ 'ਭਾਰਤ ਵਿੱਚ ਪ੍ਰਤਿਭਾ, ਪੈਮਾਨੇ ਅਤੇ ਵਿਲੱਖਣ ਡੇਟਾ ਅਤੇ ਵਿਲੱਖਣ ਸੱਭਿਆਚਾਰ ਹਨ'। ਉਨ੍ਹਾਂ ਨੇ ਮੇਕ ਇਨ ਇੰਡੀਆ ਲਈ ਨਵੀਡੀਆ ਦੇ ਸਮਰਥਨ ਨੂੰ ਵੀ ਰੇਖਾਂਕਿਤ ਕੀਤਾ।

ਜ਼ੀਰੋਧਾ ਦੇ ਸੰਸਥਾਪਕ ਅਤੇ ਸੀਈਓ ਨਿਖਿਲ ਕਾਮਤ ਨੇ ਪਿਛਲੇ ਦੋ ਦਹਾਕਿਆਂ ਦੌਰਾਨ ਦੇਸ਼ ਦੇ ਸਮੁੱਚੇ ਵਿਕਾਸ 'ਤੇ ਚਾਨਣਾ ਪਾਇਆ ਜਿਵੇਂ ਕਿ ਉਨ੍ਹਾਂ ਨੇ ਇੱਕ ਉੱਦਮੀ ਵਜੋਂ ਆਪਣੇ ਸਫ਼ਰ ਦੀ ਉਦਾਹਰਣ ਪੇਸ਼ ਕੀਤੀ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਪਿਛਲੇ 10 ਸਾਲ ਸ਼ਾਨਦਾਰ ਰਹੇ ਹਨ, ਇਸ ਦੇ ਨਾਲ ਹੀ ਉਨ੍ਹਾਂ ਨੇ ਦੇਸ਼ ਦੇ ਸਟਾਰਟਅੱਪਸ ਈਕੋਸਿਸਟਮ ਅਤੇ ਛੋਟੇ ਉੱਦਮੀਆਂ ਤੇ ਈ-ਕਾਮਰਸ ਦੇ ਉਭਾਰ ਦੀ ਸ਼ਲਾਘਾ ਕੀਤੀ ਜਦਕਿ 10 ਸਾਲ ਪਹਿਲਾਂ ਅਜਿਹਾ ਨਹੀਂ ਸੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਇੱਕ ਸਥਿਰ ਵਾਤਾਵਰਣ ਪ੍ਰਣਾਲੀ ਦੀ ਸੁਵਿਧਾ ਦੇਣ ਦਾ ਕ੍ਰੈਡਿਟ ਦਿੱਤਾ, ਜਿਸ ਨਾਲ ਸਟਾਰਟਅੱਪਸ ਨੂੰ ਵਧਣ-ਫੁੱਲਣ ਦਾ ਮਾਹੌਲ ਮਿਲਿਆ।

 

***************

ਡੀਐੱਸ/ਟੀਐੱਸ 


(Release ID: 1995021) Visitor Counter : 118