ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਭਾਰਤੀਦਾਸਨ ਯੂਨੀਵਰਸਿਟੀ, ਤਿਰੂਚਿਰਾਪੱਲੀ,ਤਮਿਲ ਨਾਡੂ ਦੇ 38ਵੇਂ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕੀਤਾ
ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਦੇ ਨੌਜਵਾਨਾਂ ਦੇ ਵਿੱਚ ਪਹਿਲੀ ਜਨਤਕ ਭਾਗੀਦਾਰੀ ਨਾਲ ਪ੍ਰਸੰਨ ਹਾਂ
“ਭਾਰਤੀਦਾਸਨ ਯੂਨੀਵਰਸਿਟੀ ਇੱਕ ਮਜ਼ਬੂਤ ਅਤੇ ਪਰਿਪੱਕ ਨੀਂਹ ‘ਤੇ ਸ਼ੁਰੂ ਕੀਤੀ ਗਈ ਸੀ”
“ਯੂਨੀਵਰਸਿਟੀਆਂ ਕਿਸੇ ਵੀ ਰਾਸ਼ਟਰ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ”
“ਸਾਡਾ ਦੇਸ਼ ਅਤੇ ਇਸ ਦੀ ਸੱਭਿਅਤਾ ਹਮੇਸ਼ਾ ਗਿਆਨ ਦੇ ਆਲੇ-ਦੁਆਲੇ ਕੇਂਦ੍ਰਿਤ ਰਹੀ ਹੈ”
ਪ੍ਰਧਾਨ ਮੰਤਰੀ ਨੇ ਕਿਹਾ, “ਮੈਨੂੰ ਨੌਜਵਾਨਾਂ ਦੀ 2047 ਤੱਕ ਦੇ ਵਰ੍ਹਿਆਂ ਨੂੰ ਸਾਡੇ ਇਤਿਹਾਸ ਵਿੱਚ ਸਭ ਤੋਂ ਮਹੱਤਵਪੂਰਨ ਵਰ੍ਹਿਆਂ ਵਿੱਚੋਂ ਇੱਕ ਬਣਾਉਣ ਦੀ ਸਮਰੱਥਾ ‘ਤੇ ਭਰੋਸਾ ਹੈ
“ਯੁਵਾ ਦਾ ਅਰਥ ਹੈ ਊਰਜਾ। ਇਸ ਦਾ ਅਰਥ ਹੈ ਗਤੀ, ਕੌਸ਼ਲ ਅਤੇ ਵੱਡੇ ਪੈਮਾਨੇ ‘ਤੇ ਕੰਮ ਕਰਨ ਦੀ ਸਮਰੱਥਾ”
“ਹਰ ਗਲੋਬਲ ਸਮਝੌਤੇ ਦੇ ਹਿੱਸੇ ਦੇ ਰੂਪ ਵਿੱਚ ਭਾਰਤ ਦਾ ਸੁਆਗਤ ਕੀਤਾ ਜਾ ਰਿਹਾ ਹੈ”
“ਕਈ ਮਾਅਨਿਆਂ ਵਿੱਚ, ਸਥਾਨਕ ਅਤੇ ਗਲੋਬਲ ਕਾਰਕਾਂ ਦੇ ਕਾਰਨ, ਇਹ ਭਾਰਤ ਵਿੱਚ ਯੁਵਾ ਹੋਣ ਦਾ ਇੱਕ ਚੰਗਾ ਸਮਾਂ ਹੈ”
Posted On:
02 JAN 2024 12:04PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਮਿਲ ਨਾਡੂ ਦੇ ਤਿਰੂਚਿਰਾਪੱਲੀ ਵਿੱਚ ਭਾਰਤੀਦਾਸਨ ਯੂਨੀਵਰਸਿਟੀ ਦੇ 38ਵੇਂ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਯੂਨੀਵਰਸਿਟੀ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਪੁਰਸਕਾਰ ਵੀ ਪ੍ਰਦਾਨ ਕੀਤੇ।
ਪ੍ਰਧਾਨ ਮੰਤਰੀ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤੀਦਾਸਨ ਯੂਨੀਵਰਸਿਟੀ ਦਾ 38ਵਾਂ ਕਨਵੋਕੇਸ਼ਨ ਸਮਾਰੋਹ ਬੇਹਦ ਖਾਸ ਹੈ ਕਿਉਂਕਿ ਨਵੇਂ ਸਾਲ 2024 ਵਿੱਚ ਇਹ ਉਨ੍ਹਾਂ ਦਾ ਪਹਿਲਾ ਜਨਤਕ ਸੰਵਾਦ ਹੈ। ਉਨ੍ਹਾਂ ਨੇ ਖੂਬਸੂਰਤ ਰਾਜ ਤਮਿਲ ਨਾਡੂ ਅਤੇ ਨੌਜਵਾਨਾਂ ਦੇ ਵਿੱਚ ਮੌਜੂਦ ਹੋਣ ‘ਤੇ ਆਪਣੀ ਖੁਸ਼ੀ ਪ੍ਰਗਟ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀਦਾਸਨ ਯੂਨੀਵਰਸਿਟੀ ਵਿੱਚ ਕਨਵੋਕੇਸ਼ਨ ਸਮਾਰੋਹ ਵਿੱਚ ਹਿੱਸਾ ਲੈਣ ਵਾਲੇ ਪਹਿਲੇ ਪ੍ਰਧਾਨ ਮੰਤਰੀ ਹੋਣ ‘ਤੇ ਸੰਤੋਸ਼ ਪ੍ਰਗਟ ਕੀਤਾ ਅਤੇ ਇਸ ਅਵਸਰ ‘ਤੇ ਵਿਦਿਆਰਥੀਆਂ, ਉਨ੍ਹਾਂ ਦੇ ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਯੂਨੀਵਰਸਿਟੀ ਦਾ ਨਿਰਮਾਣ ਆਮ ਤੌਰ ‘ਤੇ ਇੱਕ ਵਿਧਾਨਕ ਪ੍ਰਕਿਰਿਆ ਹੈ ਅਤੇ ਹੌਲੀ-ਹੌਲੀ ਨਵੇਂ ਕਾਲਜ ਜੁੜਦੇ ਹਨ ਅਤੇ ਯੂਨੀਵਰਸਿਟੀ ਵਧਦੀ ਹੈ, ਹਾਲਾਂਕਿ, ਭਾਰਤੀਦਾਸਨ ਯੂਨੀਵਰਸਿਟੀ ਨੂੰ ਵੱਖਰੇ ਤਰੀਕੇ ਨਾਲ ਬਣਾਇਆ ਗਿਆ ਸੀ ਕਿਉਂਕਿ ਬਹੁਤ ਸਾਰੇ ਮੌਜੂਦਾ ਪ੍ਰਸਿੱਧ ਕਾਲਜਾਂ ਨੂੰ ਯੂਨੀਵਰਸਿਟੀ ਬਣਾਉਣ ਅਤੇ ਇੱਕ ਮਜ਼ਬੂਤ ਅਤੇ ਪਰਿਪੱਕ ਬੁਨਿਆਦ ਪ੍ਰਦਾਨ ਕਰਨ ਲਈ ਇਕੱਠੇ ਕੀਤਾ ਗਿਆ ਸੀ ਜਿਸ ਨਾਲ ਯੂਨੀਵਰਸਿਟੀ ਨੂੰ ਕਈ ਖੇਤਰਾਂ ਵਿੱਚ ਪ੍ਰਭਾਵਸ਼ਾਲੀ ਬਣਾਇਆ ਗਿਆ ਸੀ ।
ਪ੍ਰਧਾਨ ਮੰਤਰੀ ਨੇ ਨਾਲੰਦਾ ਅਤੇ ਤਕਸ਼ਿਲਾ ਦੀਆਂ ਪ੍ਰਾਚੀਨ ਯੂਨੀਵਰਸਿਟੀਆਂ ‘ਤੇ ਚਾਨਣਾ ਪਾਉਂਦੇ ਹੋਏ ਕਿਹਾ, ‘ਸਾਡਾ ਦੇਸ਼ ਅਤੇ ਇਸ ਦੀ ਸੱਭਿਅਤਾ ਹਮੇਸ਼ਾ ਗਿਆਨ ‘ਤੇ ਕੇਂਦ੍ਰਿਤ ਰਹੀ ਹੈ।’ ਉਨ੍ਹਾਂ ਨੇ ਕਾਂਚੀਪੁਰਮ, ਗੰਗਾਈਕੋਂਡਾ, ਚੋਲਾਪੁਰਮ ਅਤੇ ਮਦੁਰੈ ਨੂੰ ਮਹਾਨ ਯੂਨੀਵਰਸਿਟੀਆਂ ਦਾ ਘਰ ਦੱਸਿਆ, ਜਿੱਥੇ ਦੁਨੀਆ ਭਰ ਤੋਂ ਵਿਦਿਆਰਥੀ ਆਉਂਦੇ ਹਨ ।
ਕਨਵੋਕੇਸ਼ਨ ਸਮਾਰੋਹ ਦੀ ਪ੍ਰਾਚੀਨ ਧਾਰਨਾ ਬਾਰੇ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਤਮਿਲ ਸੰਗਮ ਦਾ ਉਦਾਹਰਣ ਦਿੱਤਾ, ਜਿੱਥੇ ਕਵੀਆਂ ਅਤੇ ਬੁੱਧੀਜੀਵੀਆਂ ਨੇ ਵਿਸ਼ਲੇਸ਼ਣ ਦੇ ਲਈ ਕਵਿਤਾਵਾਂ ਅਤੇ ਸਾਹਿਤ ਪੇਸ਼ ਕੀਤੇ, ਜਿਸ ਦੇ ਬਾਦ ਵਿਆਪਕ ਸਮਾਜ ਨੇ ਇਨ੍ਹਾਂ ਕਾਰਜਾਂ ਨੂੰ ਮਾਨਤਾ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿੱਖਿਆ ਅਤੇ ਉੱਚ ਸਿੱਖਿਆ ਵਿੱਚ ਅੱਜ ਵੀ ਇਸ ਤਰਕ ਦਾ ਪ੍ਰਯੋਗ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ, “ਯੁਵਾ ਵਿਦਿਆਰਥੀ ਗਿਆਨ ਦੀ ਮਹਾਨ ਇਤਿਹਾਸਿਕ ਪਰੰਪਰਾ ਦਾ ਹਿੱਸਾ ਹਨ।”
ਰਾਸ਼ਟਰ ਨੂੰ ਦਿਸ਼ਾ ਪ੍ਰਦਾਨ ਕਰਨ ਵਿੱਚ ਯੂਨੀਵਰਸਿਟੀਆਂ ਦੀ ਭੂਮਿਕਾ ‘ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਕਿਵੇਂ ਜੀਵੰਤ ਯੂਨੀਵਰਸਿਟੀਆਂ ਦੀ ਮੌਜੂਦਗੀ ਦੇ ਕਾਰਨ ਦੇਸ਼ ਅਤੇ ਸੱਭਿਆਚਾਰ ਜੀਵੰਤ ਹੋ ਉਠਿਆ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਦੋਂ ਦੇਸ਼ ‘ਤੇ ਹਮਲਾ ਹੋਇਆ ਤਾਂ ਦੇਸ਼ ਦੀ ਗਿਆਨ ਪ੍ਰਣਾਲੀ ਨੂੰ ਨਿਸ਼ਾਨਾ ਬਣਾਇਆ ਗਿਆ। ਪ੍ਰਧਾਨ ਮੰਤਰੀ ਨੇ ਮਹਾਤਮਾ ਗਾਂਧੀ, ਪੰਡਿਤ ਮਦਨ ਮੋਹਨ ਮਾਲਵੀਯ ਅਤੇ ਸਰ ਅੰਨਾਮਲਾਈ ਚੇਂਟਟਿਯਾਰ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ 20ਵੀਂ ਸਦੀ ਦੀ ਸ਼ੁਰੂਆਤ ਵਿੱਚ ਯੂਨੀਵਰਸਿਟੀਆਂ ਸ਼ੁਰੂ ਕੀਤੀਆਂ, ਜੋ ਸੁਤੰਤਰਤਾ ਸੰਗਰਾਮ ਦੌਰਾਨ ਗਿਆਨ ਅਤੇ ਰਾਸ਼ਟਰਵਾਦ ਦੇ ਕੇਂਦਰ ਬਣ ਗਈਆਂ।
ਇਸੇ ਤਰ੍ਹਾਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਉਥਾਨ ਦੇ ਪਿੱਛੇ ਇੱਕ ਕਾਰਕ ਇਸ ਦੀਆਂ ਯੂਨੀਵਰਸਿਟੀਆਂ ਦਾ ਉਭਾਰ ਹੈ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਭਾਰਤ ਨੇ ਆਰਥਿਕ ਵਿਕਾਸ ਵਿੱਚ ਰਿਕਾਰਡ ਸਥਾਪਿਤ ਕੀਤਾ ਹੈ, ਪੰਜਵੀਂ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਬਣ ਗਿਆ ਹੈ ਅਤੇ ਭਾਰਤੀ ਯੂਨੀਵਰਸਿਟੀਆਂ ਨੇ ਗਲੋਬਲ ਰੈਂਕਿੰਗ ਵਿੱਚ ਰਿਕਾਰਡ ਸੰਖਿਆ ਬਣਾਈ ਹੈ।
ਪ੍ਰਧਾਨ ਮੰਤਰੀ ਨੇ ਯੁਵਾ ਵਿਦਵਾਨਾਂ ਨੂੰ ਸਿੱਖਿਆ ਦੇ ਉਦੇਸ਼ ਅਤੇ ਸਮਾਜ ਵਿਦਵਾਨਾਂ ਨੂੰ ਕਿਵੇਂ ਦੇਖਦਾ ਹੈ, ਇਸ ‘ਤੇ ਗਹਿਰਾਈ ਨਾਲ ਸੋਚਣ ਨੂੰ ਕਿਹਾ। ਉਨ੍ਹਾਂ ਨੇ ਗੁਰੂਦੇਵ ਰਵਿੰਦਰਨਾਥ ਟੈਗੋਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਿਵੇਂ ਸਿੱਖਿਆ ਸਾਨੂੰ ਸਾਰਿਆਂ ਨੂੰ ਹੋਂਦ ਦੇ ਨਾਲ ਸਦਭਾਵਨਾ ਵਿੱਚ ਰਹਿਣਾ ਸਿਖਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀ ਅੱਜ ਜਿੱਥੇ ਹਨ ਉੱਥੇ ਤੱਕ ਲਿਆਉਣ ਵਿੱਚ ਪੂਰੇ ਸਮਾਜ ਨੇ ਭੂਮਿਕਾ ਨਿਭਾਈ ਹੈ ਅਤੇ ਬਿਹਤਰ ਸਮਾਜ ਅਤੇ ਰਾਸ਼ਟਰ ਦੇ ਨਿਰਮਾਣ ਦੇ ਲਈ ਵਾਪਸ ਦੇਣ ਦੇ ਮਹੱਤਵ ‘ਤੇ ਜ਼ੋਰ ਦਿੱਤਾ। “ਇੱਕ ਤਰ੍ਹਾਂ ਨਾਲ, ਇੱਥੋਂ ਦਾ ਹਰੇਕ ਗ੍ਰੈਜੂਏਟ 2047 ਤੱਕ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਦੇ ਸਕਦਾ ਹੈ।
ਪ੍ਰਧਾਨ ਮੰਤਰੀ ਨੇ ਸਾਲ 2047 ਨੂੰ ਦੇਸ਼ ਦੇ ਇਤਿਹਾਸ ਵਿੱਚ ਸਭ ਤੋਂ ਮਹੱਤਵਪੂਰਨ ਸਾਲ ਬਣਾਉਣ ਲਈ ਨੌਜਵਾਨਾਂ ਦੀ ਸਮਰੱਥਾ ਵਿੱਚ ਆਪਣਾ ਵਿਸ਼ਵਾਸ ਦੁਹਰਾਇਆ। ਯੂਨੀਵਰਸਿਟੀ ਦੇ ਨਾਅਰੇ ‘ਆਓ ਅਸੀਂ ਇਕ ਨਵੀਂ ਦੁਨੀਆ ਬਣਾਈਏ’ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਯੁਵਾ ਪਹਿਲਾਂ ਤੋਂ ਹੀ ਇਸ ਤਰ੍ਹਾਂ ਦੀ ਦੁਨੀਆ ਦਾ ਨਿਰਮਾਣ ਕਰ ਰਹੇ ਹਨ। ਉਨ੍ਹਾਂ ਨੇ ਮਹਾਮਾਰੀ ਦੌਰਾਨ ਵੈਕਸੀਨ ਵਿਕਾਸ, ਚੰਦਰਯਾਨ ਵਿੱਚ ਯੁਵਾ ਭਾਰਤੀਆਂ ਦੇ ਯੋਗਦਾਨ ਨੂੰ ਸੂਚੀਬੱਧ ਕੀਤਾ
ਅਤੇ ਪੇਟੈਂਟ ਦੀ ਸੰਖਿਆ 2104 ਵਿੱਚ 4,000 ਤੋਂ ਵਧ ਕੇ ਹੁਣ ਲਗਭਗ 50,000 ਹੋ ਗਈ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਭਾਰਤ ਦੀ ਮਾਨਵਤਾ ਵਿਦਵਾਨ ਭਾਰਤ ਦੀ ਕਹਾਣੀ ਨੂੰ ਪਹਿਲਾਂ ਦੀ ਤਰ੍ਹਾਂ ਹੀ ਪੇਸ਼ ਕਰ ਰਹੀ ਹੈ। ਉਨ੍ਹਾਂ ਨੇ ਖਿਡਾਰੀਆਂ, ਸੰਗੀਤਕਾਰਾਂ, ਕਲਾਕਾਰਾਂ ਦੀਆਂ ਉਪਲਬਧੀਆਂ ਨੂੰ ਵੀ ਉਜਾਗਰ ਕੀਤਾ। ਉਨ੍ਹਾਂ ਨੇ ਅੱਗੇ ਕਿਹਾ, “ਤੁਸੀਂ ਉਸ ਦੁਨੀਆ ਵਿੱਚ ਪ੍ਰਵੇਸ਼ ਕਰੇ ਹੋ, ਜਦੋਂ ਹਰ ਖੇਤਰ ਵਿੱਚ ਹਰ ਕੋਈ ਤੁਹਾਨੂੰ ਨਵੀਂ ਉਮੀਂਦ ਨਾਲ ਦੇਖਦਾ ਹੈ।”
“ਯੁਵਾ ਦਾ ਅਰਥ ਹੈ ਊਰਜਾ। ਇਸ ਦਾ ਅਰਥ ਹੈ ਗਤੀ, ਕੌਸ਼ਲ ਅਤੇ ਪੈਮਾਨੇ ਦੇ ਨਾਲ ਕੰਮ ਕਰਨ ਦੀ ਸਮਰੱਥਾ।” ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਰਕਾਰ ਪਿਛਲੇ ਕੁਝ ਵਰ੍ਹਿਆਂ ਵਿੱਚ ਸਮਾਨ ਗਤੀ ਅਤੇ ਪੈਮਾਨੇ ਦੇ ਨਾਲ ਵਿਦਿਆਰਥੀਆਂ ਦੀ ਬਰਾਬਰੀ ਕਰਨ ਲਈ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਪਿਛਲੇ 10 ਵਰ੍ਹਿਆਂ ਦੌਰਾਨ ਦੇਸ਼ ਵਿੱਚ ਹਵਾਈ ਅੱਡਿਆਂ ਦੀ ਸੰਖਿਆ 74 ਤੋਂ ਦੁੱਗਣੀ ਕਰਕੇ ਲਗਭਗ 150 ਕਰਨ, ਸਾਰੀਆਂ ਪ੍ਰਮੁੱਖ ਬੰਦਰਗਾਹਾਂ ਦੀ ਕਾਰਗੋ ਪ੍ਰਬੰਧਨ ਸਮਰੱਥਾ ਨੂੰ ਦੁੱਗਣਾ ਕਰਨ, ਰਾਜਮਾਰਗਾਂ ਦੇ ਨਿਰਮਾਣ ਦੀ ਗਤੀ ਅਤੇ ਪੈਮਾਨੇ ਨੂੰ ਦੁੱਗਣਾ ਕਰਨ ਅਤੇ ਸਟਾਰਟਅੱਪਸ ਦੀ ਸੰਖਿਆ ਨੂੰ ਘੱਟ ਤੋਂ ਵਧਾਉਣ ਦਾ ਜ਼ਿਕਰ ਕੀਤਾ।
2014 ਵਿੱਚ 100 ਤੋਂ ਵਧਾ ਕੇ ਲਗਭਗ 1 ਲੱਖ। ਉਨ੍ਹਾਂ ਨੇ ਭਾਰਤ ਦੁਆਰਾ ਮਹੱਤਵਪੂਰਨ ਅਰਥਵਿਵਸਥਾਵਾਂ ਦੇ ਨਾਲ ਕਈ ਵਪਾਰਕ ਸਮਝੌਤੇ ਹਾਸਲ ਕਰਨ ਬਾਰੇ ਵੀ ਗੱਲ ਕੀਤੀ, ਜਿਸ ਨਾਲ ਭਾਰਤ ਦੀਆਂ ਵਸਤੂਆਂ ਅਤੇ ਸੇਵਾਵਾਂ ਦੇ ਲਈ ਨਵੇਂ ਬਜ਼ਾਰ ਖੁੱਲ੍ਹਣਗੇ, ਜਿਸ ਨਾਲ ਨੌਜਵਾਨਾਂ ਲਈ ਅਣਗਿਣਤ ਅਵਸਰ ਪੈਦਾ ਹੋਣਗੇ। ਉਨ੍ਹਾਂ ਨੇ ਕਿਹਾ ਕਿ ਹਰ ਗਲੋਬਲ ਸਮਝੌਤੇ ਦੇ ਹਿੱਸੇ ਵਜੋਂ ਭਾਰਤ ਦਾ ਸੁਆਗਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜੀ20 ਜਿਹੇ ਸੰਸਥਾਨਾਂ ਨੂੰ ਮਜ਼ਬੂਤ ਕਰਨ, ਜਲਵਾਯੂ ਪਰਿਵਰਤਨ ਨਾਲ ਲੜਨ ਅਤੇ ਗਲੋਬਲ ਸਪਲਾਈ ਚੇਨ ਵਿੱਚ ਵੱਡੀ ਭੂਮਿਕਾ ਨਿਭਾਉਣ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “ਕਈ ਸਥਾਨਕ ਅਤੇ ਗਲੋਬਲ ਕਾਰਕਾਂ ਦੇ ਕਾਰਨ ਭਾਰਤ ਵਿੱਚ ਯੁਵਾ ਹੋਣ ਦਾ ਇਹ ਸਭ ਤੋਂ ਚੰਗਾ ਸਮਾਂ ਹੈ।” ਸ਼੍ਰੀ ਮੋਦੀ ਨੇ ਵਿਦਿਆਰਥੀਆਂ ਨੂੰ ਇਸ ਸਮੇਂ ਦਾ ਸਦਉਪਯੋਗ ਕਰਨ ਅਤੇ ਦੇਸ਼ ਨੂੰ ਨਵੀਂਆਂ ਉੱਚਾਈਆਂ ‘ਤੇ ਲੈ ਜਾਣ ਦੀ ਅਪੀਲ ਕੀਤੀ।
ਇਹ ਦੇਖਦੇ ਹੋਏ ਕਿ ਯੂਨੀਵਰਸਿਟੀ ਦੀ ਯਾਤਰਾ ਅੱਜ ਸਮਾਪਤ ਹੋ ਰਹੀ ਹੈ, ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਿੱਖਿਆ ਦੀ ਯਾਤਰਾ ਦਾ ਕੋਈ ਅੰਤ ਨਹੀਂ ਹੈ। ਉਨ੍ਹਾਂ ਨੇ ਕਿਹਾ, “ਜੀਵਨ ਹੁਣ ਤੁਹਾਡਾ ਅਧਿਆਪਕ ਬਣੇਗਾ।” ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਨਿਰੰਤਰ ਸਿੱਖਣ ਦੀ ਭਾਵਨਾ ਦੇ ਨਾਲ ਸਿੱਖਣ, ਰੀ-ਸਕਿਲਿੰਗ ਅਤੇ ਅੱਪ-ਸਕਿਲਿੰਗ ‘ਤੇ ਸਰਗਰਮੀ ਨਾਲ ਕੰਮ ਕਰਨਾ ਮਹੱਤਵਪੂਰਨ ਹੈ। ਪ੍ਰਧਾਨ ਮੰਤਰੀ ਮੋਦੀ ਨੇ ਭਾਸ਼ਣ ਦੀ ਸਮਾਪਤੀ ਤੇ ਕਿਹਾ, “ਤੇਜ਼ੀ ਨਾਲ ਬਦਲਦੀ ਦੁਨੀਆ ਵਿੱਚ, ਜਾਂ ਤਾਂ ਤੁਸੀਂ ਪਰਿਵਰਤਨ ਲਿਆਉਂਦੇ ਹੋ ਜਾਂ ਪਰਿਵਰਤਨ ਤੁਹਾਨੂੰ ਪ੍ਰੇਰਿਤ ਕਰਦਾ ਹੈ।”
ਇਸ ਅਵਸਰ ‘ਤੇ ਤਮਿਲ ਨਾਡੂ ਦੇ ਰਾਜਪਾਲ ਅਤੇ ਭਾਰਤੀਦਾਸਨ ਯੂਨੀਵਰਸਿਟੀ ਦੇ ਚਾਂਸਲਰ ਸ਼੍ਰੀ ਆਰਐੱਨ ਰਵੀ, ਤਮਿਲ ਨਾਡੂ ਦੇ ਮੁੱਖ ਮੰਤਰੀ ਸ਼੍ਰੀ ਐੱਮ ਕੇ ਸਟਾਲਿਨ, ਉਪ-ਕੁਲਪਤੀ ਡਾ.ਐੱਮ ਸੇਲਵਮ ਅਤੇ ਪ੍ਰੋ-ਚਾਂਸਲਰ ਸ਼੍ਰੀ ਆਰਐੱਸ ਰਾਜਕਨੱਪਨ ਮੌਜੂਦ ਸਨ।
***
ਡੀਐੱਸ/ਟੀਐੱਸ
(Release ID: 1992627)
Visitor Counter : 114
Read this release in:
English
,
Urdu
,
Marathi
,
Hindi
,
Bengali
,
Bengali-TR
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam