ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਮਨਸੁਖ ਮਾਂਡਵੀਯਾ ਨੇ ਦੇਸ਼ ਦੇ ਕੁਝ ਹਿੱਸਿਆਂ ਵਿੱਚ ਵਧ ਰਹੇ ਕੋਵਿਡ-19 ਮਾਮਲਿਆਂ ਦੇ ਮੱਦੇਨਜ਼ਰ ਨਿਗਰਾਨੀ, ਰੋਕਥਾਮ ਅਤੇ ਪ੍ਰਬੰਧਨ ਲਈ ਜਨਤਕ ਸਿਹਤ ਪ੍ਰਣਾਲੀ ਦੀ ਕੋਵਿਡ-19 ਸਥਿਤੀ ਅਤੇ ਤਿਆਰੀ ਦੀ ਸਮੀਖਿਆ ਕੀਤੀ


ਕੋਵਿਡ -19 ਵਾਇਰਸ ਦੇ ਨਵੇਂ ਅਤੇ ਉੱਭਰ ਰਹੇ ਸਟ੍ਰੇਨਜ਼ ਦੇ ਵਿਰੁੱਧ ਚੌਕਸ ਅਤੇ ਤਿਆਰ ਰਹਿਣਾ ਮਹੱਤਵਪੂਰਨ ਹੈ: ਡਾ. ਮਾਂਡਵੀਯਾ

ਕੋਵਿਡ-19 ਦੇ ਕੁਸ਼ਲ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਕੇਂਦਰ ਅਤੇ ਰਾਜਾਂ ਦਰਮਿਆਨ ਸਾਂਝੇ ਯਤਨਾਂ ਦੀ ਲੋੜ ਨੂੰ ਦੁਹਰਾਇਆ ਗਿਆ

"ਆਓ ਅਸੀਂ ਕੇਂਦਰੀ ਅਤੇ ਰਾਜ ਪੱਧਰਾਂ 'ਤੇ ਹਰ ਤਿੰਨ ਮਹੀਨਿਆਂ ਵਿੱਚ ਇੱਕ ਵਾਰ ਮੌਕ ਡਰਿੱਲ ਕਰੀਏ ਅਤੇ ਵਧੀਆ ਅਭਿਆਸਾਂ ਨੂੰ ਸਾਂਝਾ ਕਰੀਏ"

ਉਚਿਤ ਜਨਤਕ ਸਿਹਤ ਪ੍ਰਤੀਕਿਰਿਆ ਦੀ ਯੋਜਨਾ ਬਣਾਉਣ ਲਈ ਰਾਜ ਕੋਵਿਡ-19 ਮਾਮਲਿਆਂ, ਲੱਛਣਾਂ ਅਤੇ ਕੇਸਾਂ ਦੀ ਗੰਭੀਰਤਾ ਦੇ ਉੱਭਰ ਰਹੇ ਪ੍ਰਮਾਣਾਂ ਦੀ ਨਿਗਰਾਨੀ ਕਰਨਗੇ

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਨਵੇਂ ਵਾਇਰਸ ਰੂਪਾਂ ਨੂੰ ਟਰੈਕ ਕਰਨ ਦੀ ਸਹੂਲਤ ਲਈ ਸਾਰੇ ਕੋਵਿਡ-19 ਪੌਜ਼ੀਟਿਵ ਮਾਮਲਿਆਂ ਦੇ ਨਮੂਨੇ ਆਈਐੱਨਐੱਸਏਸੀਓਜੀ ਲੈਬਾਂ ਨੂੰ ਭੇਜਣ

ਰਾਜਾਂ ਨੂੰ ਜਾਗਰੂਕਤਾ ਪੈਦਾ ਕਰਨ, ਇਨਫੋਡੈਮਿਕ ਦਾ ਪ੍ਰਬੰਧਨ ਕਰਨ ਅਤੇ ਤੱਥਾਂ ਦੀ ਸਹੀ ਜਾਣਕਾਰੀ ਦੇ ਪ੍ਰਸਾਰ ਨੂੰ ਯਕੀਨੀ ਬਣਾਉਣ ਲਈ ਆਖਿਆ ਗਿਆ

Posted On: 20 DEC 2023 1:01PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਅੱਜ ਭਾਰਤ ਵਿੱਚ ਕੋਵਿਡ-19 ਦੀ ਸਥਿਤੀ ਅਤੇ ਕੁਝ ਰਾਜਾਂ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਕੋਵਿਡ-19 ਦੇ ਤਾਜ਼ਾ ਵਾਧੇ ਦੇ ਮੱਦੇਨਜ਼ਰ ਨਿਗਰਾਨੀ, ਰੋਕਥਾਮ ਅਤੇ ਪ੍ਰਬੰਧਨ ਲਈ ਜਨਤਕ ਸਿਹਤ ਪ੍ਰਣਾਲੀ ਦੀ ਤਿਆਰੀ ਦੀ ਸਮੀਖਿਆ ਕਰਨ ਲਈ ਇੱਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਨਾਲ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਪ੍ਰੋ. ਐੱਸ ਪੀ ਸਿੰਘ ਬਘੇਲ ਅਤੇ ਡਾ. ਭਾਰਤੀ ਪ੍ਰਵੀਨ ਪਵਾਰ, ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ. ਵੀ ਕੇ ਪੌਲ ਵੀ ਮੌਜੂਦ ਸਨ।

ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਰਾਜ ਮੰਤਰੀਆਂ ਵਿੱਚ ਸ਼੍ਰੀ ਅਲੋ ਲਿਬਾਂਗ, ਮੁੱਖ ਮੰਤਰੀ ਅਤੇ ਸਿਹਤ ਮੰਤਰੀ (ਅਰੁਨਾਚਲ ਪ੍ਰਦੇਸ਼); ਸ਼੍ਰੀ ਬ੍ਰਜੇਸ਼ ਪਾਠਕ, ਉਪ ਮੁੱਖ ਮੰਤਰੀ ਅਤੇ ਸਿਹਤ ਮੰਤਰੀ (ਉੱਤਰ ਪ੍ਰਦੇਸ਼); ਸ਼੍ਰੀ ਧਨ ਸਿੰਘ ਰਾਵਤ, ਸਿਹਤ ਮੰਤਰੀ (ਉਤਰਾਖੰਡ) ਭੌਤਿਕ ਤੌਰ 'ਤੇ ਮੌਜੂਦ ਸਨ ਜਦਕਿ ਸ਼੍ਰੀ ਦਿਨੇਸ਼ ਗੁੰਡੂ ਰਾਓ, ਸਿਹਤ ਮੰਤਰੀ (ਕਰਨਾਟਕ); ਸ਼੍ਰੀ ਅਨਿਲ ਵਿਜ, ਸਿਹਤ ਮੰਤਰੀ (ਹਰਿਆਣਾ); ਸ਼੍ਰੀਮਤੀ ਵੀਨਾ ਜਾਰਜ, ਸਿਹਤ ਮੰਤਰੀ (ਕੇਰਲ), ਸ਼੍ਰੀ ਵਿਸ਼ਵਜੀਤ ਪ੍ਰਤਾਪ ਸਿੰਘ ਰਾਣੇ, ਸਿਹਤ ਮੰਤਰੀ (ਗੋਆ); ਸ਼੍ਰੀ ਕੇਸ਼ਬ ਮਹੰਤਾ, ਸਿਹਤ ਮੰਤਰੀ (ਆਸਾਮ); ਸ਼੍ਰੀ ਬੰਨਾ ਗੁਪਤਾ, ਸਿਹਤ ਮੰਤਰੀ (ਝਾਰਖੰਡ); ਡਾ. ਬਲਬੀਰ ਸਿੰਘ, ਸਿਹਤ ਮੰਤਰੀ (ਪੰਜਾਬ); ਸ਼੍ਰੀ ਸੌਰਭ ਭਾਰਦਵਾਜ, ਸਿਹਤ ਮੰਤਰੀ (ਦਿੱਲੀ); ਡਾ.(ਕਰਨਲ) ਧਨੀ ਰਾਮ ਸ਼ਾਂਡਿਲ, ਸਿਹਤ ਮੰਤਰੀ (ਹਿਮਾਚਲ ਪ੍ਰਦੇਸ਼); ਪ੍ਰੋ. ਡਾ. ਤਾਨਾਜੀਰਾਓ ਸਾਵੰਤ, ਸਿਹਤ ਮੰਤਰੀ (ਮਹਾਰਾਸ਼ਟਰ); ਸ਼੍ਰੀ ਦਾਮੋਦਰ ਰਾਜਨਰਸਿਮਹਾ, ਸਿਹਤ ਮੰਤਰੀ (ਤੇਲੰਗਾਨਾ); ਡਾ. ਸਪਮ ਰੰਜਨ, ਸਿਹਤ ਮੰਤਰੀ (ਮਨੀਪੁਰ); ਸ਼੍ਰੀ ਨਿਰੰਜਨ ਪੁਜਾਰੀ, ਸਿਹਤ ਮੰਤਰੀ (ਓਡੀਸ਼ਾ); ਸ਼੍ਰੀ ਰੰਗਾਸਵਾਮੀ, ਪ੍ਰਸ਼ਾਸਕ (ਪੁਡੂਚੇਰੀ) ਅਤੇ  ਹੋਰ ਸ਼ਾਮਲ ਸਨ। 

ਦੁਨੀਆ ਭਰ ਦੇ ਕੁਝ ਦੇਸ਼ਾਂ ਜਿਵੇਂ ਕਿ ਚੀਨ, ਬ੍ਰਾਜ਼ੀਲ, ਜਰਮਨੀ ਅਤੇ ਸੰਯੁਕਤ ਰਾਜ ਵਿੱਚ ਕੋਵਿਡ-19 ਦੇ ਕੇਸਾਂ ਦੀ ਵਧ ਰਹੀ ਗਿਣਤੀ ਕਾਰਨ ਪੈਦਾ ਹੋਈ ਚੁਣੌਤੀ ਨੂੰ ਰੇਖਾਂਕਿਤ ਕਰਦੇ ਹੋਏ, ਕੇਂਦਰੀ ਸਿਹਤ ਮੰਤਰੀ ਨੇ ਖਾਸ ਕਰਕੇ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਕੋਵਿਡ-19 ਦੇ ਨਵੇਂ ਅਤੇ ਉੱਭਰ ਰਹੇ ਸਟ੍ਰੇਨਜ਼ ਦੇ ਵਿਰੁੱਧ ਤਿਆਰ ਰਹਿਣ ਅਤੇ ਸੁਚੇਤ ਰਹਿਣ ਦੀ ਮਹੱਤਤਾ ਨੂੰ ਨੋਟ ਕੀਤਾ। ਉਨ੍ਹਾਂ ਜ਼ੋਰ ਦਿੰਦਿਆਂ ਅਤੇ ਦੁਹਰਾਉਂਦੇ ਹੋਏ ਕਿ ਕੋਵਿਡ ਅਜੇ ਖਤਮ ਨਹੀਂ ਹੋਇਆ ਹੈ, ਰਾਜਾਂ ਨੂੰ ਬੇਨਤੀ ਕੀਤੀ ਕਿ ਉਹ ਜਨਤਕ ਸਿਹਤ ਪ੍ਰਤੀਕ੍ਰਿਆ ਦੀ ਯੋਜਨਾ ਬਣਾਉਣ ਲਈ ਕੋਵਿਡ-19 ਦੇ ਕੇਸਾਂ, ਲੱਛਣਾਂ ਅਤੇ ਕੇਸਾਂ ਦੀ ਗੰਭੀਰਤਾ ਦੇ ਉੱਭਰ ਰਹੇ ਪ੍ਰਮਾਣਾਂ ਦੀ ਨਿਗਰਾਨੀ ਕਰਨ।

ਡਾ. ਮਾਂਡਵੀਯਾ ਨੇ "ਸਮੁੱਚੀ ਸਰਕਾਰ" ਪਹੁੰਚ ਦੀ ਭਾਵਨਾ ਨਾਲ ਉੱਭਰ ਰਹੀ ਸਥਿਤੀ ਨਾਲ ਨਜਿੱਠਣ ਲਈ ਕੇਂਦਰ ਅਤੇ ਰਾਜਾਂ ਵਿਚਕਾਰ ਸਮੂਹਿਕ ਯਤਨਾਂ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਇੰਡੀਅਨ ਸਾਰਸ-ਕੋਵ-2 ਜੀਨੋਮਿਕਸ ਕਨਸੋਰਟੀਅਮ (ਆਈਐੱਨਐੱਸਏਸੀਓਜੀ) ਨੈਟਵਰਕ ਰਾਹੀਂ ਵੇਰੀਐਂਟਸ ਨੂੰ ਟਰੈਕ ਕਰਨ ਲਈ ਪੌਜ਼ੀਟਿਵ ਕੇਸਾਂ ਦੇ ਨਮੂਨਿਆਂ ਦੀ ਪੂਰੀ ਜੀਨੋਮ ਸੀਕਵੈਂਸਿੰਗ ਲਈ ਨਿਗਰਾਨੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਦੇਸ਼ ਵਿੱਚ ਫੈਲੇ ਨਵੇਂ ਵਾਇਰਸ ਰੂਪਾਂ ਦੀ ਸਮੇਂ ਸਿਰ ਖੋਜ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਸਮੇਂ ਸਿਰ ਢੁਕਵੇਂ ਜਨਤਕ ਸਿਹਤ ਉਪਾਅ ਕਰਨ ਦੀ ਸਹੂਲਤ ਦੇਵੇਗਾ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਵੇਂ ਰੂਪਾਂ ਨੂੰ ਟਰੈਕ ਕਰਨ ਲਈ, ਕ੍ਰਮਬੱਧ ਕਰਨ ਲਈ, ਰੋਜ਼ਾਨਾ ਅਧਾਰ 'ਤੇ, ਕੋਵਿਡ-19 ਪੌਜ਼ੀਟਿਵ ਕੇਸਾਂ ਅਤੇ ਨਮੂਨੀਆ ਵਰਗੀ ਬਿਮਾਰੀ ਦੇ ਵੱਡੀ ਗਿਣਤੀ ਵਿੱਚ ਨਮੂਨੇ ਆਈਐੱਨਐੱਸਏਸੀਓਜੀ ਜੀਨੋਮ ਸੀਕੁਏਂਸਿੰਗ ਲੈਬਾਰਟਰੀਆਂ (ਆਈਜੀਐੱਸਐੱਲਜ਼) ਨੂੰ ਭੇਜਣ ਲਈ ਬੇਨਤੀ ਕੀਤੀ ਗਈ ਹੈ। 

ਕੇਂਦਰੀ ਸਿਹਤ ਮੰਤਰੀ ਨੇ ਸਾਰੇ ਰਾਜਾਂ ਨੂੰ ਸੁਚੇਤ ਰਹਿਣ, ਨਿਗਰਾਨੀ ਵਧਾਉਣ ਅਤੇ ਦਵਾਈਆਂ, ਆਕਸੀਜਨ ਸਿਲੰਡਰਾਂ ਅਤੇ ਕੰਸੈਂਟਰੇਟਰਾਂ, ਵੈਂਟੀਲੇਟਰਾਂ ਅਤੇ ਟੀਕਿਆਂ ਦੇ ਢੁਕਵੇਂ ਸਟਾਕ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਪੀਐੱਸਏ ਪਲਾਂਟਾਂ, ਆਕਸੀਜਨ ਕੰਸੈਂਟਰੇਟਰ ਅਤੇ ਸਿਲੰਡਰ, ਵੈਂਟੀਲੇਟਰ ਆਦਿ ਦੀ ਕਾਰਜਕੁਸ਼ਲਤਾ ਦਾ ਮੁਲਾਂਕਣ ਕਰਨ ਲਈ ਕੇਂਦਰੀ ਅਤੇ ਰਾਜ ਪੱਧਰਾਂ 'ਤੇ ਹਰ ਤਿੰਨ ਮਹੀਨਿਆਂ ਬਾਅਦ ਮੌਕ ਡਰਿੱਲ ਕਰਨ ਲਈ ਆਖਿਆ ਅਤੇ ਵਧੀਆ ਅਭਿਆਸਾਂ ਨੂੰ ਸਾਂਝਾ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਰਾਜਾਂ ਨੂੰ ਸਾਹ ਪ੍ਰਣਾਲੀ ਦੀ ਸਫਾਈ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਇਨਫੋਡੈਮਿਕ ਦਾ ਪ੍ਰਬੰਧਨ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਨੂੰ ਘਟਾਉਣ ਲਈ ਤੱਥਾਂ ਦੀ ਸਹੀ ਜਾਣਕਾਰੀ ਅਤੇ ਜਾਅਲੀ ਖ਼ਬਰਾਂ ਦਾ ਮੁਕਾਬਲਾ ਕਰਨ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ। ਕੇਂਦਰੀ ਸਿਹਤ ਮੰਤਰੀ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵਿਡ ਪੋਰਟਲ 'ਤੇ ਕੇਸਾਂ, ਟੈਸਟਾਂ, ਸਕਾਰਾਤਮਕਤਾ ਆਦਿ ਬਾਰੇ ਰੀਅਲ ਟਾਈਮ ਵਿੱਚ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਤਾਂ ਜੋ ਸਮੇਂ ਸਿਰ ਨਿਗਰਾਨੀ ਅਤੇ ਜਨਤਕ ਸਿਹਤ ਉਪਾਵਾਂ ਨੂੰ ਤੁਰੰਤ ਸਮਰੱਥ ਬਣਾਇਆ ਜਾ ਸਕੇ। ਉਨ੍ਹਾਂ ਰਾਜਾਂ ਨੂੰ ਕੇਂਦਰ ਵੱਲੋਂ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ।

ਇੱਕ ਪੇਸ਼ਕਾਰੀ ਰਾਹੀਂ, ਕੇਂਦਰੀ ਸਿਹਤ ਮੰਤਰਾਲੇ ਦੇ ਸਕੱਤਰ ਸ਼੍ਰੀ ਸੁਧਾਂਸ਼ ਪੰਤ ਨੇ ਕੇਂਦਰੀ ਸਿਹਤ ਮੰਤਰੀ ਨੂੰ ਵਿਸ਼ਵਵਿਆਪੀ ਕੋਵਿਡ-19 ਸਥਿਤੀ ਅਤੇ ਘਰੇਲੂ ਸਥਿਤੀ ਬਾਰੇ ਜਾਣਕਾਰੀ ਦਿੱਤੀ। ਇਹ ਦੱਸਿਆ ਗਿਆ ਕਿ ਭਾਰਤ ਵਿੱਚ ਸਰਗਰਮ ਕੋਵਿਡ ਕੇਸ ਆਲਮੀ ਦ੍ਰਿਸ਼ਾਂ ਦੀ ਤੁਲਨਾ ਵਿੱਚ ਕਾਫ਼ੀ ਘੱਟ ਹਨ, ਪਿਛਲੇ ਦੋ ਹਫ਼ਤਿਆਂ ਵਿੱਚ ਸਰਗਰਮ ਮਾਮਲਿਆਂ ਵਿੱਚ 6 ਦਸੰਬਰ 2023 ਨੂੰ 115 ਤੋਂ 614 ਤੱਕ ਤੇਜ਼ੀ ਨਾਲ ਵਾਧਾ ਹੋਇਆ ਹੈ। ਇਹ ਵੀ ਜ਼ਿਕਰ ਕੀਤਾ ਗਿਆ ਕਿ 92.8% ਕੇਸ ਘਰ ਵਿੱਚ ਇਕਾਂਤਵਾਸ ਹਨ, ਜਿਨ੍ਹਾਂ ਵਿੱਚ ਬਿਮਾਰੀ ਦੇ ਮਾਮੂਲੀ ਲੱਛਣ ਹਨ। ਕੋਵਿਡ -19 ਦੇ ਕਾਰਨ ਹਸਪਤਾਲ ਵਿੱਚ ਦਾਖਲ ਹੋਣ ਦੀਆਂ ਦਰਾਂ ਵਿੱਚ ਕੋਈ ਵਾਧਾ ਨਹੀਂ ਦੇਖਿਆ ਗਿਆ ਹੈ, ਜੋ ਕੇਸ ਹਸਪਤਾਲ ਵਿੱਚ ਦਾਖਲ ਹਨ ਉਹ ਹੋਰ ਮੈਡੀਕਲ ਸਥਿਤੀਆਂ ਦੇ ਕਾਰਨ ਹਨ, ਜਿਨ੍ਹਾਂ ਵਿੱਚ ਕੋਵਿਡ -19 ਇੱਕ ਇਤਫਾਕਨ ਖੋਜ ਹੈ। ਕੇਰਲ, ਮਹਾਰਾਸ਼ਟਰ, ਝਾਰਖੰਡ ਅਤੇ ਕਰਨਾਟਕ ਵਰਗੇ ਕੁਝ ਰਾਜਾਂ ਵਿੱਚ ਰੋਜ਼ਾਨਾ ਪੌਜੀਟਿਵ ਦਰ ਵਿੱਚ ਵਾਧਾ ਦੇਖਿਆ ਗਿਆ ਹੈ।

ਸਾਰਸ-ਕੋਵ-2 ਦੇ ਨਵੇਂ ਜੇਐੱਨ.1 ਵੇਰੀਐਂਟ 'ਤੇ, ਬਾਰੇ ਸੂਚਿਤ ਕੀਤਾ ਗਿਆ ਕਿ ਇਸ ਸਮੇਂ ਇਹ ਵੇਰੀਐਂਟ ਕਰੜੀ ਵਿਗਿਆਨਕ ਜਾਂਚ ਦੇ ਅਧੀਨ ਹੈ, ਪਰ ਤੁਰੰਤ ਚਿੰਤਾ ਦਾ ਕਾਰਨ ਨਹੀਂ ਹੈ। ਜੇਐੱਨ.1 ਦੇ ਕਾਰਨ ਭਾਰਤ ਵਿੱਚ ਕੇਸਾਂ ਦੀ ਕੋਈ ਕਲੱਸਟਰਿੰਗ ਨਹੀਂ ਦੇਖੀ ਗਈ ਹੈ ਅਤੇ ਸਾਰੇ ਕੇਸ ਮਾਮੂਲੀ ਪਾਏ ਗਏ ਹਨ ਅਤੇ ਉਹ ਸਾਰੇ ਬਿਨਾਂ ਕਿਸੇ ਪੇਚੀਦਗੀ ਦੇ ਠੀਕ ਹੋ ਗਏ ਹਨ।

ਡਾ. ਵੀ ਕੇ ਪੌਲ ਨੇ ਕੋਵਿਡ ਦੇ ਮਾਮਲਿਆਂ ਵਿੱਚ ਵਾਧੇ ਅਤੇ ਇੱਕ ਨਵੇਂ ਰੂਪ ਦੇ ਉਭਰਨ ਨਾਲ ਪੈਦਾ ਹੋਈ ਚੁਣੌਤੀ ਨਾਲ ਨਜਿੱਠਣ ਲਈ ਇੱਕ ਪੂਰੀ-ਸਰਕਾਰੀ ਪਹੁੰਚ ਦੀ ਲੋੜ ਨੂੰ ਦੁਹਰਾਇਆ। ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਵਿਗਿਆਨਕ ਭਾਈਚਾਰਾ ਨਵੇਂ ਰੂਪ ਦੀ ਨੇੜਿਓਂ ਜਾਂਚ ਕਰ ਰਿਹਾ ਹੈ ਪਰ ਉਨ੍ਹਾਂ ਰਾਜਾਂ ਨੂੰ ਟੈਸਟਿੰਗ ਵਧਾਉਣ ਅਤੇ ਆਪਣੇ ਨਿਗਰਾਨੀ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।

ਡਾ. ਰਾਜੀਵ ਬਹਿਲ, ਸਕੱਤਰ, ਸਿਹਤ ਖੋਜ ਵਿਭਾਗ ਅਤੇ ਡੀਜੀ, ਆਈਸੀਐੱਮਆਰ ਨੇ ਦੱਸਿਆ ਕਿ ਆਈਸੀਐੱਮਆਰ ਵਰਤਮਾਨ ਵਿੱਚ ਨਵੇਂ ਜੇਐੱਨ.1 ਵੇਰੀਐਂਟ ਦੇ ਜੀਨੋਮ ਕ੍ਰਮ 'ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਰਾਜਾਂ ਨੂੰ ਕੋਵਿਡ -19 ਸਥਿਤੀ ਦੀ ਨਿਗਰਾਨੀ ਕਰਨ ਅਤੇ ਆਰਟੀ-ਪੀਸੀਆਰ ਟੈਸਟਾਂ ਨੂੰ ਵਧਾਉਣ ਦੀ ਅਪੀਲ ਕੀਤੀ, ਪਰ ਕਿਹਾ ਕਿ ਘਬਰਾਉਣ ਦਾ ਕੋਈ ਕਾਰਨ ਨਹੀਂ ਹੈ।

ਰਾਜਾਂ ਦੇ ਸਿਹਤ ਮੰਤਰੀਆਂ ਨੇ ਕੇਂਦਰ ਤੋਂ ਮਿਲੇ ਸਮਰਥਨ ਅਤੇ ਮਾਰਗਦਰਸ਼ਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕੁਝ ਰਾਜਾਂ ਵਿੱਚ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਟੈਸਟਿੰਗ ਅਤੇ ਨਿਗਰਾਨੀ ਦੇ ਉਪਾਅ ਵਧਾਉਣ ਦਾ ਭਰੋਸਾ ਦਿੱਤਾ।

ਮੀਟਿੰਗ ਵਿੱਚ ਸ਼੍ਰੀਮਤੀ ਐੱਲ ਐੱਸ ਚਾਂਗਸਨ, ਕੇਂਦਰੀ ਸਿਹਤ ਮੰਤਰਾਲੇ ਦੇ ਵਧੀਕ ਸਕੱਤਰ; ਸਿਹਤ ਮੰਤਰਾਲੇ, ਆਈਸੀਐੱਮਆਰ ਅਤੇ ਐੱਨਸੀਡੀਸੀ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

****

ਐੱਮਵੀ



(Release ID: 1988776) Visitor Counter : 72