ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਏਸ਼ਿਆਈ ਖੇਡਾਂ 2022 ਵਿੱਚ ਹਿੱਸਾ ਲੈਣ ਵਾਲੇ ਭਾਰਤੀ ਐਥਲੀਟਾਂ ਦੇ ਦਲ ਨੂੰ ਸੰਬੋਧਨ ਕੀਤਾ


"ਏਸ਼ਿਆਈ ਖੇਡਾਂ ਵਿੱਚ ਸਾਡੇ ਐਥਲੀਟਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਪੂਰਾ ਦੇਸ਼ ਬਹੁਤ ਖੁਸ਼ ਹੈ"

"ਏਸ਼ਿਆਈ ਖੇਡਾਂ ਵਿੱਚ ਭਾਰਤ ਦਾ ਇਹ ਹੁਣ ਤੱਕ ਦਾ ਬਿਹਤਰੀਨ ਪ੍ਰਦਰਸ਼ਨ ਹੈ, ਇਹ ਵਿਅਕਤੀਗਤ ਸੰਤੁਸ਼ਟੀ ਦੀ ਗੱਲ ਹੈ ਕਿ ਅਸੀਂ ਸਹੀ ਦਿਸ਼ਾ ਵਿੱਚ ਅੱਗੇ ਵਧ ਰਹੇ ਹਾਂ"

"ਕਈ ਮੁਕਾਬਲਿਆਂ ਵਿੱਚ ਤੁਹਾਡੇ ਪ੍ਰਯਤਨਾਂ ਸਦਕਾ ਦਹਾਕਿਆਂ ਦਾ ਇੰਤਜ਼ਾਰ ਖ਼ਤਮ ਹੋਇਆ"

"ਕਈ ਖੇਤਰਾਂ ਵਿੱਚ ਤੁਸੀਂ ਨਾ ਸਿਰਫ਼ ਅਗਵਾਈ ਕੀਤੀ ਹੈ ਬਲਕਿ ਇੱਕ ਰਸਤਾ ਦਿਖਾਇਆ ਹੈ ਜੋ ਨੌਜਵਾਨਾਂ ਦੀ ਇੱਕ ਪੀੜ੍ਹੀ ਨੂੰ ਪ੍ਰੇਰਿਤ ਕਰੇਗਾ"

"ਭਾਰਤ ਦੀਆਂ ਬੇਟੀਆਂ, ਨੰਬਰ ਵੰਨ ਤੋਂ ਘੱਟ ਮੰਨਣ ਨੂੰ ਤਿਆਰ ਨਹੀਂ ਹਨ"

"ਸਾਡੀਆਂ ਟੌਪਸ ਅਤੇ ਖੇਲੋ ਇੰਡੀਆ ਯੋਜਨਾਵਾਂ ਗੇਮ ਚੇਂਜਰ ਸਾਬਤ ਹੋਈਆਂ ਹਨ"

"ਸਾਡੇ ਖਿਡਾਰੀ ਦੇਸ਼ ਲਈ ਜੀਓਏਟੀ ('GOAT') ਯਾਨੀ ਸਰਬਕਾਲੀ ਮਹਾਨਤਾ ਦੇ ਸਿਖਰ 'ਤੇ ਹਨ"

"ਮੈਡਲ ਜੇਤੂਆਂ ਵਿੱਚ ਯੁਵਾ ਐਥਲੀਟਾਂ ਦੀ ਮੌਜੂਦਗੀ ਇੱਕ ਖੇਡ ਰਾਸ਼ਟਰ ਦੀ ਨਿਸ਼ਾਨੀ ਹੈ"

"ਯੁਵਾ ਭਾਰਤ ਦੀ ਨਵੀਂ ਸੋਚ ਹੁਣ ਸਿਰਫ਼ ਚੰਗੇ ਪ੍ਰਦਰਸ਼ਨ ਨਾਲ ਸੰਤੁਸ਼ਟ ਨਹੀਂ ਹੈ, ਬਲਕਿ ਇਸ ਨੂੰ ਮੈਡਲ ਅਤੇ ਜਿੱਤਾਂ ਚਾਹੀਦੀਆਂ ਹਨ"

"ਨਸ਼ੇ ਖ਼ਿਲਾਫ਼ ਲੜਨ ਅਤੇ ਮਿਲਟਸ ਤੇ ਪੋਸ਼ਣ (POSHAN) ਮਿਸ਼ਨ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰੋ"

"

Posted On: 10 OCT 2023 6:24PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਮੇਜਰ ਧਿਆਨ ਚੰਦ ਸਟੇਡੀਅਮ ਵਿਖੇ ਏਸ਼ਿਆਈ ਖੇਡਾਂ 2022 ਵਿੱਚ ਹਿੱਸਾ ਲੈਣ ਵਾਲੇ ਭਾਰਤੀ ਐਥਲੀਟਾਂ ਦੇ ਦਲ ਨੂੰ ਸੰਬੋਧਨ ਕੀਤਾ। ਉਨ੍ਹਾਂ ਐਥਲੀਟਾਂ ਨਾਲ ਭੀ ਗੱਲਬਾਤ ਕੀਤੀ। ਭਾਰਤ ਨੇ ਏਸ਼ਿਆਈ ਖੇਡਾਂ 2022 ਵਿੱਚ 28 ਗੋਲਡ ਮੈਡਲਾਂ ਸਮੇਤ 107 ਮੈਡਲ ਜਿੱਤੇ, ਜਿਸ ਨਾਲ ਇਸ ਮਹਾਦ੍ਵੀਪੀ ਬਹੁ-ਖੇਡ ਆਯੋਜਨ ਵਿੱਚ ਜਿੱਤੇ ਗਏ ਕੁੱਲ ਮੈਡਲਾਂ ਦੀ ਸੰਖਿਆ ਦੇ ਮਾਮਲੇ ਵਿੱਚ ਬਿਹਤਰੀਨ ਪ੍ਰਦਰਸ਼ਨ ਹੈ।

ਦਲ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਹਰੇਕ ਨਾਗਰਿਕ ਦੀ ਤਰਫ਼ੋਂ ਉਨ੍ਹਾਂ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਦੀ ਸਫ਼ਲਤਾ ਲਈ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਇਹ ਇੱਕ ਖੁਸ਼ਨੁਮਾ ਸੰਯੋਗ ਹੈ ਕਿ 1951 ਵਿੱਚ ਏਸ਼ਿਆਈ ਖੇਡਾਂ ਦਾ ਉਦਘਾਟਨ ਇਸ ਸਟੇਡੀਅਮ ਵਿੱਚ ਹੋਇਆ ਸੀ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਐਥਲੀਟਾਂ ਦੁਆਰਾ ਦਿਖਾਈ ਗਈ ਹਿੰਮਤ ਅਤੇ ਦ੍ਰਿੜ੍ਹਤਾ ਨੇ ਦੇਸ਼ ਦੇ ਹਰ ਕੋਨੇ ਨੂੰ ਜਸ਼ਨ ਦੇ ਮਾਹੌਲ ਵਿੱਚ ਬਦਲ ਦਿੱਤਾ ਹੈ। 100 ਤੋਂ ਵੱਧ ਮੈਡਲਾਂ ਦੇ ਲਕਸ਼ ਨੂੰ ਹਾਸਲ ਕਰਨ ਲਈ ਕੀਤੀ ਸਖ਼ਤ ਮਿਹਨਤ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪੂਰਾ ਦੇਸ਼ ਮਾਣ ਦੀ ਭਾਵਨਾ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਨੇ ਕੋਚਾਂ ਅਤੇ ਟ੍ਰੇਨਰਾਂ ਨੂੰ ਉਨ੍ਹਾਂ ਦੇ ਯੋਗਦਾਨ ਲਈ ਵਧਾਈਆਂ ਦਿੱਤੀਆਂ ਅਤੇ ਫਿਜ਼ੀਓ ਅਤੇ ਅਧਿਕਾਰੀਆਂ ਦੀ ਪ੍ਰਸ਼ੰਸਾ ਕੀਤੀ। ਪ੍ਰਧਾਨ ਮੰਤਰੀ ਨੇ ਸਾਰੇ ਐਥਲੀਟਾਂ ਦੇ ਮਾਪਿਆਂ ਨੂੰ ਨਮਨ ਕੀਤਾ ਅਤੇ ਪਰਿਵਾਰਾਂ ਦੁਆਰਾ ਦਿੱਤੇ ਯੋਗਦਾਨ ਅਤੇ ਕੁਰਬਾਨੀਆਂ ਤੇ ਚਾਨਣਾ ਪਾਇਆ। ਪ੍ਰਧਾਨ ਮੰਤਰੀ ਨੇ ਕਿਹਾ, "ਟ੍ਰੇਨਿੰਗ ਦੇ ਮੈਦਾਨ ਤੋਂ ਮੰਚ ਤੱਕ, ਇਹ ਸਫ਼ਰ ਮਾਪਿਆਂ ਦੇ ਸਹਿਯੋਗ ਤੋਂ ਬਿਨਾ ਅਸੰਭਵ ਹੈ।"

ਪ੍ਰਧਾਨ ਮੰਤਰੀ ਨੇ ਕਿਹਾ, “ਤੁਸੀਂ ਇਤਿਹਾਸ ਰਚਿਆ ਹੈ। ਇਸ ਏਸ਼ਿਆਈ ਖੇਡਾਂ ਦੇ ਅੰਕੜੇ ਭਾਰਤ ਦੀ ਕਾਮਯਾਬੀ ਦੇ ਗਵਾਹ ਹਨ। ਏਸ਼ਿਆਈ ਖੇਡਾਂ ਵਿੱਚ ਭਾਰਤ ਦਾ ਇਹ ਹੁਣ ਤੱਕ ਦਾ ਬਿਹਤਰੀਨ ਪ੍ਰਦਰਸ਼ਨ ਹੈ। ਇਹ ਵਿਅਕਤੀਗਤ ਸੰਤੁਸ਼ਟੀ ਦੀ ਗੱਲ ਹੈ ਕਿ ਅਸੀਂ ਸਹੀ ਦਿਸ਼ਾ ਵੱਲ ਵਧ ਰਹੇ ਹਾਂ।'' ਉਨ੍ਹਾਂ ਨੇ ਕੋਰੋਨਾ ਵੈਕਸੀਨ ਦੀ ਖੋਜ ਦੇ ਸਮੇਂ ਦੇ ਸ਼ੰਕਿਆਂ ਨੂੰ ਯਾਦ ਕਰਦੇ ਹੋਏ, ਕਿਹਾ ਕਿ ਜਦੋਂ ਅਸੀਂ 250 ਦੇਸ਼ਾਂ ਦੇ ਲੋਕਾਂ ਦੀਆਂ ਜਾਨਾਂ ਬਚਾਉਣ ਅਤੇ ਮਦਦ ਕਰਨ ਵਿੱਚ ਸਫ਼ਲ ਹੋਏ, ਤਾਂ ਸਾਨੂੰ ਭੀ ਸਹੀ ਦਿਸ਼ਾ ਵਿੱਚ ਵਧਣ ਦੀ ਭਾਵਨਾ ਦਾ ਅਹਿਸਾਸ ਹੋਇਆ।

ਹੁਣ ਤੱਕ ਦੇ ਸਭ ਤੋਂ ਵੱਧ ਮੈਡਲਾਂ ਦੀ ਚਰਚਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਨਿਸ਼ਾਨੇਬਾਜ਼ੀ, ਤੀਰਅੰਦਾਜ਼ੀ, ਸਕੁਐਸ਼, ਰੋਇੰਗ, ਮਹਿਲਾ ਮੁੱਕੇਬਾਜ਼ੀ ਅਤੇ ਮਹਿਲਾ ਅਤੇ ਪੁਰਸ਼ ਕ੍ਰਿਕਟ ਮੁਕਾਬਲਿਆਂ, ਸਕੁਐਸ਼ ਮਿਕਸਡ ਡਬਲਸ ਵਿੱਚ ਪਹਿਲੇ ਗੋਲਡ ਮੈਡਲ ਦਾ ਜ਼ਿਕਰ ਕੀਤਾ। ਉਨ੍ਹਾਂ ਲੰਬੇ ਸਮੇਂ ਬਾਅਦ ਕੁਝ ਈਵੈਂਟਸ ਵਿੱਚ ਮੈਡਲ ਜਿੱਤਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ, ਉਦਾਹਰਣ ਵਜੋਂ ਮਹਿਲਾਵਾਂ ਦੇ ਸ਼ੌਟ ਪੁਟ (72 ਸਾਲ), 4x4 100 ਮੀਟਰ (61 ਸਾਲ), ਘੋੜਸਵਾਰੀ (41 ਸਾਲ) ਅਤੇ ਪੁਰਸ਼ਾਂ ਦੇ ਬੈਡਮਿੰਟਨ (40 ਸਾਲ)। ਪ੍ਰਧਾਨ ਮੰਤਰੀ ਨੇ ਕਿਹਾ, "ਤੁਹਾਡੇ ਪ੍ਰਯਤਨਾਂ ਸਦਕਾ ਕਈ ਦਹਾਕਿਆਂ ਦਾ ਇੰਤਜ਼ਾਰ ਖ਼ਤਮ ਹੋਇਆ।"

ਪ੍ਰਧਾਨ ਮੰਤਰੀ ਨੇ ਇਸ ਕੈਨਵਸ ਦੇ ਵਿਸਤਾਰ ਦੇ ਬਾਰੇ ਚਰਚਾ ਕੀਤੀ, ਕਿਉਂਕਿ ਭਾਰਤ ਨੇ ਲਗਭਗ ਸਾਰੀਆਂ ਖੇਡਾਂ ਵਿੱਚ ਤਮਗੇ ਜਿੱਤੇ ਹਨ ਜਿਨ੍ਹਾਂ ਵਿੱਚ ਦੇਸ਼ ਨੇ ਹਿੱਸਾ ਲਿਆ ਹੈ। ਘੱਟੋ-ਘੱਟ 20 ਈਵੈਂਟ ਅਜਿਹੇ ਸਨ ਜਿੱਥੇ ਭਾਰਤ ਕਦੇ ਭੀ ਪੋਡੀਅਮ ਫਿਨਿਸ਼ ਨਹੀਂ ਕਰ ਸਕਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ, “ਤੁਸੀਂ ਨਾ ਸਿਰਫ਼ ਇੱਕ ਖਾਤਾ ਖੋਲ੍ਹਿਆ, ਬਲਕਿ ਇੱਕ ਅਜਿਹਾ ਰਾਹ ਭੀ ਖੋਲ੍ਹਿਆ ਜੋ ਨੌਜਵਾਨਾਂ ਦੀ ਪੀੜ੍ਹੀ ਨੂੰ ਪ੍ਰੇਰਿਤ ਕਰੇਗਾ। ਇਹ ਏਸ਼ਿਆਈ ਖੇਡਾਂ ਤੋਂ ਅੱਗੇ ਵਧੇਗਾ ਅਤੇ ਓਲੰਪਿਕ ਵੱਲ ਸਾਡੇ ਮਾਰਚ ਨੂੰ ਨਵਾਂ ਆਤਮਵਿਸ਼ਵਾਸ ਦੇਵੇਗਾ।"

ਪ੍ਰਧਾਨ ਮੰਤਰੀ ਨੇ ਮਹਿਲਾ ਐਥਲੀਟਾਂ ਦੁਆਰਾ ਪਾਏ ਯੋਗਦਾਨ 'ਤੇ ਬਹੁਤ ਮਾਣ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਭਾਰਤ ਦੀਆਂ ਬੇਟੀਆਂ ਦੀਆਂ ਸਮਰੱਥਾਵਾਂ ਨੂੰ ਉਜਾਗਰ ਕਰਦਾ ਹੈ। ਉਨ੍ਹਾਂ ਦੱਸਿਆ ਕਿ ਜਿੱਤੇ ਗਏ ਸਾਰੇ ਮੈਡਲਾਂ ਵਿੱਚੋਂ ਅੱਧੇ ਤੋਂ ਵੱਧ ਮਹਿਲਾ ਐਥਲੀਟਾਂ ਦੁਆਰਾ ਜਿੱਤੇ ਗਏ ਸਨ ਅਤੇ ਇਹ ਮਹਿਲਾ ਕ੍ਰਿਕਟ ਟੀਮ ਹੀ ਸੀ, ਜਿਸ ਨੇ ਸਫ਼ਲਤਾਵਾਂ ਦਾ ਸਿਲਸਿਲਾ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਮੁੱਕੇਬਾਜ਼ੀ ਵਿੱਚ ਮਹਿਲਾਵਾਂ ਨੇ ਸਭ ਤੋਂ ਵੱਧ ਮੈਡਲ ਜਿੱਤੇ ਹਨ। ਉਨ੍ਹਾਂ ਨੇ ਮਹਿਲਾ ਅਥਲੈਟਿਕਸ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ, "ਭਾਰਤ ਦੀਆਂ ਬੇਟੀਆਂ ਟ੍ਰੈਕ ਅਤੇ ਫੀਲਡ ਈਵੈਂਟਸ ਵਿੱਚ ਪਹਿਲੇ ਨੰਬਰ ਤੋਂ ਘੱਟ ਮੰਨਣ ਲਈ ਤਿਆਰ ਨਹੀਂ ਹਨ।" ਪ੍ਰਧਾਨ ਮੰਤਰੀ ਨੇ ਕਿਹਾ, “ਇਹ ਨਵੇਂ ਭਾਰਤ ਦੀ ਭਾਵਨਾ ਅਤੇ ਸ਼ਕਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵਾਂ ਭਾਰਤ ਅੰਤਿਮ ਪਲਾਂ ਤੱਕ ਅਤੇ ਜੇਤੂਆਂ ਦਾ ਫੈਸਲਾ ਹੋਣ ਤੱਕ ਹਾਰ ਨੂੰ ਸਵੀਕਾਰ ਨਹੀਂ ਮੰਨਦਾ। ਉਨ੍ਹਾਂ ਨੇ ਕਿਹਾ, "ਨਵਾਂ ਭਾਰਤ ਹਰ ਵਾਰ ਆਪਣਾ ਬਿਹਤਰੀਨ ਦੇਣ ਦੀ ਕੋਸ਼ਿਸ਼ ਕਰਦਾ ਹੈ।"

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਕਦੇ ਭੀ ਪ੍ਰਤਿਭਾ ਦੀ ਕੋਈ ਕਮੀ ਨਹੀਂ ਸੀ ਅਤੇ ਐਥਲੀਟਾਂ ਨੇ ਅਤੀਤ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਸੀ, ਹਾਲਾਂਕਿ ਬਹੁਤ ਸਾਰੀਆਂ ਚੁਣੌਤੀਆਂ ਦੇ ਕਾਰਨ, ਅਸੀਂ ਮੈਡਲ ਦੇ ਮਾਮਲੇ ਵਿੱਚ ਪਛੜ ਗਏ। ਉਨ੍ਹਾਂ ਨੇ 2014 ਤੋਂ ਬਾਅਦ ਕੀਤੇ ਆਧੁਨਿਕੀਕਰਣ ਅਤੇ ਪਰਿਵਰਤਨਕਾਰੀ ਪ੍ਰਯਤਨਾਂ ਬਾਰੇ ਵਿਸਤਾਰ ਵਿੱਚ ਦੱਸਿਆ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਕੋਸ਼ਿਸ਼ ਹੈ ਕਿ ਐਥਲੀਟਾਂ ਨੂੰ ਬਿਹਤਰੀਨ ਟ੍ਰੇਨਿੰਗ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ, ਐਥਲੀਟਾਂ ਨੂੰ ਵੱਧ ਤੋਂ ਵੱਧ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਐਕਸਪੋਜ਼ਰ ਦਿੱਤਾ ਜਾਵੇ, ਚੋਣ ਵਿੱਚ ਪਾਰਦਰਸ਼ਤਾ ਸੁਨਿਸ਼ਚਿਤ ਕੀਤੀ ਜਾਵੇ ਅਤੇ ਗ੍ਰਾਮੀਣ ਖੇਤਰਾਂ ਦੀ ਪ੍ਰਤਿਭਾ ਨੂੰ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨਾ ਹੈ। ਉਨ੍ਹਾਂ ਦੱਸਿਆ ਕਿ ਖੇਡਾਂ ਦੇ ਬਜਟ ਵਿੱਚ 9 ਸਾਲ ਪਹਿਲਾਂ ਦੇ ਮੁਕਾਬਲੇ ਤਿੰਨ ਗੁਣਾ ਵਾਧਾ ਕੀਤਾ ਗਿਆ ਹੈ। ਖੇਲੋ ਗੁਜਰਾਤ ਨੇ ਰਾਜ ਦੀ ਖੇਡ ਸੰਸਕ੍ਰਿਤੀ ਨੂੰ ਕਿਵੇਂ ਬਦਲਿਆ, ਇਸ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, "ਸਾਡੀਆਂ ਟੌਪਸ ਅਤੇ ਖੇਲੋ ਇੰਡੀਆ ਯੋਜਨਾਵਾਂ ਗੇਮ ਚੇਂਜਰ ਸਾਬਤ ਹੋਈਆਂ ਹਨ।" ਉਨ੍ਹਾਂ ਨੇ ਕਿਹਾ ਕਿ ਖੇਲੋ ਇੰਡੀਆ ਮੁਹਿੰਮ ਵਿੱਚ ਏਸ਼ੀਆਡ ਦਲ ਦੇ ਕਰੀਬ 125 ਐਥਲੀਟਾਂ ਦਾ ਯੋਗਦਾਨ ਹੈ, ਜਿਨ੍ਹਾਂ ਵਿੱਚੋਂ 40 ਤੋਂ ਵੱਧ ਖਿਡਾਰੀਆਂ ਨੇ ਮੈਡਲ ਜਿੱਤੇ ਹਨ। ਉਨ੍ਹਾਂ ਨੇ ਕਿਹਾ, "ਖੇਲੋ ਇੰਡੀਆ ਦੇ ਬਹੁਤ ਸਾਰੇ ਐਥਲੀਟਾਂ ਦੀ ਸਫ਼ਲਤਾ ਮੁਹਿੰਮ ਦੀ ਸਹੀ ਦਿਸ਼ਾ ਦਰਸਾਉਂਦੀ ਹੈ।" ਉਨ੍ਹਾਂ ਦੱਸਿਆ ਕਿ ਖੇਲੋ ਇੰਡੀਆ ਦੇ ਤਹਿਤ 3000 ਤੋਂ ਵੱਧ ਐਥਲੀਟਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਸ਼੍ਰੀ ਮੋਦੀ ਨੇ ਕਿਹਾ, “ਇਨ੍ਹਾਂ ਖਿਡਾਰੀਆਂ ਨੂੰ ਹਰ ਸਾਲ 6 ਲੱਖ ਰੁਪਏ ਤੋਂ ਵੱਧ ਦੀ ਸਕਾਲਰਸ਼ਿਪ ਮਿਲ ਰਹੀ ਹੈ। ਇਸ ਯੋਜਨਾ ਤਹਿਤ ਹੁਣ ਤੱਕ ਐਥਲੀਟਾਂ ਨੂੰ 2.5 ਹਜ਼ਾਰ ਕਰੋੜ ਰੁਪਏ ਦੀ ਸਹਾਇਤਾ ਦਿੱਤੀ ਜਾ ਚੁੱਕੀ ਹੈ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਪੈਸੇ ਦੀ ਕਮੀ ਕਦੇ ਭੀ ਤੁਹਾਡੇ ਪ੍ਰਯਤਨਾਂ ਵਿੱਚ ਰੁਕਾਵਟ ਨਹੀਂ ਬਣੇਗੀ। ਸਰਕਾਰ ਅਗਲੇ ਪੰਜ ਸਾਲਾਂ 'ਚ ਤੁਹਾਡੇ ਅਤੇ ਖੇਡਾਂ 'ਤੇ 3 ਹਜ਼ਾਰ ਕਰੋੜ ਰੁਪਏ ਹੋਰ ਖਰਚਣ ਜਾ ਰਹੀ ਹੈ। ਅੱਜ, ਦੇਸ਼ ਦੇ ਹਰ ਕੋਨੇ ਵਿੱਚ ਤੁਹਾਡੇ ਲਈ ਆਧੁਨਿਕ ਖੇਡ ਬੁਨਿਆਦੀ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ।"

ਮੈਡਲ ਜੇਤੂਆਂ ਵਿੱਚ ਯੁਵਾ ਐਥਲੀਟਾਂ ਦੀ ਮੌਜੂਦਗੀ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, "ਇਹ ਇੱਕ ਖੇਡ ਰਾਸ਼ਟਰ ਦੀ ਨਿਸ਼ਾਨੀ ਹੈ। ਇਹ ਨਵੇਂ ਯੁਵਾ ਜੇਤੂ ਲੰਬੇ ਸਮੇਂ ਤੱਕ ਦੇਸ਼ ਲਈ ਸ਼ਾਨਦਾਰ ਪ੍ਰਦਰਸ਼ਨ ਕਰਨਗੇ। ਯੁਵਾ ਭਾਰਤ ਦੀ ਨਵੀਂ ਸੋਚ ਹੁਣ ਸਿਰਫ਼ ਚੰਗੇ ਪ੍ਰਦਰਸ਼ਨ ਨਾਲ ਸੰਤੁਸ਼ਟ ਨਹੀਂ ਹੈ, ਬਲਕਿ ਇਹ ਮੈਡਲ ਅਤੇ ਜਿੱਤਾਂ ਚਾਹੁੰਦੀ ਹੈ।"

ਪ੍ਰਧਾਨ ਮੰਤਰੀ ਨੇ ਯੁਵਾ ਪੀੜ੍ਹੀ ਵਿੱਚ ਆਮ ਭਾਸ਼ਾ ਦਾ ਜ਼ਿਕਰ ਕਰਦਿਆਂ ਕਿਹਾ, "ਦੇਸ਼ ਲਈ, ਤੁਸੀਂ ਹਰ ਸਮੇਂ ਉੱਚੇ ਪੱਧਰ 'ਤੇ ਹੋ।" ਉਨ੍ਹਾਂ ਨੇ ਕਿਹਾ ਕਿ ਖਿਡਾਰੀਆਂ ਦਾ ਜਜ਼ਬਾ, ਲਗਨ ਅਤੇ ਬਚਪਨ ਦੀਆਂ ਕਹਾਣੀਆਂ ਸਾਰਿਆਂ ਲਈ ਪ੍ਰੇਰਣਾ ਸਰੋਤ ਹਨ। ਯੁਵਾ ਪੀੜ੍ਹੀ 'ਤੇ ਐਥਲੀਟਾਂ ਦੇ ਪ੍ਰਭਾਵ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਵੱਧ ਤੋਂ ਵੱਧ ਨੌਜਵਾਨਾਂ ਨਾਲ ਜੁੜ ਕੇ ਇਸ ਸਕਾਰਾਤਮਕ ਊਰਜਾ ਦੀ ਚੰਗੀ ਵਰਤੋਂ ਕਰਨ 'ਤੇ ਜ਼ੋਰ ਦਿੱਤਾ। ਐਥਲੀਟਾਂ ਨੂੰ ਸਕੂਲਾਂ ਦਾ ਦੌਰਾ ਕਰਨ ਅਤੇ ਬੱਚਿਆਂ ਨਾਲ ਗੱਲਬਾਤ ਕਰਨ ਦੇ ਆਪਣੇ ਸੁਝਾਅ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਐਥਲੀਟਾਂ ਨੂੰ ਨੌਜਵਾਨਾਂ ਵਿੱਚ ਨਸ਼ਿਆਂ ਦੀਆਂ ਬੁਰਾਈ ਬਾਰੇ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਨਸ਼ਿਆਂ ਵਿਰੁੱਧ ਨਿਰਣਾਇਕ ਜੰਗ ਲੜ ਰਿਹਾ ਹੈ ਅਤੇ ਖਿਡਾਰੀਆਂ ਨੂੰ ਕਿਹਾ ਕਿ ਜਦੋਂ ਭੀ ਮੌਕਾ ਮਿਲੇ ਤਾਂ ਉਹ ਨਸ਼ਿਆਂ ਦੀ ਬੁਰਾਈ ਅਤੇ ਹਾਨੀਕਾਰਕ ਨਸ਼ਿਆਂ ਬਾਰੇ ਗੱਲ ਕਰਨ। ਉਨ੍ਹਾਂ ਨਸ਼ਿਆਂ ਵਿਰੁੱਧ ਜੰਗ ਨੂੰ ਹੋਰ ਮਜ਼ਬੂਤ ​​ਕਰਨ ਅਤੇ ਨਸ਼ਾ ਮੁਕਤ ਭਾਰਤ ਦੇ ਮਿਸ਼ਨ ਨੂੰ ਅੱਗੇ ਵਧਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ।

ਪ੍ਰਧਾਨ ਮੰਤਰੀ ਨੇ ਫਿਟਨਸ ਲਈ ਸੁਪਰ-ਫੂਡ ਦੀ ਮਹੱਤਤਾ 'ਤੇ ਭੀ ਚਾਨਣਾ ਪਾਇਆ ਅਤੇ ਐਥਲੀਟਾਂ ਨੂੰ ਦੇਸ਼ ਦੇ ਬੱਚਿਆਂ ਵਿੱਚ ਪੌਸ਼ਟਿਕ ਭੋਜਨ ਨੂੰ ਪ੍ਰਾਥਮਿਕਤਾ ਦੇਣ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੂੰ ਬੱਚਿਆਂ ਨਾਲ ਜੁੜਨ ਅਤੇ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਬਾਰੇ ਗੱਲ ਕਰਨ 'ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਇਹ ਭੀ ਕਿਹਾ ਕਿ ਉਹ ਮਿਲਟ ਮੂਵਮੈਂਟ ਅਤੇ ਪੋਸ਼ਣ ਮਿਸ਼ਨ ਵਿੱਚ ਬੜੀ ਭੂਮਿਕਾ ਨਿਭਾ ਸਕਦੇ ਹਨ।

ਪ੍ਰਧਾਨ ਮੰਤਰੀ ਨੇ ਖੇਡ ਖੇਤਰ ਦੀਆਂ ਸਫ਼ਲਤਾਵਾਂ ਨੂੰ ਰਾਸ਼ਟਰੀ ਸਫ਼ਲਤਾਵਾਂ ਦੇ ਬੜੇ ਕੈਨਵਸ ਨਾਲ ਜੋੜਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ, “ਅੱਜ ਜਦੋਂ ਭਾਰਤ ਵਿਸ਼ਵ ਪੱਧਰ 'ਤੇ ਇੱਕ ਮਹੱਤਵਪੂਰਨ ਸਥਾਨ ਹਾਸਲ ਕਰ ਰਿਹਾ ਹੈ, ਤਾਂ ਤੁਸੀਂ ਖੇਡਾਂ ਦੇ ਖੇਤਰ ਵਿੱਚ ਭੀ ਅਜਿਹਾ ਹੀ ਪ੍ਰਦਰਸ਼ਨ ਕੀਤਾ ਹੈ। ਅੱਜ ਜਦੋਂ ਭਾਰਤ ਦੁਨੀਆ ਦੀ ਚੋਟੀ ਦੀ ਤੀਸਰੀ ਅਰਥਵਿਵਸਥਾ ਬਣਨ ਵੱਲ ਵਧ ਰਿਹਾ ਹੈ, ਤਾਂ ਸਾਡੇ ਨੌਜਵਾਨਾਂ ਨੂੰ ਇਸ ਦਾ ਸਿੱਧਾ ਲਾਭ ਮਿਲਦਾ ਹੈ। ਉਨ੍ਹਾਂ ਨੇ ਪੁਲਾੜ, ਸਟਾਰਟਅੱਪ, ਵਿਗਿਆਨ ਅਤੇ ਟੈਕਨੋਲੋਜੀ ਅਤੇ ਉੱਦਮਤਾ ਵਿੱਚ ਭੀ ਇਸੇ ਤਰ੍ਹਾਂ ਦੀਆਂ ਸਫ਼ਲਤਾਵਾਂ ਬਾਰੇ ਭੀ ਦੱਸਿਆ। ਉਨ੍ਹਾਂ ਨੇ ਕਿਹਾ, "ਭਾਰਤ ਦੀ ਯੁਵਾ ਸਮਰੱਥਾ ਹਰ ਖੇਤਰ ਵਿੱਚ ਦਿਖਾਈ ਦਿੰਦੀ ਹੈ।"

ਪ੍ਰਧਾਨ ਮੰਤਰੀ ਨੇ ਇਸ ਸਾਲ ਦੀਆਂ ਏਸ਼ਿਆਈ ਖੇਡਾਂ ਲਈ ਚੁਣੇ ਗਏ '100 ਪਾਰ' ਨਾਅਰੇ ਦਾ ਜ਼ਿਕਰ ਕਰਦਿਆਂ ਕਿਹਾ, "ਦੇਸ਼ ਨੂੰ ਤੁਹਾਡੇ ਸਾਰੇ ਖਿਡਾਰੀਆਂ 'ਤੇ ਬਹੁਤ ਭਰੋਸਾ ਹੈ।" ਸ਼੍ਰੀ ਮੋਦੀ ਨੇ ਵਿਸ਼ਵਾਸ ਜਤਾਇਆ ਕਿ ਅਗਲੇ ਸਮਾਗਮਾਂ ਵਿੱਚ ਇਹ ਰਿਕਾਰਡ ਹੋਰ ਭੀ ਅੱਗੇ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੈਰਿਸ ਓਲੰਪਿਕਸ ਨੇੜੇ ਹੈ, ਇਸ ਲਈ ਇਸ ਨੂੰ ਧਿਆਨ ਵਿੱਚ ਰੱਖਦਿਆਂ ਤਨਦੇਹੀ ਨਾਲ ਤਿਆਰੀ ਕਰਨ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਸਾਰਿਆਂ ਨੂੰ ਦਿਲਾਸਾ ਦਿੱਤਾ, ਜਿਨ੍ਹਾਂ ਨੂੰ ਇਸ ਵਾਰ ਸਫ਼ਲਤਾ ਨਹੀਂ ਮਿਲੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਆਪਣੀਆਂ ਗਲਤੀਆਂ ਤੋਂ ਸਿੱਖਣ ਅਤੇ ਨਵੇਂ ਸਿਰੇ ਤੋਂ ਕੋਸ਼ਿਸ਼ ਕਰਨ ਦਾ ਸੁਝਾਅ ਦਿੱਤਾ। ਸ਼੍ਰੀ ਮੋਦੀ ਨੇ 22 ਅਕਤੂਬਰ ਤੋਂ ਸ਼ੁਰੂ ਹੋ ਰਹੀਆਂ ਪੈਰਾ ਏਸ਼ਿਆਈ ਖੇਡਾਂ ਲਈ ਸਾਰੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਕੇਂਦਰੀ ਯੁਵਾ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਭੀ ਮੌਜੂਦ ਸਨ।

ਪਿਛੋਕੜ

ਇਹ ਸਮਾਗਮ ਪ੍ਰਧਾਨ ਮੰਤਰੀ ਦੁਆਰਾ ਏਸ਼ਿਆਈ ਖੇਡਾਂ 2022 ਵਿੱਚ ਐਥਲੀਟਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਉਪਲਬਧੀ ਦੇ ਲਈ ਵਧਾਈਆਂ ਦੇਣ ਅਤੇ ਭਵਿੱਖ ਵਿੱਚ ਹੋਣ ਵਾਲੇ ਮੁਕਾਬਲਿਆਂ ਲਈ ਪ੍ਰੇਰਿਤ ਕਰਨ ਦਾ ਇੱਕ ਪ੍ਰਯਤਨ ਹੈ। ਭਾਰਤ ਨੇ ਏਸ਼ਿਆਈ ਖੇਡਾਂ 2022 ਵਿੱਚ 28 ਗੋਲਡ ਮੈਡਲਾਂ ਸਮੇਤ ਕੁੱਲ 107 ਮੈਡਲ ਜਿੱਤੇ। ਜਿੱਤੇ ਗਏ ਕੁੱਲ ਮੈਡਲਾਂ ਦੀ ਸੰਖਿਆ ਦੇ ਲਿਹਾਜ਼ ਨਾਲ ਏਸ਼ਿਆਈ ਖੇਡਾਂ ਵਿੱਚ ਭਾਰਤ ਦਾ ਇਹ ਬਿਹਤਰੀਨ ਪ੍ਰਦਰਸ਼ਨ ਹੈ।

ਪ੍ਰੋਗਰਾਮ ਵਿੱਚ ਏਸ਼ਿਆਈ ਖੇਡਾਂ ਲਈ ਭਾਰਤੀ ਦਲ ਦੇ ਖਿਡਾਰੀ, ਉਨ੍ਹਾਂ ਦੇ ਕੋਚ, ਇੰਡੀਅਨ ਓਲੰਪਿਕ ਐਸੋਸੀਏਸ਼ਨ ਦੇ ਅਧਿਕਾਰੀ, ਨੈਸ਼ਨਲ ਸਪੋਰਟਸ ਫੈਡਰੇਸ਼ਨਸ ਦੇ ਨੁਮਾਇੰਦੇ ਹਾਜ਼ਰ ਸਨ।

 

 

***** 

 

ਡੀਐੱਸ/ਟੀਐੱਸ



(Release ID: 1966665) Visitor Counter : 79