ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਤਿੰਨ ਦਹਾਕਿਆਂ ਦੀ ਅਨਿਸ਼ਚਿਤਤਾ, ਅਸਥਿਰਤਾ ਅਤੇ ਰਾਜਨੀਤਕ ਮਜਬੂਰੀਆਂ ਤੋਂ ਬਾਅਦ ਇੱਕ ਮਜ਼ਬੂਤ ਅਤੇ ਸਥਿਰ ਸਰਕਾਰ ਬਣਾਉਣ ਦੇ ਲਈ ਦੇਸ਼ਵਾਸੀਆਂ ਨੂੰ ਵਧਾਈਆਂ ਦਿੱਤੀਆਂ


ਸਰਕਾਰ ਆਪਣਾ ਹਰ ਪਲ, ਜਨਤਾ ਦਾ ਇੱਕ-ਇੱਕ ਪੈਸਾ ‘ਸਰਵ ਜਨ ਹਿਤਾਯ, ਸਰਵ ਜਨ ਸੁਖਾਯ’ ਦੇ ਲਈ ਸਮਰਪਿਤ ਕਰ ਰਹੀ ਹੈ: ਪ੍ਰਧਾਨ ਮੰਤਰੀ

ਸ਼੍ਰੀ ਮੋਦੀ ਨੇ ਦੇਸ਼ ਦੇ ਸੰਤੁਲਿਤ ਵਿਕਾਸ ਦੀ ਦਿਸ਼ਾ ਵਿੱਚ ਵਿਭਿੰਨ ਖੇਤਰਾਂ ਵੱਲ ਧਿਆਨ ਕੇਂਦ੍ਰਿਤ ਕਰਨ ਵਾਲੇ ਨਵੇਂ ਬਣੇ ਮੰਤਰਾਲਿਆਂ ਦੀ ਭੂਮਿਕਾ ’ਤੇ ਜ਼ੋਰ ਦਿੱਤਾ

Posted On: 15 AUG 2023 12:44PM by PIB Chandigarh

77ਵੇਂ ਸੁਤੰਤਰਤਾ ਦਿਵਸ ਦੇ ਮੌਕੇ ’ਤੇ ਲਾਲ ਕਿਲੇ ਤੋਂ 140 ਕਰੋੜ ਦੇਸ਼ਵਾਸੀਆਂ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤਿੰਨ ਦਹਾਕਿਆਂ ਦੀ ਅਨਿਸ਼ਚਿਤਤਾ, ਅਸਥਿਰਤਾ ਅਤੇ ਰਾਜਨੀਤਕ ਮਜਬੂਰੀਆਂ ਤੋਂ ਬਾਅਦ ਇੱਕ ਮਜ਼ਬੂਤ ਅਤੇ ਸਥਿਰ ਸਰਕਾਰ ਬਣਾਉਣ ਲਈ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਵਿੱਚ ਅਜਿਹੀ ਸਰਕਾਰ ਹੈ ਜੋ ਦੇਸ਼ ਦੇ ਸੰਤੁਲਿਤ ਵਿਕਾਸ ਦੇ ਲਈ, ‘ਸਰਵ ਜਨ ਹਿਤਾਯ, ਸਰਵ ਜਨ ਸੁਖਾਯ’ ਦੇ ਲਈ ਸਮੇਂ ਦਾ ਇੱਕ-ਇੱਕ ਪਲ ਅਤੇ ਜਨਤਾ ਦੇ ਪੈਸੇ ਦੀ ਇੱਕ-ਇੱਕ ਪਾਈ ਸਮਰਪਿਤ ਕਰ ਰਹੀ ਹੈ।

 

ਮਾਣ ਮਹਿਸੂਸ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਸਿਰਫ਼ ਇੱਕ ਮਾਪਦੰਡ ਯਾਨੀ ‘ਰਾਸ਼ਟਰ ਪ੍ਰਥਮ’ ਨਾਲ ਜੁੜੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੁਆਰਾ ਲਿਆ ਗਿਆ ਹਰ ਫ਼ੈਸਲਾ ਇਸੇ ਦਿਸ਼ਾ ਵਿੱਚ ਹੈ। ਸ਼੍ਰੀ ਮੋਦੀ ਨੇ ਨੌਕਰਸ਼ਾਹੀ ਨੂੰ ਆਪਣੇ ਹੱਥ ਅਤੇ ਪੈਰ ਦੱਸਿਆ, ਜੋ ਭਾਰਤ ਦੇ ਹਰ ਕੋਨੇ ਵਿੱਚ ਕੰਮ ਕਰ ਰਹੇ ਹਨ ਅਤੇ ਬਦਲਾਅ ਲਿਆ ਰਹੇ ਹਨ। ਅਤੇ ਇਸ ਲਈ ‘ਸੁਧਾਰ, ਪ੍ਰਦਰਸ਼ਨ, ਪਰਿਵਰਤਨ’ ਦਾ ਇਹ ਦੌਰ ਹੁਣ ਭਾਰਤ ਦੇ ਭਵਿੱਖ ਨੂੰ ਰੂਪ ਦੇ ਰਿਹਾ ਹੈ ਅਤੇ ਅਸੀਂ ਦੇਸ਼ ਦੇ ਅੰਦਰ ਉਨ੍ਹਾਂ ਤਾਕਤਾਂ ਨੂੰ ਹੁਲਾਰਾ ਦੇ ਰਹੇ ਹਾਂ, ਜੋ ਆਉਣ ਵਾਲੇ ਹਜ਼ਾਰਾਂ ਸਾਲਾਂ ਲਈ ਬੁਨਿਆਦ ਨੂੰ ਮਜ਼ਬੂਤ ਕਰਨ ਵਾਲੀਆਂ ਹਨ।

 

ਸੰਤੁਲਿਤ ਵਿਕਾਸ ਦੇ ਲਈ ਨਵੇਂ ਮੰਤਰਾਲੇ ਬਣਾਏ ਗਏ

ਪ੍ਰਧਾਨ ਮੰਤਰੀ ਨੇ ਵਿਭਿੰਨ ਖੇਤਰਾਂ ਵਿੱਚ ਨਵੇਂ ਮੰਤਰਾਲੇ ਬਣਾ ਕੇ ਦੇਸ਼ ਵਿੱਚ ਸੰਤੁਲਿਤ ਵਿਕਾਸ ਦੀ ਦਿਸ਼ਾ ਵਿੱਚ ਸਰਕਾਰ ਦੀ ਪਹਿਲ ਦੇ ਬਾਰੇ ਵਿਸਥਾਰ ਨਾਲ ਗੱਲ ਕੀਤੀ। ਸ਼੍ਰੀ ਮੋਦੀ ਨੇ ਕਿਹਾ ਕਿ ਦੁਨੀਆ ਨੂੰ ਯੁਵਾ ਸ਼ਕਤੀ ਦੀ ਜ਼ਰੂਰਤ ਹੈ, ਨੌਜਵਾਨਾਂ ਨੂੰ ਹੁਨਰ ਦੀ ਜ਼ਰੂਰਤ ਹੈ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਕੌਸ਼ਲ ਵਿਕਾਸ ਦੇ ਲਈ ਨਵਾਂ ਮੰਤਰਾਲਾ ਨਾ ਸਿਰਫ਼ ਭਾਰਤ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ, ਬਲਕਿ ਦੁਨੀਆ ਦੀਆਂ ਜ਼ਰੂਰਤਾਂ ਨੂੰ ਵੀ ਪੂਰਾ ਕਰੇਗਾ।

 

ਸ਼੍ਰੀ ਮੋਦੀ ਨੇ ਕਿਹਾ ਕਿ ਜਲ ਸ਼ਕਤੀ ਮੰਤਰਾਲਾ ਇਹ ਯਕੀਨੀ ਬਣਾਉਣ ’ਤੇ ਜ਼ੋਰ ਦੇ ਰਿਹਾ ਹੈ ਕਿ ਸਾਡੇ ਦੇਸ਼ ਦੇ ਹਰੇਕ ਨਾਗਰਿਕ ਤੱਕ ਸ਼ੁੱਧ ਪੀਣ ਵਾਲਾ ਪਾਣੀ ਪਹੁੰਚੇ। ਉਨ੍ਹਾਂ ਨੇ ਕਿਹਾ, ‘ਅਸੀਂ ਵਾਤਾਵਰਣ ਦੀ ਰੱਖਿਆ ਦੇ ਲਈ ਸੰਵੇਦਨਸ਼ੀਲ ਪ੍ਰਣਾਲੀਆਂ ਦੇ ਵਿਕਾਸ ’ਤੇ ਜ਼ੋਰ ਦੇਣ ਦੇ ਨਾਲ਼ ਇਨ੍ਹਾਂ ’ਤੇ ਧਿਆਨ ਕੇਂਦ੍ਰਿਤ ਵੀ ਕਰ ਰਹੇ ਹਾਂ।” ਕੋਰੋਨਾ ਮਹਾਮਾਰੀ ਦੇ ਔਖੇ ਅਤੇ ਸੰਕਟ ਭਰੇ ਸਮੇਂ ਵਿੱਚ ਭਾਰਤ ਨੇ ਕਿਵੇਂ ਰੋਸ਼ਨੀ ਦਿਖਾਈ, ਇਸ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਇੱਕ ਵੱਖਰਾ ਆਯੁਸ਼ ਮੰਤਰਾਲਾ ਬਣਾਇਆ ਅਤੇ ਅੱਜ ਯੋਗ ਅਤੇ ਆਯੁਸ਼ ਦੁਨੀਆ ਵਿੱਚ ਧੁੰਮਾਂ ਪਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਦੁਆਰਾ ਕੋਰੋਨਾ ’ਤੇ ਕਾਬੂ ਪਾਉਣ ਤੋਂ ਬਾਅਦ, ਦੁਨੀਆ ਸੰਪੂਰਨ ਸਿਹਤ ਦੇਖਭਾਲ਼ ਦੀ ਤਲਾਸ਼ ਕਰ ਰਹੀ ਹੈ, ਜੋ ਕਿ ਸਮੇਂ ਦੀ ਮੰਗ ਹੈ।

 

ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਦੇ ਲਈ ਵੱਖਰੇ ਮੰਤਰਾਲਿਆਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਸਰਕਾਰ ਅਤੇ ਦੇਸ਼ ਦੀ ਆਰਥਵਿਵਸਥਾ ਦਾ ਅਹਿਮ ਯੋਗਦਾਨਕਰਤਾ ਅਤੇ ਥੰਮ੍ਹ ਦੱਸਿਆ। ਉਨ੍ਹਾਂ ਨੇ ਕਿਹਾ ਕਿ ਨਵਾਂ ਮੰਤਰਾਲਾ ਇੱਕ ਅਹਿਮ ਭੂਮਿਕਾ ਨਿਭਾ ਰਿਹਾ ਹੈ ਤਾਂ ਜੋ ਸਮਾਜ ਅਤੇ ਉਸ ਵਰਗ ਦਾ ਕੋਈ ਵੀ ਵਿਅਕਤੀ ਸਰਕਾਰ ਦੁਆਰਾ ਐਲਾਨੇ ਗਏ ਲਾਭਾਂ ਦਾ ਲਾਭ ਲੈਣ ਤੋਂ ਵਾਂਝਾ ਨਾ ਰਹੇ।

 

ਸ਼੍ਰੀ ਮੋਦੀ ਨੇ ਸਹਿਕਾਰਤਾ ਅੰਦੋਲਨ ਨੂੰ ਸਮਾਜ ਦੀ ਆਰਥਵਿਵਸਥਾ ਦਾ ਇੱਕ ਪ੍ਰਮੁੱਖ ਹਿੱਸਾ ਦੱਸਿਆ। ਉਨ੍ਹਾਂ ਨੇ ਕਿਹਾ ਕਿ ਨਵਾਂ ਬਣਾਇਆ ਗਿਆ ਸਹਿਕਾਰਤਾ ਮੰਤਰਾਲਾ ਸਹਿਕਾਰੀ ਸੰਸਥਾਵਾਂ ਦੇ ਜ਼ਰੀਏ ਆਪਣਾ ਨੈੱਟਵਰਕ ਫੈਲਾ ਰਿਹਾ ਹੈ ਤਾਂ ਜੋ ਗ਼ਰੀਬ ਤੋਂ ਗ਼ਰੀਬ ਲੋਕਾਂ ਦੀ ਗੱਲ ਸੁਣੀ ਜਾ ਸਕੇ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾ ਸਕਣ। ਮੰਤਰਾਲਾ ਉਨ੍ਹਾਂ ਨੂੰ ਇੱਕ ਛੋਟੀ ਇਕਾਈ ਦਾ ਹਿੱਸਾ ਬਣ ਕੇ ਦੇਸ਼ ਦੇ ਵਿਕਾਸ ਵਿੱਚ ਸੰਗਠਿਤ ਤਰੀਕੇ ਨਾਲ ਯੋਗਦਾਨ ਪਾਉਣ ਦੀ ਸਹੂਲਤ ਦੇ ਰਿਹਾ ਹੈ। ਉਨ੍ਹਾਂ ਨੇ ਕਿਹਾ, “ਅਸੀਂ ਸਹਿਯੋਗ ਦੇ ਮਾਧਿਅਮ ਰਾਹੀਂ ਖੁਸ਼ਹਾਲੀ ਦਾ ਰਾਹ ਅਖਤਿਆਰ ਕੀਤਾ ਹੈ।”

 

 

*********

ਆਰਐੱਮ/ ਡੀਐੱਸ/ ਵੀਐੱਮ


(Release ID: 1949219) Visitor Counter : 106