ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 27 ਅਤੇ 28 ਜੁਲਾਈ ਨੂੰ ਰਾਜਸਥਾਨ ਅਤੇ ਗੁਜਰਾਤ ਦਾ ਦੌਰਾ ਕਰਨਗੇ


ਕਿਸਾਨਾਂ ਨੂੰ ਲਾਭ ਪਹੁੰਚਾਉਣ ਵਾਲੇ ਇੱਕ ਅਹਿਮ ਕਦਮ ਵਜੋਂ ਪ੍ਰਧਾਨ ਮੰਤਰੀ 1.25 ਲੱਖ ਪੀਐੱਮ ਕਿਸਾਨ ਸਮ੍ਰਿਧੀ ਕੇਂਦਰ ਰਾਸ਼ਟਰ ਨੂੰ ਸਮਰਪਿਤ ਕਰਨਗੇ


ਪ੍ਰਧਾਨ ਮੰਤਰੀ ਯੂਰੀਆ ਗੋਲਡ - ਸਲਫਰ ਕੋਟੇਡ ਯੂਰੀਆ ਲਾਂਚ ਕਰਨਗੇ; ਇਹ ਨੀਮ-ਕੋਟੇਡ ਯੂਰੀਆ ਨਾਲੋਂ ਵਧੇਰੇ ਕਿਫਾਇਤੀ ਅਤੇ ਕੁਸ਼ਲ ਹੋਵੇਗਾ


ਪ੍ਰਧਾਨ ਮੰਤਰੀ ਸੀਕਰ ਵਿੱਚ ਪੀਐੱਮ -ਕਿਸਾਨ ਦੇ ਤਹਿਤ ਲਗਭਗ 17,000 ਕਰੋੜ ਰੁਪਏ ਦੀ 14ਵੀਂ ਕਿਸ਼ਤ ਦੀ ਰਾਸ਼ੀ ਜਾਰੀ ਕਰਨਗੇ
ਪ੍ਰਧਾਨ ਮੰਤਰੀ ਓਪਨ ਨੈੱਟਵਰਕ ਫੌਰ ਡਿਜੀਟਲ ਕਮਰਸ (ਓਐੱਨਡੀਸੀ) 'ਤੇ 1500 ਕਿਸਾਨ ਉਤਪਾਦਕ ਸੰਗਠਨਾਂ ਦੀ ਔਨ-ਬੋਰਡਿੰਗ ਦੀ ਸ਼ੁਰੂਆਤ ਕਰਨਗੇ

ਪ੍ਰਧਾਨ ਮੰਤਰੀ ਪੰਜ ਨਵੇਂ ਮੈਡੀਕਲ ਕਾਲਜਾਂ ਦਾ ਉਦਘਾਟਨ ਕਰਨਗੇ ਅਤੇ ਸੱਤ ਮੈਡੀਕਲ ਕਾਲਜਾਂ ਦਾ ਨੀਂਹ ਪੱਥਰ ਰੱਖਣਗੇ, ਜਿਸ ਨਾਲ ਰਾਜਸਥਾਨ ਵਿੱਚ ਸਿਹਤ ਬੁਨਿਆਦੀ ਢਾਂਚੇ ਵਿੱਚ ਵੱਡਾ ਵਿਸਤਾਰ ਦੇਖਣ ਨੂੰ ਮਿਲੇਗਾ


ਪ੍ਰਧਾਨ ਮੰਤਰੀ ਰਾਜਕੋਟ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਕਰਨਗੇ ਅਤੇ ਰਾਜਕੋਟ ਵਿੱਚ 860 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਵੀ ਕਰਨਗੇ



ਪ੍ਰਧਾਨ ਮੰਤਰੀ ਗਾਂਧੀਨਗਰ ਵਿੱਚ ਸੈਮੀਕੌਨ ਇੰਡੀਆ 2023 ਦਾ ਉਦਘਾਟਨ ਕਰਨਗੇ

Posted On: 25 JUL 2023 1:54PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 27 ਅਤੇ 28 ਜੁਲਾਈ 2023 ਨੂੰ ਰਾਜਸਥਾਨ ਅਤੇ ਗੁਜਰਾਤ ਦਾ ਦੌਰਾ ਕਰਨਗੇ।

ਪ੍ਰਧਾਨ ਮੰਤਰੀ 27 ਜੁਲਾਈ ਨੂੰ ਸਵੇਰੇ 11:15 ਵਜੇ ਰਾਜਸਥਾਨ ਦੇ ਸੀਕਰ ਵਿੱਚ ਇੱਕ ਜਨਤਕ ਪ੍ਰੋਗਰਾਮ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਤੋਂ ਬਾਅਦ ਉਹ ਗੁਜਰਾਤ ਦੇ ਰਾਜਕੋਟ ਪਹੁੰਚਣਗੇ, ਜਿੱਥੇ ਦੁਪਹਿਰ 3:15 ਵਜੇ ਪ੍ਰਧਾਨ ਮੰਤਰੀ ਰਾਜਕੋਟ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਦੌਰਾ ਕਰਨਗੇ। ਇਸ ਤੋਂ ਬਾਅਦ ਸ਼ਾਮ 4:15 ਵਜੇ ਪ੍ਰਧਾਨ ਮੰਤਰੀ ਰਾਜਕੋਟ ਦੇ ਰੇਸ ਕੋਰਸ ਮੈਦਾਨ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ 28 ਜੁਲਾਈ ਨੂੰ ਸਵੇਰੇ ਕਰੀਬ 10:30 ਵਜੇ ਗਾਂਧੀਨਗਰ ਦੇ ਮਹਾਤਮਾ ਮੰਦਰ ਵਿੱਚ ਸੈਮੀਕੌਨ ਇੰਡੀਆ 2023 ਦਾ ਉਦਘਾਟਨ ਕਰਨਗੇ।

ਪ੍ਰਧਾਨ ਮੰਤਰੀ ਸੀਕਰ ਵਿੱਚ

ਕਿਸਾਨਾਂ ਨੂੰ ਲਾਭ ਪਹੁੰਚਾਉਣ ਵਾਲੇ ਇੱਕ ਮਹੱਤਵਪੂਰਨ ਕਦਮ ਦੇ ਤੌਰ ’ਤੇ ਪ੍ਰਧਾਨ ਮੰਤਰੀ 1.25 ਲੱਖ ਪ੍ਰਧਾਨ ਮੰਤਰੀ ਕਿਸਾਨ ਸਮ੍ਰਿਧੀ ਕੇਂਦਰ (ਪੀਐੱਮਕੇਐੱਸਕੇ) ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਪੀਐੱਮਕੇਐੱਸਕੇ ਨੂੰ ਕਿਸਾਨਾਂ ਦੀਆਂ ਸਾਰੀਆਂ ਜ਼ਰੂਰਤਾਂ ਲਈ ਵੰਨ-ਸਟੌਪ ਹੱਲ ਪ੍ਰਦਾਨ ਕਰਨ ਲਈ ਵਿਕਸਿਤ ਕੀਤਾ ਜਾ ਰਿਹਾ ਹੈ। ਖੇਤੀ ਸਮੱਗਰੀ (ਖਾਦ, ਬੀਜ, ਸੰਦ) ਦੀ ਜਾਣਕਾਰੀ ਤੋਂ ਲੈ ਕੇ ਮਿੱਟੀ, ਬੀਜਾਂ ਅਤੇ ਖਾਦਾਂ ਲਈ ਟੈਸਟਿੰਗ ਸੁਵਿਧਾਵਾਂ ਤੱਕ, ਵੱਖ-ਵੱਖ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਤੱਕ ਪੀਐੱਮਕੇਐੱਸਕੇ ਨੂੰ ਦੇਸ਼ ਵਿੱਚ ਕਿਸਾਨਾਂ ਲਈ ਇੱਕ ਭਰੋਸੇਯੋਗ ਸਹਾਇਤਾ ਪ੍ਰਣਾਲੀ ਬਣਨ ਦੀ ਕਲਪਨਾ ਕੀਤੀ ਗਈ ਹੈ। ਉਹ ਬਲਾਕ/ਜ਼ਿਲ੍ਹਾ ਪੱਧਰ ਦੇ ਆਉਟਲੈੱਟਾਂ 'ਤੇ ਖਾਦ ਪ੍ਰਚੂਨ ਵਿਕਰੇਤਾਵਾਂ ਦੀ ਨਿਯਮਤ ਸਮਰੱਥਾ ਨਿਰਮਾਣ ਨੂੰ ਵੀ ਯਕੀਨੀ ਬਣਾਉਣਗੇ।

ਪ੍ਰਧਾਨ ਮੰਤਰੀ ਯੂਰੀਆ ਦੀ ਇੱਕ ਨਵੀਂ ਕਿਸਮ ਯੂਰੀਆ ਗੋਲਡ ਲਾਂਚ ਕਰਨਗੇ, ਜੋ ਸਲਫਰ ਕੋਟੇਡ ਹੈ। ਸਲਫਰ ਕੋਟੇਡ ਯੂਰੀਆ ਦੀ ਸ਼ੁਰੂਆਤ ਮਿੱਟੀ ਵਿੱਚ ਗੰਧਕ ਦੀ ਕਮੀ ਨੂੰ ਦੂਰ ਕਰੇਗੀ। ਇਹ ਨਵੀਨਤਾਕਾਰੀ ਖਾਦ ਨੀਮ-ਕੋਟੇਡ ਯੂਰੀਆ ਨਾਲੋਂ ਵਧੇਰੇ ਕਿਫਾਇਤੀ ਅਤੇ ਕੁਸ਼ਲ ਹੈ, ਪੌਦਿਆਂ ਵਿੱਚ ਨਾਈਟ੍ਰੋਜਨ ਦੀ ਵਰਤੋਂ ਦੀ ਕੁਸ਼ਲਤਾ ਵਿੱਚ ਸੁਧਾਰ ਕਰਦੀ ਹੈ, ਖਾਦ ਦੀ ਖਪਤ ਨੂੰ ਘਟਾਉਂਦੀ ਹੈ ਅਤੇ ਫਸਲ ਦੀ ਗੁਣਵੱਤਾ ਨੂੰ ਵਧਾਉਂਦੀ ਹੈ।

ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਓਪਨ ਨੈੱਟਵਰਕ ਫੌਰ ਡਿਜੀਟਲ ਕਮਰਸ (ਓਐੱਨਡੀਸੀ) 'ਤੇ 1500 ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓ) ਦੀ ਔਨ-ਬੋਰਡਿੰਗ ਦੀ ਸ਼ੁਰੂਆਤ ਕਰਨਗੇ। ਓਐੱਨਡੀਸੀ ਐੱਫਪੀਓ ਨੂੰ ਡਿਜੀਟਲ ਮਾਰਕੀਟਿੰਗ, ਔਨਲਾਈਨ ਭੁਗਤਾਨ, ਵਪਾਰ-ਤੋਂ-ਵਪਾਰ (ਬੀ2ਬੀ) ਅਤੇ ਵਪਾਰ-ਤੋਂ-ਖਪਤਕਾਰ ਲੈਣ-ਦੇਣ ਤੱਕ ਸਿੱਧੀ ਪਹੁੰਚ ਦੇ ਨਾਲ ਸ਼ਕਤੀ ਪ੍ਰਦਾਨ ਕਰਦਾ ਹੈ ਅਤੇ ਗ੍ਰਾਮੀਣ ਖੇਤਰਾਂ ਵਿੱਚ ਲੌਜਿਸਟਿਕਸ ਦੇ ਵਾਧੇ ਨੂੰ ਉਤਪ੍ਰੇਰਕ ਕਰਦੇ ਹੋਏ ਸਥਾਨਕ ਮੁੱਲ ਵਾਧੇ ਨੂੰ ਉਤਸ਼ਾਹਿਤ ਕਰਦਾ ਹੈ।

ਇੱਕ ਕਦਮ ਜੋ ਕਿਸਾਨਾਂ ਦੀ ਭਲਾਈ ਪ੍ਰਤੀ ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ ਦੀ ਇੱਕ ਹੋਰ ਉਦਾਹਰਣ ਨੂੰ ਦਰਸਾਉਂਦਾ ਹੈ, ਉਹ ਹੈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ) ਦੇ ਤਹਿਤ ਲਗਭਗ 17,000 ਕਰੋੜ ਰੁਪਏ ਦੀ 14ਵੀਂ ਕਿਸ਼ਤ ਜਾਰੀ ਕਰਨਾ, ਜਿਸ ਤਹਿਤ 8.5 ਕਰੋੜ ਤੋਂ ਵੱਧ ਲਾਭਾਰਥੀਆਂ ਨੂੰ ਸਿੱਧੇ ਲਾਭ ਤਬਾਦਲੇ ਰਾਹੀਂ ਰਕਮ ਜਾਰੀ ਕੀਤੀ ਜਾਵੇਗੀ।

ਪ੍ਰਧਾਨ ਮੰਤਰੀ ਚਿਤੌੜਗੜ੍ਹ, ਧੌਲਪੁਰ, ਸਿਰੋਹੀ, ਸੀਕਰ ਅਤੇ ਸ੍ਰੀ ਗੰਗਾਨਗਰ ਵਿੱਚ ਪੰਜ ਨਵੇਂ ਮੈਡੀਕਲ ਕਾਲਜਾਂ ਦਾ ਉਦਘਾਟਨ ਕਰਨਗੇ ਅਤੇ ਬਾਰਾਨ, ਬੂੰਦੀ, ਕਰੌਲੀ, ਝੁੰਝੁਨੂ, ਸਵਾਈ ਮਾਧੋਪੁਰ, ਜੈਸਲਮੇਰ ਅਤੇ ਟੌਂਕ ਵਿੱਚ ਸੱਤ ਮੈਡੀਕਲ ਕਾਲਜਾਂ ਦਾ ਨੀਂਹ ਪੱਥਰ ਰੱਖਣਗੇ, ਜਿਸ ਨਾਲ ਰਾਜਸਥਾਨ ਵਿੱਚ ਸਿਹਤ ਬੁਨਿਆਦੀ ਢਾਂਚੇ ਵਿੱਚ ਵੱਡਾ ਵਿਸਤਾਰ ਦੇਖਣ ਨੂੰ ਮਿਲੇਗਾ।

ਮੈਡੀਕਲ ਕਾਲਜ "ਮੌਜੂਦਾ ਜ਼ਿਲ੍ਹਾ/ਰੈਫਰਲ ਹਸਪਤਾਲਾਂ ਨਾਲ ਜੁੜੇ ਨਵੇਂ ਮੈਡੀਕਲ ਕਾਲਜਾਂ ਦੀ ਸਥਾਪਨਾ" ਲਈ ਕੇਂਦਰੀ ਸਪਾਂਸਰ ਸਕੀਮ ਦੇ ਤਹਿਤ ਸਥਾਪਿਤ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਦੁਆਰਾ ਉਦਘਾਟਨ ਕੀਤੇ ਗਏ ਪੰਜ ਮੈਡੀਕਲ ਕਾਲਜਾਂ ਨੂੰ 1400 ਕਰੋੜ ਰੁਪਏ ਤੋਂ ਵੱਧ ਦੀ ਸੰਚਤ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ, ਜਦਕਿ ਸੱਤ ਮੈਡੀਕਲ ਕਾਲਜ ਜਿਨ੍ਹਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ, ਉਹ 2275 ਕਰੋੜ ਰੁਪਏ ਦੀ ਸੰਚਤ ਲਾਗਤ ਨਾਲ ਬਣਾਏ ਜਾਣਗੇ।

2014 ਤੱਕ, ਰਾਜਸਥਾਨ ਰਾਜ ਵਿੱਚ ਸਿਰਫ਼ 10 ਮੈਡੀਕਲ ਕਾਲਜ ਸਨ। ਕੇਂਦਰ ਸਰਕਾਰ ਦੇ ਸਮਰਪਿਤ ਯਤਨਾਂ ਸਦਕਾ ਰਾਜ ਵਿੱਚ ਮੈਡੀਕਲ ਕਾਲਜਾਂ ਦੀ ਗਿਣਤੀ 35 ਹੋ ਗਈ ਹੈ, ਜੋ ਕਿ 250% ਵਾਧਾ ਹੈ। ਇਨ੍ਹਾਂ 12 ਨਵੇਂ ਮੈਡੀਕਲ ਕਾਲਜਾਂ ਦੀ ਸਥਾਪਨਾ ਨਾਲ ਰਾਜ ਵਿੱਚ 2013-14 ਵਿੱਚ 1750 ਸੀਟਾਂ ਦੇ ਮੁਕਾਬਲੇ 6275 ਐੱਮਬੀਬੀਐੱਸ ਸੀਟਾਂ ਵਧ ਜਾਣਗੀਆਂ, ਜੋ ਕਿ 258% ਵਾਧਾ ਹੋਵੇਗਾ।

ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਉਦੈਪੁਰ, ਬਾਂਸਵਾੜਾ, ਪ੍ਰਤਾਪਗੜ੍ਹ ਅਤੇ ਡੂੰਗਰਪੁਰ ਜ਼ਿਲ੍ਹਿਆਂ ਵਿੱਚ ਸਥਿਤ ਛੇ ਏਕਲਵਯ ਮਾਡਲ ਰਿਹਾਇਸ਼ੀ ਸਕੂਲਾਂ ਦਾ ਉਦਘਾਟਨ ਕਰਨਗੇ, ਜਿਸ ਨਾਲ ਇਨ੍ਹਾਂ ਜ਼ਿਲ੍ਹਿਆਂ ਵਿੱਚ ਰਹਿਣ ਵਾਲੀ ਆਦਿਵਾਸੀ ਆਬਾਦੀ ਨੂੰ ਫਾਇਦਾ ਹੋਵੇਗਾ। ਉਹ ਪ੍ਰੋਗਰਾਮ ਦੌਰਾਨ ਕੇਂਦਰੀ ਵਿਦਿਆਲਾ ਤਿਵਰੀ, ਜੋਧਪੁਰ ਦਾ ਉਦਘਾਟਨ ਵੀ ਕਰਨਗੇ।

ਪ੍ਰਧਾਨ ਮੰਤਰੀ ਰਾਜਕੋਟ ਵਿੱਚ

ਦੇਸ਼ ਭਰ ਵਿੱਚ ਹਵਾਈ ਸੰਪਰਕ ਨੂੰ ਬਿਹਤਰ ਬਣਾਉਣ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਰਾਜਕੋਟ ਵਿੱਚ ਇੱਕ ਨਵੇਂ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਵਿਕਾਸ ਨਾਲ ਹੁਲਾਰਾ ਮਿਲੇਗਾ। ਗ੍ਰੀਨਫੀਲਡ ਹਵਾਈ ਅੱਡਾ 2500 ਏਕੜ ਤੋਂ ਵੱਧ ਦੇ ਕੁੱਲ ਜ਼ਮੀਨੀ ਰਕਬੇ ਵਿੱਚ ਅਤੇ 1400 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ। ਨਵੇਂ ਹਵਾਈ ਅੱਡੇ ਵਿੱਚ ਆਧੁਨਿਕ ਟੈਕਨੋਲੌਜੀ ਅਤੇ ਟਿਕਾਊ ਵਿਸ਼ੇਸ਼ਤਾਵਾਂ ਦਾ ਸੁਮੇਲ ਹੈ। ਟਰਮੀਨਲ ਬਿਲਡਿੰਗ ਗ੍ਰਿਹ -4 ਅਨੁਕੂਲ ਹੈ (ਏਕੀਕ੍ਰਿਤ ਹੈਬੀਟੇਟ ਅਸੈਸਮੈਂਟ ਲਈ ਗ੍ਰੀਨ ਰੇਟਿੰਗ) ਅਤੇ ਨਵੀਂ ਟਰਮੀਨਲ ਬਿਲਡਿੰਗ (ਐੱਨਆਈਟੀਬੀ) ਵੱਖ-ਵੱਖ ਸਥਿਰਤਾ ਵਿਸ਼ੇਸ਼ਤਾਵਾਂ ਜਿਵੇਂ ਕਿ ਡਬਲ ਇੰਸੂਲੇਟਿਡ ਰੂਫਿੰਗ ਸਿਸਟਮ, ਸਕਾਈਲਾਈਟਸ, ਐੱਲਈਡੀ ਲਾਈਟਿੰਗ, ਘੱਟ ਹੀਟ ਗੇਨ ਗਲੇਜ਼ਿੰਗ ਆਦਿ ਨਾਲ ਲੈਸ ਹੈ।

ਰਾਜਕੋਟ ਦੀ ਸੱਭਿਆਚਾਰਕ ਗਤੀਸ਼ੀਲਤਾ ਨੇ ਹਵਾਈ ਅੱਡੇ ਦੇ ਟਰਮੀਨਲ ਦੇ ਡਿਜ਼ਾਈਨ ਨੂੰ ਪ੍ਰੇਰਿਤ ਕੀਤਾ ਹੈ ਅਤੇ ਇਹ ਲਿੱਪਨ ਕਲਾ ਤੋਂ ਲੈ ਕੇ ਡਾਂਡੀਆ ਡਾਂਸ ਤੱਕ ਕਲਾ ਦੇ ਰੂਪਾਂ ਨੂੰ ਇਸ ਦੇ ਗਤੀਸ਼ੀਲ ਬਾਹਰੀ ਦਿੱਖ ਅਤੇ ਸ਼ਾਨਦਾਰ ਅੰਦਰੂਨੀ ਦ੍ਰਿਸ਼ ਰਾਹੀਂ ਦਰਸਾਏਗਾ। ਹਵਾਈ ਅੱਡਾ ਸਥਾਨਕ ਆਰਕੀਟੈਕਚਰਲ ਵਿਰਾਸਤ ਦਾ ਪ੍ਰਤੀਕ ਹੋਵੇਗਾ ਅਤੇ ਗੁਜਰਾਤ ਦੇ ਕਾਠੀਆਵਾੜ ਖੇਤਰ ਦੀ ਕਲਾ ਅਤੇ ਨ੍ਰਿਤ ਰੂਪਾਂ ਦੀ ਸੱਭਿਆਚਾਰਕ ਮਹਿਮਾ ਨੂੰ ਦਰਸਾਏਗਾ। ਰਾਜਕੋਟ ਵਿੱਚ ਨਵਾਂ ਹਵਾਈ ਅੱਡਾ ਨਾ ਸਿਰਫ਼ ਰਾਜਕੋਟ ਦੇ ਸਥਾਨਕ ਆਟੋਮੋਬਾਈਲ ਉਦਯੋਗ ਦੇ ਵਿਕਾਸ ਵਿੱਚ ਯੋਗਦਾਨ ਪਾਵੇਗਾ ਬਲਕਿ ਪੂਰੇ ਗੁਜਰਾਤ ਵਿੱਚ ਵਪਾਰ, ਟੂਰਿਜ਼ਮ, ਸਿੱਖਿਆ ਅਤੇ ਉਦਯੋਗਿਕ ਖੇਤਰਾਂ ਨੂੰ ਵੀ ਉਤਸ਼ਾਹਿਤ ਕਰੇਗਾ।

ਪ੍ਰਧਾਨ ਮੰਤਰੀ 860 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਵੀ ਕਰਨਗੇ। ਸੋਨੀ ਯੋਜਨਾ ਲਿੰਕ 3 ਪੈਕੇਜ 8 ਅਤੇ 9 ਸਿੰਚਾਈ ਸੁਵਿਧਾਵਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਸੌਰਾਸ਼ਟਰ ਖੇਤਰ ਲਈ ਪੀਣ ਵਾਲੇ ਪਾਣੀ ਦੇ ਲਾਭ ਪ੍ਰਦਾਨ ਕਰਨ ਵਿੱਚ ਮਦਦ ਕਰੇਗਾ। ਦਵਾਰਕਾ ਆਰਡਬਲਿਊਐੱਸਐੱਸ ਦੇ ਅੱਪਗ੍ਰੇਡੇਸ਼ਨ ਨਾਲ ਪਿੰਡਾਂ ਨੂੰ ਪਾਈਪਲਾਈਨ ਰਾਹੀਂ ਢੁਕਵਾਂ ਅਤੇ ਪੀਣ ਯੋਗ ਪਾਣੀ ਮੁਹੱਈਆ ਕਰਵਾਉਣ ਵਿੱਚ ਮਦਦ ਮਿਲੇਗੀ। ਸ਼ੁਰੂ ਕੀਤੇ ਜਾਣ ਵਾਲੇ ਹੋਰਨਾਂ ਪ੍ਰੋਜੈਕਟਾਂ ਵਿੱਚ ਉਪਰਕੋਟ ਫੋਰਟ ਫੇਜ਼ I ਅਤੇ II ਦੀ ਸੰਭਾਲ, ਨਵੀਨੀਕਰਨ ਅਤੇ ਵਿਕਾਸ; ਵਾਟਰ ਟ੍ਰੀਟਮੈਂਟ ਪਲਾਂਟ ਦਾ ਨਿਰਮਾਣ; ਸੀਵਰੇਜ ਟ੍ਰੀਟਮੈਂਟ ਪਲਾਂਟ; ਫਲਾਈਓਵਰ ਬ੍ਰਿਜ ਅਤੇ ਹੋਰ ਸ਼ਾਮਲ ਹਨ।

ਪ੍ਰਧਾਨ ਮੰਤਰੀ ਗਾਂਧੀਨਗਰ ਵਿੱਚ

ਪ੍ਰਧਾਨ ਮੰਤਰੀ 28 ਜੁਲਾਈ ਨੂੰ ਗਾਂਧੀਨਗਰ ਵਿੱਚ ਮਹਾਤਮਾ ਮੰਦਰ ਵਿਖੇ ਸੈਮੀਕੌਨ ਇੰਡੀਆ 2023 ਦਾ ਉਦਘਾਟਨ ਕਰਨਗੇ। ਇਸ ਮੌਕੇ ਉਹ ਜਨ ਸਭਾ ਨੂੰ ਸੰਬੋਧਨ ਵੀ ਕਰਨਗੇ। ਕਾਨਫ਼ਰੰਸ ਦਾ ਵਿਸ਼ਾ ‘ਕੈਟਾਲਾਈਜ਼ਿੰਗ ਇੰਡੀਆਜ਼ ਸੈਮੀਕੰਡਕਟਰ ਈਕੋਸਿਸਟਮ’ ਹੈ। ਇਸ ਦਾ ਉਦੇਸ਼ ਉਦਯੋਗ, ਅਕਾਦਮਿਕ ਅਤੇ ਖੋਜ ਸੰਸਥਾਵਾਂ ਤੋਂ ਗਲੋਬਲ ਨੇਤਾਵਾਂ ਨੂੰ ਇੱਕ ਮੰਚ 'ਤੇ ਇਕੱਠਾ ਕਰਨਾ ਹੈ। ਇਹ ਭਾਰਤ ਦੀ ਸੈਮੀਕੰਡਕਟਰ ਰਣਨੀਤੀ ਅਤੇ ਨੀਤੀ ਨੂੰ ਦਰਸਾਉਂਦਾ ਹੈ ਜੋ ਭਾਰਤ ਨੂੰ ਸੈਮੀਕੰਡਕਟਰ ਡਿਜ਼ਾਈਨ, ਨਿਰਮਾਣ ਅਤੇ ਟੈਕਨੋਲੌਜੀ ਵਿਕਾਸ ਲਈ ਇੱਕ ਗਲੋਬਲ ਹੱਬ ਬਣਾਉਣ ਦੀ ਕਲਪਨਾ ਕਰਦਾ ਹੈ। ਸੈਮੀਕੌਨ ਇੰਡੀਆ 2023 ਵਿੱਚ ਮਾਈਕ੍ਰੋਨ ਟੈਕਨੋਲੋਜੀ, ਅਪਲਾਇਡ ਮਟਿਅਰੀਅਲਸ, ਫੌਕਸਕੌਨ, ਸੈਮੀ, ਕੈਡੈਂਸ, ਏਐੱਮਡੀ ਵਰਗੀਆਂ ਵੱਡੀਆਂ ਕੰਪਨੀਆਂ ਦੇ ਪ੍ਰਤੀਨਿਧਾਂ ਦੀ ਭਾਗੀਦਾਰੀ ਦੇਖਣ ਨੂੰ ਮਿਲੇਗੀ।

****

 

ਡੀਐੱਸ/ਐੱਲਪੀ 



(Release ID: 1942566) Visitor Counter : 115