ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਨੈਸ਼ਨਲ ਐਂਟੀ-ਡੋਪਿੰਗ ਏਜੰਸੀ, ਭਾਰਤ (ਨਾਡਾ ਇੰਡੀਆ) ਨੇ ਅੱਜ ਨਵੀਂ ਦਿੱਲੀ ਵਿੱਚ ਦੱਖਣੀ ਏਸ਼ੀਆ ਖੇਤਰੀ ਐਂਟੀ-ਡੋਪਿੰਗ ਸੰਗਠਨ (ਸਾਰਡੋ) ਦੇ ਨਾਲ ਇੱਕ ਸਹਿਮਤੀ ਪੱਤਰ (ਐੱਮਓਯੂ) 'ਤੇ ਹਸਤਾਖਰ ਕੀਤੇ


ਐੱਮਓਯੂ ਦਾ ਉਦੇਸ਼ ਖੇਡਾਂ ਵਿੱਚ ਐਂਟੀ-ਡੋਪਿੰਗ ਖੇਤਰੀ ਸਹਿਯੋਗ ਨੂੰ ਵਧਾਉਣਾ ਹੈ

ਵਰਲਡ ਐਂਟੀ-ਡੋਪਿੰਗ ਏਜੰਸੀ ਅਤੇ ਯੂਨੈਸਕੋ ਅੰਤਰਰਾਸ਼ਟਰੀ ਕਨਵੈਨਸ਼ਨ ਅਗੇਂਸਟ ਡੋਪਿੰਗ ਇਨ ਸਪੋਰਟ ਵਿੱਚ ਭਾਰਤ ਦਾ ਵੱਧ ਰਿਹਾ ਯੋਗਦਾਨ ਡੋਪਿੰਗ ਵਿਰੋਧੀ ਲਹਿਰ ਨੂੰ ਅੱਗੇ ਵਧਾਉਣ ਵਿੱਚ ਸ਼ਾਮਲ ਹੋਣ ਦੀ ਭਾਰਤ ਦੀ ਇੱਛਾ ਅਤੇ ਮਜ਼ਬੂਤ ​​ਇਰਾਦੇ ਨੂੰ ਦਰਸਾਉਂਦਾ ਹੈ: ਸ਼੍ਰੀ ਅਨੁਰਾਗ ਠਾਕੁਰ

Posted On: 03 JUL 2023 3:47PM by PIB Chandigarh

ਨਾਡਾ (NADA) ਇੰਡੀਆ ਨੇ ਅੱਜ ਸ਼੍ਰੀ ਅਨੁਰਾਗ ਸਿੰਘ ਠਾਕੁਰ, ਯੁਵਾ ਮਾਮਲੇ ਤੇ ਖੇਡਾਂ ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ, ਭਾਰਤ ਸਰਕਾਰ, ਦੀ ਮੌਜੂਦਗੀ ਵਿੱਚ, ਨਵੀਂ ਦਿੱਲੀ ਵਿੱਚ ਨਾਡਾ ਇੰਡੀਆ - ਸਾਰਡੋ ਸਹਿਯੋਗ ਮੀਟਿੰਗ ਵਿੱਚ, ਬੰਗਲਾਦੇਸ਼, ਭੂਟਾਨ, ਮਾਲਦੀਵ, ਨੇਪਾਲ ਅਤੇ ਸ਼੍ਰੀਲੰਕਾ ਦੀਆਂ ਡੋਪਿੰਗ ਵਿਰੋਧੀ ਸੰਸਥਾਵਾਂ ਵਾਲੇ ਸਾਰਡੋ (SARADO) ਨਾਲ, ਇੱਕ ਸਹਿਮਤੀ ਪੱਤਰ 'ਤੇ ਹਸਤਾਖਰ ਕੀਤੇ। ਇਸ ਮੌਕੇ ਸੁਸ਼੍ਰੀ ਸੁਜਾਤਾ ਚਤੁਰਵੇਦੀ, ਸਕੱਤਰ (ਖੇਡਾਂ), ਯੁਵਾ ਮਾਮਲੇ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ, ਸਾਰਡੋ ਸਕੱਤਰੇਤ ਅਤੇ ਬੰਗਲਾਦੇਸ਼, ਭੂਟਾਨ, ਮਾਲਦੀਵ, ਨੇਪਾਲ ਅਤੇ ਸ਼੍ਰੀਲੰਕਾ ਦੇ ਮੈਂਬਰ ਦੇਸ਼ਾਂ ਦੇ ਪ੍ਰਤੀਨਿਧ ਵੀ ਹਾਜ਼ਰ ਸਨ।

 

ਐੱਮਓਯੂ ਦਾ ਉਦੇਸ਼ ਖੇਡਾਂ ਵਿੱਚ ਐਂਟੀ-ਡੋਪਿੰਗ ਖੇਤਰੀ ਸਹਿਯੋਗ ਨੂੰ ਵਧਾਉਣਾ ਹੈ।

 

ਇਸ ਮੌਕੇ 'ਤੇ ਬੋਲਦੇ ਹੋਏ, ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਅੰਤਰਰਾਸ਼ਟਰੀ ਖੇਡ ਖੇਤਰ ਵਿੱਚ ਭਾਰਤ ਦੀ ਵੱਧ ਰਹੀ ਭਾਗੀਦਾਰੀ ਅਤੇ ਪ੍ਰਾਪਤੀਆਂ ਅਤੇ ਸਵੱਛ ਖੇਡ ਯਤਨਾਂ ਨੂੰ ਉਤਸ਼ਾਹਿਤ ਕਰਨ ਅਤੇ ਵਿਸ਼ਵ ਡੋਪਿੰਗ ਵਿਰੋਧੀ (ਵਰਲਡ ਐਂਟੀ-ਡੋਪਿੰਗ) ਅੰਦੋਲਨ ਵਿੱਚ ਯੋਗਦਾਨ ਪਾਉਣ ਦੀ ਜ਼ਿੰਮੇਵਾਰੀ ਨਿਭਾਉਣ ਦੀ ਇੱਛਾ ਨੂੰ ਉਜਾਗਰ ਕੀਤਾ।

 

ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ, “ਸ਼੍ਰੀ ਨਰੇਂਦਰ ਮੋਦੀ ਨੇ ਆਉਣ ਵਾਲੇ ਸਾਲਾਂ ਵਿੱਚ ਭਾਰਤ ਨੂੰ ਇੱਕ ਖੇਡ ਪਾਵਰਹਾਊਸ ਬਣਨ ਦੀ ਕਲਪਨਾ ਕੀਤੀ ਹੈ। ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਇਸ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਲਈ ਵਚਨਬੱਧ ਹੈ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਭਾਰਤੀ ਐਥਲੀਟਾਂ ਦੇ ਖੇਡ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕੰਮ ਕਰ ਰਿਹਾ ਹੈ।”

 

 


 

 

 





 

ਉਨ੍ਹਾਂ ਇਹ ਵੀ ਕਿਹਾ ਕਿ "ਉੱਚ ਗੁਣਵੱਤਾ ਦੀ ਟ੍ਰੇਨਿੰਗ, ਪਹੁੰਚਯੋਗ ਅਤੇ ਬਿਹਤਰ ਖੇਡ ਬੁਨਿਆਦੀ ਢਾਂਚੇ 'ਤੇ ਸਾਡਾ ਵੱਧਦਾ ਫੋਕਸ, ਮੁਕਾਬਲਿਆਂ ਅਤੇ ਟ੍ਰੇਨਿੰਗ ਕੈਂਪਾਂ ਰਾਹੀਂ ਸਾਰੀਆਂ ਖੇਡਾਂ ਲਈ ਮੌਕੇ ਵਧਾਉਣਾ ਅਤੇ ਖੇਡਾਂ ਵਿੱਚ ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਨੂੰ ਮੁੱਖ ਧਾਰਾ ਵਿੱਚ ਲਿਆਉਣਾ ਵਿਸ਼ਵ ਪੱਧਰ 'ਤੇ ਖੇਡਾਂ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਭਾਰਤ ਦੇ ਇਰਾਦੇ ਅਤੇ ਅਭਿਲਾਸ਼ਾ ਨੂੰ ਸਪੱਸ਼ਟ ਰੂਪ ਵਿੱਚ ਦਰਸਾਉਂਦਾ ਹੈ।”

 

ਸ਼੍ਰੀ ਅਨੁਰਾਗ ਠਾਕੁਰ ਨੇ ਇਹ ਵੀ ਕਿਹਾ ਕਿ ਭਾਰਤ ਗਲੋਬਲ ਉੱਤਰੀ ਅਤੇ ਗਲੋਬਲ ਦੱਖਣ ਦਰਮਿਆਨ ਪਾੜੇ ਨੂੰ ਦੂਰ ਕਰਨ ਅਤੇ ਏਸ਼ੀਆਈ ਖੇਤਰ ਵਿੱਚ ਸਾਡੇ ਦੋਸਤਾਂ ਲਈ ਆਰਥਿਕ ਅਤੇ ਸਮਾਜਿਕ ਵਿਕਾਸ ਦੇ ਮੌਕੇ ਪੈਦਾ ਕਰਨ ਲਈ ਇੱਕ ਪੁਲ ਵਜੋਂ ਕੰਮ ਕਰ ਰਿਹਾ ਹੈ।



 

 

 

ਉਨ੍ਹਾਂ ਅੱਗੇ ਕਿਹਾ ਕਿ ਵਰਲਡ ਐਂਟੀ-ਡੋਪਿੰਗ ਏਜੰਸੀ ਅਤੇ ਯੂਨੈਸਕੋ ਅੰਤਰਰਾਸ਼ਟਰੀ ਕਨਵੈਨਸ਼ਨ ਅਗੇਂਸਟ ਡੋਪਿੰਗ ਇਨ ਸਪੋਰਟ ਵਿੱਚ ਭਾਰਤ ਦਾ ਵੱਧ ਰਿਹਾ ਯੋਗਦਾਨ ਵਿਸ਼ਵ ਪੱਧਰ 'ਤੇ ਡੋਪਿੰਗ ਵਿਰੋਧੀ ਅੰਦੋਲਨ ਨੂੰ ਅੱਗੇ ਵਧਾਉਣ ਅਤੇ ਡੋਪਿੰਗ ਵਿਰੋਧੀ ਪਹਿਲਾਂ ਨੂੰ ਮਜ਼ਬੂਤ ​​ਕਰਨ ਲਈ ਲਗਾਤਾਰ ਵਚਨਬੱਧਤਾ ਵਿੱਚ ਸ਼ਾਮਲ ਹੋਣ ਦੀ ਭਾਰਤ ਦੀ ਇੱਛਾ ਅਤੇ ਮਜ਼ਬੂਤ ​​ਇਰਾਦੇ ਨੂੰ ਦਰਸਾਉਂਦਾ ਹੈ।

 

ਉਨ੍ਹਾਂ ਇਹ ਵੀ ਉਜਾਗਰ ਕੀਤਾ ਕਿ ਜਿਵੇਂ ਕਿ ਭਾਰਤ ਇਸ ਵੇਲੇ ਜੀ20 ਦੀ ਪ੍ਰਧਾਨਗੀ ਸੰਭਾਲ਼ ਰਿਹਾ ਹੈ, ਭਾਰਤ ਏਸ਼ੀਆਈ ਖੇਤਰ ਦੀਆਂ ਚਿੰਤਾਵਾਂ ਅਤੇ ਦ੍ਰਿਸ਼ਟੀਕੋਣਾਂ ਨੂੰ ਦੁਨੀਆ ਦੇ ਸਾਹਮਣੇ ਬੁਲੰਦ ਕਰਨ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। ਉਨ੍ਹਾਂ ਖੇਤਰੀ ਭਾਈਵਾਲੀ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਜੋ ਸਹਿਯੋਗ ਦੇ ਹੋਰ ਖੇਤਰਾਂ ਦੇ ਨਾਲ-ਨਾਲ ਖੇਡ ਖੇਤਰ ਦੇ ਵਿਕਾਸ ਲਈ ਇੱਕ ਸ਼ਕਤੀਸ਼ਾਲੀ ਪਹੁੰਚ ਨਾਲ ਖੇਤਰ ਨੂੰ ਵਿਕਸਿਤ ਕਰਨ ਅਤੇ ਉਭਰਨ ਵਿੱਚ ਮਦਦ ਕਰੇਗਾ। ਉਨ੍ਹਾਂ ਐਂਟੀ-ਡੋਪਿੰਗ ਡੋਮੇਨ ਵਿੱਚ ਭਾਰਤ ਲਈ ਆਪਣੀ ਕਿਸਮ ਦੇ ਇਸ ਪਹਿਲੇ ਸਮਝੌਤੇ ਲਈ ਨਾਡਾ ਇੰਡੀਆ ਅਤੇ ਸਾਰਡੋ ਨੂੰ ਵਧਾਈ ਦਿੰਦੇ ਹੋਏ ਸਮਾਪਤੀ ਕੀਤੀ ਅਤੇ ਖੇਤਰ ਦੇ ਮੈਂਬਰਾਂ ਨੂੰ ਖੇਡਾਂ ਦੇ ਵਿਕਾਸ ਅਤੇ ਹੋਰ ਫੋਕਸ ਖੇਤਰਾਂ ਵਿੱਚ ਸਹਿਯੋਗ ਕਰਨ ਅਤੇ ਏਸ਼ੀਆਈ ਖੇਤਰ ਵਿੱਚ ਖੇਤਰੀ ਸਹਿਯੋਗ ਨੂੰ ਨਵੀਆਂ ਉਚਾਈਆਂ ਤੱਕ ਲਿਜਾਣ ਦਾ ਸੱਦਾ ਦਿੱਤਾ।

 

ਕੇਂਦਰੀ ਮੰਤਰੀ ਨੇ ਸਾਰਡੋ ਦੇ ਮੈਂਬਰ ਦੇਸ਼ਾਂ ਨੂੰ ਖੇਡਾਂ ਦੇ ਖੇਤਰ ਵਿੱਚ ਐਂਟੀ-ਡੋਪਿੰਗ ਉਪਾਅ ਜੰਗੀ ਪੱਧਰ 'ਤੇ ਕਰਨ ਲਈ ਇਕੱਠੇ ਹੋਣ ਅਤੇ ਮਿਲ ਕੇ ਕੰਮ ਕਰਨ ਦੀ ਤਾਕੀਦ ਕੀਤੀ।

 

ਸੁਸ਼੍ਰੀ ਰਿਤੂ ਸੈਨ, ਡਾਇਰੈਕਟਰ ਜਨਰਲ ਅਤੇ ਸੀਈਓ, ਨਾਡਾ ਇੰਡੀਆ ਅਤੇ ਸ਼੍ਰੀ ਮੁਹੰਮਦ ਮਾਹਿਦ ਸ਼ਰੀਫ, ਡਾਇਰੈਕਟਰ ਜਨਰਲ, ਸਾਰਡੋ ਨੇ ਆਪਣੀਆਂ ਸੰਸਥਾਵਾਂ ਦੀ ਤਰਫੋਂ ਐੱਮਓਯੂ 'ਤੇ ਹਸਤਾਖਰ ਕੀਤੇ। ਇਸ ਐੱਮਓਯੂ ਦਾ ਉਦੇਸ਼, ਪ੍ਰੋਜੈਕਟ ਯੋਜਨਾ ਅਤੇ ਸਹਿਯੋਗ ਦੇ ਖੇਤਰਾਂ ਦੁਆਰਾ, ਤਿੰਨ ਸਾਲਾਂ ਦੀ ਅਵਧੀ ਵਿੱਚ ਹੇਠਾਂ ਦਿੱਤੇ ਉਦੇਸ਼ਾਂ ਨੂੰ ਪੂਰਾ ਕਰਨਾ ਹੈ:

 

  • ਦੱਖਣੀ ਏਸ਼ੀਆ ਵਿੱਚ ਐਂਟੀ-ਡੋਪਿੰਗ ਸਿੱਖਿਆ ਅਤੇ ਰੋਕਥਾਮ ਪ੍ਰੋਗਰਾਮ ਦਾ ਵਿਕਾਸ ਕਰਨਾ;

  • ਨਮੂਨਾ ਇਕੱਠਾ ਕਰਨ ਵਾਲੇ ਕਰਮਚਾਰੀਆਂ, ਅਧਿਆਪਕਾਂ ਅਤੇ ਹੋਰ ਡੋਪਿੰਗ ਵਿਰੋਧੀ ਸਿੱਖਿਆ ਅਧਿਕਾਰੀਆਂ ਦੀ ਟ੍ਰੇਨਿੰਗ ਅਤੇ ਹੁਨਰ ਨੂੰ ਅਪਗ੍ਰੇਡ ਕਰਨਾ;

  • ਐਂਟੀ-ਡੋਪਿੰਗ ਸਿੱਖਿਆ ਅਤੇ ਰੋਕਥਾਮ 'ਤੇ ਕੋਰਸ, ਸੈਮੀਨਾਰ, ਵਰਕਸ਼ਾਪ, ਖੋਜ ਅਤੇ ਐਕਸਚੇਂਜ ਟੂਰ ਦਾ ਆਯੋਜਨ ਕਰਨਾ;

  • ਐਂਟੀ-ਡੋਪਿੰਗ ਸਿੱਖਿਆ ਅਤੇ ਰੋਕਥਾਮ ਬਾਰੇ ਸਿੱਖਿਆ ਅਧਿਕਾਰੀਆਂ, ਪ੍ਰੋਗਰਾਮ ਪ੍ਰਬੰਧਕਾਂ, ਟ੍ਰੇਨਰਾਂ, ਅਧਿਆਪਕਾਂ ਅਤੇ ਮਾਹਿਰਾਂ ਦੇ ਅਦਾਨ-ਪ੍ਰਦਾਨ ਦੀ ਸੁਵਿਧਾ ਪ੍ਰਦਾਨ ਕਰਨਾ;

  • ਐਂਟੀ-ਡੋਪਿੰਗ ਸਿੱਖਿਆ ਗਤੀਵਿਧੀਆਂ ਦਾ ਸਮਰਥਨ ਕਰਨਾ ਅਤੇ ਮਾਹਿਰਾਂ ਦੀਆਂ ਸੇਵਾਵਾਂ ਦਾ ਆਦਾਨ-ਪ੍ਰਦਾਨ ਕਰਨਾ; ਅਤੇ

  • ਡੋਪਿੰਗ ਵਿਰੋਧੀ ਸਿੱਖਿਆ ਸਾਹਿਤ ਦੀ ਰਚਨਾ ਕਰਨਾ

 

ਸੁਸ਼੍ਰੀ ਸੁਜਾਤਾ ਚਤੁਰਵੇਦੀ, ਸਕੱਤਰ (ਖੇਡਾਂ), ਯੁਵਾ ਮਾਮਲੇ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ, ਸ਼੍ਰੀ ਕਾਜ਼ੂਹੀਰੋ ਹਯਾਸ਼ੀ, ਡਾਇਰੈਕਟਰ, ਏਸ਼ੀਆ/ਓਸ਼ੀਆਨਾ ਦਫਤਰ, ਵਾਡਾ (WADA), ਸੁਸ਼੍ਰੀ ਰਿਤੂ ਸੈਨ, ਡਾਇਰੈਕਟਰ ਜਨਰਲ ਅਤੇ ਸੀਈਓ, ਨਾਡਾ ਇੰਡੀਆ ਅਤੇ ਸ਼੍ਰੀ ਮੁਹੰਮਦ ਮਾਹਿਦ ਸ਼ਰੀਫ, ਡਾਇਰੈਕਟਰ ਜਨਰਲ, ਸਾਰਡੋ ਨੇ ਵੀ ਸਭਾ ਨੂੰ ਸੰਬੋਧਨ ਕੀਤਾ। 

 

ਉਦਘਾਟਨੀ ਸੈਸ਼ਨ ਤੋਂ ਬਾਅਦ ਨਾਡਾ ਇੰਡੀਆ ਅਤੇ ਸਾਰਡੋ ਦੇ ਮੈਂਬਰਾਂ ਦਰਮਿਆਨ ਪਹਿਲੀ ਪ੍ਰੋਜੈਕਟ ਪਲਾਨ ਬੈਠਕ ਹੋਈ ਜਿੱਥੇ ਦੱਖਣੀ ਏਸ਼ੀਆਈ ਖੇਤਰ ਲਈ ਐਂਟੀ-ਡੋਪਿੰਗ ਸਿੱਖਿਆ ਯੋਜਨਾ ਵਿਕਸਿਤ ਕਰਨ ਦੇ ਉਦੇਸ਼ 'ਤੇ ਚਰਚਾ ਕੀਤੀ ਗਈ। ਨਾਡਾ ਇੰਡੀਆ ਟੀਮ ਨੇ ਪ੍ਰੋਜੈਕਟ ਯੋਜਨਾ, ਸਹਿਯੋਗ ਦੇ ਖੇਤਰਾਂ, ਲਾਗੂ ਕਰਨ ਦੀ ਰਣਨੀਤੀ, ਨਤੀਜਿਆਂ ਦੀ ਨਿਗਰਾਨੀ ਲਈ ਵਿਧੀ ਅਤੇ ਨਾਡਾ ਇੰਡੀਆ ਦੀਆਂ ਐਂਟੀ-ਡੋਪਿੰਗ ਸਿੱਖਿਆ ਪਹਿਲਾਂ ਅਤੇ ਸੰਸਾਧਨਾਂ ਦੀ ਸੰਖੇਪ ਜਾਣਕਾਰੀ ਪੇਸ਼ ਕੀਤੀ। ਮੈਂਬਰ ਦੇਸ਼ਾਂ ਬੰਗਲਾਦੇਸ਼, ਭੂਟਾਨ, ਮਾਲਦੀਵ, ਨੇਪਾਲ ਅਤੇ ਸ਼੍ਰੀਲੰਕਾ ਦੇ ਪ੍ਰਤੀਨਿਧਾਂ ਨੇ ਵੀ ਆਪਣੇ ਦੇਸ਼ਾਂ ਵਿੱਚ ਐਂਟੀ ਡੋਪਿੰਗ ਬਾਰੇ ਸੰਖੇਪ ਜਾਣਕਾਰੀ ਦਿੱਤੀ।

 

 *******


ਐੱਨਬੀ/ਐੱਸਕੇ


(Release ID: 1937131) Visitor Counter : 128