ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 1 ਜੁਲਾਈ ਨੂੰ ਮੱਧ ਪ੍ਰਦੇਸ਼ ਦਾ ਦੌਰਾ ਕਰਨਗੇ
ਪ੍ਰਧਾਨ ਮੰਤਰੀ ਸਿਕਲ ਸੈੱਲ ਅਨੀਮੀਆ ਦੇ ਖ਼ਾਤਮੇ ਲਈ ਰਾਸ਼ਟਰੀ ਮਿਸ਼ਨ ਦੀ ਸ਼ੁਰੂਆਤ ਕਰਨਗੇ
ਪ੍ਰਧਾਨ ਮੰਤਰੀ ਸ਼ਾਹਡੋਲ ਜ਼ਿਲੇ ਦੇ ਪਕਰਿਆ ਪਿੰਡ ਦਾ ਦੌਰਾ ਕਰਨਗੇ ਅਤੇ ਪਿੰਡ ਦੇ ਕਈ ਹਿਤਧਾਰਕਾਂ ਨਾਲ ਗੱਲਬਾਤ ਕਰਨਗੇ
ਪ੍ਰਧਾਨ ਮੰਤਰੀ ਸਮੁੱਚੇ ਰਾਜ ਵਿੱਚ ਲਗਭਗ 3.57 ਕਰੋੜ ਲਾਭਾਰਥੀਆਂ ਲਈ ਆਯੁਸ਼ਮਾਨ ਕਾਰਡ ਵੰਡਣ ਦੀ ਸ਼ੁਰੂਆਤ ਕਰਨਗੇ
ਪ੍ਰਧਾਨ ਮੰਤਰੀ 16ਵੀਂ ਸਦੀ ਦੀ ਗੋਂਡਵਾਨਾ ਦੀ ਬਹਾਦਰ ਰਾਣੀ ਦੁਰਗਾਵਤੀ ਦਾ ਸਨਮਾਨ ਕਰਨਗੇ
Posted On:
30 JUN 2023 2:05PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 1 ਜੁਲਾਈ, 2023 ਨੂੰ ਮੱਧ ਪ੍ਰਦੇਸ਼ ਦਾ ਦੌਰਾ ਕਰਨਗੇ।
ਪ੍ਰਧਾਨ ਮੰਤਰੀ ਦੁਪਹਿਰ ਕਰੀਬ 3.30 ਵਜੇ ਸ਼ਾਹਡੋਲ ਵਿੱਚ ਇੱਕ ਜਨਤਕ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ, ਜਿੱਥੇ ਉਹ ਸਿਕਲ ਸੈੱਲ ਅਨੀਮੀਆ ਦੇ ਖ਼ਾਤਮੇ ਲਈ ਨੈਸ਼ਨਲ ਮਿਸ਼ਨ ਦੀ ਸ਼ੁਰੂਆਤ ਕਰਨਗੇ। ਉਹ ਲਾਭਾਰਥੀਆਂ ਨੂੰ ਸਿਕਲ ਸੈੱਲ ਜੈਨੇਟਿਕ ਸਟੇਟਸ ਕਾਰਡ ਵੀ ਵੰਡਣਗੇ।
ਇਸ ਮਿਸ਼ਨ ਦਾ ਉਦੇਸ਼ ਵਿਸ਼ੇਸ਼ ਤੌਰ ‘ਤੇ ਜਨਜਾਤੀ ਆਬਾਦੀ ਵਿੱਚ ਸਿਕਲ ਸੈੱਲ ਦੀ ਬਿਮਾਰੀ ਨਾਲ ਉਤਪੰਨ ਗੰਭੀਰ ਸਿਹਤ ਚੁਣੌਤੀਆਂ ਦਾ ਸਮਾਧਾਨ ਕਰਨਾ ਹੈ। ਇਹ ਲਾਂਚ 2047 ਤੱਕ ਜਨਤਕ ਸਿਹਤ ਸਮੱਸਿਆ ਦੇ ਰੂਪ ਵਿੱਚ ਸਿਕਲ ਸੈੱਲ ਦੀ ਬਿਮਾਰੀ ਨੂੰ ਸਮਾਪਤ ਕਰਨ ਲਈ ਸਰਕਾਰ ਦੇ ਚਲ ਰਹੇ ਯਤਨਾਂ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਵੇਗਾ। ਕੇਂਦਰੀ ਬਜਟ 2023 ਵਿੱਚ ਸਿਕਲ ਸੈੱਲ ਅਨੀਮੀਆ ਦੇ ਖ਼ਾਤਮੇ ਲਈ ਨੈਸ਼ਨਲ ਮਿਸ਼ਨ ਦਾ ਐਲਾਨ ਕੀਤਾ ਗਿਆ ਸੀ। ਇਹ ਦੇਸ਼ ਦੇ 17 ਉੱਚ ਕੇਂਦ੍ਰਿਤ ਰਾਜਾਂ - ਗੁਜਰਾਤ, ਮਹਾਰਾਸ਼ਟਰ, ਰਾਜਸਥਾਨ, ਮੱਧ ਪ੍ਰਦੇਸ਼, ਝਾਰਖੰਡ, ਛੱਤੀਸਗੜ੍ਹ, ਪੱਛਮ ਬੰਗਾਲ, ਓਡੀਸ਼ਾ, ਤਮਿਲ ਨਾਡੂ, ਤੇਲੰਗਾਨਾ, ਆਂਧਰ ਪ੍ਰਦੇਸ਼, ਕਰਨਾਟਕ, ਅਸਾਮ, ਉੱਤਰ ਪ੍ਰਦੇਸ਼, ਕੇਰਲ, ਬਿਹਾਰ ਅਤੇ ਉੱਤਰਾਖੰਡ ਦੇ 278 ਜ਼ਿਲ੍ਹਿਆਂ ਵਿੱਚ ਵਿੱਚ ਲਾਗੂ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਮੱਧ ਪ੍ਰਦੇਸ਼ ਵਿੱਚ ਲਗਭਗ 3.57 ਕਰੋੜ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਏਬੀ-ਪੀਐੱਮਜੇਏਵਾਈ) ਕਾਰਡ ਵੰਡਣ ਦੀ ਸ਼ੁਰੂਆਤ ਵੀ ਕਰਨਗੇ। ਰਾਜ ਭਰ ਵਿੱਚ ਸ਼ਹਿਰੀ ਸੰਸਥਾਵਾਂ, ਗ੍ਰਾਮ ਪੰਚਾਇਤਾਂ ਅਤੇ ਵਿਕਾਸ ਬਲਾਕਾਂ ਵਿੱਚ ਆਯੁਸ਼ਮਾਨ ਕਾਰਡ ਵੰਡਣ ਦਾ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ। ਆਯੁਸ਼ਮਾਨ ਕਾਰਡ ਵੰਡ ਮੁਹਿੰਮ, ਭਲਾਈ ਸਕੀਮਾਂ ਦੇ 100% ਸੈਚੁਰੇਸ਼ਨ (ਪਰਿਪੂਰਨਤਾ) ਨੂੰ ਸੁਨਿਸ਼ਚਿਤ ਕਰਨ ਲਈ ਹਰੇਕ ਲਾਭਾਰਥੀ ਤੱਕ ਪਹੁੰਚਣ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੈ।
ਇਸ ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਰਾਣੀ ਦੁਰਗਾਵਤੀ ਨੂੰ ਸਨਮਾਨਿਤ ਕਰਨਗੇ, ਜੋ 16ਵੀਂ ਸਦੀ ਦੇ ਮੱਧ ਵਿੱਚ ਗੋਂਡਵਾਨਾ ਦੀ ਸ਼ਾਸਕ ਰਾਣੀ ਸੀ। ਉਨ੍ਹਾਂ ਨੂੰ ਇੱਕ ਬਹਾਦਰ, ਨਿਡਰ ਅਤੇ ਸਾਹਸੀ ਜੋਧੇ ਦੇ ਰੂਪ ਵਿੱਚ ਯਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਮੁਗ਼ਲਾਂ ਦੇ ਵਿਰੁੱਧ ਸੁਤੰਤਰਤਾ ਲਈ ਲੜਾਈ ਲੜੀ ਸੀ।
ਇੱਕ ਵਿਲੱਖਣ ਪਹਿਲ ਦੇ ਤਹਿਤ ਪ੍ਰਧਾਨ ਮੰਤਰੀ ਸ਼ਾਮ ਕਰੀਬ 5 ਵਜੇ ਸ਼ਾਹਡੋਲ ਜ਼ਿਲ੍ਹੇ ਦੇ ਪਿੰਡ ਪਕਰਿਆ (Pakaria)ਦਾ ਦੌਰਾ ਕਰਨਗੇ ਅਤੇ ਜਨਜਾਤੀ ਭਾਈਚਾਰੇ, ਸਵੈ-ਸਹਾਇਤਾ ਸਮੂਹਾਂ ਦੇ ਨੇਤਾਵਾਂ, ਪੇਸਾ {(ਪੰਚਾਇਤ (ਅਨੁਸੂਚਿਤ ਖੇਤਰਾਂ ਵਿੱਚ ਵਿਸਤਾਰ) ਐਕਟ, 1996} ਕਮੇਟੀਆਂ ਦੇ ਨੇਤਾਵਾਂ ਅਤੇ ਗ੍ਰਾਮ ਫੁੱਟਬਾਲ ਕਲੱਬਾਂ ਦੇ ਕਪਤਾਨਾਂ ਨਾਲ ਗੱਲਬਾਤ ਕਰਨਗੇ।
***
ਡੀਐੱਸ/ਐੱਲਪੀ/ਏਕੇ
(Release ID: 1936575)
Visitor Counter : 121
Read this release in:
Kannada
,
Hindi_RJ
,
English
,
Urdu
,
Marathi
,
Hindi
,
Nepali
,
Bengali
,
Manipuri
,
Assamese
,
Gujarati
,
Odia
,
Tamil
,
Telugu
,
Malayalam