ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 24 ਅਤੇ 25 ਅਪ੍ਰੈਲ ਨੂੰ ਮੱਧ ਪ੍ਰਦੇਸ਼, ਕੇਰਲ, ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਉ ਦਾ ਦੌਰਾ ਕਰਨਗੇ
ਪ੍ਰਧਾਨ ਮੰਤਰੀ 27,000 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ
ਪ੍ਰਧਾਨ ਮੰਤਰੀ ਰੀਵਾ ਵਿਖੇ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਸਮਾਰੋਹ ਵਿੱਚ ਹਿੱਸਾ ਲੈਣਗੇ
ਪ੍ਰਧਾਨ ਮੰਤਰੀ ਪੰਚਾਇਤ ਪੱਧਰ 'ਤੇ ਜਨਤਕ ਖਰੀਦ ਲਈ ਇੰਟੀਗ੍ਰੇਟਿਡ ਈ-ਗ੍ਰਾਮਸਵਰਾਜ ਅਤੇ ਜੈੱਮ (GeM) ਪੋਰਟਲ ਦਾ ਉਦਘਾਟਨ ਕਰਨਗੇ ਅਤੇ ਲਗਭਗ 35 ਲੱਖ ਸਵਾਮਿਤਵ (SVAMITVA) ਪ੍ਰਾਪਰਟੀ ਕਾਰਡ ਵੀ ਸੌਂਪਣਗੇ
ਪ੍ਰਧਾਨ ਮੰਤਰੀ ਪੀਐੱਮਏਵਾਈ-ਜੀ ਦੇ ਤਹਿਤ 4 ਲੱਖ ਤੋਂ ਵੱਧ ਲਾਭਾਰਥੀਆਂ ਦੇ 'ਗ੍ਰਹਿ ਪ੍ਰਵੇਸ਼' ਪ੍ਰੋਗਰਾਮ ਵਿੱਚ ਹਿੱਸਾ ਲੈਣਗੇ
ਪ੍ਰਧਾਨ ਮੰਤਰੀ ਕੇਰਲ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਝੰਡੀ ਦਿਖਾ ਕੇ ਰਵਾਨਾ ਕਰਨਗੇ
ਪ੍ਰਧਾਨ ਮੰਤਰੀ ਕੋਚੀ ਵਾਟਰ ਮੈਟਰੋ ਰਾਸ਼ਟਰ ਨੂੰ ਸਮਰਪਿਤ ਕਰਨਗੇ
ਪ੍ਰਧਾਨ ਮੰਤਰੀ ਸਿਲਵਾਸਾ ਵਿੱਚ ਨਮੋ ਮੈਡੀਕਲ ਸਿੱਖਿਆ ਅਤੇ ਖੋਜ ਸੰਸਥਾਨ ਰਾਸ਼ਟਰ ਨੂੰ ਸਮਰਪਿਤ ਕਰਨਗੇ
ਪ੍ਰਧਾਨ ਮੰਤਰੀ ਦਮਨ ਵਿੱਚ ਦੇਵਕਾ ਸੀਫ੍ਰੰਟ ਨੂੰ ਸਮਰਪਿਤ ਕਰਨਗੇ
Posted On:
21 APR 2023 3:02PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 24 ਅਤੇ 25 ਅਪ੍ਰੈਲ, 2023 ਨੂੰ ਮੱਧ ਪ੍ਰਦੇਸ਼, ਕੇਰਲ, ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਉ ਦਾ ਦੌਰਾ ਕਰਨਗੇ।
24 ਅਪ੍ਰੈਲ ਨੂੰ ਸਵੇਰੇ ਲਗਭਗ ਸਾਢੇ 11 ਵਜੇ, ਪ੍ਰਧਾਨ ਮੰਤਰੀ ਮੱਧ ਪ੍ਰਦੇਸ਼ ਦੇ ਰੀਵਾ ਵਿੱਚ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਮਨਾਉਣ ਵਾਲੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ, ਜਿੱਥੇ ਉਹ ਲਗਭਗ 19,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ।
25 ਅਪ੍ਰੈਲ ਨੂੰ ਸਵੇਰੇ 10:30 ਵਜੇ ਪ੍ਰਧਾਨ ਮੰਤਰੀ ਤਿਰੂਵਨੰਤਪੁਰਮ ਕੇਂਦਰੀ ਰੇਲਵੇ ਸਟੇਸ਼ਨ ਤੋਂ ਵੰਦੇ ਭਾਰਤ ਐਕਸਪ੍ਰੈੱਸ ਨੂੰ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਸ ਤੋਂ ਬਾਅਦ, ਸਵੇਰੇ 11 ਵਜੇ, ਪ੍ਰਧਾਨ ਮੰਤਰੀ ਕੇਂਦਰੀ ਸਟੇਡੀਅਮ, ਤਿਰੂਵਨੰਤਪੁਰਮ ਵਿਖੇ 3200 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ।
ਸ਼ਾਮ ਕਰੀਬ 4 ਵਜੇ ਪ੍ਰਧਾਨ ਮੰਤਰੀ ਨਮੋ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਇੰਸਟੀਟਿਊਟ ਦਾ ਦੌਰਾ ਕਰਨਗੇ ਅਤੇ ਸ਼ਾਮ ਕਰੀਬ 4:30 ਵਜੇ ਸਿਲਵਾਸਾ, ਦਾਦਰਾ ਅਤੇ ਨਗਰ ਹਵੇਲੀ ਵਿਖੇ 4850 ਕਰੋੜ ਰੁਪਏ ਤੋਂ ਵੱਧ ਦੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਤੋਂ ਬਾਅਦ ਸ਼ਾਮ ਕਰੀਬ 6 ਵਜੇ ਪ੍ਰਧਾਨ ਮੰਤਰੀ ਦਮਨ ਵਿਖੇ ਦੇਵਕਾ ਸੀਫ੍ਰੰਟ ਦਾ ਉਦਘਾਟਨ ਕਰਨਗੇ।
ਰੀਵਾ ਵਿੱਚ ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਦੇ ਸਮਾਰੋਹ ਵਿੱਚ ਹਿੱਸਾ ਲੈਣਗੇ ਅਤੇ ਦੇਸ਼ ਭਰ ਦੀਆਂ ਸਾਰੀਆਂ ਗ੍ਰਾਮ ਸਭਾਵਾਂ ਅਤੇ ਪੰਚਾਇਤੀ ਰਾਜ ਸੰਸਥਾਵਾਂ ਨੂੰ ਸੰਬੋਧਨ ਕਰਨਗੇ।
ਸਮਾਗਮ ਦੌਰਾਨ, ਪ੍ਰਧਾਨ ਮੰਤਰੀ ਪੰਚਾਇਤ ਪੱਧਰ 'ਤੇ ਜਨਤਕ ਖਰੀਦ ਲਈ ਇੰਟੀਗ੍ਰੇਟਿਡ ਈ-ਗ੍ਰਾਮਸਵਰਾਜ ਅਤੇ ਜੈੱਮ (GeM) ਪੋਰਟਲ ਦਾ ਉਦਘਾਟਨ ਕਰਨਗੇ। ਈ-ਗ੍ਰਾਮਸਵਰਾਜ - ਸਰਕਾਰੀ ਈ-ਮਾਰਕੇਟਪਲੇਸ ਏਕੀਕਰਣ ਦਾ ਉਦੇਸ਼ ਪੰਚਾਇਤਾਂ ਨੂੰ ਈ-ਗ੍ਰਾਮਸਵਰਾਜ ਪਲੇਟਫਾਰਮ ਦਾ ਲਾਭ ਉਠਾਉਂਦੇ ਹੋਏ, ਜੈੱਮ ਰਾਹੀਂ ਆਪਣੀਆਂ ਚੀਜ਼ਾਂ ਅਤੇ ਸੇਵਾਵਾਂ ਦੀ ਖਰੀਦ ਕਰਨ ਦੇ ਸਮਰੱਥ ਬਣਾਉਣਾ ਹੈ।
ਸਰਕਾਰ ਦੀਆਂ ਯੋਜਨਾਵਾਂ ਦੀ ਸੰਤ੍ਰਿਪਤਾ ਨੂੰ ਯਕੀਨੀ ਬਣਾਉਣ ਲਈ ਲੋਕਾਂ ਦੀ ਭਾਗੀਦਾਰੀ ਨੂੰ ਅੱਗੇ ਲਿਜਾਣ ਦੇ ਉਦੇਸ਼ ਨਾਲ, ਪ੍ਰਧਾਨ ਮੰਤਰੀ “ਵਿਕਾਸ ਕੀ ਔਰ ਸਾਂਝੇ ਕਦਮ” (“विकास की ओर साझे क़दम”) ਨਾਮ ਦੀ ਇੱਕ ਮੁਹਿੰਮ ਦਾ ਉਦਘਾਟਨ ਕਰਨਗੇ। ਮੁਹਿੰਮ ਦਾ ਵਿਸ਼ਾ ਸਮਾਵੇਸ਼ੀ ਵਿਕਾਸ ਹੋਵੇਗਾ, ਜਿਸ ਵਿੱਚ ਆਖਰੀ ਸਿਰੇ ਤੱਕ ਪਹੁੰਚਣ 'ਤੇ ਧਿਆਨ ਦਿੱਤਾ ਜਾਵੇਗਾ।
ਪ੍ਰਧਾਨ ਮੰਤਰੀ ਲਗਭਗ 35 ਲੱਖ ਸਵਾਮਿਤਵ (SVAMITVA) ਪ੍ਰਾਪਰਟੀ ਕਾਰਡ ਲਾਭਾਰਥੀਆਂ ਨੂੰ ਸੌਂਪਣਗੇ। ਇਸ ਪ੍ਰੋਗਰਾਮ ਤੋਂ ਬਾਅਦ, ਦੇਸ਼ ਵਿੱਚ ਲਗਭਗ 1.25 ਕਰੋੜ ਪ੍ਰਾਪਰਟੀ ਕਾਰਡ ਸਵਾਮਿਤਵ ਯੋਜਨਾ ਦੇ ਤਹਿਤ ਵੰਡੇ ਜਾਣਗੇ, ਜਿਨ੍ਹਾਂ ਵਿੱਚ ਇੱਥੇ ਵੰਡੇ ਗਏ ਕਾਰਡ ਵੀ ਸ਼ਾਮਲ ਹਨ।
'ਸਭ ਲਈ ਮਕਾਨ' ਦੇ ਵਿਜ਼ਨ ਨੂੰ ਪੂਰਾ ਕਰਨ ਵੱਲ ਇੱਕ ਕਦਮ ਚੁੱਕਦੇ ਹੋਏ, ਪ੍ਰਧਾਨ ਮੰਤਰੀ ਪੀਐੱਮ ਆਵਾਸ ਯੋਜਨਾ-ਗ੍ਰਾਮੀਣ ਦੇ ਤਹਿਤ 4 ਲੱਖ ਤੋਂ ਵੱਧ ਲਾਭਪਾਤਰੀਆਂ ਦੇ 'ਗ੍ਰਹਿ ਪ੍ਰਵੇਸ਼' ਪ੍ਰੋਗਰਾਮ ਵਿੱਚ ਹਿੱਸਾ ਲੈਣਗੇ।
ਪ੍ਰਧਾਨ ਮੰਤਰੀ ਲਗਭਗ 4200 ਕਰੋੜ ਰੁਪਏ ਦੇ ਵਿਭਿੰਨ ਰੇਲ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਸਮਰਪਿਤ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਵਿੱਚ ਮੱਧ ਪ੍ਰਦੇਸ਼ ਵਿੱਚ 100 ਪ੍ਰਤੀਸ਼ਤ ਰੇਲ ਬਿਜਲੀਕਰਣ ਦੇ ਨਾਲ-ਨਾਲ ਵਿਭਿੰਨ ਡਬਲਿੰਗ, ਗੇਜ ਪਰਿਵਰਤਨ ਅਤੇ ਬਿਜਲੀਕਰਣ ਪ੍ਰੋਜੈਕਟ ਸ਼ਾਮਲ ਹਨ। ਪ੍ਰਧਾਨ ਮੰਤਰੀ ਗਵਾਲੀਅਰ ਸਟੇਸ਼ਨ ਦੇ ਪੁਨਰ ਵਿਕਾਸ ਦਾ ਨੀਂਹ ਪੱਥਰ ਰੱਖਣਗੇ।
ਪ੍ਰਧਾਨ ਮੰਤਰੀ ਜਲ ਜੀਵਨ ਮਿਸ਼ਨ ਤਹਿਤ ਲਗਭਗ 7,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ।
ਤਿਰੂਵਨੰਤਪੁਰਮ ਵਿੱਚ ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਤਿਰੂਵਨੰਤਪੁਰਮ ਸੈਂਟਰਲ ਸਟੇਸ਼ਨ ਤੋਂ ਤਿਰੂਵਨੰਤਪੁਰਮ ਅਤੇ ਕਸਾਰਗੋਡ ਦਰਮਿਆਨ ਕੇਰਲ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦੇਣਗੇ। ਇਹ ਟ੍ਰੇਨ ਤਿਰੂਵਨੰਤਪੁਰਮ, ਕੋਲਮ, ਕੋਟਾਯਮ, ਏਰਨਾਕੁਲਮ, ਤ੍ਰਿਸੂਰ, ਪਲੱਕੜ, ਪਠਾਨਮਥਿੱਟਾ, ਮਲੱਪੁਰਮ, ਕੋਜ਼ੀਕੋਡ, ਕੰਨੂਰ ਅਤੇ ਕਸਾਰਗੋਡ ਵਰਗੇ 11 ਜ਼ਿਲਿਆਂ ਨੂੰ ਕਵਰ ਕਰੇਗੀ।
ਪ੍ਰਧਾਨ ਮੰਤਰੀ 3200 ਕਰੋੜ ਰੁਪਏ ਤੋਂ ਵੱਧ ਦੇ ਵਿਭਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਪ੍ਰਧਾਨ ਮੰਤਰੀ ਕੋਚੀ ਵਾਟਰ ਮੈਟਰੋ ਰਾਸ਼ਟਰ ਨੂੰ ਸਮਰਪਿਤ ਕਰਨਗੇ। ਆਪਣੀ ਕਿਸਮ ਦਾ ਇਹ ਨਿਵੇਕਲਾ ਪ੍ਰੋਜੈਕਟ ਕੋਚੀ ਸ਼ਹਿਰ ਨਾਲ ਸਹਿਜ ਕਨੈਕਟੀਵਿਟੀ ਲਈ ਬੈਟਰੀ ਨਾਲ ਚੱਲਣ ਵਾਲੀਆਂ ਇਲੈਕਟ੍ਰਿਕ ਹਾਈਬ੍ਰਿਡ ਕਿਸ਼ਤੀਆਂ ਰਾਹੀਂ ਕੋਚੀ ਦੇ ਆਸ-ਪਾਸ 10 ਟਾਪੂਆਂ ਨੂੰ ਜੋੜਦਾ ਹੈ। ਕੋਚੀ ਵਾਟਰ ਮੈਟਰੋ ਤੋਂ ਇਲਾਵਾ, ਡਿੰਡੀਗੁਲ-ਪਲਾਨੀ-ਪਲੱਕੜ ਸੈਕਸ਼ਨ ਦੇ ਰੇਲ ਬਿਜਲੀਕਰਣ ਨੂੰ ਵੀ ਪ੍ਰਧਾਨ ਮੰਤਰੀ ਸਮਰਪਿਤ ਕਰਨਗੇ।
ਸਮਾਗਮ ਦੌਰਾਨ, ਪ੍ਰਧਾਨ ਮੰਤਰੀ ਤਿਰੂਵਨੰਤਪੁਰਮ, ਕੋਜ਼ੀਕੋਡ, ਵਰਕਲਾ ਸ਼ਿਵਗਿਰੀ ਰੇਲਵੇ ਸਟੇਸ਼ਨਾਂ ਦੇ ਪੁਨਰ ਵਿਕਾਸ; ਨੇਮੋਨ ਅਤੇ ਕੋਚੂਵੇਲੀ ਸਮੇਤ ਤਿਰੂਵਨੰਤਪੁਰਮ ਖੇਤਰ ਦਾ ਵਿਆਪਕ ਵਿਕਾਸ ਅਤੇ ਤਿਰੂਵਨੰਤਪੁਰਮ-ਸ਼ੋਰਾਨੂਰ ਸੈਕਸ਼ਨ ਦੀ ਸੈਕਸ਼ਨਲ ਗਤੀ ਵਿੱਚ ਵਾਧੇ ਸਮੇਤ ਵਿਭਿੰਨ ਰੇਲ ਪ੍ਰੋਜੈਕਟਾਂ ਦੀ ਨੀਂਹ ਵੀ ਰੱਖਣਗੇ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਤਿਰੂਵਨੰਤਪੁਰਮ ਵਿੱਚ ਡਿਜੀਟਲ ਸਾਇੰਸ ਪਾਰਕ ਦਾ ਨੀਂਹ ਪੱਥਰ ਵੀ ਰੱਖਣਗੇ। ਅਕਾਦਮਿਕ ਜਗਤ ਦੇ ਸਹਿਯੋਗ ਨਾਲ ਉਦਯੋਗ ਅਤੇ ਵਪਾਰਕ ਇਕਾਈਆਂ ਦੁਆਰਾ ਡਿਜੀਟਲ ਉਤਪਾਦਾਂ ਅਤੇ ਸੇਵਾਵਾਂ ਨੂੰ ਵਿਕਸਿਤ ਕਰਨ ਲਈ ਡਿਜੀਟਲ ਸਾਇੰਸ ਪਾਰਕ ਦੀ ਇੱਕ ਪ੍ਰਮੁੱਖ ਖੋਜ ਸੁਵਿਧਾ ਵਜੋਂ ਕਲਪਨਾ ਕੀਤੀ ਗਈ ਹੈ। ਤੀਸਰੀ ਪੀੜ੍ਹੀ ਦੇ ਸਾਇੰਸ ਪਾਰਕ ਦੇ ਰੂਪ ਵਿੱਚ, ਡਿਜੀਟਲ ਸਾਇੰਸ ਪਾਰਕ ਉਦਯੋਗ 4.0 ਟੈਕਨੋਲੋਜੀ ਦੇ ਖੇਤਰ ਵਿੱਚ ਉਤਪਾਦਾਂ ਦੇ ਵਿਕਾਸ ਨੂੰ ਸਮਰਥਨ ਦੇਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ), ਡੇਟਾ ਵਿਸ਼ਲੇਸ਼ਣ, ਸਾਈਬਰ ਸੁਰੱਖਿਆ, ਸਮਾਰਟ ਮਟੀਰੀਅਲ ਆਦਿ ਸਮੇਤ ਕੌਮਨ ਸੁਵਿਧਾਵਾਂ ਪ੍ਰਦਾਨ ਕਰੇਗਾ। ਅਤਿ-ਆਧੁਨਿਕ ਬੁਨਿਆਦੀ ਢਾਂਚਾ ਉਦਯੋਗਾਂ ਦੁਆਰਾ ਉੱਚ ਪੱਧਰੀ ਲਾਗੂ ਖੋਜ ਅਤੇ ਯੂਨੀਵਰਸਿਟੀਆਂ ਦੇ ਸਹਿਯੋਗ ਨਾਲ ਉਤਪਾਦਾਂ ਦੇ ਸਹਿ-ਵਿਕਾਸ ਦਾ ਸਮਰਥਨ ਕਰੇਗਾ। ਪ੍ਰੋਜੈਕਟ ਦੇ ਫੇਜ਼-1 ਲਈ ਸ਼ੁਰੂਆਤੀ ਨਿਵੇਸ਼ ਲਗਭਗ 200 ਕਰੋੜ ਰੁਪਏ ਹੈ, ਜਦੋਂ ਕਿ ਕੁੱਲ ਪ੍ਰੋਜੈਕਟ ਦਾ ਅਨੁਮਾਨ ਲਗਭਗ 1515 ਕਰੋੜ ਰੁਪਏ ਹੈ।
ਸਿਲਵਾਸਾ ਅਤੇ ਦਮਨ ਵਿੱਚ ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਸਿਲਵਾਸਾ ਵਿੱਚ ਨਮੋ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਇੰਸਟੀਟਿਊਟ ਦਾ ਦੌਰਾ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ, ਜਿਸ ਦਾ ਨੀਂਹ ਪੱਥਰ ਵੀ ਪ੍ਰਧਾਨ ਮੰਤਰੀ ਨੇ ਖੁਦ ਜਨਵਰੀ, 2019 ਵਿੱਚ ਰੱਖਿਆ ਸੀ। ਇਹ ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਉ ਦੇ ਨਾਗਰਿਕਾਂ ਲਈ ਸਿਹਤ ਸੰਭਾਲ਼ ਸੇਵਾਵਾਂ ਵਿੱਚ ਤਬਦੀਲੀ ਲਿਆਵੇਗਾ। ਅਤਿ ਆਧੁਨਿਕ ਮੈਡੀਕਲ ਕਾਲਜ ਵਿੱਚ ਨਵੀਨਤਮ ਖੋਜ ਕੇਂਦਰ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰਸਾਲਿਆਂ ਤੱਕ ਪਹੁੰਚ ਨਾਲ ਲੈਸ ਇੱਕ 24x7 ਕੇਂਦਰੀ ਲਾਇਬ੍ਰੇਰੀ, ਵਿਸ਼ੇਸ਼ ਮੈਡੀਕਲ ਸਟਾਫ, ਮੈਡੀਕਲ ਲੈਬ, ਸਮਾਰਟ ਲੈਕਚਰ ਹਾਲ, ਖੋਜ ਲੈਬ, ਸਰੀਰ ਵਿਗਿਆਨ ਅਜਾਇਬ ਘਰ, ਇੱਕ ਕਲੱਬ ਹਾਊਸ, ਖੇਡਾਂ ਦੀਆਂ ਸੁਵਿਧਾਵਾਂ ਦੇ ਨਾਲ-ਨਾਲ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਲਈ ਰਿਹਾਇਸ਼ ਵੀ ਸ਼ਾਮਲ ਹੈ।
ਇਸ ਤੋਂ ਬਾਅਦ, ਪ੍ਰਧਾਨ ਮੰਤਰੀ ਸਿਲੀ ਮੈਦਾਨ (Sayli ground), ਸਿਲਵਾਸਾ ਵਿਖੇ 4850 ਕਰੋੜ ਰੁਪਏ ਤੋਂ ਵੱਧ ਦੇ 96 ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਪ੍ਰੋਜੈਕਟਾਂ ਵਿੱਚ ਦਾਦਰਾ ਅਤੇ ਨਗਰ ਹਵੇਲੀ ਜ਼ਿਲ੍ਹੇ ਦੇ ਮੋਰਖਲ, ਖੇੜੀ, ਸਿੰਦੋਨੀ ਅਤੇ ਮਸਾਤ ਦੇ ਸਰਕਾਰੀ ਸਕੂਲ; ਦਾਦਰਾ ਅਤੇ ਨਗਰ ਹਵੇਲੀ ਜ਼ਿਲ੍ਹੇ ਵਿੱਚ ਵਿਭਿੰਨ ਸੜਕਾਂ ਦਾ ਸੁੰਦਰੀਕਰਣ, ਮਜ਼ਬੂਤੀ ਅਤੇ ਚੌੜਾ ਕਰਨਾ; ਅੰਬਾਵੜੀ, ਪਰਿਆਰੀ, ਦਮਨਵਾੜਾ, ਖਾਰੀਵਾੜਾ ਅਤੇ ਸਰਕਾਰੀ ਇੰਜੀਨੀਅਰਿੰਗ ਕਾਲਜ, ਦਮਨ ਵਿਖੇ ਸਰਕਾਰੀ ਸਕੂਲ; ਮੋਤੀ ਦਮਨ ਅਤੇ ਨਾਨੀ ਦਮਨ ਵਿਖੇ ਮੱਛੀ ਮੰਡੀ ਅਤੇ ਸ਼ਾਪਿੰਗ ਕੰਪਲੈਕਸ ਅਤੇ ਨਾਨੀ ਦਮਨ ਵਿੱਚ ਜਲ ਸਪਲਾਈ ਸਕੀਮ ਨੂੰ ਵਧਾਉਣ ਸਮੇਤ ਕਈ ਪ੍ਰੋਜੈਕਟ ਸ਼ਾਮਲ ਹਨ।
ਪ੍ਰਧਾਨ ਮੰਤਰੀ ਦਮਨ ਵਿੱਚ ਦੇਵਕਾ ਸੀਫ੍ਰੰਟ ਰਾਸ਼ਟਰ ਨੂੰ ਸਮਰਪਿਤ ਕਰਨਗੇ। ਲਗਭਗ 165 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ 5.45 ਕਿਲੋਮੀਟਰ ਸਮੁੰਦਰੀ ਕਿਨਾਰਾ ਦੇਸ਼ ਵਿੱਚ ਆਪਣੀ ਕਿਸਮ ਦਾ ਇੱਕ ਨਿਵੇਕਲਾ ਤੱਟਵਰਤੀ ਸਥਾਨ ਹੈ। ਸੀਫ੍ਰੰਟ ਜ਼ਰੀਏ ਸਥਾਨਕ ਅਰਥਵਿਵਸਥਾ ਨੂੰ ਹੁਲਾਰਾ ਮਿਲਣ ਅਤੇ ਖੇਤਰ ਵਿੱਚ ਵਧੇਰੇ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਦੀ ਉਮੀਦ ਹੈ, ਜਿਸ ਨਾਲ ਇਹ ਛੁੱਟੀਆਂ ਮਨਾਉਣ ਅਤੇ ਮਨੋਰੰਜਨ ਗਤੀਵਿਧੀਆਂ ਦਾ ਕੇਂਦਰ ਬਣ ਜਾਵੇਗਾ। ਸੀਫ੍ਰੰਟ ਨੂੰ ਇੱਕ ਵਿਸ਼ਵ ਪੱਧਰੀ ਟੂਰਿਸਟ ਸਥਾਨ ਵਿੱਚ ਬਦਲ ਦਿੱਤਾ ਗਿਆ ਹੈ। ਇਸ ਵਿੱਚ ਸਮਾਰਟ ਲਾਈਟਿੰਗ, ਪਾਰਕਿੰਗ ਸੁਵਿਧਾਵਾਂ, ਬਗੀਚੇ, ਫੂਡ ਸਟਾਲ, ਮਨੋਰੰਜਨ ਖੇਤਰ ਅਤੇ ਭਵਿੱਖ ਵਿੱਚ ਲਗਜ਼ਰੀ ਟੈਂਟ ਸਿਟੀਜ਼ ਲਈ ਪ੍ਰਬੰਧ ਸ਼ਾਮਲ ਹਨ।
*********
ਡੀਐੱਸ
(Release ID: 1920193)
Visitor Counter : 148
Read this release in:
Odia
,
Assamese
,
English
,
Urdu
,
Marathi
,
Hindi
,
Bengali
,
Manipuri
,
Gujarati
,
Tamil
,
Telugu
,
Kannada
,
Malayalam