ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਜੀ20 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਨੂੰ ਸੰਬੋਧਨ ਕੀਤਾ


"'ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ' ਉਦੇਸ਼ ਦੀ ਏਕਤਾ ਦੇ ਨਾਲ-ਨਾਲ ਕਾਰਜ ਦੀ ਏਕਤਾ ਦੀ ਜ਼ਰੂਰਤ ਨੂੰ ਦਰਸਾਉਂਦਾ ਹੈ"

"ਵਿਸ਼ਵ ਯੁੱਧ ਤੋਂ ਬਾਅਦ ਗਲੋਬਲ ਗਵਰਨੈਂਸ ਭਵਿੱਖ ਦੇ ਯੁੱਧਾਂ ਨੂੰ ਰੋਕਣ ਅਤੇ ਸਾਂਝੇ ਹਿਤਾਂ ਦੇ ਮੁੱਦਿਆਂ 'ਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਆਦੇਸ਼ਾਂ ਵਿੱਚ ਅਸਫਲ ਰਿਹਾ"

"ਕੋਈ ਵੀ ਸਮੂਹ ਆਪਣੇ ਨਿਰਣਿਆਂ ਦੁਆਰਾ ਸਭ ਤੋਂ ਵੱਧ ਪ੍ਰਭਾਵਿਤ ਲੋਕਾਂ ਦੀ ਗੱਲ ਸੁਣੇ ਬਿਨਾਂ ਗਲੋਬਲ ਲੀਡਰਸ਼ਿਪ ਦਾ ਦਾਅਵਾ ਨਹੀਂ ਕਰ ਸਕਦਾ"

"ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਨੇ ਗਲੋਬਲ ਸਾਊਥ ਨੂੰ ਆਵਾਜ਼ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ"

"ਸਾਨੂੰ ਅਜਿਹੇ ਮੁੱਦਿਆਂ, ਜਿਨ੍ਹਾਂ ਨੂੰ ਅਸੀਂ ਇਕੱਠੇ ਹੱਲ ਨਹੀਂ ਕਰ ਸਕਦੇ, ਉਨ੍ਹਾਂ ਮੁੱਦਿਆਂ ਦੇ ਰਾਹ ਵਿੱਚ ਆਉਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ, ਜੋ ਅਸੀਂ ਹੱਲ ਕਰ ਸਕਦੇ ਹਾਂ"

“ਇੱਕ ਪਾਸੇ ਵਿਕਾਸ ਅਤੇ ਦਕਸ਼ਤਾ ਅਤੇ ਦੂਸਰੇ ਪਾਸੇ ਲਚੀਲੇਪਣ ਦਰਮਿਆਨ ਸਹੀ ਸੰਤੁਲਨ ਲੱਭਣ ਵਿੱਚ ਜੀ20 ਦੀ ਅਹਿਮ ਭੂਮਿਕਾ ਹੈ”

Posted On: 02 MAR 2023 9:34AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਰਾਹੀਂ ਜੀ20 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਨੂੰ ਸੰਬੋਧਨ ਕੀਤਾ।

 

ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਭਾਰਤ ਨੇ ਆਪਣੀ ਜੀ20 ਪ੍ਰੈਜ਼ੀਡੈਂਸੀ ਲਈ ‘ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ’ ਦਾ ਥੀਮ ਕਿਉਂ ਚੁਣਿਆ। ਉਨ੍ਹਾਂ ਸਮਝਾਇਆ ਕਿ ਇਹ ਉਦੇਸ਼ ਦੀ ਏਕਤਾ ਦੇ ਨਾਲ-ਨਾਲ ਕਾਰਵਾਈ ਦੀ ਏਕਤਾ ਦੀ ਜ਼ਰੂਰਤ ਦਾ ਸੰਕੇਤ ਕਰਦਾ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਅੱਜ ਦੀ ਬੈਠਕ ਸਾਂਝੇ ਅਤੇ ਠੋਸ ਉਦੇਸ਼ਾਂ ਦੀ ਪ੍ਰਾਪਤੀ ਲਈ ਇਕੱਠੇ ਹੋਣ ਦੀ ਭਾਵਨਾ ਨੂੰ ਦਰਸਾਏਗੀ।

 

ਇਹ ਸਵੀਕਾਰ ਕਰਦੇ ਹੋਏ ਕਿ ਬਹੁ-ਪੱਖਵਾਦ ਅੱਜ ਦੁਨੀਆ ਵਿੱਚ ਸੰਕਟ ਦੀ ਸਥਿਤੀ ਵਿੱਚ ਹੈ, ਪ੍ਰਧਾਨ ਮੰਤਰੀ ਨੇ ਦੋ ਮੁੱਖ ਕਾਰਜਾਂ ਵੱਲ ਇਸ਼ਾਰਾ ਕੀਤਾ ਜੋ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਬਣਾਏ ਗਏ ਗਲੋਬਲ ਗਵਰਨੈਂਸ ਦੇ ਢਾਂਚੇ ਦੁਆਰਾ ਕੀਤੇ ਜਾਣ ਵਾਲੇ ਸਨ। ਉਨ੍ਹਾਂ ਸਮਝਾਇਆ ਕਿ ਸਭ ਤੋਂ ਪਹਿਲਾਂ, ਇਸ ਦੁਆਰਾ ਪ੍ਰਤੀਯੋਗੀ ਹਿਤਾਂ ਨੂੰ ਸੰਤੁਲਿਤ ਕਰਕੇ ਭਵਿੱਖ ਦੀਆਂ ਜੰਗਾਂ ਨੂੰ ਰੋਕਣਾ ਸੀ, ਅਤੇ ਦੂਸਰਾ, ਸਾਂਝੇ ਹਿਤਾਂ ਦੇ ਮੁੱਦਿਆਂ 'ਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਸੀ। ਪਿਛਲੇ ਕੁਝ ਵਰ੍ਹਿਆਂ ਵਿੱਚ ਵਿੱਤੀ ਸੰਕਟ, ਜਲਵਾਯੂ ਪਰਿਵਰਤਨ, ਮਹਾਮਾਰੀ, ਆਤੰਕਵਾਦ ਅਤੇ ਯੁੱਧਾਂ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਆਪਣੇ ਦੋਨਾਂ ਆਦੇਸ਼ਾਂ ਵਿੱਚ ਗਲੋਬਲ ਗਵਰਨੈਂਸ ਦੀ ਅਸਫਲਤਾ ਨੂੰ ਨੋਟ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਇਸ ਅਸਫਲਤਾ ਦੇ ਦੁਖਦਾਈ ਨਤੀਜੇ ਲਗਭਗ ਸਾਰੇ ਵਿਕਾਸਸ਼ੀਲ ਦੇਸ਼ਾਂ ਨੂੰ ਭੁਗਤਣੇ ਪੈ ਰਹੇ ਹਨ ਅਤੇ ਵਰ੍ਹਿਆਂ ਦੀ ਪ੍ਰਗਤੀ ਤੋਂ ਬਾਅਦ ਦੁਨੀਆ ਦੇ ਟਿਕਾਊ ਵਿਕਾਸ ਨੂੰ ਸੰਕਟ ਦਾ ਸਾਹਮਣਾ ਕਰਨ ਦਾ ਖ਼ਤਰਾ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਨੋਟ ਕੀਤਾ ਕਿ ਬਹੁਤ ਸਾਰੇ ਵਿਕਾਸਸ਼ੀਲ ਦੇਸ਼ ਆਪਣੇ ਲੋਕਾਂ ਲਈ ਭੋਜਨ ਅਤੇ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦੇ ਹੋਏ ਅਸਮਰੱਥ ਹੋ ਰਹੇ ਕਰਜ਼ੇ ਨਾਲ ਜੂਝ ਰਹੇ ਹਨ।  ਉਨ੍ਹਾਂ ਇਹ ਵੀ ਕਿਹਾ ਕਿ ਇਹ ਵਿਕਾਸਸ਼ੀਲ ਦੇਸ਼ ਹਨ ਜੋ ਸਮ੍ਰਿਧ ਦੇਸ਼ਾਂ ਦੁਆਰਾ ਪੈਦਾ ਹੋਣ ਵਾਲੀ ਗਲੋਬਲ ਵਾਰਮਿੰਗ ਤੋਂ ਸਭ ਤੋਂ ਵੱਧ ਪ੍ਰਭਾਵਿਤ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਈ ਵੀ ਸਮੂਹ ਆਪਣੇ ਫੈਸਲਿਆਂ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਏ ਲੋਕਾਂ ਦੀ ਗੱਲ ਨੂੰ ਸੁਣੇ ਬਿਨਾ ਗਲੋਬਲ ਲੀਡਰਸ਼ਿਪ ਦਾ ਦਾਅਵਾ ਨਹੀਂ ਕਰ ਸਕਦਾ। ਉਨ੍ਹਾਂ ਕਿਹਾ “ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਨੇ ਗਲੋਬਲ ਸਾਊਥ ਨੂੰ ਆਵਾਜ਼ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ।”

 

ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਅੱਜ ਦੀ ਬੈਠਕ ਗਹਿਰੇ ਆਲਮੀ ਵਿਭਾਜਨ ਦੇ ਸਮੇਂ ਹੋ ਰਹੀ ਹੈ ਅਤੇ ਵਿਦੇਸ਼ ਮੰਤਰੀ ਹੋਣ ਦੇ ਨਾਤੇ, ਇਹ ਸੁਭਾਵਿਕ ਹੈ ਕਿ ਚਰਚਾ ਅਜੋਕੇ ਭੂ-ਰਾਜਨੀਤਕ ਤਣਾਅ ਤੋਂ ਪ੍ਰਭਾਵਿਤ ਹੁੰਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਇਨ੍ਹਾਂ ਤਣਾਵਾਂ ਨੂੰ ਕਿਵੇਂ ਸੁਲਝਾਇਆ ਜਾਣਾ ਚਾਹੀਦਾ ਹੈ ਇਸ ਬਾਰੇ ਸਾਡੇ ਸਾਰਿਆਂ ਦੀਆਂ ਆਪਣੀਆਂ ਪਰਿਸਥਿਤੀਆਂ ਹਨ ਅਤੇ ਸਾਡੇ ਆਪਣੇ ਵਿਚਾਰ ਹਨ।” ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੁਨੀਆ ਦੀਆਂ ਪ੍ਰਮੁੱਖ ਅਰਥਵਿਵਸਥਾਵਾਂ ਦੇ ਰੂਪ ਵਿੱਚ, ਸਾਡੀ ਉਨ੍ਹਾਂ ਪ੍ਰਤੀ ਜ਼ਿੰਮੇਵਾਰੀ ਹੈ ਜੋ ਇਸ ਕਮਰੇ ਵਿੱਚ ਨਹੀਂ ਹਨ। ਪ੍ਰਧਾਨ ਮੰਤਰੀ ਨੇ ਕਿਹਾ “ਦੁਨੀਆ ਪ੍ਰਗਤੀ, ਵਿਕਾਸ, ਆਰਥਿਕ ਲਚੀਲੇਪਣ, ਆਪਦਾ ਲਚੀਲੇਪਣ, ਵਿੱਤੀ ਸਥਿਰਤਾ, ਅੰਤਰਰਾਸ਼ਟਰੀ ਅਪਰਾਧ, ਭ੍ਰਿਸ਼ਟਾਚਾਰ, ਆਤੰਕਵਾਦ, ਅਤੇ ਭੋਜਨ ਅਤੇ ਊਰਜਾ ਸੁਰੱਖਿਆ ਦੀਆਂ ਚੁਣੌਤੀਆਂ ਨੂੰ ਘੱਟ ਕਰਨ ਲਈ ਜੀ20 ਵੱਲ ਦੇਖਦੀ ਹੈ।” ਉਨ੍ਹਾਂ ਕਿਹਾ ਕਿ ਜੀ20 ਕੋਲ ਇਨ੍ਹਾਂ ਸਾਰੇ ਖੇਤਰਾਂ ਵਿੱਚ ਸਹਿਮਤੀ ਬਣਾਉਣ ਅਤੇ ਠੋਸ ਨਤੀਜੇ ਦੇਣ ਦੀ ਸਮਰੱਥਾ ਹੈ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜਿਨ੍ਹਾਂ ਮੁੱਦਿਆਂ ਨੂੰ ਇਕੱਠੇ ਹੱਲ ਨਹੀਂ ਕੀਤਾ ਜਾ ਸਕਦਾ, ਉਹ ਮੁੱਦੇ, ਅਜਿਹੇ ਮੁੱਦਿਆਂ ਦੇ ਰਾਹ ਵਿੱਚ ਨਹੀਂ ਆਉਣੇ ਚਾਹੀਦੇ ਜਿਨ੍ਹਾਂ ਨੂੰ ਹੱਲ ਕੀਤਾ ਜਾ ਸਕਦਾ ਹੈ।

 

ਇਹ ਰੇਖਾਂਕਿਤ ਕਰਦੇ ਹੋਏ ਕਿ ਇਹ ਬੈਠਕ ਗਾਂਧੀ ਅਤੇ ਬੁੱਧ ਦੀ ਧਰਤੀ 'ਤੇ ਹੋ ਰਹੀ ਹੈ, ਪ੍ਰਧਾਨ ਮੰਤਰੀ ਨੇ ਐਕਸੀਲੈਂਸੀਜ਼ (ਮਹਾਮਹਿਮ) ਨੂੰ ਤਾਕੀਦ ਕੀਤੀ ਕਿ ਉਹ ਭਾਰਤ ਦੀ ਸਭਿਅਤਾ ਦੇ ਸਿਧਾਂਤ ਤੋਂ ਪ੍ਰੇਰਣਾ ਲੈਣ ਜੋ ਸਾਨੂੰ ਵੰਡਦਾ ਨਹੀਂ ਹੈ, ਬਲਕਿ ਉਸ 'ਤੇ ਧਿਆਨ ਕੇਂਦ੍ਰਿਤ ਕਰਦਾ ਹੈ ਜੋ ਸਾਨੂੰ ਸਭ ਨੂੰ ਇਕਜੁੱਟ ਕਰਦਾ ਹੈ। 

 

ਕੁਦਰਤੀ ਆਫ਼ਤਾਂ ਅਤੇ ਦੁਨੀਆ ਦੇ ਸਾਹਮਣੇ ਆਈ ਵਿਨਾਸ਼ਕਾਰੀ ਮਹਾਮਾਰੀ ਵਿੱਚ ਹਜ਼ਾਰਾਂ ਜਾਨਾਂ ਗੁਆਉਣ 'ਤੇ ਰੋਸ਼ਨੀ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਉਲੇਖ ਕੀਤਾ ਕਿ ਕਿਵੇਂ ਤਣਾਅ ਅਤੇ ਗੜਬੜ ਦੇ ਸਮੇਂ ਵਿੱਚ ਗਲੋਬਲ ਸਪਲਾਈ ਚੇਨ ਟੁੱਟ ਗਈ ਸੀ। ਇਹ ਦੇਖਦੇ ਹੋਏ ਕਿ ਸਥਿਰ ਅਰਥਵਿਵਸਥਾਵਾਂ ਅਚਾਨਕ ਕਰਜ਼ੇ ਅਤੇ ਵਿੱਤੀ ਸੰਕਟ ਵਿੱਚ ਡੁੱਬ ਗਈਆਂ ਸਨ, ਪ੍ਰਧਾਨ ਮੰਤਰੀ ਨੇ ਸਾਡੇ ਸਮਾਜਾਂ, ਅਰਥਵਿਵਸਥਾਵਾਂ, ਸਿਹਤ ਸੰਭਾਲ਼ ਪ੍ਰਣਾਲੀਆਂ ਅਤੇ ਬੁਨਿਆਦੀ ਢਾਂਚੇ ਵਿੱਚ ਲਚੀਲਾਪਣ ਦਿਖਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।  ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਇੱਕ ਪਾਸੇ ਵਿਕਾਸ ਅਤੇ ਦਕਸ਼ਤਾ ਦੇ ਦਰਮਿਆਨ ਸਹੀ ਸੰਤੁਲਨ ਕਾਇਮ ਕਰਨ ਵਿੱਚ ਅਤੇ ਦੂਸਰੇ ਪਾਸੇ ਪ੍ਰਤੀਰੋਧ ਸਮਰੱਥਾ ਦੇ ਲਈ ਜੀ20 ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਮਿਲ ਕੇ ਕੰਮ ਕਰਕੇ ਇਸ ਸੰਤੁਲਨ ਨੂੰ ਹੋਰ ਅਸਾਨੀ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ। ਸੰਬੋਧਨ ਦੀ ਸਮਾਪਤੀ ਕਰਦਿਆਂ ਪ੍ਰਧਾਨ ਮੰਤਰੀ ਨੇ ਸਮੂਹਿਕ ਸਿਆਣਪ ਅਤੇ ਯੋਗਤਾ 'ਤੇ ਭਰੋਸਾ ਪ੍ਰਗਟਾਇਆ ਅਤੇ ਆਸ ਪ੍ਰਗਟਾਈ ਕਿ ਅੱਜ ਦੀ ਬੈਠਕ ਉਤਸ਼ਾਹਭਰਪੂਰ, ਸਮਾਵੇਸ਼ੀ ਅਤੇ ਕਾਰਜ-ਮੁਖੀ ਹੋਵੇਗੀ ਜਿੱਥੇ ਮਤਭੇਦਾਂ ਤੋਂ ਉੱਪਰ ਉੱਠ ਕੇ ਸੰਕਲਪ ਲਏ ਜਾਣਗੇ।

 

 

 

 

 

 

 

 ********

 

ਡੀਐੱਸ/ਟੀਐੱਸ



(Release ID: 1903695) Visitor Counter : 109