ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਵੀਡੀਓ ਸੰਦੇਸ਼ ਰਾਹੀਂ ‘ਜਲ-ਜਨ ਮੁਹਿੰਮ’ ਦੀ ਸ਼ੁਰੂਆਤ ਮੌਕੇ ਸੰਬੋਧਨ ਕੀਤਾ


"ਅੰਮ੍ਰਿਤ ਕਾਲ ਵਿੱਚ, ਭਾਰਤ ਪਾਣੀ ਨੂੰ ਭਵਿੱਖ ਵਜੋਂ ਦੇਖ ਰਿਹਾ ਹੈ"

"ਭਾਰਤ ਪਾਣੀ ਨੂੰ ਈਸ਼ਵਰ ਅਤੇ ਨਦੀਆਂ ਨੂੰ ਮਾਵਾਂ ਮੰਨਦਾ ਹੈ"

“ਜਲ ਸੰਭਾਲ਼ ਸਾਡੇ ਸਮਾਜ ਦੀ ਸੰਸਕ੍ਰਿਤੀ ਅਤੇ ਸਾਡੀ ਸਮਾਜਿਕ ਸੋਚ ਦਾ ਕੇਂਦਰ ਹੈ”

"ਨਮਾਮਿ ਗੰਗੇ ਮੁਹਿੰਮ ਦੇਸ਼ ਦੇ ਵੱਖ-ਵੱਖ ਰਾਜਾਂ ਲਈ ਇੱਕ ਨਮੂਨੇ ਵਜੋਂ ਉਭਰਿਆ ਹੈ"

"ਦੇਸ਼ ਦੇ ਹਰ ਜ਼ਿਲ੍ਹੇ ਵਿੱਚ 75 ਅੰਮ੍ਰਿਤ ਸਰੋਵਰਾਂ ਦੀ ਉਸਾਰੀ ਜਲ ਸੰਭਾਲ਼ ਵੱਲ ਇੱਕ ਵੱਡਾ ਕਦਮ ਹੈ"

Posted On: 16 FEB 2023 2:16PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਰਾਹੀਂ ਬ੍ਰਹਮ ਕੁਮਾਰੀਆਂ ਦੇ ‘ਜਲ-ਜਨ ਮੁਹਿੰਮ’ ਨੂੰ ਸੰਬੋਧਨ ਕੀਤਾ। ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਬ੍ਰਹਮ ਕੁਮਾਰੀਆਂ ਵਲੋਂ ਜਲ-ਜਨ ਮੁਹਿੰਮ ਦੀ ਸ਼ੁਰੂਆਤ ਦਾ ਹਿੱਸਾ ਬਣਨ ਦਾ ਮੌਕਾ ਮਿਲਣ 'ਤੇ ਖੁਸ਼ੀ ਜ਼ਾਹਰ ਕੀਤੀ ਅਤੇ ਕਿਹਾ ਕਿ ਉਨ੍ਹਾਂ ਤੋਂ ਸਿੱਖਣਾ ਹਮੇਸ਼ਾ ਇੱਕ ਵਿਸ਼ੇਸ਼ ਅਨੁਭਵ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਸਵਰਗੀ ਰਾਜਯੋਗਿਨੀ ਦਾਦੀ ਜਾਨਕੀ ਜੀ ਤੋਂ ਮੈਨੂੰ ਮਿਲੇ ਆਸ਼ੀਰਵਾਦ ਮੇਰੀ ਸਭ ਤੋਂ ਵੱਡੀ ਸੰਪੱਤੀ ਹਨ।” ਉਨ੍ਹਾਂ ਨੇ 2007 ਵਿੱਚ ਦਾਦੀ ਪ੍ਰਕਾਸ਼ ਮਨੀ ਜੀ ਦੇ ਦੇਹਾਂਤ ਤੋਂ ਬਾਅਦ ਸ਼ਰਧਾਂਜਲੀ ਦੇਣ ਲਈ ਆਬੂ ਮਾਰਗ ਆਉਣ ਦੇ ਅਵਸਰ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਪਿਛਲੇ ਸਾਲਾਂ ਵਿੱਚ ਬ੍ਰਹਮ ਕੁਮਾਰੀ ਭੈਣਾਂ ਵੱਲੋਂ ਮਿਲੇ ਨਿੱਘੇ ਸੱਦਿਆਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਉਹ ਹਮੇਸ਼ਾ ਅਧਿਆਤਮਕ ਪਰਿਵਾਰ ਦੇ ਇੱਕ ਮੈਂਬਰ ਦੇ ਰੂਪ ਵਿੱਚ ਉਨ੍ਹਾਂ ਵਿੱਚ ਮੌਜੂਦ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਨੇ 2011 ਵਿੱਚ ਅਹਿਮਦਾਬਾਦ ਵਿੱਚ ‘ਫਿਊਚਰ ਆਵ੍ ਪਾਵਰ’, ਸੰਸਥਾ ਦੀ ਸਥਾਪਨਾ ਦੇ 75 ਸਾਲ, 2013 ਵਿੱਚ ਸੰਗਮ ਤੀਰਥਧਾਮ, 2017 ਵਿੱਚ ਬ੍ਰਹਮ ਕੁਮਾਰੀ ਸੰਸਥਾ ਦੇ 80ਵੇਂ ਸਥਾਪਨਾ ਦਿਵਸ ਅਤੇ ਅੰਮ੍ਰਿਤ ਮਹੋਤਸਵ ਦੌਰਾਨ ਹੋਏ ਪ੍ਰੋਗਰਾਮਾਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੇ ਪਿਆਰ ਅਤੇ ਸਨੇਹ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਬ੍ਰਹਮ ਕੁਮਾਰੀਆਂ ਨਾਲ ਆਪਣੇ ਵਿਸ਼ੇਸ਼ ਸਬੰਧ 'ਤੇ ਧਿਆਨ ਦਿੰਦਿਆਂ ਕਿਹਾ ਕਿ ਖੁਦ ਤੋਂ ਉੱਪਰ ਉੱਠ ਕੇ ਸਮਾਜ ਨੂੰ ਆਪਣਾ ਸਭ ਕੁਝ ਸਮਰਪਿਤ ਕਰਨਾ ਉਨ੍ਹਾਂ ਸਾਰਿਆਂ ਲਈ ਅਧਿਆਤਮਕ ਅਭਿਆਸ ਦਾ ਰੂਪ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਜਲ-ਜਨ ਮੁਹਿੰਮ ਅਜਿਹੇ ਸਮੇਂ ਸ਼ੁਰੂ ਕੀਤਾ ਜਾ ਰਿਹਾ ਹੈ ਜਦੋਂ ਪਾਣੀ ਦੀ ਘਾਟ ਨੂੰ ਪੂਰੀ ਦੁਨੀਆ ਵਿੱਚ ਭਵਿੱਖ ਦੇ ਸੰਕਟ ਵਜੋਂ ਦੇਖਿਆ ਜਾ ਰਿਹਾ ਹੈ। ਉਨ੍ਹਾਂ ਨੇ ਨੋਟ ਕੀਤਾ ਕਿ 21ਵੀਂ ਸਦੀ ਦਾ ਵਿਸ਼ਵ ਧਰਤੀ 'ਤੇ ਸੀਮਤ ਜਲ ਸਰੋਤਾਂ ਦੀ ਗੰਭੀਰਤਾ ਨੂੰ ਮਹਿਸੂਸ ਕਰ ਰਿਹਾ ਹੈ ਅਤੇ ਕਿਹਾ ਕਿ ਭਾਰਤ ਦੀ ਵੱਡੀ ਆਬਾਦੀ ਦੇ ਕਾਰਨ ਪਾਣੀ ਦੀ ਸੁਰੱਖਿਆ ਇੱਕ ਵੱਡਾ ਸਵਾਲ ਹੈ। “ਅੰਮ੍ਰਿਤ ਕਾਲ ਵਿੱਚ, ਭਾਰਤ ਪਾਣੀ ਨੂੰ ਭਵਿੱਖ ਵਜੋਂ ਦੇਖ ਰਿਹਾ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, "ਜੇ ਪਾਣੀ ਹੈ ਤਾਂ ਕੱਲ੍ਹ ਹੋਵੇਗਾ" ਅਤੇ ਰੇਖਾਂਕਿਤ ਕੀਤਾ ਕਿ ਅੱਜ ਤੋਂ ਸਾਂਝੇ ਯਤਨ ਸ਼ੁਰੂ ਕੀਤੇ ਜਾਣੇ ਚਾਹੀਦੇ ਹਨ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਤਸੱਲੀ ਪ੍ਰਗਟਾਈ ਕਿ ਦੇਸ਼ ਨੇ ਜਲ ਸੰਭਾਲ਼ ਨੂੰ ਇੱਕ ਜਨ ਅੰਦੋਲਨ ਵਿੱਚ ਬਦਲ ਦਿੱਤਾ ਹੈ ਅਤੇ ਕਿਹਾ ਕਿ ਬ੍ਰਹਮ ਕੁਮਾਰੀਆਂ ਦਾ ਜਲ-ਜਨ ਮੁਹਿੰਮ ਜਨ ਭਾਗੀਦਾਰੀ ਦੇ ਇਸ ਯਤਨ ਨੂੰ ਨਵੀਂ ਤਾਕਤ ਦੇਵੇਗਾ। ਉਨ੍ਹਾਂ ਕਿਹਾ ਕਿ ਜਲ ਸੰਭਾਲ਼ ਮੁਹਿੰਮਾਂ ਦੀ ਪਹੁੰਚ ਨੂੰ ਵੀ ਹੁਲਾਰਾ ਮਿਲੇਗਾ, ਜਿਸ ਨਾਲ ਇਸ ਦੇ ਪ੍ਰਭਾਵ ਨੂੰ ਵੀ ਹੱਲ੍ਹਾਸ਼ੇਰੀ ਮਿਲੇਗੀ।

ਪ੍ਰਧਾਨ ਮੰਤਰੀ ਨੇ ਭਾਰਤ ਦੇ ਉਨ੍ਹਾਂ ਰਿਸ਼ੀਆਂ ਬਾਰੇ ਚਾਨਣਾ ਪਾਇਆ, ਜਿਨ੍ਹਾਂ ਨੇ ਹਜ਼ਾਰਾਂ ਸਾਲ ਪਹਿਲਾਂ ਕੁਦਰਤ, ਵਾਤਾਵਰਣ ਅਤੇ ਪਾਣੀ ਦੇ ਸਬੰਧ ਵਿੱਚ ਇੱਕ ਸੰਜਮੀ, ਸੰਤੁਲਿਤ ਅਤੇ ਸੰਵੇਦਨਸ਼ੀਲ ਪ੍ਰਣਾਲੀ ਬਣਾਈ ਸੀ। ਉਨ੍ਹਾਂ ਨੇ ਪਾਣੀ ਨੂੰ ਨਸ਼ਟ ਕਰਨ ਦੀ ਨਹੀਂ, ਸਗੋਂ ਇਸ ਦੀ ਸਾਂਭ ਸੰਭਾਲ਼ ਦੀ ਸਦੀਆਂ ਪੁਰਾਣੀ ਕਹਾਵਤ ਨੂੰ ਯਾਦ ਕੀਤਾ ਅਤੇ ਕਿਹਾ ਕਿ ਇਹ ਭਾਵਨਾ ਹਜ਼ਾਰਾਂ ਸਾਲਾਂ ਤੋਂ ਭਾਰਤ ਦੀ ਅਧਿਆਤਮਕਤਾ ਅਤੇ ਸਾਡੇ ਧਰਮ ਦਾ ਹਿੱਸਾ ਰਹੀ ਹੈ। ਉਨ੍ਹਾਂ ਕਿਹਾ, “ਪਾਣੀ ਦੀ ਸੰਭਾਲ਼ ਸਾਡੇ ਸਮਾਜ ਦੀ ਸੰਸਕ੍ਰਿਤੀ ਅਤੇ ਸਾਡੀ ਸਮਾਜਿਕ ਸੋਚ ਦਾ ਕੇਂਦਰ ਹੈ।” ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਇਸੇ ਲਈ ਅਸੀਂ ਪਾਣੀ ਨੂੰ ਈਸ਼ਵਰ ਅਤੇ ਆਪਣੀਆਂ ਨਦੀਆਂ ਨੂੰ ਮਾਵਾਂ ਮੰਨਦੇ ਹਾਂ।” ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਦੋਂ ਸਮਾਜ ਕੁਦਰਤ ਨਾਲ ਅਜਿਹਾ ਭਾਵਨਾਤਮਕ ਸਬੰਧ ਬਣਾਉਂਦਾ ਹੈ, ਤਾਂ ਟਿਕਾਊ ਵਿਕਾਸ ਉਸ ਦੀ ਕੁਦਰਤੀ ਜੀਵਨ ਜਾਚ ਬਣ ਜਾਂਦਾ ਹੈ। ਉਨ੍ਹਾਂ ਅਤੀਤ ਦੀ ਚੇਤਨਾ ਨੂੰ ਮੁੜ ਜਗਾਉਂਦੇ ਹੋਏ ਭਵਿੱਖ ਦੀਆਂ ਚੁਣੌਤੀਆਂ ਦਾ ਹੱਲ ਲੱਭਣ ਦੀ ਜ਼ਰੂਰਤ ਨੂੰ ਦੁਹਰਾਇਆ। ਪ੍ਰਧਾਨ ਮੰਤਰੀ ਨੇ ਜਲ ਸੰਭਾਲ਼ ਦੀਆਂ ਕਦਰਾਂ-ਕੀਮਤਾਂ ਪ੍ਰਤੀ ਦੇਸ਼ ਵਾਸੀਆਂ ਵਿੱਚ ਵਿਸ਼ਵਾਸ ਪੈਦਾ ਕਰਨ ਅਤੇ ਜਲ ਪ੍ਰਦੂਸ਼ਣ ਦਾ ਕਾਰਨ ਬਣਨ ਵਾਲੀ ਹਰ ਰੁਕਾਵਟ ਨੂੰ ਦੂਰ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਜਲ ਸੰਭਾਲ਼ ਪ੍ਰਤੀ ਬ੍ਰਹਮ ਕੁਮਾਰੀਆਂ ਵਰਗੀਆਂ ਭਾਰਤ ਦੀਆਂ ਅਧਿਆਤਮਿਕ ਸੰਸਥਾਵਾਂ ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ।

ਪ੍ਰਧਾਨ ਮੰਤਰੀ ਨੇ ਪਿਛਲੇ ਦਹਾਕਿਆਂ 'ਤੇ ਅਫਸੋਸ ਜਤਾਇਆ ਜਦੋਂ ਇੱਕ ਨਕਾਰਾਤਮਕ ਸੋਚ ਦੀ ਪ੍ਰਕਿਰਿਆ ਵਿਕਸਿਤ ਹੋਈ ਸੀ ਅਤੇ ਜਲ ਸੰਭਾਲ਼ ਅਤੇ ਵਾਤਾਵਰਣ ਵਰਗੇ ਵਿਸ਼ਿਆਂ ਨੂੰ ਮੁਸ਼ਕਲ ਮੰਨਿਆ ਗਿਆ ਸੀ। ਪਿਛਲੇ 8-9 ਸਾਲਾਂ ਵਿੱਚ ਆਏ ਬਦਲਾਅ 'ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਮਾਨਸਿਕਤਾ ਅਤੇ ਸਥਿਤੀ ਦੋਵੇਂ ਹੀ ਬਦਲ ਗਈਆਂ ਹਨ। ਨਮਾਮਿ ਗੰਗੇ ਮੁਹਿੰਮ ਦੀ ਉਦਾਹਰਨ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਚਾਨਣਾ ਪਾਇਆ ਕਿ ਨਾ ਸਿਰਫ਼ ਗੰਗਾ ਬਲਕਿ ਇਸ ਦੀਆਂ ਸਾਰੀਆਂ ਸਹਾਇਕ ਨਦੀਆਂ ਵੀ ਸਾਫ਼ ਹੋ ਰਹੀਆਂ ਹਨ ਜਦਕਿ ਗੰਗਾ ਦੇ ਕਿਨਾਰਿਆਂ 'ਤੇ ਕੁਦਰਤੀ ਖੇਤੀ ਵਰਗੀਆਂ ਮੁਹਿੰਮਾਂ ਵੀ ਸ਼ੁਰੂ ਹੋ ਗਈਆਂ ਹਨ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, "ਨਮਾਮਿ ਗੰਗੇ ਮੁਹਿੰਮ ਦੇਸ਼ ਦੇ ਵੱਖ-ਵੱਖ ਰਾਜਾਂ ਲਈ ਇੱਕ ਨਮੂਨੇ ਵਜੋਂ ਉਭਰਿਆ ਹੈ।"

'ਕੈਚ ਦ ਰੇਨ' ਮੁਹਿੰਮ 'ਤੇ ਚਾਨਣਾ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਧਰਤੀ ਹੇਠਲੇ ਪਾਣੀ ਦਾ ਘਟਦਾ ਜਾ ਰਿਹਾ ਪੱਧਰ ਵੀ ਦੇਸ਼ ਲਈ ਇੱਕ ਵੱਡੀ ਚੁਣੌਤੀ ਹੈ। ਉਨ੍ਹਾਂ ਦੱਸਿਆ ਕਿ ਅਟਲ ਭੂਜਲ ਯੋਜਨਾ ਰਾਹੀਂ ਦੇਸ਼ ਦੀਆਂ ਹਜ਼ਾਰਾਂ ਗ੍ਰਾਮ ਪੰਚਾਇਤਾਂ ਵਿੱਚ ਜਲ ਸੰਭਾਲ਼ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਦੇਸ਼ ਦੇ ਹਰ ਜ਼ਿਲ੍ਹੇ ਵਿੱਚ 75 ਅੰਮ੍ਰਿਤ ਸਰੋਵਰ ਬਣਾਉਣ ਦੀ ਮੁਹਿੰਮ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਜਲ ਸੰਭਾਲ਼ ਵੱਲ ਇੱਕ ਵੱਡਾ ਕਦਮ ਹੈ।

ਜਲ ਸੰਭਾਲ਼ ਵਿੱਚ ਮਹਿਲਾਵਾਂ ਦੇ ਯੋਗਦਾਨ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿੰਡਾਂ ਦੀਆਂ ਮਹਿਲਾਵਾਂ ਜਲ ਕਮੇਟੀਆਂ ਰਾਹੀਂ ਜਲ ਜੀਵਨ ਮਿਸ਼ਨ ਵਰਗੀਆਂ ਮਹੱਤਵਪੂਰਨ ਯੋਜਨਾਵਾਂ ਦੀ ਅਗਵਾਈ ਕਰ ਰਹੀਆਂ ਹਨ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਬ੍ਰਹਮ ਕੁਮਾਰੀ ਭੈਣਾਂ ਦੇਸ਼ ਦੇ ਨਾਲ-ਨਾਲ ਵਿਸ਼ਵ ਪੱਧਰ 'ਤੇ ਵੀ ਇਸੇ ਤਰ੍ਹਾਂ ਦੀ ਭੂਮਿਕਾ ਅਦਾ ਕਰ ਸਕਦੀਆਂ ਹਨ। ਉਨ੍ਹਾਂ ਨੇ ਜਲ ਸੰਭਾਲ਼ ਦੇ ਨਾਲ-ਨਾਲ ਵਾਤਾਵਰਨ ਨਾਲ ਸਬੰਧਤ ਮੁੱਦਿਆਂ ਨੂੰ ਚੁੱਕਣ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦੇਸ਼ ਖੇਤੀਬਾੜੀ ਵਿੱਚ ਪਾਣੀ ਦੀ ਸੰਤੁਲਿਤ ਵਰਤੋਂ ਲਈ ਤੁਪਕਾ ਸਿੰਚਾਈ ਵਰਗੀਆਂ ਤਕਨੀਕਾਂ ਨੂੰ ਉਤਸ਼ਾਹਿਤ ਕਰ ਰਿਹਾ ਹੈ ਅਤੇ ਉਨ੍ਹਾਂ ਨੇ ਬ੍ਰਹਮ ਕੁਮਾਰੀਆਂ ਨੂੰ ਕਿਸਾਨਾਂ ਨੂੰ ਇਸ ਦੀ ਵਰਤੋਂ ਨੂੰ ਵਧਾਉਣ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ।

ਪ੍ਰਧਾਨ ਮੰਤਰੀ ਨੇ ਇਹ ਵੀ ਉਜਾਗਰ ਕੀਤਾ ਕਿ ਪੂਰਾ ਵਿਸ਼ਵ ਅੰਤਰਰਾਸ਼ਟਰੀ ਮਿਲਟਸ (ਮੋਟਾ ਅਨਾਜ) ਵਰ੍ਹਾ ਵੀ ਮਨਾ ਰਿਹਾ ਹੈ ਅਤੇ ਸਾਰਿਆਂ ਨੂੰ ਆਪਣੀ ਖੁਰਾਕ ਵਿੱਚ ਮੋਟੇ ਅਨਾਜ ਨੂੰ ਸ਼ਾਮਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਸ਼੍ਰੀ ਅੰਨ ਬਾਜਰਾ ਅਤੇ ਸ਼੍ਰੀ ਅੰਨ ਜਵਾਰ ਸਦੀਆਂ ਤੋਂ ਭਾਰਤ ਦੀ ਖੇਤੀਬਾੜੀ ਅਤੇ ਖਾਣ-ਪੀਣ ਦੀਆਂ ਆਦਤਾਂ ਦਾ ਹਿੱਸਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮੋਟਾ ਅਨਾਜ ਪੌਸ਼ਟਿਕ ਤੱਤ ਨਾਲ ਭਰਪੂਰ ਹੁੰਦਾ ਹੈ ਅਤੇ ਕਾਸ਼ਤ ਦੌਰਾਨ ਪਾਣੀ ਦੀ ਘੱਟ ਖਪਤ ਕਰਦਾ ਹੈ।

ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਜਲ-ਜਨ ਮੁਹਿੰਮ ਸਾਂਝੇ ਯਤਨਾਂ ਨਾਲ ਸਫ਼ਲ ਹੋਵੇਗਾ ਅਤੇ ਇੱਕ ਬਿਹਤਰ ਭਵਿੱਖ ਦੇ ਨਾਲ ਇੱਕ ਬਿਹਤਰ ਭਾਰਤ ਦੇ ਨਿਰਮਾਣ ਵਿੱਚ ਮਦਦ ਕਰੇਗਾ।

***

ਡੀਐੱਸ/ਟੀਐੱਸ



(Release ID: 1899859) Visitor Counter : 110