ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਬੰਗਲੁਰੂ ਵਿੱਚ ਇੰਡੀਆ ਐਨਰਜੀ ਵੀਕ 2023 ਦਾ ਉਦਘਾਟਨ ਕੀਤਾ


ਇੰਡੀਅਨ ਆਇਲ ਦੀ 'ਅਨਬੋਟਲਡ' ਪਹਿਲ ਦੇ ਤਹਿਤ ਯੂਨੀਫਾਰਮਾਂ ਦੀ ਲਾਂਚ ਕੀਤੀ

ਇੰਡੀਅਨ ਆਇਲ ਦੇ ਇਨਡੋਰ ਸੋਲਰ ਕੁਕਿੰਗ ਸਿਸਟਮ ਦੇ ਟਵਿਨ-ਕੁੱਕਟੌਪ ਮਾਡਲ ਨੂੰ ਲਾਂਚ ਕੀਤਾ

ਈ20 ਈਂਧਣ ਲਾਂਚ ਕੀਤਾ

ਗ੍ਰੀਨ ਮੋਬਿਲਿਟੀ ਰੈਲੀ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ

"ਭਾਰਤ ਵਿੱਚ ਊਰਜਾ ਖੇਤਰ ਲਈ ਬੇਮਿਸਾਲ ਸੰਭਾਵਨਾਵਾਂ ਉਭਰ ਰਹੀਆਂ ਹਨ ਜੋ ਕਿ ਇੱਕ ਵਿਕਸਿਤ ਭਾਰਤ ਦੇ ਸੰਕਲਪ ਨਾਲ ਅੱਗੇ ਵਧ ਰਿਹਾ ਹੈ"

“ਮਹਾਮਾਰੀ ਅਤੇ ਯੁੱਧ ਨਾਲ ਗ੍ਰਸਤ ਸੰਸਾਰ ਵਿੱਚ ਭਾਰਤ ਗਲੋਬਲ ਪੱਧਰ ਦਾ ਬੀਕਨ ਸਪੌਟ ਬਣਿਆ ਹੋਇਆ ਹੈ”

"ਨਿਰਣਾਇਕ ਸਰਕਾਰ, ਨਿਰੰਤਰ ਸੁਧਾਰ, ਜ਼ਮੀਨੀ ਪੱਧਰ 'ਤੇ ਸਮਾਜਿਕ-ਆਰਥਿਕ ਸਸ਼ਕਤੀਕਰਣ ਭਾਰਤ ਦੇ ਆਰਥਿਕ ਲਚੀਲੇਪਣ ਦੇ ਅਧਾਰ ਹਨ"

"ਸੁਧਾਰ ਖਾਹਿਸ਼ੀ ਸਮਾਜ ਦੀ ਸਿਰਜਣਾ ਕਰ ਰਹੇ ਹਨ"

"ਅਸੀਂ ਆਪਣੀ ਰਿਫਾਇਨਿੰਗ ਸਮਰੱਥਾ ਨੂੰ ਲਗਾਤਾਰ ਸਵਦੇਸ਼ੀ, ਆਧੁਨਿਕ ਅਤੇ ਅੱਪਗ੍ਰੇਡ ਕਰ ਰਹੇ ਹਾਂ"

"ਅਸੀਂ 2030 ਤੱਕ ਆਪਣੇ ਊਰਜਾ ਮਿਸ਼ਰਣ ਵਿੱਚ ਕੁਦਰਤੀ ਗੈਸ ਦੀ ਖਪਤ ਨੂੰ ਵਧਾਉਣ ਲਈ ਮਿਸ਼ਨ ਮੋਡ 'ਤੇ ਕੰਮ ਕਰ ਰਹੇ ਹਾਂ"

Posted On: 06 FEB 2023 2:16PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬੰਗਲੁਰੂ ਵਿੱਚ ਇੰਡੀਆ ਐਨਰਜੀ ਵੀਕ (ਆਈਈਡਬਲਿਊ) 2023 ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਇੰਡੀਅਨ ਆਇਲ ਦੀ ‘ਅਨਬੋਟਲਡ’ ਪਹਿਲ ਤਹਿਤ ਵਰਦੀਆਂ ਲਾਂਚ ਕੀਤੀਆਂ। ਇਹ ਯੂਨੀਫਾਰਮਾਂ ਰੀਸਾਈਕਲ ਕੀਤੀਆਂ ਪੀਈਟੀ ਬੋਤਲਾਂ ਦੀਆਂ ਬਣੀਆਂ ਹਨ।  ਉਨ੍ਹਾਂ ਇੰਡੀਅਨ ਆਇਲ ਦੇ ਇਨਡੋਰ ਸੋਲਰ ਕੁਕਿੰਗ ਸਿਸਟਮ ਦੇ ਦੋਹਰੇ ਕੁੱਕਟੌਪ ਮਾਡਲ ਨੂੰ ਵੀ ਲਾਂਚ ਕੀਤਾ ਅਤੇ ਇਸ ਦੇ ਵਪਾਰਕ ਰੋਲ-ਆਊਟ ਨੂੰ ਹਰੀ ਝੰਡੀ ਦਿਖਾਈ।

 

ਬਾਅਦ ਵਿੱਚ, ਪ੍ਰਧਾਨ ਮੰਤਰੀ ਨੇ ਈਥੇਨੌਲ ਮਿਸ਼ਰਣ ਰੋਡਮੈਪ ਦੀ ਤਰਜ਼ 'ਤੇ 11 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਤੇਲ ਮਾਰਕਿਟਿੰਗ ਕੰਪਨੀਆਂ ਦੇ 84 ਰਿਟੇਲ ਆਊਟਲੈੱਟਸ 'ਤੇ ਈ20 ਈਂਧਣ ਵੀ ਲਾਂਚ ਕੀਤਾ। ਉਨ੍ਹਾਂ ਨੇ ਗ੍ਰੀਨ ਮੋਬਿਲਿਟੀ ਰੈਲੀ ਨੂੰ ਵੀ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਿੱਥੇ ਗ੍ਰੀਨ ਊਰਜਾ ਸਰੋਤਾਂ 'ਤੇ ਚਲਣ ਵਾਲੇ ਵਾਹਨ ਹਿੱਸਾ ਲੈਣਗੇ ਅਤੇ ਗ੍ਰੀਨ ਈਂਧਣ ਲਈ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਮਦਦ ਕਰਨਗੇ।

 

ਸਭਾ ਨੂੰ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਨੇ ਤੁਰਕੀ ਅਤੇ ਆਸ-ਪਾਸ ਦੇ ਦੇਸ਼ਾਂ ਵਿੱਚ ਮੌਤਾਂ ਅਤੇ ਤਬਾਹੀ ਲਈ ਸੋਗ ਪ੍ਰਗਟ ਕਰਦਿਆਂ ਸ਼ੁਰੂਆਤ ਕੀਤੀ। ਉਨ੍ਹਾਂ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਭਾਰਤ ਦੀ ਤਿਆਰੀ ਬਾਰੇ ਦੱਸਿਆ।

 

ਇਹ ਉਜਾਗਰ ਕਰਦੇ ਹੋਏ ਕਿ ਬੰਗਲੁਰੂ ਟੈਕਨੋਲੋਜੀ, ਪ੍ਰਤਿਭਾ ਅਤੇ ਇਨੋਵੇਸ਼ਨ ਨਾਲ ਭਰਪੂਰ ਸ਼ਹਿਰ ਹੈ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਇੱਥੇ ਮੌਜੂਦ ਹਰ ਕੋਈ ਅੱਜ ਉਸ ਊਰਜਾ ਦਾ ਅਨੁਭਵ ਕਰੇਗਾ। ਉਨ੍ਹਾਂ ਦੱਸਿਆ ਕਿ ਇੰਡੀਆ ਐਨਰਜੀ ਵੀਕ ਜੀ-20 ਕੈਲੰਡਰ ਦਾ ਪਹਿਲਾ ਮਹੱਤਵਪੂਰਨ ਐਨਰਜੀ ਈਵੈਂਟ ਹੈ ਅਤੇ ਇਸ ਮੌਕੇ 'ਤੇ ਸਾਰਿਆਂ ਦਾ ਸਵਾਗਤ ਕੀਤਾ।

 

ਪ੍ਰਧਾਨ ਮੰਤਰੀ ਨੇ 21ਵੀਂ ਸਦੀ ਦੀ ਦੁਨੀਆ ਦੇ ਭਵਿੱਖ ਦੀ ਦਿਸ਼ਾ ਤੈਅ ਕਰਨ ਵਿੱਚ ਊਰਜਾ ਖੇਤਰ ਦੀ ਪ੍ਰਮੁੱਖ ਭੂਮਿਕਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ “ਭਾਰਤ ਊਰਜਾ ਪਰਿਵਰਤਨ ਅਤੇ ਊਰਜਾ ਦੇ ਨਵੇਂ ਸਰੋਤਾਂ ਨੂੰ ਵਿਕਸਿਤ ਕਰਨ ਲਈ ਦੁਨੀਆ ਦੀਆਂ ਸਭ ਤੋਂ ਮਜ਼ਬੂਤ ​​ਆਵਾਜ਼ਾਂ ਵਿੱਚੋਂ ਇੱਕ ਹੈ। ਭਾਰਤ ਵਿੱਚ ਬੇਮਿਸਾਲ ਸੰਭਾਵਨਾਵਾਂ ਉਭਰ ਰਹੀਆਂ ਹਨ ਜੋ ਇੱਕ ਵਿਕਸਿਤ ਭਾਰਤ ਦੇ ਸੰਕਲਪ ਨਾਲ ਅੱਗੇ ਵਧ ਰਹੀਆਂ ਹਨ।”

 

ਭਾਰਤ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੀ ਪ੍ਰਮੁੱਖ ਅਰਥਵਿਵਸਥਾ ਹੋਣ ਦੇ ਹਾਲ ਹੀ ਵਿੱਚ ਜਾਰੀ ਕੀਤੇ ਗਏ ਆਈਐੱਮਐੱਫ ਦੇ ਅਨੁਮਾਨਾਂ ਦਾ ਹਵਾਲਾ ਦਿੰਦੇ ਹੋਏ, ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਭਾਰਤ 2022 ਵਿੱਚ ਮਹਾਮਾਰੀ ਅਤੇ ਯੁੱਧ ਦੇ ਯੁਗ ਨਾਲ ਪ੍ਰਭਾਵਿਤ ਦੁਨੀਆ ਵਿੱਚ ਇੱਕ ਗਲੋਬਲ ਬੀਕਨ ਸਪੌਟ ਬਣਿਆ ਹੋਇਆ ਹੈ। ਉਨ੍ਹਾਂ ਭਾਰਤ ਦੇ ਅੰਦਰੂਨੀ ਲਚੀਲੇਪਣ ਨੂੰ ਕ੍ਰੈਡਿਟ ਦਿੱਤਾ ਜਿਸ ਨੇ ਦੇਸ਼ ਨੂੰ ਬਾਹਰੀ ਕਾਰਕਾਂ ਦੇ ਬਾਵਜੂਦ ਰਾਸ਼ਟਰ ਨੂੰ ਕਿਸੇ ਵੀ ਰੁਕਾਵਟ ਨੂੰ ਦੂਰ ਕਰਨ ਦੇ ਸਮਰੱਥ ਬਣਾਇਆ।

 

ਪ੍ਰਧਾਨ ਮੰਤਰੀ ਨੇ ਇਸਦੇ ਲਈ ਕਈ ਕਾਰਕਾਂ ਦਾ ਹਵਾਲਾ ਦਿੱਤਾ, ਪਹਿਲਾ, ਇੱਕ ਸਥਿਰ, ਨਿਰਣਾਇਕ ਸਰਕਾਰ। ਦੂਸਰਾ, ਨਿਰੰਤਰ ਸੁਧਾਰ, ਤੀਸਰਾ, ਜ਼ਮੀਨੀ ਪੱਧਰ 'ਤੇ ਸਮਾਜਿਕ-ਆਰਥਿਕ ਸਸ਼ਕਤੀਕਰਣ। ਪ੍ਰਧਾਨ ਮੰਤਰੀ ਨੇ ਬੈਂਕ ਖਾਤਿਆਂ ਜ਼ਰੀਏ ਵਿੱਤੀ ਸਮਾਵੇਸ਼, ਮੁਫ਼ਤ ਸਿਹਤ ਸੰਭਾਲ਼ ਸੁਵਿਧਾਵਾਂ, ਸੁਰੱਖਿਅਤ ਸੈਨੀਟੇਸ਼ਨ, ਬਿਜਲੀ, ਰਿਹਾਇਸ਼ ਅਤੇ ਪਾਈਪਾਂ ਵਾਲੇ ਪਾਣੀ ਸਮੇਤ ਵਿਸ਼ਾਲ ਸਮਾਜਿਕ ਬੁਨਿਆਦੀ ਢਾਂਚੇ ਬਾਰੇ ਵਿਸਤਾਰ ਨਾਲ ਦੱਸਿਆ, ਜੋ ਕਰੋੜਾਂ ਲੋਕਾਂ ਤੱਕ ਪਹੁੰਚ ਗਿਆ ਹੈ ਅਤੇ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ ਜੋ ਕਈ ਵੱਡੇ ਦੇਸ਼ਾਂ ਦੀ ਆਬਾਦੀ ਤੋਂ ਅਧਿਕ ਹਨ।

 

ਪ੍ਰਧਾਨ ਮੰਤਰੀ ਨੇ ਭਾਰਤ ਦੇ ਕਰੋੜਾਂ ਲੋਕਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਆਈਆਂ ਸਕਾਰਾਤਮਕ ਤਬਦੀਲੀਆਂ ਨੂੰ ਨੋਟ ਕੀਤਾ ਜਿੱਥੇ ਉਹ ਗਰੀਬੀ ਤੋਂ ਬਾਹਰ ਨਿਕਲ ਕੇ ਮੱਧ ਵਰਗ ਦੇ ਪੱਧਰ ਤੱਕ ਪਹੁੰਚ ਗਏ ਹਨ। ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ 6,00,000 ਕਿਲੋਮੀਟਰ ਔਪਟੀਕਲ ਫਾਈਬਰ ਵਿਛਾਏ ਗਏ ਹਨ ਤਾਂ ਜੋ ਹਰ ਪਿੰਡ ਵਿੱਚ ਇੰਟਰਨੈੱਟ ਪਹੁੰਚ ਸਕੇ। ਪਿਛਲੇ 9 ਵਰ੍ਹਿਆਂ ਦੇ ਵਿਕਾਸ 'ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦੇਸ਼ ਵਿੱਚ ਬ੍ਰੌਡਬੈਂਡ ਉਪਭੋਗਤਾਵਾਂ ਦੀ ਸੰਖਿਆ 13 ਗੁਣਾ ਵੱਧ ਗਈ ਹੈ ਅਤੇ ਇੰਟਰਨੈੱਟ ਕਨੈਕਸ਼ਨ ਤਿੰਨ ਗੁਣਾ ਵੱਧ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਸ਼ਹਿਰੀ ਖੇਤਰਾਂ ਦੇ ਮੁਕਾਬਲੇ ਗ੍ਰਾਮੀਣ ਖੇਤਰਾਂ ਵਿੱਚ ਇੰਟਰਨੈੱਟ ਉਪਭੋਗਤਾਵਾਂ ਦੀ ਸੰਖਿਆ ਤੇਜ਼ੀ ਨਾਲ ਵੱਧ ਰਹੀ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਦੁਨੀਆ ਵਿੱਚ ਮੋਬਾਈਲ ਫੋਨਾਂ ਦਾ ਦੂਸਰਾ ਸਭ ਤੋਂ ਵੱਡਾ ਨਿਰਮਾਤਾ ਬਣ ਗਿਆ ਹੈ ਜਿਸ ਨਾਲ ਦੁਨੀਆ ਦੀ ਸਭ ਤੋਂ ਵੱਡੀ ਖਾਹਿਸ਼ੀ ਸ਼੍ਰੇਣੀ ਦਾ ਗਠਨ ਹੋਇਆ ਹੈ। ਉਨ੍ਹਾਂ ਨੇ ਕਿਹਾ "ਭਾਰਤ ਦੇ ਲੋਕ ਬਿਹਤਰ ਉਤਪਾਦ, ਬਿਹਤਰ ਸੇਵਾਵਾਂ ਅਤੇ ਬਿਹਤਰ ਬੁਨਿਆਦੀ ਢਾਂਚਾ ਚਾਹੁੰਦੇ ਹਨ।” ਪ੍ਰਧਾਨ ਮੰਤਰੀ ਨੇ ਆਪਣੀ ਗੱਲ ਨੂੰ ਜਾਰੀ ਰੱਖਿਆ ਅਤੇ ਭਾਰਤੀ ਨਾਗਰਿਕਾਂ ਦੀਆਂ ਇੱਛਾਵਾਂ ਨੂੰ ਸਾਕਾਰ ਕਰਨ ਵਿੱਚ ਊਰਜਾ ਦੀ ਮਹੱਤਵਪੂਰਨ ਭੂਮਿਕਾ ਵੱਲ ਇਸ਼ਾਰਾ ਕੀਤਾ।

 

ਨੇੜਲੇ ਭਵਿੱਖ ਵਿੱਚ ਭਾਰਤ ਵਿੱਚ ਊਰਜਾ ਦੀ ਲੋੜ ਅਤੇ ਮੰਗ ਉੱਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਵਿਕਾਸ ਦੀ ਤੇਜ਼ ਰਫ਼ਤਾਰ ਦੇ ਨਤੀਜੇ ਵਜੋਂ ਨਵੇਂ ਸ਼ਹਿਰ ਵਿਕਸਿਤ ਹੋਣਗੇ। ਅੰਤਰਰਾਸ਼ਟਰੀ ਊਰਜਾ ਸੰਘ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਭਾਰਤ ਦੀ ਊਰਜਾ ਦੀ ਮੰਗ ਮੌਜੂਦਾ ਦਹਾਕੇ ਵਿੱਚ ਸਭ ਤੋਂ ਵੱਧ ਹੋਵੇਗੀ, ਜੋ ਊਰਜਾ ਖੇਤਰ ਵਿੱਚ ਨਿਵੇਸ਼ਕਾਂ ਅਤੇ ਹਿਤਧਾਰਕਾਂ ਲਈ ਇੱਕ ਮੌਕਾ ਪੇਸ਼ ਕਰਦੀ ਹੈ। ਉਨ੍ਹਾਂ ਦੱਸਿਆ ਕਿ ਗਲੋਬਲ ਤੇਲ ਦੀ ਮੰਗ ਵਿੱਚ ਭਾਰਤ ਦੀ ਹਿੱਸੇਦਾਰੀ 5% ਹੈ ਜੋ ਵਧ ਕੇ 11% ਹੋਣ ਦੀ ਸੰਭਾਵਨਾ ਹੈ, ਜਦੋਂ ਕਿ ਭਾਰਤ ਦੀ ਗੈਸ ਦੀ ਮੰਗ 500% ਤੱਕ ਵਧਣ ਦੀ ਸੰਭਾਵਨਾ ਹੈ। ਉਨ੍ਹਾਂ ਰੇਖਾਂਕਿਤ ਕੀਤਾ ਕਿ ਭਾਰਤ ਦੇ ਵਧ ਰਹੇ ਐਨਰਜੀ ਸੈਕਟਰ ਦੁਆਰਾ ਨਿਵੇਸ਼ ਅਤੇ ਸਹਿਯੋਗ ਦੇ ਨਵੇਂ ਮੌਕੇ ਪੈਦਾ ਕੀਤੇ ਜਾ ਰਹੇ ਹਨ।

 

ਪ੍ਰਧਾਨ ਮੰਤਰੀ ਨੇ ਐਨਰਜੀ ਸੈਕਟਰ ਲਈ ਰਣਨੀਤੀ ਲਈ ਚਾਰ ਮੁੱਖ ਵਰਟੀਕਲ ਦੀ ਵਿਆਖਿਆ ਕੀਤੀ। ਪਹਿਲਾ, ਘਰੇਲੂ ਖੋਜ ਅਤੇ ਉਤਪਾਦਨ ਨੂੰ ਵਧਾਉਣਾ, ਦੂਸਰਾ, ਸਪਲਾਈ ਵਿੱਚ ਵਿਵਿਧਤਾ ਲਿਆਉਣਾ, ਅਤੇ ਤੀਸਰਾ, ਬਾਇਓਫਿਊਲ, ਈਥੇਨੌਲ, ਕੰਪਰੈੱਸਡ ਬਾਇਓਗੈਸ ਅਤੇ ਸੋਲਰ ਈਂਧਣ ਦਾ ਵਿਸਤਾਰ ਕਰਨਾ। ਚੌਥਾ, ਇਲੈਕਟ੍ਰਿਕ ਵਾਹਨਾਂ ਅਤੇ ਹਾਈਡ੍ਰੋਜਨ ਜ਼ਰੀਏ ਡੀ-ਕਾਰਬੋਨਾਈਜ਼ੇਸ਼ਨ।  ਇਨ੍ਹਾਂ ਵਰਟੀਕਲਾਂ 'ਤੇ ਵਿਸਤਾਰ ਨਾਲ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਆਪਣੀ ਰਿਫਾਈਨਿੰਗ ਸਮਰੱਥਾ ਲਈ ਚੌਥਾ ਸਭ ਤੋਂ ਵੱਡਾ ਦੇਸ਼ ਹੈ। ਮੌਜੂਦਾ ਸਮਰੱਥਾ 250 ਐੱਮਐੱਮਟੀਪੀਏ ਤੋਂ ਵਧਾ ਕੇ 450 ਐੱਮਐੱਮਟੀਪੀਏ ਕਰਨ ਦੇ ਯਤਨ ਜਾਰੀ ਹਨ। ਉਨ੍ਹਾਂ ਨੇ ਕਿਹਾ "ਅਸੀਂ ਲਗਾਤਾਰ ਆਪਣੀ ਰਿਫਾਇਨਿੰਗ ਸਮਰੱਥਾ ਨੂੰ ਸਵਦੇਸ਼ੀ, ਆਧੁਨਿਕ ਅਤੇ ਅੱਪਗ੍ਰੇਡ ਕਰ ਰਹੇ ਹਾਂ।” ਇਸੇ ਤਰ੍ਹਾਂ ਭਾਰਤ ਪੈਟਰੋ ਕੈਮੀਕਲ ਉਤਪਾਦਨ ਸਮਰੱਥਾ ਨੂੰ ਵਧਾਉਣ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਉਦਯੋਗ ਦੀ ਲੀਡਰਸ਼ਿਪ ਨੂੰ ਕਿਹਾ ਕਿ ਉਹ ਟੈਕਨੋਲੋਜੀ ਅਤੇ ਭਾਰਤ ਦੇ ਸਟਾਰਟਅੱਪ ਈਕੋਸਿਸਟਮ ਦੀ ਵਰਤੋਂ ਆਪਣੇ ਊਰਜਾ ਲੈਂਡਸਕੇਪ ਨੂੰ ਵਧਾਉਣ ਲਈ ਕਰਨ।

 

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਰਕਾਰ 2030 ਤੱਕ ਆਪਣੇ ਊਰਜਾ ਮਿਸ਼ਰਣ ਵਿੱਚ ਕੁਦਰਤੀ ਗੈਸ ਦੀ ਖਪਤ ਨੂੰ 6% ਤੋਂ ਵਧਾ ਕੇ 15% ਕਰਨ ਲਈ ਮਿਸ਼ਨ ਮੋਡ 'ਤੇ ਕੰਮ ਕਰ ਰਹੀ ਹੈ ਜਿੱਥੇ 'ਇੱਕ ਰਾਸ਼ਟਰ ਇੱਕ ਗਰਿੱਡ' ਦੁਆਰਾ ਲੋੜੀਂਦਾ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ, “ਸਰਕਾਰ ਐੱਲਐੱਨਜੀ ਟਰਮੀਨਲ ਦੇ ਪੁਨਰਗਠਨ ਦੀ ਸਮਰੱਥਾ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।  ਉਨ੍ਹਾਂ ਅੱਗੇ ਕਿਹਾ ਕਿ 2022 ਵਿੱਚ 21 ਐੱਮਐੱਮਟੀਪੀਏ ਦੀ ਟਰਮੀਨਲ ਰੀਗੈਸੀਫਿਕੇਸ਼ਨ ਸਮਰੱਥਾ ਦੁੱਗਣੀ ਹੋ ਗਈ ਹੈ ਜਦਕਿ ਇਸ ਨੂੰ ਹੋਰ ਵਧਾਉਣ ਲਈ ਪ੍ਰਯਾਸ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦੇਸ਼ ਵਿੱਚ ਸੀਜੀਡੀ ਦੀ ਸੰਖਿਆ 9 ਗੁਣਾ ਵੱਧ ਗਈ ਹੈ ਅਤੇ ਸੀਐੱਨਜੀ ਸਟੇਸ਼ਨਾਂ ਦੀ ਸੰਖਿਆ 2014 ਵਿੱਚ ਦੇ 900 ਤੋਂ ਵੱਧ ਕੇ 5000 ਹੋ ਗਈ ਹੈ। ਪ੍ਰਧਾਨ ਮੰਤਰੀ ਨੇ ਗੈਸ ਪਾਈਪਲਾਈਨ ਨੈੱਟਵਰਕ ਦਾ ਵੀ ਜ਼ਿਕਰ ਕੀਤਾ ਜੋ 2014 ਵਿੱਚ 14,000 ਤੋਂ ਵੱਧ ਕੇ 22,000 ਕਿਲੋਮੀਟਰ ਹੋ ਗਿਆ ਹੈ।  ਅਤੇ ਇਸ਼ਾਰਾ ਕੀਤਾ ਕਿ ਅਗਲੇ 4-5 ਵਰ੍ਹਿਆਂ ਵਿੱਚ ਨੈੱਟਵਰਕ 35,000 ਕਿਲੋਮੀਟਰ ਤੱਕ ਫੈਲ ਜਾਵੇਗਾ।

 

ਘਰੇਲੂ ਖੋਜ ਅਤੇ ਉਤਪਾਦਨ 'ਤੇ ਭਾਰਤ ਦੇ ਜ਼ੋਰ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਈਪੀ ਸੈਕਟਰ ਨੇ ਹੁਣ ਤੱਕ ਪਹੁੰਚ ਤੋਂ ਬਾਹਰ ਸਮਝੇ ਜਾਂਦੇ ਖੇਤਰਾਂ ਵਿੱਚ ਦਿਲਚਸਪੀ ਦਿਖਾਈ ਹੈ। ਉਨ੍ਹਾਂ ਨੇ ਕਿਹਾ “ਅਸੀਂ 'ਨੋ-ਗੋ' ਖੇਤਰਾਂ ਨੂੰ ਘਟਾ ਦਿੱਤਾ ਹੈ।  ਇਸ ਕਾਰਨ 10 ਲੱਖ ਵਰਗ ਕਿਲੋਮੀਟਰ ਖੇਤਰ ਨੋ-ਗੋ ਦੀਆਂ ਪਾਬੰਦੀਆਂ ਤੋਂ ਮੁਕਤ ਹੋ ਗਿਆ ਹੈ।  ਮੈਂ ਸਾਰੇ ਨਿਵੇਸ਼ਕਾਂ ਨੂੰ ਇਨ੍ਹਾਂ ਮੌਕਿਆਂ ਦੀ ਵਰਤੋਂ ਕਰਨ, ਅਤੇ ਜੈਵਿਕ ਈਂਧਣ ਦੀ ਖੋਜ ਵਿੱਚ ਆਪਣੀ ਮੌਜੂਦਗੀ ਵਧਾਉਣ ਲਈ ਤਾਕੀਦ ਕਰਾਂਗਾ।”

 

ਬਾਇਓ-ਊਰਜਾ ਦੇ ਵਿਸਤਾਰ ਬਾਰੇ ਪ੍ਰਧਾਨ ਮੰਤਰੀ ਨੇ ਪਿਛਲੇ ਸਾਲ ਅਗਸਤ ਵਿੱਚ ਪਹਿਲੀ 2ਜੀ ਈਥੇਨੌਲ ਬਾਇਓ-ਰਿਫਾਇਨਰੀ ਬਾਰੇ ਗੱਲ ਕੀਤੀ ਅਤੇ ਕਿਹਾ ਕਿ 12 ਵਪਾਰਕ 2ਜੀ ਈਥੇਨੌਲ ਪਲਾਂਟਾਂ ਦੀ ਤਿਆਰੀ ਚਲ ਰਹੀ ਹੈ। ਇਸੇ ਤਰ੍ਹਾਂ, ਪ੍ਰਯਾਸ ਟਿਕਾਊ ਹਵਾਬਾਜ਼ੀ ਬਾਲਣ ਅਤੇ ਰੀਨਿਊਏਬਲ ਡੀਜ਼ਲ ਦੀ ਵਪਾਰਕ ਸੰਭਾਵਨਾ ਦੀ ਦਿਸ਼ਾ ਵਿੱਚ ਹਨ। ਇਸ ਸਾਲ ਦੇ ਬਜਟ ਦੀਆਂ ਵਿਵਸਥਾਵਾਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ 500 ਨਵੇਂ 'ਵੇਸਟ ਟੂ ਵੈਲਥ' ਗੋਬਰਧਨ ਪਲਾਂਟਾਂ, 200 ਕੰਪਰੈੱਸਡ ਬਾਇਓਗੈਸ ਪਲਾਂਟਾਂ ਅਤੇ 300 ਕਮਿਊਨਿਟੀ-ਅਧਾਰਿਤ ਪਲਾਂਟਾਂ ਬਾਰੇ ਜਾਣਕਾਰੀ ਦਿੱਤੀ ਜੋ ਨਿਵੇਸ਼ ਦੇ ਨਵੇਂ ਮੌਕੇ ਪੈਦਾ ਕਰਨਗੇ।

 

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, "ਰਾਸ਼ਟਰੀ ਗ੍ਰੀਨ ਹਾਈਡ੍ਰੋਜਨ ਮਿਸ਼ਨ 21ਵੀਂ ਸਦੀ ਦੇ ਭਾਰਤ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕਰੇਗਾ।" ਉਨ੍ਹਾਂ ਰੇਖਾਂਕਿਤ ਕੀਤਾ ਕਿ ਦੇਸ਼ ਇਸ ਦਹਾਕੇ ਦੇ ਅੰਤ ਤੱਕ 5 ਐੱਮਐੱਮਟੀਪੀਏ ਗ੍ਰੀਨ ਹਾਈਡ੍ਰੋਜਨ ਦਾ ਉਤਪਾਦਨ ਕਰਨ ਦਾ ਲਕਸ਼ ਰੱਖ ਰਿਹਾ ਹੈ ਜਿਸ ਨਾਲ 8 ਲੱਖ ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਦੀ ਸੰਭਾਵਨਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਗ੍ਰੇਅ ਹਾਈਡ੍ਰੋਜਨ ਦੀ ਥਾਂ 'ਤੇ ਗ੍ਰੀਨ ਹਾਈਡ੍ਰੋਜਨ ਦੀ ਹਿੱਸੇਦਾਰੀ ਵਧਾ ਕੇ 25 ਫੀਸਦੀ ਕਰੇਗਾ।

 

ਪ੍ਰਧਾਨ ਮੰਤਰੀ ਨੇ ਇਲੈਕਟ੍ਰਿਕ ਵਹੀਕਲਜ਼ (ਈਵੀਜ਼) ਵਿੱਚ ਬੈਟਰੀ ਦੀ ਲਾਗਤ ਦੇ ਮਹੱਤਵਪੂਰਨ ਵਿਸ਼ੇ ਨੂੰ ਵੀ ਛੂਹਿਆ ਅਤੇ ਨੋਟ ਕੀਤਾ ਕਿ ਇਸਦੀ ਕੀਮਤ ਕਾਰ ਦੀ ਕੀਮਤ ਦਾ 40-50 ਪ੍ਰਤੀਸ਼ਤ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ 18,000 ਕਰੋੜ ਰੁਪਏ ਦੀ ਇੱਕ ਪ੍ਰੋਡਕਸ਼ਨ ਲਿੰਕਡ ਇੰਸੈਂਟਿਵ (ਪੀਐੱਲਆਈ) ਸਕੀਮ ਸ਼ੁਰੂ ਕੀਤੀ ਹੈ ਜੋ ਕਿ 50 ਗੀਗਾਵਾਟ ਘੰਟਿਆਂ ਦੇ ਅਡਵਾਂਸ ਕੈਮਿਸਟਰੀ ਸੈੱਲਾਂ ਦੇ ਨਿਰਮਾਣ ਵੱਲ ਇੱਕ ਮਹੱਤਵਪੂਰਨ ਕਦਮ ਹੋਵੇਗਾ।

 

ਪ੍ਰਧਾਨ ਮੰਤਰੀ ਨੇ ਨਵੇਂ ਬਜਟ ਵਿੱਚ ਅਖੁੱਟ ਊਰਜਾ, ਊਰਜਾ ਦਕਸ਼ਤਾ, ਟਿਕਾਊ ਆਵਾਜਾਈ ਅਤੇ ਗ੍ਰੀਨ ਟੈਕਨੋਲੋਜੀਆਂ 'ਤੇ ਜ਼ੋਰ ਦੇਣ ਦੀ ਵਿਸਤ੍ਰਿਤ ਵਿਆਖਿਆ ਕੀਤੀ। ਊਰਜਾ ਪਰਿਵਰਤਨ ਅਤੇ ਸ਼ੁੱਧ-ਜ਼ੀਰੋ ਉਦੇਸ਼ਾਂ ਨੂੰ ਅੱਗੇ ਵਧਾਉਣ ਲਈ ਤਰਜੀਹੀ ਪੂੰਜੀ ਨਿਵੇਸ਼ ਲਈ 35,000 ਕਰੋੜ ਰੁਪਏ ਰੱਖੇ ਗਏ ਹਨ।  10 ਲੱਖ ਕਰੋੜ ਰੁਪਏ ਦੇ ਪੂੰਜੀਗਤ ਖਰਚੇ ਦੀ ਵਿਵਸਥਾ ਗ੍ਰੀਨ ਹਾਈਡ੍ਰੋਜਨ, ਸੋਲਰ ਤੋਂ ਲੈ ਕੇ ਸੜਕੀ ਬੁਨਿਆਦੀ ਢਾਂਚੇ ਤੱਕ ਨੂੰ ਹੁਲਾਰਾ ਦੇਵੇਗੀ।

 

ਉਨ੍ਹਾਂ ਨੇ ਗ੍ਰੀਨ ਐਨਰਜੀ ਪਹਿਲ ਬਾਰੇ ਵਿਸਤਾਰ ਨਾਲ ਦੱਸਦਿਆਂ ਕਿਹਾ ਕਿ ਪਿਛਲੇ 9 ਵਰ੍ਹਿਆਂ ਵਿੱਚ, ਅਖੁੱਟ ਊਰਜਾ ਸਮਰੱਥਾ 70 ਗੀਗਾਵਾਟ ਤੋਂ ਵੱਧ ਕੇ ਲਗਭਗ 170 ਗੀਗਾਵਾਟ ਤੱਕ ਪਹੁੰਚ ਗਈ ਹੈ, ਜਿਸ ਵਿੱਚ ਸੌਰ ਊਰਜਾ ਵਿੱਚ 20 ਗੁਣਾ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਪਵਨ ਊਰਜਾ ਸਮਰੱਥਾ ਵਿੱਚ ਚੌਥੇ ਨੰਬਰ 'ਤੇ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ “ਅਸੀਂ ਇਸ ਦਹਾਕੇ ਦੇ ਅੰਤ ਤੱਕ 50% ਗ਼ੈਰ-ਜੀਵਾਸ਼ਮ ਈਂਧਣ ਸਮਰੱਥਾ ਪ੍ਰਾਪਤ ਕਰਨ ਦਾ ਲਕਸ਼ ਰੱਖ ਰਹੇ ਹਾਂ। ਅਸੀਂ ਬਾਇਓਫਿਊਲ, ਅਤੇ ਈਥੇਨੌਲ ਮਿਸ਼ਰਣ 'ਤੇ ਵੀ ਬਹੁਤ ਤੇਜ਼ੀ ਨਾਲ ਕੰਮ ਕਰ ਰਹੇ ਹਾਂ। ਪਿਛਲੇ 9 ਵਰ੍ਹਿਆਂ ਵਿੱਚ ਅਸੀਂ ਪੈਟਰੋਲ ਵਿੱਚ ਈਥੇਨੌਲ ਦੀ ਮਿਲਾਵਟ 1.5 ਫੀਸਦੀ ਤੋਂ ਵਧਾ ਕੇ 10 ਫੀਸਦੀ ਕਰ ਦਿੱਤੀ ਹੈ। ਹੁਣ ਅਸੀਂ 20 ਪ੍ਰਤੀਸ਼ਤ ਈਥੇਨੌਲ ਮਿਸ਼ਰਣ ਦੇ ਲਕਸ਼ ਵੱਲ ਵਧ ਰਹੇ ਹਾਂ।” ਅੱਜ ਈ-20 ਰੋਲਆਊਟ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਰੋਲਆਊਟ ਦਾ ਪਹਿਲਾ ਪੜਾਅ 15 ਸ਼ਹਿਰਾਂ ਨੂੰ ਕਵਰ ਕਰੇਗਾ ਅਤੇ ਦੋ ਸਾਲਾਂ ਦੇ ਅੰਦਰ ਇਸ ਨੂੰ ਪੂਰੇ ਦੇਸ਼ ਵਿੱਚ ਫੈਲਾਇਆ ਜਾਵੇਗਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਊਰਜਾ ਪਰਿਵਰਤਨ ਦੇ ਸਬੰਧ ਵਿੱਚ ਭਾਰਤ ਵਿੱਚ ਚਲ ਰਿਹਾ ਜਨ ਅੰਦੋਲਨ ਇੱਕ ਕੇਸ ਅਧਿਐਨ ਦਾ ਵਿਸ਼ਾ ਬਣ ਗਿਆ ਹੈ। ਪ੍ਰਧਾਨ ਮੰਤਰੀ ਨੇ ਭਾਰਤ ਦੇ ਨਾਗਰਿਕਾਂ ਦੁਆਰਾ ਊਰਜਾ ਦੇ ਰਿਨਿਊਏਬਲ ਸਰੋਤਾਂ ਨੂੰ ਤੇਜ਼ੀ ਨਾਲ ਅਪਣਾਏ ਜਾਣ ਬਾਰੇ ਦੱਸਿਆ “ਇਹ ਦੋ ਤਰੀਕਿਆਂ ਨਾਲ ਹੋ ਰਿਹਾ ਹੈ: ਪਹਿਲਾ, ਊਰਜਾ ਦੇ ਰਿਨਿਊਏਬਲ ਸਰੋਤਾਂ ਨੂੰ ਤੇਜ਼ੀ ਨਾਲ ਅਪਣਾਉਣਾ ਅਤੇ ਦੂਸਰਾ, ਊਰਜਾ ਸੰਭਾਲ਼ ਦੇ ਪ੍ਰਭਾਵੀ ਤਰੀਕਿਆਂ ਨੂੰ ਅਪਣਾਉਣਾ।” ਉਨ੍ਹਾਂ ਸੌਰ ਊਰਜਾ 'ਤੇ ਚਲਣ ਵਾਲੇ ਘਰਾਂ, ਪਿੰਡਾਂ ਅਤੇ ਹਵਾਈ ਅੱਡਿਆਂ ਅਤੇ ਸੋਲਰ ਪੰਪਾਂ ਨਾਲ ਕੀਤੀਆਂ ਜਾਣ ਵਾਲੀਆਂ ਖੇਤੀਬਾੜੀ ਗਤੀਵਿਧੀਆਂ ਦੀਆਂ ਉਦਾਹਰਣਾਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਭਾਰਤ ਨੇ ਪਿਛਲੇ 9 ਵਰ੍ਹਿਆਂ ਵਿੱਚ 19 ਕਰੋੜ ਤੋਂ ਵੱਧ ਪਰਿਵਾਰਾਂ ਨੂੰ ਖਾਣਾ ਪਕਾਉਣ ਵਾਲੇ ਕਲੀਨ ਈਂਧਣ ਨਾਲ ਜੋੜਿਆ ਹੈ। ਅੱਜ ਲਾਂਚ ਕੀਤੇ ਗਏ ਸੋਲਰ ਕੁੱਕਟੌਪ 'ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਭਾਰਤ ਵਿੱਚ ਗ੍ਰੀਨ ਅਤੇ ਕਲੀਨ ਕੁਕਿੰਗ ਨੂੰ ਇੱਕ ਨਵਾਂ ਆਯਾਮ ਦੇਣ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ "ਅਗਲੇ 2-3 ਵਰ੍ਹਿਆਂ ਵਿੱਚ 3 ਕਰੋੜ ਤੋਂ ਵੱਧ ਪਰਿਵਾਰਾਂ ਨੂੰ ਸੋਲਰ ਕੁੱਕਟੌਪ ਦੀ ਪਹੁੰਚ ਹੋਵੇਗੀ।” ਉਨ੍ਹਾਂ ਨੇ ਕਿਹਾ “ਭਾਰਤ ਵਿੱਚ 25 ਕਰੋੜ ਤੋਂ ਵੱਧ ਪਰਿਵਾਰਾਂ ਦੇ ਨਾਲ, ਇਹ ਰਸੋਈ ਵਿੱਚ ਇੱਕ ਕ੍ਰਾਂਤੀ ਲਿਆਵੇਗਾ।" ਘਰਾਂ ਅਤੇ ਸਟਰੀਟ ਲਾਈਟਾਂ ਵਿੱਚ ਐੱਲਈਡੀ ਬਲਬਾਂ, ਘਰ ਵਿੱਚ ਸਮਾਰਟ ਮੀਟਰ, ਸੀਐੱਨਜੀ ਅਤੇ ਐੱਲਐੱਨਜੀ ਨੂੰ ਅਪਣਾਉਣ ਅਤੇ ਇਲੈਕਟ੍ਰਿਕ ਵਾਹਨਾਂ ਦੀ ਵੱਧਦੀ ਪ੍ਰਸਿੱਧੀ ਦੀਆਂ ਉਦਾਹਰਣਾਂ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਊਰਜਾ ਸੰਭਾਲ਼ ਦੇ ਪ੍ਰਭਾਵੀ ਤਰੀਕਿਆਂ ਵੱਲ ਤੇਜ਼ੀ ਨਾਲ ਬਦਲ ਰਹੇ ਰੁਝਾਨਾਂ ਨੂੰ ਉਜਾਗਰ ਕੀਤਾ।

 

ਪ੍ਰਧਾਨ ਮੰਤਰੀ ਨੇ ਗ੍ਰੀਨ ਵਿਕਾਸ ਅਤੇ ਊਰਜਾ ਤਬਦੀਲੀ ਲਈ ਭਾਰਤ ਦੇ ਪ੍ਰਯਾਸਾਂ ਨੂੰ ਭਾਰਤੀ ਕਦਰਾਂ-ਕੀਮਤਾਂ ਨਾਲ ਜੋੜਿਆ ਜਿੱਥੇ ਸਰਕੂਲਰ ਅਰਥਵਿਵਸਥਾ ਹਰ ਭਾਰਤੀ ਦੀ ਜੀਵਨ ਸ਼ੈਲੀ ਦਾ ਹਿੱਸਾ ਹੈ ਅਤੇ ਰੀਡਿਊਸ, ਰੀਯੂਜ਼ ਅਤੇ ਰੀਸਾਈਕਲ ਕਲਚਰ ਦਾ ਹਿੱਸਾ ਹੈ। ਉਨ੍ਹਾਂ ਨੇ ਕਿਹਾ ਕਿ ਪਲਾਸਟਿਕ ਦੀਆਂ ਬੋਤਲਾਂ ਨੂੰ ਵਰਦੀਆਂ ਵਿੱਚ ਰੀਸਾਈਕਲ ਕਰਨ ਦੀ ਪਹਿਲ ਮਿਸ਼ਨ ਲਾਈਫ (Mission LiFE) ਨੂੰ ਮਜ਼ਬੂਤ ​​ਕਰੇਗੀ।

 

ਆਪਣੇ ਸੰਬੋਧਨ ਦੀ ਸਮਾਪਤੀ ਕਰਦਿਆਂ, ਪ੍ਰਧਾਨ ਮੰਤਰੀ ਨੇ ਸਟੇਕਹੋਲਡਰਾਂ ਨੂੰ ਭਾਰਤ ਦੇ ਊਰਜਾ ਖੇਤਰ ਨਾਲ ਸਬੰਧਿਤ ਹਰੇਕ ਸੰਭਾਵਨਾ ਦਾ ਪਤਾ ਲਗਾਉਣ ਅਤੇ ਇਸ ਨਾਲ ਜੁੜਨ ਦਾ ਸੱਦਾ ਦਿੱਤਾ।  ਇਹ ਕਹਿ ਕੇ ਉਨ੍ਹਾਂ ਸਮਾਪਤੀ ਕੀਤੀ "ਅੱਜ ਭਾਰਤ ਤੁਹਾਡੇ ਨਿਵੇਸ਼ ਲਈ ਦੁਨੀਆ ਦਾ ਸਭ ਤੋਂ ਢੁਕਵਾਂ ਸਥਾਨ ਹੈ।”

 

ਇਸ ਮੌਕੇ ਕਰਨਾਟਕ ਦੇ ਰਾਜਪਾਲ ਸ਼੍ਰੀ ਥਾਵਰ ਚੰਦ ਗਹਿਲੋਤ, ਕਰਨਾਟਕ ਦੇ ਮੁੱਖ ਮੰਤਰੀ ਸ਼੍ਰੀ ਬਸਵਰਾਜ ਬੋਮਈ, ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਅਤੇ ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਅਤੇ ਹੋਰ ਪਤਵੰਤੇ ਹਾਜ਼ਰ ਸਨ।  

 

ਪਿਛੋਕੜ

 

ਇੰਡੀਆ ਐਨਰਜੀ ਵੀਕ 6 ਤੋਂ 8 ਫਰਵਰੀ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਇਸਦਾ ਉਦੇਸ਼ ਊਰਜਾ ਪਰਿਵਰਤਨ ਪਾਵਰਹਾਊਸ ਦੇ ਰੂਪ ਵਿੱਚ ਭਾਰਤ ਦੇ ਉੱਭਰਦੇ ਕੌਸ਼ਲ ਨੂੰ ਪ੍ਰਦਰਸ਼ਿਤ ਕਰਨਾ ਹੈ। ਇਹ ਈਵੈਂਟ ਪਰੰਪਰਾਗਤ ਅਤੇ ਗ਼ੈਰ-ਪਰੰਪਰਾਗਤ ਊਰਜਾ ਉਦਯੋਗ, ਸਰਕਾਰਾਂ ਅਤੇ ਅਕਾਦਮਿਕ ਜਗਤ ਦੇ ਲੀਡਰਾਂ ਨੂੰ ਇੱਕ ਜ਼ਿੰਮੇਵਾਰ ਊਰਜਾ ਤਬਦੀਲੀ ਪੇਸ਼ ਕਰਨ ਵਾਲੀਆਂ ਚੁਣੌਤੀਆਂ ਅਤੇ ਮੌਕਿਆਂ 'ਤੇ ਚਰਚਾ ਕਰਨ ਲਈ ਇਕੱਠੇ ਕਰੇਗਾ। ਇਸ ਵਿੱਚ ਦੁਨੀਆ ਭਰ ਦੇ 30 ਤੋਂ ਵੱਧ ਮੰਤਰੀਆਂ ਦੀ ਮੌਜੂਦਗੀ ਦੇਖਣ ਨੂੰ ਮਿਲੇਗੀ।  ਭਾਰਤ ਦੇ ਊਰਜਾ ਭਵਿੱਖ ਦੀਆਂ ਚੁਣੌਤੀਆਂ ਅਤੇ ਮੌਕਿਆਂ 'ਤੇ ਚਰਚਾ ਕਰਨ ਲਈ 30,000 ਤੋਂ ਵੱਧ ਡੈਲੀਗੇਟ, 1,000 ਪ੍ਰਦਰਸ਼ਕ ਅਤੇ 500 ਬੁਲਾਰੇ ਇਕੱਠੇ ਹੋਣਗੇ।

 

ਪ੍ਰਧਾਨ ਮੰਤਰੀ ਨੇ ਇੰਡੀਅਨ ਆਇਲ ਦੀ ‘ਅਨਬੋਟਲਡ’ ਪਹਿਲ ਤਹਿਤ ਵਰਦੀਆਂ ਵੀ ਲਾਂਚ ਕੀਤੀਆਂ। ਪ੍ਰਧਾਨ ਮੰਤਰੀ ਦੇ ਸਿੰਗਲ-ਯੂਜ਼ ਪਲਾਸਟਿਕ ਨੂੰ ਖ਼ਤਮ ਕਰਨ ਦੇ ਵਿਜ਼ਨ ਤੋਂ ਸੇਧਿਤ, ਇੰਡੀਅਨ ਆਇਲ ਨੇ ਰੀਸਾਈਕਲ ਕੀਤੇ ਪੌਲੀਏਸਟਰ (ਆਰਪੀਈਟੀ) ਅਤੇ ਕਪਾਹ ਤੋਂ ਬਣੇ ਪ੍ਰਚੂਨ ਗਾਹਕ ਅਟੈਂਡੈਂਟਸ ਅਤੇ ਐੱਲਪੀਜੀ ਡਿਲੀਵਰੀ ਕਰਮਚਾਰੀਆਂ ਲਈ ਵਰਦੀਆਂ ਅਪਣਾਈਆਂ ਹਨ। ਇੰਡੀਅਨ ਆਇਲ ਦੇ ਗਾਹਕ ਅਟੈਂਡੈਂਟਸ ਦੀ ਵਰਦੀ ਦਾ ਹਰੇਕ ਸੈੱਟ ਲਗਭਗ 28 ਵਰਤੀਆਂ ਗਈਆਂ ਪੀਈਟੀ ਬੋਤਲਾਂ ਦੀ ਰੀਸਾਈਕਲਿੰਗ ਦਾ ਸਮਰਥਨ ਕਰੇਗਾ। ਇੰਡੀਅਨ ਆਇਲ ਇਸ ਪਹਿਲ ਨੂੰ ‘ਅਨਬੋਟਲਡ’ - ਰੀਸਾਈਕਲ ਕੀਤੇ ਪੌਲੀਏਸਟਰ ਤੋਂ ਬਣੇ ਵਪਾਰ ਲਈ ਲਾਂਚ ਕੀਤੇ ਟਿਕਾਊ ਕੱਪੜਿਆਂ ਲਈ ਇੱਕ ਬ੍ਰਾਂਡ - ਜ਼ਰੀਏ ਅੱਗੇ ਵਧਾ ਰਿਹਾ ਹੈ। ਇਸ ਬ੍ਰਾਂਡ ਦੇ ਤਹਿਤ, ਇੰਡੀਅਨ ਆਇਲ ਨੇ ਹੋਰ ਤੇਲ ਮਾਰਕਿਟਿੰਗ ਕੰਪਨੀਆਂ ਦੇ ਗਾਹਕ ਅਟੈਂਡੈਂਟਸ ਲਈ ਵਰਦੀਆਂ, ਫੌਜ ਲਈ ਗ਼ੈਰ-ਲੜਾਈ ਯੂਨੀਫਾਰਮਸ, ਸੰਸਥਾਵਾਂ ਲਈ ਵਰਦੀਆਂ/ਪਹਿਰਾਵੇ ਅਤੇ ਪ੍ਰਚੂਨ ਗਾਹਕਾਂ ਨੂੰ ਵਿਕਰੀ ਦੀ ਲੋੜ ਨੂੰ ਪੂਰਾ ਕਰਨ ਦਾ ਲਕਸ਼ ਰੱਖਿਆ ਹੈ।

 

ਪ੍ਰਧਾਨ ਮੰਤਰੀ ਨੇ ਇੰਡੀਅਨ ਆਇਲ ਦੇ ਇਨਡੋਰ ਸੋਲਰ ਕੁਕਿੰਗ ਸਿਸਟਮ ਦੇ ਟਵਿਨ-ਕੁੱਕਟੌਪ ਮਾਡਲ ਨੂੰ ਵੀ ਲਾਂਚ ਕੀਤਾ ਅਤੇ ਇਸ ਦੇ ਵਪਾਰਕ ਰੋਲ-ਆਊਟ ਨੂੰ ਹਰੀ ਝੰਡੀ ਦਿਖਾਈ। ਇੰਡੀਅਨ ਆਇਲ ਨੇ ਪਹਿਲਾਂ ਇੱਕ ਸਿੰਗਲ ਕੁੱਕਟੌਪ ਦੇ ਨਾਲ ਇੱਕ ਇਨੋਵੇਟਿਵ ਅਤੇ ਪੇਟੈਂਟ ਇਨਡੋਰ ਸੋਲਰ ਕੁਕਿੰਗ ਸਿਸਟਮ ਵਿਕਸਿਤ ਕੀਤਾ ਸੀ।  ਪ੍ਰਾਪਤ ਫੀਡਬੈਕ ਦੇ ਅਧਾਰ 'ਤੇ, ਟਵਿਨ-ਕੁੱਕਟੌਪ ਇਨਡੋਰ ਸੋਲਰ ਕੁਕਿੰਗ ਸਿਸਟਮ ਨੂੰ ਉਪਭੋਗਤਾਵਾਂ ਨੂੰ ਵਧੇਰੇ ਸੁਵਿਧਾਜਨਕ ਬਣਾਉਣ ਅਤੇ ਸਰਲਤਾ ਦੀ ਪੇਸ਼ਕਸ਼ ਕਰਨ ਲਈ ਤਿਆਰ ਕੀਤਾ ਗਿਆ ਹੈ। ਇਹ ਇੱਕ ਕ੍ਰਾਂਤੀਕਾਰੀ ਇਨਡੋਰ ਸੋਲਰ ਕੁਕਿੰਗ ਸਮਾਧਾਨ ਹੈ ਜੋ ਸੋਲਰ ਅਤੇ ਸਹਾਇਕ ਊਰਜਾ ਸਰੋਤਾਂ 'ਤੇ ਇੱਕੋ ਸਮੇਂ ਕੰਮ ਕਰਦਾ ਹੈ, ਇਸ ਨੂੰ ਭਾਰਤ ਲਈ ਇੱਕ ਭਰੋਸੇਮੰਦ ਕੁਕਿੰਗ ਸਮਾਧਾਨ ਬਣਾਉਂਦਾ ਹੈ।

 

 

 

 

 

 

 

 

 

 

 

 

 

 

 


 

 ********ਡੀਐੱਸ/ਟੀਐੱਸ (Release ID: 1896842) Visitor Counter : 140