ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 6 ਅਤੇ 7 ਜਨਵਰੀ ਨੂੰ ਦਿੱਲੀ ਵਿੱਚ ਮੁੱਖ ਸਕੱਤਰਾਂ ਦੇ ਦੂਸਰੇ ਰਾਸ਼ਟਰੀ ਸੰਮੇਲਨ ਦੀ ਪ੍ਰਧਾਨਗੀ ਕਰਨਗੇ



ਐੱਮਐੱਸਐੱਮਈ, ਬੁਨਿਆਦੀ ਢਾਂਚਾ ਅਤੇ ਨਿਵੇਸ਼, ਅਨੁਪਾਲਨ ਨੂੰ ਨਿਊਨਤਮ ਕਰਨਾ, ਮਹਿਲਾ ਸਸ਼ਕਤੀਕਰਣ, ਸਿਹਤ ਅਤੇ ਪੋਸ਼ਣ, ਕੌਸ਼ਲ ਵਿਕਾਸ ਨਾਲ ਸਬੰਧਿਤ ਛੇ ਵਿਸ਼ਿਆਂ 'ਤੇ ਚਰਚਾ ਕੀਤੀ ਜਾਵੇਗੀ



ਵਿਕਸਿਤ ਭਾਰਤ 'ਤੇ ਆਯੋਜਿਤ ਕੀਤੇ ਜਾਣ ਵਾਲੇ ਤਿੰਨ ਵਿਸ਼ੇਸ਼ ਸੈਸ਼ਨ: ਆਖਰੀ ਮੀਲ ਤੱਕ ਪਹੁੰਚ, ਜੀਐੱਸਟੀ ਅਤੇ ਆਲਮੀ ਭੂ-ਰਾਜਨੀਤਿਕ ਚੁਣੌਤੀਆਂ ਅਤੇ ਭਾਰਤ ਦੀ ਪ੍ਰਤੀਕਿਰਿਆ



ਸੰਮੇਲਨ ਵਿੱਚ ਚਾਰ ਵਿਸ਼ਿਆਂ ਜਿਵੇਂ ਵੋਕਲ ਫੌਰ ਵੋਕਲ, ਮੋਟੇ ਅਨਾਜ ਦਾ ਅੰਤਰਰਾਸ਼ਟਰੀ ਸਾਲ, ਜੀ20: ਰਾਜਾਂ ਦੀ ਭੂਮਿਕਾ ਅਤੇ ਉੱਭਰਦੀਆਂ ਟੈਕਨੋਲੋਜੀਆਂ 'ਤੇ ਕੇਂਦ੍ਰਿਤ ਵਿਚਾਰ-ਵਟਾਂਦਰਾ ਕੀਤਾ ਜਾਵੇਗਾ



ਇੱਕ ਦੂਸਰੇ ਤੋਂ ਸਿੱਖਣ ਲਈ ਹਰੇਕ ਥੀਮ ਦੇ ਤਹਿਤ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਬਿਹਤਰੀਨ ਪਿਰਤਾਂ ਵੀ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ



ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਪਹਿਲਾਂ ਆਯੋਜਿਤ ਤਿੰਨ ਵਰਚੁਅਲ ਸੰਮੇਲਨਾਂ ਦੇ ਨਤੀਜੇ ਵੀ ਇਸ ਸੰਮੇਲਨ ਵਿੱਚ ਪੇਸ਼ ਕੀਤੇ ਜਾਣਗੇ



ਪਿਛਲੇ ਤਿੰਨ ਮਹੀਨਿਆਂ ਵਿੱਚ 150 ਤੋਂ ਵੱਧ ਮੀਟਿੰਗਾਂ ਵਿੱਚ ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਦਰਮਿਆਨ ਵਿਆਪਕ ਵਿਚਾਰ-ਵਟਾਂਦਰੇ ਤੋਂ ਬਾਅਦ ਸੰਮੇਲਨ ਦਾ ਏਜੰਡਾ ਤੈਅ ਕੀਤਾ ਗਿਆ ਹੈ

Posted On: 04 JAN 2023 8:40PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 6 ਅਤੇ 7 ਜਨਵਰੀ, 2023 ਨੂੰ ਦਿੱਲੀ ਵਿੱਚ ਮੁੱਖ ਸਕੱਤਰਾਂ ਦੇ ਦੂਸਰੇ ਰਾਸ਼ਟਰੀ ਸੰਮੇਲਨ ਦੀ ਪ੍ਰਧਾਨਗੀ ਕਰਨਗੇ। ਇਹ ਕੇਂਦਰ ਅਤੇ ਰਾਜ ਸਰਕਾਰਾਂ ਦੇ ਦਰਮਿਆਨ ਸਾਂਝੇਦਾਰੀ ਨੂੰ ਹੋਰ ਹੁਲਾਰਾ ਦੇਣ ਵੱਲ ਇੱਕ ਹੋਰ ਅਹਿਮ ਕਦਮ ਹੋਵੇਗਾ। ਮੁੱਖ ਸਕੱਤਰਾਂ ਦਾ ਅਜਿਹਾ ਪਹਿਲਾ ਸੰਮੇਲਨ ਜੂਨ, 2022 ਵਿੱਚ ਧਰਮਸ਼ਾਲਾ ਵਿੱਚ ਹੋਇਆ ਸੀ।

ਇਸ ਸਾਲ ਮੁੱਖ ਸਕੱਤਰਾਂ ਦਾ ਰਾਸ਼ਟਰੀ ਸੰਮੇਲਨ 5 ਤੋਂ 7 ਜਨਵਰੀ, 2023 ਤੱਕ ਦਿੱਲੀ ਵਿੱਚ ਹੋਵੇਗਾ। ਤਿੰਨ ਦਿਨਾ ਸੰਮੇਲਨ ਰਾਜਾਂ ਨਾਲ ਸਾਂਝੇਦਾਰੀ ਵਿੱਚ ਤੇਜ਼ ਅਤੇ ਨਿਰੰਤਰ ਆਰਥਿਕ ਵਿਕਾਸ ਨੂੰ ਪ੍ਰਾਪਤ ਕਰਨ 'ਤੇ ਧਿਆਨ ਕੇਂਦ੍ਰਿਤ ਕਰੇਗਾ। ਇਸ ਵਿੱਚ ਕੇਂਦਰ ਸਰਕਾਰ ਦੇ ਨੁਮਾਇੰਦਿਆਂ, ਮੁੱਖ ਸਕੱਤਰਾਂ ਅਤੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੋਰ ਸੀਨੀਅਰ ਅਧਿਕਾਰੀਆਂ ਅਤੇ ਡੋਮੇਨ (ਵਿਸ਼ਾਗਤ) ਮਾਹਰਾਂ ਸਮੇਤ 200 ਤੋਂ ਵੱਧ ਲੋਕਾਂ ਦੀ ਭਾਗੀਦਾਰੀ ਹੋਵੇਗੀ। ਇਹ ਸੰਮੇਲਨ ਵਿਕਾਸ ਅਤੇ ਰੋਜ਼ਗਾਰ ਸਿਰਜਣ ਅਤੇ ਸਮਾਵੇਸ਼ੀ ਮਨੁੱਖੀ ਵਿਕਾਸ 'ਤੇ ਜ਼ੋਰ ਦੇ ਨਾਲ ਵਿਕਸਿਤ ਭਾਰਤ ਦੀ ਪ੍ਰਾਪਤੀ ਲਈ ਸਹਿਯੋਗੀ ਕਾਰਵਾਈ ਲਈ ਅਧਾਰ ਬਣਾਏਗਾ।

ਸੰਮੇਲਨ ਦਾ ਏਜੰਡਾ ਨੋਡਲ ਮੰਤਰਾਲਿਆਂ, ਨੀਤੀ ਆਯੋਗ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਡੋਮੇਨ (ਵਿਸ਼ਾਗਤ) ਮਾਹਰਾਂ ਦੇ ਵਿਚਕਾਰ ਪਿਛਲੇ ਤਿੰਨ ਮਹੀਨਿਆਂ ਵਿੱਚ 150 ਤੋਂ ਵੱਧ ਭੌਤਿਕ ਅਤੇ ਵਰਚੁਅਲ ਮੀਟਿੰਗਾਂ ਵਿੱਚ ਵਿਆਪਕ ਵਿਚਾਰ-ਵਟਾਂਦਰੇ ਤੋਂ ਬਾਅਦ ਤੈਅ ਕੀਤਾ ਗਿਆ ਹੈ। ਸੰਮੇਲਨ ਦੌਰਾਨ ਚਰਚਾ ਛੇ ਸ਼ਨਾਖਤ ਕੀਤੇ ਵਿਸ਼ਿਆਂ ਜਿਵੇਂ ਕਿ (i) ਐੱਮਐੱਸਐੱਮਈ 'ਤੇ ਜ਼ੋਰ; (ii) ਬੁਨਿਆਦੀ ਢਾਂਚਾ ਅਤੇ ਨਿਵੇਸ਼; (iii) ਅਨੁਪਾਲਨ ਨੂੰ ਨਿਊਨਤਮ ਕਰਨਾ; (iv) ਮਹਿਲਾ ਸਸ਼ਕਤੀਕਰਣ; (v) ਸਿਹਤ ਅਤੇ ਪੋਸ਼ਣ; (vi) ਕੌਸ਼ਲ ਵਿਕਾਸ 'ਤੇ ਆਯੋਜਿਤ ਕੀਤੀ ਜਾਵੇਗੀ।

ਇਨ੍ਹਾਂ ਵਿਸ਼ਿਆਂ 'ਤੇ ਤਿੰਨ ਵਿਸ਼ੇਸ਼ ਸੈਸ਼ਨ ਕਰਵਾਏ ਜਾਣਗੇ (i) ਵਿਕਸਿਤ ਭਾਰਤ: ਆਖਰੀ ਮੀਲ ਤੱਕ ਪਹੁੰਚ; (ii) ਗੁਡਸ ਐਂਡ ਸਰਵਿਸਿਜ਼ ਟੈਕਸ (ਜੀਐੱਸਟੀ) ਦੇ ਪੰਜ ਸਾਲ - ਸਿੱਖਿਆ ਅਤੇ ਅਨੁਭਵ; ਅਤੇ (iii) ਆਲਮੀ ਭੂ-ਰਾਜਨੀਤਕ ਚੁਣੌਤੀਆਂ ਅਤੇ ਭਾਰਤ ਦੀ ਪ੍ਰਤੀਕਿਰਿਆ।

ਇਸ ਤੋਂ ਇਲਾਵਾ, ਚਾਰ ਵਿਸ਼ਿਆਂ ਜਿਵੇਂ ਕਿ (i) ਵੋਕਲ ਫੌਰ ਲੋਕਲ; (ii) ਮੋਟੇ ਅਨਾਜ ਦਾ ਅੰਤਰਰਾਸ਼ਟਰੀ ਸਾਲ; (iii) ਜੀ20: ਰਾਜਾਂ ਦੀ ਭੂਮਿਕਾ; ਅਤੇ (iv) ਉੱਭਰਦੀਆਂ ਟੈਕਨੋਲੋਜੀਆਂ 'ਤੇ ਕੇਂਦ੍ਰਿਤ ਵਿਚਾਰ-ਵਟਾਂਦਰੇ ਕੀਤੇ ਜਾਣਗੇ।  

ਸੰਮੇਲਨ ਵਿੱਚ ਹਰੇਕ ਥੀਮ ਦੇ ਤਹਿਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਂ ਬਿਹਤਰੀਨ ਪਿਰਤਾਂ ਵੀ ਪੇਸ਼ ਕੀਤੀਆਂ ਜਾਣਗੀਆਂ ਤਾਕਿ ਰਾਜ ਇੱਕ ਦੂਸਰੇ ਤੋਂ ਸਿੱਖ ਸਕਣ।

ਪ੍ਰਧਾਨ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ, ਮੁੱਖ ਸੰਮੇਲਨ ਤੋਂ ਪਹਿਲਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਤਿੰਨ ਵਰਚੁਅਲ ਸੰਮੇਲਨਾਂ (i) ਵਿਕਾਸ ਦੇ ਪੂਰਕ ਵਜੋਂ ਜ਼ਿਲ੍ਹੇ (ii) ਸਰਕੁਲਰ ਅਰਥਵਿਵਸਥਾ; (iii) ਮਾਡਲ ਯੂਟੀ ਦੇ ਵਿਸ਼ਿਆਂ 'ਤੇ ਵੀ ਆਯੋਜਿਤ ਕੀਤੇ ਗਏ ਸਨ। ਇਨ੍ਹਾਂ ਵਰਚੁਅਲ ਸੰਮੇਲਨਾਂ ਦੇ ਨਤੀਜੇ ਮੁੱਖ ਸਕੱਤਰਾਂ ਦੇ ਰਾਸ਼ਟਰੀ ਸੰਮੇਲਨ ਵਿੱਚ ਪੇਸ਼ ਕੀਤੇ ਜਾਣਗੇ।

****

ਡੀਐੱਸ/ਐੱਸਐੱਚ 



(Release ID: 1888933) Visitor Counter : 100