ਪ੍ਰਧਾਨ ਮੰਤਰੀ ਦਫਤਰ

ਨਵੀਂ ਦਿੱਲੀ ਵਿੱਚ ਆਯੋਜਿਤ ਕਾਊਂਟਰ-ਟੈਰਰਿਜ਼ਮ ਫਾਈਨੈਂਸਿੰਗ ਬਾਰੇ ਤੀਸਰੀ ‘ਨੋ ਮਨੀ ਫੌਰ ਟੈਰਰ’ ਮੰਤਰੀ ਪੱਧਰੀ ਕਾਨਫਰੰਸ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

Posted On: 18 NOV 2022 10:39AM by PIB Chandigarh

ਕੇਂਦਰੀ ਕੈਬਨਿਟ ਵਿੱਚ ਮੇਰੇ ਸਹਿਯੋਗੀ, ਸ਼੍ਰੀ ਅਮਿਤ ਸ਼ਾਹ, ਵੱਖੋ-ਵੱਖ ਦੇਸ਼ਾਂ ਦੇ ਨੁਮਾਇੰਦੇ, ਦੁਨੀਆ ਭਰ ਦੀਆਂ ਜਾਂਚ ਏਜੰਸੀਆਂ ਅਤੇ ਸੁਰੱਖਿਆ ਬਲਾਂ ਦੇ ਮੈਂਬਰ ਅਤੇ ਮੇਰੇ ਪਿਆਰੇ ਮਿੱਤਰੋ!

 

ਮੈਂ ਕਾਊਂਟਰ-ਟੈਰਰਿਜ਼ਮ ਫਾਈਨੈਂਸਿੰਗ ਬਾਰੇ ਤੀਸਰੀ ਮੰਤਰੀ ਪੱਧਰੀ ਕਾਨਫਰੰਸ ਵਿੱਚ ਤੁਹਾਡਾ ਸਾਰਿਆਂ ਦਾ ਸੁਆਗਤ ਕਰਦਾ ਹਾਂ।

 

ਮਿੱਤਰੋ,

 

ਜ਼ਿਕਰਯੋਗ ਹੈ ਕਿ ਇਹ ਕਾਨਫਰੰਸ ਭਾਰਤ ਵਿੱਚ ਹੋ ਰਹੀ ਹੈ। ਦੁਨੀਆ ਦੁਆਰਾ ਇਸ ਨੂੰ ਗੰਭੀਰਤਾ ਨਾਲ ਲਏ ਜਾਣ ਤੋਂ ਪਹਿਲਾਂ ਹੀ ਸਾਡੇ ਦੇਸ਼ ਨੂੰ ਆਤੰਕਵਾਦ ਦੀ ਭਿਆਨਕਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਦਹਾਕਿਆਂ ਦੌਰਾਨ, ਵੱਖੋ-ਵੱਖਰੇ ਨਾਵਾਂ ਅਤੇ ਰੂਪਾਂ ਵਿੱਚ ਆਤੰਕਵਾਦ ਨੇ ਭਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ।  ਅਸੀਂ ਹਜ਼ਾਰਾਂ ਕੀਮਤੀ ਜਾਨਾਂ ਗੁਆ ਦਿੱਤੀਆਂ, ਪਰ ਅਸੀਂ ਆਤੰਕਵਾਦ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ ਹੈ।

 

ਡੈਲੀਗੇਟਾਂ ਨੂੰ ਅਜਿਹੇ ਦੇਸ਼ ਅਤੇ ਲੋਕਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਹੈ ਜੋ ਆਤੰਕਵਾਦ ਨਾਲ ਨਜਿੱਠਣ ਲਈ ਦ੍ਰਿੜ ਰਹੇ ਹਨ।  ਅਸੀਂ ਮੰਨਦੇ ਹਾਂ ਕਿ ਇੱਕ ਵੀ ਹਮਲਾ ਹੋਣਾ, ਬਹੁਤ ਜ਼ਿਆਦਾ ਹੈ। ਇੱਥੋਂ ਤੱਕ ਕਿ ਇੱਕ ਵੀ ਜਾਨ ਗੁਆਉਣੀ, ਬਹੁਤ ਜ਼ਿਆਦਾ ਹੈ। ਇਸ ਲਈ, ਅਸੀਂ ਉਦੋਂ ਤੱਕ ਆਰਾਮ ਨਹੀਂ ਕਰਾਂਗੇ ਜਦੋਂ ਤੱਕ ਆਤੰਕਵਾਦ ਨੂੰ ਜੜ੍ਹੋਂ ਉਖਾੜ ਨਹੀਂ ਦਿੱਤਾ ਜਾਂਦਾ।

 

ਮਿੱਤਰੋ,

 

ਇਹ ਬਹੁਤ ਮਹੱਤਵਪੂਰਨ ਸਭਾ ਹੈ। ਇਸ ਨੂੰ ਸਿਰਫ਼ ਮੰਤਰੀਆਂ ਦੇ ਸਭਾ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ। ਕਿਉਂਕਿ ਇਹ ਇੱਕ ਅਜਿਹੇ ਵਿਸ਼ੇ ਨਾਲ ਨਜਿੱਠਦੀ ਹੈ ਜੋ ਸਮੁੱਚੀ ਮਾਨਵਤਾ ਨੂੰ ਪ੍ਰਭਾਵਿਤ ਕਰਦਾ ਹੈ। ਆਤੰਕਵਾਦ ਦੇ ਲੰਬੇ ਸਮੇਂ ਦੇ ਪ੍ਰਭਾਵ ਗਰੀਬਾਂ ਅਤੇ ਸਥਾਨਕ ਅਰਥਵਿਵਸਥਾ 'ਤੇ ਖਾਸ ਤੌਰ 'ਤੇ ਕਠੋਰ ਹਨ। ਟੂਰਿਜ਼ਮ ਹੋਵੇ ਜਾਂ ਵਪਾਰ, ਕੋਈ ਵੀ ਅਜਿਹੇ ਖੇਤਰ ਨੂੰ ਪਸੰਦ ਨਹੀਂ ਕਰਦਾ ਜੋ ਲਗਾਤਾਰ ਖ਼ਤਰੇ ਵਿੱਚ ਹੋਵੇ। ਅਤੇ ਇਸ ਕਾਰਨ ਲੋਕਾਂ ਦੀ ਆਜੀਵਿਕਾ ਖੋਹੀ ਜਾ ਰਹੀ ਹੈ।  ਇਹ ਸਭ ਤੋਂ ਵੱਧ ਮਹੱਤਵਪੂਰਨ ਹੈ ਕਿ ਅਸੀਂ ਆਤੰਕਵਾਦੀ ਫੰਡਿੰਗ ਦੀ ਜੜ੍ਹ 'ਤੇ ਹਮਲਾ ਕਰੀਏ। 

 

ਮਿੱਤਰੋ,

 

ਅੱਜ ਦੀ ਦੁਨੀਆ ਵਿੱਚ, ਆਦਰਸ਼ਕ ਤੌਰ 'ਤੇ ਕਿਸੇ ਨੂੰ ਆਤੰਕਵਾਦ ਦੇ ਖ਼ਤਰਿਆਂ ਬਾਰੇ ਦੁਨੀਆ ਨੂੰ ਯਾਦ ਦਿਵਾਉਣ ਦੀ ਕੋਈ ਲੋੜ ਨਹੀਂ ਹੋਣੀ ਚਾਹੀਦੀ। ਹਾਲਾਂਕਿ, ਕੁਝ ਸਰਕਲਾਂ ਵਿੱਚ ਆਤੰਕਵਾਦ ਬਾਰੇ ਅਜੇ ਵੀ ਕੁਝ ਗਲਤ ਧਾਰਨਾਵਾਂ ਹਨ। ਵੱਖੋ-ਵੱਖ ਹਮਲਿਆਂ ਦੀ ਪ੍ਰਤੀਕ੍ਰਿਆ ਦੀ ਤੀਬਰਤਾ ਇਸ ਗੱਲ ਦੇ ਅਧਾਰ 'ਤੇ ਵੱਖ-ਵੱਖ ਨਹੀਂ ਹੋ ਸਕਦੀ ਕਿ ਇਹ ਕਿੱਥੇ ਹੁੰਦਾ ਹੈ। ਸਾਰੇ ਆਤੰਕਵਾਦੀ ਹਮਲੇ ਇੱਕ ਜਿਹੇ ਗੁੱਸੇ ਅਤੇ ਕਾਰਵਾਈ ਦੇ ਹੱਕਦਾਰ ਹਨ। ਇਸ ਤੋਂ ਇਲਾਵਾ, ਕਈ ਵਾਰ ਆਤੰਕਵਾਦੀਆਂ ਵਿਰੁੱਧ ਕਾਰਵਾਈ ਨੂੰ ਰੋਕਣ ਲਈ ਆਤੰਕਵਾਦ ਦੇ ਸਮਰਥਨ ਵਿੱਚ ਅਪ੍ਰਤੱਖ ਤੌਰ 'ਤੇ ਦਲੀਲਾਂ ਦਿੱਤੀਆਂ ਜਾਂਦੀਆਂ ਹਨ। ਆਲਮੀ ਖਤਰੇ ਨਾਲ ਨਜਿੱਠਣ ਦੌਰਾਨ ਅਸਪਸ਼ਟ ਪਹੁੰਚ ਲਈ ਕੋਈ ਥਾਂ ਨਹੀਂ ਹੈ। ਇਹ ਮਾਨਵਤਾ, ਆਜ਼ਾਦੀ ਅਤੇ ਸੱਭਿਯਤਾ 'ਤੇ ਹਮਲਾ ਹੈ। ਇਹ ਕੋਈ ਸੀਮਾਵਾਂ ਨਹੀਂ ਜਾਣਦਾ। ਸਿਰਫ਼ ਇਕਸਾਰ, ਇਕਜੁੱਟ ਅਤੇ ਜ਼ੀਰੋ-ਟੌਲਰੈਂਸ ਪਹੁੰਚ ਹੀ ਆਤੰਕਵਾਦ ਨੂੰ ਹਰਾ ਸਕਦੀ ਹੈ।

 

ਮਿੱਤਰੋ,

 

ਆਤੰਕਵਾਦੀ ਨਾਲ ਲੜਨਾ ਅਤੇ ਆਤੰਕਵਾਦ ਨਾਲ ਲੜਨਾ ਦੋ ਵੱਖੋ-ਵੱਖ ਗੱਲਾਂ ਹਨ। ਇੱਕ ਆਤੰਕਵਾਦੀ ਨੂੰ ਹਥਿਆਰਾਂ ਨਾਲ ਬੇਅਸਰ ਕੀਤਾ ਜਾ ਸਕਦਾ ਹੈ। ਆਤੰਕਵਾਦੀਆਂ ਨੂੰ ਤੁਰੰਤ ਰਣਨੀਤਕ ਜਵਾਬ ਦੇਣਾ ਇੱਕ ਕਾਰਜਸ਼ੀਲ ਮਾਮਲਾ ਹੋ ਸਕਦਾ ਹੈ। ਪਰ ਉਨ੍ਹਾਂ ਦੀ ਫੰਡਿੰਗ ਨੂੰ ਨੁਕਸਾਨ ਪਹੁੰਚਾਉਣ ਦੇ ਉਦੇਸ਼ ਨਾਲ ਇੱਕ ਵੱਡੀ ਰਣਨੀਤੀ ਦੇ ਬਿਨਾਂ ਰਣਨੀਤਕ ਲਾਭ ਛੇਤੀ ਹੀ ਗੁਆਚ ਜਾਣਗੇ। ਆਤੰਕਵਾਦੀ ਇੱਕ ਵਿਅਕਤੀ ਹੁੰਦਾ ਹੈ। ਪਰ ਆਤੰਕਵਾਦ ਵਿਅਕਤੀਆਂ ਅਤੇ ਸੰਗਠਨਾਂ ਦੇ ਨੈੱਟਵਰਕ ਬਾਰੇ ਹੈ। ਆਤੰਕਵਾਦ ਨੂੰ ਜੜ੍ਹੋਂ ਉਖਾੜਨ ਲਈ ਇੱਕ ਵੱਡੇ ਕਿਰਿਆਸ਼ੀਲ ਜਵਾਬ ਦੀ ਜ਼ਰੂਰਤ ਹੈ। ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਨਾਗਰਿਕ ਸੁਰੱਖਿਅਤ ਰਹਿਣ, ਤਾਂ ਅਸੀਂ ਉਦੋਂ ਤੱਕ ਇੰਤਜ਼ਾਰ ਨਹੀਂ ਕਰ ਸਕਦੇ ਜਦੋਂ ਤੱਕ ਕਿ ਆਤੰਕ ਸਾਡੇ ਘਰ ਨਹੀਂ ਆਉਂਦਾ। ਸਾਨੂੰ ਆਤੰਕਵਾਦੀਆਂ ਦਾ ਪਿੱਛਾ ਕਰਨਾ ਚਾਹੀਦਾ ਹੈ, ਉਨ੍ਹਾਂ ਦੇ ਸਮਰਥਨ ਦੇ ਨੈੱਟਵਰਕ ਨੂੰ ਤੋੜਨਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਫੰਡਿੰਗ ਨੂੰ ਖ਼ਤਮ ਕਰਨਾ ਚਾਹੀਦਾ ਹੈ।

 

ਮਿੱਤਰੋ,

 

ਇਹ ਗੱਲ ਸਭ ਜਾਣਦੇ ਹਨ ਕਿ ਆਤੰਕਵਾਦੀ ਸੰਗਠਨਾਂ ਨੂੰ ਕਈ ਸਰੋਤਾਂ ਰਾਹੀਂ ਪੈਸਾ ਮਿਲਦਾ ਹੈ। ਇੱਕ ਸਰੋਤ ਰਾਜ ਸਹਾਇਤਾ ਹੈ। ਕੁਝ ਦੇਸ਼ ਆਪਣੀ ਵਿਦੇਸ਼ ਨੀਤੀ ਦੇ ਹਿੱਸੇ ਵਜੋਂ ਆਤੰਕਵਾਦ ਦਾ ਸਮਰਥਨ ਕਰਦੇ ਹਨ। ਉਹ ਉਨ੍ਹਾਂ ਨੂੰ ਸਿਆਸੀ, ਵਿਚਾਰਧਾਰਕ ਅਤੇ ਵਿੱਤੀ ਸਹਾਇਤਾ ਦੀ ਪੇਸ਼ਕਸ਼ ਕਰਦੇ ਹਨ। ਅੰਤਰਰਾਸ਼ਟਰੀ ਸੰਸਥਾਵਾਂ ਨੂੰ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਯੁੱਧ ਦੀ ਅਣਹੋਂਦ ਦਾ ਮਤਲਬ ਸ਼ਾਂਤੀ ਹੈ। ਪ੍ਰੌਕਸੀ ਜੰਗਾਂ ਵੀ ਖ਼ਤਰਨਾਕ ਅਤੇ ਹਿੰਸਕ ਹੁੰਦੀਆਂ ਹਨ। ਆਤੰਕਵਾਦ ਦਾ ਸਮਰਥਨ ਕਰਨ ਵਾਲੇ ਦੇਸ਼ਾਂ 'ਤੇ ਇੱਕ ਕੀਮਤ ਥੋਪੀ ਜਾਣੀ ਚਾਹੀਦੀ ਹੈ। ਆਤੰਕਵਾਦੀਆਂ ਪ੍ਰਤੀ ਹਮਦਰਦੀ ਪੈਦਾ ਕਰਨ ਦੀ ਕੋਸ਼ਿਸ਼ ਕਰਨ ਵਾਲੀਆਂ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਵੀ ਅਲੱਗ-ਥਲੱਗ ਕੀਤਾ ਜਾਣਾ ਚਾਹੀਦਾ ਹੈ। ਅਜਿਹੇ ਮਾਮਲਿਆਂ ਵਿੱਚ ਕੋਈ ‘ਜੇ ਅਤੇ ਪਰ’ ਨਹੀਂ ਹੋ ਸਕਦਾ। ਦੁਨੀਆ ਨੂੰ ਆਤੰਕਵਾਦ ਦੀ ਹਰ ਤਰ੍ਹਾਂ ਦੀ ਪ੍ਰਗਟ ਅਤੇ ਗੁਪਤ ਹਮਾਇਤ ਵਿਰੁੱਧ ਇਕਜੁੱਟ ਹੋਣ ਦੀ ਲੋੜ ਹੈ। 

 

ਮਿੱਤਰੋ,

 

ਆਤੰਕਵਾਦੀ ਫੰਡਿੰਗ ਦੇ ਸਰੋਤਾਂ ਵਿੱਚੋਂ ਇੱਕ ਸੰਗਠਿਤ ਅਪਰਾਧ ਹੈ। ਸੰਗਠਿਤ ਅਪਰਾਧ ਨੂੰ ਅਲੱਗ-ਥਲੱਗ ਨਹੀਂ ਦੇਖਿਆ ਜਾਣਾ ਚਾਹੀਦਾ। ਇਨ੍ਹਾਂ ਗਿਰੋਹਾਂ ਦੇ ਅਕਸਰ ਆਤੰਕਵਾਦੀ ਸੰਗਠਨਾਂ ਨਾਲ ਗਹਿਰੇ ਸਬੰਧ ਹੁੰਦੇ ਹਨ। ਬੰਦੂਕ ਚਲਾਉਣ, ਨਸ਼ਿਆਂ ਅਤੇ ਤਸਕਰੀ ਵਿੱਚ ਕਮਾਇਆ ਪੈਸਾ ਆਤੰਕਵਾਦ ਵਿੱਚ ਲਗਾਇਆ ਜਾਂਦਾ ਹੈ। ਇਹ ਗਰੁਪ ਲੌਜਿਸਟਿਕਸ ਅਤੇ ਸੰਚਾਰ ਵਿੱਚ ਵੀ ਮਦਦ ਕਰਦੇ ਹਨ। ਆਤੰਕਵਾਦ ਦੇ ਖਿਲਾਫ ਲੜਾਈ ਵਿੱਚ ਸੰਗਠਿਤ ਅਪਰਾਧ ਦੇ ਖਿਲਾਫ ਕਾਰਵਾਈ ਬਹੁਤ ਮਹੱਤਵਪੂਰਨ ਹੈ। ਕਈ ਵਾਰ, ਮਨੀ ਲਾਂਡਰਿੰਗ ਅਤੇ ਵਿੱਤੀ ਅਪਰਾਧਾਂ ਜਿਹੀਆਂ ਗਤੀਵਿਧੀਆਂ ਨੂੰ ਵੀ ਆਤੰਕਵਾਦੀ ਫੰਡਿੰਗ ਵਿੱਚ ਮਦਦ ਕਰਨ ਲਈ ਜਾਣਿਆ ਗਿਆ ਹੈ। ਇਸ ਨਾਲ ਲੜਨ ਲਈ ਗਲੋਬਲ ਸਹਿਯੋਗ ਦੀ ਜ਼ਰੂਰਤ ਹੈ।

 

ਮਿੱਤਰੋ,

 

ਅਜਿਹੇ ਗੁੰਝਲਦਾਰ ਮਾਹੌਲ ਵਿੱਚ, ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ, ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ, ਫਾਈਨੈਂਸ਼ੀਅਲ ਇੰਟੈਲੀਜੈਂਸ ਯੂਨਿਟਸ, ਅਤੇ ਐਗਮੌਂਟ ਗਰੁਪ, ਗੈਰ-ਕਾਨੂੰਨੀ ਫੰਡਾਂ ਦੇ ਪ੍ਰਵਾਹ ਦੀ ਰੋਕਥਾਮ, ਖੋਜ ਅਤੇ ਮੁਕੱਦਮਾ ਚਲਾਉਣ ਵਿੱਚ ਸਹਿਯੋਗ ਨੂੰ ਵਧਾ ਰਹੇ ਹਨ। ਇਸ ਨਾਲ ਪਿਛਲੇ ਦੋ ਦਹਾਕਿਆਂ ਤੋਂ ਆਤੰਕਵਾਦ ਵਿਰੁੱਧ ਜੰਗ ਨੂੰ ਕਈ ਤਰੀਕਿਆਂ ਨਾਲ ਮਦਦ ਮਿਲ ਰਹੀ ਹੈ।  ਇਹ ਆਤੰਕਵਾਦੀ ਫੰਡਿੰਗ ਦੇ ਜੋਖਮਾਂ ਨੂੰ ਸਮਝਣ ਵਿੱਚ ਵੀ ਮਦਦ ਕਰਦਾ ਹੈ।

 

ਮਿੱਤਰੋ,

 

ਹੁਣ, ਆਤੰਕਵਾਦ ਦੀ ਗਤੀਸ਼ੀਲਤਾ ਬਦਲ ਰਹੀ ਹੈ। ਟੈਕਨੋਲੋਜੀ ਨੂੰ ਤੇਜ਼ੀ ਨਾਲ ਅੱਗੇ ਵਧਾਉਣਾ ਇੱਕ ਚੁਣੌਤੀ ਅਤੇ ਸਮਾਧਾਨ ਦੋਵੇਂ ਹੈ। ਦਹਿਸ਼ਤੀ ਫੰਡਿੰਗ ਅਤੇ ਭਰਤੀ ਲਈ ਨਵੀਂ ਕਿਸਮ ਦੀ ਟੈਕਨੋਲੋਜੀ ਦੀ ਵਰਤੋਂ ਕੀਤੀ ਜਾ ਰਹੀ ਹੈ। ਡਾਰਕ ਨੈੱਟ, ਪ੍ਰਾਈਵੇਟ ਕਰੰਸੀਆਂ ਅਤੇ ਕਈ ਹੋਰਾਂ ਤੋਂ ਚੁਣੌਤੀਆਂ ਉਭਰ ਰਹੀਆਂ ਹਨ। ਨਵੀਂਆਂ ਫਾਈਨੈਂਸ ਟੈਕਨੋਲੋਜੀਆਂ ਦੀ ਇਕਸਾਰ ਸਮਝ ਦੀ ਲੋੜ ਹੈ। ਇਨ੍ਹਾਂ ਪ੍ਰਯਤਨਾਂ ਵਿੱਚ ਪ੍ਰਾਈਵੇਟ ਸੈਕਟਰ ਨੂੰ ਸ਼ਾਮਲ ਕਰਨਾ ਵੀ ਜ਼ਰੂਰੀ ਹੈ। ਇਕਸਾਰ ਸਮਝ ਤੋਂ ਜਾਂਚ, ਸੰਤੁਲਨ ਅਤੇ ਨਿਯਮਾਂ ਦੀ ਇਕਸਾਰ ਪ੍ਰਣਾਲੀ ਉਭਰ ਸਕਦੀ ਹੈ। ਪਰ ਸਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ। ਇਸ ਦਾ ਮਤਲਬ ਟੈਕਨੋਲੋਜੀ ਨੂੰ ਰਾਖਸ਼ਸੀ ਬਣਾਉਣਾ ਨਹੀਂ ਹੈ। ਇਸ ਦੀ ਬਜਾਏ, ਟੈਕਨੋਲੋਜੀ ਦੀ ਵਰਤੋਂ ਆਤੰਕਵਾਦ ਨੂੰ ਟਰੈਕ ਕਰਨ, ਟਰੇਸ ਕਰਨ ਅਤੇ ਨਜਿੱਠਣ ਲਈ ਕਰਨਾ ਹੈ।

 

ਮਿੱਤਰੋ,

 

ਅੱਜ, ਸਿਰਫ਼ ਭੌਤਿਕ ਦੁਨੀਆ ਵਿੱਚ ਹੀ ਨਹੀਂ, ਬਲਕਿ ਵਰਚੁਅਲ ਦੁਨੀਆ ਵਿੱਚ ਵੀ ਸਹਿਯੋਗ ਦੀ ਲੋੜ ਹੈ। ਸਾਈਬਰ ਆਤੰਕਵਾਦ ਅਤੇ ਔਨਲਾਈਨ ਕੱਟੜਪੰਥੀ ਲਈ ਵਰਤਿਆ ਜਾਣ ਵਾਲਾ ਬੁਨਿਆਦੀ ਢਾਂਚਾ ਵੰਡਿਆ ਹੋਇਆ ਹੈ। 

ਕੁਝ ਇੱਕ ਰਿਮੋਟ ਟਿਕਾਣੇ ਅਤੇ ਔਨਲਾਈਨ ਸੰਸਾਧਨਾਂ ਤੋਂ ਹਥਿਆਰਾਂ ਦੀ ਟ੍ਰੇਨਿੰਗ ਦੀ ਪੇਸ਼ਕਸ਼ ਵੀ ਕਰਦੇ ਹਨ। ਸੰਚਾਰ, ਯਾਤਰਾ, ਲੌਜਿਸਟਿਕਸ ਵੱਖੋ-ਵੱਖ ਦੇਸ਼ਾਂ ਵਿੱਚ ਚੇਨ ਦੇ ਬਹੁਤ ਸਾਰੇ ਲਿੰਕ ਹਨ। ਹਰੇਕ ਦੇਸ਼ ਪਹੁੰਚ ਦੇ ਅੰਦਰ ਚੇਨ ਦੇ ਹਿੱਸੇ ਦੇ ਵਿਰੁੱਧ ਕਾਰਵਾਈ ਕਰ ਸਕਦਾ ਹੈ ਅਤੇ ਕਰਨੀ ਵੀ ਚਾਹੀਦੀ ਹੈ।

 

ਮਿੱਤਰੋ,

 

ਬਹੁਤ ਸਾਰੀਆਂ ਵੱਖੋ-ਵੱਖ ਕੌਮਾਂ ਦੇ ਆਪੋ-ਆਪਣੇ ਕਾਨੂੰਨੀ ਸਿਧਾਂਤ, ਪ੍ਰਕਿਰਿਆਵਾਂ ਅਤੇ ਕਾਰਜ ਵਿਧੀਆਂ ਹਨ। ਪ੍ਰਭੂਸੱਤਾ ਸੰਪੰਨ ਰਾਸ਼ਟਰਾਂ ਨੂੰ ਆਪਣੀਆਂ ਪ੍ਰਣਾਲੀਆਂ ਦਾ ਅਧਿਕਾਰ ਹੁੰਦਾ ਹੈ।  ਹਾਲਾਂਕਿ, ਸਾਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਕੱਟੜਪੰਥੀਆਂ ਨੂੰ ਪ੍ਰਣਾਲੀਆਂ ਦਰਮਿਆਨ ਅੰਤਰ ਦੀ ਦੁਰਵਰਤੋਂ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ। ਸਰਕਾਰਾਂ ਦਰਮਿਆਨ ਡੂੰਘੇ ਤਾਲਮੇਲ ਅਤੇ ਸਮਝਦਾਰੀ ਰਾਹੀਂ ਇਸ ਨੂੰ ਰੋਕਿਆ ਜਾ ਸਕਦਾ ਹੈ। ਸੰਯੁਕਤ ਅਪਰੇਸ਼ਨ, ਇੰਟੈਲੀਜੈਂਸ ਤਾਲਮੇਲ ਅਤੇ ਹਵਾਲਗੀ ਆਤੰਕਵਾਦ ਦੇ ਖਿਲਾਫ ਲੜਾਈ ਵਿੱਚ ਮਦਦ ਕਰਦੇ ਹਨ। ਇਹ ਵੀ ਮਹੱਤਵਪੂਰਨ ਹੈ ਕਿ ਅਸੀਂ ਸਾਂਝੇ ਤੌਰ 'ਤੇ ਕੱਟੜਪੰਥ (radicalisation) ਅਤੇ ਅੱਤਵਾਦ (extremism) ਦੀ ਸਮੱਸਿਆ ਦਾ ਹੱਲ ਕਰੀਏ। ਜੋ ਵੀ ਕੱਟੜਪੰਥ ਦਾ ਸਮਰਥਨ ਕਰਦਾ ਹੈ, ਉਸ ਦੀ ਕਿਸੇ ਵੀ ਦੇਸ਼ ਵਿੱਚ ਕੋਈ ਥਾਂ ਨਹੀਂ ਹੋਣੀ ਚਾਹੀਦੀ।

 

ਮਿੱਤਰੋ,

 

ਪਿਛਲੇ ਕੁਝ ਮਹੀਨਿਆਂ ਵਿੱਚ, ਸੁਰੱਖਿਆ ਦੇ ਵੱਖੋ-ਵੱਖ ਪਹਿਲੂਆਂ ਨਾਲ ਸਬੰਧਿਤ ਭਾਰਤ ਵਿੱਚ ਕਈ ਕਾਨਫਰੰਸਾਂ ਹੋਈਆਂ ਹਨ। ਭਾਰਤ ਨੇ ਨਵੀਂ ਦਿੱਲੀ ਵਿੱਚ ਇੰਟਰਪੋਲ ਦੀ ਜਨਰਲ ਅਸੈਂਬਲੀ ਦੀ ਮੇਜ਼ਬਾਨੀ ਕੀਤੀ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਆਤੰਕਵਾਦ ਰੋਕੂ ਕਮੇਟੀ (Counter-Terrorism Committee) ਦਾ ਵਿਸ਼ੇਸ਼ ਸੈਸ਼ਨ ਮੁੰਬਈ ਵਿੱਚ ਹੋਇਆ। ਇਸ ‘ਨੋ ਮਨੀ ਫੌਰ ਟੈਰਰ’ ਕਾਨਫਰੰਸ ਵਿੱਚ, ਭਾਰਤ ਦਹਿਸ਼ਤਗਰਦੀ ਫੰਡਿੰਗ ਦੇ ਖਿਲਾਫ ਗਲੋਬਲ ਗਤੀ ਵਧਾਉਣ ਵਿੱਚ ਮਦਦ ਕਰ ਰਿਹਾ ਹੈ। ਸਾਡਾ ਇਰਾਦਾ ਆਤੰਕਵਾਦ ਵਿਰੁੱਧ ਜੰਗ ਨੂੰ ਅਗਲੇ ਪੱਧਰ 'ਤੇ ਲੈ ਕੇ ਜਾਣ ਲਈ ਦੁਨੀਆ ਨੂੰ ਇਕੱਠੇ ਲਿਆਉਣਾ ਹੈ।

 

ਮਿੱਤਰੋ,

 

ਮੈਂ ਸਾਰੇ ਭਾਗੀਦਾਰਾਂ ਨੂੰ ਅਗਲੇ ਕੁਝ ਦਿਨਾਂ ਵਿੱਚ ਵਿਚਾਰ-ਵਟਾਂਦਰੇ ਵਿੱਚ ਸਫ਼ਲਤਾ ਦੀ ਕਾਮਨਾ ਕਰਦਾ ਹਾਂ। ਮੈਂ ਸਕਾਰਾਤਮਕ ਹਾਂ ਕਿ ਤੁਸੀਂ ਇਸ ਦੇ ਸਾਰੇ ਪਹਿਲੂਆਂ ਵਿੱਚ ਆਤੰਕਵਾਦੀ ਫੰਡਿੰਗ 'ਤੇ ਹਮਲਾ ਕਰਨ ਵਿੱਚ ਮਦਦ ਕਰੋਗੇ।

 

 ਤੁਹਾਡਾ ਧੰਨਵਾਦ।

 ਤੁਹਾਡਾ ਬਹੁਤ ਧੰਨਵਾਦ ਹੈ।

 

  **********


ਡੀਐੱਸ/ਐੱਸਟੀ



(Release ID: 1877035) Visitor Counter : 127