ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਵਿੱਚ ਪੀਐੱਮ ਆਵਾਸ ਯੋਜਨਾ-ਗ੍ਰਾਮੀਣ (ਪੀਐੱਮਏਵਾਈ-ਜੀ) ਦੇ 4.5 ਲੱਖ ਤੋਂ ਵੱਧ ਲਾਭਾਰਥੀਆਂ ਦੇ ‘ਗ੍ਰਹਿ ਪ੍ਰਵੇਸ਼ਮ’ ਵਿੱਚ ਹਿੱਸਾ ਲਿਆ
Posted On:
22 OCT 2022 5:40PM by PIB Chandigarh
“ਇਹ ਸਾਡੀ ਸਰਕਾਰ ਦੀ ਵੱਡੀ ਖੁਸ਼ਕਿਸਮਤੀ ਹੈ ਕਿ ਅਸੀਂ 3.5 ਕਰੋੜ ਪਰਿਵਾਰਾਂ ਦੇ ਸਭ ਤੋਂ ਵੱਡੇ ਸੁਪਨੇ ਪੂਰੇ ਕਰ ਸਕੇ”
“ਇਹ ਅੱਜ ਦਾ ਨਵਾਂ ਭਾਰਤ ਹੈ ਜਿੱਥੇ ਧਨਤੇਰਸ 'ਤੇ ਗ਼ਰੀਬ ਆਪਣੇ ਨਵੇਂ ਘਰਾਂ ਵਿੱਚ ਗ੍ਰਹਿ ਪ੍ਰਵੇਸ਼ਮ ਕਰ ਰਹੇ ਹਨ”
“ਸਰਕਾਰ ਦੀਆਂ ਵੱਖ-ਵੱਖ ਨੀਤੀਆਂ ਅਤੇ ਯੋਜਨਾਵਾਂ ਪੀਐੱਮ ਆਵਾਸ ਯੋਜਨਾ ਦੇ ਤਹਿਤ ਘਰਾਂ ਨੂੰ ਸਾਰੀਆਂ ਸੁਵਿਧਾਵਾਂ ਨਾਲ ਸੰਪੂਰਨ ਬਣਾਉਂਦੀਆਂ ਹਨ”
“ਪੀਐੱਮ ਆਵਾਸ ਯੋਜਨਾ ਸਮਾਜਿਕ ਅਤੇ ਆਰਥਿਕ ਸਸ਼ਕਤੀਕਰਣ ਦਾ ਸਾਧਨ ਬਣ ਗਈ ਹੈ”
“ਅਸੀਂ ਬੇਘਰ ਹੋਣ ਦੇ ਵਹਿਸ਼ੀ ਚੱਕਰ ਨੂੰ ਤੋੜ ਰਹੇ ਹਾਂ ਜਿਸ ਨੇ ਪੀੜ੍ਹੀਆਂ ਨੂੰ ਪ੍ਰਭਾਵਿਤ ਕੀਤਾ ਹੈ”
“ਹੁਣ ਬੁਨਿਆਦੀ ਸੁਵਿਧਾਵਾਂ ਨਾਲ ਲੈਸ ਗ਼ਰੀਬ ਆਪਣੀ ਗ਼ਰੀਬੀ ਘਟਾਉਣ ਲਈ ਉਪਰਾਲੇ ਕਰ ਰਹੇ ਹਨ”
“ਮੈਨੂੰ ਖੁਸ਼ੀ ਹੈ ਕਿ ਦੇਸ਼ ਦਾ ਇੱਕ ਵੱਡਾ ਵਰਗ ਦੇਸ਼ ਨੂੰ ਰੇਵੜੀ ਕਲਚਰ ਤੋਂ ਛੁਟਕਾਰਾ ਦਿਵਾਉਣ ਲਈ ਤਿਆਰ ਹੈ”
|
ਧਨਤੇਰਸ ਦੇ ਮੌਕੇ 'ਤੇ, ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਮੱਧ ਪ੍ਰਦੇਸ਼ ਦੇ ਸਤਨਾ ਵਿੱਚ ਪੀਐੱਮ ਆਵਾਸ ਯੋਜਨਾ - ਗ੍ਰਾਮੀਣ ਦੇ ਲਗਭਗ 4.51 ਲੱਖ ਲਾਭਾਰਥੀਆਂ ਦੇ ‘ਗ੍ਰਹਿ ਪ੍ਰਵੇਸ਼ਮ’ ਵਿੱਚ ਹਿੱਸਾ ਲਿਆ।
ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਧਨਤੇਰਸ ਅਤੇ ਦੀਵਾਲੀ ਦੇ ਸ਼ੁਭ ਮੌਕੇ 'ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ "ਅੱਜ ਮੱਧ ਪ੍ਰਦੇਸ਼ ਦੇ 4.50 ਲੱਖ ਭਰਾਵਾਂ ਅਤੇ ਭੈਣਾਂ ਲਈ ਇੱਕ ਨਵੀਂ ਸ਼ੁਰੂਆਤ ਹੈ ਜੋ ਆਪਣੇ ਨਵੇਂ ਪੱਕੇ ਘਰਾਂ ਵਿੱਚ ਗ੍ਰਹਿ ਪ੍ਰਵੇਸ਼ਮ ਕਰ ਰਹੇ ਹਨ।” ਉਸ ਸਮੇਂ ਨੂੰ ਯਾਦ ਕਰਦੇ ਹੋਏ ਜਦੋਂ ਧਨਤੇਰਸ ਨੂੰ ਸਮਾਜ ਦੇ ਧਨਾਢ ਲੋਕ ਹੀ ਕਾਰਾਂ ਜਾਂ ਘਰ ਜਿਹੇ ਮਹਿੰਗੇ ਅਸਾਸੇ ਖਰੀਦ ਕੇ ਮਨਾਉਂਦੇ ਸਨ, ਪ੍ਰਧਾਨ ਮੰਤਰੀ ਨੇ ਕਿਹਾ ਕਿ ਧਨਤੇਰਸ ਸਿਰਫ਼ ਸਮ੍ਰਿੱਧ ਲੋਕਾਂ ਲਈ ਤਿਉਹਾਰ ਹੁੰਦਾ ਸੀ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਇਹ ਅੱਜ ਦਾ ਨਵਾਂ ਭਾਰਤ ਹੈ ਜਿੱਥੇ ਧਨਤੇਰਸ 'ਤੇ ਗ਼ਰੀਬ ਆਪਣੇ ਨਵੇਂ ਘਰਾਂ ਵਿੱਚ ਗ੍ਰਹਿ ਪ੍ਰਵੇਸ਼ਮ ਕਰ ਰਹੇ ਹਨ। ਸ਼੍ਰੀ ਮੋਦੀ ਨੇ ਖਾਸ ਤੌਰ 'ਤੇ ਉਨ੍ਹਾਂ ਮਹਿਲਾਵਾਂ ਨੂੰ ਵਧਾਈਆਂ ਦਿੱਤੀਆਂ ਜੋ ਅੱਜ ਘਰ ਦੀ ਮਾਲਕ ਬਣ ਗਈਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਅੱਜ ਉਨ੍ਹਾਂ ਲੋਕਾਂ ਵਿੱਚ ਸੰਭਾਵਨਾਵਾਂ ਦੇਖ ਸਕਦੇ ਹਨ ਜਿਨ੍ਹਾਂ ਨੂੰ ਘਰ ਮਿਲ ਰਹੇ ਹਨ ਕਿਉਂਕਿ ਘਰ ਨਾ ਹੋਣ 'ਤੇ ਸਾਰੀਆਂ ਸੰਭਾਵਨਾਵਾਂ ਮੱਧਮ ਪੈ ਜਾਂਦੀਆਂ ਹਨ। ਅੱਜ ਨਵੇਂ ਘਰ ਵਿੱਚ ਗ੍ਰਹਿਪ੍ਰਵੇਸ਼ ਦਾ ਹੀ ਦਿਨ ਨਹੀਂ ਹੈ, ਇਹ ਨਵੀਂ ਖੁਸ਼ੀ, ਨਵੇਂ ਸੰਕਲਪ, ਨਵੇਂ ਸੁਪਨੇ, ਨਵੀਂ ਊਰਜਾ ਅਤੇ ਨਵੀਂ ਤਕਦੀਰ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਇਹ ਸਾਡੀ ਸਰਕਾਰ ਦੀ ਵੱਡੀ ਖੁਸ਼ਕਿਸਮਤੀ ਹੈ ਕਿ ਅਸੀਂ 3.5 ਕਰੋੜ ਪਰਿਵਾਰਾਂ ਦੇ ਸਭ ਤੋਂ ਵੱਡੇ ਸੁਪਨੇ ਪੂਰੇ ਕਰ ਸਕੇ ਹਾਂ।
ਨਵੇਂ ਮਕਾਨਾਂ ਨਾਲ ਜੋੜੀਆਂ ਜਾਣ ਵਾਲੀਆਂ ਸੁਵਿਧਾਵਾਂ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਉਂਕਿ ਸਰਕਾਰ ਗ਼ਰੀਬਾਂ ਦੀ ਹੈ ਅਤੇ ਉਨ੍ਹਾਂ ਦੀ ਭਲਾਈ ਲਈ ਸਮਰਪਿਤ ਹੈ ਅਤੇ ਗ਼ਰੀਬਾਂ ਦੀਆਂ ਜ਼ਰੂਰਤਾਂ ਅਤੇ ਇੱਛਾਵਾਂ ਨੂੰ ਸਮਝਦੀ ਹੈ, ਇਸ ਲਈ ਸਰਕਾਰ ਦੁਆਰਾ ਬਣਾਏ ਗਏ ਘਰ ਟਾਇਲਟ, ਬਿਜਲੀ, ਪਾਣੀ, ਗੈਸ ਕਨੈਕਸ਼ਨ ਨਾਲ ਲੈਸ ਹਨ। ਸਰਕਾਰ ਦੀਆਂ ਵੱਖ-ਵੱਖ ਨੀਤੀਆਂ ਅਤੇ ਯੋਜਨਾਵਾਂ ਪੀਐੱਮ ਆਵਾਸ ਯੋਜਨਾ ਦੇ ਹਿੱਸੇ ਵਜੋਂ ਬਣਾਏ ਗਏ ਲੱਖਾਂ ਘਰਾਂ ਨੂੰ ਸੰਪੂਰਨ ਕਰਦੀਆਂ ਹਨ।
ਪ੍ਰਧਾਨ ਮੰਤਰੀ ਨੇ ਪਿਛਲੀਆਂ ਸਰਕਾਰਾਂ ਦੇ ਕੰਮ ਨੂੰ ਯਾਦ ਕੀਤਾ ਜਿੱਥੇ ਘਰ ਮੁਹੱਈਆ ਕਰਵਾਏ ਗਏ ਸਨ, ਉਨ੍ਹਾਂ ਨੂੰ ਵੱਖਰੇ ਤੌਰ 'ਤੇ ਟਾਇਲਟ ਬਣਾਉਣੇ ਪੈਂਦੇ ਸਨ ਅਤੇ ਘਰਾਂ ਦੇ ਮਾਲਕਾਂ ਨੂੰ ਆਪਣੇ ਘਰਾਂ ਵਿੱਚ ਬਿਜਲੀ, ਪਾਣੀ ਅਤੇ ਗੈਸ ਕਨੈਕਸ਼ਨ ਲੈਣ ਲਈ ਵੱਖ-ਵੱਖ ਸਰਕਾਰੀ ਦਫ਼ਤਰਾਂ ਵਿੱਚ ਦਰ-ਦਰ ਭੱਟਕਣਾ ਪੈਂਦਾ ਸੀ। ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਘਰ ਦੇ ਮਾਲਕਾਂ ਨੂੰ ਕਈ ਮੌਕਿਆਂ 'ਤੇ ਰਿਸ਼ਵਤ ਦੇਣੀ ਪੈਂਦੀ ਸੀ।
ਪਿਛਲੀਆਂ ਸਰਕਾਰਾਂ ਦੌਰਾਨ ਮਕਾਨਾਂ ਦੀ ਉਸਾਰੀ ਅਤੇ ਵੰਡ ਸਬੰਧੀ ਰਸਮੀ ਕਾਰਵਾਈਆਂ ਅਤੇ ਸਖ਼ਤ ਨਿਯਮਾਂ ਅਤੇ ਵਿਨਿਯਮਾਂ ਤੋਂ ਪ੍ਰਭਾਵਿਤ ਹੋ ਕੇ, ਪ੍ਰਧਾਨ ਮੰਤਰੀ ਨੇ ਕਿਹਾ ਕਿ ਮਕਾਨ ਮਾਲਕਾਂ ਦੀਆਂ ਇੱਛਾਵਾਂ ਅਤੇ ਤਰਜੀਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਪ੍ਰਧਾਨ ਮੰਤਰੀ ਨੇ ਕਿਹਾ, “ਅਸੀਂ ਤਰੀਕੇ ਬਦਲ ਦਿੱਤੇ ਅਤੇ ਘਰ ਦੇ ਮਾਲਕਾਂ ਨੂੰ ਪੂਰਾ ਕੰਟਰੋਲ ਦਿੱਤਾ।” ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਸ ਕੰਟਰੋਲ ਕਾਰਨ ਪੀਐੱਮ ਆਵਾਸ ਯੋਜਨਾ ਹੁਣ ਸਮਾਜਿਕ ਅਤੇ ਆਰਥਿਕ ਸਸ਼ਕਤੀਕਰਣ ਦਾ ਸਾਧਨ ਬਣ ਗਈ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਤੀਤ ਦੀਆਂ ਮਾੜੀਆਂ ਨੀਤੀਆਂ ਕਾਰਨ ਲੋਕ ਆਪਣੀ ਬੇਘਰੀ ਨੂੰ ਅਗਲੀ ਪੀੜ੍ਹੀ ਤੱਕ ਵੀ ਪਹੁੰਚਾਉਣ ਲਈ ਮਜਬੂਰ ਸਨ। ਪ੍ਰਧਾਨ ਮੰਤਰੀ ਨੇ ਕਿਹਾ, "ਮੈਂ ਆਪਣੇ ਕਰੋੜਾਂ ਸਾਥੀ ਦੇਸ਼ਵਾਸੀਆਂ ਨੂੰ ਇਸ ਵਹਿਸ਼ੀ ਚੱਕਰ ਵਿੱਚੋਂ ਬਾਹਰ ਕੱਢਣ ਦਾ ਮੌਕਾ ਪ੍ਰਾਪਤ ਕਰਨ ‘ਤੇ ਮਾਣ ਮਹਿਸੂਸ ਕਰ ਰਿਹਾ ਹਾਂ।" ਮੱਧ ਪ੍ਰਦੇਸ਼ ਵਿੱਚ ਹੀ ਕਰੀਬ 30 ਲੱਖ ਘਰ ਬਣਾਏ ਗਏ ਹਨ। 9-10 ਲੱਖ ਘਰਾਂ 'ਤੇ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਲੱਖਾਂ ਉਸਾਰੀਆਂ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰ ਰਹੀਆਂ ਹਨ। ਵਿਭਿੰਨ ਉਸਾਰੀ ਸਮੱਗਰੀਆਂ ਤੋਂ ਇਲਾਵਾ, ਕੌਸ਼ਲ ਸੰਪੰਨ ਮਿਸਤਰੀਆਂ ਦੀਆਂ ਲੇਬਰ ਜੌਬਸ ਦੇ ਨਾਲ-ਨਾਲ ਵਿਭਿੰਨ ਹਿੱਸਿਆਂ ਲਈ ਹੋਰ ਬਹੁਤ ਸਾਰੇ ਆਰਥਿਕ ਮੌਕੇ ਪੈਦਾ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਕਾਨਾਂ ਦੇ ਨਿਰਮਾਣ 'ਤੇ 22,000 ਕਰੋੜ ਰੁਪਏ ਸਿਰਫ਼ ਮੱਧ ਪ੍ਰਦੇਸ਼ ਵਿੱਚ ਹੀ ਖਰਚ ਕੀਤੇ ਗਏ ਹਨ, ਇਸ ਵੱਡੇ ਪੂੰਜੀ ਨਿਵੇਸ਼ ਨੇ ਸੂਬੇ ਦੇ ਆਰਥਿਕ ਜੀਵਨ ਦੇ ਸਾਰੇ ਪਹਿਲੂਆਂ ਵਿੱਚ ਮਦਦ ਕੀਤੀ ਹੈ। ਉਨ੍ਹਾਂ ਅੱਗੇ ਕਿਹਾ "ਇਹ ਘਰ ਸਾਰਿਆਂ ਲਈ ਤਰੱਕੀ ਲਿਆ ਰਹੇ ਹਨ।”
ਬਦਲੇ ਹੋਏ ਕਾਰਜ ਸੰਸਕ੍ਰਿਤੀ 'ਤੇ ਟਿੱਪਣੀ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲੇ ਸਮਿਆਂ ਦੇ ਉਲਟ, ਜਦੋਂ ਨਾਗਰਿਕਾਂ ਨੂੰ ਸਰਕਾਰ ਕੋਲ ਭੱਜਣ ਅਤੇ ਸੁਵਿਧਾਵਾਂ ਦੀ ਬੇਨਤੀ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ, ਮੌਜੂਦਾ ਸਰਕਾਰ ਨਾਗਰਿਕਾਂ ਤੱਕ ਜਾ ਰਹੀ ਹੈ ਅਤੇ ਸਾਰੀਆਂ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਉਣ ਲਈ ਮੁਹਿੰਮ ਚਲਾ ਰਹੀ ਹੈ। ਉਨ੍ਹਾਂ ਅੱਗੇ ਕਿਹਾ “ਅੱਜ ਅਸੀਂ ਬਿਨਾਂ ਕਿਸੇ ਭੇਦਭਾਵ ਦੇ ਸਕੀਮਾਂ ਦੀ ਕਵਰੇਜ ਦੀ ਸੰਤ੍ਰਿਪਤਾ ਬਾਰੇ ਗੱਲ ਕਰ ਰਹੇ ਹਾਂ।”
ਲੋਕਾਂ ਦੀਆਂ ਇਨ੍ਹਾਂ ਬੁਨਿਆਦੀ ਜ਼ਰੂਰਤਾਂ ਬਾਰੇ ਸਰਕਾਰ ਦੁਆਰਾ ਦਿਖਾਈ ਜਾ ਰਹੀ ਮੁਸਤੈਦੀ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ਇਹ ਬੀਤੇ ਦੇ ਸਬਕ ਕਾਰਨ ਹੈ। ਪਿਛਲੇ ਸਮੇਂ ਵਿੱਚ ਇੰਨੇ ਜ਼ਿਆਦਾ ਲੋਕ ਇਨ੍ਹਾਂ ਬੁਨਿਆਦੀ ਸੁਵਿਧਾਵਾਂ ਤੋਂ ਵਾਂਝੇ ਰਹਿ ਗਏ ਸਨ ਕਿ ਉਨ੍ਹਾਂ ਕੋਲ ਹੋਰ ਕੁਝ ਸੋਚਣ ਦਾ ਸਮਾਂ ਹੀ ਨਹੀਂ ਸੀ। “ਇਸੇ ਕਰਕੇ “ਗਰੀਬੀ ਹਟਾਓ” ਦੇ ਸਾਰੇ ਨਾਅਰੇ ਬੇਅਸਰ ਰਹੇ।” ਉਨ੍ਹਾਂ ਵਿਸਤਾਰ ਨਾਲ ਦੱਸਿਆ “ਇਸੇ ਲਈ ਅਸੀਂ ਦੇਸ਼ ਦੇ ਹਰ ਨਾਗਰਿਕ ਨੂੰ ਇਨ੍ਹਾਂ ਬੁਨਿਆਦੀ ਸੁਵਿਧਾਵਾਂ ਨਾਲ ਤੇਜ਼ੀ ਨਾਲ ਜੋੜਨ ਦਾ ਫੈਸਲਾ ਕੀਤਾ ਹੈ। ਹੁਣ ਗ਼ਰੀਬ ਬੁਨਿਆਦੀ ਸੁਵਿਧਾਵਾਂ ਨਾਲ ਲੈਸ ਹੋ ਕੇ ਆਪਣੀ ਗ਼ਰੀਬੀ ਘਟਾਉਣ ਲਈ ਉਪਰਾਲੇ ਕਰ ਰਹੇ ਹਨ।”
ਉਨ੍ਹਾਂ ਕਿਹਾ ਕਿ ਸਰਕਾਰ ਮਹਾਮਾਰੀ ਦੌਰਾਨ 80 ਕਰੋੜ ਦੇਸ਼ਵਾਸੀਆਂ ਨੂੰ ਮੁਫ਼ਤ ਰਾਸ਼ਨ ਮੁਹੱਈਆ ਕਰਵਾ ਰਹੀ ਹੈ ਅਤੇ ਇਸ 'ਤੇ 3 ਲੱਖ ਕਰੋੜ ਤੋਂ ਵੱਧ ਖਰਚ ਕਰ ਚੁੱਕੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਜਦੋਂ ਟੈਕਸਪੇਅਰ ਮਹਿਸੂਸ ਕਰਦਾ ਹੈ ਕਿ ਉਸ ਦਾ ਪੈਸਾ ਸਹੀ ਥਾਂ 'ਤੇ ਖਰਚ ਹੋ ਰਿਹਾ ਹੈ, ਤਾਂ ਉਸ ਨੂੰ ਵੀ ਖੁਸ਼ੀ ਮਿਲਦੀ ਹੈ। ਅੱਜ ਦੇਸ਼ ਦੇ ਕਰੋੜਾਂ ਟੈਕਸਪੇਅਰ ਕੋਰੋਨਾ ਦੇ ਦੌਰ ਵਿੱਚ ਕਰੋੜਾਂ ਲੋਕਾਂ ਨੂੰ ਭੋਜਨ ਦੇਣ ਵਿੱਚ ਮਦਦ ਕਰਕੇ ਜੋ ਮਹਾਨ ਸੇਵਾ ਕਰ ਰਹੇ ਹਨ, ਉਸ ਤੋਂ ਸੰਤੁਸ਼ਟ ਹਨ। ਇਹੀ ਟੈਕਸਪੇਅਰ ਜਦੋਂ ਦੇਖਦਾ ਹੈ ਕਿ ਉਸ ਤੋਂ ਇਕੱਠੇ ਕੀਤੇ ਪੈਸਿਆਂ ਨਾਲ ਮੁਫ਼ਤ 'ਰੇਵੜੀ' ਵੰਡੀ ਜਾ ਰਹੀ ਹੈ, ਤਾਂ ਉਸ ਨੂੰ ਵੀ ਦੁੱਖ ਹੁੰਦਾ ਹੈ। ਅੱਜ ਅਜਿਹੇ ਬਹੁਤ ਸਾਰੇ ਟੈਕਸਪੇਅਰ ਮੈਨੂੰ ਖੁੱਲ੍ਹ ਕੇ ਚਿੱਠੀਆਂ ਲਿਖ ਰਹੇ ਹਨ। ਮੈਨੂੰ ਖੁਸ਼ੀ ਹੈ ਕਿ ਦੇਸ਼ ਦਾ ਇੱਕ ਵੱਡਾ ਤਬਕਾ ਦੇਸ਼ ਨੂੰ ਰੇਵੜੀ ਕਲਚਰ ਤੋਂ ਮੁਕਤ ਕਰਨ ਦੀ ਤਿਆਰੀ ਕਰ ਰਿਹਾ ਹੈ।”
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਸਰਕਾਰ ਦਾ ਉਦੇਸ਼ ਆਪਣੇ ਨਾਗਰਿਕਾਂ ਦੇ ਸੁਪਨਿਆਂ ਅਤੇ ਇੱਛਾਵਾਂ ਨੂੰ ਪੂਰਾ ਕਰਨ ਤੱਕ ਸੀਮਿਤ ਨਹੀਂ ਹੈ, ਬਲਕਿ ਮੱਧ ਅਤੇ ਘੱਟ ਆਮਦਨੀ ਵਾਲੇ ਸਮੂਹਾਂ ਦੇ ਖਰਚਿਆਂ ਨੂੰ ਘੱਟ ਕਰਨ ਦੀ ਕੋਸ਼ਿਸ਼ ਵੀ ਕਰਨਾ ਹੈ। ਪ੍ਰਧਾਨ ਮੰਤਰੀ ਨੇ ਆਯੁਸ਼ਮਾਨ ਭਾਰਤ ਦੀ ਉਦਾਹਰਣ ਦਿੰਦਿਆਂ ਦੱਸਿਆ ਕਿ ਇਸ ਯੋਜਨਾ ਦੇ ਹਿੱਸੇ ਵਜੋਂ ਹੁਣ ਤੱਕ ਗ਼ਰੀਬ ਆਰਥਿਕ ਪਿਛੋਕੜ ਵਾਲੇ ਚਾਰ ਕਰੋੜ ਮਰੀਜ਼ਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕੋਰੋਨਾ ਦੌਰਾਨ ਮੁਫ਼ਤ ਟੀਕਾਕਰਣ ਮੁਹਿੰਮ ਲਈ ਹਜ਼ਾਰਾਂ ਕਰੋੜ ਰੁਪਏ ਖਰਚ ਕੀਤੇ ਸਨ ਅਤੇ ਗ਼ਰੀਬਾਂ ਨੂੰ ਆਪਣੀਆਂ ਜੇਬਾਂ ਵਿੱਚੋਂ ਪੈਸਾ ਖਰਚਣ ਤੋਂ ਬਚਾਇਆ ਸੀ।
ਯੂਕ੍ਰੇਨ ਯੁੱਧ ਕਾਰਨ ਖਾਦ ਦੀਆਂ ਵਧਦੀਆਂ ਕੀਮਤਾਂ 'ਤੇ ਟਿੱਪਣੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਸਰਕਾਰ ਇਸ ਸਾਲ 2 ਲੱਖ ਕਰੋੜ ਰੁਪਏ ਦੀ ਅਤਿਰਿਕਤ ਰਕਮ ਖਰਚ ਕਰਨ ਜਾ ਰਹੀ ਹੈ ਤਾਂ ਜੋ ਕਿਸਾਨਾਂ 'ਤੇ ਬੋਝ ਨਾ ਪਵੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਵੀ ਕਿਸਾਨਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਉਨ੍ਹਾਂ ਇਹ ਵੀ ਨੋਟ ਕੀਤਾ ਕਿ 16 ਹਜ਼ਾਰ ਕਰੋੜ ਦੀ ਕਿਸ਼ਤ ਜੋ ਕਿ ਕੁਝ ਦਿਨ ਪਹਿਲਾਂ ਰਿਲੀਜ਼ ਕੀਤੀ ਗਈ ਸੀ, ਤੁਰੰਤ ਹਰ ਲਾਭਾਰਥੀ ਕਿਸਾਨ ਤੱਕ ਪਹੁੰਚ ਗਈ। ਪ੍ਰਧਾਨ ਮੰਤਰੀ ਨੇ ਕਿਹਾ, “ਇਸ ਸਮੇਂ ਤੱਕ, ਸਾਡੀ ਸਰਕਾਰ ਨੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 2 ਲੱਖ ਕਰੋੜ ਰੁਪਏ ਤੋਂ ਵੱਧ ਜਮ੍ਹਾਂ ਕਰਵਾਏ ਹਨ। ਅਤੇ ਇਹ ਮਦਦ ਉਦੋਂ ਪਹੁੰਚੀ ਹੈ ਜਦੋਂ ਇਹ ਬਿਜਾਈ ਦਾ ਸੀਜ਼ਨ ਹੈ ਅਤੇ ਕਿਸਾਨਾਂ ਨੂੰ ਖਾਦਾਂ ਅਤੇ ਦਵਾਈਆਂ ਲਈ ਪੈਸੇ ਦੀ ਲੋੜ ਹੈ। ਉਨ੍ਹਾਂ ਅੱਗੇ ਦੱਸਿਆ ਕਿ ਫਸਲਾਂ ਦੀ ਵਿਕਰੀ 'ਤੇ ਪੈਸਾ ਸਿੱਧਾ ਬੈਂਕ ਖਾਤੇ ਵਿੱਚ ਪਹੁੰਚਦਾ ਹੈ।”
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਮਨਰੇਗਾ ਦਾ ਪੈਸਾ ਪ੍ਰਤੱਖ ਬੈਂਕ ਖਾਤੇ ਵਿੱਚ ਵੀ ਜਮ੍ਹਾ ਹੁੰਦਾ ਹੈ। ਮਾਤਰੁ ਵੰਦਨਾ ਯੋਜਨਾ ਦੇ ਹਜ਼ਾਰਾਂ ਰੁਪਏ ਗਰਭਵਤੀ ਮਾਤਾਵਾਂ ਤੱਕ ਪਹੁੰਚਦੇ ਹਨ ਜਦੋਂ ਉਨ੍ਹਾਂ ਨੂੰ ਪੌਸ਼ਟਿਕ ਭੋਜਨ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ।” ਇਹ ਸਭ ਸੇਵਾ ਭਾਵਨਾ ਅਤੇ ਸਿਆਸੀ ਇੱਛਾ ਸ਼ਕਤੀ ਸਦਕਾ ਹੀ ਸੰਭਵ ਹੋਇਆ ਹੈ।
ਪ੍ਰਧਾਨ ਮੰਤਰੀ ਨੇ ਆਮ ਨਾਗਰਿਕਾਂ ਦੇ ਜੀਵਨ ਨੂੰ ਅਸਾਨ ਬਣਾਉਣ ਲਈ ਟੈਕਨੋਲੋਜੀ ਦੀ ਵੱਡੇ ਪੱਧਰ 'ਤੇ ਵਰਤੋਂ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਸਵਾਮਿਤਵਾ ਸਕੀਮ ਅਤੇ ਖੇਤੀਬਾੜੀ ਵਿੱਚ ਵੀ ਜਾਇਦਾਦ ਦੇ ਰਿਕਾਰਡ ਬਣਾਉਣ ਵਿੱਚ ਡ੍ਰੋਨ ਸਰਵੇਖਣਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਲੱਖਾਂ ਖਾਦ ਦੀਆਂ ਦੁਕਾਨਾਂ ਨੂੰ ਕਿਸਾਨ ਸਮ੍ਰਿੱਧੀ ਕੇਂਦਰਾਂ ਵਿੱਚ ਤਬਦੀਲ ਕਰਨ ਅਤੇ ਯੂਰੀਆ ਦਾ ਇੱਕ ਸਾਂਝਾ ਦੇਸ਼-ਵਿਆਪੀ ਬ੍ਰਾਂਡ - ਭਾਰਤ ਬ੍ਰਾਂਡ ਪੇਸ਼ ਕਰਨ ਦੇ ਹਾਲ ਹੀ ਦੇ ਕਦਮਾਂ ਨੂੰ ਯਾਦ ਕੀਤਾ ਅਤੇ ਉਮੀਦ ਜਤਾਈ ਕਿ ਇਹ ਉਪਾਅ ਕਿਸਾਨਾਂ ਦੀ ਮਦਦ ਕਰਨਗੇ।
ਪਿਛੋਕੜ
ਪ੍ਰਧਾਨ ਮੰਤਰੀ ਦੀ ਇਹ ਲਗਾਤਾਰ ਕੋਸ਼ਿਸ਼ ਰਹੀ ਹੈ ਕਿ ਦੇਸ਼ ਦੇ ਹਰ ਨਾਗਰਿਕ ਨੂੰ ਸਾਰੀਆਂ ਬੁਨਿਆਦੀ ਸੁਵਿਧਾਵਾਂ ਵਾਲਾ ਘਰ ਮੁਹੱਈਆ ਕਰਵਾਇਆ ਜਾਵੇ। ਅੱਜ ਦਾ ਪ੍ਰੋਗਰਾਮ ਉਸ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ। ਪੀਐੱਮ ਆਵਾਸ ਯੋਜਨਾ ਦੇ ਤਹਿਤ ਮੱਧ ਪ੍ਰਦੇਸ਼ ਵਿੱਚ ਹੁਣ ਤੱਕ ਲਗਭਗ 38 ਲੱਖ ਘਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਤੇ 35,000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਲਗਭਗ 29 ਲੱਖ ਘਰਾਂ ਦਾ ਨਿਰਮਾਣ ਪੂਰਾ ਕੀਤਾ ਗਿਆ ਹੈ।
Honoured to join 'Grih Pravesh' and inauguration of houses built under PM Awas Yojana (Gramin) in Madhya Pradesh. https://t.co/IBeV1Ta5O1
— Narendra Modi (@narendramodi) October 22, 2022
***********
ਡੀਐੱਸ/ਟੀਐੱਸ
(Release ID: 1870515)
Visitor Counter : 170
Read this release in:
Bengali
,
English
,
Urdu
,
Hindi
,
Marathi
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam