ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਤਾਪੀ ਵਿੱਚ ਵਯਾਰਾ ਵਿਖੇ 1970 ਕਰੋੜ ਰੁਪਏ ਤੋਂ ਵੱਧ ਦੀਆਂ ਕਈ ਵਿਕਾਸ ਪਹਿਲਾਂ ਦਾ ਨੀਂਹ ਪੱਥਰ ਰੱਖਿਆ



"ਆਦਿਵਾਸੀ ਭਾਈਚਾਰਿਆਂ ਦੀ ਭਲਾਈ ਸਾਡੀ ਸਭ ਤੋਂ ਪਹਿਲੀ ਤਰਜੀਹ ਹੈ ਤੇ ਅਸੀਂ ਜਿੱਥੇ ਵੀ ਸਰਕਾਰ ਬਣਾਈ ਹੈ, ਅਸੀਂ ਕਬਾਇਲੀ ਭਲਾਈ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ"

“ਕਬਾਇਲੀ ਬੱਚਿਆਂ ਨੂੰ ਅੱਗੇ ਵਧਣ ਦੇ ਨਵੇਂ ਮੌਕੇ ਮਿਲੇ ਹਨ”

"ਪਿਛਲੇ 7-8 ਸਾਲਾਂ ਦੌਰਾਨ ਕਬਾਇਲੀ ਕਲਿਆਣ ਬਜਟ ਵਿੱਚ ਤਿੰਨ ਗੁਣਾ ਤੋਂ ਵੱਧ ਵਾਧਾ ਹੋਇਆ ਹੈ"

"ਸਬਕਾ ਪ੍ਰਯਾਸ ਨਾਲ, ਅਸੀਂ ਇੱਕ ਵਿਕਸਿਤ ਗੁਜਰਾਤ ਅਤੇ ਇੱਕ ਵਿਕਸਿਤ ਭਾਰਤ ਦਾ ਨਿਰਮਾਣ ਕਰਾਂਗੇ।"

Posted On: 20 OCT 2022 5:35PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਤਾਪੀ ਦੇ ਵਯਾਰਾ ਵਿੱਚ 1970 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦੀਆਂ ਕਈ ਵਿਕਾਸ ਪਹਿਲਾਂ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ਪ੍ਰੋਜੈਕਟਾਂ ਵਿੱਚ ਸਪੁਤਾਰਾ ਤੋਂ ਸਟੈਚੂ ਆਫ ਯੂਨਿਟੀ ਤੱਕ ਸੜਕ ਦਾ ਸੁਧਾਰ, ਗੁੰਮ ਹੋਏ ਲਿੰਕਾਂ ਦੇ ਨਿਰਮਾਣ ਅਤੇ ਤਾਪੀ ਅਤੇ ਨਰਮਦਾ ਜ਼ਿਲ੍ਹਿਆਂ ਵਿੱਚ 300 ਕਰੋੜ ਰੁਪਏ ਤੋਂ ਵੱਧ ਦੇ ਜਲ ਸਪਲਾਈ ਪ੍ਰੋਜੈਕਟ ਸ਼ਾਮਲ ਹਨ।

ਇਸ ਮੌਕੇ 'ਤੇ ਮੌਜੂਦ ਲੋਕਾਂ ਦੇ ਉਤਸ਼ਾਹ ਅਤੇ ਪਿਆਰ ਨੂੰ ਪ੍ਰਵਾਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਦੋ ਦਹਾਕਿਆਂ ਤੋਂ ਉਨ੍ਹਾਂ ਦੇ ਪਿਆਰ ਦਾ ਪਾਤਰ ਬਣ ਕੇ ਆਪਣੇ–ਆਪ ਨੂੰ ਖੁਸ਼ਕਿਸਮਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਕਿਹਾ, “ਤੁਸੀਂ ਸਾਰੇ ਦੂਰ-ਦੂਰ ਤੋਂ ਇੱਥੇ ਆਏ ਹੋ। ਤੁਹਾਡੀ ਊਰਜਾ, ਤੁਹਾਡੇ ਜੋਸ਼ ਨੂੰ ਦੇਖ ਕੇ, ਮਨ ਖੁਸ਼ ਹੋ ਜਾਂਦਾ ਹੈ ਅਤੇ ਮੇਰੀ ਊਰਜਾ ਦੇ ਪੱਧਰ ਨੂੰ ਹੁਲਾਰਾ ਮਿਲਦਾ ਹੈ।" ਉਨ੍ਹਾਂ ਆਪਣੀ ਗੱਲ ਜਾਰੀ ਰੱਖਦਿਆਂ ਆਖਿਆ, "ਮੈਂ ਕੋਸ਼ਿਸ਼ ਕਰ ਰਿਹਾ ਹਾਂ। ਤੁਹਾਡੇ ਵਿਕਾਸ ਲਈ ਪੂਰੇ ਦਿਲ ਨਾਲ ਕੰਮ ਕਰਕੇ ਇਸ ਕਰਜ਼ੇ ਨੂੰ ਚੁਕਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਅੱਜ ਵੀ, ਤਾਪੀ ਅਤੇ ਨਰਮਦਾ ਸਮੇਤ ਇਸ ਪੂਰੇ ਆਦਿਵਾਸੀ ਖੇਤਰ ਦੇ ਵਿਕਾਸ ਨਾਲ ਸਬੰਧਿਤ ਸੈਂਕੜੇ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ।"

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੇ ਕਬਾਇਲੀ ਹਿੱਤਾਂ ਅਤੇ ਆਦਿਵਾਸੀ ਭਾਈਚਾਰਿਆਂ ਦੀ ਭਲਾਈ ਬਾਰੇ ਦੋ ਤਰ੍ਹਾਂ ਦੀ ਰਾਜਨੀਤੀ ਦੇਖੀ ਹੈ। ਇਕ ਪਾਸੇ ਅਜਿਹੀਆਂ ਪਾਰਟੀਆਂ ਹਨ ਜੋ ਆਦਿਵਾਸੀਆਂ ਦੇ ਹਿੱਤਾਂ ਦੀ ਪ੍ਰਵਾਹ ਨਹੀਂ ਕਰਦੀਆਂ ਅਤੇ ਆਦਿਵਾਸੀਆਂ ਨਾਲ ਝੂਠੇ ਵਾਅਦੇ ਕਰਨ ਦਾ ਇਤਿਹਾਸ ਰੱਖਦੀਆਂ ਹਨ, ਜਦਕਿ ਦੂਸਰੇ ਪਾਸੇ ਭਾਜਪਾ ਵਰਗੀ ਪਾਰਟੀ ਹੈ, ਜਿਸ ਨੇ ਹਮੇਸ਼ਾ ਆਦਿਵਾਸੀਆਂ ਦੀ ਭਲਾਈ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ। ਉਨ੍ਹਾਂ ਨੇ ਕਿਹਾ, “ਪਹਿਲਾਂ ਦੀਆਂ ਸਰਕਾਰਾਂ ਨੇ ਕਬਾਇਲੀ ਪਰੰਪਰਾਵਾਂ ਦਾ ਮਜ਼ਾਕ ਉਡਾਇਆ ਸੀ ਪਰ ਅਸੀਂ ਕਬਾਇਲੀ ਪਰੰਪਰਾਵਾਂ ਦਾ ਸਨਮਾਨ ਕਰਦੇ ਹਾਂ।” ਉਨ੍ਹਾਂ ਨੇ ਅੱਗੇ ਕਿਹਾ, "ਆਦਿਵਾਸੀ ਭਾਈਚਾਰਿਆਂ ਦੀ ਭਲਾਈ ਸਾਡੀ ਸਭ ਤੋਂ ਵੱਡੀ ਤਰਜੀਹ ਹੈ ਅਤੇ ਅਸੀਂ ਜਿੱਥੇ ਵੀ ਸਰਕਾਰ ਬਣਾਈ ਹੈ, ਅਸੀਂ ਕਬਾਇਲੀ ਭਲਾਈ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ।"

ਆਦਿਵਾਸੀ ਭਾਈਚਾਰਿਆਂ ਦੀ ਭਲਾਈ 'ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਅੱਗੇ ਕਿਹਾ,"ਮੇਰੇ ਆਦਿਵਾਸੀ ਭਰਾਵਾਂ ਅਤੇ ਭੈਣਾਂ ਕੋਲ ਬਿਜਲੀ, ਗੈਸ ਕਨੈਕਸ਼ਨ, ਪਖਾਨਾ, ਘਰ ਨੂੰ ਜਾਣ ਵਾਲੀ ਸੜਕ, ਨੇੜੇ ਇੱਕ ਮੈਡੀਕਲ ਸੈਂਟਰ, ਆਮਦਨ ਦੇ ਸਾਧਨਾਂ ਵਾਲਾ ਆਪਣਾ ਪੱਕਾ ਘਰ ਅਤੇ ਨੇੜੇ–ਤੇੜੇ ਬੱਚਿਆਂ ਲਈ ਇੱਕ ਸਕੂਲ ਹੋਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਗੁਜਰਾਤ ਨੇ ਬੇਮਿਸਾਲ ਵਿਕਾਸ ਵੇਖਿਆ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਗੁਜਰਾਤ ਦੇ ਹਰ ਪਿੰਡ ਵਿੱਚ ਅੱਜ 24 ਘੰਟੇ ਬਿਜਲੀ ਹੈ ਪਰ ਸਭ ਤੋਂ ਪਹਿਲਾਂ ਜਿੱਥੇ ਹਰ ਪਿੰਡ ਨੂੰ ਬਿਜਲੀ ਦੀ ਸੁਵਿਧਾ ਨਾਲ ਜੋੜਿਆ ਗਿਆ ਸੀ, ਉਹ ਡਾਂਗ ਦਾ ਕਬਾਇਲੀ ਜ਼ਿਲ੍ਹਾ ਸੀ। ਪ੍ਰਧਾਨ ਮੰਤਰੀ ਨੇ ਹਿਕਾ, "ਲਗਭਗ ਡੇਢ ਦਹਾਕਾ ਪਹਿਲਾਂ, ਜਯੋਤਿਰਗ੍ਰਾਮ ਯੋਜਨਾ ਦੇ ਤਹਿਤ ਡਾਂਗ ਜ਼ਿਲ੍ਹੇ ਦੇ 300 ਤੋਂ ਵੱਧ ਪਿੰਡਾਂ ਵਿੱਚ 100 ਪ੍ਰਤੀਸ਼ਤ ਬਿਜਲੀਕਰਣ ਦਾ ਲਕਸ਼ ਹਾਸਲ ਕੀਤਾ ਗਿਆ ਸੀ। ਡਾਂਗ ਜ਼ਿਲੇ ਦੀ ਇਸ ਪ੍ਰੇਰਣਾ ਨੇ ਸਾਨੂੰ ਦੇਸ਼ ਦੇ ਸਾਰੇ ਪਿੰਡਾਂ ਦਾ ਬਿਜਲੀਕਰਣ ਕਰਨ ਲਈ ਪ੍ਰੇਰਿਤ ਕੀਤਾ ਜਦੋਂ ਤੁਸੀਂ ਮੈਨੂੰ ਪ੍ਰਧਾਨ ਮੰਤਰੀ ਵਜੋਂ ਦਿੱਲੀ ਭੇਜਿਆ ਸੀ।"

ਪ੍ਰਧਾਨ ਮੰਤਰੀ ਨੇ ਵਾਡੀ ਯੋਜਨਾ 'ਤੇ ਚਾਨਣਾ ਪਾਇਆ ਜੋ ਕਬਾਇਲੀ ਖੇਤਰਾਂ ਵਿੱਚ ਖੇਤੀਬਾੜੀ ਨੂੰ ਨਵਾਂ ਜੀਵਨ ਦੇਣ ਲਈ ਸ਼ੁਰੂ ਕੀਤੀ ਗਈ ਸੀ। ਸ਼੍ਰੀ ਮੋਦੀ ਨੇ ਪਿਛਲੀ ਸਥਿਤੀ ਨੂੰ ਯਾਦ ਕੀਤਾ ਜਦੋਂ ਕਬਾਇਲੀ ਖੇਤਰਾਂ ਵਿੱਚ ਬਾਜਰੇ-ਮੱਕੀ ਨੂੰ ਉਗਾਉਣਾ ਅਤੇ ਖਰੀਦਣਾ ਮੁਸ਼ਕਲ ਸੀ। ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਕਬਾਇਲੀ ਖੇਤਰਾਂ ਵਿੱਚ ਅੰਬ, ਅਮਰੂਦ ਅਤੇ ਨਿੰਬੂ ਜਿਹੇ ਫਲਾਂ ਦੇ ਨਾਲ ਕਾਜੂ ਦੀ ਕਾਸ਼ਤ ਕੀਤੀ ਜਾਂਦੀ ਹੈ। ਉਨ੍ਹਾਂ ਇਸ ਸਕਾਰਾਤਮਕ ਤਬਦੀਲੀ ਲਈ ਵਾੜੀ ਯੋਜਨਾ ਨੂੰ ਸਿਹਰਾ ਦਿੰਦਿਆਂ ਦੱਸਿਆ ਕਿ ਇਸ ਯੋਜਨਾ ਰਾਹੀਂ ਆਦਿਵਾਸੀ ਕਿਸਾਨਾਂ ਨੂੰ ਬੰਜਰ ਜ਼ਮੀਨ 'ਤੇ ਫਲਾਂ, ਸਾਗ ਅਤੇ ਬਾਂਸ ਦੀ ਕਾਸ਼ਤ ਕਰਨ ਵਿੱਚ ਸਹਾਇਤਾ ਕੀਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ, "ਅੱਜ ਇਹ ਪ੍ਰੋਗਰਾਮ ਗੁਜਰਾਤ ਦੇ ਕਈ ਜ਼ਿਲ੍ਹਿਆਂ ਵਿੱਚ ਚੱਲ ਰਿਹਾ ਹੈ।" ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਰਾਸ਼ਟਰਪਤੀ ਡਾਕਟਰ ਅਬਦੁਲ ਕਲਾਮ ਵਲਸਾੜ ਜ਼ਿਲ੍ਹੇ ਵਿੱਚ ਇਸ ਨੂੰ ਵੇਖਣ ਲਈ ਆਏ ਸਨ ਅਤੇ ਉਨ੍ਹਾਂ ਨੇ ਵੀ ਇਸ ਪ੍ਰੋਜੈਕਟ ਦੀ ਬਹੁਤ ਸ਼ਲਾਘਾ ਕੀਤੀ ਸੀ।

ਸ਼੍ਰੀ ਮੋਦੀ ਨੇ ਗੁਜਰਾਤ ਵਿੱਚ ਪਾਣੀ ਦੀ ਬਦਲੀ ਹੋਈ ਸਥਿਤੀ ਬਾਰੇ ਵੀ ਗੱਲ ਕੀਤੀ। ਗੁਜਰਾਤ ਵਿੱਚ ਬਿਜਲੀ ਗ੍ਰਿੱਡਾਂ ਦੀ ਤਰਜ਼ 'ਤੇ ਵਾਟਰ ਗ੍ਰਿੱਡ ਵਿਛਾਏ ਗਏ ਸਨ। ਤਾਪੀ ਸਮੇਤ ਪੂਰੇ ਗੁਜਰਾਤ ਵਿੱਚ ਇੱਕ ਨਹਿਰ ਅਤੇ ਲਿਫਟ ਸਿੰਚਾਈ ਨੈੱਟਵਰਕ ਦਾ ਨਿਰਮਾਣ ਕੀਤਾ ਗਿਆ ਸੀ। ਡਾਬਾ ਕੰਠਾ ਨਹਿਰ ਤੋਂ ਪਾਣੀ ਚੁੱਕਿਆ ਗਿਆ ਅਤੇ ਫਿਰ ਤਾਪੀ ਜ਼ਿਲ੍ਹੇ ਵਿੱਚ ਪਾਣੀ ਦੀ ਸੁਵਿਧਾ ਵਧ ਗਈ। ਉਨ੍ਹਾਂ ਦੱਸਿਆ ਕਿ ਉਕਾਈ ਸਕੀਮ ਸੈਂਕੜੇ ਕਰੋੜ ਰੁਪਏ ਦੇ ਨਿਵੇਸ਼ ਨਾਲ ਬਣਾਈ ਜਾ ਰਹੀ ਹੈ ਅਤੇ ਅੱਜ ਜਿਨ੍ਹਾਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ, ਉਨ੍ਹਾਂ ਨਾਲ ਪਾਣੀ ਦੀ ਸੁਵਿਧਾ ਵਿੱਚ ਹੋਰ ਸੁਧਾਰ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ,“ਇੱਕ ਸਮਾਂ ਸੀ ਜਦੋਂ ਗੁਜਰਾਤ ਵਿੱਚ ਸਿਰਫ਼ ਇੱਕ ਚੌਥਾਈ ਪਰਿਵਾਰਾਂ ਕੋਲ ਪਾਣੀ ਦਾ ਕਨੈਕਸ਼ਨ ਸੀ। ਅੱਜ ਗੁਜਰਾਤ ਵਿੱਚ 100% ਘਰਾਂ ਵਿੱਚ ਪੀਣ ਵਾਲੇ ਪਾਣੀ ਦੀ ਪਾਈਪ ਪਾਈ ਗਈ ਹੈ।”

ਵਨਬੰਧੂ ਕਲਿਆਣ ਯੋਜਨਾ 'ਤੇ ਚਾਨਣਾ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਹ ਗੁਜਰਾਤ ਦੇ ਆਦਿਵਾਸੀ ਸਮਾਜ ਦੀਆਂ ਹਰ ਬੁਨਿਆਦੀ ਜ਼ਰੂਰਤਾਂ ਅਤੇ ਇੱਛਾਵਾਂ ਨੂੰ ਪੂਰਾ ਕਰਨ ਲਈ ਸੰਕਲਪਿਤ ਅਤੇ ਲਾਗੂ ਕੀਤੀ ਗਈ ਸੀ। “ਅੱਜ ਅਸੀਂ ਦੇਖ ਰਹੇ ਹਾਂ ਕਿ ਤਾਪੀ ਅਤੇ ਹੋਰ ਨਾਲ ਲਗਦੇ ਆਦਿਵਾਸੀ ਜ਼ਿਲ੍ਹਿਆਂ ਦੀਆਂ ਬਹੁਤ ਸਾਰੀਆਂ ਧੀਆਂ ਇੱਥੇ ਸਕੂਲ ਅਤੇ ਕਾਲਜ ਜਾ ਰਹੀਆਂ ਹਨ। ਹੁਣ ਆਦਿਵਾਸੀ ਸਮਾਜ ਦੇ ਬਹੁਤ ਸਾਰੇ ਪੁੱਤਰ ਅਤੇ ਧੀਆਂ ਵਿਗਿਆਨ ਦੀ ਪੜ੍ਹਾਈ ਕਰ ਰਹੇ ਹਨ, ਡਾਕਟਰ ਅਤੇ ਇੰਜੀਨੀਅਰ ਬਣ ਰਹੇ ਹਨ। ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਜਦੋਂ ਇਹ ਨੌਜਵਾਨ 20-25 ਸਾਲ ਪਹਿਲਾਂ ਪੈਦਾ ਹੋਏ ਸਨ, ਉਮਰਗਾਮ ਤੋਂ ਅੰਬਾਜੀ ਤੱਕ ਪੂਰੀ ਕਬਾਇਲੀ ਪੱਟੀ ਵਿੱਚ ਬਹੁਤ ਘੱਟ ਸਕੂਲ ਸਨ ਅਤੇ ਵਿਗਿਆਨ ਦੀ ਪੜ੍ਹਾਈ ਕਰਨ ਲਈ ਬਹੁਤ ਘੱਟ ਸੁਵਿਧਾਵਾਂ ਸਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਮਿਸ਼ਨ ਸਕੂਲ ਆਵ੍ ਐਕਸੀਲੈਂਸ ਤਹਿਤ, ਜਿਸ ਦਾ ਕੱਲ੍ਹ ਗੁਜਰਾਤ ਵਿੱਚ ਉਦਘਾਟਨ ਕੀਤਾ ਗਿਆ ਸੀ, ਕਬਾਇਲੀ ਤਾਲੁਕਾਂ ਵਿੱਚ ਲਗਭਗ 4,000 ਸਕੂਲਾਂ ਦਾ ਆਧੁਨਿਕੀਕਰਣ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ ਦੋ ਦਹਾਕਿਆਂ ਵਿੱਚ ਆਦਿਵਾਸੀ ਖੇਤਰਾਂ ਵਿੱਚ 10 ਹਜ਼ਾਰ ਤੋਂ ਵੱਧ ਸਕੂਲ ਬਣਾਏ ਗਏ ਹਨ, ਏਕਲਵਯ ਮਾਡਲ ਸਕੂਲ ਅਤੇ ਧੀਆਂ ਲਈ ਵਿਸ਼ੇਸ਼ ਰਿਹਾਇਸ਼ੀ ਸਕੂਲ ਬਣਾਏ ਗਏ ਹਨ। ਨਰਮਦਾ ਦੀ ਬਿਰਸਾ ਮੁੰਡਾ ਕਬਾਇਲੀ ਯੂਨੀਵਰਸਿਟੀ ਅਤੇ ਗੋਧਰਾ ਦੇ ਸ਼੍ਰੀ ਗੋਵਿੰਦ ਗੁਰੂ ਵਿਸ਼ਵਵਿਦਿਆਲਿਆ ਆਦਿਵਾਸੀ ਨੌਜਵਾਨਾਂ ਨੂੰ ਉੱਚ ਸਿੱਖਿਆ ਦੇ ਮੌਕੇ ਪ੍ਰਦਾਨ ਕਰ ਰਹੇ ਹਨ। ਆਦਿਵਾਸੀ ਬੱਚਿਆਂ ਲਈ ਵਜ਼ੀਫ਼ਿਆਂ ਦਾ ਬਜਟ ਹੁਣ ਦੁੱਗਣੇ ਤੋਂ ਵੀ ਵੱਧ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ, “ਏਕਲਵਯ ਸਕੂਲਾਂ ਦੀ ਗਿਣਤੀ ਵੀ ਕਈ ਗੁਣਾ ਵਧ ਗਈ ਹੈ।” ਉਨ੍ਹਾਂ ਨੇ ਕਿਹਾ,‘‘ਸਾਡੇ ਕਬਾਇਲੀ ਬੱਚਿਆਂ ਲਈ ਅਸੀਂ ਸਿੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਅਤੇ ਵਿਦੇਸ਼ਾਂ ਵਿੱਚ ਪੜ੍ਹਨ ਲਈ ਵਿੱਤੀ ਸਹਾਇਤਾ ਵੀ ਦਿੱਤੀ।” ਪ੍ਰਧਾਨ ਮੰਤਰੀ ਨੇ ਖੇਲੋ ਇੰਡੀਆ ਜਿਹੀਆਂ ਮੁਹਿੰਮਾਂ ਰਾਹੀਂ ਖੇਡਾਂ ਵਿੱਚ ਪਾਰਦਰਸ਼ਤਾ ਲਿਆਉਣ ਦੇ ਫਾਇਦਿਆਂ ਨੂੰ ਵੀ ਦੁਹਰਾਇਆ ਅਤੇ ਕਬਾਇਲੀ ਬੱਚਿਆਂ ਨੂੰ ਉਨ੍ਹਾਂ ਦੀ ਸਮਰੱਥਾ ਦੇ ਵਿਕਾਸ ਅਤੇ ਵਿਕਾਸ ਦੇ ਨਵੇਂ ਮੌਕੇ ਪ੍ਰਦਾਨ ਕੀਤੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਜਰਾਤ ਸਰਕਾਰ ਨੇ ਵਨਬੰਧੂ ਕਲਿਆਣ ਯੋਜਨਾ 'ਤੇ ਇਕ ਲੱਖ ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਹਨ। ਹੁਣ ਇਸ ਯੋਜਨਾ ਦੇ ਦੂਜੇ ਪੜਾਅ ਵਿੱਚ ਗੁਜਰਾਤ ਸਰਕਾਰ ਇੱਕ ਲੱਖ ਕਰੋੜ ਰੁਪਏ ਤੋਂ ਵੱਧ ਖਰਚ ਕਰਨ ਜਾ ਰਹੀ ਹੈ। ਇਸ ਨਾਲ ਆਦਿਵਾਸੀ ਬੱਚਿਆਂ ਲਈ ਕਈ ਨਵੇਂ ਸਕੂਲ, ਕਈ ਹੋਸਟਲ, ਨਵੇਂ ਮੈਡੀਕਲ ਕਾਲਜ, ਨਰਸਿੰਗ ਕਾਲਜ ਵੀ ਬਣਾਏ ਜਾਣਗੇ। ਉਨ੍ਹਾਂ ਨੇ ਕਿਹਾ, “ਇਸ ਯੋਜਨਾ ਦੇ ਤਹਿਤ, ਸਰਕਾਰ ਆਦਿਵਾਸੀਆਂ ਲਈ 2.5 ਲੱਖ ਤੋਂ ਵੱਧ ਘਰ ਬਣਾਉਣ ਦੀ ਵੀ ਤਿਆਰੀ ਕਰ ਰਹੀ ਹੈ। ਪਿਛਲੇ ਕੁਝ ਸਾਲਾਂ ਵਿੱਚ, ਕਬਾਇਲੀ ਖੇਤਰਾਂ ਵਿੱਚ ਲਗਭਗ ਇੱਕ ਲੱਖ ਕਬਾਇਲੀ ਪਰਿਵਾਰਾਂ ਨੂੰ 6 ਲੱਖ ਤੋਂ ਵੱਧ ਘਰ ਅਤੇ ਜ਼ਮੀਨਾਂ ਦੇ ਲੀਜ਼ ਦਿੱਤੇ ਗਏ ਹਨ।”

ਪ੍ਰਧਾਨ ਮੰਤਰੀ ਨੇ ਕਿਹਾ, “ਸਾਡਾ ਸੰਕਲਪ, ਕਬਾਇਲੀ ਸਮਾਜ ਨੂੰ ਕੁਪੋਸ਼ਣ ਦੀਆਂ ਸਮੱਸਿਆਵਾਂ ਤੋਂ ਪੂਰੀ ਤਰ੍ਹਾਂ ਮੁਕਤ ਬਣਾਉਣਾ ਹੈ। ਇਸ ਲਈ ਕੇਂਦਰ ਸਰਕਾਰ ਨੇ ਇੱਕ ਵਿਸ਼ਾਲ 'ਪੋਸ਼ਣ ਅਭਿਆਨ' ਸ਼ੁਰੂ ਕੀਤਾ ਹੈ ਜਿਸ ਰਾਹੀਂ ਮਾਵਾਂ ਨੂੰ ਗਰਭ ਦੌਰਾਨ ਪੌਸ਼ਟਿਕ ਭੋਜਨ ਖਾਣ ਵਿੱਚ ਮਦਦ ਕਰਨ ਲਈ ਹਜ਼ਾਰਾਂ ਰੁਪਏ ਦਿੱਤੇ ਜਾ ਰਹੇ ਹਨ। ਮਾਵਾਂ ਅਤੇ ਬੱਚਿਆਂ ਨੂੰ ਸਮੇਂ ਸਿਰ ਟੀਕਾਕਰਣ ਯਕੀਨੀ ਬਣਾਉਣ ਲਈ ‘ਮਿਸ਼ਨ ਇੰਦਰਧਨੁਸ਼’ ਤਹਿਤ ਇੱਕ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ। ਹੁਣ ਢਾਈ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਜਦੋਂ ਦੇਸ਼ ਭਰ ਵਿੱਚ ਗ਼ਰੀਬਾਂ ਨੂੰ ਮੁਫ਼ਤ ਰਾਸ਼ਨ ਦਿੱਤਾ ਜਾ ਰਿਹਾ ਹੈ। ਕੇਂਦਰ ਸਰਕਾਰ ਇਸ 'ਤੇ 3 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕਰ ਰਹੀ ਹੈ। ਸਾਡੀਆਂ ਮਾਵਾਂ-ਭੈਣਾਂ ਨੂੰ ਧੂੰਏਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਦੂਰ ਰਹਿਣ ਲਈ ਦੇਸ਼ ਵਿੱਚ ਹੁਣ ਤੱਕ ਲਗਭਗ 10 ਕਰੋੜ ਮੁਫ਼ਤ ਗੈਸ ਕਨੈਕਸ਼ਨ ਦਿੱਤੇ ਜਾ ਚੁੱਕੇ ਹਨ। ਆਯੁਸ਼ਮਾਨ ਭਾਰਤ ਯੋਜਨਾ ਤਹਿਤ ਲੱਖਾਂ ਆਦਿਵਾਸੀ ਪਰਿਵਾਰਾਂ ਨੂੰ 5 ਲੱਖ ਰੁਪਏ ਪ੍ਰਤੀ ਸਾਲ ਤੱਕ ਮੁਫ਼ਤ ਇਲਾਜ ਦੀ ਸੁਵਿਧਾ ਮਿਲੀ ਹੈ।

ਭਾਰਤ ਦੇ ਆਜ਼ਾਦੀ ਅੰਦੋਲਨ ਦੇ ਇਤਿਹਾਸ ਵਿੱਚ ਕਬਾਇਲੀ ਭਾਈਚਾਰੇ ਦੀ ਭੁੱਲੀ ਵਿਰਾਸਤ ਨੂੰ ਬਹਾਲ ਕਰਨ ਲਈ ਸਰਕਾਰ ਦੇ ਯਤਨਾਂ ਨੂੰ ਉਜਾਗਰ ਕਰਦਿਆਂ ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਕਬਾਇਲੀ ਭਾਈਚਾਰੇ ਦੀ ਬਹੁਤ ਸਮ੍ਰਿੱਧ ਵਿਰਾਸਤ ਹੈ। ਉਨ੍ਹਾਂ ਨੇ ਕਿਹਾ, "ਹੁਣ ਪਹਿਲੀ ਵਾਰ, ਦੇਸ਼ 15 ਨਵੰਬਰ ਨੂੰ ਭਗਵਾਨ ਬਿਰਸਾ ਮੁੰਡਾ ਦੇ ਜਨਮ ਦਿਨ ਨੂੰ ਆਦਿਵਾਸੀ ਮਾਣ ਦਿਵਸ ਵਜੋਂ ਮਨਾ ਰਿਹਾ ਹੈ।" ਉਨ੍ਹਾਂ ਅੱਗੇ ਕਿਹਾ ਕਿ ਕਬਾਇਲੀ ਆਜ਼ਾਦੀ ਘੁਲਾਟੀਆਂ ਦੇ ਯੋਗਦਾਨ ਨੂੰ ਦੇਸ਼ ਭਰ ਦੇ ਅਜਾਇਬ ਘਰਾਂ ਰਾਹੀਂ ਸੁਰੱਖਿਅਤ ਅਤੇ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ। ਉਸ ਸਮੇਂ ਨੂੰ ਯਾਦ ਕਰਦਿਆਂ, ਜਦੋਂ ਕਬਾਇਲੀ ਮੰਤਰਾਲਾ ਮੌਜੂਦ ਨਹੀਂ ਸੀ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਹ ਅਟਲ ਜੀ ਦੀ ਸਰਕਾਰ ਸੀ, ਜਿਸ ਨੇ ਪਹਿਲੀ ਵਾਰ ਕਬਾਇਲੀ ਮੰਤਰਾਲੇ ਦਾ ਗਠਨ ਕੀਤਾ ਸੀ। “ਗ੍ਰਾਮ ਸੜਕ ਯੋਜਨਾ ਅਟਲ ਜੀ ਦੀ ਸਰਕਾਰ ਦੌਰਾਨ ਸ਼ੁਰੂ ਕੀਤੀ ਗਈ ਸੀ, ਜਿਸ ਦੇ ਨਤੀਜੇ ਵਜੋਂ ਕਬਾਇਲੀ ਖੇਤਰਾਂ ਨੂੰ ਬਹੁਤ ਸਾਰੇ ਲਾਭ ਪਹੁੰਚੇ। ਉਨ੍ਹਾਂ ਨੇ ਕਿਹਾ, ''ਸਾਡੀ ਸਰਕਾਰ ਨੇ ਆਦਿਵਾਸੀਆਂ ਨਾਲ ਹੋ ਰਹੀ ਬੇਇਨਸਾਫੀ ਨੂੰ ਖਤਮ ਕਰਨ ਦਾ ਕੰਮ ਕੀਤਾ ਹੈ।'' ਪ੍ਰਧਾਨ ਮੰਤਰੀ ਨੇ ਅੱਗੇ ਦੱਸਿਆ ਕਿ ਕਬਾਇਲੀ ਭਲਾਈ ਨਾਲ ਸਬੰਧਿਤ ਬਜਟ ਵਿੱਚ ਵੀ ਪਿਛਲੇ 8 ਸਾਲਾਂ ਵਿੱਚ ਤਿੰਨ ਗੁਣਾ ਤੋਂ ਵੱਧ ਵਾਧਾ ਕੀਤਾ ਗਿਆ ਹੈ ਜਿਸ ਨਾਲ ਸਾਡੇ ਆਦਿਵਾਸੀ ਨੌਜਵਾਨਾਂ ਲਈ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਏ ਹਨ।

ਪ੍ਰਧਾਨ ਮੰਤਰੀ ਨੇ ਕਿਹਾ, "ਵਿਕਾਸ ਦੀ ਇਸ ਭਾਈਵਾਲੀ ਨੂੰ ਲਗਾਤਾਰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ।" ਉਨ੍ਹਾਂ ਨੇ ਕਬਾਇਲੀ ਨੌਜਵਾਨਾਂ ਦੀ ਸਮਰੱਥਾ ਨੂੰ ਵਧਾਉਣ ਲਈ ਡਬਲ ਇੰਜਣ ਸਰਕਾਰ ਦੇ ਯਤਨਾਂ ਵਿੱਚ ਸ਼ਾਮਲ ਹੋਣ ਲਈ ਸਾਰਿਆਂ ਨੂੰ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਨੇ ਅੰਤ ’ਚ ਆਖਿਆ, "ਸਬਕਾ ਪ੍ਰਯਾਸ ਨਾਲ, ਅਸੀਂ ਇੱਕ ਵਿਕਸਿਤ ਗੁਜਰਾਤ, ਅਤੇ ਇੱਕ ਵਿਕਸਿਤ ਭਾਰਤ ਦਾ ਨਿਰਮਾਣ ਕਰਾਂਗੇ।"

ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ, ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਮੰਗੂਭਾਈ ਪਟੇਲ, ਸੰਸਦ ਮੈਂਬਰ ਸ਼੍ਰੀ ਸੀ ਆਰ ਪਾਟਿਲ, ਸ਼੍ਰੀ ਕੇਸੀ ਪਟੇਲ, ਸ਼੍ਰੀ ਮਨਸੁਖ ਵਸਾਵਾ ਅਤੇ ਸ਼੍ਰੀ ਪ੍ਰਭੂਭਾਈ ਵਸਾਵਾ, ਅਤੇ ਗੁਜਰਾਤ ਸਰਕਾਰ ਦੇ ਮੰਤਰੀ ਸ਼੍ਰੀ ਰੁਸ਼ੀਕੇਸ਼ ਪਟੇਲ, ਸ਼੍ਰੀ ਨਰੇਸ਼ਭਾਈ ਪਟੇਲ, ਸ਼੍ਰੀ ਮੁਕੇਸ਼ਭਾਈ ਪਟੇਲ, ਸ਼੍ਰੀ ਜਗਦੀਸ਼ ਪੰਚਾਲ ਅਤੇ ਸ਼੍ਰੀ ਜੀਤੂਭਾਈ ਚੌਧਰੀ ਇਸ ਮੌਕੇ ’ਤੇ ਹਾਜ਼ਰ ਸਨ। 

 

From Vyara, various projects are being launched, which will further Gujarat's growth trajectory. https://t.co/bPtEkZtE6P

— Narendra Modi (@narendramodi) October 20, 2022

*****

 

ਡੀਐੱਸ/ਟੀਐੱਸ



(Release ID: 1869818) Visitor Counter : 112