ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਭਾਰਤੀ ਖੇਤੀ ਖੋਜ ਸੰਸਥਾਨ, ਨਵੀਂ ਦਿੱਲੀ ਵਿਖੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਸੰਮੇਲਨ 2022 ਦਾ ਉਦਘਾਟਨ ਕੀਤਾ


600 ਪ੍ਰਧਾਨ ਮੰਤਰੀ ਕਿਸਾਨ ਸਮ੍ਰਿੱਧੀ ਕੇਂਦਰਾਂ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਭਾਰਤੀਯ ਜਨ ਉਰਵਰਕ ਪਰਿਯੋਜਨਾ – ਵੰਨ ਨੇਸ਼ਨ ਵੰਨ ਫਰਟੀਲਾਈਜਰ ਲਾਂਚ ਕੀਤੀ

ਭਾਰਤ ਯੂਰੀਆ ਬੈਗ ਲਾਂਚ ਕੀਤੇ

16,000 ਕਰੋੜ ਰੁਪਏ ਦੇ ਪ੍ਰਧਾਨ ਮੰਤਰੀ-ਕਿਸਾਨ ਫੰਡ ਜਾਰੀ ਕੀਤੇ

3.5 ਲੱਖ ਖਾਦ ਪ੍ਰਚੂਨ ਦੁਕਾਨਾਂ ਨੂੰ ਪੜਾਅਵਾਰ ਢੰਗ ਨਾਲ ਪ੍ਰਧਾਨ ਮੰਤਰੀ ਕਿਸਾਨ ਸਮ੍ਰਿੱਧੀ ਕੇਂਦਰਾਂ ਵਿੱਚ ਤਬਦੀਲ ਕੀਤਾ ਜਾਵੇਗਾ; ਇਹ ਕਿਸਾਨਾਂ ਦੀਆਂ ਕਈ ਤਰ੍ਹਾਂ ਦੀਆਂ ਲੋੜਾਂ ਨੂੰ ਪੂਰਾ ਕਰਨਗੇ

"ਟੈਕਨੋਲੋਜੀ ਅਧਾਰਿਤ ਆਧੁਨਿਕ ਖੇਤੀ ਤਕਨੀਕਾਂ ਨੂੰ ਅਪਣਾਉਣਾ ਸਮੇਂ ਦੀ ਮੁੱਖ ਲੋੜ ਹੈ"

"ਪਿਛਲੇ 7-8 ਵਰ੍ਹਿਆਂ ਵਿੱਚ 70 ਲੱਖ ਹੈਕਟੇਅਰ ਤੋਂ ਵੱਧ ਜ਼ਮੀਨ ਨੂੰ ਸੂਖਮ ਸਿੰਚਾਈ ਅਧੀਨ ਲਿਆਂਦਾ ਗਿਆ ਹੈ"

“1.75 ਕਰੋੜ ਤੋਂ ਵੱਧ ਕਿਸਾਨਾਂ ਅਤੇ 2.5 ਲੱਖ ਵਪਾਰੀਆਂ ਨੂੰ ਈ-ਨੈਮ (e-NAM) ਨਾਲ ਜੋੜਿਆ ਗਿਆ ਹੈ। ਈ-ਨੈਮ ਜ਼ਰੀਏ ਲੈਣ-ਦੇਣ 2 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ”

"ਖੇਤੀਬਾੜੀ ਸੈਕਟਰ ਵਿੱਚ ਵੱਧ ਤੋਂ ਵੱਧ ਸਟਾਰਟਅੱਪਸ, ਇਸ ਸੈਕਟਰ ਅਤੇ ਗ੍ਰਾਮੀਣ ਅਰਥਵਿਵਸਥਾ ਲਈ ਸ਼ੁਭ ਸੰਕੇਤ ਹਨ"

Posted On: 17 OCT 2022 2:09PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤੀ ਖੇਤੀ ਖੋਜ ਸੰਸਥਾਨ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਸੰਮੇਲਨ 2022 ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਰਸਾਇਣ ਅਤੇ ਖਾਦ ਮੰਤਰਾਲੇ ਦੇ ਅਧੀਨ 600 ਪ੍ਰਧਾਨ ਮੰਤਰੀ ਕਿਸਾਨ ਸਮ੍ਰਿੱਧੀ ਕੇਂਦਰਾਂ (ਪੀਐੱਮਕੇਐੱਸਕੇ) ਦਾ ਉਦਘਾਟਨ ਵੀ ਕੀਤਾ।  ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਭਾਰਤੀ ਜਨ ਉਰਵਰਕ ਪਰਿਯੋਜਨਾ - ਵੰਨ ਨੇਸ਼ਨ ਵੰਨ ਫਰਟੀਲਾਈਜਰ ਦੀ ਵੀ ਸ਼ੁਰੂਆਤ ਕੀਤੀ।  ਸਮਾਗਮ ਦੌਰਾਨ, ਪ੍ਰਧਾਨ ਮੰਤਰੀ ਨੇ ਪ੍ਰਤੱਖ ਲਾਭ ਟ੍ਰਾਂਸਫਰ ਜ਼ਰੀਏ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ) ਦੇ ਤਹਿਤ 16,000 ਕਰੋੜ ਰੁਪਏ ਦੀ 12ਵੀਂ ਕਿਸ਼ਤ ਦੀ ਰਾਸ਼ੀ ਵੀ ਰਿਲੀਜ਼ ਕੀਤੀ। ਪ੍ਰਧਾਨ ਮੰਤਰੀ ਨੇ ਐਗਰੀ ਸਟਾਰਟਅੱਪ ਕਨਕਲੇਵ ਅਤੇ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ। ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨੇ ਖਾਦ 'ਤੇ ਇੱਕ ਈ-ਮੈਗਜ਼ੀਨ 'ਇੰਡੀਅਨ ਐਜ - Indian Edge' ਵੀ ਲਾਂਚ ਕੀਤਾ। ਸ਼੍ਰੀ ਮੋਦੀ ਨੇ ਸਟਾਰਟਅੱਪ ਪ੍ਰਦਰਸ਼ਨੀ ਦੇ ਥੀਮ ਪੈਵੇਲੀਅਨ ਦਾ ਦੌਰਾ ਕੀਤਾ ਅਤੇ ਪ੍ਰਦਰਸ਼ਿਤ ਉਤਪਾਦਾਂ ਦਾ ਨਿਰੀਖਣ ਕੀਤਾ।

 

ਸਭਾ ਨੂੰ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਨੇ ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ ਅਤੇ ਜੈ ਅਨੁਸੰਧਾਨ ਦੀ ਇੱਕੋ ਪਰਿਸਰ ਵਿੱਚ ਮੌਜੂਦਗੀ ਨੂੰ ਸਵੀਕਾਰ ਕਰਕੇ ਸ਼ੁਰੂਆਤ ਕੀਤੀ ਅਤੇ ਕਿਹਾ ਕਿ ਅੱਜ ਅਸੀਂ ਇੱਥੇ ਇਸ ਮੰਤਰ ਦਾ ਲਾਈਵ ਰੂਪ ਦੇਖ ਸਕਦੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨ ਸੰਮੇਲਨ ਕਿਸਾਨਾਂ ਦੇ ਜੀਵਨ ਨੂੰ ਅਸਾਨ ਬਣਾਉਣ, ਉਨ੍ਹਾਂ ਦੀ ਸਮਰੱਥਾ ਨੂੰ ਵਧਾਉਣ ਅਤੇ ਉੱਨਤ ਖੇਤੀ ਤਕਨੀਕਾਂ ਨੂੰ ਉਤਸ਼ਾਹਿਤ ਕਰਨ ਦਾ ਇੱਕ ਸਾਧਨ ਹੈ।

 

ਸ਼੍ਰੀ ਮੋਦੀ ਨੇ ਕਿਹਾ, “ਅੱਜ 600 ਤੋਂ ਵੱਧ ਪ੍ਰਧਾਨ ਮੰਤਰੀ ਸਮ੍ਰਿੱਧੀ ਕੇਂਦਰਾਂ ਦਾ ਉਦਘਾਟਨ ਕੀਤਾ ਗਿਆ ਹੈ।” ਉਨ੍ਹਾਂ ਅੱਗੇ ਦੱਸਿਆ ਕਿ ਇਹ ਕੇਂਦਰ ਖਾਦ ਦੀ ਵਿਕਰੀ ਦੇ ਕੇਂਦਰ ਹੀ ਨਹੀਂ ਹਨ ਬਲਕਿ ਦੇਸ਼ ਦੇ ਕਿਸਾਨਾਂ ਨਾਲ ਗਹਿਰੇ ਰਿਸ਼ਤੇ ਨੂੰ ਸਥਾਪਿਤ ਕਰਨ ਲਈ ਇੱਕ ਵਿਧੀ ਹੈ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ) ਦੀ ਨਵੀਂ ਕਿਸ਼ਤ ਦੇ ਸਬੰਧ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪੈਸਾ ਬਿਨਾਂ ਕਿਸੇ ਵਿਚੋਲੇ ਦੇ ਸਿੱਧੇ ਕਿਸਾਨਾਂ ਦੇ ਖਾਤਿਆਂ ਵਿੱਚ ਪਹੁੰਚਦਾ ਹੈ।  “ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਵਜੋਂ ਕਰੋੜਾਂ ਕਿਸਾਨ ਪਰਿਵਾਰਾਂ ਨੂੰ 16,000 ਕਰੋੜ ਰੁਪਏ ਦੀ ਇੱਕ ਹੋਰ ਕਿਸ਼ਤ ਵੀ ਰਿਲੀਜ਼ ਕੀਤੀ ਗਈ ਹੈ”, ਸ਼੍ਰੀ ਮੋਦੀ ਨੇ ਅੱਗੇ ਕਿਹਾ ਅਤੇ ਖੁਸ਼ੀ ਪ੍ਰਗਟਾਈ ਕਿ ਇਹ ਕਿਸ਼ਤ ਦੀਵਾਲੀ ਤੋਂ ਠੀਕ ਪਹਿਲਾਂ ਕਿਸਾਨਾਂ ਤੱਕ ਪਹੁੰਚ ਰਹੀ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਭਾਰਤੀ ਜਨ ਉਰਵਰਕ ਪਰਿਯੋਜਨਾ - ਇੱਕ ਰਾਸ਼ਟਰ ਇੱਕ ਖਾਦ ਵੀ ਲਾਂਚ ਕੀਤੀ ਗਈ ਹੈ ਜੋ ਕਿ ਕਿਸਾਨਾਂ ਨੂੰ ਭਾਰਤ ਬ੍ਰਾਂਡ ਦੀ ਕਿਫਾਇਤੀ ਗੁਣਵੱਤਾ ਵਾਲੀ ਖਾਦ ਯਕੀਨੀ ਬਣਾਉਣ ਦੀ ਇੱਕ ਯੋਜਨਾ ਹੈ।

 

2014 ਤੋਂ ਪਹਿਲਾਂ ਦੇ ਉਸ ਸਮੇਂ ਨੂੰ ਯਾਦ ਕਰਦੇ ਹੋਏ ਜਦੋਂ ਕਿਸਾਨਾਂ ਨੂੰ ਖੇਤੀ ਸੈਕਟਰ ਅਤੇ ਯੂਰੀਆ ਦੀ ਕਾਲਾਬਾਜ਼ਾਰੀ ਨਾਲ ਨਜਿੱਠਣਾ ਪਿਆ ਸੀ, 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਆਪਣਾ ਹੱਕ ਮੰਗਣ ਲਈ ਲਾਠੀਆਂ ਦੀ ਮਾਰ ਝੱਲਣੀ ਪਈ ਸੀ। ਪ੍ਰਧਾਨ ਮੰਤਰੀ ਨੇ ਦਖਲ ਦਿੱਤਾ ਕਿ ਸਰਕਾਰ ਨੇ ਯੂਰੀਆ ਦੀ ਕਾਲਾਬਾਜ਼ਾਰੀ ਨੂੰ 100% ਨਿੰਮ ਨਾਲ ਕੋਟਿੰਗ ਕਰਕੇ ਨਜਿੱਠਿਆ ਹੈ। ਉਨ੍ਹਾਂ ਅੱਗੇ ਕਿਹਾ "ਅਸੀਂ ਦੇਸ਼ ਦੀਆਂ 6 ਸਭ ਤੋਂ ਵੱਡੀਆਂ ਯੂਰੀਆ ਫੈਕਟਰੀਆਂ ਨੂੰ ਦੁਬਾਰਾ ਚਾਲੂ ਕਰਨ ਲਈ ਸਖ਼ਤ ਮਿਹਨਤ ਕੀਤੀ, ਜੋ ਕਈ ਵਰ੍ਹਿਆਂ ਤੋਂ ਬੰਦ ਸਨ।”

 

 ਉਨ੍ਹਾਂ ਉਪਾਵਾਂ ਨੂੰ ਉਜਾਗਰ ਕਰਦੇ ਹੋਏ ਜਿਨ੍ਹਾਂ ਨੇ ਮਿਹਨਤੀ ਕਿਸਾਨਾਂ ਨੂੰ ਬਹੁਤ ਲਾਭ ਪਹੁੰਚਾਇਆ ਹੈ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਭਾਰਤ ਤਰਲ ਨੈਨੋ ਯੂਰੀਆ ਉਤਪਾਦਨ ਵਿੱਚ ਸਵੈ-ਨਿਰਭਰਤਾ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ, "ਨੈਨੋ ਯੂਰੀਆ ਘੱਟ ਲਾਗਤ ਨਾਲ ਵੱਧ ਉਤਪਾਦਨ ਕਰਨ ਦਾ ਇੱਕ ਮਾਧਿਅਮ ਹੈ।"  ਇਸ ਦੇ ਫਾਇਦੇ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਯੂਰੀਆ ਨਾਲ ਭਰੀ ਬੋਰੀ ਨੂੰ ਹੁਣ ਨੈਨੋ ਯੂਰੀਆ ਦੀ ਇੱਕ ਬੋਤਲ ਨਾਲ ਬਦਲਿਆ ਜਾ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਯੂਰੀਆ ਦੀ ਢੋਆ-ਢੁਆਈ ਦੀ ਲਾਗਤ ਕਾਫੀ ਘੱਟ ਜਾਵੇਗੀ।

 

ਪ੍ਰਧਾਨ ਮੰਤਰੀ ਨੇ ਭਾਰਤ ਦੀ ਖਾਦ ਸੁਧਾਰ ਕਹਾਣੀ ਵਿੱਚ ਦੋ ਨਵੇਂ ਉਪਾਵਾਂ ਦਾ ਜ਼ਿਕਰ ਕੀਤਾ। ਸਭ ਤੋਂ ਪਹਿਲਾਂ, ਅੱਜ ਦੇਸ਼ ਭਰ ਵਿੱਚ ਖਾਦ ਦੀਆਂ 3.25 ਲੱਖ ਤੋਂ ਵੱਧ ਦੁਕਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਮ੍ਰਿੱਧੀ ਕੇਂਦਰਾਂ ਵਜੋਂ ਵਿਕਸਿਤ ਕਰਨ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਇਹ ਅਜਿਹੇ ਕੇਂਦਰ ਹੋਣਗੇ ਜਿੱਥੇ ਕਿਸਾਨ ਨਾ ਸਿਰਫ਼ ਖਾਦਾਂ ਅਤੇ ਬੀਜ ਖਰੀਦ ਸਕਦੇ ਹਨ, ਬਲਕਿ ਮਿੱਟੀ ਦੀ ਪਰਖ ਕਰ ਸਕਦੇ ਹਨ ਅਤੇ ਖੇਤੀ ਤਕਨੀਕਾਂ ਬਾਰੇ ਲਾਭਦਾਇਕ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।  ਦੂਸਰਾ, ਵਨ ਨੇਸ਼ਨ, ਵਨ ਫਰਟੀਲਾਈਜ਼ਰ ਨਾਲ ਕਿਸਾਨ ਨੂੰ ਖਾਦ ਦੀ ਗੁਣਵੱਤਾ ਅਤੇ ਇਸ ਦੀ ਉਪਲਬਧਤਾ ਬਾਰੇ ਹਰ ਤਰ੍ਹਾਂ ਦੇ ਭੰਬਲਭੂਸੇ ਤੋਂ ਛੁਟਕਾਰਾ ਮਿਲੇਗਾ। ਸ਼੍ਰੀ ਮੋਦੀ ਨੇ ਕਿਹਾ “ਹੁਣ ਦੇਸ਼ ਵਿੱਚ ਵਿਕਣ ਵਾਲਾ ਯੂਰੀਆ ਇੱਕੋ ਨਾਮ, ਇੱਕੋ ਬ੍ਰਾਂਡ ਅਤੇ ਇੱਕੋ ਕੁਆਲਿਟੀ ਦਾ ਹੋਵੇਗਾ ਅਤੇ ਇਹ ਬ੍ਰਾਂਡ ਹੈ ਭਾਰਤ!  ਹੁਣ ਯੂਰੀਆ ਪੂਰੇ ਦੇਸ਼ ਵਿੱਚ ਸਿਰਫ਼ ‘ਭਾਰਤ’ ਬ੍ਰਾਂਡ ਨਾਮ ਹੇਠ ਹੀ ਉਪਲਬਧ ਹੋਵੇਗਾ।” ਉਨ੍ਹਾਂ ਅੱਗੇ ਕਿਹਾ ਕਿ ਇਸ ਨਾਲ ਖਾਦਾਂ ਦੀ ਲਾਗਤ ਘਟੇਗੀ ਅਤੇ ਇਨ੍ਹਾਂ ਦੀ ਉਪਲਬਧਤਾ ਵਧੇਗੀ।

 

ਟੈਕਨੋਲੋਜੀ ਅਧਾਰਿਤ ਆਧੁਨਿਕ ਖੇਤੀ ਤਕਨੀਕਾਂ ਨੂੰ ਅਪਨਾਉਣ ਦੀ ਸਮੇਂ ਦੀ ਲੋੜ 'ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਖੇਤੀਬਾੜੀ ਵਿੱਚ ਨਵੀਆਂ ਪ੍ਰਣਾਲੀਆਂ ਬਣਾਉਣੀਆਂ ਪੈਣਗੀਆਂ, ਖੁੱਲ੍ਹੇ ਦਿਮਾਗ਼ ਨਾਲ ਵਧੇਰੇ ਵਿਗਿਆਨਕ ਅਤੇ ਟੈਕਨੋਲੋਜੀਕਲ ਢੰਗ ਤਰੀਕਿਆਂ ਨੂੰ ਅਪਨਾਉਣਾ ਹੋਵੇਗਾ। ਇਸ ਸੋਚ ਨਾਲ ਅਸੀਂ ਖੇਤੀ ਵਿੱਚ ਵਿਗਿਆਨਕ ਤਰੀਕਿਆਂ ਨੂੰ ਹੁਲਾਰਾ ਦੇਣ ਅਤੇ ਟੈਕਨੋਲੋਜੀ ਦੀ ਵੱਧ ਤੋਂ ਵੱਧ ਵਰਤੋਂ ਕਰਨ ’ਤੇ ਜ਼ੋਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਹੁਣ ਤੱਕ 22 ਕਰੋੜ ਸੋਇਲ ਹੈਲਥ ਕਾਰਡ ਵੰਡੇ ਜਾ ਚੁੱਕੇ ਹਨ ਅਤੇ ਵਧੀਆ ਗੁਣਵੱਤਾ ਵਾਲੇ ਬੀਜ ਮੁਹੱਈਆ ਕਰਵਾਉਣ ਲਈ ਵਿਗਿਆਨਕ ਪ੍ਰਯਤਨ ਜਾਰੀ ਹਨ। ਉਨ੍ਹਾਂ ਕਿਹਾ, “ਪਿਛਲੇ 7-8 ਵਰ੍ਹਿਆਂ ਦੌਰਾਨ ਬਦਲੇ ਹੋਏ ਮੌਸਮ ਦੇ ਅਨੁਕੂਲ ਬੀਜਾਂ ਦੀਆਂ 1700 ਨਵੀਆਂ ਕਿਸਮਾਂ ਕਿਸਾਨਾਂ ਨੂੰ ਉਪਲਬਧ ਕਰਵਾਈਆਂ ਗਈਆਂ ਹਨ।”

 

ਪ੍ਰਧਾਨ ਮੰਤਰੀ ਨੇ ਵਿਸ਼ਵ ਪੱਧਰ 'ਤੇ ਬਾਜਰੇ ਬਾਰੇ ਵਧਦੀ ਉਤਸੁਕਤਾ ਨੂੰ ਵੀ ਉਜਾਗਰ ਕੀਤਾ। ਉਨ੍ਹਾਂ ਕਿਹਾ, "ਅੱਜ, ਸਾਡੇ ਇੱਥੇ ਮੌਜੂਦ ਰਵਾਇਤੀ ਮੋਟੇ ਅਨਾਜਾਂ ਦੇ ਬੀਜਾਂ ਦੀ ਗੁਣਵੱਤਾ ਨੂੰ ਵਧਾਉਣ ਲਈ ਦੇਸ਼ ਵਿੱਚ ਬਹੁਤ ਸਾਰੇ ਹੱਬ ਬਣਾਏ ਜਾ ਰਹੇ ਹਨ।"  ਵਿਸ਼ਵ ਭਰ ਵਿੱਚ ਭਾਰਤ ਦੇ ਮੋਟੇ ਅਨਾਜ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਪ੍ਰਯਤਨਾਂ 'ਤੇ ਰੌਸ਼ਨੀ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਅਗਲੇ ਵਰ੍ਹੇ ਨੂੰ ਮੋਟੇ ਅਨਾਜਾਂ ਦਾ ਅੰਤਰਰਾਸ਼ਟਰੀ ਵਰ੍ਹਾ ਐਲਾਨਿਆ ਗਿਆ ਹੈ।

 

ਪ੍ਰਧਾਨ ਮੰਤਰੀ ਨੇ ਸਿੰਚਾਈ ਲਈ ਪਾਣੀ ਦੀ ਅੰਨ੍ਹੇਵਾਹ ਵਰਤੋਂ ਕਰਨ ਵਿਰੁੱਧ ਸਾਵਧਾਨ ਕੀਤਾ ਅਤੇ ਪ੍ਰਤੀ ਬੂੰਦ ਵਧੇਰੇ ਫਸਲ, ਸੂਖਮ ਸਿੰਚਾਈ ਅਤੇ ਤੁਪਕਾ ਸਿੰਚਾਈ ਦੀ ਦਿਸ਼ਾ ਵਿੱਚ ਸਰਕਾਰ ਦੇ ਪ੍ਰਯਤਨਾਂ ਨੂੰ ਦੁਹਰਾਇਆ। ਉਨ੍ਹਾਂ ਦੱਸਿਆ ਕਿ ਪਿਛਲੇ 7-8 ਵਰ੍ਹਿਆਂ ਵਿੱਚ 70 ਲੱਖ ਹੈਕਟੇਅਰ ਤੋਂ ਵੱਧ ਜ਼ਮੀਨ ਨੂੰ ਸੂਖਮ ਸਿੰਚਾਈ ਅਧੀਨ ਲਿਆਂਦਾ ਗਿਆ ਹੈ।

 

ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਹ ਭਵਿੱਖ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਇੱਕ ਮਹੱਤਵਪੂਰਨ ਮਾਧਿਅਮ ਪ੍ਰਦਾਨ ਕਰਦਾ ਹੈ।  ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ, ਅਸੀਂ ਅੱਜ ਦੇਸ਼ ਭਰ ਵਿੱਚ ਬਹੁਤ ਜ਼ਿਆਦਾ ਜਾਗਰੂਕਤਾ ਦਾ ਅਨੁਭਵ ਕਰ ਰਹੇ ਹਾਂ। ਕੁਦਰਤੀ ਖੇਤੀ ਲਈ ਕਿਸਾਨ ਗੁਜਰਾਤ, ਹਿਮਾਚਲ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਦੇ ਨਾਲ-ਨਾਲ ਯੂਪੀ, ਉੱਤਰਾਖੰਡ ਵਿੱਚ ਵੀ ਵੱਡੇ ਪੱਧਰ 'ਤੇ ਕੰਮ ਕਰ ਰਹੇ ਹਨ। ਗੁਜਰਾਤ ਵਿੱਚ ਇਸ ਦੇ ਲਈ ਜ਼ਿਲ੍ਹਾ ਅਤੇ ਗ੍ਰਾਮ ਪੰਚਾਇਤ ਪੱਧਰ 'ਤੇ ਵੀ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ।

 

ਪ੍ਰਧਾਨ ਮੰਤਰੀ-ਕਿਸਾਨ (PM-KISAN) ਦੀ ਪਰਿਵਰਤਨਸ਼ੀਲ ਪਹਿਲ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਇਸ ਗੱਲ ਦੀ ਇੱਕ ਉਦਾਹਰਣ ਹੈ ਕਿ ਕਿਵੇਂ ਛੋਟੇ ਕਿਸਾਨ ਆਧੁਨਿਕ ਟੈਕਨੋਲੋਜੀ ਦੀ ਵਰਤੋਂ ਨਾਲ ਲਾਭ ਪ੍ਰਾਪਤ ਕਰਦੇ ਹਨ। ਉਨ੍ਹਾਂ ਕਿਹਾ “ਇਸ ਯੋਜਨਾ ਦੇ ਸ਼ੁਰੂ ਹੋਣ ਤੋਂ ਬਾਅਦ, ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 2 ਲੱਖ ਕਰੋੜ ਰੁਪਏ ਤੋਂ ਵੱਧ ਸਿੱਧੇ ਟਰਾਂਸਫਰ ਕੀਤੇ ਗਏ ਹਨ। ਛੋਟੇ ਕਿਸਾਨਾਂ ਲਈ ਜੋ ਦੇਸ਼ ਦੇ 85 ਪ੍ਰਤੀਸ਼ਤ ਤੋਂ ਵੱਧ ਕਿਸਾਨ ਹਨ, ਇਹ ਇੱਕ ਬਹੁਤ ਵੱਡਾ ਸਮਰਥਨ ਹੈ।” 

 

"ਅਜਿਹੇ ਉਪਾਅ ਜੋ ਅੱਜ ਸਾਡੇ ਕਿਸਾਨਾਂ ਲਈ 'ਈਜ਼ ਆਵੑ ਲਿਵਿੰਗ' ਨੂੰ ਯਕੀਨੀ ਬਣਾਉਂਦੇ ਹਨ", ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, "ਬਿਹਤਰ ਅਤੇ ਆਧੁਨਿਕ ਟੈਕਨੋਲੋਜੀ ਦੀ ਵਰਤੋਂ ਕਰਕੇ, ਅਸੀਂ ਖੇਤੀ ਅਤੇ ਮੰਡੀ ਦਰਮਿਆਨ ਦੂਰੀ ਨੂੰ ਵੀ ਘਟਾ ਰਹੇ ਹਾਂ।"  ਇਸ ਦਾ ਸਭ ਤੋਂ ਵੱਧ ਲਾਭ ਵੀ ਛੋਟੇ ਕਿਸਾਨ ਨੂੰ ਹੁੰਦਾ ਹੈ, ਜੋ ਫਲਾਂ, ਸਬਜ਼ੀਆਂ, ਦੁੱਧ ਅਤੇ ਮੱਛੀ ਜਿਹੇ ਜਲਦੀ ਖਰਾਬ ਹੋਣ ਵਾਲੇ ਉਤਪਾਦਾਂ ਨਾਲ ਜੁੜਿਆ ਹੁੰਦਾ ਹੈ। ਕਿਸਾਨ ਰੇਲ ਅਤੇ ਕ੍ਰਿਸ਼ੀ ਉਡਾਨ ਹਵਾਈ ਸੇਵਾ ਇਸ ਵਿੱਚ ਬਹੁਤ ਮਦਦ ਕਰ ਰਹੀ ਹੈ।

 

ਇਹ ਆਧੁਨਿਕ ਸੁਵਿਧਾਵਾਂ ਅੱਜ ਕਿਸਾਨਾਂ ਦੇ ਖੇਤਾਂ ਨੂੰ ਦੇਸ਼ ਭਰ ਦੇ ਵੱਡੇ ਸ਼ਹਿਰਾਂ ਅਤੇ ਵਿਦੇਸ਼ਾਂ ਦੀਆਂ ਮੰਡੀਆਂ ਨਾਲ ਜੋੜ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਭਾਰਤ ਖੇਤੀ ਨਿਰਯਾਤ ਦੇ ਮਾਮਲੇ ਵਿੱਚ ਚੋਟੀ ਦੇ 10 ਦੇਸ਼ਾਂ ਵਿੱਚ ਸ਼ਾਮਲ ਹੈ। ਆਲਮੀ ਮਹਾਮਾਰੀ ਦੀਆਂ ਸਮੱਸਿਆਵਾਂ ਦੇ ਬਾਵਜੂਦ ਖੇਤੀ ਨਿਰਯਾਤ ਵਿੱਚ 18 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਸੈਕਟਰ-ਵਿਸ਼ੇਸ਼ ਨਿਰਯਾਤ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਪਹਿਲਾਂ ਨੂੰ ਇੱਕ ਜ਼ਿਲ੍ਹਾ ਇੱਕ ਉਤਪਾਦ ਯੋਜਨਾ ਦੇ ਤਹਿਤ ਸਮਰਥਨ ਦਿੱਤਾ ਜਾ ਰਿਹਾ ਹੈ ਅਤੇ ਜ਼ਿਲ੍ਹਾ ਪੱਧਰ 'ਤੇ ਨਿਰਯਾਤ ਹੱਬ ਸਥਾਪਿਤ ਕੀਤੇ ਜਾ ਰਹੇ ਹਨ।  ਇਸੇ ਤਰ੍ਹਾਂ ਪ੍ਰੋਸੈੱਸਡ ਫੂਡ ਤੋਂ ਕਿਸਾਨਾਂ ਨੂੰ ਵਧੇਰੇ ਆਮਦਨ ਹੋ ਰਹੀ ਹੈ। ਵੱਡੇ ਫੂਡ ਪਾਰਕਾਂ ਦੀ ਸੰਖਿਆ 2 ਤੋਂ ਵਧ ਕੇ 23 ਹੋ ਗਈ ਹੈ। ਇਸ ਦੇ ਨਾਲ ਹੀ ਇਨ੍ਹਾਂ ਪਾਰਕਾਂ ਨਾਲ ਐੱਫਪੀਓਜ਼ ਅਤੇ ਐੱਸਐੱਚਜੀ ਨੂੰ ਜੋੜਿਆ ਜਾ ਰਿਹਾ ਹੈ। ਈ-ਨੈਮ ਨੇ ਕਿਸਾਨਾਂ ਦੇ ਜੀਵਨ 'ਤੇ ਸਕਾਰਾਤਮਕ ਪ੍ਰਭਾਵ ਪਾਇਆ ਹੈ। ਈ-ਨੈਮ ਟੈਕਨੋਲੋਜੀ ਦੀ ਵਰਤੋਂ ਨਾਲ ਕਿਸਾਨਾਂ ਨੂੰ ਦੇਸ਼ ਦੇ ਕਿਸੇ ਵੀ ਬਜ਼ਾਰ ਵਿੱਚ ਆਪਣੀ ਉਪਜ ਵੇਚਣ ਦੇ ਸਮਰੱਥ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ “1.75 ਕਰੋੜ ਤੋਂ ਵੱਧ ਕਿਸਾਨ ਅਤੇ 2.5 ਲੱਖ ਵਪਾਰੀ ਈ-ਨਾਮ ਨਾਲ ਜੁੜੇ ਹੋਏ ਹਨ। ਈ-ਨਾਮ ਰਾਹੀਂ ਲੈਣ-ਦੇਣ 2 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ।”

 

ਦੇਸ਼ ਵਿੱਚ ਖੇਤੀਬਾੜੀ ਸੈਕਟਰ ਵਿੱਚ ਸਟਾਰਟਅੱਪਸ ਦੀ ਵੱਧ ਰਹੀ ਗਿਣਤੀ 'ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਇਹ ਇਸ ਸੈਕਟਰ ਅਤੇ ਗ੍ਰਾਮੀਣ ਅਰਥਵਿਵਸਥਾ ਲਈ ਚੰਗੇ ਸੰਕੇਤ ਦੀ ਗੱਲ ਹੈ। ਸ਼੍ਰੀ ਮੋਦੀ ਨੇ ਕਿਹਾ “ਸਟਾਰਟਅੱਪ ਅਤੇ ਇਨੋਵੇਟਿਵ ਨੌਜਵਾਨ ਭਾਰਤੀ ਖੇਤੀ ਅਤੇ ਭਾਰਤ ਦੀ ਗ੍ਰਾਮੀਣ ਅਰਥਵਿਵਸਥਾ ਦਾ ਭਵਿੱਖ ਹਨ। ਲਾਗਤ ਤੋਂ ਲੈ ਕੇ ਆਵਾਜਾਈ ਤੱਕ, ਸਾਡੇ ਸਟਾਰਟਅੱਪਸ ਕੋਲ ਹਰ ਸਮੱਸਿਆ ਦਾ ਹੱਲ ਹੈ।”

 

ਆਤਮਨਿਰਭਰਤਾ 'ਤੇ ਆਪਣਾ ਲਗਾਤਾਰ ਜ਼ੋਰ ਦੇਣ ਦੇ ਕਾਰਨਾਂ 'ਤੇ ਧਿਆਨ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਖਾਣ ਵਾਲੇ ਤੇਲ, ਖਾਦ ਅਤੇ ਕੱਚੇ ਤੇਲ ਜਿਹੇ ਪ੍ਰਮੁੱਖ ਉਤਪਾਦ ਵੱਡੇ ਵਿੱਤੀ ਖਰਚੇ ਅਤੇ ਆਲਮੀ ਸਥਿਤੀਆਂ ਲਈ ਜ਼ਿੰਮੇਵਾਰ ਹਨ ਜੋ ਸਪਲਾਈ ਨੂੰ ਵੀ ਪ੍ਰਭਾਵਿਤ ਕਰਦੇ ਹਨ। ਉਨ੍ਹਾਂ ਡੀਏਪੀ ਅਤੇ ਹੋਰ ਖਾਦਾਂ ਦੀਆਂ ਉਦਾਹਰਣਾਂ ਦਿੱਤੀਆਂ, ਜਿਨ੍ਹਾਂ ਦੀਆਂ ਕੀਮਤਾਂ ਬਹੁਤ ਵੱਧ ਗਈਆਂ ਅਤੇ ਭਾਰਤ ਨੂੰ ਯੂਰੀਆ 75-80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦਣਾ ਪਿਆ, ਹਾਲਾਂਕਿ ਇਹ ਕਿਸਾਨਾਂ ਨੂੰ 5-6 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਸਪਲਾਈ ਕੀਤਾ ਜਾਂਦਾ ਸੀ। ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਸਰਕਾਰ ਇਸ ਸਾਲ ਵੀ ਕਿਸਾਨਾਂ ਨੂੰ ਸਸਤੀ ਖਾਦ ਯਕੀਨੀ ਬਣਾਉਣ ਲਈ 2.5 ਲੱਖ ਕਰੋੜ ਰੁਪਏ ਖਰਚ ਕਰੇਗੀ। ਉਨ੍ਹਾਂ ਕੱਚੇ ਤੇਲ ਅਤੇ ਗੈਸ ਦੇ ਸਬੰਧ ਵਿੱਚ ਵਿਦੇਸ਼ੀ ਨਿਰਭਰਤਾ ਨੂੰ ਘਟਾਉਣ ਲਈ ਬਾਇਓ-ਈਂਧਣ ਅਤੇ ਈਥਾਨੌਲ ਬਾਰੇ ਉਪਾਵਾਂ ਦਾ ਜ਼ਿਕਰ ਕੀਤਾ।

 

ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਭਾਰਤ ਦੇ ਕਿਸਾਨਾਂ ਨੂੰ ਮਿਸ਼ਨ ਆਇਲ ਪਾਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਤਾਕੀਦ ਕੀਤੀ ਜੋ ਕਿ ਖਾਣ ਵਾਲੇ ਤੇਲ ਦੇ ਖੇਤਰ ਵਿੱਚ ਆਤਮਨਿਰਭਰਤਾ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਇੱਕ ਉਪਾਅ ਹੈ। ਉਨ੍ਹਾਂ ਅੱਗੇ ਕਿਹਾ ਕਿ ਤੇਲ ਬੀਜਾਂ ਦਾ ਉਤਪਾਦਨ ਵਧਾ ਕੇ ਭਾਰਤ ਖਾਣ ਵਾਲੇ ਤੇਲਾਂ ਦੀ ਖਪਤ ਨੂੰ ਘਟਾ ਸਕਦਾ ਹੈ। ਸ਼੍ਰੀ ਮੋਦੀ ਨੇ ਅੱਗੇ ਕਿਹਾ, "ਸਾਡੇ ਕਿਸਾਨ ਇਸ ਖੇਤਰ ਵਿੱਚ ਵਧੇਰੇ ਸਮਰੱਥ ਹਨ।" ਦਾਲਾਂ ਦੇ ਉਤਪਾਦਨ ਦੇ ਸਬੰਧ ਵਿੱਚ 2015 ਵਿੱਚ ਆਪਣੇ ਜੋਸ਼ੀਲੇ ਸੱਦੇ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦਾਲਾਂ ਦੇ ਉਤਪਾਦਨ ਵਿੱਚ 70% ਵਾਧੇ 'ਤੇ ਖੁਸ਼ੀ ਪ੍ਰਗਟ ਕੀਤੀ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “ਅਸੀਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਵਿੱਚ ਖੇਤੀਬਾੜੀ ਨੂੰ ਆਕਰਸ਼ਕ ਅਤੇ ਸਮ੍ਰਿਧ ਬਣਾਵਾਂਗੇ।” ਪ੍ਰਧਾਨ ਮੰਤਰੀ ਨੇ ਸਾਰੇ ਕਿਸਾਨਾਂ ਅਤੇ ਸਟਾਰਟਅੱਪਸ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ।

 

ਇਸ ਮੌਕੇ ਹੋਰਨਾਂ ਤੋਂ ਇਲਾਵਾ, ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ, ਸ਼੍ਰੀ ਨਰੇਂਦਰ ਸਿੰਘ ਤੋਮਰ, ਕੇਂਦਰੀ ਰਸਾਇਣ ਅਤੇ ਖਾਦ ਮੰਤਰੀ, ਸ਼੍ਰੀ ਮਨਸੁਖ ਮਾਂਡਵੀਯਾ, ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸੁਸ਼੍ਰੀ ਸ਼ੋਭਾ ਕਰੰਦਲਾਜੇ ਅਤੇ ਸ਼੍ਰੀ ਕੈਲਾਸ਼ ਚੌਧਰੀ ਅਤੇ ਕੇਂਦਰੀ ਰਸਾਇਣ ਅਤੇ ਖਾਦ ਰਾਜ ਮੰਤਰੀ, ਸ਼੍ਰੀ ਭਗਵੰਤ ਖੂਬਾ ਵੀ ਹਾਜ਼ਰ ਸਨ।

 

ਪਿਛੋਕੜ

 

ਇਸ ਈਵੈਂਟ ਵਿੱਚ ਦੇਸ਼ ਭਰ ਦੇ 13,500 ਤੋਂ ਵੱਧ ਕਿਸਾਨ ਅਤੇ ਲਗਭਗ 1500 ਐਗਰੀ ਸਟਾਰਟਅੱਪਸ ਇਕੱਠੇ ਹੋਣਗੇ। ਵਿਭਿੰਨ ਸੰਸਥਾਵਾਂ ਦੇ 1 ਕਰੋੜ ਤੋਂ ਵੱਧ ਕਿਸਾਨਾਂ ਦੇ ਇਸ ਸਮਾਗਮ ਵਿੱਚ ਵਰਚੁਅਲੀ ਸ਼ਾਮਲ ਹੋਣ ਦੀ ਉਮੀਦ ਹੈ। ਸੰਮੇਲਨ ਵਿੱਚ ਖੋਜਕਰਤਾਵਾਂ, ਨੀਤੀ ਨਿਰਮਾਤਾਵਾਂ ਅਤੇ ਹੋਰ ਹਿਤਧਾਰਕਾਂ ਦੀ ਭਾਗੀਦਾਰੀ ਦੀ ਵੀ ਉਮੀਦ ਹੈ।

 

ਪ੍ਰਧਾਨ ਮੰਤਰੀ ਨੇ ਰਸਾਇਣ ਅਤੇ ਖਾਦ ਮੰਤਰਾਲੇ ਦੇ ਅਧੀਨ 600 ਪ੍ਰਧਾਨ ਮੰਤਰੀ ਕਿਸਾਨ ਸਮ੍ਰਿੱਧੀ ਕੇਂਦਰਾਂ (ਪੀਐੱਮਕੇਐੱਸਕੇ) ਦਾ ਉਦਘਾਟਨ ਕੀਤਾ।  ਯੋਜਨਾ ਦੇ ਤਹਿਤ, ਦੇਸ਼ ਵਿੱਚ ਪਰਚੂਨ ਖਾਦ ਦੀਆਂ ਦੁਕਾਨਾਂ ਨੂੰ ਪੜਾਅਵਾਰ ਪੀਐੱਮਕੇਐੱਸਕੇ ਵਿੱਚ ਤਬਦੀਲ ਕੀਤਾ ਜਾਵੇਗਾ। ਪੀਐੱਮਕੇਐੱਸਕੇ ਕਿਸਾਨਾਂ ਦੀਆਂ ਕਈ ਤਰ੍ਹਾਂ ਦੀਆਂ ਲੋੜਾਂ ਨੂੰ ਪੂਰਾ ਕਰਨਗੇ ਅਤੇ ਖੇਤੀ ਸਮੱਗਰੀ (ਖਾਦ, ਬੀਜ, ਸੰਦ), ਮਿੱਟੀ, ਬੀਜ ਅਤੇ ਖਾਦਾਂ ਲਈ ਟੈਸਟਿੰਗ ਸੁਵਿਧਾਵਾਂ ਪ੍ਰਦਾਨ ਕਰਨਗੇ;  ਕਿਸਾਨਾਂ ਵਿੱਚ ਜਾਗਰੂਕਤਾ ਪੈਦਾ ਕਰਨਗੇ;  ਵਿਭਿੰਨ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਪ੍ਰਦਾਨ ਕਰਨਗੇ ਅਤੇ ਬਲਾਕ/ਜ਼ਿਲ੍ਹਾ ਪੱਧਰੀ ਦੁਕਾਨਾਂ 'ਤੇ ਪ੍ਰਚੂਨ ਵਿਕਰੇਤਾਵਾਂ ਦੀ ਨਿਯਮਿਤ ਸਮਰੱਥਾ ਨਿਰਮਾਣ ਨੂੰ ਯਕੀਨੀ ਬਣਾਉਣਗੇ। 3.3 ਲੱਖ ਤੋਂ ਵੱਧ ਪ੍ਰਚੂਨ ਖਾਦ ਦੀਆਂ ਦੁਕਾਨਾਂ ਨੂੰ ਪੀਐੱਮਕੇਐੱਸਕੇ ਵਿੱਚ ਤਬਦੀਲ ਕਰਨ ਦੀ ਯੋਜਨਾ ਹੈ।

 

ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਭਾਰਤੀ ਜਨ ਉਰਵਰਕ ਪਰਿਯੋਜਨਾ - ਵਨ ਨੇਸ਼ਨ ਵਨ ਫਰਟੀਲਾਈਜ਼ਰ ਦੀ ਵੀ ਸ਼ੁਰੂਆਤ ਕੀਤੀ। ਯੋਜਨਾ ਦੇ ਤਹਿਤ, ਪ੍ਰਧਾਨ ਮੰਤਰੀ ਭਾਰਤ ਯੂਰੀਆ ਬੈਗ ਲਾਂਚ ਕਰਨਗੇ, ਜਿਸ ਨਾਲ ਕੰਪਨੀਆਂ ਨੂੰ ਸਿੰਗਲ ਬ੍ਰਾਂਡ ਨਾਮ 'ਭਾਰਤ' ਦੇ ਤਹਿਤ ਖਾਦਾਂ ਦੀ ਮਾਰਕੀਟਿੰਗ ਕਰਨ ਵਿੱਚ ਮਦਦ ਮਿਲੇਗੀ।

 

ਕਿਸਾਨਾਂ ਦੀ ਭਲਾਈ ਪ੍ਰਤੀ ਪ੍ਰਧਾਨ ਮੰਤਰੀ ਦੀ ਨਿਰੰਤਰ ਪ੍ਰਤੀਬੱਧਤਾ ਨੂੰ ਦਰਸਾਉਂਦੇ ਹੋਏ, ਸਮਾਗਮ ਦੌਰਾਨ, ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ) ਦੇ ਤਹਿਤ ਪ੍ਰਤੱਖ ਲਾਭ ਟ੍ਰਾਂਸਫਰ ਜ਼ਰੀਏ 16,000 ਕਰੋੜ ਰੁਪਏ ਦੀ 12ਵੀਂ ਕਿਸ਼ਤ ਦੀ ਰਾਸ਼ੀ ਵੀ ਰਿਲੀਜ਼ ਕੀਤੀ। ਇਸ ਸਕੀਮ ਤਹਿਤ ਪਾਤਰ ਕਿਸਾਨ ਪਰਿਵਾਰਾਂ ਨੂੰ 2000 ਰੁਪਏ ਦੀਆਂ ਤਿੰਨ ਬਰਾਬਰ ਕਿਸ਼ਤਾਂ ਵਿੱਚ ਪ੍ਰਤੀ ਸਾਲ 6000 ਰੁਪਏ ਦਾ ਲਾਭ ਦਿੱਤਾ ਜਾਂਦਾ ਹੈ। ਹੁਣ ਤੱਕ, ਪਾਤਰ ਕਿਸਾਨ ਪਰਿਵਾਰਾਂ ਨੂੰ ਪੀਐੱਮ-ਕਿਸਾਨ ਦੇ ਤਹਿਤ 2 ਲੱਖ ਕਰੋੜ ਰੁਪਏ ਤੋਂ ਵੱਧ ਦੇ ਲਾਭ ਮਿਲ ਚੁੱਕੇ ਹਨ।

 

ਪ੍ਰਧਾਨ ਮੰਤਰੀ ਨੇ ਅੱਗੇ ਐਗਰੀ ਸਟਾਰਟਅਪ ਕਨਕਲੇਵ ਅਤੇ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ।  ਲਗਭਗ 300 ਸਟਾਰਟਅੱਪਸ ਹੋਰਨਾਂ ਗੱਲਾਂ ਤੋਂ ਇਲਾਵਾ, ਸ਼ੁੱਧ ਖੇਤੀ, ਵਾਢੀ ਤੋਂ ਬਾਅਦ ਅਤੇ ਵੈਲਿਊ ਐਡ ਸੋਲਿਊਸ਼ਨਸ, ਸਹਾਇਕ ਖੇਤੀਬਾੜੀ, ਵੇਸਟ ਟੂ ਵੈਲਥ, ਛੋਟੇ ਕਿਸਾਨਾਂ ਲਈ ਮਸ਼ੀਨੀਕਰਣ, ਸਪਲਾਈ ਚੇਨ ਮੈਨੇਜਮੈਂਟ, ਅਤੇ ਐਗਰੀ-ਲੌਜਿਸਟਿਕ ਨਾਲ ਸਬੰਧਿਤ ਆਪਣੀ ਇਨੋਵੇਸ਼ਨ ਦਾ ਪ੍ਰਦਰਸ਼ਨ ਕਰਨਗੇ। ਇਹ ਪਲੈਟਫਾਰਮ ਸਟਾਰਟਅੱਪਸ ਨੂੰ ਕਿਸਾਨਾਂ, ਐੱਫਪੀਓਜ਼, ਖੇਤੀ ਮਾਹਿਰਾਂ, ਕਾਰਪੋਰੇਟਸ ਆਦਿ ਨਾਲ ਗੱਲਬਾਤ ਕਰਨ ਦੀ ਸੁਵਿਧਾ ਦੇਵੇਗਾ। ਸਟਾਰਟਅੱਪ ਆਪਣੇ ਤਜ਼ਰਬੇ ਸਾਂਝੇ ਕਰਨਗੇ ਅਤੇ ਟੈਕਨੀਕਲ ਸੈਸ਼ਨਾਂ ਵਿੱਚ ਹੋਰ ਹਿਤਧਾਰਕਾਂ ਨਾਲ ਗੱਲਬਾਤ ਕਰਨਗੇ।

 

ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨੇ ਖਾਦ 'ਤੇ ਇੱਕ ਈ-ਮੈਗਜ਼ੀਨ 'ਇੰਡੀਅਨ ਐਜ' ਵੀ ਲਾਂਚ ਕੀਤਾ।  ਇਹ ਘਰੇਲੂ ਅਤੇ ਅੰਤਰਰਾਸ਼ਟਰੀ ਖਾਦ ਦ੍ਰਿਸ਼ਾਂ ਬਾਰੇ ਜਾਣਕਾਰੀ ਪ੍ਰਦਾਨ ਕਰੇਗਾ, ਜਿਸ ਵਿੱਚ ਹੋਰਨਾਂ ਗੱਲਾਂ ਤੋਂ ਇਲਾਵਾ, ਹਾਲੀਆ ਵਿਕਾਸ, ਕੀਮਤਾਂ ਦੇ ਰੁਝਾਨਾਂ ਦਾ ਵਿਸ਼ਲੇਸ਼ਣ, ਉਪਲਬਧਤਾ ਅਤੇ ਖਪਤ, ਅਤੇ ਕਿਸਾਨਾਂ ਦੀਆਂ ਸਫ਼ਲਤਾ ਦੀਆਂ ਕਹਾਣੀਆਂ ਸ਼ਾਮਲ ਹਨ।

 

https://twitter.com/narendramodi/status/1581905290491924480


 

https://twitter.com/PMOIndia/status/1581906967509217280


 

https://twitter.com/PMOIndia/status/1581907486822797312


 

https://twitter.com/PMOIndia/status/1581908702516609024


 

https://twitter.com/PMOIndia/status/1581909525988540416


 

https://twitter.com/PMOIndia/status/1581909977039802368


 

https://twitter.com/PMOIndia/status/1581910653954330624


 

https://twitter.com/PMOIndia/status/1581910980237623301


 

https://twitter.com/PMOIndia/status/1581911599585333248


 

https://twitter.com/PMOIndia/status/1581911942738096132


 

https://twitter.com/PMOIndia/status/1581912516862836741


 

https://twitter.com/PMOIndia/status/1581913032380538880


 

https://twitter.com/PMOIndia/status/1581914116276776960


 

Prime Minister Narendra Modi attends PM-KISAN Samman Sammelan in Delhi l PMO

 

  ***********

 

ਡੀਐੱਸ/ਟੀਐੱਸ



(Release ID: 1868608) Visitor Counter : 152