ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ 5ਜੀ ਸੇਵਾਵਾਂ ਦੀ ਸ਼ੁਰੂਆਤ ਕੀਤੀ
ਪ੍ਰਧਾਨ ਮੰਤਰੀ ਨੇ ਇੰਡੀਆ ਮੋਬਾਈਲ ਕਾਂਗਰਸ ਦੇ 6ਵੇਂ ਐਡੀਸ਼ਨ ਦਾ ਉਦਘਾਟਨ ਕੀਤਾ
“5ਜੀ ਦੇਸ਼ ਵਿੱਚ ਇੱਕ ਨਵੇਂ ਯੁਗ ਦੇ ਦਰਵਾਜ਼ੇ 'ਤੇ ਦਸਤਕ ਦੇ ਰਿਹਾ ਹੈ। 5ਜੀ ਮੌਕਿਆਂ ਅਨੰਤ ਦੇ ਆਕਾਸ਼ ਦੀ ਸ਼ੁਰੂਆਤ ਹੈ"
"ਨਿਊ ਇੰਡੀਆ ਸਿਰਫ਼ ਟੈਕਨੋਲੋਜੀ ਦਾ ਖ਼ਪਤਕਾਰ ਨਹੀਂ ਰਹੇਗਾ, ਬਲਕਿ ਭਾਰਤ ਉਸ ਟੈਕਨੋਲੋਜੀ ਦੇ ਵਿਕਾਸ ਅਤੇ ਅਮਲ ਵਿੱਚ ਇੱਕ ਸਰਗਰਮ ਭੂਮਿਕਾ ਨਿਭਾਏਗਾ"
"5ਜੀ ਦੇ ਨਾਲ, ਭਾਰਤ ਪਹਿਲੀ ਵਾਰ ਟੈਲੀਕੌਮ ਟੈਕਨੋਲੋਜੀ ਵਿੱਚ ਇੱਕ ਆਲਮੀ ਮਿਆਰ ਸਥਾਪਿਤ ਕਰ ਰਿਹਾ ਹੈ"
"2014 ਵਿੱਚ ਮੋਬਾਈਲ ਫੋਨਾਂ ਦੀ ਜ਼ੀਰੋ ਬਰਾਮਦ ਤੋਂ, ਅੱਜ ਅਸੀਂ ਹਜ਼ਾਰਾਂ ਕਰੋੜ ਰੁਪਏ ਦੇ ਮੋਬਾਈਲ ਫੋਨ ਨਿਰਯਾਤ ਕਰਨ ਵਾਲਾ ਦੇਸ਼ ਬਣ ਗਏ ਹਾਂ"
"ਮੈਨੂੰ ਹਮੇਸ਼ਾ ਦੇਸ਼ ਦੇ ਆਮ ਆਦਮੀ ਦੀ ਸਮਝ-ਬੂਝ, ਸਿਆਣਪ ਅਤੇ ਦਿਮਾਗ਼ 'ਤੇ ਪੂਰਾ ਵਿਸ਼ਵਾਸ ਸੀ"
“ਡਿਜੀਟਲ ਇੰਡੀਆ ਨੇ ਛੋਟੇ ਵਪਾਰੀਆਂ, ਛੋਟੇ ਉੱਦਮੀਆਂ, ਸਥਾਨਕ ਦਸਤਕਾਰਾਂ ਅਤੇ ਕਾਰੀਗਰਾਂ ਨੂੰ ਇੱਕ ਮੰਚ ਦਿੱਤਾ ਹੈ”
"5ਜੀ ਟੈਕਨੋਲੋਜੀ ਤੇਜ਼ ਇੰਟਰਨੈੱਟ ਪਹੁੰਚ ਤੱਕ ਸੀਮਿਤ ਨਹੀਂ ਰਹੇਗੀ, ਬਲਕਿ ਇਹ ਜੀਵਨ ਬਦਲਣ ਦੀ ਸਮਰੱਥਾ ਰੱਖਦੀ ਹੈ"
Posted On:
01 OCT 2022 1:08PM by PIB Chandigarh
ਇੱਕ ਨਵੇਂ ਤਕਨੀਕੀ ਯੁਗ ਦੀ ਸ਼ੁਰੂਆਤ ਕਰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਗਤੀ ਮੈਦਾਨ, ਨਵੀਂ ਦਿੱਲੀ ਵਿੱਚ 5ਜੀ ਸੇਵਾਵਾਂ ਦੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਨੇ ਇੰਡੀਆ ਮੋਬਾਈਲ ਕਾਂਗਰਸ ਦੇ ਛੇਵੇਂ ਐਡੀਸ਼ਨ ਦਾ ਉਦਘਾਟਨ ਵੀ ਕੀਤਾ ਅਤੇ ਇਸ ਮੌਕੇ 'ਤੇ ਲਗਾਈ ਗਈ ਆਈਐੱਮਸੀ ਪ੍ਰਦਰਸ਼ਨੀ ਵੀ ਦੇਖੀ।
ਇਸ ਇਤਿਹਾਸਿਕ ਮੌਕੇ 'ਤੇ ਵੱਖ-ਵੱਖ ਉਦਯੋਗਪਤੀਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ।
ਰਿਲਾਇੰਸ ਦੇ ਚੇਅਰਮੈਨ ਸ਼੍ਰੀ ਮੁਕੇਸ਼ ਅੰਬਾਨੀ ਨੇ 2047 ਤੱਕ ਇੱਕ ਵਿਕਸਿਤ ਰਾਸ਼ਟਰ ਦੇ ਵਿਜ਼ਨ ਨੂੰ ਪ੍ਰੇਰਿਤ ਕਰਨ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, “ਸਰਕਾਰ ਦੀ ਹਰ ਕਾਰਵਾਈ ਅਤੇ ਨੀਤੀ ਉਸ ਲਕਸ਼ ਵੱਲ ਭਾਰਤ ਨੂੰ ਅੱਗੇ ਵਧਾਉਣ ਲਈ ਕੁਸ਼ਲਤਾ ਨਾਲ ਤਿਆਰ ਕੀਤੀ ਗਈ ਹੈ। 5ਜੀ ਯੁਗ ਵਿੱਚ ਭਾਰਤ ਦੀ ਰਫ਼ਤਾਰ ਨੂੰ ਤੇਜ਼ ਕਰਨ ਲਈ ਉਠਾਏ ਗਏ ਕਦਮ ਸਾਡੇ ਪ੍ਰਧਾਨ ਮੰਤਰੀ ਦੇ ਦ੍ਰਿੜ ਸੰਕਲਪ ਦਾ ਪ੍ਰਭਾਵਸ਼ਾਲੀ ਪ੍ਰਮਾਣ ਦਿੰਦੇ ਹਨ”। ਉਨ੍ਹਾਂ ਸਿੱਖਿਆ ਅਤੇ ਜਲਵਾਯੂ ਆਦਿ ਜਿਹੇ ਪ੍ਰਮੁੱਖ ਖੇਤਰਾਂ ਵਿੱਚ 5ਜੀ ਦੀਆਂ ਸੰਭਾਵਨਾਵਾਂ ਦਾ ਵਰਣਨ ਕੀਤਾ। ਸ਼੍ਰੀ ਅੰਬਾਨੀ ਨੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ ਕਿਹਾ, “ਤੁਹਾਡੀ ਲੀਡਰਸ਼ਿਪ ਨੇ ਵਿਸ਼ਵ ਪੱਧਰ 'ਤੇ ਭਾਰਤ ਦੀ ਸ਼ਾਨ, ਰੂਪ-ਰੇਖਾ ਅਤੇ ਸ਼ਕਤੀ ਨੂੰ ਉੱਚਾ ਚੁੱਕਿਆ ਹੈ, ਜੋ ਪਹਿਲਾਂ ਕਦੇ ਨਹੀਂ ਹੋਇਆ। ਅੱਜ ਦੀ ਤੇਜ਼ੀ ਨਾਲ ਬਦਲ ਰਹੀ ਦੁਨੀਆ ਵਿੱਚ ਮੁੜ ਉੱਭਰ ਰਹੇ ਭਾਰਤ ਨੂੰ ਸਿਖਰ 'ਤੇ ਜਾਣ ਤੋਂ ਕੋਈ ਰੋਕ ਨਹੀਂ ਸਕੇਗਾ।"
ਭਾਰਤੀ ਐਂਟਰਪ੍ਰਾਈਜ਼ ਦੇ ਚੇਅਰਮੈਨ ਸ਼੍ਰੀ ਸੁਨੀਲ ਭਾਰਤੀ ਮਿੱਤਲ ਨੇ ਟਿੱਪਣੀ ਕੀਤੀ ਕਿ 5ਜੀ ਦੀ ਸ਼ੁਰੂਆਤ ਇੱਕ ਨਵੇਂ ਯੁਗ ਦੀ ਸ਼ੁਰੂਆਤ ਹੈ ਅਤੇ ਇਹ ਜੋ ਅਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੇ ਦੌਰਾਨ ਹੋ ਰਿਹਾ ਹੈ, ਇਹ ਇਸ ਨੂੰ ਹੋਰ ਵੀ ਖਾਸ ਬਣਾਉਂਦਾ ਹੈ। ਉਨ੍ਹਾਂ ਅੱਗੇ ਕਿਹਾ, "ਪ੍ਰਧਾਨ ਮੰਤਰੀ ਦੇ ਯਤਨਾਂ ਨਾਲ, ਇਹ ਦੇਸ਼ ਵਿੱਚ ਨਵੀਂ ਊਰਜਾ ਦਾ ਸੰਚਾਰ ਕਰੇਗਾ। ਅਸੀਂ ਖੁਸ਼ਕਿਸਮਤ ਹਾਂ ਕਿ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸਾਡੇ ਪਾਸ ਇੱਕ ਅਜਿਹਾ ਨੇਤਾ ਹੈ ਜੋ ਟੈਕਨੋਲੋਜੀ ਨੂੰ ਬਹੁਤ ਬਾਰੀਕੀ ਨਾਲ ਸਮਝਦਾ ਹੈ ਅਤੇ ਇਸ ਨੂੰ ਦੇਸ਼ ਦੇ ਵਿਕਾਸ ਲਈ ਬੇਮਿਸਾਲ ਤਰੀਕੇ ਨਾਲ ਲਾਗੂ ਕਰਦਾ ਹੈ”। ਸ਼੍ਰੀ ਮਿੱਤਲ ਨੇ ਅੱਗੇ ਕਿਹਾ ਕਿ ਇਹ ਲੋਕਾਂ, ਖਾਸ ਕਰਕੇ ਸਾਡੇ ਗ੍ਰਾਮੀਣ ਖੇਤਰਾਂ ਵਿੱਚ ਮੌਕਿਆਂ ਦਾ ਇੱਕ ਸਮੁੰਦਰ ਲਿਆਵੇਗਾ। ਉਨ੍ਹਾਂ ਨੇ ਬੁਨਿਆਦੀ ਢਾਂਚੇ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਪ੍ਰਧਾਨ ਮੰਤਰੀ ਦੀਆਂ ਪਹਿਲਾਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਮਹਾਮਾਰੀ ਦੌਰਾਨ ਟਰੈਫਿਕ ਪਿੰਡਾਂ ਅਤੇ ਘਰਾਂ ਵੱਲ ਤਬਦੀਲ ਹੋ ਗਿਆ ਅਤੇ ਦੇਸ਼ ਦੀ ਧੜਕਣ ਇੱਕ ਸੈਕਿੰਡ ਲਈ ਵੀ ਨਹੀਂ ਰੁਕੀ। ਇਸ ਦਾ ਸਿਹਰਾ ਡਿਜੀਟਲ ਵਿਜ਼ਨ ਨੂੰ ਜਾਂਦਾ ਹੈ। ਉਨ੍ਹਾਂ ਮੇਕ ਇਨ ਇੰਡੀਆ ਦੇ ਵਿਜ਼ਨ ਦੇ ਸਾਹਸ ਅਤੇ ਪ੍ਰਾਪਤੀ ਦੀ ਵੀ ਪ੍ਰਸ਼ੰਸਾ ਕੀਤੀ। ਸ਼੍ਰੀ ਮਿੱਤਲ ਨੇ ਅੱਗੇ ਕਿਹਾ, “ਡਿਜੀਟਲ ਇੰਡੀਆ ਦੇ ਨਾਲ, ਪ੍ਰਧਾਨ ਮੰਤਰੀ ਨੇ ਸਟਾਰਟ-ਅੱਪ ਇੰਡੀਆ ਮੁਹਿੰਮ ਨੂੰ ਵੀ ਅੱਗੇ ਵਧਾਇਆ ਅਤੇ ਜਲਦੀ ਹੀ, ਭਾਰਤ ਨੇ ਯੂਨੀਕੌਰਨ ਪੈਦਾ ਕਰਨੇ ਸ਼ੁਰੂ ਕਰ ਦਿੱਤੇ।" ਉਨ੍ਹਾਂ ਕਿਹਾ, “ਮੈਨੂੰ ਯਕੀਨ ਹੈ ਕਿ 5ਜੀ ਦੇ ਆਗਮਨ ਨਾਲ ਦੇਸ਼ ਹੋਰ ਬਹੁਤ ਸਾਰੇ ਯੂਨੀਕੌਰਨ ਦੁਨੀਆ ਨੂੰ ਦੇਵੇਗਾ।"
ਆਦਿਤਿਆ ਬਿਰਲਾ ਗਰੁੱਪ ਦੇ ਚੇਅਰਮੈਨ ਸ਼੍ਰੀ ਕੁਮਾਰ ਮੰਗਲਮ ਬਿਰਲਾ ਨੇ 5ਜੀ ਦੇ ਆਗਮਨ ਨੂੰ ਇੱਕ ਪਰਿਵਰਤਨਸ਼ੀਲ ਘਟਨਾ ਦੱਸਿਆ, ਜੋ ਵਿਸ਼ਵ ਪੱਧਰ 'ਤੇ ਭਾਰਤ ਦੀ ਤਾਕਤ ਨੂੰ ਸਾਬਤ ਕਰਦੀ ਹੈ ਅਤੇ ਭਾਰਤ ਦੇ ਵਿਕਾਸ ਦੇ ਆਧਾਰ ਵਜੋਂ ਦੂਰਸੰਚਾਰ ਟੈਕਨੋਲੋਜੀ ਦੀ ਭੂਮਿਕਾ ਨੂੰ ਦੁਹਰਾਉਂਦੀ ਹੈ। ਉਨ੍ਹਾਂ ਨੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਟੈਕਨੋਲੋਜੀ ਵਿੱਚ ਇੱਕ ਪੀੜ੍ਹੀ ਦੀ ਛਲਾਂਗ ਲਈ ਉਨ੍ਹਾਂ ਦੇ ਦ੍ਰਿਸ਼ਟੀਕੋਣ ਅਤੇ ਅਗਵਾਈ ਲਈ ਧੰਨਵਾਦ ਕੀਤਾ, ਜਿਸ ਦੇ ਨਤੀਜੇ ਵਜੋਂ ਭਾਰਤ ਵਿਸ਼ਵ ਪੱਧਰ 'ਤੇ ਆਪਣੀ ਪਹਿਚਾਣ ਬਣਾ ਰਿਹਾ ਹੈ। ਉਨ੍ਹਾਂ ਨੇ ਮੌਜੂਦਾ ਮਹਾਮਾਰੀ ਦੌਰਾਨ ਦੂਰਸੰਚਾਰ ਉਦਯੋਗ ਨੂੰ ਸਮਰਥਨ ਦੇਣ ਅਤੇ ਉਦਯੋਗ ਵਿੱਚ ਮਾਰਗ-ਦਰਸ਼ਕ ਦੂਰਸੰਚਾਰ ਸੁਧਾਰਾਂ ਲਈ ਪ੍ਰਧਾਨ ਮੰਤਰੀ ਦੀ ਪ੍ਰੇਰਣਾਦਾਇਕ ਭੂਮਿਕਾ ਲਈ ਵੀ ਧੰਨਵਾਦ ਕੀਤਾ। ਸ਼੍ਰੀ ਬਿਰਲਾ ਨੇ ਕਿਹਾ ਕਿ 5ਜੀ ਦੀ ਸ਼ੁਰੂਆਤ ਭਾਰਤ ਲਈ ਇੱਕ ਰੋਮਾਂਚਕ ਯਾਤਰਾ ਦੀ ਸ਼ੁਰੂਆਤ ਹੈ। ਉਨ੍ਹਾਂ ਅੱਗੇ ਕਿਹਾ, "ਅਸੀਂ ਆਉਣ ਵਾਲੇ ਸਾਲਾਂ ਵਿੱਚ 5ਜੀ ਵਿਕਾਸ ਅਤੇ ਵਰਤੋਂ ਦੇ ਮਾਮਲਿਆਂ ਲਈ ਅਸੀਮ ਸੰਭਾਵਨਾਵਾਂ ਦੇਖਾਂਗੇ।"
ਦੇਸ਼ ਦੇ ਤਿੰਨ ਪ੍ਰਮੁੱਖ ਦੂਰਸੰਚਾਰ ਆਪਰੇਟਰਾਂ ਨੇ ਭਾਰਤ ਵਿੱਚ 5ਜੀ ਟੈਕਨੋਲੋਜੀ ਦੀ ਸੰਭਾਵਨਾ ਨੂੰ ਦਰਸਾਉਣ ਲਈ ਪ੍ਰਧਾਨ ਮੰਤਰੀ ਦੇ ਸਾਹਮਣੇ ਇੱਕ-ਇੱਕ ਵਰਤੋਂ ਕੇਸ ਦਾ ਪ੍ਰਦਰਸ਼ਨ ਕੀਤਾ।
ਰਿਲਾਇੰਸ ਜੀਓ ਨੇ ਮੁੰਬਈ ਦੇ ਇੱਕ ਸਕੂਲ ਦੇ ਇੱਕ ਅਧਿਆਪਕ ਨੂੰ ਮਹਾਰਾਸ਼ਟਰ, ਗੁਜਰਾਤ ਅਤੇ ਓਡੀਸ਼ਾ ਵਿੱਚ ਤਿੰਨ ਵੱਖ-ਵੱਖ ਸਥਾਨਾਂ ਦੇ ਵਿਦਿਆਰਥੀਆਂ ਨਾਲ ਜੋੜਿਆ। ਇਹ ਪ੍ਰਦਰਸ਼ਿਤ ਕਰਦਾ ਹੈ ਕਿ ਕਿਵੇਂ 5ਜੀ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਨੇੜੇ ਲਿਆ ਕੇ, ਉਨ੍ਹਾਂ ਵਿਚਾਲੇ ਸਰੀਰਕ ਦੂਰੀ ਨੂੰ ਭੁਲਾ ਕੇ ਸਿੱਖਿਆ ਦੀ ਸਹੂਲਤ ਦੇਵੇਗਾ। ਉਨ੍ਹਾਂ ਨੇ ਸਕਰੀਨ 'ਤੇ ਔਗਮੈਂਟੇਡ ਰਿਐਲਿਟੀ (ਏਆਰ) ਦੀ ਸ਼ਕਤੀ ਦਾ ਪ੍ਰਦਰਸ਼ਨ ਵੀ ਕੀਤਾ ਅਤੇ ਇਸਦੀ ਵਰਤੋਂ ਦੇਸ਼ ਭਰ ਦੇ ਬੱਚਿਆਂ ਨੂੰ, ਕਿਸੇ ਏਆਰ ਉਪਕਰਣ ਦੀ ਲੋੜ ਤੋਂ ਬਿਨਾਂ, ਦੂਰ-ਦੁਰਾਡੇ ਤੋਂ ਸਿਖਾਉਣ ਲਈ ਕਿਵੇਂ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਏਕਨਾਥ ਸ਼ਿੰਦੇ ਦੀ ਮੌਜੂਦਗੀ ਵਿੱਚ ਗਿਆਨਜਯੋਤੀ ਸਾਵਿਤਰੀਬਾਈ ਫੂਲੇ ਸਕੂਲ, ਰਾਏਗੜ੍ਹ, ਮਹਾਰਾਸ਼ਟਰ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਰੋਪਡਾ ਪ੍ਰਾਇਮਰੀ ਸਕੂਲ, ਗਾਂਧੀਨਗਰ, ਗੁਜਰਾਤ ਤੋਂ ਵਿਦਿਆਰਥੀ ਰਾਜ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਦੀ ਮੌਜੂਦਗੀ ਵਿੱਚ ਜੁੜੇ। ਪ੍ਰਧਾਨ ਮੰਤਰੀ ਨੇ ਓਡੀਸ਼ਾ ਦੇ ਮੁੱਖ ਮੰਤਰੀ ਸ਼੍ਰੀ ਨਵੀਨ ਪਟਨਾਇਕ ਦੀ ਮੌਜੂਦਗੀ ਵਿੱਚ ਐੱਸਐੱਲਐੱਸ ਮੈਮੋਰੀਅਲ ਸਕੂਲ, ਮਿਯੂਰਭੰਜ, ਓਡੀਸ਼ਾ ਦੇ ਵਿਦਿਆਰਥੀਆਂ ਨਾਲ ਵੀ ਗੱਲਬਾਤ ਕੀਤੀ। ਸ਼੍ਰੀ ਅਭਿਮਨਿਊ ਬਾਸੂ, ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ, ਬੀਕੇਸੀ, ਮੁੰਬਈ ਨੇ ਵੀ 5ਜੀ ਤਕਨੀਕ ਦੀ ਵਰਤੋਂ ਦਾ ਪ੍ਰਦਰਸ਼ਨ ਕੀਤਾ। ਪ੍ਰਧਾਨ ਮੰਤਰੀ ਨੇ ਸਿੱਖਿਆ ਵਿੱਚ ਟੈਕਨੋਲੋਜੀ ਪ੍ਰਤੀ ਵਿਦਿਆਰਥੀਆਂ ਦੇ ਉਤਸ਼ਾਹ ਦਾ ਜ਼ਿਕਰ ਕੀਤਾ। ਲੇਖਕ ਅਮੀਸ਼ ਤ੍ਰਿਪਾਠੀ ਨੇ ਇਸ ਭਾਗ ਦੀ ਸ਼ੁਰੂਆਤ ਕੀਤੀ।
ਵੋਡਾਫੋਨ ਆਈਡੀਆ ਟੈਸਟ ਕੇਸ ਵਿੱਚ ਡਾਇਸ 'ਤੇ ਸੁਰੰਗ ਦੇ ਡਿਜੀਟਲ ਟਵਿਨ ਦੇ ਨਿਰਮਾਣ ਰਾਹੀਂ ਦਿੱਲੀ ਮੈਟਰੋ ਦੀ ਇੱਕ ਨਿਰਮਾਣ ਅਧੀਨ ਸੁਰੰਗ ਵਿੱਚ ਕਰਮਚਾਰੀਆਂ ਦੀ ਸੁਰੱਖਿਆ ਦਾ ਪ੍ਰਦਰਸ਼ਨ ਕੀਤਾ ਗਿਆ। ਡਿਜੀਟਲ ਟਵਿਨ ਕਿਸੇ ਰਿਮੋਟ ਟਿਕਾਣੇ ਤੋਂ ਅਸਲ ਸਮੇਂ ਵਿੱਚ ਕਰਮਚਾਰੀਆਂ ਨੂੰ ਸੁਰੱਖਿਆ ਅਲਰਟ ਦੇਣ ਵਿੱਚ ਮਦਦ ਕਰੇਗਾ। ਪ੍ਰਧਾਨ ਮੰਤਰੀ ਨੇ ਵੀਆਰ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਕੇ ਅਸਲ ਸਮੇਂ ਵਿੱਚ ਕੰਮ ਦੀ ਨਿਗਰਾਨੀ ਕਰਨ ਲਈ ਡਾਇਸ ਤੋਂ ਇੱਕ ਲਾਈਵ ਡੈਮੋ ਲਿਆ। ਪ੍ਰਧਾਨ ਮੰਤਰੀ ਨੇ ਦਿੱਲੀ ਦੇ ਉਪ ਰਾਜਪਾਲ ਸ਼੍ਰੀ ਵਿਨੈ ਸਕਸੈਨਾ ਦੀ ਮੌਜੂਦਗੀ ਵਿੱਚ ਦਿੱਲੀ ਮੈਟਰੋ ਸੁਰੰਗ ਦਵਾਰਕਾ, ਨਵੀਂ ਦਿੱਲੀ ਵਿੱਚ ਇੱਕ ਕਰਮਚਾਰੀ ਸ਼੍ਰੀ ਰਿੰਕੂ ਕੁਮਾਰ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਟੈਕਨੋਲੋਜੀ ਨੂੰ ਅਪਣਾਉਣ ਲਈ ਲੋੜੀਂਦੇ ਉਪਭੋਗਤਾ ਅਨੁਭਵ ਅਤੇ ਸਿੱਖਣ ਦੇ ਵਕਰ ਬਾਰੇ ਪੁੱਛਿਆ। ਉਨ੍ਹਾਂ ਕਿਹਾ ਕਿ ਸੁਰੱਖਿਆ ਪ੍ਰਤੀ ਵਰਕਰਾਂ ਦਾ ਭਰੋਸਾ ਨਵੀਂ ਤਕਨੀਕ ਦਾ ਸਭ ਤੋਂ ਵੱਡਾ ਯੋਗਦਾਨ ਹੈ। ਉਨ੍ਹਾਂ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਲਈ ਭਾਰਤ ਦੇ ਮਜ਼ਦੂਰਾਂ ਦੀ ਸ਼ਲਾਘਾ ਕੀਤੀ।
ਏਅਰਟੈੱਲ ਦੇ ਡੈਮੋ ਵਿੱਚ ਦਨਕੌਰ, ਉੱਤਰ ਪ੍ਰਦੇਸ਼ ਦੇ ਵਿਦਿਆਰਥੀਆਂ ਨੇ ਵਰਚੁਅਲ ਰਿਐਲਿਟੀ ਅਤੇ ਔਗਮੈਂਟੇਡ ਰਿਐਲਿਟੀ ਦੀ ਮਦਦ ਨਾਲ ਸੌਰ ਪ੍ਰਣਾਲੀ ਬਾਰੇ ਸਿੱਖਣ ਲਈ ਇੱਕ ਜੀਵੰਤ ਅਤੇ ਤਿੰਨ ਪੱਖੀ ਡਿਜੀਟਲ ਸਿੱਖਿਆ ਅਨੁਭਵ ਹਾਸਲ ਕੀਤਾ। ਇੱਕ ਵਿਦਿਆਰਥਣ ਖੁਸ਼ੀ ਨੇ ਇੱਕ ਹੋਲੋਗ੍ਰਾਮ ਰਾਹੀਂ ਡਾਇਸ 'ਤੇ ਪ੍ਰਗਟ ਹੋ ਕੇ ਪ੍ਰਧਾਨ ਮੰਤਰੀ ਨਾਲ ਸਿੱਖਣ ਦਾ ਆਪਣਾ ਅਨੁਭਵ ਸਾਂਝਾ ਕੀਤਾ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਰੁਦਰਾਕਸ਼ ਕਨਵੈਨਸ਼ਨ ਸੈਂਟਰ, ਵਾਰਾਣਸੀ ਤੋਂ ਜੁੜੇ ਹੋਏ। ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਕੀ ਵੀਆਰ ਸਿੱਖਿਆ ਦੇ ਤਜਰਬੇ ਨੇ ਉਨ੍ਹਾਂ ਨੂੰ ਸੰਕਲਪਾਂ ਨੂੰ ਵਿਆਪਕ ਰੂਪ ਵਿੱਚ ਸਮਝਣ ਵਿੱਚ ਮਦਦ ਕੀਤੀ ਹੈ। ਵਿਦਿਆਰਥਣ ਨੇ ਕਿਹਾ ਕਿ ਇਸ ਤਜ਼ਰਬੇ ਤੋਂ ਬਾਅਦ ਉਸ ਦਾ ਝੁਕਾਅ ਨਵੀਆਂ ਚੀਜ਼ਾਂ ਸਿੱਖਣ ਵੱਲ ਵੱਧ ਗਿਆ ਹੈ।
ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਸੰਮੇਲਨ ਭਾਵੇਂ ਗਲੋਬਲ ਹੋਵੇ, ਪਰ ਇਸ ਦੇ ਪ੍ਰਭਾਵ ਅਤੇ ਦਿਸ਼ਾਵਾਂ ਸਥਾਨਕ ਹਨ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ 21ਵੀਂ ਸਦੀ ਦੇ ਤੇਜ਼ੀ ਨਾਲ ਵਿਕਾਸ ਕਰ ਰਹੇ ਭਾਰਤ ਲਈ ਵਿਸ਼ੇਸ਼ ਦਿਨ ਹੈ। ਉਨ੍ਹਾਂ ਅੱਗੇ ਕਿਹਾ, “ਅੱਜ, 130 ਕਰੋੜ ਭਾਰਤੀਆਂ ਨੂੰ ਦੇਸ਼ ਅਤੇ ਦੇਸ਼ ਦੇ ਦੂਰਸੰਚਾਰ ਉਦਯੋਗ ਤੋਂ 5ਜੀ ਦੇ ਰੂਪ ਵਿੱਚ ਇੱਕ ਸ਼ਾਨਦਾਰ ਤੋਹਫ਼ਾ ਮਿਲ ਰਿਹਾ ਹੈ। 5ਜੀ ਦੇਸ਼ ਵਿੱਚ ਇੱਕ ਨਵੇਂ ਯੁਗ ਦੇ ਦਰਵਾਜ਼ੇ 'ਤੇ ਦਸਤਕ ਦੇ ਰਿਹਾ ਹੈ। 5ਜੀ ਮੌਕਿਆਂ ਦੇ ਅਨੰਤ ਅਸਮਾਨ ਦੀ ਸ਼ੁਰੂਆਤ ਹੈ। ਮੈਂ ਇਸ ਲਈ ਹਰ ਭਾਰਤੀ ਨੂੰ ਵਧਾਈ ਦਿੰਦਾ ਹਾਂ।” ਉਨ੍ਹਾਂ ਨੇ ਤਸੱਲੀ ਪ੍ਰਗਟਾਈ ਕਿ 5ਜੀ ਦੀ ਸ਼ੁਰੂਆਤ ਅਤੇ ਟੈਕਨੋਲੋਜੀ ਦੇ ਇਸ ਮਾਰਚ ਵਿੱਚ ਗ੍ਰਾਮੀਣ ਖੇਤਰ ਅਤੇ ਕਿਰਤੀ ਬਰਾਬਰ ਦੇ ਹਿੱਸੇਦਾਰ ਹਨ।
5ਜੀ ਲਾਂਚ ਦੇ ਇੱਕ ਹੋਰ ਸੰਦੇਸ਼ 'ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, "ਨਿਊ ਇੰਡੀਆ ਸਿਰਫ਼ ਟੈਕਨੋਲੋਜੀ ਦਾ ਖਪਤਕਾਰ ਨਹੀਂ ਰਹੇਗਾ, ਬਲਕਿ ਭਾਰਤ ਉਸ ਟੈਕਨੋਲੋਜੀ ਦੇ ਵਿਕਾਸ ਅਤੇ ਅਮਲ ਵਿੱਚ ਇੱਕ ਸਰਗਰਮ ਭੂਮਿਕਾ ਨਿਭਾਏਗਾ। ਭਾਰਤ ਭਵਿੱਖ ਦੀ ਵਾਇਰਲੈੱਸ ਟੈਕਨੋਲੋਜੀ ਨੂੰ ਡਿਜ਼ਾਈਨ ਕਰਨ ਅਤੇ ਇਸ ਨਾਲ ਸਬੰਧਿਤ ਨਿਰਮਾਣ ਵਿੱਚ ਵੱਡੀ ਭੂਮਿਕਾ ਨਿਭਾਏਗਾ।'' ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ 2ਜੀ, 3ਜੀ ਅਤੇ 4ਜੀ ਤਕਨੀਕਾਂ ਲਈ ਦੂਜੇ ਦੇਸ਼ਾਂ 'ਤੇ ਨਿਰਭਰ ਹੈ। ਪਰ 5ਜੀ ਨਾਲ ਭਾਰਤ ਨੇ ਨਵਾਂ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਟਿੱਪਣੀ ਕੀਤੀ, "5ਜੀ ਦੇ ਨਾਲ, ਭਾਰਤ ਪਹਿਲੀ ਵਾਰ ਟੈਲੀਕੌਮ ਟੈਕਨੋਲੋਜੀ ਵਿੱਚ ਇੱਕ ਆਲਮੀ ਮਿਆਰ ਸਥਾਪਿਤ ਕਰ ਰਿਹਾ ਹੈ।"
ਡਿਜੀਟਲ ਇੰਡੀਆ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਲੋਕ ਸੋਚਦੇ ਹਨ ਕਿ ਇਹ ਸਿਰਫ਼ ਇੱਕ ਸਰਕਾਰੀ ਯੋਜਨਾ ਹੈ। “ਪਰ ਡਿਜੀਟਲ ਇੰਡੀਆ ਸਿਰਫ਼ ਇੱਕ ਨਾਮ ਨਹੀਂ ਹੈ, ਇਹ ਦੇਸ਼ ਦੇ ਵਿਕਾਸ ਲਈ ਇੱਕ ਵੱਡਾ ਵਿਜ਼ਨ ਹੈ। ਇਸ ਵਿਜ਼ਨ ਦਾ ਟੀਚਾ ਉਸ ਤਕਨੀਕ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਹੈ, ਜੋ ਲੋਕਾਂ ਲਈ ਕੰਮ ਕਰਦੀ ਹੈ, ਲੋਕਾਂ ਨਾਲ ਜੁੜ ਕੇ ਕੰਮ ਕਰਦੀ ਹੈ।”
ਡਿਜੀਟਲ ਇੰਡੀਆ ਲਈ ਇੱਕ ਸੰਪੂਰਨ ਪਹੁੰਚ ਦੀ ਲੋੜ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਵਿਸਤਾਰ ਵਿੱਚ ਦੱਸਿਆ ਕਿ "ਅਸੀਂ ਇੱਕੋ ਸਮੇਂ ਵਿੱਚ ਚਾਰ ਦਿਸ਼ਾਵਾਂ ਵਿੱਚ 4 ਥੰਮ੍ਹਾਂ ਪਹਿਲਾ, ਉਪਕਰਣ ਦੀ ਕੀਮਤ; ਦੂਜਾ, ਡਿਜੀਟਲ ਕਨੈਕਟੀਵਿਟੀ; ਤੀਜਾ, ਡੇਟਾ ਦੀ ਕੀਮਤ; ਚੌਥਾ, ਅਤੇ ਸਭ ਤੋਂ ਮਹੱਤਵਪੂਰਨ, 'ਡਿਜੀਟਲ ਫਸਟ' ਦਾ ਵਿਚਾਰ, 'ਤੇ ਧਿਆਨ ਕੇਂਦ੍ਰਿਤ ਕੀਤਾ ਹੈ।
ਪਹਿਲੇ ਥੰਮ੍ਹ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਯੰਤਰਾਂ ਦੀ ਘੱਟ ਕੀਮਤ ਆਤਮਨਿਰਭਰਤਾ ਰਾਹੀਂ ਹੀ ਮਿਲ ਸਕਦੀ ਹੈ। ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਅੱਠ ਸਾਲ ਪਹਿਲਾਂ ਤੱਕ ਭਾਰਤ ਵਿੱਚ ਸਿਰਫ਼ ਦੋ ਮੋਬਾਈਲ ਨਿਰਮਾਣ ਯੂਨਿਟ ਸਨ। ਸ਼੍ਰੀ ਮੋਦੀ ਨੇ ਕਿਹਾ, “ਇਹ ਗਿਣਤੀ ਹੁਣ 200 ਹੋ ਗਈ ਹੈ”। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ 2014 ਵਿੱਚ ਜ਼ੀਰੋ ਮੋਬਾਈਲ ਫੋਨ ਦਰਾਮਦ ਕਰਨ ਤੋਂ ਬਾਅਦ ਅੱਜ ਅਸੀਂ ਹਜ਼ਾਰਾਂ ਕਰੋੜ ਰੁਪਏ ਦਾ ਮੋਬਾਈਲ ਫੋਨ ਬਰਾਮਦ ਕਰਨ ਵਾਲਾ ਦੇਸ਼ ਬਣ ਗਏ ਹਾਂ। ਉਨ੍ਹਾਂ ਅੱਗੇ ਕਿਹਾ, "ਕੁਦਰਤੀ ਤੌਰ 'ਤੇ, ਇਨ੍ਹਾਂ ਸਾਰੇ ਯਤਨਾਂ ਦਾ ਉਪਕਰਣ ਦੀ ਲਾਗਤ 'ਤੇ ਅਸਰ ਪਿਆ ਹੈ। ਹੁਣ ਅਸੀਂ ਘੱਟ ਕੀਮਤ 'ਤੇ ਹੋਰ ਵਿਸ਼ੇਸ਼ਤਾਵਾਂ ਪ੍ਰਾਪਤ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।"
ਡਿਜੀਟਲ ਕਨੈਕਟੀਵਿਟੀ ਦੇ ਦੂਜੇ ਥੰਮ੍ਹ ਬਾਰੇ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇੰਟਰਨੈੱਟ ਉਪਭੋਗਤਾ 2014 ਵਿੱਚ 6 ਕਰੋੜ ਤੋਂ ਵੱਧ ਕੇ ਹੁਣ 80 ਕਰੋੜ ਹੋ ਗਏ ਹਨ। 2014 ਵਿੱਚ 100 ਤੋਂ ਘੱਟ ਪੰਚਾਇਤਾਂ ਅਤੇ ਹੁਣ 1.7 ਲੱਖ ਪੰਚਾਇਤਾਂ ਆਪਟੀਕਲ ਫਾਈਬਰ ਨਾਲ ਜੁੜੀਆਂ ਹਨ। “ਜਿਸ ਤਰ੍ਹਾਂ ਸਰਕਾਰ ਨੇ ਬਿਜਲੀ ਮੁਹੱਈਆ ਕਰਵਾਉਣ ਲਈ ਘਰ-ਘਰ ਜਾ ਕੇ ਮੁਹਿੰਮ ਸ਼ੁਰੂ ਕੀਤੀ, ਹਰ ਘਰ ਜਲ ਅਭਿਆਨ ਰਾਹੀਂ ਹਰ ਕਿਸੇ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਣ ਦੇ ਮਿਸ਼ਨ 'ਤੇ ਕੰਮ ਕੀਤਾ ਅਤੇ ਉੱਜਵਲਾ ਸਕੀਮ ਰਾਹੀਂ ਸਭ ਤੋਂ ਗਰੀਬ ਲੋਕਾਂ ਤੱਕ ਗੈਸ ਸਿਲੰਡਰ ਪਹੁੰਚਾਏ। ਸਾਡੀ ਸਰਕਾਰ ਸਾਰਿਆਂ ਲਈ ਇੰਟਰਨੈੱਟ ਦੇ ਲਕਸ਼ 'ਤੇ ਇਸੇ ਤਰ੍ਹਾਂ ਕੰਮ ਕਰ ਰਹੀ ਹੈ।''
ਡੇਟਾ ਦੀ ਲਾਗਤ ਦੇ ਤੀਜੇ ਥੰਮ੍ਹ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਦਯੋਗ ਨੂੰ ਬਹੁਤ ਸਾਰੇ ਪ੍ਰੋਤਸਾਹਨ ਦਿੱਤੇ ਗਏ ਹਨ ਅਤੇ 4ਜੀ ਜਿਹੀਆਂ ਟੈਕਨੋਲੋਜੀਆਂ ਨੂੰ ਨੀਤੀਗਤ ਸਮਰਥਨ ਪ੍ਰਾਪਤ ਹੈ। ਇਸ ਨਾਲ ਡੇਟਾ ਦੀ ਕੀਮਤ ਵਿੱਚ ਕਮੀ ਆਈ ਅਤੇ ਦੇਸ਼ ਵਿੱਚ ਡੇਟਾ ਕ੍ਰਾਂਤੀ ਦੀ ਸ਼ੁਰੂਆਤ ਹੋਈ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨਾਂ ਥੰਮ੍ਹਾਂ ਨੇ ਹਰ ਥਾਂ ਆਪਣਾ ਗੁਣਾਤਮਕ ਪ੍ਰਭਾਵ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ।
ਚੌਥੇ ਥੰਮ੍ਹ ਭਾਵ 'ਡਿਜੀਟਲ ਫਸਟ' ਦੇ ਵਿਚਾਰ ਦੇ ਵਿਸ਼ੇ 'ਤੇ ਪ੍ਰਧਾਨ ਮੰਤਰੀ ਨੇ ਉਸ ਸਮੇਂ ਨੂੰ ਯਾਦ ਕੀਤਾ, ਜਦੋਂ ਮੁੱਠੀ ਭਰ ਕੁਲੀਨ ਵਰਗ ਨੇ ਸਵਾਲ ਕੀਤਾ ਕਿ ਕੀ ਗਰੀਬ ਵੀ ਡਿਜੀਟਲ ਦਾ ਮਤਲਬ ਸਮਝਣਗੇ ਅਤੇ ਉਨ੍ਹਾਂ ਦੀ ਸਮਰੱਥਾ 'ਤੇ ਸ਼ੱਕ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਦੇਸ਼ ਦੇ ਆਮ ਆਦਮੀ ਦੀ ਸੂਝ-ਬੂਝ, ਸਿਆਣਪ ਅਤੇ ਖੋਜੀ ਦਿਮਾਗ 'ਤੇ ਹਮੇਸ਼ਾ ਵਿਸ਼ਵਾਸ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਦੇਸ਼ ਦੇ ਗਰੀਬਾਂ ਨੂੰ ਨਵੀਆਂ ਤਕਨੀਕਾਂ ਅਪਣਾਉਣ ਲਈ ਤਿਆਰ ਦੇਖਿਆ।
ਡਿਜੀਟਲ ਭੁਗਤਾਨ ਦੇ ਖੇਤਰ ਵਿੱਚ ਸਰਕਾਰ ਦੇ ਯਤਨਾਂ 'ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਇਹ ਸਰਕਾਰ ਹੀ ਸੀ, ਜੋ ਅੱਗੇ ਵਧੀ ਅਤੇ ਡਿਜੀਟਲ ਭੁਗਤਾਨ ਲਈ ਰਾਹ ਆਸਾਨ ਬਣਾਇਆ। ਸ਼੍ਰੀ ਮੋਦੀ ਨੇ ਅੱਗੇ ਕਿਹਾ, “ਸਰਕਾਰ ਨੇ ਖੁਦ ਐਪ ਰਾਹੀਂ ਨਾਗਰਿਕ-ਕੇਂਦ੍ਰਿਤ ਡਿਲਿਵਰੀ ਸੇਵਾ ਨੂੰ ਉਤਸ਼ਾਹਿਤ ਕੀਤਾ ਹੈ। ਭਾਵੇਂ ਇਹ ਕਿਸਾਨਾਂ ਜਾਂ ਛੋਟੇ ਦੁਕਾਨਦਾਰਾਂ ਬਾਰੇ ਹੈ, ਅਸੀਂ ਉਨ੍ਹਾਂ ਨੂੰ ਐਪ ਰਾਹੀਂ ਉਨ੍ਹਾਂ ਦੀਆਂ ਰੋਜ਼ਾਨਾ ਲੋੜਾਂ ਪੂਰੀਆਂ ਕਰਨ ਦਾ ਢੰਗ-ਤਰੀਕਾ ਦਿੱਤਾ ਹੈ।" ਉਨ੍ਹਾਂ ਮਹਾਮਾਰੀ ਦੇ ਦੌਰਾਨ ਡੀਬੀਟੀ, ਸਿੱਖਿਆ, ਟੀਕਾਕਰਨ ਅਤੇ ਸਿਹਤ ਸੇਵਾਵਾਂ ਦੀ ਨਿਰੰਤਰਤਾ ਅਤੇ ਘਰ ਤੋਂ ਕੰਮ ਕਰਨ ਬਾਰੇ ਦੱਸਿਆ, ਜਦੋਂ ਬਹੁਤ ਸਾਰੇ ਦੇਸ਼ਾਂ ਵਿੱਚ ਇਨ੍ਹਾਂ ਸੇਵਾਵਾਂ ਨੂੰ ਜਾਰੀ ਰੱਖਣਾ ਮੁਸ਼ਕਲ ਹੋ ਰਿਹਾ ਸੀ।
ਇਹ ਟਿੱਪਣੀ ਕਰਦਿਆਂ ਕਿ ਡਿਜੀਟਲ ਇੰਡੀਆ ਨੇ ਇੱਕ ਪਲੈਟਫਾਰਮ ਦਿੱਤਾ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਛੋਟੇ ਵਪਾਰੀ, ਛੋਟੇ ਉੱਦਮੀ, ਸਥਾਨਕ ਕਾਰੀਗਰ ਅਤੇ ਦਸਤਕਾਰ ਹੁਣ ਹਰ ਕਿਸੇ ਨੂੰ ਉਤਪਾਦ ਵੇਚ ਸਕਦੇ ਹਨ। ਸ਼੍ਰੀ ਮੋਦੀ ਨੇ ਅੱਗੇ ਕਿਹਾ, "ਅੱਜ ਤੁਸੀਂ ਸਥਾਨਕ ਮੰਡੀ ਜਾਂ ਸਬਜ਼ੀ ਮੰਡੀ ਵਿੱਚ ਜਾਓ ਅਤੇ ਦੇਖੋ, ਇੱਥੋਂ ਤੱਕ ਕਿ ਇੱਕ ਛੋਟਾ ਜਿਹਾ ਰੇਹੜੀ-ਪਕੜੀ ਵਿਕਰੇਤਾ ਵੀ ਤੁਹਾਨੂੰ ਕਹੇਗਾ, ਨਕਦ ਵਿੱਚ ਨਹੀਂ, ਬਲਕਿ 'ਯੂਪੀਆਈ' ਰਾਹੀਂ ਟ੍ਰਾਂਜੈਕਸ਼ਨ ਕਰੋ।" ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, "ਇਹ ਦਰਸਾਉਂਦਾ ਹੈ, ਜਦੋਂ ਕੋਈ ਸਹੂਲਤ ਉਪਲਬਧ ਹੁੰਦੀ ਹੈ, ਤਾਂ ਸੋਚ ਨੂੰ ਵੀ ਹੌਂਸਲਾ ਮਿਲਦਾ ਹੈ"। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਸਰਕਾਰ ਸਾਫ਼ ਇਰਾਦੇ ਨਾਲ ਕੰਮ ਕਰਦੀ ਹੈ ਤਾਂ ਨਾਗਰਿਕਾਂ ਦੇ ਇਰਾਦੇ ਵੀ ਬਦਲ ਜਾਂਦੇ ਹਨ। ਉਨ੍ਹਾਂ ਟਿੱਪਣੀ ਕੀਤੀ, "ਇਹ 2ਜੀ ਅਤੇ 5ਜੀ ਦੇ ਇਰਾਦੇ (ਨੀਅਤ) ਵਿੱਚ ਮੁੱਖ ਅੰਤਰ ਹੈ।"
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਇਥੇ ਡੇਟਾ ਦੀ ਲਾਗਤ ਦੁਨੀਆ ਵਿੱਚ ਸਭ ਤੋਂ ਘੱਟ ਹੈ। ਇਹ 300 ਰੁਪਏ ਪ੍ਰਤੀ ਜੀਬੀ ਤੋਂ ਘਟ ਕੇ ਲਗਭਗ 10 ਰੁਪਏ ਪ੍ਰਤੀ ਜੀਬੀ ਰਹਿ ਗਿਆ ਹੈ। ਸਰਕਾਰ ਦੇ ਉਪਭੋਗਤਾ-ਕੇਂਦ੍ਰਿਤ ਯਤਨਾਂ 'ਤੇ ਟਿੱਪਣੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਡੇਟਾ ਦੀ ਲਾਗਤ ਬਹੁਤ ਘੱਟ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਇਹ ਵੱਖਰੀ ਗੱਲ ਹੈ ਕਿ ਅਸੀਂ ਇਸ ਬਾਰੇ ਕੋਈ ਹੰਗਾਮਾ ਨਹੀਂ ਕੀਤਾ ਅਤੇ ਵੱਡੇ ਇਸ਼ਤਿਹਾਰ ਲਾਂਚ ਨਹੀਂ ਕੀਤੇ। ਅਸੀਂ ਇਸ ਗੱਲ 'ਤੇ ਧਿਆਨ ਕੇਂਦ੍ਰਿਤ ਕੀਤਾ ਕਿ ਕਿਵੇਂ ਦੇਸ਼ ਦੇ ਲੋਕਾਂ ਦੀ ਸਹੂਲਤ ਅਤੇ ਜੀਵਨ ਵਿੱਚ ਸੁਖਾਲਾਪਣ ਵਧੇ।'' ਉਨ੍ਹਾਂ ਅੱਗੇ ਕਿਹਾ, "ਭਾਰਤ ਨੂੰ ਪਹਿਲੀਆਂ ਤਿੰਨ ਉਦਯੋਗਿਕ ਕ੍ਰਾਂਤੀਆਂ ਦਾ ਲਾਭ ਨਹੀਂ ਹੋ ਸਕਿਆ, ਪਰ ਮੈਨੂੰ ਭਰੋਸਾ ਹੈ ਕਿ ਭਾਰਤ ਚੌਥੀ ਉਦਯੋਗਿਕ ਕ੍ਰਾਂਤੀ ਦਾ ਪੂਰਾ ਲਾਭ ਮਿਲੇਗਾ, ਅਸਲ ਵਿੱਚ ਦੇਸ਼ ਇਸਦੀ ਅਗਵਾਈ ਕਰੇਗਾ।"
ਪ੍ਰਧਾਨ ਮੰਤਰੀ ਨੇ ਦੱਸਿਆ ਕਿ 5ਜੀ ਟੈਕਨੋਲੋਜੀ ਦੀ ਵਰਤੋਂ ਤੇਜ਼ ਇੰਟਰਨੈੱਟ ਤੱਕ ਸੀਮਤ ਨਹੀਂ ਹੋਵੇਗੀ, ਬਲਕਿ ਇਸ ਵਿੱਚ ਜ਼ਿੰਦਗੀ ਬਦਲਣ ਦੀ ਸਮਰੱਥਾ ਹੈ। ਉਨ੍ਹਾਂ ਕਿਹਾ ਕਿ ਅਸੀਂ ਟੈਕਨੋਲੋਜੀ ਦੇ ਵਾਅਦਿਆਂ ਨੂੰ ਆਪਣੇ ਜੀਵਨ ਕਾਲ ਵਿੱਚ ਪੂਰੇ ਹੁੰਦੇ ਦੇਖਾਂਗੇ। ਸ਼੍ਰੀ ਮੋਦੀ ਨੇ ਦੂਰਸੰਚਾਰ ਉਦਯੋਗ ਸੰਘ ਦੇ ਲੀਡਰਾਂ ਨੂੰ ਦੇਸ਼ ਦੇ ਸਕੂਲਾਂ ਅਤੇ ਕਾਲਜਾਂ ਦਾ ਦੌਰਾ ਕਰਨ ਅਤੇ ਇਸ ਨਵੀਂ ਤਕਨੀਕ ਦੇ ਹਰ ਪਹਿਲੂ ਨੂੰ ਉਜਾਗਰ ਕਰਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਇਲੈਕਟ੍ਰਾਨਿਕ ਨਿਰਮਾਣ ਲਈ ਪੁਰਜੇ ਤਿਆਰ ਕਰਨ ਲਈ ਐੱਮਐੱਸਐੱਮਈ ਲਈ ਇੱਕ ਸਮਰੱਥ ਵਾਤਾਵਰਣ ਬਣਾਉਣ ਲਈ ਵੀ ਕਿਹਾ। ਉਨ੍ਹਾਂ ਟਿੱਪਣੀ ਕੀਤੀ, "5ਜੀ ਟੈਕਨੋਲੋਜੀ ਦੀ ਵਰਤੋਂ ਦੇਸ਼ ਵਿੱਚ ਇੱਕ ਕ੍ਰਾਂਤੀ ਲਿਆਉਣ ਲਈ ਕੀਤੀ ਜਾਣੀ ਚਾਹੀਦੀ ਹੈ।" ਪ੍ਰਧਾਨ ਮੰਤਰੀ ਨੇ ਡਰੋਨ ਤਕਨੀਕ ਦੀ ਵਰਤੋਂ 'ਤੇ ਚਾਨਣਾ ਪਾਇਆ, ਜੋ ਨਵੀਂ ਲਾਂਚ ਕੀਤੀ ਗਈ ਡਰੋਨ ਨੀਤੀ ਤੋਂ ਬਾਅਦ ਸੰਭਵ ਹੋਈ ਹੈ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਕਿਸਾਨਾਂ ਨੇ ਡਰੋਨ ਉਡਾਉਣਾ ਸਿੱਖ ਲਿਆ ਹੈ ਅਤੇ ਖੇਤਾਂ ਵਿੱਚ ਕੀਟਨਾਸ਼ਕਾਂ ਅਤੇ ਨਦੀਨਨਾਸ਼ਕਾਂ ਦਾ ਛਿੜਕਾਅ ਕਰਨ ਲਈ ਇਨ੍ਹਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਭਰੋਸਾ ਦਿਵਾਇਆ ਕਿ ਭਵਿੱਖ ਦਾ ਭਾਰਤ ਆਉਣ ਵਾਲੇ ਟੈਕਨੋਲੋਜੀ ਖੇਤਰ ਵਿੱਚ ਵਿਸ਼ਵ ਦਾ ਮਾਰਗਦਰਸ਼ਨ ਕਰੇਗਾ, ਬਦਲੇ ਵਿੱਚ ਭਾਰਤ ਨੂੰ ਇੱਕ ਗਲੋਬਲ ਲੀਡਰ ਬਣਾਵੇਗਾ।
ਇਸ ਮੌਕੇ ਕੇਂਦਰੀ ਸੰਚਾਰ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਨਵ, ਕੇਂਦਰੀ ਸੰਚਾਰ ਰਾਜ ਮੰਤਰੀ ਸ਼੍ਰੀ ਦੇਵਸਿੰਘ ਚੌਹਾਨ, ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਸ਼੍ਰੀ ਮੁਕੇਸ਼ ਅੰਬਾਨੀ, ਭਾਰਤੀ ਇੰਟਰਪ੍ਰਾਈਜਿਜ਼ ਦੇ ਚੇਅਰਮੈਨ ਸ਼੍ਰੀ ਸੁਨੀਲ ਮਿੱਤਲ, ਆਦਿਤਿਆ ਬਿਰਲਾ ਸਮੂਹ ਦੇ ਚੇਅਰਮੈਨ ਸ਼੍ਰੀ ਕੁਮਾਰ ਮੰਗਲਮ ਬਿਰਲਾ ਅਤੇ ਦੂਰਸੰਚਾਰ ਵਿਭਾਗ ਦੇ ਸਕੱਤਰ ਸ਼੍ਰੀ ਕੇ ਰਾਜਾਰਾਮਨ ਮੌਜੂਦ ਸਨ।
ਪਿਛੋਕੜ
5ਜੀ ਟੈਕਨੋਲੋਜੀ ਆਮ ਲੋਕਾਂ ਨੂੰ ਬਹੁਤ ਸਾਰੇ ਲਾਭ ਪ੍ਰਦਾਨ ਕਰੇਗੀ। ਇਹ ਸਹਿਜ ਕਵਰੇਜ, ਉੱਚ ਡਾਟਾ ਦਰ, ਘੱਟ ਲੇਟੈਂਸੀ ਅਤੇ ਉੱਚ ਭਰੋਸੇਯੋਗ ਸੰਚਾਰ ਪ੍ਰਦਾਨ ਕਰਨ ਵਿੱਚ ਮਦਦ ਕਰੇਗੀ। ਇਸਦੇ ਨਾਲ ਹੀ ਇਹ ਊਰਜਾ ਕੁਸ਼ਲਤਾ, ਸਪੈਕਟ੍ਰਮ ਕੁਸ਼ਲਤਾ ਅਤੇ ਨੈੱਟਵਰਕ ਕੁਸ਼ਲਤਾ ਨੂੰ ਵਧਾਏਗੀ। 5ਜੀ ਟੈਕਨੋਲੋਜੀ ਅਰਬਾਂ 'ਇੰਟਰਨੈੱਟ ਆਵ੍ ਥਿੰਗਸ' ਡਿਵਾਈਸਾਂ ਨੂੰ ਜੋੜਨ ਵਿੱਚ ਮਦਦ ਕਰੇਗੀ, ਉੱਚ ਰਫ਼ਤਾਰ ਨਾਲ ਗਤੀਸ਼ੀਲਤਾ ਦੇ ਨਾਲ ਉੱਚ ਗੁਣਵੱਤਾ ਵਾਲੀਆਂ ਵੀਡੀਓ ਸੇਵਾਵਾਂ ਦੇਵੇਗੀ ਅਤੇ ਟੈਲੀਸਰਜਰੀ ਅਤੇ ਆਟੋਨੋਮਸ ਕਾਰਾਂ ਜਿਹੀਆਂ ਹੋਰਾਂ ਵਿੱਚ ਮਹੱਤਵਪੂਰਨ ਸੇਵਾਵਾਂ ਦੀ ਪੂਰਤੀ ਦੀ ਆਗਿਆ ਦੇਵੇਗੀ। 5ਜੀ ਆਫ਼ਤਾਂ ਦੀ ਅਸਲ-ਸਮੇਂ ਦੀ ਨਿਗਰਾਨੀ, ਸੂਖ਼ਮ ਖੇਤੀਬਾੜੀ ਅਤੇ ਖਤਰਨਾਕ ਉਦਯੋਗਿਕ ਕਾਰਜਾਂ ਜਿਵੇਂ ਕਿ ਡੂੰਘੀਆਂ ਖਾਣਾਂ, ਸਮੁੰਦਰੀ ਕਿਨਾਰੇ ਗਤੀਵਿਧੀਆਂ ਆਦਿ ਵਿੱਚ ਮਨੁੱਖਾਂ ਦੀ ਭੂਮਿਕਾ ਨੂੰ ਘੱਟ ਕਰਨ ਵਿੱਚ ਮਦਦ ਕਰੇਗੀ। ਮੌਜੂਦਾ ਮੋਬਾਈਲ ਸੰਚਾਰ ਨੈੱਟਵਰਕਾਂ ਦੇ ਉਲਟ, 5ਜੀ ਨੈੱਟਵਰਕ ਇੱਕੋ ਨੈੱਟਵਰਕ ਦੇ ਅੰਦਰ ਇਨ੍ਹਾਂ ਵੱਖ-ਵੱਖ ਵਰਤੋਂ ਦੇ ਮਾਮਲਿਆਂ ਵਿੱਚੋਂ ਹਰੇਕ ਲਈ ਲੋੜਾਂ ਨੂੰ ਅਨੁਕੂਲਿਤ ਬਣਾਵੇਗਾ।
ਆਈਐੱਮਸੀ 2022 "ਨਿਊ ਡਿਜੀਟਲ ਯੂਨੀਵਰਸ" ਦੇ ਥੀਮ ਨਾਲ 1 ਤੋਂ 4 ਅਕਤੂਬਰ ਤੱਕ ਆਯੋਜਿਤ ਕੀਤਾ ਜਾਵੇਗਾ। ਇਹ ਡਿਜੀਟਲ ਟੈਕਨੋਲੋਜੀ ਨੂੰ ਤੇਜ਼ੀ ਨਾਲ ਅਪਣਾਉਣ ਅਤੇ ਫੈਲਾਅ ਨਾਲ ਉੱਭਰ ਰਹੇ ਵਿਲੱਖਣ ਮੌਕਿਆਂ 'ਤੇ ਚਰਚਾ ਕਰਨ ਅਤੇ ਪ੍ਰਦਰਸ਼ਨ ਕਰਨ ਲਈ ਪ੍ਰਮੁੱਖ ਚਿੰਤਕਾਂ, ਉੱਦਮੀਆਂ, ਇਨੋਵੇਟਰਾਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਇੱਕ ਮੰਚ 'ਤੇ ਇਕੱਠਾ ਕਰੇਗਾ।
https://twitter.com/narendramodi/status/1576097965533384704
https://twitter.com/PMOIndia/status/1576098754218065920
https://twitter.com/PMOIndia/status/1576099306301374464
https://twitter.com/PMOIndia/status/1576099510140686336
https://twitter.com/PMOIndia/status/1576100222518063105
https://twitter.com/PMOIndia/status/1576100595148414976
https://twitter.com/PMOIndia/status/1576101080882352128
https://twitter.com/PMOIndia/status/1576101544675930112
https://twitter.com/PMOIndia/status/1576101998599946240
https://twitter.com/PMOIndia/status/1576103055720067078
https://twitter.com/PMOIndia/status/1576103491227234306
https://twitter.com/PMOIndia/status/1576104422635032579
https://youtu.be/i5S82cGdE9s
************
ਡੀਐੱਸ/ਟੀਐੱਸ
(Release ID: 1864291)
Visitor Counter : 178
Read this release in:
Malayalam
,
Odia
,
Kannada
,
Bengali
,
Assamese
,
English
,
Urdu
,
Marathi
,
Hindi
,
Manipuri
,
Gujarati
,
Tamil
,
Telugu