ਮੰਤਰੀ ਮੰਡਲ

ਕੈਬਨਿਟ ਨੇ 1.64 ਲੱਖ ਕਰੋੜ ਰੁਪਏ ਦੇ ਬੀਐੱਸਐੱਨਐੱਲ (BSNL) ਦੇ ਪੁਨਰ ਸੁਰਜੀਤੀ ਪੈਕੇਜ ਨੂੰ ਪ੍ਰਵਾਨਗੀ ਦਿੱਤੀ

Posted On: 27 JUL 2022 5:16PM by PIB Chandigarh

 ਟੈਲੀਕੌਮ ਇੱਕ ਰਣਨੀਤਕ ਸੈਕਟਰ ਹੈ। ਦੂਰਸੰਚਾਰ ਬਜ਼ਾਰ ਵਿੱਚ ਬੀਐੱਸਐੱਨਐੱਲ (BSNL) ਦੀ ਮੌਜੂਦਗੀ ਇੱਕ ਮਾਰਕੀਟ ਸੰਤੁਲਨ ਵਜੋਂ ਕੰਮ ਕਰਦੀ ਹੈ। ਬੀਐੱਸਐੱਨਐੱਲ ਗ੍ਰਾਮੀਣ ਖੇਤਰਾਂ ਵਿੱਚ ਦੂਰਸੰਚਾਰ ਸੇਵਾਵਾਂ ਦੇ ਵਿਸਤਾਰ, ਸਵਦੇਸ਼ੀ ਟੈਕਨੋਲੋਜੀ ਦੇ ਵਿਕਾਸ ਅਤੇ ਆਪਦਾ ਰਾਹਤ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

 

 ਬੀਐੱਸਐੱਨਐੱਲ ਨੂੰ ਵਿੱਤੀ ਤੌਰ 'ਤੇ ਵਿਵਹਾਰਕ ਬਣਾਉਣ ਲਈ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਅੱਜ 1.64 ਲੱਖ ਕਰੋੜ ਰੁਪਏ ਦੇ ਬੀਐੱਸਐੱਨਐੱਲ ਦੇ ਪੁਨਰ ਸੁਰਜੀਤੀ ਪੈਕੇਜ ਨੂੰ ਮਨਜ਼ੂਰੀ ਦੇ ਦਿੱਤੀ ਹੈ।

 

 ਕੈਬਨਿਟ ਦੁਆਰਾ ਮਨਜ਼ੂਰ ਕੀਤੇ ਪੁਨਰ-ਸੁਰਜੀਤੀ ਦੇ ਉਪਾਅ ਬੀਐੱਸਐੱਨਐੱਲ ਸੇਵਾਵਾਂ ਨੂੰ ਅਪਗ੍ਰੇਡ ਕਰਨ, ਸਪੈਕਟ੍ਰਮ ਦੀ ਵੰਡ, ਇਸਦੀ ਬੈਲੇਂਸ ਸ਼ੀਟ ਨੂੰ ਤਣਾਅ ਮੁਕਤ ਕਰਨ ਅਤੇ ਭਾਰਤ ਬਰੌਡਬੈਂਡ ਨਿਗਮ ਲਿਮਟਿਡ (ਬੀਬੀਐੱਨਐੱਲ) ਨੂੰ ਬੀਐੱਸਐੱਨਐੱਲ ਨਾਲ ਮਿਲਾ ਕੇ ਇਸਦੇ ਫਾਈਬਰ ਨੈੱਟਵਰਕ ਨੂੰ ਵਧਾਉਣ 'ਤੇ ਫੋਕਸਡ ਹਨ।


 

  • ਬੀਐੱਸਐੱਨਐੱਲ ਸੇਵਾਵਾਂ ਨੂੰ ਅਪਗ੍ਰੇਡ ਕਰਨਾ

  1. ਸਪੈਕਟ੍ਰਮ ਦੀ ਪ੍ਰਬੰਧਕੀ ਅਲਾਟਮੈਂਟ: ਮੌਜੂਦਾ ਸੇਵਾਵਾਂ ਨੂੰ ਬਿਹਤਰ ਬਣਾਉਣ ਅਤੇ 4ਜੀ ਸੇਵਾਵਾਂ ਪ੍ਰਦਾਨ ਕਰਨ ਲਈ, ਬੀਐੱਸਐੱਨਐੱਲ ਨੂੰ ਇਕੁਇਟੀ ਨਿਵੇਸ਼ ਦੁਆਰਾ 44,993 ਕਰੋੜ ਰੁਪਏ ਦੀ ਲਾਗਤ ਨਾਲ ਪ੍ਰਬੰਧਕੀ ਤੌਰ 'ਤੇ 900/1800 ਐੱਮਐੱਚਜ਼ੈੱਡ (MHz) ਬੈਂਡ ਵਿੱਚ ਸਪੈਕਟਰਮ ਅਲਾਟ ਕੀਤਾ ਜਾਵੇਗਾ। ਇਸ ਸਪੈਕਟ੍ਰਮ ਦੇ ਨਾਲ, ਬੀਐੱਸਐੱਨਐੱਲ ਬਜ਼ਾਰ ਵਿੱਚ ਮੁਕਾਬਲਾ ਕਰਨ ਦੇ ਸਮਰੱਥ ਹੋ ਜਾਵੇਗਾ ਅਤੇ ਗ੍ਰਾਮੀਣ ਖੇਤਰਾਂ ਸਮੇਤ ਆਪਣੇ ਵਿਸ਼ਾਲ ਨੈੱਟਵਰਕ ਦੀ ਵਰਤੋਂ ਕਰਕੇ ਹਾਈ ਸਪੀਡ ਡਾਟਾ ਪ੍ਰਦਾਨ ਕਰੇਗਾ।

  2. ਕੈਪੈਕਸ ਲਈ ਵਿੱਤੀ ਸਹਾਇਤਾ: ਸਵਦੇਸ਼ੀ ਟੈਕਨੋਲੋਜੀ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ, ਬੀਐੱਸਐੱਨਐੱਲ ਆਤਮਨਿਰਭਰ 4ਜੀ ਟੈਕਨੋਲੋਜੀ ਸਟੈਕ ਨੂੰ ਤੈਨਾਤ ਕਰਨ ਦੀ ਪ੍ਰਕਿਰਿਆ ਵਿੱਚ ਹੈ। ਅਗਲੇ 4 ਵਰ੍ਹਿਆਂ ਲਈ ਅਨੁਮਾਨਿਤ ਪੂੰਜੀ ਖਰਚਿਆਂ ਨੂੰ ਪੂਰਾ ਕਰਨ ਲਈ, ਸਰਕਾਰ 22,471 ਕਰੋੜ ਰੁਪਏ ਦੇ ਪੂੰਜੀਗਤ ਖਰਚੇ ਨੂੰ ਫੰਡ ਕਰੇਗੀ।  ਇਹ ਆਤਮਨਿਰਭਰ 4ਜੀ ਸਟੈਕ ਦੇ ਵਿਕਾਸ ਅਤੇ ਤੈਨਾਤ ਲਈ ਮਹੱਤਵਪੂਰਨ ਹੁਲਾਰਾ ਹੋਵੇਗਾ।

  3. ਗ੍ਰਾਮੀਣ ਵਾਇਰਲਾਈਨ ਸੰਚਾਲਨ ਲਈ ਵਿਹਾਰਕਤਾ ਅੰਤਰ ਫੰਡਿੰਗ: ਵਪਾਰਕ ਗੈਰ-ਵਿਵਹਾਰਕਤਾ ਦੇ ਬਾਵਜੂਦ, ਬੀਐੱਸਐੱਨਐੱਲ ਸਰਕਾਰ ਦੇ ਸਮਾਜਿਕ ਉਦੇਸ਼ਾਂ ਨੂੰ ਪੂਰਾ ਕਰਨ ਲਈ ਗ੍ਰਾਮੀਣ/ਦੂਰ-ਦਰਾਜ਼ ਖੇਤਰਾਂ ਵਿੱਚ ਵਾਇਰਲਾਈਨ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਸਰਕਾਰ 2014-15 ਤੋਂ 2019-20 ਦੌਰਾਨ ਵਪਾਰਕ ਤੌਰ 'ਤੇ ਗੈਰ-ਵਿਹਾਰਕ ਗ੍ਰਾਮੀਣ ਤਾਰ-ਲਾਈਨ ਅਪਰੇਸ਼ਨਾਂ ਲਈ ਵਿਵਹਾਰਕਤਾ ਅੰਤਰ ਫੰਡਿੰਗ ਵਜੋਂ ਬੀਐੱਸਐੱਨਐੱਲ ਨੂੰ 13,789 ਕਰੋੜ ਰੁਪਏ ਪ੍ਰਦਾਨ ਕਰੇਗੀ।

  4. ਅਧਿਕਾਰਤ ਪੂੰਜੀ ਵਿੱਚ ਵਾਧਾ:  ਬੀਐੱਸਐੱਨਐੱਲ ਦੀ ਅਧਿਕਾਰਿਤ ਪੂੰਜੀ ਏਜੀਆਰ ਬਕਾਏ, ਕੈਪੈਕਸ ਦੀ ਵਿਵਸਥਾ ਅਤੇ ਸਪੈਕਟਰਮ ਦੀ ਅਲਾਟਮੈਂਟ ਦੇ ਬਦਲੇ 40,000 ਕਰੋੜ ਰੁਪਏ ਤੋਂ ਵਧਾ ਕੇ 1,50,000 ਕਰੋੜ ਰੁਪਏ ਕੀਤੀ ਜਾਵੇਗੀ।

 

  • ਬੀਐੱਸਐੱਨਐੱਲ ਬੈਲੇਂਸ ਸ਼ੀਟ ਨੂੰ ਤਣਾਅ ਮੁਕਤ ਕਰਨਾ

  1. ਕਰਜ਼ੇ ਦੀ ਬਣਤਰ: ਸਰਕਾਰ ਇਨ੍ਹਾਂ ਪਬਲਿਕ ਸੈਕਟਰ ਯੂਨਿਟਾਂ (ਪੀਐੱਸਯੂ’ਸ) ਨੂੰ ਲੰਬੀ ਅਵਧੀ ਦੇ ਕਰਜ਼ੇ ਨੂੰ ਜੁਟਾਉਣ ਲਈ ਖੁਦਮੁਖਤਿਆਰੀ ਗਾਰੰਟੀ ਪ੍ਰਦਾਨ ਕਰੇਗੀ।  ਉਹ 40,399 ਕਰੋੜ ਰੁਪਏ ਦੀ ਰਕਮ ਲਈ ਲੰਬੀ ਅਵਧੀ ਦੇ ਬੌਂਡ ਜੁਟਾਉਣ ਦੇ ਸਮਰੱਥ ਹੋਣਗੇ। ਇਹ ਮੌਜੂਦਾ ਕਰਜ਼ੇ ਦੇ ਪੁਨਰਗਠਨ ਅਤੇ ਬੈਲੇਂਸ ਸ਼ੀਟਾਂ ਨੂੰ ਤਣਾਅ ਮੁਕਤ ਕਰਨ ਵਿੱਚ ਮਦਦ ਕਰੇਗਾ।

  2. ਏਜੀਆਰ ਬਕਾਏ ਲਈ ਵਿੱਤੀ ਸਹਾਇਤਾ: ਬੈਲੇਂਸ ਸ਼ੀਟ ਵਿੱਚ ਹੋਰ ਸੁਧਾਰ ਕਰਨ ਲਈ, ਬੀਐੱਸਐੱਨਐੱਲ ਦੇ 33,404 ਕਰੋੜ ਰੁਪਏ ਦੇ ਏਜੀਆਰ ਬਕਾਏ ਨੂੰ ਇਕੁਇਟੀ ਵਿੱਚ ਬਦਲ ਕੇ ਨਿਪਟਾਇਆ ਜਾਵੇਗਾ। ਸਰਕਾਰ ਬੀਐੱਸਐੱਨਐੱਲ ਨੂੰ ਏਜੀਆਰ/ਜੀਐੱਸਟੀ ਬਕਾਏ ਦਾ ਨਿਪਟਾਰਾ ਕਰਨ ਲਈ ਫੰਡ ਮੁਹੱਈਆ ਕਰਵਾਏਗੀ।

  3. ਤਰਜੀਹੀ ਸ਼ੇਅਰਾਂ ਦਾ ਰੀ-ਇਸ਼ੂ: ਬੀਐੱਸਐੱਨਐੱਲ ਸਰਕਾਰ ਨੂੰ 7,500 ਕਰੋੜ ਰੁਪਏ ਦਾ ਤਰਜੀਹੀ ਸ਼ੇਅਰ ਦੁਬਾਰਾ ਜਾਰੀ ਕਰੇਗਾ।

 

  • ਬੀਐੱਸਐੱਨਐੱਲ ਦੇ ਫਾਈਬਰ ਨੈੱਟਵਰਕ ਨੂੰ ਵਧਾਉਣਾ

  1. ਬੀਬੀਐੱਨਐੱਲ ਅਤੇ ਬੀਐੱਸਐੱਨਐੱਲ ਦਾ ਰਲੇਵਾਂ: ਭਾਰਤਨੈੱਟ (BharatNet) ਦੇ ਅਧੀਨ ਰੱਖੇ ਗਏ ਬੁਨਿਆਦੀ ਢਾਂਚੇ ਦੀ ਵਿਆਪਕ ਵਰਤੋਂ ਦੀ ਸੁਵਿਧਾ ਲਈ, ਭਾਰਤ ਬਰੌਡਬੈਂਡ ਨੈੱਟਵਰਕ ਲਿਮਟਿਡ (ਬੀਬੀਐੱਨਐੱਲ) ਨੂੰ ਬੀਐੱਸਐੱਨਐੱਲ ਨਾਲ ਮਿਲਾਇਆ ਜਾਵੇਗਾ। ਭਾਰਤਨੈੱਟ ਦੇ ਤਹਿਤ ਬਣਾਇਆ ਗਿਆ ਬੁਨਿਆਦੀ ਢਾਂਚਾ ਰਾਸ਼ਟਰੀ ਅਸਾਸੇ ਬਣਿਆ ਰਹੇਗਾ, ਜੋ ਸਾਰੇ ਦੂਰਸੰਚਾਰ ਸੇਵਾ ਪ੍ਰਦਾਤਾਵਾਂ ਲਈ ਗੈਰ-ਵਿਤਕਰੇ ਦੇ ਅਧਾਰ 'ਤੇ ਪਹੁੰਚਯੋਗ ਹੈ।

 

 ਇਨ੍ਹਾਂ ਉਪਾਵਾਂ ਦੇ ਨਾਲ, ਬੀਐੱਸਐੱਨਐੱਲ ਮੌਜੂਦਾ ਸੇਵਾਵਾਂ ਦੀ ਗੁਣਵੱਤਾ ਵਿੱਚ ਸੁਧਾਰ ਕਰਨ, 4ਜੀ ਸੇਵਾਵਾਂ ਨੂੰ ਰੋਲ ਆਊਟ ਕਰਨ ਅਤੇ ਵਿੱਤੀ ਤੌਰ 'ਤੇ ਵਿਵਹਾਰਕ ਬਣਨ ਦੇ ਸਮਰੱਥ ਹੋ ਜਾਵੇਗਾ।  ਉਮੀਦ ਕੀਤੀ ਜਾਂਦੀ ਹੈ ਕਿ ਇਸ ਪੁਨਰ-ਸੁਰਜੀਤੀ ਯੋਜਨਾ ਦੇ ਲਾਗੂ ਹੋਣ ਨਾਲ, ਬੀਐੱਸਐੱਨਐੱਲ ਵਿੱਤੀ ਸਾਲ 2026-27 ਵਿੱਚ ਮੁਨਾਫਾ ਕਮਾਏਗਾ।

 

 

 ************* 

 

ਡੀਐੱਸ



(Release ID: 1845730) Visitor Counter : 169