ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਪਦ ਦਾ ਕਾਰਜਭਾਰ ਸੰਭਾਲਣ ਦੇ ਅਵਸਰ ’ਤੇ ਸ਼੍ਰੀਮਤੀ ਦ੍ਰੌਪਦੀ ਮੁਰਮੂ ਦਾ ਸੰਬੋਧਨ

Posted On: 25 JUL 2022 12:48PM by PIB Chandigarh

ਜੋਹਾਰ! ਨਮਸਕਾਰ!

ਭਾਰਤ ਦੇ ਸਰਬਉੱਚ ਸੰਵਿਧਾਨਿਕ ਪਦ ’ਤੇ ਚੁਣਨ ਲਈ ਮੈਂ ਸਾਰੇ ਸਾਂਸਦਾਂ ਅਤੇ ਸਭ ਵਿਧਾਨ ਸਭਾ ਮੈਂਬਰਾਂ ਦਾ ਹਾਰਦਿਕ ਆਭਾਰ ਵਿਅਕਤ ਕਰਦੀ ਹਾਂ।

ਤੁਹਾਡੀ ਵੋਟ ਦੇਸ਼ ਦੇ ਕਰੋੜਾਂ ਨਾਗਰਿਕਾਂ ਦੇ ਵਿਸ਼ਵਾਸ ਦੀ ਅਭਿਵਿਅਕਤੀ ਹੈ।

ਮੈਂ ਭਾਰਤ ਦੇ ਸਮਸਤ (ਸਾਰੇ) ਨਾਗਰਿਕਾਂ ਦੀਆਂ ਆਸ਼ਾਵਾਂ-ਆਕਾਂਖਿਆਵਾਂ ਅਤੇ ਅਧਿਕਾਰਾਂ ਦੀ ਪ੍ਰਤੀਕ ਇਸ ਪਵਿੱਤਰ ਸੰਸਦ ਤੋਂ ਸਾਰੇ ਦੇਸ਼ਵਾਸੀਆਂ ਦਾ ਪੂਰੀ ਨਿਮਰਤਾ ਨਾਲ ਅਭਿਨੰਦਨ ਕਰਦੀ ਹਾਂ।

ਤੁਹਾਡੀ ਆਤਮੀਅਤਾ, ਤੁਹਾਡਾ ਵਿਸ਼ਵਾਸ ਅਤੇ ਤੁਹਾਡਾ ਸਹਿਯੋਗ, ਮੇਰੇ ਲਈ ਇਸ ਨਵੀਂ ਜ਼ਿੰਮੇਵਾਰੀ ਨੂੰ ਨਿਭਾਉਣ ਵਿੱਚ ਮੇਰੀ ਬਹੁਤ ਬੜੀ ਤਾਕਤ ਹੋਣਗੇ।

ਮੈਨੂੰ ਰਾਸ਼ਟਰਪਤੀ ਦੇ ਰੂਪ ਵਿੱਚ ਦੇਸ਼ ਨੇ ਇੱਕ ਐਸੇ ਮਹੱਤਵਪੂਰਨ ਕਾਲਖੰਡ ਵਿੱਚ ਚੁਣਿਆ ਹੈ ਜਦੋਂ ਅਸੀਂ ਆਪਣੀ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ।

ਅੱਜ ਤੋਂ ਕੁਝ ਦਿਨ ਬਾਅਦ ਹੀ ਦੇਸ਼ ਆਪਣੀ ਸਵਾਧੀਨਤਾ (ਸੁਤੰਤਰਤਾ) ਦੇ 75 ਵਰ੍ਹੇ ਪੂਰੇ ਕਰੇਗਾ।

ਇਹ ਵੀ ਇੱਕ ਸੰਯੋਗ ਹੈ ਕਿ ਜਦੋਂ ਦੇਸ਼ ਆਪਣੀ ਆਜ਼ਾਦੀ ਦੇ 50ਵੇਂ ਵਰ੍ਹੇ ਦਾ ਪੁਰਬ ਮਨਾ ਰਿਹਾ ਸੀ ਤਦੇ ਮੇਰੇ ਰਾਜਨੀਤਕ ਜੀਵਨ ਦੀ ਸ਼ੁਰੂਆਤ ਹੋਈ ਸੀ।

ਅਤੇ ਅੱਜ ਆਜ਼ਾਦੀ ਦੇ 75ਵੇਂ ਵਰ੍ਹੇ ਵਿੱਚ ਮੈਨੂੰ ਇਹ ਨਵੀਂ ਜ਼ਿੰਮੇਵਾਰੀ ਮਿਲੀ ਹੈ।

ਐਸੇ ਇਤਿਹਾਸਿਕ ਸਮੇਂ ਵਿੱਚ ਜਦੋਂ ਭਾਰਤ ਅਗਲੇ 25 ਵਰ੍ਹਿਆਂ ਦੇ ਵਿਜ਼ਨ ਨੂੰ ਹਾਸਲ ਕਰਨ ਦੇ ਲਈ ਪੂਰੀ ਊਰਜਾ ਨਾਲ ਜੁਟਿਆ ਹੋਇਆ ਹੈ, ਮੈਨੂੰ ਇਹ ਜ਼ਿੰਮੇਵਾਰੀ ਮਿਲਣਾ ਮੇਰਾ ਬਹੁਤ ਬੜਾ ਸੁਭਾਗ ਹੈ।

ਮੈਂ ਦੇਸ਼ ਦੀ ਐਸੀ ਪਹਿਲੀ ਰਾਸ਼ਟਰਪਤੀ ਵੀ ਹਾਂ ਜਿਸ ਦਾ ਜਨਮ ਆਜ਼ਾਦ ਭਾਰਤ ਵਿੱਚ ਹੋਇਆ ਹੈ।

ਸਾਡੇ ਸਵਾਧੀਨਤਾ (ਸੁਤੰਤਰਤਾ) ਸੈਨਾਨੀਆਂ ਨੇ ਆਜ਼ਾਦ ਹਿੰਦੁਸਤਾਨ ਦੇ ਅਸੀਂ ਨਾਗਰਿਕਾਂ ਤੋਂ ਜੋ ਉਮੀਦਾਂ ਕੀਤੀਆਂ ਸਨ, ਉਨ੍ਹਾਂ ਦੀ ਪੂਰਤੀ ਦੇ ਲਈ ਇਸ ਅੰਮ੍ਰਿਤਕਾਲ ਵਿੱਚ ਸਾਨੂੰ ਤੇਜ਼ ਗਤੀ ਨਾਲ ਕੰਮ ਕਰਨਾ ਹੈ।

ਇਨ੍ਹਾਂ 25 ਵਰ੍ਹਿਆਂ ਵਿੱਚ ਅੰਮ੍ਰਿਤਕਾਲ ਦੀ ਸਿੱਧੀ ਦਾ ਰਸਤਾ ਦੋ ਪਟੜੀਆਂ ’ਤੇ ਅੱਗੇ ਵਧੇਗਾ-ਸਬਕਾ ਪ੍ਰਯਾਸ ਔਰ ਸਬਕਾ ਕਰਤਵਯ।

ਕੱਲ੍ਹ ਯਾਨੀ 26 ਜੁਲਾਈ ਨੂੰ ਕਰਗਿਲ ਵਿਜੈ ਦਿਵਸ ਵੀ ਹੈ।

ਇਹ ਦਿਨ, ਭਾਰਤ ਦੀਆਂ ਸੈਨਾਵਾਂ ਦੇ ਸ਼ੌਰਯ (ਬਹਾਦਰੀ) ਅਤੇ ਸੰਜਮ, ਦੋਨਾਂ ਦਾ ਹੀ ਪ੍ਰਤੀਕ ਹੈ।

ਮੈਂ ਅੱਜ, ਦੇਸ਼ ਦੀਆਂ ਸੈਨਾਵਾਂ ਨੂੰ ਅਤੇ ਦੇਸ਼ ਦੇ ਸਮਸਤ (ਸਾਰੇ) ਨਾਗਰਿਕਾਂ ਨੂੰ ਕਰਗਿਲ ਵਿਜੈ ਦਿਵਸ ਦੀਆਂ ਅਗ੍ਰਿਮ ਸ਼ੁਭਕਾਮਨਾਵਾਂ ਦਿੰਦੀ ਹਾਂ।

ਦੇਵੀਓ ਅਤੇ ਸੱਜਣੋਂ,

ਮੈਂ ਆਪਣੀ ਜੀਵਨ ਯਾਤਰਾ ਪੂਰਬੀ ਭਾਰਤ ਵਿੱਚ ਓਡੀਸ਼ਾ ਦੇ ਇੱਕ ਛੋਟੇ ਜਿਹੇ ਆਦਿਵਾਸੀ ਪਿੰਡ ਤੋਂ ਸ਼ੁਰੂ ਕੀਤੀ ਸੀ।

ਮੈਂ ਜਿਸ ਪਿਛੋਕੜ ਤੋਂ ਆਉਂਦੀ ਹਾਂ, ਉੱਥੇ ਮੇਰੇ ਲਈ ਪ੍ਰਾਰੰਭਿਕ (ਪ੍ਰਾਇਮਰੀ) ਸਿੱਖਿਆ ਪ੍ਰਾਪਤ ਕਰਨਾ ਵੀ ਇੱਕ ਸੁਪਨੇ ਜਿਹਾ ਹੀ ਸੀ।

ਲੇਕਿਨ ਅਨੇਕ ਰੁਕਾਵਟਾਂ ਦੇ ਬਾਵਜੂਦ ਮੇਰਾ ਸੰਕਲਪ ਦ੍ਰਿੜ੍ਹ ਰਿਹਾ ਅਤੇ ਮੈਂ ਕਾਲਜ ਜਾਣ ਵਾਲੀ ਆਪਣੇ ਪਿੰਡ  ਦੀ ਪਹਿਲੀ ਬੇਟੀ ਬਣੀ।

ਮੈਂ ਜਨਜਾਤੀਯ ਸਮਾਜ ਤੋਂ ਹਾਂ, ਅਤੇ ਵਾਰਡ ਕੌਂਸਲਰ ਤੋਂ ਲੈ ਕੇ ਭਾਰਤ ਦੀ ਰਾਸ਼ਟਰਪਤੀ ਬਣਨ ਤੱਕ ਦਾ ਅਵਸਰ ਮੈਨੂੰ ਮਿਲਿਆ ਹੈ। ਇਹ ਲੋਕਤੰਤਰ ਦੀ ਜਨਨੀ ਭਾਰਤਵਰਸ਼ ਦੀ ਮਹਾਨਤਾ ਹੈ।

ਇਹ ਸਾਡੇ ਲੋਕਤੰਤਰ ਦੀ ਹੀ ਸ਼ਕਤੀ ਹੈ ਕਿ ਉਸ ਵਿੱਚ ਇੱਕ ਗ਼ਰੀਬ ਘਰ ਵਿੱਚ ਪੈਦਾ ਹੋਈ ਬੇਟੀ, ਦੂਰ-ਸੁਦੂਰ ਆਦਿਵਾਸੀ ਖੇਤਰ ਵਿੱਚ ਪੈਦਾ ਹੋਈ ਬੇਟੀ, ਭਾਰਤ ਦੇ ਸਰਬਉੱਚ ਸੰਵਿਧਾਨਿਕ ਪਦ ਤੱਕ ਪਹੁੰਚ ਸਕਦੀ ਹੈ।

ਰਾਸ਼ਟਰਪਤੀ ਦੇ ਪਦ ਤੱਕ ਪਹੁੰਚਣਾ, ਮੇਰੀ ਵਿਅਕਤੀਗਤ ਉਪਲਬਧੀ ਨਹੀਂ ਹੈ, ਇਹ ਭਾਰਤ ਦੇ ਹਰੇਕ ਗ਼ਰੀਬ ਦੀ ਉਪਲਬਧੀ ਹੈ।

ਮੇਰੀ ਚੋਣ ਇਸ ਬਾਤ ਦਾ ਸਬੂਤ ਹੈ ਕਿ ਭਾਰਤ ਵਿੱਚ ਗ਼ਰੀਬ ਸੁਪਨੇ ਦੇਖ ਵੀ ਸਕਦਾ ਹੈ ਅਤੇ ਉਨ੍ਹਾਂ ਨੂੰ ਪੂਰਾ ਵੀ ਕਰ ਸਕਦਾ ਹੈ।

ਅਤੇ ਇਹ ਮੇਰੇ ਲਈ ਬਹੁਤ ਸੰਤੋਸ਼ ਦੀ ਬਾਤ ਹੈ ਕਿ ਜੋ ਸਦੀਆਂ ਤੋਂ ਵੰਚਿਤ ਰਹੇ, ਜੋ ਵਿਕਾਸ ਦੇ ਲਾਭ ਤੋਂ ਦੂਰ ਰਹੇ, ਉਹ ਗ਼ਰੀਬ, ਦਲਿਤ (ਦੱਬੇ-ਕੁਚਲੇ), ਪਿਛੜੇ ਅਤੇ ਆਦਿਵਾਸੀ ਮੇਰੇ ਵਿੱਚ ਆਪਣਾ ਪ੍ਰਤੀਬਿੰਬ ਦੇਖ ਰਹੇ ਹਨ।

ਮੇਰੀ ਇਸ ਚੋਣ ਵਿੱਚ ਦੇਸ਼ ਦੇ ਗ਼ਰੀਬ ਦਾ ਅਸ਼ੀਰਵਾਦ ਸ਼ਾਮਲ ਹੈ, ਦੇਸ਼ ਦੀਆਂ ਕਰੋੜਾਂ ਮਹਿਲਾਵਾਂ ਅਤੇ ਬੇਟੀਆਂ ਦੇ ਸੁਪਨਿਆਂ ਅਤੇ ਸਮਰੱਥਾ ਦੀ ਝਲਕ ਹੈ।

ਮੇਰੀ ਇਸ ਚੋਣ ਵਿੱਚ, ਪੁਰਾਣੀ ਲੀਕ ਤੋਂ ਹਟ ਕੇ ਨਵੇਂ ਰਸਤਿਆਂ ‘ਤੇ ਚਲਣ ਵਾਲੇ ਭਾਰਤ ਦੇ ਅੱਜ ਦੇ ਨੌਜਵਾਨਾਂ ਦਾ ਸਾਹਸ ਵੀ ਸ਼ਾਮਲ ਹੈ।

ਐਸੇ ਪ੍ਰਗਤੀਸ਼ੀਲ ਭਾਰਤ ਦੀ ਅਗਵਾਈ ਕਰਦੇ ਹੋਏ ਅੱਜ ਮੈਂ ਖੁਦ ਨੂੰ ਮਾਣ-ਮੱਤੀ ਮਹਿਸੂਸ ਕਰ ਰਹੀ ਹਾਂ।

ਮੈਂ ਅੱਜ ਸਮਸਤ (ਸਾਰੇ) ਦੇਸ਼ਵਾਸੀਆਂ ਨੂੰ, ਵਿਸ਼ੇਸ਼ ਕਰਕੇ ਭਾਰਤ ਦੇ ਨੌਜਵਾਨਾਂ ਨੂੰ ਅਤੇ ਭਾਰਤ ਦੀਆਂ ਮਹਿਲਾਵਾਂ ਨੂੰ ਇਹ ਵਿਸ਼ਵਾਸ ਦਿਵਾਉਂਦੀ ਹਾਂ ਕਿ ਇਸ ਪਦ ‘ਤੇ ਕਾਰਜ ਕਰਦੇ ਹੋਏ ਮੇਰੇ ਲਈ ਉਨ੍ਹਾਂ ਦੇ ਹਿਤ ਸਭ ਤੋਂ ਉੱਪਰ ਹੋਣਗੇ।

ਦੇਵੀਓ ਅਤੇ ਸੱਜਣੋਂ,

ਮੇਰੇ ਸਾਹਮਣੇ ਭਾਰਤ ਦੇ ਰਾਸ਼ਟਰਪਤੀ ਪਦ ਦੀ ਐਸੀ ਮਹਾਨ ਵਿਰਾਸਤ ਹੈ ਜਿਸ ਨੇ ਵਿਸ਼ਵ ਵਿੱਚ ਭਾਰਤੀ ਲੋਕਤੰਤਰ ਦੀ ਪ੍ਰਤਿਸ਼ਠਾ ਨੂੰ ਨਿਰੰਤਰ ਮਜ਼ਬੂਤ ਕੀਤਾ ਹੈ।

ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਾਜੇਂਦਰ ਪ੍ਰਸਾਦ ਤੋਂ ਲੈ ਕੇ ਸ਼੍ਰੀ ਰਾਮ ਨਾਥ ਕੋਵਿੰਦ ਜੀ ਤੱਕ, ਅਨੇਕ ਵਿਭੂਤੀਆਂ ਨੇ ਇਸ ਪਦ ਨੂੰ ਸੁਸ਼ੋਭਿਤ ਕੀਤਾ ਹੈ।

ਇਸ ਪਦ ਦੇ ਨਾਲ-ਨਾਲ ਦੇਸ਼ ਨੇ ਇਸ ਮਹਾਨ ਪਰੰਪਰਾ ਦੀ ਪ੍ਰਤੀਨਿੱਧਤਾ ਦੀ ਜ਼ਿੰਮੇਵਾਰੀ ਵੀ ਮੈਨੂੰ ਸੌਂਪੀ ਹੈ।

ਸੰਵਿਧਾਨ ਦੇ ਆਲੋਕ (ਪ੍ਰਕਾਸ਼) ਵਿੱਚ, ਮੈਂ ਪੂਰੀ ਨਿਸ਼ਠਾ ਨਾਲ ਆਪਣੇ ਕਰਤੱਵਾਂ ਦਾ ਨਿਰਵਾਹ ਕਰਾਂਗੀ।

ਮੇਰੇ ਲਈ ਭਾਰਤ ਦੇ ਲੋਕਤਾਂਤਰਿਕ-ਸੱਭਿਆਚਾਰਕ ਆਦਰਸ਼ ਅਤੇ ਸਾਰੇ ਦੇਸ਼ਵਾਸੀ ਹਮੇਸ਼ਾ ਮੇਰੀ ਊਰਜਾ ਦੇ ਸਰੋਤ ਰਹਿਣਗੇ।

ਦੇਵੀਓ ਅਤੇ ਸੱਜਣੋਂ,

ਸਾਡੇ ਸਵਾਧੀਨਤਾ (ਸੁਤੰਤਰਤਾ) ਸੰਗ੍ਰਾਮ ਨੇ ਇੱਕ ਰਾਸ਼ਟਰ ਦੇ ਤੌਰ ‘ਤੇ ਭਾਰਤ ਦੀ ਨਵੀਂ ਯਾਤਰਾ ਦੀ ਰੂਪਰੇਖਾ ਤਿਆਰ ਕੀਤੀ ਸੀ।

ਸਾਡਾ ਸਵੀਧਾਨਤਾ  (ਸੁਤੰਤਰਤਾ) ਸੰਗ੍ਰਾਮ ਉਨ੍ਹਾਂ ਸੰਘਰਸ਼ਾਂ ਅਤੇ ਬਲੀਦਾਨਾਂ ਦੀ ਅਵਿਰਲ ਧਾਰਾ ਸੀ ਜਿਸ ਨੇ ਆਜ਼ਾਦ ਭਾਰਤ ਦੇ ਲਈ ਕਿਤਨੇ ਹੀ ਆਦਰਸ਼ਾਂ ਅਤੇ ਸੰਭਾਵਨਾਵਾਂ ਨੂੰ ਸਿੰਚਿਆ ਸੀ।

ਪੂਜਯ ਬਾਪੂ ਨੇ ਸਾਨੂੰ ਸਵਰਾਜ, ਸਵਦੇਸ਼ੀ, ਸਵੱਛਤਾ ਅਤੇ ਸੱਤਿਆਗ੍ਰਹਿ ਦੁਆਰਾ ਭਾਰਤ ਦੇ ਸੱਭਿਆਚਾਰਕ ਆਦਰਸ਼ਾਂ ਦੀ ਸਥਾਪਨਾ ਦਾ ਮਾਰਗ ਦਿਖਾਇਆ ਸੀ।

ਨੇਤਾਜੀ ਸੁਭਾਸ਼ ਚੰਦਰ ਬੋਸ, ਨੇਹਿਰੂ ਜੀ, ਸਰਦਾਰ ਪਟੇਲ, ਬਾਬਾ ਸਾਹੇਬ ਅੰਬੇਡਕਰ, ਭਗਤ ਸਿੰਘ, ਸੁਖਦੇਵ, ਰਾਜਗੁਰੂ, ਚੰਦਰਸ਼ੇਖਰ ਆਜ਼ਾਦ ਜਿਹੇ ਅਣਗਿਣਤ ਸਵਾਧੀਨਤਾ (ਸੁਤੰਤਰਤਾ) ਸੈਨਾਨੀਆਂ ਨੇ ਸਾਨੂੰ ਰਾਸ਼ਟਰ ਦੇ ਸਵੈਭਿਮਾਨ ਨੂੰ ਸਭ ਤੋਂ ਉੱਪਰ ਰੱਖਣ ਦੀ ਸਿੱਖਿਆ ਦਿੱਤੀ ਸੀ।

ਰਾਣੀ ਲਕਸ਼ਮੀਬਾਈ, ਰਾਣੀ ਵੇਲੁ ਨਚਿਯਾਰ, ਰਾਣੀ ਗਾਇਦਿਨਲਿਊ ਅਤੇ ਰਾਣੀ ਚੇੱਨੰਮਾ ਜਿਹੀਆਂ ਅਨੇਕਾਂ ਵੀਰਾਂਗਣਾਵਾਂ ਨੇ ਰਾਸ਼ਟਰ-ਰੱਖਿਆ ਅਤੇ ਰਾਸ਼ਟਰ-ਨਿਰਮਾਣ ਵਿੱਚ ਨਾਰੀਸ਼ਕਤੀ ਦੀ ਭੂਮਿਕਾ ਨੂੰ ਨਵੀਂ ਉਚਾਈ ਦਿੱਤੀ ਸੀ।

ਸੰਥਾਲ ਕ੍ਰਾਂਤੀ, ਪਾਇਕਾ ਕ੍ਰਾਂਤੀ ਤੋਂ ਲੈ ਕੇ ਕੋਲ ਕ੍ਰਾਂਤੀ ਅਤੇ ਭੀਲ ਕ੍ਰਾਂਤੀ ਨੇ ਸੁਤੰਤਰਤਾ ਸੰਗ੍ਰਾਮ ਵਿੱਚ ਆਦਿਵਾਸੀ ਯੋਗਦਾਨ ਨੂੰ ਹੋਰ ਸਸ਼ਕਤ ਕੀਤਾ ਸੀ।

ਸਮਾਜਿਕ ਉਥਾਨ ਤੇ ਦੇਸ਼-ਪ੍ਰੇਮ ਦੇ ਲਈ ‘ਧਰਤੀ ਆਬਾ’ ਭਗਵਾਨ ਬਿਰਸਾ ਮੁੰਡਾ ਜੀ ਦੇ ਬਲੀਦਾਨ ਤੋਂ ਸਾਨੂੰ ਪ੍ਰੇਰਣਾ ਮਿਲੀ ਸੀ।

ਮੈਨੂੰ ਖੁਸ਼ੀ ਹੈ ਕਿ ਆਜ਼ਾਦੀ ਦੀ ਲੜਾਈ ਵਿੱਚ ਜਨਜਾਤੀ ਸਮੁਦਾਇ ਦੇ ਯੋਗਦਾਨ ਨੂੰ ਸਮਰਪਿਤ ਅਨੇਕ ਮਿਊਜ਼ੀਅਮ ਦੇਸ਼ਭਰ ਵਿੱਚ ਬਣਵਾਏ ਜਾ ਰਹੇ ਹਨ।

 

ਦੇਵੀਓ ਅਤੇ ਸੱਜਣੋਂ,

ਇੱਕ ਸੰਸਦੀ ਲੋਕਤੰਤਰ ਦੇ ਰੂਪ ਵਿੱਚ 75 ਵਰ੍ਹਿਆਂ ਵਿੱਚ ਭਾਰਤ ਨੇ ਪ੍ਰਗਤੀ ਦੇ ਸਕੰਲਪ ਨੂੰ ਸਹਿਭਾਗਿਤਾ ਤੇ ਸਰਬ-ਸਮਤੀ ਨਾਲ ਅੱਗੇ ਵਧਾਇਆ ਹੈ।

ਵਿਵਿਧਤਾਵਾਂ ਨਾਲ ਭਰੇ ਆਪਣੇ ਦੇਸ਼ ਵਿੱਚ ਅਸੀਂ ਅਨੇਕ ਭਾਸ਼ਾ, ਧਰਮ, ਸੰਪ੍ਰਦਿ, ਖਾਨ-ਪਾਨ, ਰਹਿਣ-ਸਹਿਣ, ਰੀਤੀ-ਰਿਵਾਜਾਂ ਨੂੰ ਅਪਣਾਉਂਦੇ ਹੋਏ ‘ਏਕ ਭਾਰਤ – ਸ਼੍ਰੇਸ਼ਠ ਭਾਰਤ’ ਦੇ ਨਿਰਮਾਣ ਵਿੱਚ ਸਰਗਰਮ ਹਾਂ।

ਆਜ਼ਾਦੀ ਦੇ 75ਵੇਂ ਵਰ੍ਹੇ ਦੇ ਅਵਸਰ ‘ਤੇ ਆਇਆ ਇਹ ਅੰਮ੍ਰਿਤਕਾਲ ਭਾਰਤ ਦੇ ਲਈ ਨਵੇਂ ਸਕੰਲਪਾਂ ਦਾ ਕਾਲਖੰਡ ਹੈ।

ਅੱਜ ਮੈਂ ਇਸ ਨਵੇਂ ਯੁਗ ਦੇ ਸੁਆਗਤ ਵਿੱਚ ਆਪਣੇ ਦੇਸ਼ ਨੂੰ ਨਵੀਂ ਸੋਚ ਦੇ ਨਾਲ ਤਤਪਰ ਅਤੇ ਤਿਆਰ ਦੇਖ ਰਹੀ ਹਾਂ।

ਭਾਰਤ ਅੱਜ ਹਰ ਖੇਤਰ ਵਿੱਚ ਵਿਕਾਸ ਦਾ ਨਵਾਂ ਅਧਿਆਇ ਜੋੜ ਰਿਹਾ ਹੈ।

ਕੋਰੋਨਾ ਮਹਾਮਾਰੀ ਦੇ ਆਲਮੀ (ਵੈਸ਼ਵਿਕ) ਸੰਕਟ ਦਾ ਸਾਹਮਣਾ ਕਰਨ ਵਿੱਚ ਭਾਰਤ ਨੇ ਜਿਸ ਤਰ੍ਹਾਂ ਦੀ ਸਮਰੱਥਾ ਦਿਖਾਈ ਹੈ, ਉਸ ਨੇ ਪੂਰੇ ਵਿਸ਼ਵ ਵਿੱਚ ਭਾਰਤ ਦੀ ਸਾਖ ਵਧਾਈ ਹੈ।

ਅਸੀਂ ਹਿੰਦੁਸਤਾਨੀਆਂ ਨੇ ਆਪਣੇ ਪ੍ਰਯਤਨਾਂ ਨਾਲ ਨਾ ਸਿਰਫ ਇਸ ਆਲਮੀ (ਵੈਸ਼ਵਿਕ) ਚੁਣੌਤੀ ਦਾ ਸਾਹਮਣਾ ਕੀਤਾ ਬਲਕਿ ਦੁਨੀਆ ਦੇ ਸਾਹਮਣੇ ਨਵੇਂ ਮਾਪਦੰਡ ਵੀ ਸਥਾਪਿਤ ਕੀਤੇ।

ਕੁਝ ਹੀ ਦਿਨ ਪਹਿਲਾਂ ਭਾਰਤ ਨੇ ਕੋਰੋਨਾ ਵੈਕਸੀਨ ਦੀਆਂ 200 ਕਰੋੜ ਡੋਜ਼ ਲਗਾਉਣ ਦਾ ਕੀਰਤੀਮਾਨ ਬਣਾਇਆ ਹੈ।

ਇਸ ਪੂਰੀ ਲੜਾਈ ਵਿੱਚ ਭਾਰਤ ਦੇ ਲੋਕਾਂ ਨੇ ਜਿਸ ਸੰਜਮ, ਸਾਹਸ ਅਤੇ ਸਹਿਯੋਗ ਦਾ ਪਰੀਚੈ ਦਿੱਤਾ, ਉਹ ਇੱਕ ਸਮਾਜ ਦੇ ਰੂਪ ਵਿੱਚ ਸਾਡੀ ਵਧਦੀ ਹੋਈ ਸ਼ਕਤੀ ਅਤੇ ਸੰਵੇਦਨਸ਼ੀਲਤਾ ਦਾ ਪ੍ਰਤੀਕ ਹੈ।

ਭਾਰਤ ਨੇ ਇਨ੍ਹਾਂ ਮੁਸ਼ਕਿਲ ਹਾਲਾਤ ਵਿੱਚ ਨਾ ਕੇਵਲ ਖੁਦ ਨੂੰ ਸੰਭਾਲਿਆ ਬਲਕਿ ਦੁਨੀਆ ਦੀ ਮਦਦ ਵੀ ਕੀਤੀ।

ਕੋਰੋਨਾ ਮਹਾਮਾਰੀ ਨਾਲ ਬਣੇ ਮਾਹੌਲ ਵਿੱਚ, ਅੱਜ ਦੁਨੀਆ ਭਾਰਤ ਨੂੰ ਨਵੇਂ ਵਿਸ਼ਵਾਸ ਨਾਲ ਦੇਖ ਰਹੀ ਹੈ।

ਦੁਨੀਆ ਦੀ ਆਰਥਿਕ ਸਥਿਰਤਾ ਦੇ ਲਈ, ਸਪਲਾਈ ਚੇਨ ਦੀ ਸੁਗਮਤਾ ਦੇ ਲਈ, ਅਤੇ ਆਲਮੀ (ਵੈਸ਼ਵਿਕ) ਸ਼ਾਂਤੀ ਦੇ ਲਈ ਦੁਨੀਆ ਨੂੰ ਭਾਰਤ ਤੋਂ ਬਹੁਤ ਉਮੀਦਾਂ ਹਨ।

ਆਗਾਮੀ ਮਹੀਨਿਆਂ ਵਿੱਚ ਭਾਰਤ ਆਪਣੀ ਪ੍ਰਧਾਨਗੀ ਵਿੱਚ G-20  ਗਰੁੱਪ ਦੀ ਮੇਜ਼ਬਾਨੀ ਵੀ ਕਰਨ ਜਾ ਰਿਹਾ ਹੈ।

ਇਸ ਵਿੱਚ ਦੁਨੀਆ ਦੇ ਵੀਹ ਬੜੇ ਦੇਸ਼ ਭਾਰਤ ਦੀ ਪ੍ਰਧਾਨਗੀ ਵਿੱਚ ਆਲਮੀ ਵਿਸ਼ਿਆਂ ’ਤੇ ਮੰਥਨ ਕਰਨਗੇ।

ਮੈਨੂੰ ਵਿਸ਼ਵਾਸ ਹੈ ਭਾਰਤ ਵਿੱਚ ਹੋਣ ਵਾਲੇ ਇਸ ਮੰਥਨ ਨਾਲ ਜੋ ਨਿਸ਼ਕਰਸ਼(ਸਿੱਟੇ) ਅਤੇ ਨੀਤੀਆਂ ਨਿਰਧਾਰਿਤ ਹੋਣਗੇ, ਉਨ੍ਹਾਂ ਨਾਲ ਆਉਣ ਵਾਲੇ ਦਹਾਕਿਆਂ ਦੀ ਦਿਸ਼ਾ ਤੈਅ ਹੋਵੇਗੀ।

ਦੇਵੀਓ ਅਤੇ ਸੱਜਣੋਂ,

ਦਹਾਕਿਆਂ ਪਹਿਲੇ ਮੈਨੂੰ ਰਾਏਰੰਗਪੁਰ ਵਿੱਚ ਸ਼੍ਰੀ ਔਰੋਬਿੰਦੋ ਇੰਟੀਗਰਲ ਸਕੂਲ ਵਿੱਚ ਅਧਿਆਪਕ ਦੇ ਰੂਪ ਵਿੱਚ ਕਾਰਜ ਕਰਨ ਦਾ ਅਵਸਰ ਮਿਲਿਆ ਸੀ।

ਕੁਝ ਹੀ ਦਿਨਾਂ ਬਾਅਦ ਸ਼੍ਰੀ ਔਰੋਬਿੰਦੋ ਦੀ 150ਵੀਂ ਜਨਮ ਜਯੰਤੀ ਮਨਾਈ ਜਾਵੇਗੀ।

ਸਿੱਖਿਆ ਬਾਰੇ ਸ਼੍ਰੀ ਔਰੋਬਿੰਦੋ ਦੇ ਵਿਚਾਰਾਂ ਨੇ ਮੈਨੂੰ ਨਿਰੰਤਰ ਪ੍ਰੇਰਿਤ ਕੀਤਾ ਹੈ।

ਜਨਪ੍ਰਤੀਨਿਧੀ ਦੇ ਰੂਪ ਵਿੱਚ ਵਿਭਿੰਨ ਪਦਾਂ ’ਤੇ ਕਾਰਜ ਕਰਦੇ ਹੋਏ ਅਤੇ ਫਿਰ ਰਾਜਪਾਲ ਦੇ ਰੂਪ ਵਿੱਚ ਵੀ ਮੇਰਾ ਵਿੱਦਿਅਕ ਸੰਸਥਾਨਾਂ ਦੇ ਨਾਲ ਸਰਗਰਮ ਜੁੜਾਅ ਰਿਹਾ ਹੈ।

ਮੈਂ ਦੇਸ਼ ਦੇ ਨੌਜਵਾਨਾਂ ਨੂੰ ਉਤਸ਼ਾਹ ਅਤੇ ਆਤਮਬਲ ਨੂੰ ਕਰੀਬ ਤੋਂ ਦੇਖਿਆ ਹੈ 

ਸਾਡੇ ਸਭ ਦੇ ਸਤਿਕਾਰਯੋਗ ਅਟਲ ਜੀ ਕਿਹਾ ਕਰਦੇ ਸਨ ਕਿ ਦੇਸ਼ ਦੇ ਯੁਵਾ ਜਦੋਂ ਅੱਗੇ  ਵਧਦੇ ਹਨ ਤਾਂ ਉਹ ਸਿਰਫ਼ ਆਪਣਾ ਹੀ ਭਾਗ ਨਹੀਂ ਬਣਾਉਂਦੇ ਬਲਕਿ ਦੇਸ਼ ਦਾ ਵੀ ਭਾਗ ਬਣਾਉਂਦੇ ਹਨ। 

ਅੱਜ ਅਸੀਂ ਇਸ ਨੂੰ ਸੱਚ ਹੁੰਦੇ ਦੇਖ ਰਹੇ ਹਾਂ।

Vocal For Local ਤੋਂ ਲੈ ਕੇ Digital India ਤੱਕ ਹਰ ਖੇਤਰ ਵਿੱਚ ਅੱਗੇ ਵਧ ਰਿਹਾ ਅੱਜ ਦਾ ਭਾਰਤ ਵਿਸ਼ਵ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ‘ਉਦਯੋਗਿਕ ਕ੍ਰਾਂਤੀ 4.0(ਫੋਰ ਪੁਆਇੰਟ ਓ)’ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ।

ਰਿਕਾਰਡ ਸੰਖਿਆ ਵਿੱਚ ਬਣ ਰਹੇ ਸਟਾਰਟ-ਅੱਪ ਵਿੱਚ, ਨਵੇਂ-ਨਵੇਂ ਇਨੋਵੇਸ਼ਨ ਵਿੱਚ, ਦੂਰ-ਸੁਦੂਰ ਖੇਤਰਾਂ ਵਿੱਚ ਡਿਜੀਟਲ ਟੈਕਨੋਲੋਜੀ ਦੀ ਸਵੀਕਾਰਤਾ ਵਿੱਚ ਭਾਰਤ ਦੇ ਨੌਜਵਾਨਾਂ ਦੀ ਬੜੀ ਭੂਮਿਕਾ ਹੈ।

ਬੀਤੇ ਵਰ੍ਹਿਆਂ ਵਿੱਚ ਭਾਰਤ ਨੇ ਜਿਸ ਤਰ੍ਹਾਂ ਮਹਿਲਾ ਸਸ਼ਕਤੀਕਰਣ ਦੇ ਲਈ ਨਿਰਣੇ ਲਏ ਹਨ, ਨੀਤੀਆਂ ਬਣਾਈਆਂ ਹਨ, ਉਸ ਨਾਲ ਵੀ ਦੇਸ਼ ਵਿੱਚ ਇੱਕ ਨਵੀਂ ਸ਼ਕਤੀ ਦਾ ਸੰਚਾਰ ਹੋਇਆ ਹੈ।

ਮੈਂ ਚਾਹੁੰਦੀ ਹਾਂ ਕਿ ਸਾਡੀਆਂ ਸਾਰੀਆਂ ਭੈਣਾਂ ਤੇ ਬੇਟੀਆਂ ਅਧਿਕ ਤੋਂ ਅਧਿਕ ਸਸ਼ਕਤ ਹੋਣ ਅਤੇ ਉਹ ਦੇਸ਼ ਦੇ ਹਰ ਖੇਤਰ ਵਿੱਚ ਆਪਣਾ ਯੋਗਦਾਨ ਵਧਾਉਂਦੀਆਂ ਰਹਿਣ।

ਮੈਂ ਆਪਣੇ ਦੇਸ਼ ਦੇ ਨੌਜਵਾਨਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਆਪ ਨਾ ਕੇਵਲ ਆਪਣੇ ਭਵਿੱਖ ਦਾ ਨਿਰਮਾਣ ਕਰ ਰਹੇ ਹੋ ਬਲਕਿ ਭਵਿੱਖ ਦੇ ਭਾਰਤ ਦੀ ਨੀਂਹ ਵੀ ਰੱਖ ਰਹੇ ਹੋ।

ਦੇਸ਼ ਦੇ ਰਾਸ਼ਟਰਪਤੀ ਦੇ ਤੌਰ ’ਤੇ ਮੇਰਾ ਹਮੇਸ਼ਾ ਤੁਹਾਨੂੰ ਪੂਰਾ ਸਹਿਯੋਗ ਰਹੇਗਾ।

ਦੇਵੀਓ ਅਤੇ ਸੱਜਣੋਂ,

ਵਿਕਾਸ ਅਤੇ ਪ੍ਰਗਤੀਸ਼ੀਲਤਾ ਦਾ ਅਰਥ ਨਿਰੰਤਰ ਅੱਗੇ ਵਧਣਾ ਹੁੰਦਾ ਹੈ, ਲੇਕਿਨ ਨਾਲ ਹੀ ਆਪਣੇ ਅਤੀਤ ਦਾ ਗਿਆਨ ਵੀ ਉਤਨਾ ਹੀ ਜ਼ਰੂਰੀ ਹੈ।

ਅੱਜ ਜਦੋਂ ਵਿਸ਼ਵ sustainable planet  ਦੀ ਬਾਤ ਕਰ ਰਿਹਾ ਹੈ ਤਾਂ ਉਸ ਵਿੱਚ ਭਾਰਤ ਦੀਆਂ ਪ੍ਰਾਚੀਨ ਪਰੰਪਰਾਵਾਂ, ਸਾਡੇ ਅਤੀਤ ਦੇ sustainable lifestyle  ਦੀ ਭੂਮਿਕਾ ਹੋਰ ਵਧ ਜਾਂਦੀ ਹੈ।

ਮੇਰਾ ਜਨਮ ਤਾਂ ਉਸ ਜਨਜਾਤੀਯ ਪਰੰਪਰਾ ਵਿੱਚ ਹੋਇਆ ਹੈ ਜਿਸ ਨੇ ਹਜ਼ਾਰਾਂ ਵਰ੍ਹਿਆਂ ਤੋਂ ਪ੍ਰਕ੍ਰਿਤੀ ਦੇ ਨਾਲ ਤਾਲ-ਮੇਲ ਬਣਾਕੇ ਜੀਵਨ ਨੂੰ ਅੱਗੇ ਵਧਾਇਆ ਹੈ।

ਮੈਂ ਜੰਗਲ ਅਤੇ ਜਲ ਭੰਡਾਰਾਂ ਦੇ ਮਹੱਤਵ ਨੂੰ ਆਪਣੇ ਜੀਵਨ ਵਿੱਚ ਮਹਿਸੂਸ  ਕੀਤਾ ਹੈ।

ਅਸੀਂ ਪ੍ਰਕ੍ਰਿਤੀ ਤੋਂ ਜ਼ਰੂਰੀ ਸੰਸਾਧਨ ਲੈਂਦੇ ਹਾਂ ਅਤੇ ਉਤਨੀ ਹੀ ਸ਼ਰਧਾ ਨਾਲ ਪ੍ਰਕ੍ਰਿਤੀ ਦੀ ਸੇਵਾ ਵੀ ਕਰਦੇ ਹਾਂ।

ਇਹੀ ਸੰਵੇਦਨਸ਼ੀਲਤਾ ਅੱਜ ਆਲਮੀ ਜ਼ਰੂਰਤ ਬਣ ਗਈ ਹੈ।

ਮੈਨੂੰ ਇਸ ਬਾਤ ਦੀ ਪ੍ਰਸੰਨਤਾ ਹੈ ਕਿ ਭਾਰਤ ਵਾਤਾਵਰਣ ਸੰਭਾਲ਼(ਸੁਰੱਖਿਆ) ਦੇ ਖੇਤਰ ਵਿੱਚ ਵਿਸ਼ਵ ਦਾ ਮਾਰਗਦਰਸ਼ਨ ਕਰ ਰਿਹਾ ਹੈ।

ਦੇਵੀਓ ਅਤੇ ਸੱਜਣੋਂ,

ਮੈਂ ਆਪਣੇ ਹੁਣ ਤੱਕ ਦੇ ਜੀਵਨ ਵਿੱਚ ਜਨ-ਸੇਵਾ ਵਿੱਚ ਹੀ ਜੀਵਨ ਦੇ ਸਾਰਥਕਤਾ ਨੂੰ ਅਨੁਭਵ ਕੀਤਾ ਹੈ।

ਸ਼੍ਰੀ ਜਗਨਨਾਥ ਖੇਤਰ ਦੇ ਇੱਕ ਉੱਘੇ ਕਵੀ ਭੀਮ ਭਾਈ ਜੀ ਦੀ ਕਵਿਤਾ ਦੀ ਇੱਕ ਪੰਕਿਤ ਹੈ-

 “ਮੋ ਜੀਵਨ ਪਛੇ ਨਰਕੇ ਪੜੀ ਥਾਓ, ਜਗਤ ਉਦਾਰ ਹੇਤ”। 

( “मो जीवन पछे नर्के पड़ी थाउ, जगत उद्धार हेउ”।)

ਅਰਥਾਤ, ਆਪਣੇ ਜੀਵਨ ਦੇ ਹਿਤ-ਅਹਿਤ ਤੋਂ ਬੜਾ ਜਗਤ ਕਲਿਆਣ ਦੇ ਲਈ ਕਾਰਜ ਕਰਨਾ ਹੁੰਦਾ ਹੈ।

ਜਗਤ ਕਲਿਆਣ ਦੀ ਇਸੇ ਭਾਵਨਾ ਦੇ ਨਾਲ, ਮੈਂ ਆਪ ਸਭ ਦੇ ਵਿਸ਼ਵਾਸ ’ਤੇ ਖਰਾ ਉਤਰਨ ਦੇ ਲਈ ਪੂਰੀ ਨਿਸ਼ਠਾ ਅਤੇ ਲਗਨ ਨਾਲ ਕੰਮ ਕਰਨ ਦੇ ਲਈ ਸਦਾ ਤਤਪਰ ਰਹਾਂਗੀ।

ਆਓ, ਅਸੀਂ ਸਾਰੇ ਇੱਕ ਜੁਟ ਹੋ ਕੇ ਸਮਰਪਿਤ ਭਾਵ ਨਾਲ ਕਰਤੱਵ ਪਥ ’ਤੇ ਅੱਗੇ ਵਧੀਏ ਅਤੇ ਵੈਭਵਸ਼ਾਲੀ ਅਤੇ ਆਤਮਨਿਰਭਰ ਭਾਰਤ ਦਾ ਨਿਰਮਾਣ ਕਰੀਏ।

ਧੰਨਵਾਦ, 

ਜੈ ਹਿੰਦ!

***

ਡੀਐੱਸ/ਵੀਕੇ/ਐੱਨਆਰ



(Release ID: 1844688) Visitor Counter : 200