ਪ੍ਰਧਾਨ ਮੰਤਰੀ ਦਫਤਰ
"ਮੇਰੀ ਮਾਂ ਜਿਤਨੀ ਸਾਦੀ ਹੈ ਉਤਨੀ ਹੀ ਉਹ ਅਸਧਾਰਣ ਹੈ": ਆਪਣੀ ਮਾਂ ਦੇ 100ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰਨ 'ਤੇ ਪ੍ਰਧਾਨ ਮੰਤਰੀ ਮੋਦੀ ਦਾ ਭਾਵਨਾਤਮਕ ਬਲੌਗ
Posted On:
18 JUN 2022 8:29AM by PIB Chandigarh
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੀ ਮਾਂ ਦੇ 100ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰਦੇ ਹੀ ਇੱਕ ਭਾਵਨਾਤਮਕ ਬਲੌਗ ਲਿਖਿਆ ਹੈ। ਉਨ੍ਹਾਂ ਆਪਣੇ ਬਚਪਨ ਦੇ ਕੁਝ ਖਾਸ ਪਲਾਂ ਨੂੰ ਯਾਦ ਕੀਤਾ ਜੋ ਉਨ੍ਹਾਂ ਆਪਣੀ ਮਾਂ ਨਾਲ ਬਿਤਾਏ ਸਨ। ਉਨ੍ਹਾਂ ਵੱਡੇ ਹੁੰਦੇ ਜਾਣ ਦੀ ਆਪਣੀ ਅਵਸਥਾ ਦੇ ਦੌਰਾਨ ਆਪਣੀ ਮਾਂ ਦੁਆਰਾ ਕੀਤੇ ਜਾਂਦੇ ਰਹੇ ਬਹੁਤ ਸਾਰੇ ਤਿਆਗਾਂ ਨੂੰ ਯਾਦ ਕੀਤਾ ਅਤੇ ਆਪਣੀ ਮਾਂ ਦੇ ਵਿਭਿੰਨ ਗੁਣਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਨੇ ਉਨ੍ਹਾਂ ਦੇ ਦਿਮਾਗ, ਸ਼ਖਸੀਅਤ ਅਤੇ ਆਤਮ-ਵਿਸ਼ਵਾਸ ਨੂੰ ਆਕਾਰ ਦਿੱਤਾ।
ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ “ਅੱਜ, ਮੈਂ ਇਹ ਸਾਂਝਾ ਕਰਦੇ ਹੋਏ ਬਹੁਤ ਖੁਸ਼ ਅਤੇ ਭਾਗਸ਼ਾਲੀ ਮਹਿਸੂਸ ਕਰ ਰਿਹਾ ਹਾਂ ਕਿ ਮੇਰੀ ਮਾਂ ਸ਼੍ਰੀਮਤੀ ਹੀਰਾਬਾ ਮੋਦੀ ਆਪਣੇ ਸੌਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰ ਰਹੇ ਹਨ। ਇਹ ਉਨ੍ਹਾਂ ਦੇ ਜਨਮ ਦਾ ਸ਼ਤਾਬਦੀ ਵਰ੍ਹਾ ਹੋਵੇਗਾ।”
ਲਚੀਲੇਪਣ ਦਾ ਪ੍ਰਤੀਕ
ਪ੍ਰਧਾਨ ਮੰਤਰੀ ਮੋਦੀ ਨੇ ਬਚਪਨ ਵਿੱਚ ਆਪਣੀ ਮਾਂ ਦੁਆਰਾ ਸਹੀਆਂ ਗਈਆਂ ਕਠਿਨਾਈਆਂ ਨੂੰ ਯਾਦ ਕਰਦੇ ਹੋਏ ਕਿਹਾ, "ਮੇਰੀ ਮਾਂ ਜਿਤਨੀ ਸਾਦੀ ਹੈ, ਉਤਨੀ ਹੀ ਉਹ ਅਸਾਧਾਰਣ ਵੀ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਹਰ ਮਾਂ ਹੁੰਦੀ ਹੈ।" ਛੋਟੀ ਉਮਰ ਵਿੱਚ ਹੀ ਪ੍ਰਧਾਨ ਮੰਤਰੀ ਮੋਦੀ ਦੀ ਮਾਂ ਨੇ ਆਪਣੀ ਮਾਂ ਨੂੰ ਗੁਆ ਦਿੱਤਾ। ਉਨ੍ਹਾਂ ਕਿਹਾ, 'ਉਨ੍ਹਾਂ ਨੂੰ ਮੇਰੀ ਨਾਨੀ ਦਾ ਚਿਹਰਾ ਜਾਂ ਉਨ੍ਹਾਂ ਦੀ ਗੋਦ ਦਾ ਆਰਾਮ ਵੀ ਯਾਦ ਨਹੀਂ ਹੈ। ਉਨ੍ਹਾਂ ਆਪਣਾ ਪੂਰਾ ਬਚਪਨ ਆਪਣੀ ਮਾਂ ਤੋਂ ਬਿਨਾਂ ਗੁਜ਼ਾਰਿਆ ਹੈ।'
ਉਨ੍ਹਾਂ ਵਡਨਗਰ ਵਿੱਚ ਕੱਚੀਆਂ ਕੰਧਾਂ ਅਤੇ ਮਿੱਟੀ ਦੀਆਂ ਖਪਰੈਲਾਂ ਵਾਲੀ ਛੱਤ ਵਾਲੇ ਛੋਟੇ ਜਿਹੇ ਘਰ ਨੂੰ ਯਾਦ ਕੀਤਾ ਜਿੱਥੇ ਉਹ ਆਪਣੇ ਮਾਤਾ-ਪਿਤਾ ਅਤੇ ਭੈਣ-ਭਰਾਵਾਂ ਨਾਲ ਰਹਿੰਦੇ ਸਨ। ਉਨ੍ਹਾਂ ਅਣਗਿਣਤ ਰੋਜ਼ਾਨਾ ਮੁਸੀਬਤਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਦਾ ਉਨ੍ਹਾਂ ਦੀ ਮਾਂ ਨੇ ਸਾਹਮਣਾ ਕੀਤਾ ਅਤੇ ਸਫਲਤਾਪੂਰਵਕ ਕਾਬੂ ਪਾਇਆ।
ਉਨ੍ਹਾਂ ਦੱਸਿਆ ਕਿ ਕਿਵੇਂ ਉਨ੍ਹਾਂ ਦੀ ਮਾਂ ਨਾ ਸਿਰਫ਼ ਘਰ ਦੇ ਸਾਰੇ ਕੰਮ ਖੁਦ ਕਰਦੇ ਸਨ, ਬਲਕਿ ਘਰ ਦੀ ਮਾਮੂਲੀ ਆਮਦਨ ਵਿੱਚ ਵਾਧਾ ਕਰਨ ਲਈ ਵੀ ਕੰਮ ਕਰਦੇ ਸਨ। ਉਹ ਘਰ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਕੁਝ ਘਰਾਂ ਵਿੱਚ ਬਰਤਨ ਵੀ ਮਾਂਜਦੇ ਸੀ ਅਤੇ ਚਰਖਾ ਕੱਤਣ ਲਈ ਸਮਾਂ ਕੱਢਦੇ ਸੀ।
ਪ੍ਰਧਾਨ ਮੰਤਰੀ ਮੋਦੀ ਨੇ ਯਾਦ ਕੀਤਾ, "ਬਰਸਾਤ ਦੌਰਾਨ ਸਾਡੀ ਛੱਤ ਤੋਂ ਪਾਣੀ ਚੌਂਦਾ ਸੀ, ਅਤੇ ਘਰ ਵਿੱਚ ਹੜ੍ਹ ਆ ਜਾਂਦਾ ਸੀ। ਮਾਂ ਬਰਸਾਤ ਦਾ ਪਾਣੀ ਇਕੱਠਾ ਕਰਨ ਲਈ ਲੀਕਾਂ ਦੇ ਹੇਠਾਂ ਬਾਲਟੀਆਂ ਅਤੇ ਬਰਤਨ ਰੱਖਦੀ ਸੀ। ਮਾਂ ਇਨ੍ਹਾਂ ਮੁਸੀਬਤਾਂ ਵਿੱਚ ਵੀ ਸਹਿਣਸ਼ੀਲਤਾ ਦੀ ਪ੍ਰਤੀਕ ਹੁੰਦੀ।"
ਸਾਫ-ਸਫ਼ਾਈ ਵਿੱਚ ਲੱਗੇ ਲੋਕਾਂ ਦਾ ਗਹਿਰਾ ਸਤਿਕਾਰ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਵੱਛਤਾ ਅਜਿਹੀ ਚੀਜ਼ ਸੀ ਜਿਸ ਬਾਰੇ ਉਨ੍ਹਾਂ ਦੀ ਮਾਂ ਹਮੇਸ਼ਾ ਹੀ ਖਾਸ ਰਹੇ ਹਨ। ਉਨ੍ਹਾਂ ਕਈ ਉਦਾਹਰਣਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਵਿੱਚ ਉਨ੍ਹਾਂ ਦੀ ਮਾਂ ਦੇ ਸਵੱਛਤਾ ਨੂੰ ਬਣਾਈ ਰੱਖਣ ਬਾਰੇ ਬਹੁਤ ਖਾਸ ਹੋਣ ਦੀ ਝਲਕ ਮਿਲੀ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਸਵੱਛਤਾ ਅਤੇ ਸਫ਼ਾਈ ਨਾਲ ਜੁੜੇ ਲੋਕਾਂ ਲਈ ਬਹੁਤ ਸਤਿਕਾਰ ਕਰਦੇ ਸੀ। ਜਦੋਂ ਵੀ ਕੋਈ ਵਡਨਗਰ ਉਨ੍ਹਾਂ ਦੇ ਘਰ ਦੇ ਨਾਲ ਲੱਗਦੀ ਨਾਲੀ ਦੀ ਸਫਾਈ ਕਰਨ ਆਉਂਦਾ ਸੀ ਤਾਂ ਉਨ੍ਹਾਂ ਦੀ ਮਾਂ ਉਸ ਨੂੰ ਚਾਹ ਪਿਲਾਏ ਬਿਨਾਂ ਨਹੀਂ ਜਾਣ ਦਿੰਦੀ ਸੀ।
ਦੂਸਰਿਆਂ ਦੀ ਖੁਸ਼ੀ ਵਿੱਚ ਖੁਸ਼ੀ ਢੂੰਡਣਾ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਦੂਸਰਿਆਂ ਦੀ ਖੁਸ਼ੀ ਵਿੱਚ ਖੁਸ਼ੀ ਢੂੰਡਦੀ ਹੈ ਅਤੇ ਉਨ੍ਹਾਂ ਦਾ ਦਿਲ ਬਹੁਤ ਵੱਡਾ ਹੈ। ਉਨ੍ਹਾਂ ਯਾਦ ਕੀਤਾ, “ਮੇਰੇ ਪਿਤਾ ਜੀ ਦਾ ਇੱਕ ਨਜ਼ਦੀਕੀ ਦੋਸਤ ਨਜ਼ਦੀਕੀ ਪਿੰਡ ਵਿੱਚ ਰਹਿੰਦਾ ਸੀ। ਉਨ੍ਹਾਂ ਦੀ ਬੇਵਕਤੀ ਮੌਤ ਤੋਂ ਬਾਅਦ ਮੇਰੇ ਪਿਤਾ ਜੀ ਆਪਣੇ ਦੋਸਤ ਦੇ ਪੁੱਤਰ ਅੱਬਾਸ ਨੂੰ ਆਪਣੇ ਘਰ ਲੈ ਆਏ। ਉਹ ਸਾਡੇ ਕੋਲ ਹੀ ਰਿਹਾ ਅਤੇ ਆਪਣੀ ਪੜ੍ਹਾਈ ਪੂਰੀ ਕੀਤੀ। ਮਾਂ ਅੱਬਾਸ ਲਈ ਉਤਨੀ ਹੀ ਸਨੇਹੀ ਅਤੇ ਦੇਖਭਾਲ਼ ਕਰਨ ਵਾਲੀ ਸੀ ਜਿਤਨੀ ਉਹ ਸਾਡੇ ਸਾਰੇ ਭੈਣਾਂ-ਭਰਾਵਾਂ ਲਈ ਸੀ। ਹਰ ਵਰ੍ਹੇ ਈਦ ਦੇ ਮੌਕੇ 'ਤੇ ਉਹ ਉਸ ਦੀ ਮਨਪਸੰਦ ਦੇ ਪਕਵਾਨ ਬਣਾਉਂਦੀ ਸੀ। ਤਿਉਹਾਰਾਂ 'ਤੇ, ਆਂਢ-ਗੁਆਂਢ ਦੇ ਬੱਚਿਆਂ ਦਾ ਸਾਡੇ ਘਰ ਆਉਣਾ ਅਤੇ ਮਾਂ ਦੀਆਂ ਖਾਸ ਤਿਆਰੀਆਂ ਦਾ ਆਨੰਦ ਲੈਣਾ ਆਮ ਗੱਲ ਸੀ।
ਪ੍ਰਧਾਨ ਮੰਤਰੀ ਮੋਦੀ ਦੀ ਮਾਂ ਸਿਰਫ਼ ਦੋ ਮੌਕਿਆਂ 'ਤੇ ਉਨ੍ਹਾਂ ਨਾਲ ਜਨਤਕ ਤੌਰ 'ਤੇ ਗਏ ਹਨ
ਬਲੌਗ ਪੋਸਟ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਸਿਰਫ ਦੋ ਉਦਾਹਰਣਾਂ ‘ਤੇ ਚਾਨਣਾ ਪਾਇਆ ਜਦੋਂ ਉਨ੍ਹਾਂ ਦੀ ਮਾਂ ਜਨਤਕ ਤੌਰ 'ਤੇ ਉਨ੍ਹਾਂ ਦੇ ਨਾਲ ਸਨ। ਇੱਕ ਵਾਰ, ਇਹ ਅਹਿਮਦਾਬਾਦ ਵਿੱਚ ਇੱਕ ਜਨਤਕ ਸਮਾਗਮ ਵਿੱਚ ਸੀ, ਜਦੋਂ ਉਨ੍ਹਾਂ ਸ਼੍ਰੀਨਗਰ ਤੋਂ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਦੇ ਮੱਥੇ 'ਤੇ ਤਿਲਕ ਲਗਾਇਆ, ਜਿੱਥੇ ਉਨ੍ਹਾਂ ਏਕਤਾ ਯਾਤਰਾ ਦੀ ਸਮਾਪਤੀ ਦੇ ਮੌਕੇ 'ਤੇ ਲਾਲ ਚੌਕ ਵਿੱਚ ਰਾਸ਼ਟਰੀ ਝੰਡਾ ਲਹਿਰਾਇਆ ਸੀ। ਦੂਸਰਾ ਮੌਕਾ ਸੀ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਪਹਿਲੀ ਵਾਰ 2001 ਵਿੱਚ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ।
ਪ੍ਰਧਾਨ ਮੰਤਰੀ ਮੋਦੀ ਦੀ ਮਾਂ ਨੇ ਉਨ੍ਹਾਂ ਨੂੰ ਜੀਵਨ ਦਾ ਇੱਕ ਸਬਕ ਸਿਖਾਇਆ
ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ ਕਿ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਇਹ ਅਹਿਸਾਸ ਕਰਵਾਇਆ ਕਿ ਰਸਮੀ ਤੌਰ 'ਤੇ ਪੜ੍ਹੇ ਬਿਨਾਂ ਸਿੱਖਿਅਤ ਹੋਣਾ ਸੰਭਵ ਹੈ। ਉਨ੍ਹਾਂ ਇੱਕ ਘਟਨਾ ਸਾਂਝੀ ਕੀਤੀ ਜਦੋਂ ਉਹ ਆਪਣੇ ਸਭ ਤੋਂ ਵੱਡੇ ਅਧਿਆਪਕ - ਉਨ੍ਹਾਂ ਦੀ ਮਾਂ ਸਮੇਤ ਆਪਣੇ ਸਾਰੇ ਅਧਿਆਪਕਾਂ ਦਾ ਜਨਤਕ ਤੌਰ 'ਤੇ ਸਨਮਾਨ ਕਰਨਾ ਚਾਹੁੰਦੇ ਸਨ। ਹਾਲਾਂਕਿ, ਉਨ੍ਹਾਂ ਦੀ ਮਾਂ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ, "ਵੇਖੋ, ਮੈਂ ਇੱਕ ਸਾਧਾਰਣ ਵਿਅਕਤੀ ਹਾਂ। ਭਾਵੇਂ ਕਿ ਮੈਂ ਤੁਹਾਨੂੰ ਜਨਮ ਦਿੱਤਾ ਹੈ, ਪਰ ਤੁਹਾਨੂੰ ਸਰਵ ਸ਼ਕਤੀਮਾਨ ਦੁਆਰਾ ਸਿਖਾਇਆ ਅਤੇ ਪਾਲਿਆ ਗਿਆ ਹੈ।”
ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ ਹਾਲਾਂਕਿ ਉਨ੍ਹਾਂ ਦੀ ਮਾਂ ਸਮਾਗਮ ਵਿੱਚ ਨਹੀਂ ਆਏ, ਉਨ੍ਹਾਂ ਨੇ ਇਹ ਯਕੀਨੀ ਬਣਾਇਆ ਕਿ ਉਨ੍ਹਾਂ ਜੇਠਾਭਾਈ ਜੋਸ਼ੀ ਜੀ ਦੇ ਪਰਿਵਾਰ ਵਿੱਚੋਂ ਕਿਸੇ ਨੂੰ ਬੁਲਾਇਆ - ਉਨ੍ਹਾਂ ਦੇ ਸਥਾਨਕ ਅਧਿਆਪਕ, ਜੋ ਉਨ੍ਹਾਂ ਨੂੰ ਵਰਣਮਾਲਾ ਸਿਖਾਉਂਦੇ ਸਨ। ਉਨ੍ਹਾਂ ਕਿਹਾ “ਉਨ੍ਹਾਂ ਦੀ ਸੋਚਣ ਦੀ ਪ੍ਰਕਿਰਿਆ ਅਤੇ ਦੂਰਦਰਸ਼ੀ ਸੋਚ ਨੇ ਮੈਨੂੰ ਹਮੇਸ਼ਾ ਹੈਰਾਨ ਕੀਤਾ ਹੈ।”
ਇੱਕ ਕਰਤੱਵਪੂਰਣ ਨਾਗਰਿਕ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇੱਕ ਕਰਤੱਵਪੂਰਣ ਨਾਗਰਿਕ ਹੋਣ ਦੇ ਨਾਤੇ ਉਨ੍ਹਾਂ ਦੀ ਮਾਂ ਨੇ ਜਦੋਂ ਤੋਂ ਚੋਣਾਂ ਸ਼ੁਰੂ ਹੋਈਆਂ ਹਨ, ਪੰਚਾਇਤ ਤੋਂ ਲੈ ਕੇ ਸੰਸਦ ਤੱਕ ਹਰ ਚੋਣ ਵਿੱਚ ਵੋਟ ਪਾਈ ਹੈ।
ਇੱਕ ਬਹੁਤ ਹੀ ਸਧਾਰਣ ਜੀਵਨ ਸ਼ੈਲੀ ਵਾਲਾ ਜੀਵਨ ਜਿਉਣਾ
ਆਪਣੀ ਮਾਂ ਦੀ ਬਹੁਤ ਹੀ ਸਾਦੀ ਜੀਵਨ ਸ਼ੈਲੀ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ ਕਿ ਅੱਜ ਵੀ ਉਨ੍ਹਾਂ ਦੀ ਮਾਂ ਦੇ ਨਾਮ 'ਤੇ ਕੋਈ ਜਾਇਦਾਦ ਨਹੀਂ ਹੈ। ਪ੍ਰਧਾਨ ਮੰਤਰੀ ਨੇ ਕਿਹਾ “ਮੈਂ ਉਨ੍ਹਾਂ ਨੂੰ ਕਦੇ ਸੋਨੇ ਦੇ ਗਹਿਣੇ ਪਹਿਨਦੇ ਨਹੀਂ ਦੇਖਿਆ, ਨਾ ਹੀ ਉਨ੍ਹਾਂ ਨੂੰ ਕੋਈ ਦਿਲਚਸਪੀ ਹੈ। ਪਹਿਲਾਂ ਵਾਂਗ, ਉਹ ਆਪਣੇ ਛੋਟੇ ਜਿਹੇ ਕਮਰੇ ਵਿੱਚ ਇੱਕ ਬਹੁਤ ਹੀ ਸਧਾਰਣ ਜੀਵਨ ਸ਼ੈਲੀ ਵਾਲਾ ਜੀਵਨ ਬਿਤਾ ਰਹੇ ਹਨ।”
ਵਰਤਮਾਨ ਘਟਨਾਕ੍ਰਮ ਨਾਲ ਜੁੜੇ ਰਹਿਣਾ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਦੁਨੀਆ ਦੇ ਮੌਜੂਦਾ ਘਟਨਾਕ੍ਰਮ ਨਾਲ ਜੁੜੇ ਰਹਿੰਦੇ ਹਨ। ਉਨ੍ਹਾਂ ਆਪਣੇ ਬਲੌਗ ਵਿੱਚ ਜ਼ਿਕਰ ਕੀਤਾ, “ਹਾਲ ਹੀ ਵਿੱਚ, ਮੈਂ ਉਸ ਨੂੰ ਪੁੱਛਿਆ ਕਿ ਉਹ ਹਰ ਰੋਜ਼ ਕਿੰਨਾ ਸਮਾਂ ਟੀਵੀ ਦੇਖਦੇ ਹਨ। ਉਨ੍ਹਾਂ ਜਵਾਬ ਦਿੱਤਾ ਕਿ ਟੀਵੀ 'ਤੇ ਜ਼ਿਆਦਾਤਰ ਲੋਕ ਆਪਸ ਵਿੱਚ ਲੜਨ ਵਿੱਚ ਰੁੱਝੇ ਹੋਏ ਹਨ, ਅਤੇ ਉਹ ਸਿਰਫ ਉਨ੍ਹਾਂ ਨੂੰ ਦੇਖਦੇ ਹਨ ਜੋ ਸ਼ਾਂਤੀ ਨਾਲ ਖ਼ਬਰਾਂ ਪੜ੍ਹਦੇ ਹਨ ਅਤੇ ਸਭ ਕੁਝ ਸਮਝਾਉਂਦੇ ਹਨ। ਮੈਨੂੰ ਖੁਸ਼ੀ ਨਾਲ ਹੈਰਾਨੀ ਹੋਈ ਕਿ ਮਾਂ ਇੰਨੀ ਗੌਰ ਕਰਦੇ ਹਨ।"
ਆਪਣੀ ਉਮਰ ਦੇ ਬਾਵਜੂਦ ਤਿੱਖੀ ਯਾਦਦਾਸ਼ਤ
ਪ੍ਰਧਾਨ ਮੰਤਰੀ ਮੋਦੀ ਨੇ 2017 ਦੀ ਇੱਕ ਹੋਰ ਉਦਾਹਰਣ ਸਾਂਝੀ ਕੀਤੀ, ਜਿਸ ਵਿੱਚ ਬੁਢਾਪੇ ਦੇ ਬਾਵਜੂਦ ਆਪਣੀ ਮਾਂ ਦੀ ਚੌਕਸੀ ਦਿਖਾਈ ਦਿੰਦੀ ਹੈ। 2017 ਵਿੱਚ, ਪ੍ਰਧਾਨ ਮੰਤਰੀ ਮੋਦੀ ਸਿੱਧੇ ਕਾਸ਼ੀ ਤੋਂ ਉਨ੍ਹਾਂ ਨੂੰ ਮਿਲਣ ਲਈ ਗਏ ਅਤੇ ਉਨ੍ਹਾਂ ਲਈ ਪ੍ਰਸ਼ਾਦ ਲੈ ਕੇ ਗਏ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ "ਜਦੋਂ ਮੈਂ ਆਪਣੀ ਮਾਂ ਨੂੰ ਮਿਲਿਆ, ਤਾਂ ਉਨ੍ਹਾਂ ਤੁਰੰਤ ਮੈਨੂੰ ਪੁੱਛਿਆ ਕਿ ਕੀ ਮੈਂ ਕਾਸ਼ੀ ਵਿਸ਼ਵਨਾਥ ਮਹਾਦੇਵ ਨੂੰ ਮੱਥਾ ਟੇਕਿਆ ਸੀ। ਮਾਂ ਅਜੇ ਵੀ ਪੂਰਾ ਨਾਮ - ਕਾਸ਼ੀ ਵਿਸ਼ਵਨਾਥ ਮਹਾਦੇਵ ਵਰਤਦੇ ਹਨ। ਫਿਰ ਗੱਲਬਾਤ ਦੌਰਾਨ, ਉਨ੍ਹਾਂ ਮੈਨੂੰ ਪੁੱਛਿਆ ਕਿ ਕੀ ਕਾਸ਼ੀ ਵਿਸ਼ਵਨਾਥ ਮੰਦਿਰ ਨੂੰ ਜਾਣ ਵਾਲੀਆਂ ਗਲੀਆਂ ਅਜੇ ਵੀ ਉਹੀ ਹਨ, ਜਿਵੇਂ ਕਿਸੇ ਦੇ ਘਰ ਦੇ ਅੰਦਰ ਕੋਈ ਮੰਦਿਰ ਹੋਵੇ। ਮੈਨੂੰ ਹੈਰਾਨੀ ਹੋਈ ਤੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਮੰਦਿਰ ਕਦੋਂ ਗਏ ਸੀ। ਉਨ੍ਹਾਂ ਦੱਸਿਆ ਕਿ ਉਹ ਕਈ ਵਰ੍ਹੇ ਪਹਿਲਾਂ ਕਾਸ਼ੀ ਗਏ ਸਨ, ਪਰ ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਨੂੰ ਸਭ ਕੁਝ ਯਾਦ ਸੀ।”
ਦੂਸਰਿਆਂ ਦੀ ਪਸੰਦ ਦਾ ਆਦਰ ਕਰਨਾ
ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਮਾਂ ਨਾ ਸਿਰਫ਼ ਦੂਸਰਿਆਂ ਦੀ ਪਸੰਦ ਦਾ ਆਦਰ ਕਰਦੇ ਹਨ ਬਲਕਿ ਆਪਣੀ ਪਸੰਦ ਨੂੰ ਥੋਪਣ ਤੋਂ ਵੀ ਬਚਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਜ਼ਿਕਰ ਕੀਤਾ "ਮੇਰੇ ਆਪਣੇ ਮਾਮਲੇ ਵਿੱਚ, ਖਾਸ ਤੌਰ 'ਤੇ, ਉਨ੍ਹਾਂ ਮੇਰੇ ਫੈਸਲਿਆਂ ਦਾ ਸਤਿਕਾਰ ਕੀਤਾ, ਕਦੇ ਕੋਈ ਰੁਕਾਵਟ ਨਹੀਂ ਖੜ੍ਹੀ ਕੀਤੀ, ਅਤੇ ਮੈਨੂੰ ਉਤਸ਼ਾਹਿਤ ਕੀਤਾ। ਬਚਪਨ ਤੋਂ ਹੀ ਉਹ ਮਹਿਸੂਸ ਕਰ ਸਕਦੇ ਸੀ ਕਿ ਮੇਰੇ ਅੰਦਰ ਇੱਕ ਵੱਖਰੀ ਮਾਨਸਿਕਤਾ ਪੈਦਾ ਹੋ ਗਈ ਹੈ।”
ਜਦੋਂ ਉਨ੍ਹਾਂ ਆਪਣਾ ਘਰ ਛੱਡਣ ਦਾ ਫੈਸਲਾ ਕੀਤਾ ਤਾਂ ਇਹ ਪ੍ਰਧਾਨ ਮੰਤਰੀ ਮੋਦੀ ਦੀ ਮਾਂ ਸੀ ਜਿਸ ਨੇ ਉਨ੍ਹਾਂ ਦਾ ਸਮਰਥਨ ਕੀਤਾ। ਉਨ੍ਹਾਂ ਦੀ ਇੱਛਾ ਨੂੰ ਸਮਝਦਿਆਂ ਅਤੇ ਉਨ੍ਹਾਂ ਨੂੰ ਆਸ਼ੀਰਵਾਦ ਦਿੰਦੇ ਹੋਏ, ਉਨ੍ਹਾਂ ਦੀ ਮਾਂ ਨੇ ਕਿਹਾ, "ਜਿਵੇਂ ਤੇਰਾ ਮਨ ਤੈਨੂੰ ਕਹੇ ਉਵੇਂ ਹੀ ਕਰੋ।"
ਗਰੀਬ ਕਲਿਆਣ 'ਤੇ ਫੋਕਸ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਨੇ ਹਮੇਸ਼ਾ ਉਨ੍ਹਾਂ ਨੂੰ ਮਜ਼ਬੂਤ ਸੰਕਲਪ ਰੱਖਣ ਅਤੇ ਗਰੀਬ ਕਲਿਆਣ 'ਤੇ ਧਿਆਨ ਦੇਣ ਲਈ ਪ੍ਰੇਰਿਤ ਕੀਤਾ ਹੈ। ਉਨ੍ਹਾਂ 2001 ਦੀ ਇੱਕ ਉਦਾਹਰਣ ਸਾਂਝੀ ਕੀਤੀ ਜਦੋਂ ਉਨ੍ਹਾਂ ਨੂੰ ਗੁਜਰਾਤ ਦਾ ਮੁੱਖ ਮੰਤਰੀ ਘੋਸ਼ਿਤ ਕੀਤਾ ਗਿਆ ਸੀ। ਗੁਜਰਾਤ ਪਹੁੰਚਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਸਿੱਧੇ ਆਪਣੀ ਮਾਂ ਨੂੰ ਮਿਲਣ ਗਏ। ਉਹ ਬਹੁਤ ਖੁਸ਼ ਸਨ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਕਿਹਾ, "ਮੈਂ ਸਰਕਾਰ ਵਿੱਚ ਤੁਹਾਡੇ ਕੰਮ ਨੂੰ ਨਹੀਂ ਸਮਝਦੀ, ਪਰ ਮੈਂ ਬੱਸ ਇਹ ਚਾਹੁੰਦੀ ਹਾਂ ਕਿ ਤੁਸੀਂ ਕਦੇ ਰਿਸ਼ਵਤ ਨਾ ਲਓ।"
ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਭਰੋਸਾ ਦਿੰਦੀ ਰਹਿੰਦੀ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਅਤੇ ਵੱਡੀਆਂ ਜ਼ਿੰਮੇਵਾਰੀਆਂ ਵੱਲ ਧਿਆਨ ਦੇਣਾ ਚਾਹੀਦਾ ਹੈ। ਜਦੋਂ ਵੀ ਉਹ ਉਨ੍ਹਾਂ ਨਾਲ ਫ਼ੋਨ 'ਤੇ ਗੱਲ ਕਰਦੇ ਹਨ, ਤਾਂ ਉਨ੍ਹਾਂ ਦੀ ਮਾਂ ਕਹਿੰਦੀ ਹੈ, “ਕਦੇ ਵੀ ਕਿਸੇ ਨਾਲ ਗ਼ਲਤ ਜਾਂ ਬੁਰਾ ਨਾ ਕਰੋ ਅਤੇ ਗਰੀਬਾਂ ਲਈ ਕੰਮ ਕਰਦੇ ਰਹੋ।”
ਜੀਵਨ ਦਾ ਮੰਤਰ - ਮਿਹਨਤ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੇ ਮਾਤਾ-ਪਿਤਾ ਦੀ ਇਮਾਨਦਾਰੀ ਅਤੇ ਸਵੈ-ਮਾਣ ਉਨ੍ਹਾਂ ਦੇ ਸਭ ਤੋਂ ਵੱਡੇ ਗੁਣ ਹਨ। ਗਰੀਬੀ ਅਤੇ ਇਸ ਨਾਲ ਜੁੜੀਆਂ ਚੁਣੌਤੀਆਂ ਨਾਲ ਲੜਨ ਦੇ ਬਾਵਜੂਦ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੇ ਮਾਤਾ-ਪਿਤਾ ਨੇ ਕਦੇ ਵੀ ਇਮਾਨਦਾਰੀ ਦਾ ਰਾਹ ਨਹੀਂ ਛੱਡਿਆ ਅਤੇ ਕਦੇ ਵੀ ਆਪਣੇ ਸਵੈ-ਮਾਣ ਨਾਲ ਸਮਝੌਤਾ ਨਹੀਂ ਕੀਤਾ। ਉਨ੍ਹਾਂ ਦਾ ਮੁੱਖ ਮੰਤਰ ਕਿਸੇ ਵੀ ਚੁਣੌਤੀ ਨੂੰ ਪਾਰ ਕਰਨ ਲਈ ਲਗਾਤਾਰ ਸਖ਼ਤ ਮਿਹਨਤ ਸੀ!
ਮਾਂ ਸ਼ਕਤੀ ਦਾ ਪ੍ਰਤੀਕ
ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ, "ਮੇਰੀ ਮਾਂ ਦੇ ਜੀਵਨ ਦੀ ਕਹਾਣੀ ਵਿੱਚ, ਮੈਂ ਭਾਰਤ ਦੀ ਮਾਂ ਸ਼ਕਤੀ ਦੀ ਤਪੱਸਿਆ, ਤਿਆਗ ਅਤੇ ਯੋਗਦਾਨ ਨੂੰ ਵੇਖਦਾ ਹਾਂ। ਜਦੋਂ ਵੀ ਮੈਂ ਮਾਂ ਅਤੇ ਉਨ੍ਹਾਂ ਜਿਹੀਆਂ ਕਰੋੜਾਂ ਮਹਿਲਾਵਾਂ ਨੂੰ ਵੇਖਦਾ ਹਾਂ, ਤਾਂ ਮੈਨੂੰ ਲੱਗਦਾ ਹੈ ਕਿ ਭਾਰਤੀ ਮਹਿਲਾਵਾਂ ਲਈ ਕੁਝ ਵੀ ਅਸੰਭਵ ਨਹੀਂ ਹੈ।"
ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਮਾਂ ਦੀ ਪ੍ਰੇਰਣਾਦਾਇਕ ਜੀਵਨ ਕਹਾਣੀ ਨੂੰ ਕੁਝ ਸ਼ਬਦਾਂ ਵਿੱਚ ਬਿਆਨ ਕੀਤਾ
"ਅਭਾਵ ਦੀ ਹਰ ਕਥਾ ਤੋਂ ਪਰ੍ਹੇ, ਇੱਕ ਮਾਂ ਦੇ ਮਾਣ ਦੀ ਗਾਥਾ ਹੈ
ਹਰ ਸੰਘਰਸ਼ ਤੋਂ ਕਿਤੇ ਉੱਪਰ ਮਾਂ ਦਾ ਮਜ਼ਬੂਤ ਇਰਾਦਾ ਹੈ।"
*********
ਡੀਐੱਸ/ਐੱਲਪੀ
(Release ID: 1835497)
Visitor Counter : 152
Read this release in:
Kannada
,
Malayalam
,
Gujarati
,
Telugu
,
Odia
,
Urdu
,
English
,
Hindi
,
Manipuri
,
Assamese
,
Marathi
,
Bengali
,
Tamil