ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਪ੍ਰੇਰਣਾਦਾਇਕ ਕਹਾਣੀਆਂ ਨੂੰ ਦਰਸਾਉਂਦੀ ਇੱਕ ਲਘੂ ਵੀਡੀਓ ਸੀਰੀਜ਼ 'ਆਜ਼ਾਦੀ ਕੀ ਅੰਮ੍ਰਿਤ ਕਹਾਨੀਆਂ' ਲਾਂਚ ਕੀਤੀ
ਇਸ ਸੀਰੀਜ਼ ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (ਆਈਐਂਡਬੀ) ਅਤੇ ਨੈੱਟਫਲਿੱਕਸ (Netflix) ਦਰਮਿਆਨ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਮਨਾਉਣ ਲਈ ਭਾਈਵਾਲੀ ਨੂੰ ਮਜ਼ਬੂਤ ਕੀਤਾ ਹੈ: ਸ਼੍ਰੀ ਅਨੁਰਾਗ ਠਾਕੁਰ
ਲੰਬੀ ਅਵਧੀ ਦੀ ਪਾਰਟਨਰਸ਼ਿਪ ਦੌਰਾਨ ਨੈੱਟਫਲਿੱਕਸ, ਵਿਭਿੰਨ ਵਿਸ਼ਿਆਂ 'ਤੇ ਦੋ-ਦੋ ਮਿੰਟ ਦੇ 25 ਵੀਡੀਓ ਬਣਾਏਗੀ: ਸ਼੍ਰੀ ਅਨੁਰਾਗ ਠਾਕੁਰ
ਮਹਿਲਾਵਾਂ ਲਈ, ਆਜ਼ਾਦੀ ਵਿੱਚ ਰੂੜ੍ਹੀਆਂ, ਵਰਜਤਾਂ ਵਿਰੁੱਧ ਲੜਾਈ ਸ਼ਾਮਲ ਹੈ: ਸ਼੍ਰੀ ਠਾਕੁਰ
ਨੈੱਟਫਲਿੱਕਸ ਅਤੇ ਮੰਤਰਾਲਾ ਭਾਰਤ ਵਿੱਚ ਪੋਸਟ-ਪ੍ਰੋਡਕਸ਼ਨ, ਵੀਐੱਫਐੱਕਸ, ਏਨੀਮੇਸ਼ਨ, ਸੰਗੀਤ ਉਤਪਾਦਨ ਲਈ ਰਚਨਾਤਮਕ ਈਕੋਸਿਸਟਮ ਵਿਕਸਿਤ ਕਰਨ ਲਈ ਭਾਈਵਾਲੀ ਕਰਨਗੇ: ਸ਼੍ਰੀ ਠਾਕੁਰ
ਇੰਟਰਨੈੱਟ ਮਨੋਰੰਜਨ ਦੇ ਦੌਰ ਵਿੱਚ ਭਾਰਤ ਵਿਸ਼ੇਸ਼ ਰੂਪ ਵਿੱਚ ਸ਼ਾਨਦਾਰ ਸਥਿਤੀ ਵਿੱਚ ਹੈ; ਭਾਰਤ ਲਈ ਨੈੱਟਫਲਿੱਕਸ ਦੀ ਪ੍ਰਤੀਬੱਧਤਾ ਮਜ਼ਬੂਤ ਹੈ ਅਤੇ ਵਧ ਰਹੀ ਹੈ: ਸੁਸ਼੍ਰੀ ਬੇਲਾ ਬਜਾਰੀਆ
प्रविष्टि तिथि:
26 APR 2022 1:59PM by PIB Chandigarh
12 ਮਾਰਚ 2021 ਨੂੰ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਉਦਘਾਟਨ ਕੀਤੇ ਗਏ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਜਸ਼ਨ ਦੇ ਹਿੱਸੇ ਵਜੋਂ, ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ, ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਇੱਕ ਲਘੂ ਵੀਡੀਓ ਲੜੀ 'ਆਜ਼ਾਦੀ ਕੀ ਅੰਮ੍ਰਿਤ ਕਹਾਨੀਆਂ' ਲਾਂਚ ਕੀਤੀ, ਜਿਸ ਨੂੰ ਓਟੀਟੀ ਪਲੈਟਫਾਰਮ ਨੈੱਟਫਲਿੱਕਸ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ। ਇਸ ਮੌਕੇ 'ਤੇ ਰਾਜ ਮੰਤਰੀ, ਡਾ. ਐੱਲ ਮੁਰੂਗਨ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ, ਸ਼੍ਰੀ ਅਪੂਰਵ ਚੰਦਰ ਅਤੇ ਗਲੋਬਲ ਟੀਵੀ, ਨੈੱਟਫਲਿਕਸ ਦੀ ਮੁਖੀ, ਸੁਸ਼੍ਰੀ ਬੇਲਾ ਬਜਾਰੀਆ ਵੀ ਮੌਜੂਦ ਸਨ।
ਲਾਂਚ ਮੌਕੇ, ਮਹਿਲਾ ਪਰਿਵਰਤਨ ਨਿਰਮਾਤਾ - ਪਿਥੌਰਾਗੜ੍ਹ ਤੋਂ ਪਦਮ ਪੁਰਸਕਾਰ ਜੇਤੂ ਵਾਤਾਵਰਣਵਾਦੀ, ਸੁਸ਼੍ਰੀ ਬਸੰਤੀ ਦੇਵੀ, ਜੋ ਕੋਸੀ ਨਦੀ ਨੂੰ ਪੁਨਰ ਸੁਰਜੀਤ ਕਰਨ ਵਿੱਚ ਆਪਣੇ ਯੋਗਦਾਨ ਲਈ ਜਾਣੀ ਜਾਂਦੀ ਹੈ; 2017 ਵਿੱਚ ਪੰਜ ਦਿਨਾਂ ਵਿੱਚ ਦੋ ਵਾਰ ਮਾਊਂਟ ਐਵਰੈਸਟ ਦੀ ਚੋਟੀ ਨੂੰ ਸਰ ਕਰਨ ਵਾਲੀ ਦੁਨੀਆ ਦੀ ਪਹਿਲੀ ਮਹਿਲਾ ਹੋਣ ਲਈ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਸੁਸ਼੍ਰੀ ਅੰਸ਼ੂ ਜਮਸੇਨਪਾ, ਅਤੇ ਭਾਰਤ ਦੀ ਪਹਿਲੀ ਮਹਿਲਾ ਫਾਇਰ ਫਾਈਟਰ ਸੁਸ਼੍ਰੀ ਹਰਸ਼ਿਨੀ ਕਾਨਹੇਕਰ ਵੀ ਮੌਜੂਦ ਸਨ।
ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਹਾਜ਼ਰੀਨ ਅਤੇ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਵਿਭਿੰਨ ਪਹਿਲਾਂ ਨਾਲ ਅੰਮ੍ਰਿਤ ਮਹੋਤਸਵ ਸਮਾਗਮਾਂ ਦਾ ਅਹਿਮ ਹਿੱਸਾ ਰਿਹਾ ਹੈ। ਆਜ਼ਾਦੀ ਦਾ ਵਿਚਾਰ ਭਾਰਤ ਵਿੱਚ ਮਹਿਲਾਵਾਂ ਦੀ ਮੁਕਤੀ ਨਾਲ ਜੁੜਿਆ ਹੋਇਆ ਹੈ ਅਤੇ ਮੰਤਰੀ ਨੇ ਟਿੱਪਣੀ ਕੀਤੀ ਕਿ ਆਜ਼ਾਦੀ ਜਾਂ ਸੁਤੰਤਰਤਾ ਸ਼ਬਦ ਉਨ੍ਹਾਂ ਮਹਿਲਾਵਾਂ ਲਈ ਵਿਆਪਕ ਅਰਥ ਰੱਖਦਾ ਹੈ ਜਿਨ੍ਹਾਂ ਨੂੰ ਸਮਾਜ ਵਿੱਚ ਰੂੜ੍ਹੀਵਾਦੀ ਧਾਰਨਾਵਾਂ ਅਤੇ ਵਰਜਤਾਂ ਨਾਲ ਵੀ ਲੜਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਦੀ ਮੁਕਤੀ ਸਮਾਜ ਦੇ ਮੁਕਤੀ ਸੂਚਕ ਅੰਕ ਦੀ ਵਿਸ਼ੇਸ਼ਤਾ ਹੈ।
ਸਹਿਯੋਗ 'ਤੇ ਬੋਲਦੇ ਹੋਏ ਸ਼੍ਰੀ ਠਾਕੁਰ ਨੇ ਕਿਹਾ, "ਇਸ ਪਹਿਲ ਦਾ ਉਦੇਸ਼ ਭਾਰਤੀਆਂ ਦੀਆਂ ਪ੍ਰੇਰਣਾਦਾਇਕ ਕਹਾਣੀਆਂ ਨੂੰ ਸਾਹਮਣੇ ਲਿਆਉਣਾ ਹੈ ਅਤੇ ਇਹ ਕਹਾਣੀਆਂ ਵਧੇਰੇ ਲੋਕਾਂ ਨੂੰ ਆਪਣੇ ਲਕਸ਼ਾਂ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਨਗੀਆਂ ਅਤੇ ਸਸ਼ਕਤ ਕਰਨਗੀਆਂ।"
ਉਨ੍ਹਾਂ ਅੱਗੇ ਕਿਹਾ ਕਿ ਇਹ ਇੱਕ ਲੰਬੀ ਅਵਧੀ ਦੀ ਭਾਈਵਾਲੀ ਹੈ ਜਿੱਥੇ ਵਿਭਿੰਨ ਥੀਮਸ ਅਤੇ ਵਿਭਿੰਨ ਕਹਾਣੀਆਂ ਨੂੰ ਉਜਾਗਰ ਕੀਤਾ ਜਾਵੇਗਾ। ਸ਼੍ਰੀ ਠਾਕੁਰ ਨੇ ਵਿਸਤਾਰ ਨਾਲ ਦੱਸਿਆ "ਨੈੱਟਫਲਿਕਸ ਮਹਿਲਾਵਾਂ ਦੇ ਸਸ਼ਕਤੀਕਰਨ, ਵਾਤਾਵਰਣ ਅਤੇ ਟਿਕਾਊ ਵਿਕਾਸ ਅਤੇ ਹੋਰ ਮਹੱਤਵ ਵਾਲੇ ਦਿਨਾਂ ਸਮੇਤ ਕਈ ਵਿਸ਼ਿਆਂ 'ਤੇ 25 ਵੀਡੀਓ ਤਿਆਰ ਕਰੇਗਾ। ਨੈੱਟਫਲਿਕਸ ਮੰਤਰਾਲੇ ਲਈ ਦੋ-ਦੋ ਮਿੰਟ ਦੀਆਂ ਲਘੂ ਫਿਲਮਾਂ ਦਾ ਨਿਰਮਾਣ ਕਰੇਗਾ ਜੋ ਸੋਸ਼ਲ ਮੀਡੀਆ ਪਲੈਟਫਾਰਮਾਂ 'ਤੇ ਸਾਂਝੀਆਂ ਕੀਤੀਆਂ ਜਾਣਗੀਆਂ ਅਤੇ ਦੂਰਦਰਸ਼ਨ ਨੈੱਟਵਰਕ 'ਤੇ ਪ੍ਰਸਾਰਿਤ ਕੀਤੀਆਂ ਜਾਣਗੀਆਂ।”
ਸ਼੍ਰੀ ਠਾਕੁਰ ਨੇ ਇਸ ਭਾਈਵਾਲੀ ਦੇ ਕਈ ਪਹਿਲੂਆਂ ਬਾਰੇ ਵਿਸਤਾਰ ਨਾਲ ਦੱਸਿਆ ਅਤੇ ਕਿਹਾ ਕਿ ਨੈੱਟਫਲਿਕਸ ਅਤੇ ਮੰਤਰਾਲਾ ਭਾਰਤ ਵਿੱਚ ਫਿਲਮ ਨਿਰਮਾਤਾਵਾਂ ਨੂੰ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਵਿਭਿੰਨ ਵਿਸ਼ਿਆਂ 'ਤੇ ਪ੍ਰੇਰਣਾਦਾਇਕ ਸਮੱਗਰੀ ਬਣਾਉਣ ਲਈ ਉਤਸ਼ਾਹਿਤ ਕਰਨ ਲਈ ਟ੍ਰੇਨਿੰਗ ਵਰਕਸ਼ਾਪਾਂ ਅਤੇ ਮਾਸਟਰ ਕਲਾਸਾਂ ਦਾ ਆਯੋਜਨ ਕਰਨਾ ਜਾਰੀ ਰੱਖੇਗਾ।
ਉਨ੍ਹਾਂ ਐਲਾਨ ਕੀਤਾ "ਨੈੱਟਫਲਿਕਸ ਅਤੇ ਮੰਤਰਾਲਾ ਪੋਸਟ-ਪ੍ਰੋਡਕਸ਼ਨ, ਵੀਐੱਫਐੱਕਸ, ਐਨੀਮੇਸ਼ਨ, ਸੰਗੀਤ ਦੇ ਉਤਪਾਦਨ ਲਈ ਟ੍ਰੇਨਿੰਗ ਪ੍ਰੋਗਰਾਮਾਂ ਦਾ ਆਯੋਜਨ ਕਰਕੇ ਇੱਕ ਰਚਨਾਤਮਕ ਈਕੋਸਿਸਟਮ ਨੂੰ ਵਿਕਸਿਤ ਕਰਨ ਲਈ ਸਾਂਝੇਦਾਰੀ ਕਰਨਗੇ ਜੋ ਕਿ ਜ਼ਮੀਨੀ ਪੱਧਰ ‘ਤੇ ਅਤੇ ਵਰਚੁਅਲੀ ਆਯੋਜਿਤ ਕੀਤੇ ਜਾਣਗੇ।”
ਮੰਤਰੀ ਨੇ ਮੰਚ 'ਤੇ ਮੌਜੂਦ ਤਿੰਨ ਮਹਿਲਾਵਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀਆਂ ਕਹਾਣੀਆਂ ਦੇਸ਼ ਭਰ ਦੇ ਲੋਕਾਂ ਨੂੰ ਪ੍ਰੇਰਿਤ ਕਰਨਗੀਆਂ। ਉਨ੍ਹਾਂ ਇਹ ਵੀ ਉਮੀਦ ਪ੍ਰਗਟਾਈ ਕਿ ਇਸ ਸਹਿਯੋਗ ਤੋਂ ਬਾਅਦ ਦੁਨੀਆ ਭਰ ਦੇ ਫਿਲਮ ਨਿਰਮਾਤਾ ਨਾ ਸਿਰਫ਼ ਭਾਰਤੀ ਦਰਸ਼ਕਾਂ ਲਈ ਬਲਕਿ ਪੂਰੀ ਦੁਨੀਆ ਨੂੰ ਦਿਖਾਉਣ ਲਈ ਫਿਲਮਾਂ ਅਤੇ ਦਸਤਾਵੇਜ਼ੀ ਫਿਲਮਾਂ ਬਣਾਉਣ ਲਈ ਭਾਰਤ ਆਉਣਗੇ।
ਮੰਤਰੀ ਨੇ ਕਿਹਾ ਕਿ ਮੰਤਰਾਲੇ ਅਤੇ ਨੈੱਟਫਲਿਕਸ ਦਰਮਿਆਨ ਸਾਂਝੇਦਾਰੀ ਸਿਰਫ਼ ਇੱਕ ਸ਼ੁਰੂਆਤ ਹੈ ਅਤੇ ਇਹ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਤੱਕ ਸੀਮਿਤ ਨਹੀਂ ਰਹੇਗੀ।
ਇਸ ਤੋਂ ਪਹਿਲਾਂ, ਸਕੱਤਰ ਸ਼੍ਰੀ ਅਪੂਰਵ ਚੰਦਰ ਨੇ ਆਪਣੀ ਸ਼ੁਰੂਆਤੀ ਟਿੱਪਣੀ ਵਿੱਚ ਆਈਐਂਡਬੀ ਮੰਤਰਾਲੇ ਅਤੇ ਨੈੱਟਫਲਿਕਸ ਦਰਮਿਆਨ ਕਨਵਰਜੈਂਸ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਦੋਵਾਂ ਸੰਸਥਾਵਾਂ ਨੇ ਇੱਕ ਸਹਿਯੋਗ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ ਅਤੇ ਅੱਜ ਜਾਰੀ ਕੀਤੇ ਗਏ ਇਹ ਤਿੰਨ ਵੀਡੀਓ ਇਸ ਸਾਂਝੇਦਾਰੀ ਦੇ ਤਹਿਤ ਬਣਾਏ ਗਏ ਪਹਿਲੇ ਸੈੱਟ ਹਨ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਸੁਤੰਤਰਤਾ ਸੰਗਰਾਮ 'ਤੇ ਲੰਬੇ ਸਮੇਂ ‘ਤੇ ਚੱਲਣ ਵਾਲੀ ਇੱਕ ਸੀਰੀਜ਼ ਅਤੇ ਦੁਨੀਆ ਨੂੰ ਦੱਸੀਆਂ ਜਾਣ ਵਾਲੀਆਂ ਕਹਾਣੀਆਂ ਦੀ ਵਿਸ਼ੇਸ਼ਤਾ ਵਾਲਾ ਇੱਕ ਗਹਿਰਾ ਸਹਿਯੋਗ ਪਾਈਪਲਾਈਨ ਵਿੱਚ ਹੈ।
ਇਸ ਮੌਕੇ 'ਤੇ ਬੋਲਦੇ ਹੋਏ, ਗਲੋਬਲ ਟੀਵੀ, ਨੈੱਟਫਲਿਕਸ ਦੀ ਮੁਖੀ ਸੁਸ਼੍ਰੀ ਬੇਲਾ ਬਜਾਰੀਆ ਨੇ ਕਿਹਾ ਕਿ ਭਾਰਤ ਦੁਨੀਆ ਦੇ ਸਭ ਤੋਂ ਵੱਧ ਸਰਗਰਮ ਮਨੋਰੰਜਨ ਉਦਯੋਗਾਂ ਵਿੱਚੋਂ ਇੱਕ ਹੈ ਅਤੇ ਇੰਟਰਨੈੱਟ ਮਨੋਰੰਜਨ ਦੇ ਸਮੇਂ ਵਿੱਚ ਭਾਰਤ ਸ਼ਾਨਦਾਰ ਸਥਾਨ 'ਤੇ ਹੈ। ਉਨ੍ਹਾਂ ਕਿਹਾ, "ਨੈੱਟਫਲਿਕਸ ਇੱਕ ਅਜਿਹੇ ਦੌਰ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਹੈ ਜਦੋਂ ਭਾਰਤ ਤੋਂ ਕਹਾਣੀਆਂ ਨੂੰ ਦੁਨੀਆ ਵਿੱਚ ਨਿਰਯਾਤ ਕੀਤਾ ਜਾ ਰਿਹਾ ਹੈ ਅਤੇ ਆਲਮੀ ਪੱਧਰ 'ਤੇ ਸਭ ਤੋਂ ਵਧੀਆ ਭਾਰਤੀ ਕਹਾਣੀਆਂ ਲੱਭੀਆਂ ਅਤੇ ਪਸੰਦ ਕੀਤੀਆਂ ਜਾ ਰਹੀਆਂ ਹਨ।”
ਆਈਐਂਡਬੀ ਮੰਤਰਾਲੇ ਨਾਲ ਭਾਈਵਾਲੀ 'ਤੇ ਟਿੱਪਣੀ ਕਰਦੇ ਹੋਏ, ਸੁਸ਼੍ਰੀ ਬਜਾਰੀਆ ਨੇ ਕਿਹਾ ਕਿ "ਆਪਣੀ ਸੁੰਦਰ ਕਲਾ, ਸੱਭਿਆਚਾਰ ਅਤੇ ਕਹਾਣੀ ਸੁਣਾਉਣ ਦੁਆਰਾ ਪਿਛਲੇ 75 ਵਰ੍ਹਿਆਂ ਵਿੱਚ ਭਾਰਤ ਦੇ ਵਿਕਾਸ ਨੂੰ ਮਨਾਉਣ ਅਤੇ ਸਵੀਕਾਰ ਕਰਨ ਲਈ ਨੈੱਟਫਲਿਕਸ ਨੂੰ ਐੱਮਆਈਬੀ ਨਾਲ ਸਾਂਝੇਦਾਰੀ ਕਰਨ 'ਤੇ ਮਾਣ ਹੈ।” ਉਨ੍ਹਾਂ ਅੱਗੇ ਕਿਹਾ ਕਿ "ਇਸ ਭਾਈਵਾਲੀ ਦੇ ਅਨੁਰੂਪ ਨੈੱਟਫਲਿਕਸ ਨੇ ਭਾਰਤ ਦੇ ਹਰ ਕੋਨੇ ਦੇ ਲੋਕਾਂ ਦੀ ਪ੍ਰਾਪਤੀ ਦਾ ਜਸ਼ਨ ਮਨਾਉਣ ਦੇ ਉਦੇਸ਼ ਨਾਲ ਅਸਲ ਜੀਵਨ ਦੀਆਂ ਕਹਾਣੀਆਂ 'ਤੇ ਅਧਾਰਿਤ ਲਘੂ ਵੀਡੀਓਜ਼ ਦੀ ਇੱਕ ਸੀਰੀਜ਼ ਬਣਾਈ ਹੈ।”
ਸੀਰੀਜ਼ ਦੇ ਪਹਿਲੇ ਸੈੱਟ ਦੇ ਵੀਡੀਓਜ਼ ਬਾਰੇ ਬੋਲਦਿਆਂ, ਸੁਸ਼੍ਰੀ ਬਜਾਰੀਆ ਨੇ ਕਿਹਾ ਕਿ ਇਹ ਕਹਾਣੀਆਂ ਅਦੁੱਤੀ ਮਹਿਲਾਵਾਂ ਦੀਆਂ ਹਨ ਜਿਨ੍ਹਾਂ ਨੇ ਆਪਣੇ ਸੁਪਨਿਆਂ ਨੂੰ ਪ੍ਰਾਪਤ ਕਰਨ ਲਈ ਕਠਿਨਾਈਆਂ ਨਾਲ ਜੂਝਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਲਈ ਨੈੱਟਫਲਿਕਸ ਦੀ ਪ੍ਰਤੀਬੱਧਤਾ ਮਜ਼ਬੂਤ ਹੈ ਅਤੇ ਵਧ ਰਹੀ ਹੈ ਅਤੇ ਨੈੱਟਫਲਿਕਸ ਦੇਸ਼ ਦੀਆਂ ਬਿਹਤਰੀਨ ਕਹਾਣੀਆਂ ਨੂੰ ਲੱਭਦਾ ਰਹੇਗਾ ਅਤੇ ਉਨ੍ਹਾਂ ਨੂੰ ਦੁਨੀਆ ਭਰ ਵਿੱਚ ਸਾਂਝਾ ਕਰਦਾ ਰਹੇਗਾ।
'ਆਜ਼ਾਦੀ ਕੀ ਅੰਮ੍ਰਿਤ ਕਹਾਣੀਆਂ' ਇੱਕ ਪ੍ਰਤੀਕ ਪਹਿਲ ਹੈ ਜੋ ਮਹਿਲਾ ਸਸ਼ਕਤੀਕਰਨ, ਵਾਤਾਵਰਣ ਅਤੇ ਸਥਿਰਤਾ ਅਤੇ ਹੋਰਨਾਂ ਸਮੇਤ ਵਿਭਿੰਨ ਵਿਸ਼ਿਆਂ 'ਤੇ ਪ੍ਰੇਰਣਾਦਾਇਕ ਭਾਰਤੀਆਂ ਦੀਆਂ ਸੁੰਦਰ ਕਹਾਣੀਆਂ ਨੂੰ ਸਾਹਮਣੇ ਲਿਆਉਂਦੀ ਹੈ। ਕਹਾਣੀਆਂ ਦੇ ਵਿਵਿਧ ਸੈੱਟ ਦੇਸ਼ ਦੇ ਹਰ ਕੋਨੇ ਤੋਂ ਭਾਰਤੀਆਂ ਨੂੰ ਪ੍ਰੇਰਿਤ ਅਤੇ ਸਸ਼ਕਤ ਕਰਨ ਦੀ ਕੋਸ਼ਿਸ਼ ਕਰਦੇ ਹਨ।
ਮੰਤਰਾਲੇ ਅਤੇ ਨੈੱਟਫਲਿਕਸ ਨੇ ਦੇਸ਼ ਭਰ ਦੀਆਂ ਸੱਤ ਮਹਿਲਾ ਪਰਿਵਰਤਨ ਨਿਰਮਾਤਾਵਾਂ ਨੂੰ ਪੇਸ਼ ਕਰਨ ਵਾਲੇ ਵੀਡੀਓਜ਼ ਦੇ ਪਹਿਲੇ ਸੈੱਟ ਨੂੰ ਤਿਆਰ ਕਰਨ ਲਈ ਸਹਿਯੋਗ ਕੀਤਾ ਹੈ ਜੋ ਨਵੀਆਂ ਪ੍ਰਾਪਤੀਆਂ ਹਾਸਲ ਕਰਨ ਬਾਰੇ ਆਪਣੇ ਅਨੁਭਵ ਸਾਂਝੇ ਕਰਦੀਆਂ ਹਨ। ਉਨ੍ਹਾਂ ਨੂੰ 'ਕੁਦਰਤ ਦੀਆਂ ਸ਼ਕਤੀਆਂ' ਵਜੋਂ ਪ੍ਰਦਰਸ਼ਿਤ ਕੀਤਾ ਗਿਆ ਹੈ ਕਿਉਂਕਿ ਉਹ ਇਸ ਬਾਰੇ ਬੋਲਦੀਆਂ ਹਨ ਕਿ ਉਨ੍ਹਾਂ ਲਈ 'ਆਜ਼ਾਦੀ' ਦਾ ਕੀ ਮਤਲਬ ਹੈ। ਭਾਰਤ ਦੀ ਵਿਲੱਖਣ ਵਿਭਿੰਨਤਾ ਨੂੰ ਦਰਸਾਉਂਦੀਆਂ, ਦੋ-ਦੋ ਮਿੰਟ ਦੀਆਂ ਇਹ ਲਘੂ ਫਿਲਮਾਂ ਦੇਸ਼ ਭਰ ਦੇ ਸਥਾਨਾਂ 'ਤੇ ਸ਼ੂਟ ਕੀਤੀਆਂ ਗਈਆਂ ਸਨ ਅਤੇ ਮੰਨੀ-ਪ੍ਰਮੰਨੀ ਅਦਾਕਾਰਾ, ਸੁਸ਼੍ਰੀ ਨੀਨਾ ਗੁਪਤਾ ਦੁਆਰਾ ਬਿਆਨ ਕੀਤੀਆਂ ਗਈਆਂ ਹਨ।
ਸੱਤ ਚੇਂਜਮੇਕਰਸ ਵਿੱਚ ਸੁਸ਼੍ਰੀ ਪੂਨਮ ਨੌਟਿਆਲ, ਇੱਕ ਹੈਲਥਕੇਅਰ ਵਰਕਰ, ਜੋ ਉੱਤਰਾਖੰਡ ਦੇ ਬਾਗੇਸ਼ਵਰ ਜ਼ਿਲ੍ਹੇ ਵਿੱਚ ਹਰ ਕਿਸੇ ਦਾ ਟੀਕਾਕਰਣ ਕਰਨ ਲਈ ਮੀਲਾਂ ਤੱਕ ਪੈਦਲ ਚੱਲੀ ਸੀ; ਡਾ. ਟੈਸੀ ਥਾਮਸ, ਭਾਰਤ ਵਿੱਚ ਮਿਜ਼ਾਈਲ ਪ੍ਰੋਜੈਕਟ ਦੀ ਅਗਵਾਈ ਕਰਨ ਵਾਲੀ ਪਹਿਲੀ ਮਹਿਲਾ ਵਿਗਿਆਨੀ; ਸੁਸ਼੍ਰੀ ਤਨਵੀ ਜਗਦੀਸ਼, ਭਾਰਤ ਦੀ ਪਹਿਲੀ ਪ੍ਰਤੀਯੋਗੀ ਮਹਿਲਾ ਸਟੈਂਡ-ਅੱਪ ਪੈਡਲਬੋਰਡਰ ਅਤੇ ਸੁਸ਼੍ਰੀ ਆਰੋਹੀ ਪੰਡਿਤ ਇੱਕ ਲਾਈਟ-ਸਪੋਰਟ ਏਅਰਕ੍ਰਾਫਟ ਵਿੱਚ ਅਟਲਾਂਟਿਕ ਮਹਾਸਾਗਰ ਅਤੇ ਪ੍ਰਸ਼ਾਂਤ ਮਹਾਸਾਗਰ ਨੂੰ ਇਕੱਲੇ ਪਾਰ ਕਰਨ ਵਾਲੀ ਦੁਨੀਆ ਦੀ ਸਭ ਤੋਂ ਛੋਟੀ ਉਮਰ ਦੀ ਅਤੇ ਪਹਿਲੀ ਮਹਿਲਾ ਪਾਇਲਟ ਵੀ ਸ਼ਾਮਲ ਹੈ।
ਤਿੰਨ ਵੀਡੀਓਜ਼, ਜਿਨ੍ਹਾਂ ਵਿੱਚ ਸੁਸ਼੍ਰੀ ਬਸੰਤੀ ਦੇਵੀ, ਸੁਸ਼੍ਰੀ ਅੰਸ਼ੂ ਅਤੇ ਸੁਸ਼੍ਰੀ ਹਰਸ਼ਿਨੀ ਸ਼ਾਮਲ ਹਨ; ਅਤੇ ਸੀਰੀਜ਼ ਬਾਰੇ ਇੱਕ ਝਲਕ ਪੇਸ਼ ਕਰਨ ਵਾਲਾ ਇੱਕ ਟ੍ਰੇਲਰ, ਅੱਜ ਰਿਲੀਜ਼ ਕੀਤਾ ਗਿਆ। ਮਿਸਾਲੀ ਮਹਿਲਾਵਾਂ ਨੂੰ ਉਜਾਗਰ ਕਰਨ ਅਤੇ ਉਨ੍ਹਾਂ ਦਾ ਸਨਮਾਨ ਕਰਨ 'ਤੇ ਧਿਆਨ ਕੇਂਦ੍ਰਤ ਕਰਦੇ ਹੋਏ, ਤਿੰਨ ਚੇਂਜਮੇਕਰਜ਼ ਨੂੰ ਸ਼੍ਰੀ ਅਨੁਰਾਗ ਠਾਕੁਰ ਦੁਆਰਾ ਸਨਮਾਨਿਤ ਕੀਤਾ ਗਿਆ। ਸ਼੍ਰੀ ਠਾਕੁਰ ਨੇ ਦੇਸ਼ ਭਰ ਵਿੱਚ ਮਹਿਲਾਵਾਂ ਦੇ ਸਸ਼ਕਤੀਕਰਨ ਅਤੇ ਉਦਾਹਰਣ ਦੇ ਕੇ ਅਗਵਾਈ ਕਰਨ ਦੇ ਉਨ੍ਹਾਂ ਦੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ।
ਕੋਸੀ ਨਦੀ ਦੀ ਮੁਕਤੀਦਾਤਾ ਬਸੰਤੀ ਦੇਵੀ ਦੀ ਕਹਾਣੀ
ਮਾਊਂਟ ਐਵਰੈਸਟ ਜੇਤੂ ਅੰਸ਼ੂ ਜਮਸੇਨਪਾ ਦੀ ਕਹਾਣੀ
ਹਰਸ਼ਿਨੀ ਕਾਨਹੇਕਰ ਦੀ ਕਹਾਣੀ, ਬਹਾਦਰ ਦਿਲ ਜੋ ਆਜੀਵਕਾ ਲਈ ਅੱਗ ਨਾਲ ਲੜਦੀ ਹੈ
ਭਾਰਤ ਦੀ ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ ਬਾਰੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੀ ਯਾਦ ਵਿੱਚ ਇਕੱਠੇ ਹੋਣ ‘ਤੇ ‘ਆਜ਼ਾਦੀ ਕੀ ਅੰਮ੍ਰਿਤ ਕਹਾਨੀਆਂ’ ਸੀਰੀਜ਼ ਦੀ ਸ਼ੁਰੂਆਤ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਤੇ ਨੈੱਟਫਲਿਕਸ ਦਰਮਿਆਨ ਭਾਈਵਾਲੀ ਵਿੱਚ ਇੱਕ ਹੋਰ ਅਧਿਆਏ ਜੋੜਦੀ ਹੈ।
ਇਹ ਪਾਰਟਨਰਸ਼ਿਪ, ਜਿਸ ਵਿੱਚ ਨੈੱਟਫਲਿਕਸ ਨੇ ਨਵੰਬਰ 2021 ਵਿੱਚ ਗੋਆ ਵਿੱਚ ਭਾਰਤ ਦੇ 52ਵੇਂ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦੌਰਾਨ ਵੀ ਹਿੱਸਾ ਲਿਆ ਸੀ, ਨਜ਼ਦੀਕੀ ਭਵਿੱਖ ਵਿੱਚ ਕੌਸ਼ਲ ਵਿਕਾਸ ਵਰਕਸ਼ਾਪਾਂ, ਮਾਸਟਰ ਕਲਾਸਾਂ, ਫਿਲਮ ਸਕ੍ਰੀਨਿੰਗ, ਲਘੂ ਫਿਲਮ ਪ੍ਰਤੀਯੋਗਤਾਵਾਂ ਜਿਹੀਆਂ ਪਹਿਲਾਂ ਜ਼ਰੀਏ ਹੋਰ ਮਜ਼ਬੂਤ ਕੀਤੀ ਜਾਵੇਗੀ।
'ਆਜ਼ਾਦੀ ਕੀ ਅੰਮ੍ਰਿਤ ਕਹਾਨੀਆਂ' ਦੇ ਵੀਡੀਓ ਮੰਤਰਾਲੇ ਅਤੇ ਨੈੱਟਫਲਿਕਸ ਦੇ ਵਿਭਿੰਨ ਸੋਸ਼ਲ ਮੀਡੀਆ ਚੈਨਲਾਂ 'ਤੇ ਉਪਲਬਧ ਹੋਣਗੇ, ਨਾਲ ਹੀ ਦੂਰਦਰਸ਼ਨ ਨੈੱਟਵਰਕ (ਲਿੰਕ ਜੋੜ ਸਕਦੇ ਹੋ) 'ਤੇ ਪ੍ਰਸਾਰਿਤ ਹੋਣਗੇ। ਉਨ੍ਹਾਂ ਨੂੰ ਜਲਦੀ ਹੀ ਗੁਜਰਾਤੀ, ਮਰਾਠੀ, ਬੰਗਾਲੀ, ਤਮਿਲ, ਅੰਗਰੇਜ਼ੀ ਅਤੇ ਮਲਿਆਲਮ ਜਿਹੀਆਂ ਹੋਰ ਭਾਸ਼ਾਵਾਂ ਵਿੱਚ ਵੀ ਉਪਲਬਧ ਕਰਵਾਇਆ ਜਾਵੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਕਹਾਣੀਆਂ ਦੇਸ਼ ਭਰ ਦੇ ਲੋਕ ਦੇਖ ਅਤੇ ਸੁਣ ਸਕਣ।
'ਆਜ਼ਾਦੀ ਕੀ ਅੰਮ੍ਰਿਤ ਕਹਾਨੀਆ' ਦਾ ਲਾਂਚ ਈਵੈਂਟ ਨਿਮਨਲਿਖਿਤ ਲਿੰਕ 'ਤੇ ਉਪਲਬਧ ਹੈ।https://youtu.be/MgfodJ5zmkk
***********
ਸੌਰਭ ਸਿੰਘ
(रिलीज़ आईडी: 1820209)
आगंतुक पटल : 169
इस विज्ञप्ति को इन भाषाओं में पढ़ें:
Tamil
,
Odia
,
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Kannada
,
Malayalam