ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮਾਣਯੋਗ ਸਕੌਟ ਮੌਰਿਸਨ ਨੇ ਦੂਸਰੇ ਇੰਡੀਆ-ਆਸਟ੍ਰੇਲੀਆ ਵਰਚੁਅਲ ਸਮਿਟ ਦਾ ਆਯੋਜਨ ਕੀਤਾ
Posted On:
21 MAR 2022 6:19PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮਾਣਯੋਗ ਸਕੌਟ ਮੌਰਿਸਨ ਨੇ ਦੂਸਰੇ ਇੰਡੀਆ-ਆਸਟ੍ਰੇਲੀਆ ਵਰਚੁਅਲ ਸਮਿਟ ਦਾ ਆਯੋਜਨ ਕੀਤਾ। ਇਸ ਸਮਿਟ ਦੌਰਾਨ, ਉਨ੍ਹਾਂ ਨੇ ਦੋਵਾਂ ਦੇਸ਼ਾਂ ਦੇ ਬਹੁਪੱਖੀ ਸਬੰਧਾਂ ਦੀ ਸਮੀਖਿਆ ਕੀਤੀ ਅਤੇ ਖੇਤਰੀ ਤੇ ਆਲਮੀ ਵਿਕਾਸ ਬਾਰੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ।
ਸਮਿਟ ਦੀ ਸ਼ੁਰੂਆਤ ਵਿੱਚ, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ ਵਿੱਚ ਭਿਆਨਕ ਹੜ੍ਹਾਂ ਕਾਰਨ ਹੋਈ ਤਬਾਹੀ ਅਤੇ ਨਤੀਜੇ ਵਜੋਂ ਜਾਨ-ਮਾਲ ਦੇ ਨੁਕਸਾਨ 'ਤੇ ਸੋਗ ਪ੍ਰਗਟ ਕੀਤਾ।
ਦੋਹਾਂ ਨੇਤਾਵਾਂ ਨੇ ਜੂਨ 2020 ਵਿੱਚ ਪਹਿਲੇ ਵਰਚੁਅਲ ਸਮਿਟ ਦੇ ਦੌਰਾਨ ਸਥਾਪਿਤ ਵਿਆਪਕ ਰਣਨੀਤਕ ਭਾਈਵਾਲੀ ਦੇ ਤਹਿਤ ਹੋਈ ਪ੍ਰਗਤੀ 'ਤੇ ਤਸੱਲੀ ਪ੍ਰਗਟਾਈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਆਪਸੀ ਸਬੰਧਾਂ ਦੇ ਵਧਦੇ ਦਾਇਰੇ 'ਤੇ ਤਸੱਲੀ ਪ੍ਰਗਟਾਈ। ਸਬੰਧਾਂ ਦੇ ਇਸ ਵਧਦੇ ਦਾਇਰੇ ਵਿੱਚ ਹੁਣ ਵਪਾਰ ਅਤੇ ਨਿਵੇਸ਼, ਰੱਖਿਆ ਅਤੇ ਸੁਰੱਖਿਆ, ਸਿੱਖਿਆ ਅਤੇ ਨਵੀਨਤਾ, ਵਿਗਿਆਨ ਅਤੇ ਟੈਕਨੋਲੋਜੀ, ਮਹੱਤਵਪੂਰਨ ਖਣਿਜ, ਜਲ ਪ੍ਰਬੰਧਨ, ਨਵੀਂ ਅਤੇ ਅਖੁੱਟ ਊਰਜਾ ਟੈਕਨੋਲੋਜੀ, ਕੋਵਿਡ-19 ਨਾਲ ਸਬੰਧਿਤ ਖੋਜ ਆਦਿ ਜਿਹੇ ਵਿਭਿੰਨ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਨੂੰ 29 ਪ੍ਰਾਚੀਨ ਕਲਾਕ੍ਰਿਤੀਆਂ ਵਾਪਸ ਕਰਨ ਦੀ ਵਿਸ਼ੇਸ਼ ਪਹਿਲ ਲਈ ਮਾਣਯੋਗ ਸਕੌਟ ਮੌਰਿਸਨ ਦਾ ਧੰਨਵਾਦ ਕੀਤਾ। ਇਨ੍ਹਾਂ ਕਲਾਕ੍ਰਿਤੀਆਂ ਵਿੱਚ ਸਦੀਆਂ ਪੁਰਾਣੀਆਂ ਮੂਰਤੀਆਂ, ਪੇਂਟਿੰਗਾਂ ਅਤੇ ਤਸਵੀਰਾਂ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ 9ਵੀਂ-10ਵੀਂ ਸਦੀ ਦੀਆਂ ਹਨ ਅਤੇ ਭਾਰਤ ਦੇ ਵੱਖ-ਵੱਖ ਹਿੱਸਿਆਂ ਦੀਆਂ ਹਨ। ਇਨ੍ਹਾਂ ਕਲਾਕ੍ਰਿਤੀਆਂ ਵਿੱਚ 12ਵੀਂ ਸਦੀ ਦੇ ਚੋਲ ਕਾਂਸੇ, ਰਾਜਸਥਾਨ ਦੀਆਂ 11ਵੀਂ-12ਵੀਂ ਸਦੀ ਦੀਆਂ ਜੈਨ ਮੂਰਤੀਆਂ, ਗੁਜਰਾਤ ਤੋਂ 12ਵੀਂ-13ਵੀਂ ਸਦੀ ਦੀ ਬਲੂਆ ਪੱਥਰ ਨਾਲ ਬਣੀ ਦੇਵੀ ਮਹਿਸ਼ਾਸੁਰਮਰਦਿਨੀ, 18ਵੀਂ-19ਵੀਂ ਸਦੀ ਦੀ ਚਿੱਤਰਕਾਰੀ ਅਤੇ ਸ਼ੁਰੂਆਤੀ ਦੌਰ ਦੀ ਜਿਲੇਟਿਨ ਚਾਂਦੀ ਦੀਆਂ ਤਸਵੀਰਾਂ ਸ਼ਾਮਲ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਕੋਵਿਡ-19 ਮਹਾਮਾਰੀ ਦੇ ਦੌਰਾਨ ਆਸਟ੍ਰੇਲੀਆ ਵਿੱਚ ਭਾਰਤੀ ਵਿਦਿਆਰਥੀਆਂ ਸਮੇਤ ਭਾਰਤੀ ਭਾਈਚਾਰੇ ਦੀ ਦੇਖਭਾਲ਼ ਕਰਨ ਲਈ ਪ੍ਰਧਾਨ ਮੰਤਰੀ ਮੌਰਿਸਨ ਦਾ ਧੰਨਵਾਦ ਕੀਤਾ।
ਦੋਹਾਂ ਨੇਤਾਵਾਂ ਨੇ ਸਾਂਝੀਆਂ ਕਦਰਾਂ-ਕੀਮਤਾਂ ਅਤੇ ਸਾਂਝੇ ਹਿਤਾਂ ਦੇ ਨਾਲ ਇੱਕ ਸਹਿਯੋਗੀ ਲੋਕਤੰਤਰ ਦੇ ਰੂਪ ਵਿੱਚ ਦੋਹਾਂ ਦੇਸ਼ਾਂ ਦੇ ਦਰਮਿਆਨ ਵਧ ਰਹੀ ਰਣਨੀਤਕ ਸ਼ਮੂਲੀਅਤ ਦੀ ਵੀ ਸ਼ਲਾਘਾ ਕੀਤੀ, ਜਿਸ ਵਿੱਚ ਇੱਕ ਸੁਤੰਤਰ, ਖੁੱਲ੍ਹਾ, ਸਮਾਵੇਸ਼ੀ ਅਤੇ ਸਮ੍ਰਿੱਧ ਹਿੰਦ-ਪ੍ਰਸ਼ਾਂਤ ਖੇਤਰ ਸ਼ਾਮਲ ਹੈ।
ਇਸ ਮੌਕੇ 'ਤੇ ਡੂੰਘੀ ਵਿਆਪਕ ਰਣਨੀਤਕ ਭਾਈਵਾਲੀ ਦੇ ਵੱਖ-ਵੱਖ ਪਹਿਲੂਆਂ ਨੂੰ ਸ਼ਾਮਲ ਕਰਦਾ ਇੱਕ ਸਾਂਝਾ ਬਿਆਨ ਜਾਰੀ ਕੀਤਾ ਗਿਆ। ਦੋਵੇਂ ਧਿਰਾਂ ਵਿਆਪਕ ਰਣਨੀਤਕ ਭਾਈਵਾਲੀ ਦੇ ਹਿੱਸੇ ਵਜੋਂ ਦੋਵਾਂ ਪ੍ਰਧਾਨ ਮੰਤਰੀਆਂ ਦੇ ਵਿਚਕਾਰ ਸਲਾਨਾ ਸਮਿਟ ਕਰਵਾਉਣ ਲਈ ਵੀ ਸਹਿਮਤ ਹੋਈਆਂ ਅਤੇ ਇਸ ਤਰ੍ਹਾਂ ਦੁਵੱਲੇ ਸਬੰਧਾਂ ਵਿੱਚ ਇੱਕ ਵਿਸ਼ੇਸ਼ ਪਹਿਲੂ ਜੁੜਿਆ।
********
ਡੀਐੱਸ/ਐੱਸਟੀ
(Release ID: 1808164)
Visitor Counter : 146
Read this release in:
Kannada
,
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Malayalam