ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਮੋਦੀ ਨੇ ‘ਮਾਤ੍ਰਭੂਮੀ’ ਦੇ ਸ਼ਤਾਬਦੀ ਵਰ੍ਹੇ ਦੇ ਸਮਾਰੋਹਾਂ ਦਾ ਉਦਘਾਟਨ ਕੀਤਾ


“ਅੰਮ੍ਰਿਤ ਕਾਲ ਸਾਨੂੰ ਇੱਕ ਮਜ਼ਬੂਤ, ਵਿਕਸਿਤ ਤੇ ਸਮਾਵੇਸ਼ੀ ਭਾਰਤ ਲਈ ਕੰਮ ਕਰਨ ਦਾ ਅਵਸਰ ਦਿੰਦਾ ਹੈ”

“ਹਰੇਕ ਮੀਡੀਆ ਹਾਊਸ ਨੇ ‘ਸਵੱਛ ਭਾਰਤ ਮਿਸ਼ਨ’ ਨੂੰ ਬੜੀ ਇਮਾਨਦਾਰੀ ਨਾਲ ਚੁੱਕਿਆ”

“ਮੀਡੀਆ ਨੇ ਯੋਗ, ਤੰਦਰੁਸਤੀ ਤੇ ‘ਬੇਟੀ ਬਚਾਓ ਬੇਟੀ ਪੜ੍ਹਾਓ’ ਨੂੰ ਪ੍ਰਸਿੱਧ ਬਣਾਉਣ ’ਚ ਬਹੁਤ ਉਤਸ਼ਾਹਜਨਕ ਭੂਮਿਕਾ ਨਿਭਾਈ ਹੈ”

“ਭਾਰਤ ਦੇ ਪ੍ਰਤਿਭਾਸ਼ਾਲੀ ਨੌਜਵਾਨਾਂ ਦੁਆਰਾ ਸੰਚਾਲਿਤ, ਸਾਡਾ ਦੇਸ਼ ਆਤਮਨਿਰਭਰਤਾ ਵੱਲ ਵਧ ਰਿਹਾ ਹੈ”

“ਸਾਡੇ ਪ੍ਰਯਤਨਾਂ ਦਾ ਮਾਰਗ–ਦਰਸ਼ਕ ਸਿਧਾਂਤ ਹੈ - ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਵਰਤਮਾਨ ਦੇ ਮੁਕਾਬਲੇ ਬਿਹਤਰ ਜੀਵਨ ਸ਼ੈਲੀ ਸੁਨਿਸ਼ਚਿਤ ਹੋਵੇ”

Posted On: 18 MAR 2022 12:00PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ‘ਮਾਤ੍ਰਭੂਮੀ’ ਦੇ ਸ਼ਤਾਬਦੀ ਵਰ੍ਹੇ ਦੇ ਸਮਾਰੋਹਾਂ ਦਾ ਉਦਘਾਟਨ ਕੀਤਾ।

ਪ੍ਰਧਾਨ ਮੰਤਰੀ ਨੇ ਅਖ਼ਬਾਰ ਦੀ ਯਾਤਰਾ ਵਿੱਚ ਸ਼ਾਮਲ ਸਾਰੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ, "ਮਹਾਤਮਾ ਗਾਂਧੀ ਦੇ ਆਦਰਸ਼ਾਂ ਤੋਂ ਪ੍ਰੇਰਿਤ, ‘ਮਾਤ੍ਰਭੂਮੀ’ ਦਾ ਜਨਮ ਭਾਰਤ ਦੇ ਸੁਤੰਤਰਤਾ ਸੰਘਰਸ਼ ਨੂੰ ਮਜ਼ਬੂਤ ਕਰਨ ਲਈ ਹੋਇਆ ਸੀ"। ਉਨ੍ਹਾਂ ਸਾਡੇ ਦੇਸ਼ ਦੇ ਲੋਕਾਂ ਨੂੰ ਬਸਤੀਵਾਦੀ ਸ਼ਾਸਨ ਦੇ ਵਿਰੁੱਧ ਇਕਜੁੱਟ ਕਰਨ ਲਈ ਪੂਰੇ ਭਾਰਤ ਵਿੱਚ ਸਥਾਪਿਤ ਕੀਤੇ ਗਏ ਅਖਬਾਰਾਂ ਅਤੇ ਪੱਤਰ-ਪੱਤਰਾਂ ਦੀ ਸ਼ਾਨਦਾਰ ਪਰੰਪਰਾ ’ਚ ਇਸ ਪ੍ਰਕਾਸ਼ਨ ਨੂੰ ਰੱਖਿਆ। ਉਨ੍ਹਾਂ ਨੇ ਲੋਕਮਾਨਯ ਤਿਲਕ, ਮਹਾਤਮਾ ਗਾਂਧੀ, ਗੋਪਾਲ ਕ੍ਰਿਸ਼ਨ ਗੋਖਲੇ, ਸ਼ਿਆਮਜੀ ਕ੍ਰਿਸ਼ਨ ਵਰਮਾ ਅਤੇ ਹੋਰਨਾਂ ਦੀਆਂ ਉਦਾਹਰਣਾਂ ਦਿੱਤੀਆਂ, ਜਿਨ੍ਹਾਂ ਨੇ ਭਾਰਤ ਦੇ ਆਜ਼ਾਦੀ ਸੰਘਰਸ਼ ਦੌਰਾਨ ਆਪਣੇ ਕੰਮ ਲਈ ਅਖ਼ਬਾਰ ਦੀ ਵਰਤੋਂ ਕੀਤੀ। ਉਨ੍ਹਾਂ ਨੇ ਐਮਰਜੈਂਸੀ ਦੌਰਾਨ ਭਾਰਤ ਦੇ ਲੋਕਤੰਤਰੀ ਸਿਧਾਂਤਾਂ ਨੂੰ ਬਰਕਰਾਰ ਰੱਖਣ ਲਈ ਸ਼੍ਰੀ ਐੱਮ.ਪੀ. ਵੀਰੇਂਦਰ ਕੁਮਾਰ ਦੇ ਪ੍ਰਯਤਨਾਂ ਨੂੰ ਵਿਸ਼ੇਸ਼ ਤੌਰ 'ਤੇ ਯਾਦ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਵੇਂ ਸਾਨੂੰ ਸਵਰਾਜ ਲਈ ਸੁਤੰਤਰਤਾ ਸੰਗ੍ਰਾਮ ਦੇ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰਨ ਦਾ ਮੌਕਾ ਨਹੀਂ ਮਿਲਿਆ "ਭਾਵੇਂ, ਇਹ ਅੰਮ੍ਰਿਤ ਕਾਲ ਸਾਨੂੰ ਇੱਕ ਮਜ਼ਬੂਤ, ਵਿਕਸਿਤ ਅਤੇ ਸਮਾਵੇਸ਼ੀ ਭਾਰਤ ਲਈ ਕੰਮ ਕਰਨ ਦਾ ਮੌਕਾ ਦਿੰਦਾ ਹੈ"। ਉਨ੍ਹਾਂ ਨੇ ਨਿਊ ਇੰਡੀਆ ਦੀਆਂ ਮੁਹਿੰਮਾਂ 'ਤੇ ਮੀਡੀਆ ਦੇ ਹਾਂ–ਪੱਖੀ ਪ੍ਰਭਾਵ ਬਾਰੇ ਵਿਸਤਾਰ ਨਾਲ ਦੱਸਿਆ। ਉਨ੍ਹਾਂ ਨੇ ਸਵੱਛ ਭਾਰਤ ਮਿਸ਼ਨ ਦੀ ਉਦਾਹਰਣ ਦਿੱਤੀ ਜਿੱਥੇ ਹਰ ਮੀਡੀਆ ਹਾਊਸ ਨੇ ਇਸ ਮਿਸ਼ਨ ਨੂੰ ਪੂਰੀ ਇਮਾਨਦਾਰੀ ਨਾਲ ਚੁੱਕਿਆ। ਇਸੇ ਤਰ੍ਹਾਂ ਮੀਡੀਆ ਨੇ ਯੋਗ, ਤੰਦਰੁਸਤੀ ਅਤੇ ‘ਬੇਟੀ ਬਚਾਓ ਬੇਟੀ ਪੜ੍ਹਾਓ’ ਨੂੰ ਮਕਬੂਲ ਬਣਾਉਣ ਵਿੱਚ ਬਹੁਤ ਉਤਸ਼ਾਹਜਨਕ ਭੂਮਿਕਾ ਨਿਭਾਈ ਹੈ। ਉਨ੍ਹਾਂ ਅੱਗੇ ਕਿਹਾ, “ਇਹ ਰਾਜਨੀਤੀ ਅਤੇ ਸਿਆਸੀ ਪਾਰਟੀਆਂ ਦੇ ਖੇਤਰ ਤੋਂ ਬਾਹਰ ਦੇ ਵਿਸ਼ੇ ਹਨ। ਉਹ ਆਉਣ ਵਾਲੇ ਸਾਲਾਂ ਵਿੱਚ ਇੱਕ ਬਿਹਤਰ ਰਾਸ਼ਟਰ ਬਣਾਉਣ ਬਾਰੇ ਹਨ।”

ਪ੍ਰਧਾਨ ਮੰਤਰੀ ਨੇ ਸੁਝਾਅ ਦਿੱਤਾ ਕਿ ਮੀਡੀਆ ਸੁਤੰਤਰਤਾ ਸੰਗ੍ਰਾਮ ਦੀਆਂ ਘੱਟ ਜਾਣੀਆਂ ਘਟਨਾਵਾਂ ਅਤੇ ਅਣਗੌਲੇ ਆਜ਼ਾਦੀ ਘੁਲਾਟੀਆਂ ਅਤੇ ਸੰਘਰਸ਼ ਨਾਲ ਜੁੜੇ ਸਥਾਨਾਂ ਨੂੰ ਉਜਾਗਰ ਕਰਨ ਦੇ ਯਤਨਾਂ ਨੂੰ ਵਧਾ ਸਕਦਾ ਹੈ। ਇਸੇ ਤਰ੍ਹਾਂ, ਅਖ਼ਬਾਰ ਗ਼ੈਰ-ਮੀਡੀਆ ਪਿਛੋਕੜ ਵਾਲੇ ਆਉਣ ਵਾਲੇ ਲੇਖਕਾਂ ਲਈ ਮੰਚ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਖੇਤਰਾਂ ਵਿੱਚ ਖੇਤਰੀ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨ ਦਾ ਇੱਕ ਵਧੀਆ ਤਰੀਕਾ ਹੋ ਸਕਦਾ ਹੈ ਜਿੱਥੇ ਉਹ ਬੋਲੀ ਨਹੀਂ ਜਾਂਦੀ।

ਅੱਜ ਦੇ ਦਿਨ ਅਤੇ ਯੁਗ ਵਿੱਚ ਭਾਰਤ ਤੋਂ ਵਿਸ਼ਵ ਦੀਆਂ ਉਮੀਦਾਂ ਬਾਰੇ ਬੋਲਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਮਹਾਮਾਰੀ ਨਾਲ ਨਜਿੱਠਣ ਵਿੱਚ ਅਸਮਰੱਥਾ ਦੀਆਂ ਸ਼ੁਰੂਆਤੀ ਅਟਕਲਾਂ ਨੂੰ ਖਾਰਜ ਕਰ ਦਿੱਤਾ ਹੈ। ਦੋ ਸਾਲਾਂ ਤੱਕ 80 ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਨ ਦੀ ਸੁਵਿਧਾ ਮਿਲੀ। ਉਨ੍ਹਾਂ ਦੱਸਿਆ ਕਿ ਵੈਕਸੀਨ ਦੀਆਂ 180 ਕਰੋੜ ਖੁਰਾਕਾਂ ਦਿੱਤੀਆਂ ਗਈਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਦੇ ਪ੍ਰਤਿਭਾਸ਼ਾਲੀ ਨੌਜਵਾਨਾਂ ਦੁਆਰਾ ਸੰਚਾਲਿਤ, ਸਾਡਾ ਦੇਸ਼ ਆਤਮਨਿਰਭਰਤਾ ਵੱਲ ਵਧ ਰਿਹਾ ਹੈ। ਇਸ ਸਿਧਾਂਤ ਦੇ ਮੂਲ ਵਿੱਚ ਭਾਰਤ ਨੂੰ ਇੱਕ ਆਰਥਿਕ ਪਾਵਰਹਾਊਸ ਬਣਾਉਣਾ ਹੈ ਜੋ ਘਰੇਲੂ ਅਤੇ ਵਿਸ਼ਵ–ਪੱਧਰੀ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ।” ਸ਼੍ਰੀ ਮੋਦੀ ਨੇ ਦੱਸਿਆ ਕਿ ਬੇਮਿਸਾਲ ਸੁਧਾਰ ਲਿਆਂਦੇ ਗਏ, ਜਿਸ ਨਾਲ ਆਰਥਿਕ ਤਰੱਕੀ ਨੂੰ ਹੁਲਾਰਾ ਮਿਲੇਗਾ। ਸਥਾਨਕ ਉੱਦਮ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਖੇਤਰਾਂ ’ਚ ਉਤਪਾਦਨ ਨਾਲ ਜੁੜੀਆਂ ਪ੍ਰੋਤਸਾਹਨ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ। ਭਾਰਤ ਦਾ ਸਟਾਰਟ-ਅੱਪ ਈਕੋਸਿਸਟਮ ਕਦੇ ਵੀ ਜ਼ਿਆਦਾ ਜੀਵੰਤ ਨਹੀਂ ਰਿਹਾ। ਪਿਛਲੇ ਚਾਰ ਸਾਲਾਂ ਵਿੱਚ, ਯੂਪੀਆਈ ਲੈਣ-ਦੇਣ ਦੀ ਗਿਣਤੀ 70 ਗੁਣਾ ਤੋਂ ਅਧਿਕ ਵਧੀ ਹੈ। ਨੈਸ਼ਨਲ ਇਨਫ੍ਰਾਸਟ੍ਰਕਚਰ ਪਾਈਪਲਾਈਨ 'ਤੇ 110 ਲੱਖ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਗਤੀਸ਼ਕਤੀ ਬੁਨਿਆਦੀ ਨਿਰਮਾਣ ਅਤੇ ਸ਼ਾਸਨ ਨੂੰ ਹੋਰ ਸਹਿਜ ਬਣਾਉਣ ਜਾ ਰਹੀ ਹੈ। ਉਨ੍ਹਾਂ ਕਿਹਾ, “ਅਸੀਂ ਇਹ ਸੁਨਿਸ਼ਚਿਤ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਾਂ ਕਿ ਭਾਰਤ ਦੇ ਹਰ ਪਿੰਡ ਵਿੱਚ ਹਾਈ-ਸਪੀਡ ਇੰਟਰਨੈੱਟ ਕਨੈਕਟੀਵਿਟੀ ਹੋਵੇ। ਸਾਡੇ ਪ੍ਰਯਤਨਾਂ ਦਾ ਮਾਰਗ–ਦਰਸ਼ਕ ਸਿਧਾਂਤ ਹੈ - ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਵਰਤਮਾਨ ਦੇ ਮੁਕਾਬਲੇ ਬਿਹਤਰ ਜੀਵਨ ਸ਼ੈਲੀ ਸੁਨਿਸ਼ਚਿਤ ਹੋਵੇ।”

 

 

*********

ਡੀਐੱਸ



(Release ID: 1807205) Visitor Counter : 159