ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਪ੍ਰਮੁੱਖ ਸਰਕਾਰੀ ਯੋਜਨਾਵਾਂ ਦੇ ਲਾਗੂਕਰਨ ਬਾਰੇ ਵਿਭਿੰਨ ਜ਼ਿਲ੍ਹਿਆਂ ਦੇ ਜ਼ਿਲ੍ਹਾ ਮੈਜਿਸਟ੍ਰੇਟਾਂ ਨਾਲ ਗੱਲਬਾਤ ਕੀਤੀ
“ਜਦੋਂ ਦੂਸਰਿਆਂ ਦੀਆਂ ਇੱਛਾਵਾਂ ਤੁਹਾਡੀਆਂ ਇੱਛਾਵਾਂ ਬਣ ਜਾਂਦੀਆਂ ਹਨ ਅਤੇ ਜਦੋਂ ਦੂਸਰਿਆਂ ਦੇ ਸੁਪਨਿਆਂ ਨੂੰ ਪੂਰਾ ਕਰਨਾ ਤੁਹਾਡੀ ਸਫ਼ਲਤਾ ਦਾ ਪੈਮਾਨਾ ਬਣ ਜਾਂਦਾ ਹੈ, ਤਾਂ ਕਰਤੱਵ ਦਾ ਉਹ ਮਾਰਗ ਇਤਿਹਾਸ ਰਚਦਾ ਹੈ”
“ਅੱਜ ਖ਼ਾਹਿਸ਼ੀ ਜ਼ਿਲ੍ਹੇ ਦੇਸ਼ ਦੀ ਪ੍ਰਗਤੀ ਦੀਆਂ ਰੁਕਾਵਟਾਂ ਨੂੰ ਦੂਰ ਕਰ ਰਹੇ ਹਨ। ਉਹ ਇੱਕ ਰੁਕਾਵਟ ਦੀ ਬਜਾਏ ਇੱਕ ਪ੍ਰਵੇਗਕ (ਐਕਸੀਲੇਟਰ) ਬਣ ਰਹੇ ਹਨ”
"ਅੱਜ, ਆਜ਼ਾਦੀ ਕਾ ਅੰਮ੍ਰਿਤ ਕਾਲ ਦੌਰਾਨ, ਦੇਸ਼ ਦਾ ਲਕਸ਼ ਸੇਵਾਵਾਂ ਅਤੇ ਸੁਵਿਧਾਵਾਂ ਦੀ 100% ਸੰਤ੍ਰਿਪਤਾ ਪ੍ਰਾਪਤ ਕਰਨਾ ਹੈ"
“ਦੇਸ਼ ਡਿਜੀਟਲ ਇੰਡੀਆ ਦੇ ਰੂਪ ਵਿੱਚ ਇੱਕ ਮੂਕ ਕ੍ਰਾਂਤੀ ਦੇਖ ਰਿਹਾ ਹੈ। ਇਸ ਵਿੱਚ ਕੋਈ ਵੀ ਜ਼ਿਲ੍ਹਾ ਪਿੱਛੇ ਨਹੀਂ ਰਹਿਣਾ ਚਾਹੀਦਾ।”
Posted On:
22 JAN 2022 1:53PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫਰੰਸ ਦੇ ਜ਼ਰੀਏ ਪ੍ਰਮੁੱਖ ਸਰਕਾਰੀ ਯੋਜਨਾਵਾਂ ਦੇ ਲਾਗੂਕਰਨ ਬਾਰੇ ਵਿਭਿੰਨ ਜ਼ਿਲ੍ਹਿਆਂ ਦੇ ਜ਼ਿਲ੍ਹਾ ਮੈਜਿਸਟ੍ਰੇਟਾਂ ਨਾਲ ਗੱਲਬਾਤ ਕੀਤੀ।
ਜ਼ਿਲ੍ਹਾ ਮੈਜਿਸਟ੍ਰੇਟਾਂ ਨੇ ਆਪਣੇ ਅਜਿਹੇ ਤਜਰਬੇ ਸਾਂਝੇ ਕੀਤੇ ਜਿਨ੍ਹਾਂ ਸਦਕਾ ਬਹੁਤ ਸਾਰੇ ਸੂਚਕਾਂ 'ਤੇ ਉਨ੍ਹਾਂ ਦੇ ਜ਼ਿਲ੍ਹਿਆਂ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਹੋਇਆ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੁਆਰਾ ਚੁੱਕੇ ਗਏ ਅਹਿਮ ਕਦਮਾਂ ਅਤੇ ਇਸ ਕੋਸ਼ਿਸ਼ ਵਿੱਚ ਉਨ੍ਹਾਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਉਨ੍ਹਾਂ ਤੋਂ ਸਿੱਧੇ ਤੌਰ ‘ਤੇ ਫੀਡਬੈਕ ਮੰਗੀ ਜਿਨ੍ਹਾਂ ਦੇ ਨਤੀਜੇ ਵਜੋਂ ਜ਼ਿਲ੍ਹਿਆਂ ਵਿੱਚ ਸਫ਼ਲਤਾ ਮਿਲੀ ਹੈ। ਉਨ੍ਹਾਂ ਇਹ ਵੀ ਪੁੱਛਿਆ ਕਿ ਖ਼ਾਹਿਸ਼ੀ ਜ਼ਿਲ੍ਹੇ ਪ੍ਰੋਗਰਾਮ ਤਹਿਤ ਕੰਮ ਕਰਨਾ ਉਨ੍ਹਾਂ ਦੁਆਰਾ ਪਹਿਲਾਂ ਕੀਤੇ ਗਏ ਕੰਮਾਂ ਨਾਲੋਂ ਕਿਵੇਂ ਵੱਖਰਾ ਹੈ। ਅਫ਼ਸਰਾਂ ਨੇ ਚਰਚਾ ਕੀਤੀ ਕਿ ਕਿਸ ਤਰ੍ਹਾਂ ਜਨ ਭਾਗੀਦਾਰੀ ਇਸ ਸਫ਼ਲਤਾ ਪਿੱਛੇ ਮੁੱਖ ਕਾਰਕ ਹੈ। ਉਨ੍ਹਾਂ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਆਪਣੀ ਟੀਮ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਰੋਜ਼ਾਨਾ ਅਧਾਰ 'ਤੇ ਪ੍ਰੇਰਿਤ ਕੀਤਾ, ਅਤੇ ਇਹ ਭਾਵਨਾ ਪੈਦਾ ਕਰਨ ਲਈ ਪ੍ਰਯਤਨ ਕੀਤੇ ਕਿ ਉਹ ਕੋਈ ਕੰਮ ਨਹੀਂ ਕਰ ਰਹੇ ਸਨ, ਬਲਕਿ ਇੱਕ ਸੇਵਾ ਕਰ ਰਹੇ ਹਨ। ਉਨ੍ਹਾਂ ਵਧੇ ਹੋਏ ਅੰਤਰ-ਵਿਭਾਗੀ ਤਾਲਮੇਲ ਅਤੇ ਡੇਟਾ ਸੰਚਾਲਿਤ ਪ੍ਰਸ਼ਾਸਨ ਦੇ ਲਾਭਾਂ ਬਾਰੇ ਵੀ ਗੱਲ ਕੀਤੀ।
ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਨੀਤੀ ਆਯੋਗ ਨੇ ਖ਼ਾਹਿਸ਼ੀ ਜ਼ਿਲ੍ਹਾ ਪ੍ਰੋਗਰਾਮ ਦੀ ਪ੍ਰਗਤੀ ਅਤੇ ਲਾਗੂ ਕਰਨ ਬਾਰੇ ਸੰਖੇਪ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਪ੍ਰੋਗਰਾਮ ਨੇ ਟੀਮ ਇੰਡੀਆ ਦੀ ਭਾਵਨਾ ਦੁਆਰਾ ਸੰਚਾਲਿਤ, ਪ੍ਰਤੀਯੋਗੀ ਅਤੇ ਸਹਿਕਾਰੀ ਸੰਘਵਾਦ ਦਾ ਲਾਭ ਉਠਾਇਆ। ਪ੍ਰਯਤਨਾਂ ਦੇ ਨਤੀਜੇ ਵਜੋਂ ਇਨ੍ਹਾਂ ਜ਼ਿਲ੍ਹਿਆਂ ਨੇ ਹਰ ਮਾਪਦੰਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਇੱਕ ਤੱਥ ਜਿਸ ਨੂੰ ਵਿਸ਼ਵ ਮਾਹਿਰਾਂ ਦੁਆਰਾ ਵੀ ਸੁਤੰਤਰ ਤੌਰ 'ਤੇ ਮਾਨਤਾ ਦਿੱਤੀ ਗਈ ਹੈ। ਬਾਂਕਾ, ਬਿਹਾਰ ਤੋਂ ਸਮਾਰਟ ਕਲਾਸਰੂਮ ਪਹਿਲ ਜਿਹੀਆਂ ਬਿਹਤਰੀਨ ਪਿਰਤਾਂ; ਕੋਰਾਪੁਟ, ਓਡੀਸ਼ਾ ਆਦਿ ਵਿੱਚ ਬਾਲ ਵਿਆਹਾਂ ਨੂੰ ਰੋਕਣ ਲਈ ਮਿਸ਼ਨ ਅਪਰਾਜਿਤਾ ਨੂੰ ਹੋਰ ਜ਼ਿਲ੍ਹਿਆਂ ਵਿੱਚ ਵੀ ਦੁਹਰਾਇਆ ਗਿਆ। ਜ਼ਿਲ੍ਹੇ ਦੇ ਪ੍ਰਮੁੱਖ ਅਧਿਕਾਰੀਆਂ ਦੇ ਕਾਰਜਕਾਲ ਦੀ ਸਥਿਰਤਾ ਦੇ ਨਾਲ-ਨਾਲ ਜ਼ਿਲ੍ਹਿਆਂ ਦੀ ਕਾਰਗੁਜ਼ਾਰੀ ਦਾ ਵਿਸ਼ਲੇਸ਼ਣ ਵੀ ਪੇਸ਼ ਕੀਤਾ ਗਿਆ।
ਗ੍ਰਾਮੀਣ ਵਿਕਾਸ ਸਕੱਤਰ ਨੇ ਖ਼ਾਹਿਸ਼ੀ ਜ਼ਿਲ੍ਹਿਆਂ ਵਿੱਚ ਕੀਤੇ ਗਏ ਫੋਕਸ ਕੀਤੇ ਕੰਮਾਂ ਦੀ ਤਰਜ਼ 'ਤੇ 142 ਚੁਣੇ ਹੋਏ ਜ਼ਿਲ੍ਹਿਆਂ ਦੇ ਵਿਕਾਸ ਦੇ ਮਿਸ਼ਨ ਬਾਰੇ ਇੱਕ ਪੇਸ਼ਕਾਰੀ ਦਿੱਤੀ। ਕੇਂਦਰ ਅਤੇ ਰਾਜ ਘੱਟ-ਵਿਕਾਸ ਵਾਲੇ ਖੇਤਰਾਂ ਵਿੱਚ ਵਧੇਰੇ ਵਿਕਾਸ ਕਰਨ ਲਈ ਇਨ੍ਹਾਂ ਪਹਿਚਾਣੇ ਗਏ ਜ਼ਿਲ੍ਹਿਆਂ ਨੂੰ ਅੱਪਲਿਫਟ ਕਰਨ ਲਈ ਮਿਲ ਕੇ ਕੰਮ ਕਰਨਗੇ। 15 ਮੰਤਰਾਲਿਆਂ ਅਤੇ ਵਿਭਾਗਾਂ ਨਾਲ ਸੰਬੰਧਿਤ 15 ਸੈਕਟਰਾਂ ਦੀ ਪਹਿਚਾਣ ਕੀਤੀ ਗਈ ਸੀ। ਇਨ੍ਹਾਂ ਸੈਕਟਰਾਂ ਵਿੱਚ, ਪ੍ਰਮੁੱਖ ਪ੍ਰਦਰਸ਼ਨ ਸੂਚਕਾਂ (ਕੇਪੀਆਈਸ) ਦੀ ਪਹਿਚਾਣ ਕੀਤੀ ਗਈ ਸੀ। ਸਰਕਾਰ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਚੁਣੇ ਗਏ ਜ਼ਿਲ੍ਹਿਆਂ ਵਿੱਚ ਕੇਪੀਆਈ ਅਗਲੇ ਇੱਕ ਵਰ੍ਹੇ ਵਿੱਚ ਰਾਜ ਦੀ ਔਸਤ ਨੂੰ ਪਾਰ ਕਰ ਜਾਣ ਅਤੇ ਦੋ ਵਰ੍ਹਿਆਂ ਵਿੱਚ ਉਹ ਰਾਸ਼ਟਰੀ ਔਸਤ ਦੇ ਬਰਾਬਰ ਆ ਜਾਣ। ਹਰੇਕ ਸਬੰਧਿਤ ਮੰਤਰਾਲੇ/ਵਿਭਾਗ ਨੇ ਕੇਪੀਆਈਸ (KPIs) ਦੇ ਆਪਣੇ ਸੈੱਟ ਦੀ ਪਹਿਚਾਣ ਕੀਤੀ ਹੈ, ਜਿਸ ਦੇ ਅਧਾਰ 'ਤੇ, ਜ਼ਿਲ੍ਹਿਆਂ ਦੀ ਚੋਣ ਕੀਤੀ ਗਈ ਸੀ। ਇਸ ਪਹਿਲ ਦਾ ਉਦੇਸ਼ ਜ਼ਿਲ੍ਹਿਆਂ ਵਿੱਚ ਵਿਭਿੰਨ ਵਿਭਾਗਾਂ ਦੁਆਰਾ ਮਿਸ਼ਨ ਮੋਡ ਵਿੱਚ, ਸਾਰੇ ਹਿਤਧਾਰਕਾਂ ਨਾਲ ਮਿਲ ਕੇ ਵਿਭਿੰਨ ਸਕੀਮਾਂ ਦੀ ਸੰਤ੍ਰਿਪਤਾ ਪ੍ਰਾਪਤ ਕਰਨਾ ਹੈ। ਵਿਭਿੰਨ ਮੰਤਰਾਲਿਆਂ ਅਤੇ ਵਿਭਾਗਾਂ ਦੇ ਸਕੱਤਰਾਂ ਨੇ ਇਸ ਬਾਰੇ ਇੱਕ ਕਾਰਜ ਯੋਜਨਾ ਦੀ ਸੰਖੇਪ ਜਾਣਕਾਰੀ ਪੇਸ਼ ਕੀਤੀ ਕਿ ਉਨ੍ਹਾਂ ਦੇ ਮੰਤਰਾਲਿਆਂ ਨੇ ਇਨ੍ਹਾਂ ਲਕਸ਼ਾਂ ਨੂੰ ਪ੍ਰਾਪਤ ਕਰਨ ਲਈ ਕਿਵੇਂ ਅੱਗੇ ਵਧਣਾ ਹੈ।
ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਦੂਸਰਿਆਂ ਦੀਆਂ ਇੱਛਾਵਾਂ ਤੁਹਾਡੀਆਂ ਇੱਛਾਵਾਂ ਬਣ ਜਾਂਦੀਆਂ ਹਨ, ਜਦੋਂ ਦੂਸਰਿਆਂ ਦੇ ਸੁਪਨਿਆਂ ਨੂੰ ਪੂਰਾ ਕਰਨਾ ਤੁਹਾਡੀ ਸਫ਼ਲਤਾ ਦਾ ਪੈਮਾਨਾ ਬਣ ਜਾਂਦਾ ਹੈ, ਤਾਂ ਕਰਤੱਵ ਦਾ ਉਹ ਮਾਰਗ ਇਤਿਹਾਸ ਸਿਰਜਦਾ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਦੇਸ਼ ਦੇ ਖ਼ਾਹਿਸ਼ੀ ਜ਼ਿਲ੍ਹਿਆਂ ਵਿੱਚ ਇਹ ਇਤਿਹਾਸ ਰਚਦੇ ਹੋਏ ਦੇਖ ਰਹੇ ਹਾਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਭਿੰਨ ਕਾਰਕਾਂ ਦੇ ਕਾਰਨ ਅਜਿਹੀ ਸਥਿਤੀ ਪੈਦਾ ਹੋ ਗਈ ਸੀ ਜਿੱਥੇ ਅਤੀਤ ਵਿੱਚ ਖ਼ਾਹਿਸ਼ੀ ਜ਼ਿਲ੍ਹੇ ਪਛੜਨ ਲਗ ਪਏ ਸਨ। ਸਰਬਪੱਖੀ ਵਿਕਾਸ ਦੀ ਸੁਵਿਧਾ ਲਈ, ਖ਼ਾਹਿਸ਼ੀ ਜ਼ਿਲ੍ਹਿਆਂ ਲਈ ਵਿਸ਼ੇਸ਼ ਹੈਂਡ ਹੋਲਡਿੰਗ ਕੀਤੀ ਗਈ। ਹੁਣ ਸਥਿਤੀ ਬਦਲ ਗਈ ਹੈ ਕਿਉਂਕਿ ਅੱਜ ਖ਼ਾਹਿਸ਼ੀ ਜ਼ਿਲ੍ਹੇ ਦੇਸ਼ ਦੀ ਪ੍ਰਗਤੀ ਦੀਆਂ ਰੁਕਾਵਟਾਂ ਨੂੰ ਦੂਰ ਕਰ ਰਹੇ ਹਨ। ਖ਼ਾਹਿਸ਼ੀ ਜ਼ਿਲ੍ਹੇ ਇੱਕ ਰੁਕਾਵਟ ਦੀ ਬਜਾਏ ਇੱਕ ਐਕਸੀਲੇਟਰ ਬਣ ਰਹੇ ਹਨ। ਪ੍ਰਧਾਨ ਮੰਤਰੀ ਨੇ ਖ਼ਾਹਿਸ਼ੀ ਜ਼ਿਲ੍ਹਿਆਂ ਵਿੱਚ ਮੁਹਿੰਮ ਦੇ ਕਾਰਨ ਹੋਏ ਵਿਸਤਾਰ ਅਤੇ ਪੁਨਰ-ਡਿਜ਼ਾਈਨਿੰਗ ਨੂੰ ਰੇਖਾਂਕਿਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨੇ ਸੰਵਿਧਾਨ ਦੀ ਸੰਘੀ ਭਾਵਨਾ ਅਤੇ ਸੱਭਿਆਚਾਰ ਨੂੰ ਇੱਕ ਠੋਸ ਰੂਪ ਦਿੱਤਾ ਹੈ, ਜਿਸ ਦਾ ਅਧਾਰ ਕੇਂਦਰ-ਰਾਜ ਅਤੇ ਸਥਾਨਕ ਪ੍ਰਸ਼ਾਸਨ ਦਾ ਟੀਮ ਵਰਕ ਹੈ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਖ਼ਾਹਿਸ਼ੀ ਜ਼ਿਲ੍ਹਿਆਂ ਵਿੱਚ ਵਿਕਾਸ ਲਈ, ਪ੍ਰਸ਼ਾਸਨ ਅਤੇ ਜਨਤਾ ਦਰਮਿਆਨ ਸਿੱਧਾ ਅਤੇ ਭਾਵਨਾਤਮਕ ਸੰਪਰਕ ਬਹੁਤ ਮਹੱਤਵਪੂਰਨ ਹੈ। ਇੱਕ ਕਿਸਮ ਦਾ 'ਉੱਪਰ ਤੋਂ ਹੇਠਾਂ' ਅਤੇ 'ਹੇਠਾਂ ਤੋਂ ਉੱਪਰ' ਸ਼ਾਸਨ ਦਾ ਪ੍ਰਵਾਹ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮਹੱਤਵਪੂਰਨ ਪਹਿਲੂ ਟੈਕਨੋਲੋਜੀ ਅਤੇ ਇਨੋਵੇਸ਼ਨ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਜ਼ਿਲ੍ਹਿਆਂ ਦਾ ਵੀ ਜ਼ਿਕਰ ਕੀਤਾ ਜਿੱਥੇ ਕੁਪੋਸ਼ਣ, ਸ਼ੁੱਧ ਪੀਣ ਵਾਲੇ ਪਾਣੀ ਅਤੇ ਟੀਕਾਕਰਣ ਜਿਹੇ ਖੇਤਰਾਂ ਵਿੱਚ ਟੈਕਨੋਲੋਜੀ ਅਤੇ ਇਨੋਵੇਸ਼ਨ ਦੀ ਵਰਤੋਂ ਕਰਕੇ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ ਗਏ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਖ਼ਾਹਿਸ਼ੀ ਜ਼ਿਲ੍ਹਿਆਂ ਵਿੱਚ ਕਨਵਰਜੈਂਸ ਦੇਸ਼ ਦੀ ਸਫ਼ਲਤਾ ਦਾ ਇੱਕ ਵੱਡਾ ਕਾਰਨ ਹੈ। ਸਾਰੇ ਸੰਸਾਧਨ ਉਹੋ ਜਿਹੇ ਹੀ ਹਨ, ਸਰਕਾਰੀ ਮਸ਼ੀਨਰੀ ਉਹੀ ਹੈ, ਅਧਿਕਾਰੀ ਉਹੀ ਹਨ ਪਰ ਨਤੀਜੇ ਵੱਖਰੇ ਹਨ। ਪੂਰੇ ਜ਼ਿਲ੍ਹੇ ਨੂੰ ਇੱਕ ਯੂਨਿਟ ਦੇ ਤੌਰ 'ਤੇ ਦੇਖਣਾ ਅਧਿਕਾਰੀ ਨੂੰ ਉਸ ਦੇ ਪ੍ਰਯਤਨਾਂ ਦੀ ਵਿਸ਼ਾਲਤਾ ਨੂੰ ਮਹਿਸੂਸ ਕਰਨ ਅਤੇ ਜੀਵਨ ਦੇ ਉਦੇਸ਼ ਅਤੇ ਅਰਥਪੂਰਨ ਤਬਦੀਲੀ ਲਿਆਉਣ ਦੀ ਸੰਤੁਸ਼ਟੀ ਦਾ ਅਹਿਸਾਸ ਕਰਨ ਦੇ ਯੋਗ ਬਣਾਉਂਦਾ ਹੈ।
ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਪਿਛਲੇ 4 ਵਰ੍ਹਿਆਂ ਦੌਰਾਨ, ਜਨ-ਧਨ ਖਾਤਿਆਂ ਵਿੱਚ ਤਕਰੀਬਨ ਹਰ ਖ਼ਾਹਿਸ਼ੀ ਜ਼ਿਲ੍ਹੇ ਵਿੱਚ 4-5 ਗੁਣਾ ਵਾਧਾ ਹੋਇਆ ਹੈ। ਤਕਰੀਬਨ ਹਰ ਪਰਿਵਾਰ ਵਿੱਚ ਪਖਾਨਾ ਹੈ ਅਤੇ ਹਰ ਪਿੰਡ ਵਿੱਚ ਬਿਜਲੀ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਜੀਵਨ ਵਿੱਚ ਇੱਕ ਨਵੀਂ ਊਰਜਾ ਭਰੀ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਠਿਨ ਜੀਵਨ ਕਾਰਨ ਖ਼ਾਹਿਸ਼ੀ ਜ਼ਿਲ੍ਹਿਆਂ ਦੇ ਲੋਕ ਜ਼ਿਆਦਾ ਮਿਹਨਤੀ, ਸਾਹਸੀ ਅਤੇ ਜੋਖਮ ਲੈਣ ਦੇ ਸਮਰੱਥ ਹਨ ਅਤੇ ਇਸ ਤਾਕਤ ਨੂੰ ਪਹਿਚਾਣਿਆ ਜਾਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਖ਼ਾਹਿਸ਼ੀ ਜ਼ਿਲ੍ਹਿਆਂ ਨੇ ਸਾਬਿਤ ਕੀਤਾ ਹੈ ਕਿ ਲਾਗੂ ਕਰਨ ਵਿੱਚ ਸਿਲੋਜ਼ ਨੂੰ ਖ਼ਤਮ ਕਰਕੇ ਸੰਸਾਧਨਾਂ ਦੀ ਸਰਵੋਤਮ ਵਰਤੋਂ ਹੁੰਦੀ ਹੈ। ਉਨ੍ਹਾਂ ਇਸ ਸੁਧਾਰ ਦੇ ਐਕਸਪੋਨੈਂਸ਼ੀਅਲ ਲਾਭਾਂ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਜਦੋਂ ਸਿਲੋਜ਼ ਖਤਮ ਹੁੰਦੇ ਹਨ, 1+1 ਦੋ ਨਹੀਂ ਬਣ ਜਾਂਦਾ, 1+1, 11 ਬਣ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਅੱਜ ਖ਼ਾਹਿਸ਼ੀ ਜ਼ਿਲ੍ਹਿਆਂ ਵਿੱਚ ਇਸ ਸਮੂਹਿਕ ਸ਼ਕਤੀ ਨੂੰ ਦੇਖਦੇ ਹਾਂ।
ਖ਼ਾਹਿਸ਼ੀ ਜ਼ਿਲ੍ਹਿਆਂ ਵਿੱਚ ਸ਼ਾਸਨ ਦੀ ਅਪ੍ਰੋਚ ਬਾਰੇ ਵਿਸਤਾਰ ਵਿੱਚ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ, ਸਭ ਤੋਂ ਪਹਿਲਾਂ, ਲੋਕਾਂ ਦੀਆਂ ਸਮੱਸਿਆਵਾਂ ਦੀ ਪਹਿਚਾਣ ਕਰਨ ਲਈ ਉਨ੍ਹਾਂ ਨਾਲ ਸਲਾਹ ਕੀਤੀ ਗਈ। ਦੂਸਰਾ, ਖ਼ਾਹਿਸ਼ੀ ਜ਼ਿਲ੍ਹਿਆਂ ਵਿੱਚ ਤਜ਼ਰਬਿਆਂ ਅਤੇ ਮਾਪਣਯੋਗ ਸੂਚਕਾਂ ਦੇ ਅਧਾਰ 'ਤੇ ਕੰਮ ਕਰਨ ਦੀ ਸ਼ੈਲੀ ਨੂੰ ਸੁਧਾਰਿਆ ਜਾਂਦਾ ਰਿਹਾ, ਪ੍ਰਗਤੀ ਦੀ ਅਸਲ ਸਮੇਂ ਦੀ ਨਿਗਰਾਨੀ, ਜ਼ਿਲ੍ਹਿਆਂ ਵਿੱਚ ਸੁਅਸਥ ਮੁਕਾਬਲਾ ਅਤੇ ਬਿਹਤਰੀਨ ਪਿਰਤਾਂ ਦੀ ਨਕਲ ਨੂੰ ਉਤਸ਼ਾਹਿਤ ਕੀਤਾ ਗਿਆ। ਤੀਸਰਾ, ਅਧਿਕਾਰੀਆਂ ਦੇ ਸਥਿਰ ਕਾਰਜਕਾਲ ਜਿਹੇ ਸੁਧਾਰਾਂ ਜ਼ਰੀਏ ਪ੍ਰਭਾਵੀ ਟੀਮਾਂ ਬਣਾਉਣ ਨੂੰ ਉਤਸ਼ਾਹਿਤ ਕੀਤਾ ਗਿਆ। ਇਸ ਨੇ ਸੀਮਿਤ ਸੰਸਾਧਨਾਂ ਦੇ ਬਾਵਜੂਦ ਵੱਡੇ ਨਤੀਜੇ ਪ੍ਰਾਪਤ ਕਰਨ ਵਿੱਚ ਮਦਦ ਕੀਤੀ। ਪ੍ਰਧਾਨ ਮੰਤਰੀ ਨੇ ਢੁਕਵੇਂ ਅਮਲ ਅਤੇ ਨਿਗਰਾਨੀ ਲਈ ਫੀਲਡ ਦੌਰਿਆਂ, ਨਿਰੀਖਣਾਂ ਅਤੇ ਰਾਤ ਦੇ ਠਹਿਰਨ ਲਈ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਵਿਕਸਿਤ ਕਰਨ ਲਈ ਕਿਹਾ।
ਪ੍ਰਧਾਨ ਮੰਤਰੀ ਨੇ ਨਵੇਂ ਭਾਰਤ ਦੀ ਬਦਲੀ ਹੋਈ ਮਾਨਸਿਕਤਾ ਵੱਲ ਅਧਿਕਾਰੀਆਂ ਦਾ ਧਿਆਨ ਦਿਵਾਇਆ। ਉਨ੍ਹਾਂ ਦੁਹਰਾਇਆ ਕਿ ਅੱਜ ਆਜ਼ਾਦੀ ਕਾ ਅੰਮ੍ਰਿਤ ਕਾਲ ਦੌਰਾਨ ਦੇਸ਼ ਦਾ ਲਕਸ਼ ਸੇਵਾਵਾਂ ਅਤੇ ਸੁਵਿਧਾਵਾਂ ਦੀ 100% ਸੰਤ੍ਰਿਪਤਾ ਪ੍ਰਾਪਤ ਕਰਨਾ ਹੈ। ਯਾਨੀ, ਹੁਣ ਤੱਕ ਅਸੀਂ ਜੋ ਮੀਲਪੱਥਰ ਹਾਸਲ ਕੀਤੇ ਹਨ, ਉਨ੍ਹਾਂ ਦੀ ਤੁਲਨਾ ਵਿੱਚ ਸਾਨੂੰ ਹਾਲੇ ਬਹੁਤ ਲੰਮਾ ਸਫ਼ਰ ਤੈਅ ਕਰਨਾ ਹੈ ਅਤੇ ਸਾਨੂੰ ਬਹੁਤ ਵੱਡੇ ਪੈਮਾਨੇ 'ਤੇ ਕੰਮ ਕਰਨਾ ਪਵੇਗਾ। ਉਨ੍ਹਾਂ ਜ਼ਿਲ੍ਹਿਆਂ ਦੇ ਸਾਰੇ ਪਿੰਡਾਂ ਤੱਕ ਸੜਕਾਂ, ਆਯੁਸ਼ਮਾਨ ਕਾਰਡ, ਹਰੇਕ ਵਿਅਕਤੀ ਨੂੰ ਬੈਂਕ ਖਾਤਾ, ਉੱਜਵਲਾ ਗੈਸ ਕਨੈਕਸ਼ਨ, ਬੀਮਾ, ਹਰੇਕ ਲਈ ਪੈਨਸ਼ਨ, ਮਕਾਨ ਬਣਾਉਣ ਲਈ ਸਮਾਂਬੱਧ ਲਕਸ਼ਾਂ 'ਤੇ ਜ਼ੋਰ ਦਿੱਤਾ। ਉਨ੍ਹਾਂ ਹਰ ਜ਼ਿਲ੍ਹੇ ਲਈ ਦੋ ਸਾਲ ਦਾ ਵਿਜ਼ਨ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਸੁਝਾਅ ਦਿੱਤਾ ਕਿ ਆਮ ਲੋਕਾਂ ਲਈ ਜੀਵਨ ਸੁਖਾਲਾ ਬਣਾਉਣ ਲਈ ਹਰੇਕ ਜ਼ਿਲ੍ਹਾ ਅਗਲੇ 3 ਮਹੀਨਿਆਂ ਵਿੱਚ ਮੁਕੰਮਲ ਕੀਤੇ ਜਾਣ ਵਾਲੇ 10 ਕੰਮਾਂ ਦੀ ਪਹਿਚਾਣ ਕਰ ਸਕਦਾ ਹੈ। ਇਸੇ ਤਰ੍ਹਾਂ, ਇਸ ਇਤਿਹਾਸਿਕ ਯੁਗ ਵਿੱਚ ਇਤਿਹਾਸਿਕ ਸਫ਼ਲਤਾ ਪ੍ਰਾਪਤ ਕਰਨ ਲਈ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨਾਲ 5 ਕਾਰਜ ਜੁੜ ਸਕਦੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਡਿਜੀਟਲ ਇੰਡੀਆ ਦੇ ਰੂਪ ਵਿੱਚ ਇੱਕ ਮੂਕ ਕ੍ਰਾਂਤੀ ਦੇਖ ਰਿਹਾ ਹੈ। ਇਸ ਵਿੱਚ ਕੋਈ ਵੀ ਜ਼ਿਲ੍ਹਾ ਪਿੱਛੇ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਡਿਜੀਟਲ ਬੁਨਿਆਦੀ ਢਾਂਚੇ ਦੇ ਹਰ ਪਿੰਡ ਤੱਕ ਪਹੁੰਚਣ ਅਤੇ ਸੇਵਾਵਾਂ ਅਤੇ ਸੁਵਿਧਾਵਾਂ ਨੂੰ ਘਰ-ਘਰ ਪਹੁੰਚਾਉਣ ਦਾ ਸਾਧਨ ਬਣਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੀਤੀ ਆਯੋਗ ਨੂੰ ਜ਼ਿਲ੍ਹਿਆਂ ਦੇ ਜ਼ਿਲ੍ਹਾ ਮੈਜਿਸਟ੍ਰੇਟਾਂ ਦੇ ਦਰਮਿਆਨ ਨਿਯਮਿਤ ਗੱਲਬਾਤ ਦਾ ਇੱਕ ਮੋਡ ਤਿਆਰ ਕਰਨ ਲਈ ਕਿਹਾ। ਕੇਂਦਰੀ ਮੰਤਰਾਲਿਆਂ ਨੂੰ ਇਨ੍ਹਾਂ ਜ਼ਿਲ੍ਹਿਆਂ ਨੂੰ ਦਰਪੇਸ਼ ਚੁਣੌਤੀਆਂ ਦਾ ਦਸਤਾਵੇਜ਼ ਬਣਾਉਣ ਲਈ ਕਿਹਾ ਗਿਆ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੇ ਵਿਭਿੰਨ ਮੰਤਰਾਲਿਆਂ ਅਤੇ ਵਿਭਾਗਾਂ ਨੇ 142 ਜ਼ਿਲ੍ਹਿਆਂ ਦੀ ਸੂਚੀ ਤਿਆਰ ਕੀਤੀ ਹੈ ਜੋ ਵਿਕਾਸ ਦੇ ਮਾਮਲੇ ਵਿੱਚ ਬਹੁਤ ਪਿੱਛੇ ਨਹੀਂ ਹਨ ਪਰ ਇੱਕ ਜਾਂ ਦੋ ਮਾਪਦੰਡਾਂ ਵਿੱਚ ਕਮਜ਼ੋਰ ਹਨ। ਪ੍ਰਧਾਨ ਮੰਤਰੀ ਨੇ ਉਸੇ ਤਰ੍ਹਾਂ ਦੀ ਸਮੂਹਿਕ ਅਪਰੋਚ ਨਾਲ ਕੰਮ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਜਿਵੇਂ ਕਿ ਖ਼ਾਹਿਸ਼ੀ ਜ਼ਿਲ੍ਹਿਆਂ ਵਿੱਚ ਕੀਤਾ ਜਾ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ “ਇਹ ਸਾਰੀਆਂ ਸਰਕਾਰਾਂ - ਭਾਰਤ ਸਰਕਾਰ, ਰਾਜ ਸਰਕਾਰਾਂ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰੀ ਮਸ਼ੀਨਰੀ ਲਈ ਇੱਕ ਨਵੀਂ ਚੁਣੌਤੀ ਹੈ। ਹੁਣ ਸਾਨੂੰ ਮਿਲ ਕੇ ਇਸ ਚੁਣੌਤੀ ਨੂੰ ਪੂਰਾ ਕਰਨਾ ਹੋਵੇਗਾ।”
ਪ੍ਰਧਾਨ ਮੰਤਰੀ ਨੇ ਸਿਵਲ ਕਰਮਚਾਰੀਆਂ ਨੂੰ ਤਾਕੀਦ ਕੀਤੀ ਕਿ ਉਹ ਆਪਣੀਆਂ ਸੇਵਾਵਾਂ ਵਿੱਚ ਆਪਣੇ ਪਹਿਲੇ ਦਿਨ ਨੂੰ ਯਾਦ ਕਰਨ ਅਤੇ ਦੇਸ਼ ਦੀ ਸੇਵਾ ਕਰਨ ਦੇ ਜਨੂੰਨ ਨੂੰ ਯਾਦ ਰੱਖਣ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਇਸੇ ਭਾਵਨਾ ਨਾਲ ਅੱਗੇ ਵਧਣ ਲਈ ਕਿਹਾ।
************
ਡੀਐੱਸ/ਏਕੇ
(Release ID: 1791834)
Visitor Counter : 181
Read this release in:
English
,
Urdu
,
Marathi
,
Hindi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam