ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਆਕਸੀਜਨ ਬੁਨਿਆਦੀ ਢਾਂਚੇ ਦੇ ਸਮੁੱਚੇ ਸਪੈਕਟ੍ਰਮ ਦੀ ਤਿਆਰੀ ਦੀ ਸਥਿਤੀ ਦੀ ਸਮੀਖਿਆ ਕੀਤੀ, ਜਿਸ ਵਿੱਚ ਪੀਐੱਸਏ ਪਲਾਂਟ, ਆਕਸੀਜਨ ਕੰਸਨਟ੍ਰੇਟਰਸ ਅਤੇ ਆਕਸੀਜਨ ਸਿਲੰਡਰ ਅਤੇ ਵੈਂਟੀਲੇਟਰ ਸ਼ਾਮਲ ਹਨ



ਮਰੀਜ਼ਾਂ ਦੀ ਦੇਖਭਾਲ ਲਈ ਸਮੇਂ ਸਿਰ ਉਪਲਬਧਤਾ ਲਈ ਆਕਸੀਜਨ ਉਪਕਰਣਾਂ ਨੂੰ ਕਾਰਜਸ਼ੀਲ ਰੱਖਣ ਨੂੰ ਯਕੀਨੀ ਬਣਾਉਣ ਦੀ ਮੁੱਖ ਜ਼ਿੰਮੇਵਾਰੀ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਹੈ



ਈਸੀਆਰਪੀ-II ਫੰਡਾਂ ਦੀ ਸਰਵੋਤਮ ਵਰਤੋਂ ਨੂੰ ਯਕੀਨੀ ਬਣਾਉਣ ਲਈ ਰਾਜਾਂ 'ਤੇ ਮੁਕੰਮਲ ਜ਼ਿੰਮੇਵਾਰੀ



ਸਾਰੇ ਪੱਧਰਾਂ 'ਤੇ ਉਪਕਰਣ ਅਪਰੇਟਰਾਂ ਦੀ ਟ੍ਰੇਨਿੰਗ ਪੂਰੀ ਕੀਤੀ ਜਾਵੇਗੀ

Posted On: 07 JAN 2022 6:09PM by PIB Chandigarh

ਕੇਂਦਰੀ ਸਿਹਤ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ ਨੇ ਅੱਜ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਕੋਵਿਡ-19 ਮਹਾਮਾਰੀ ਦੇ ਸਮੇਂ ਸਿਰ ਅਤੇ ਪ੍ਰਭਾਵੀ ਪ੍ਰਬੰਧਨ ਲਈ ਵੈਂਟੀਲੇਟਰ, ਪੀਐੱਸਏ/ਆਕਸੀਜਨ ਪਲਾਂਟ, ਆਕਸੀਜਨ ਕੰਸਨਟ੍ਰੇਟਰ ਅਤੇ ਆਕਸੀਜਨ ਸਿਲੰਡਰ ਸਮੇਤ ਆਕਸੀਜਨ ਉਪਕਰਣਾਂ ਦੇ ਸਮੁੱਚੇ ਸਪੈਕਟ੍ਰਮ ਦੀ ਤਿਆਰੀ ਦੀ ਸਥਿਤੀ ਦੀ ਸਮੀਖਿਆ ਕਰਨ ਲਈ ਅੱਜ ਇੱਕ ਵੀਡੀਓ ਕਾਨਫਰੰਸ ਰਾਹੀਂ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ।

ਦੇਸ਼ ਭਰ ਵਿੱਚ ਕੋਵਿਡ ਦੇ ਕੇਸਾਂ ਦੀ ਵੱਧ ਰਹੀ ਗਿਣਤੀ ਨਾਲ ਪੈਦਾ ਹੋਈ ਚੁਣੌਤੀ ਨੂੰ ਰੇਖਾਂਕਿਤ ਕਰਦਿਆਂ ਓਮੀਕ੍ਰੋਨ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਕੇਂਦਰੀ ਸਿਹਤ ਸਕੱਤਰ ਨੇ ਜ਼ੋਰ ਦੇ ਕੇ ਕਿਹਾ ਕਿ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਇਹ ਮੁੱਢਲੀ ਅਤੇ ਮਹੱਤਵਪੂਰਨ ਜ਼ਿੰਮੇਵਾਰੀ ਹੈ ਕਿ ਉਹ ਸਾਰੇ ਆਕਸੀਜਨ ਉਪਕਰਣਾਂ ਨੂੰ ਯਕੀਨੀ ਬਣਾਉਣ, ਜਦੋਂ ਤੱਕ ਕਿ ਸਾਰੀਆਂ ਸਿਹਤ ਸੁਵਿਧਾਵਾਂ 'ਤੇ ਖੇਤਰੀ ਪੱਧਰ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਇੱਕ ਕਾਰਜਸ਼ੀਲ ਸਥਿਤੀ ਵਿੱਚ ਰੱਖਿਆ ਜਾਂਦਾ ਹੈ।

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਰੋਜ਼ਾਨਾ ਸਮੀਖਿਆਵਾਂ ਰਾਹੀਂ, ਈਸੀਆਰਪੀ-II ਫੰਡਾਂ ਦੀ ਪੂਰੀ ਅਤੇ ਅਨੁਕੂਲ ਵਰਤੋਂ ਨੂੰ ਯਕੀਨੀ ਬਣਾਉਣ ਅਤੇ ਸਮਰਪਿਤ ਐੱਨਐੱਚਐੱਮ ਪੀਐੱਮਐੱਸ ਪੋਰਟਲ 'ਤੇ ਖਰਚ ਨੂੰ ਅਪਲੋਡ ਕਰਨ ਲਈ ਤਾਕੀਦ ਕੀਤੀ ਗਈ ਸੀ ਤਾਂ ਜੋ ਉਪ-ਜ਼ਿਲ੍ਹਾ ਪੱਧਰ ਤੱਕ ਸਿਹਤ ਸੰਭਾਲ ਸੁਵਿਧਾਵਾਂ ਨੂੰ ਮਜ਼ਬੂਤ ​​ਕਰਨ ਲਈ ਹੋਰ ਫੰਡ ਜਾਰੀ ਕਰਨ ਦੇ ਯੋਗ ਹੋ ਸਕਣ। ਈਸੀਆਰਪੀ-II ਦੇ ਤਹਿਤ, ਤਰਲ ਮੈਡੀਕਲ ਆਕਸੀਜਨ [ਐੱਲਐੱਮਓ] ਟੈਂਕ ਅਤੇ ਮੈਡੀਕਲ ਗੈਸ ਪਾਈਪਲਾਈਨ ਸਿਸਟਮ [ਐੱਮਜੀਪੀਐੱਸ] ਨੂੰ ਸਥਾਪਿਤ ਕਰਨ ਲਈ ਫੰਡ ਵੀ ਉਪਲਬਧ ਕਰਵਾਏ ਗਏ ਹਨ। ਰਾਜਾਂ ਨੂੰ ਐੱਲਐੱਮਓ ਟੈਂਕਾਂ ਦੇ ਸਬੰਧ ਵਿੱਚ ਪੈਟਰੋਲੀਅਮ ਅਤੇ ਵਿਸਫੋਟਕ ਸੁਰੱਖਿਆ ਸੰਗਠਨ [ਪੀਈਐੱਸਓ] ਤੋਂ ਉਨ੍ਹਾਂ ਨੂੰ ਕਾਰਜਸ਼ੀਲ ਅਤੇ ਸੁਰੱਖਿਅਤ ਪ੍ਰਵਾਨਗੀ ਦੇਣ ਦੀ ਜ਼ਰੂਰਤ ਹੁੰਦੀ ਹੈ।

 

 

ਕੇਂਦਰੀ ਸਿਹਤ ਸਕੱਤਰ ਨੇ ਸਬੰਧਿਤ ਰਾਜਾਂ ਨੂੰ ਰੋਜ਼ਾਨਾ ਸਮੀਖਿਆਵਾਂ ਰਾਹੀਂ ਜੰਗੀ ਪੱਧਰ 'ਤੇ ਰਾਜ ਦੇ ਆਪਣੇ ਫੰਡਾਂ ਅਤੇ ਸੀਐੱਸਆਰ ਫੰਡਾਂ ਅਧੀਨ ਸਥਾਪਿਤ ਕੀਤੇ ਜਾ ਰਹੇ ਪੀਐੱਸਏ ਪਲਾਂਟਾਂ ਨੂੰ ਚਾਲੂ ਕਰਨ ਦੀ ਵੀ ਅਪੀਲ ਕੀਤੀ। ਰਾਜਾਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਬੇਨਤੀ ਕੀਤੀ ਗਈ ਸੀ ਕਿ ਪੀਐੱਸਏ ਪਲਾਂਟਾਂ ਦੀ ਮੌਕ ਡਰਿੱਲ ਕੀਤੀ ਜਾਵੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮਰੀਜ਼ ਦੇ ਬੈੱਡ 'ਤੇ ਆਕਸੀਜਨ ਦਾ ਪ੍ਰਵਾਹ ਬਿਨਾਂ ਕਿਸੇ ਲੀਕੇਜ ਦੇ ਉੱਚਿਤ ਸ਼ੁੱਧਤਾ, ਸਿਫ਼ਾਰਸ਼ ਕੀਤੇ ਆਊਟਲੈੱਟ ਪ੍ਰੈਸ਼ਰ ਅਨੁਸਾਰ ਹੈ। ਇਸ ਤੋਂ ਇਲਾਵਾ, ਫਲੋਮੀਟਰਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਕਾਰਜਸ਼ੀਲ ਸਥਿਤੀ ਵਿੱਚ ਰੱਖਣਾ ਚਾਹੀਦਾ ਹੈ। ਰਾਜਾਂ ਨੂੰ ਪ੍ਰਾਈਵੇਟ ਹਸਪਤਾਲਾਂ ਦੀਆਂ ਸੁਵਿਧਾਵਾਂ ਅਤੇ ਮੈਡੀਕਲ ਕਾਲਜ ਹਸਪਤਾਲਾਂ ਵਿੱਚ ਪੀਐੱਸਏ ਪਲਾਂਟਾਂ ਦੀ ਸਥਾਪਨਾ ਦੀ ਨਿਗਰਾਨੀ ਕਰਨ ਲਈ ਵੀ ਕਿਹਾ ਗਿਆ ਸੀ।

ਕੇਂਦਰੀ ਸਿਹਤ ਸਕੱਤਰ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਰਾਜਾਂ ਨੂੰ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਡਿਲੀਵਰ ਕੀਤੇ ਵੈਂਟੀਲੇਟਰ ਜਲਦੀ ਸਥਾਪਿਤ ਕੀਤੇ ਜਾਣ ਅਤੇ ਮਨੋਨੀਤ ਖੇਤਰ ਦੀਆਂ ਸਿਹਤ ਸੁਵਿਧਾਵਾਂ 'ਤੇ ਚਾਲੂ ਕੀਤੇ ਜਾਣ। ਉਨ੍ਹਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਡਿਲੀਵਰ ਕੀਤੇ ਅਤੇ ਸਥਾਪਿਤ ਵੈਂਟੀਲੇਟਰਾਂ ਵਿਚਕਾਰ ਮੌਜੂਦ ਵੱਡੇ ਪਾੜੇ ਨੂੰ ਦੂਰ ਕਰਨ, ਵਾਧੂ ਵੈਂਟੀਲੇਟਰਾਂ ਦੀ ਜ਼ਰੂਰਤ ਲਈ ਹਸਪਤਾਲਾਂ ਦੇ ਪ੍ਰਾਪਤੀ ਵੇਰਵੇ ਪ੍ਰਦਾਨ ਕਰਨ ਅਤੇ ਸਥਾਪਿਤ ਵੈਂਟੀਲੇਟਰਾਂ ਲਈ ਅੰਤਿਮ ਸਵੀਕ੍ਰਿਤੀ ਸਰਟੀਫਿਕੇਟ ਜਾਰੀ ਕਰਨ ਵਿੱਚ ਤੇਜ਼ੀ ਲਿਆਉਣ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਿਰਮਾਤਾਵਾਂ ਨਾਲ ਰੱਖ-ਰਖਾਅ ਦੇ ਇਕਰਾਰਨਾਮੇ ਨੂੰ ਅੰਤਿਮ ਰੂਪ ਦੇਣ ਵਿੱਚ ਤੇਜ਼ੀ ਲਿਆਉਣ ਲਈ ਅੱਗੇ ਯਾਦ ਦਿਵਾਇਆ ਗਿਆ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 30 ਅਗਸਤ 2021 ਨੂੰ ਸ਼ੁਰੂ ਕੀਤੀ ਗਈ ਔਨਲਾਈਨ ਸ਼ਿਕਾਇਤ ਪ੍ਰਬੰਧਨ ਪ੍ਰਣਾਲੀ ਵਿੱਚ ਵੈਂਟੀਲੇਟਰਾਂ ਨਾਲ ਸਬੰਧਿਤ ਕੋਈ ਵੀ ਸ਼ਿਕਾਇਤ ਦਰਜ ਕਰਨ ਦੀ ਸਲਾਹ ਦਿੱਤੀ ਗਈ ਸੀ।

ਇਹ ਇਸ਼ਾਰਾ ਕੀਤਾ ਗਿਆ ਕਿ ਕੇਂਦਰੀ ਸਿਹਤ ਮੰਤਰਾਲੇ ਨੇ 22 ਦਸੰਬਰ, 2021 ਤੋਂ ਰਾਸ਼ਟਰੀ ਆਕਸੀਜਨ ਸਟੀਵਰਡਸ਼ਿਪ ਪ੍ਰੋਗਰਾਮ ਸ਼ੁਰੂ ਕੀਤਾ ਹੈ। ਰਾਜਾਂ ਨੂੰ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਦੇਸ਼ ਭਰ ਵਿੱਚ ਅਪਰੇਟਰਾਂ ਦੀ ਤਕਨੀਕੀ ਟ੍ਰੇਨਿੰਗ ਪੂਰੀ ਹੋ ਜਾਵੇ। 738 ਜ਼ਿਲ੍ਹਿਆਂ ਨੂੰ ਕਵਰ ਕਰਨ ਵਾਲੇ ਉਕਤ ਟ੍ਰੇਨਿੰਗ ਪ੍ਰੋਗਰਾਮ ਵਿੱਚ 1600 ਤੋਂ ਵੱਧ ਉਮੀਦਵਾਰ ਸ਼ਾਮਲ ਹੋਏ। ਡਾਇਰੈਕਟੋਰੇਟ ਜਨਰਲ ਆਵ੍ ਟ੍ਰੇਨਿੰਗ [ਡੀਜੀਟੀ] ਦੁਆਰਾ ਦੇਸ਼ ਭਰ ਵਿੱਚ 24 ਖੇਤਰੀ ਕੇਂਦਰਾਂ ਰਾਹੀਂ ਇੱਕ ਔਨਲਾਈਨ ਪੀਐੱਸਏ ਟ੍ਰੇਨਿੰਗ ਪ੍ਰੋਗਰਾਮ ਵੀ ਚਲਾਇਆ ਜਾ ਰਿਹਾ ਹੈ। ਹੁਣ ਤੱਕ 180 ਘੰਟੇ ਦੇ ਟ੍ਰੇਨਿੰਗ ਪ੍ਰੋਗਰਾਮ ਤਹਿਤ 4690 ਉਮੀਦਵਾਰਾਂ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ, ਜਦ ਕਿ 6,825 ਉਮੀਦਵਾਰਾਂ ਨੇ 10 ਘੰਟੇ ਦੇ ਟ੍ਰੇਨਿੰਗ ਪ੍ਰੋਗਰਾਮ ਤਹਿਤ ਟ੍ਰੇਨਿੰਗ ਪ੍ਰਾਪਤ ਕੀਤੀ ਹੈ। 

ਰਾਜਾਂ ਨੂੰ ਵੀ ਦਵਾਈਆਂ ਦੇ ਢੁਕਵੇਂ ਬਫਰ ਭੰਡਾਰ ਨੂੰ ਯਕੀਨੀ ਬਣਾਉਣ ਲਈ ਚੌਕਸੀ ਦੀ ਸਥਿਤੀ ਬਣਾਈ ਰੱਖਣ ਲਈ ਕਿਹਾ ਗਿਆ ਹੈ। ਉਨ੍ਹਾਂ ਨੂੰ ਡਰੱਗਜ਼ ਅਤੇ ਵੈਕਸੀਨ ਡਿਸਟ੍ਰੀਬਿਊਸ਼ਨ ਮੈਨੇਜਮੈਂਟ ਸਿਸਟਮ [ਡੀਵੀਡੀਐੱਮਐੱਸ] ਪੋਰਟਲ 'ਤੇ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਮੈਡੀਕਲ ਕਾਲਜਾਂ ਦੇ ਨਾਲ ਬਫਰ ਭੰਡਾਰ ਦੇ ਵੇਰਵਿਆਂ ਨੂੰ ਅੱਪਡੇਟ ਕਰਨ ਲਈ ਕਿਹਾ ਗਿਆ ਸੀ। ਜਿਨ੍ਹਾਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਡੀਵੀਡੀਐੱਮਐੱਸ ਪੋਰਟਲ 'ਤੇ ਦਵਾਈਆਂ ਦੀ ਆਪਣੀ ਬਫਰ ਜ਼ਰੂਰਤ ਨੂੰ ਫ੍ਰੀਜ਼ ਨਹੀਂ ਕੀਤਾ ਹੈ, ਉਨ੍ਹਾਂ ਨੂੰ ਉਪਲਬਧ ਸਟਾਕਾਂ ਦੇ ਵੇਰਵਿਆਂ ਅਤੇ ਖਰੀਦ ਆਰਡਰ ਦੇ ਨਾਲ ਸਮੇਂ ਸਿਰ ਅੱਪਡੇਟ ਕਰਨ ਲਈ ਕਿਹਾ ਗਿਆ ਹੈ।

ਸਿਹਤ ਮੰਤਰਾਲੇ ਦੇ ਐਡੀਸ਼ਨਲ ਸਕੱਤਰ ਡਾ. ਮਨੋਹਰ ਅਗਨਾਨੀ; ਚੇਅਰਮੈਨ, ਐੱਨਪੀਪੀਏ ਸ਼੍ਰੀ ਕਮਲੇਸ਼ ਪੰਤ; ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਡਾ. ਮਨਦੀਪ ਕੇ ਭੰਡਾਰੀ; ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀਮਤੀ ਵੀ ਹੇਕਾਲੀ ਝੀਮੋਮੀ ਅਤੇ ਮੰਤਰਾਲੇ ਦੇ ਹੋਰ ਅਧਿਕਾਰੀ ਮੀਟਿੰਗ ਵਿੱਚ ਮੌਜੂਦ ਸਨ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਮੁੱਖ ਸਕੱਤਰ (ਸਿਹਤ), ਮਿਸ਼ਨ ਡਾਇਰੈਕਟਰ (ਐੱਨਐੱਚਐੱਮ) ਨੇ ਸਮੀਖਿਆ ਮੀਟਿੰਗ ਵਿੱਚ ਹਿੱਸਾ ਲਿਆ। ਕੋਲਾ, ਊਰਜਾ, ਰੇਲਵੇ ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਿਆਂ ਦੇ ਨੁਮਾਇੰਦੇ ਵੀ ਮੌਜੂਦ ਸਨ।

 

****

ਐੱਮਵੀ/ਏਐੱਲ 



(Release ID: 1788496) Visitor Counter : 149