ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਅਗਰਤਲਾ ਵਿੱਚ ਮਹਾਰਾਜਾ ਬੀਰ ਬਿਕਰਮ ਏਅਰਪੋਰਟ ਦੇ ਨਵੇਂ ਏਕੀਕ੍ਰਿਤ ਟਰਮੀਨਲ ਭਵਨ ਦਾ ਉਦਘਾਟਨ ਕੀਤਾ
ਪ੍ਰਧਾਨ ਮੰਤਰੀ ਨੇ ਤ੍ਰਿਪੁਰਾ ਦੇ ਅਗਰਤਲਾ ਵਿੱਚ ਦੋ ਪ੍ਰਮੁੱਖ ਵਿਕਾਸ ਪਹਿਲਾਂ ਦੀ ਸ਼ੁਰੂਆਤ ਕੀਤੀ
“ਹੀਰਾ (HIRA) ਮਾਡਲ ਦੇ ਅਧਾਰ ‘ਤੇ ਤ੍ਰਿਪੁਰਾ ਮਜ਼ਬੂਤ ਹੋ ਰਿਹਾ ਹੈ ਤੇ ਆਪਣੀ ਕਨੈਕਟੀਵਿਟੀ ਦਾ ਪਸਾਰ ਕਰ ਰਿਹਾ ਹੈ”
“ਸੜਕ, ਰੇਲ, ਹਵਾ ਤੇ ਜਲ ਕਨੈਕਟੀਵਿਟੀ ‘ਚ ਬੇਮਿਸਾਲ ਨਿਵੇਸ਼ ਤ੍ਰਿਪੁਰਾ ਨੂੰ ਵਪਾਰ ਤੇ ਉਦਘਯੋਗ ਦੇ ਨਾਲ–ਨਾਲ ਇੱਕ ਵਪਾਰਕ ਲਾਂਘੇ ਦੇ ਨਵੇਂ ਧੁਰੇ ਵਿੱਚ ਤਬਦੀਲ ਕਰ ਰਿਹਾ ਹੈ”
“ਇੱਕ ਦੋਹਰੇ–ਇੰਜਣ ਵਾਲੀ ਸਰਕਾਰ ਤੋਂ ਭਾਵ ਹੈ ਸਰੋਤਾਂ ਦੀ ਵਾਜਬ ਵਰਤੋਂ, ਇਸ ਤੋਂ ਭਾਵ ਹੈ ਸੂਖਮਤਾ ਤੇ ਲੋਕਾਂ ਦੀ ਤਾਕਤ ‘ਚ ਵਾਧਾ, ਇਸ ਦਾ ਮਤਲਬ ਹੈ ਸੰਕਲਪਾਂ ਦੀ ਪੂਰਤੀ ਅਤੇ ਖ਼ੁਸ਼ਹਾਲੀ ਵੱਲ ਇਕਜੁੱਟ ਕੋਸ਼ਿਸ਼”
प्रविष्टि तिथि:
04 JAN 2022 5:42PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਰਾਜਾ ਬੀਰ ਬਿਕਰਮ (MBB) ਏਅਰਪੋਰਟ ਦੇ ਨਵੇਂ ਏਕੀਕ੍ਰਿਤ ਟਰਮੀਨਲ ਭਵਨ ਦਾ ਉਦਘਾਟਨ ਕੀਤਾ ਅਤੇ ‘ਮੁਖਯਮੰਤਰੀ ਤ੍ਰਿਪੁਰਾ ਗ੍ਰਾਮ ਸਮ੍ਰਿੱਧੀ ਯੋਜਨਾ’ ਅਤੇ ਵਿਦਯਾਜਯੋਤੀ ਸਕੂਲਾਂ ਦੇ ਪ੍ਰੋਜੈਕਟ ਮਿਸ਼ਨ 100 ਜਿਹੀਆਂ ਪ੍ਰਮੁੱਖ ਪਹਿਲਾਂ ਦੀ ਸ਼ੁਰੂਆਤ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤ੍ਰਿਪੁਰਾ ਦੇ ਰਾਜਪਾਲ, ਸੱਤਿਆਦਿਓ ਨਾਰਾਇਣ ਆਰਿਆ, ਤ੍ਰਿਪੁਰਾ ਦੇ ਮੁੱਖ ਮੰਤਰੀ ਸ਼੍ਰੀ ਬਿਪਲਬ ਕੁਮਾਰ ਦੇਬ, ਕੇਂਦਰੀ ਮੰਤਰੀ ਸ਼੍ਰੀ ਜਯੋਤਿਰਾਦਿੱਤਿਆ ਸਿੰਧੀਆ ਅਤੇ ਸ਼੍ਰੀਮਤੀ ਪ੍ਰਤਿਮਾ ਭੌਮਿਕ ਮੌਜੂਦ ਸਨ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ 21ਵੀਂ ਸਦੀ ਦਾ ਭਾਰਤ; ‘ਸਬਕਾ ਸਾਥ, ਸਬਕਾ ਵਿਕਾਸ ਔਰ ਸਬਕਾ ਪ੍ਰਯਾਸ’ ਦੀ ਭਾਵਨਾ ਨਾਲ ਹਰੇਕ ਨੂੰ ਨਾਲ ਲੈ ਕੇ ਅੱਗੇ ਵਧੇਗਾ। ਜਿੱਥੇ ਕੁਝ ਰਾਜ ਪਿੱਛੇ ਰਹਿ ਜਾਂਦੇ ਹੋਣ ਅਤੇ ਆਮ ਲੋਕ ਕੁਝ ਬੁਨਿਆਦੀ ਸੁਵਿਧਾਵਾਂ ਤੋਂ ਵੀ ਵਾਂਝੀ ਰਹਿ ਗਈ ਹੋਵੇ, ਅਜਿਹਾ ਅਸੰਤੁਲਿਤ ਵਿਕਾਸ ਚੰਗਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਤ੍ਰਿਪੁਰਾ ਦੀ ਜਨਤਾ ਦਹਾਕਿਆਂ ਬੱਧੀ ਤੋਂ ਅਜਿਹਾ ਕੁਝ ਹੀ ਵੇਖਦੀ ਰਹੀ ਹੈ। ਸ਼੍ਰੀ ਮੋਦੀ ਨੇ ਬਹੁਤ ਜ਼ਿਆਦਾ ਭ੍ਰਿਸ਼ਟਾਚਾਰ ਅਤੇ ਬਿਨਾ ਕਿਸੇ ਦੂਰ–ਦ੍ਰਿਸ਼ਟੀ ਵਾਲੀਆਂ ਜਾਂ ਰਾਜ ਦੇ ਵਿਕਾਸ ਦੀ ਮਨਸ਼ਾ ਤੋਂ ਬਗ਼ੈਰ ਹੀ ਚਲਦੀਆਂ ਰਹੀਆਂ ਸਰਕਾਰਾਂ ਦੇ ਸਮਿਆਂ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਦ੍ਰਿਸ਼ ਤੋਂ ਬਾਅਦ ‘ਹੀਰਾ’ (HIRA) ਦੇ ਮੰਤਰ ਨਾਲ ਮੌਜੂਦਾ ਸ਼ਾਸਨ ਕਾਇਮ ਹੋਇਆ ਹੈ; ਜਿੱਥੇ ‘ਐੱਚ’ (H) ਤੋਂ ਭਾਵ ਹੈ ‘ਹਾਈਵੇਅ’ (ਰਾਜਮਾਰਗ), ‘ਆਈ’ (I) ਤੋਂ ਇੰਟਰਨੈੱਟ ਵੇਅ (ਇੰਟਰਨੈੱਟ ਮਾਰਗ), ‘ਆਰ’ (R) ਤੋਂ ‘ਰੇਲਵੇਜ਼’ ਅਤੇ ‘ਏ’ (A) ਤੋਂ ਭਾਵ ਹੈ ‘ਏਅਰਵੇਜ਼’ (ਹਵਾਈ ਮਾਰਗ) ਅਤੇ ਇਹ ਸਭ ਤ੍ਰਿਪੁਰਾ ‘ਚ ਕਨੈਕਟੀਵਿਟੀ ਵਿੱਚ ਸੁਧਾਰ ਲਿਆਉਣ ਲਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਤ੍ਰਿਪੁਰਾ ਮਜ਼ਬੂਤ ਹੋ ਰਿਹਾ ਹੈ ਅਤੇ ‘ਹੀਰਾ’ ਮਾਡਲ ਦੇ ਅਧਾਰ ਉੱਤੇ ਮਜ਼ਬੂਤ ਹੋ ਰਿਹਾ ਹੈ ਤੇ ਆਪਣੀ ਕਨੈਕਟੀਵਿਟੀ ਦਾ ਪਸਾਰ ਕਰ ਰਿਹਾ ਹੈ।
ਨਵੇਂ ਏਅਰਪੋਰਟ ‘ਤੇ ਟਿੱਪਣੀ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਏਅਰਪੋਰਟ ਤ੍ਰਿਪੁਰਾ ਦੇ ਸੱਭਿਆਚਾਰ, ਕੁਦਰਤੀ ਸੁੰਦਰਤਾ ਤੇ ਆਧੁਨਿਕ ਸੁਵਿਧਾਵਾਂ ਦਾ ਮਿਸ਼ਰਣ ਹੈ। ਇਹ ਏਅਰਪੋਰਟ ਉੱਤਰ–ਪੂਰਬ ਵਿੱਚ ਹਵਾਈ ਸੰਪਰਕ ਵਧਾਉਣ ਵਿੱਚ ਵੱਡੀ ਭੂਮਿਕਾ ਨਿਭਾਏਗਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਤ੍ਰਿਪੁਰਾ ਨੂੰ ਉੱਤਰ-ਪੂਰਬ ਦਾ ਗੇਟਵੇਅ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਚਲ ਰਿਹਾ ਹੈ। ਸੜਕ, ਰੇਲ, ਹਵਾਈ ਅਤੇ ਜਲ ਸੰਪਰਕ ਨਾਲ ਸਬੰਧਿਤ ਬੁਨਿਆਦੀ ਢਾਂਚੇ ਵਿੱਚ ਬੇਮਿਸਾਲ ਨਿਵੇਸ਼ ਹੋ ਰਿਹਾ ਹੈ। ਇਹ ਤ੍ਰਿਪੁਰਾ ਨੂੰ ਵਪਾਰ ਅਤੇ ਉਦਯੋਗ ਦੇ ਇੱਕ ਨਵੇਂ ਧੁਰੇ ਦੇ ਨਾਲ-ਨਾਲ ਇੱਕ ਵਪਾਰਕ ਲਾਂਘੇ ਵਿੱਚ ਤਬਦੀਲ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ “ਜਦੋਂ ਦੁੱਗਣੀ ਰਫ਼ਤਾਰ ਨਾਲ ਕੰਮ ਕਰਨ ਦੀ ਗੱਲ ਆਉਂਦੀ ਹੈ ਤਾਂ ਦੋਹਰੇ ਇੰਜਣ ਵਾਲੀ ਸਰਕਾਰ ਦਾ ਕੋਈ ਮੇਲ ਨਹੀਂ ਹੈ। ਦੋਹਰੇ ਇੰਜਣ ਵਾਲੀ ਸਰਕਾਰ ਦਾ ਅਰਥ ਹੈ ਸਰੋਤਾਂ ਦੀ ਸਹੀ ਵਰਤੋਂ, ਇਸਦਾ ਅਰਥ ਹੈ ਸੰਵੇਦਨਸ਼ੀਲਤਾ ਅਤੇ ਲੋਕਾਂ ਦੀ ਸ਼ਕਤੀ ਨੂੰ ਵਧਾਉਣਾ, ਇਸ ਦਾ ਅਰਥ ਹੈ ਸੇਵਾ ਅਤੇ ਸੰਕਲਪਾਂ ਦੀ ਪੂਰਤੀ, ਇਸ ਦਾ ਅਰਥ ਹੈ ਖੁਸ਼ਹਾਲੀ ਵੱਲ ਇਕਜੁੱਟ ਯਤਨ"।
ਭਲਾਈ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਤ੍ਰਿਪੁਰਾ ਦੇ ਰਿਕਾਰਡ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ‘ਮੁਖਯਮੰਤਰੀ ਤ੍ਰਿਪੁਰਾ ਗ੍ਰਾਮ ਸਮ੍ਰਿੱਧੀ ਯੋਜਨਾ’ ਸ਼ੁਰੂ ਕਰਨ ਲਈ ਰਾਜ ਦੀ ਸ਼ਲਾਘਾ ਕੀਤੀ, ਜਿਸ ਦਾ ਉਦੇਸ਼ ਪ੍ਰਧਾਨ ਮੰਤਰੀ ਦੀ ਉਸ ਦੂਰ–ਦ੍ਰਿਸ਼ਟੀ ਨੂੰ ਪੂਰਾ ਕਰਨਾ ਹੈ, ਜਿਸ ਨੂੰ ਉਨ੍ਹਾਂ ਨੇ ਲਾਲ ਕਿਲ੍ਹੇ ਦੀ ਫ਼ਸੀਲ ਤੋਂ ਬਿਆਨ ਕੀਤਾ ਸੀ ਕਿ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਤੇ ਇਸ ਦੀ ਕਵਰੇਜ ਨੂੰ ਆਖ਼ਰੀ ਸਿਰੇ ਤੱਕ ਪਹੁੰਚਾਉਣਾ ਹੈ। ਇਹ ਸਕੀਮ ਹਰ ਘਰ ਲਈ ਟੂਟੀ ਦੇ ਪਾਣੀ, ਆਵਾਸ, ਆਯੁਸ਼ਮਾਨ ਕਵਰੇਜ, ਬੀਮਾ ਕਵਰ, ਕੇਸੀਸੀ ਅਤੇ ਸੜਕਾਂ ਨੂੰ ਉਤਸ਼ਾਹਿਤ ਕਰੇਗੀ ਜਿਸ ਨਾਲ ਪਿੰਡਾਂ ਦੇ ਨਿਵਾਸੀਆਂ ਵਿੱਚ ਵਿਸ਼ਵਾਸ ਵਧੇਗਾ। ਪ੍ਰਧਾਨ ਮੰਤਰੀ ਨੇ ਪੀਐੱਮਏਵਾਈ ਦੀ ਕਵਰੇਜ ਨੂੰ ਬਿਹਤਰ ਬਣਾਉਣ ਲਈ ਪਰਿਭਾਸ਼ਾਵਾਂ ਨੂੰ ਬਦਲਣ ਹਿਤ ਕੰਮ ਕਰਨ ਵਾਸਤੇ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ। ਇਸ ਨਾਲ ਰਾਜ ਵਿੱਚ 1.8 ਲੱਖ ਪਰਿਵਾਰਾਂ ਨੂੰ ਪੱਕੇ ਮਕਾਨ ਮਿਲੇ ਹਨ, ਜਿਨ੍ਹਾਂ ਵਿੱਚੋਂ 50 ਹਜ਼ਾਰ ਘਰ ਪਹਿਲਾਂ ਹੀ ਕਬਜ਼ੇ ਲਈ ਦਿੱਤੇ ਜਾ ਚੁੱਕੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ 21ਵੀਂ ਸਦੀ ਵਿੱਚ ਭਾਰਤ ਨੂੰ ਆਧੁਨਿਕ ਬਣਾਉਣ ਵਾਲੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇਸ਼ ਵਿੱਚ ਲਾਗੂ ਕੀਤੀ ਜਾ ਰਹੀ ਹੈ। ਇਹ ਨੀਤੀ ਸਥਾਨਕ ਭਾਸ਼ਾ ਵਿੱਚ ਸਿੱਖਣ 'ਤੇ ਵੀ ਬਰਾਬਰ ਜ਼ੋਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਤ੍ਰਿਪੁਰਾ ਦੇ ਵਿਦਿਆਰਥੀ ਹੁਣ ਮਿਸ਼ਨ-100 ਅਤੇ 'ਵਿਦਯਾਜਯੋਤੀ' ਮੁਹਿੰਮ ਤੋਂ ਮਦਦ ਲੈਣ ਜਾ ਰਹੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ 15-18 ਉਮਰ ਵਰਗ ਦੇ ਨੌਜਵਾਨਾਂ ਨੂੰ ਟੀਕਾਕਰਣ ਦੀ ਮੁਹਿੰਮ ਇਹ ਯਕੀਨੀ ਬਣਾਏਗੀ ਕਿ ਨੌਜਵਾਨ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਕੋਈ ਰੁਕਾਵਟ ਨਾ ਆਵੇ। ਇਸ ਨਾਲ ਵਿਦਿਆਰਥੀਆਂ ਅਤੇ ਮਾਪਿਆਂ ਦੀਆਂ ਚਿੰਤਾਵਾਂ ਦੂਰ ਹੋ ਜਾਣਗੀਆਂ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਤ੍ਰਿਪੁਰਾ ਵਿੱਚ, 80 ਪ੍ਰਤੀਸ਼ਤ ਆਬਾਦੀ ਨੇ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ 65 ਪ੍ਰਤੀਸ਼ਤ ਨੇ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਪ੍ਰਾਪਤ ਕੀਤੀਆਂ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਤ੍ਰਿਪੁਰਾ ਛੇਤੀ ਹੀ 15-18 ਉਮਰ ਵਰਗ ਨੂੰ ਪੂਰੀ ਤਰ੍ਹਾਂ ਨਾਲ ਟੀਕਾਕਰਣ ਦਾ ਲਕਸ਼ ਹਾਸਲ ਕਰ ਲਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਤ੍ਰਿਪੁਰਾ ਦੇਸ਼ ਨੂੰ ਸਿੰਗਲ ਯੂਜ਼ ਪਲਾਸਟਿਕ ਦਾ ਬਦਲ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਇੱਥੇ ਬਣੇ ਬਾਂਸ ਦੇ ਝਾੜੂ, ਬਾਂਸ ਦੀਆਂ ਬੋਤਲਾਂ ਦੇ ਉਤਪਾਦਾਂ ਲਈ ਦੇਸ਼ ਵਿੱਚ ਇੱਕ ਵਿਸ਼ਾਲ ਮਾਰਕਿਟ ਤਿਆਰ ਕੀਤੀ ਜਾ ਰਹੀ ਹੈ। ਇਸ ਨਾਲ ਹਜ਼ਾਰਾਂ ਲੋਕਾਂ ਨੂੰ ਬਾਂਸ ਦੀਆਂ ਵਸਤਾਂ ਦੇ ਨਿਰਮਾਣ ਵਿੱਚ ਰੋਜ਼ਗਾਰ ਜਾਂ ਸਵੈ-ਰੋਜ਼ਗਾਰ ਮਿਲ ਰਿਹਾ ਹੈ। ਉਨ੍ਹਾਂ ਨੇ ਜੈਵਿਕ ਖੇਤੀ ਵਿੱਚ ਰਾਜ ਦੇ ਕੰਮ ਦੀ ਵੀ ਸ਼ਲਾਘਾ ਕੀਤੀ।
ਮਹਾਰਾਜਾ ਬੀਰ ਬਿਕਰਮ ਏਅਰਪੋਰਟ ਦਾ ਨਵਾਂ ਏਕੀਕ੍ਰਿਤ ਟਰਮੀਨਲ ਭਵਨ ਲਗਭਗ 450 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ ਅਤੇ ਆਧੁਨਿਕ ਸੁਵਿਧਾਵਾਂ ਵਾਲੀ ਅਤੇ ਨਵੀਨਤਮ ਆਈਟੀ ਨੈੱਟਵਰਕ-ਏਕੀਕ੍ਰਿਤ ਪ੍ਰਣਾਲੀ ਦੁਆਰਾ ਸਮਰਥਿਤ 30,000 ਵਰਗ ਮੀਟਰ ਵਿੱਚ ਫੈਲਿਆ ਇੱਕ ਅਤਿ-ਆਧੁਨਿਕ ਭਵਨ ਹੈ। ਵਿਦਯਾਜਯੋਤੀ ਸਕੂਲਾਂ ਦੇ ਪ੍ਰੋਜੈਕਟ ਮਿਸ਼ਨ 100 ਦਾ ਉਦੇਸ਼ 100 ਮੌਜੂਦਾ ਹਾਈ/ਹਾਇਰ ਸੈਕੰਡਰੀ ਸਕੂਲਾਂ ਨੂੰ ਅਤਿ-ਆਧੁਨਿਕ ਸੁਵਿਧਾਵਾਂ ਅਤੇ ਮਿਆਰੀ ਸਿੱਖਿਆ ਵਾਲੇ ਵਿਦਯਾਜਯੋਤੀ ਸਕੂਲਾਂ ਵਿੱਚ ਤਬਦੀਲ ਕਰਕੇ ਰਾਜ ਵਿੱਚ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣਾ ਹੈ। ਇਹ ਪ੍ਰੋਜੈਕਟ ਨਰਸਰੀ ਤੋਂ 12ਵੀਂ ਜਮਾਤ ਤੱਕ ਦੇ ਲਗਭਗ 1.2 ਲੱਖ ਵਿਦਿਆਰਥੀਆਂ ਨੂੰ ਕਵਰ ਕਰੇਗਾ ਅਤੇ ਅਗਲੇ ਤਿੰਨ ਸਾਲਾਂ ਵਿੱਚ ਇਸ 'ਤੇ ਲਗਭਗ 500 ਕਰੋੜ ਰੁਪਏ ਦੀ ਲਾਗਤ ਆਵੇਗੀ।
‘ਮੁਖਯਮੰਤਰੀ ਤ੍ਰਿਪੁਰਾ ਗ੍ਰਾਮ ਸਮ੍ਰਿੱਧੀ ਯੋਜਨਾ’ ਦਾ ਮੰਤਵ ਪਿੰਡ ਪੱਧਰ 'ਤੇ ਮੁੱਖ ਵਿਕਾਸ ਖੇਤਰਾਂ ਵਿੱਚ ਸੇਵਾ ਪ੍ਰਦਾਨ ਕਰਨ ਲਈ ਬੈਂਚਮਾਰਕ ਮਾਪਦੰਡਾਂ ਨੂੰ ਪ੍ਰਾਪਤ ਕਰਨਾ ਹੈ। ਇਸ ਯੋਜਨਾ ਲਈ ਚੁਣੇ ਗਏ ਪ੍ਰਮੁੱਖ ਖੇਤਰਾਂ ਵਿੱਚ ਘਰੇਲੂ ਟੂਟੀ ਕਨੈਕਸ਼ਨ, ਘਰੇਲੂ ਬਿਜਲੀ ਕਨੈਕਸ਼ਨ, ਹਰ ਮੌਸਮ ਵਿੱਚ ਸੜਕਾਂ, ਹਰ ਘਰ ਲਈ ਕਾਰਜਸ਼ੀਲ ਪਖਾਨੇ, ਹਰ ਬੱਚੇ ਲਈ ਸਿਫਾਰਸ਼ ਕੀਤੇ ਟੀਕਾਕਰਣ, ਸਵੈ-ਸਹਾਇਤਾ ਸਮੂਹਾਂ ਵਿੱਚ ਔਰਤਾਂ ਦੀ ਭਾਗੀਦਾਰੀ ਆਦਿ ਸ਼ਾਮਲ ਹਨ।
*********
ਡੀਐੱਸ/ਏਕੇ
(रिलीज़ आईडी: 1787531)
आगंतुक पटल : 263
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam