ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਕੁਸ਼ੀਨਗਰ ਦੇ ਮਹਾਪਰਿਨਿਰਵਾਣ ਮੰਦਿਰ ਵਿੱਚ ਅਭਿਧੰਮ ਦਿਵਸ ਦੇ ਅਵਸਰ ‘ਤੇ ਆਯੋਜਿਤ ਇੱਕ ਸਮਾਗਮ ਵਿੱਚ ਸ਼ਾਮਲ ਹੋਏ
"ਬੁੱਧ ਦਾ ਸੰਦੇਸ਼ ਸਮੁੱਚੇ ਵਿਸ਼ਵ ਲਈ ਹੈ, ਬੁੱਧ ਦਾ ਧੰਮ ਮਾਨਵਤਾ ਲਈ ਹੈ"
"ਬੁੱਧ ਇਸੇ ਕਰਕੇ ਸਰਵ ਵਿਆਪਕ ਹਨ ਕਿਉਂਕਿ ਬੁੱਧ ਆਪਣੇ ਅੰਦਰੋਂ ਅਰੰਭ ਕਰਨ ਲਈ ਕਹਿੰਦੇ ਹਨ, ਬੁੱਧ ਦਾ ਬੁੱਧਵਾਦ ਹੈ-ਸਰਬਉੱਚ ਜ਼ਿੰਮੇਵਾਰੀ ਦੀ ਭਾਵਨਾ”
"ਬੁੱਧ, ਅੱਜ ਵੀ, ਭਾਰਤ ਦੇ ਸੰਵਿਧਾਨ ਦੀ ਪ੍ਰੇਰਣਾ ਹੈ, ਬੁੱਧ ਦਾ ਧੰਮ-ਚੱਕਰ ਭਾਰਤ ਦੇ ਤਿਰੰਗੇ ਉੱਤੇ ਬਿਰਾਜਮਾਨ ਹੈ ਅਤੇ ਸਾਨੂੰ ਗਤੀ ਦੇ ਰਿਹਾ ਹੈ"
"ਭਗਵਾਨ ਬੁੱਧ ਦਾ ਸੰਦੇਸ਼ 'ਅਪਾ ਦੀਪੋ ਭਵ' ਭਾਰਤ ਲਈ ਆਤਮਨਿਰਭਰ ਬਣਨ ਦੀ ਪ੍ਰੇਰਣਾ ਹੈ"
Posted On:
20 OCT 2021 1:26PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੁਸ਼ੀਨਗਰ ਦੇ ਮਹਾਪਰਿਨਿਰਵਾਣ ਮੰਦਿਰ ਵਿੱਚ ਅਭਿਧੰਮ ਦਿਵਸ ਦੇ ਮੌਕੇ ਆਯੋਜਿਤ ਕੀਤੇ ਗਏ ਇੱਕ ਸਮਾਗਮ ਵਿੱਚ ਹਿੱਸਾ ਲਿਆ। ਇਸ ਮੌਕੇ ਉੱਤਰ ਪ੍ਰਦੇਸ਼ ਦੇ ਰਾਜਪਾਲ ਅਤੇ ਮੁੱਖ ਮੰਤਰੀ, ਕੇਂਦਰੀ ਮੰਤਰੀ, ਸ਼੍ਰੀ ਜੀ ਕਿਸ਼ਨ ਰੈੱਡੀ, ਸ਼੍ਰੀ ਕਿਰਨ ਰਿਜਿਜੂ, ਸ਼੍ਰੀ ਜਯੋਤੀਰਾਦਿੱਤਿਆ ਸਿੰਧੀਆ, ਸ੍ਰੀਲੰਕਾ ਸਰਕਾਰ ਵਿੱਚ ਕੈਬਨਿਟ ਮੰਤਰੀ, ਸ਼੍ਰੀ ਨਮਲ ਰਾਜਪਕਸ਼ੇ, ਸ੍ਰੀਲੰਕਾ ਦਾ ਬੋਧੀ ਵਫ਼ਦ, ਮਿਆਂਮਾਰ, ਵੀਅਤਨਾਮ, ਕੰਬੋਡੀਆ, ਥਾਈਲੈਂਡ, ਲਾਓ ਪੀਡੀਆਰ, ਭੂਟਾਨ, ਦੱਖਣੀ ਕੋਰੀਆ, ਸ੍ਰੀਲੰਕਾ, ਮੰਗੋਲੀਆ, ਜਾਪਾਨ, ਸਿੰਗਾਪੁਰ, ਨੇਪਾਲ ਦੇ ਡਿਪਲੋਮੈਟਸ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਅਸ਼ਵਿਨ ਪੂਰਣਿਮਾ ਦੇ ਸ਼ੁਭ ਅਵਸਰ ਅਤੇ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ ਦੀ ਮੌਜੂਦਗੀ ਦਾ ਜ਼ਿਕਰ ਕੀਤਾ। ਸ੍ਰੀਲੰਕਾ ਦੇ ਵਫ਼ਦ ਦਾ ਸਵਾਗਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਭਾਰਤ ਅਤੇ ਸ੍ਰੀਲੰਕਾ ਦਰਮਿਆਨ ਸਬੰਧਾਂ ਨੂੰ ਯਾਦ ਕੀਤਾ ਅਤੇ ਸਮਰਾਟ ਅਸ਼ੋਕ ਦੇ ਪੁੱਤਰ ਮਹੇਂਦਰ ਅਤੇ ਧੀ ਸੰਘਮਿੱਤਰਾ ਦੁਆਰਾ ਸ੍ਰੀਲੰਕਾ ਵਿੱਚ ਬੁੱਧ ਧਰਮ ਦਾ ਸੰਦੇਸ਼ ਲੈ ਕੇ ਜਾਣ ਦੀ ਗੱਲ ਕੀਤੀ। ਉਨ੍ਹਾਂ ਇਹ ਵੀ ਟਿੱਪਣੀ ਕੀਤੀ ਕਿ ਮੰਨਿਆ ਜਾਂਦਾ ਹੈ ਕਿ ਇਸ ਦਿਨ, 'ਅਰਹਤ ਮਹਿੰਦਾ' ਵਾਪਸ ਆਇਆ ਅਤੇ ਆਪਣੇ ਪਿਤਾ ਨੂੰ ਦੱਸਿਆ ਕਿ ਸ੍ਰੀਲੰਕਾ ਨੇ ਬੁੱਧ ਦੇ ਸੰਦੇਸ਼ ਨੂੰ ਕਿੰਨੀ ਊਰਜਾ ਨਾਲ ਸਵੀਕਾਰ ਕੀਤਾ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਖ਼ਬਰ ਨੇ ਇਹ ਵਿਸ਼ਵਾਸ ਵਧਾ ਦਿੱਤਾ ਕਿ ਬੁੱਧ ਦਾ ਸੰਦੇਸ਼ ਸਮੁੱਚੇ ਵਿਸ਼ਵ ਲਈ ਹੈ, ਬੁੱਧ ਦਾ ਧੰਮ ਮਾਨਵਤਾ ਲਈ ਹੈ।
ਭਗਵਾਨ ਬੁੱਧ ਦੇ ਸੰਦੇਸ਼ ਨੂੰ ਫੈਲਾਉਣ ਵਿੱਚ ਅੰਤਰਰਾਸ਼ਟਰੀ ਬੋਧੀ ਸੰਘ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ, ਪ੍ਰਧਾਨ ਮੰਤਰੀ ਨੇ ਸ਼੍ਰੀ ਸ਼ਕਤੀ ਸਿਨਹਾ ਨੂੰ ਅੰਤਰਰਾਸ਼ਟਰੀ ਬੋਧੀ ਸੰਘ ਦੇ ਡੀਜੀ ਵਜੋਂ ਉਨ੍ਹਾਂ ਦੇ ਯੋਗਦਾਨ ਲਈ ਯਾਦ ਕੀਤਾ। ਸ਼੍ਰੀ ਸਿਨਹਾ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਅੱਜ ਇੱਕ ਹੋਰ ਸ਼ੁਭ ਅਵਸਰ ਹੈ - ਤੁਸ਼ੀਤਾ ਸਵਰਗ ਤੋਂ ਭਗਵਾਨ ਬੁੱਧ ਦੀ ਧਰਤੀ ‘ਤੇ ਵਾਪਸੀ। ਇਸੇ ਲਈ, ਅੱਜ ਅਸ਼ਵਿਨ ਪੂਰਣਿਮਾ 'ਤੇ, ਭਿਕਸ਼ੂ ਆਪਣੇ ਤਿੰਨ ਮਹੀਨਿਆਂ ਦੇ ‘ਵਰਸ਼ਾਵਾਸ' ਨੂੰ ਵੀ ਪੂਰਾ ਕਰਦੇ ਹਨ। ਸ਼੍ਰੀ ਮੋਦੀ ਨੇ ਕਿਹਾ, “ਅੱਜ ਮੈਨੂੰ ਵੀ ‘ਵਰਸ਼ਾਵਾਸ’ ਤੋਂ ਬਾਅਦ ਸੰਘ ਦੇ ਭਿਕਸ਼ੂਆਂ ਨੂੰ ‘ਚਿਵਰ ਦਾਨ’ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਬੁੱਧ ਇਸੇ ਲਈ ਸਰਬਵਿਆਪਕ ਹਨ ਕਿਉਂਕਿ ਬੁੱਧ ਨੇ ਅੰਦਰੋਂ ਅਰੰਭ ਕਰਨ ਲਈ ਕਿਹਾ ਸੀ। ਬੁੱਧ ਦਾ ਬੁੱਧਤਵ ਪਰਮ ਜ਼ਿੰਮੇਵਾਰੀ ਦੀ ਭਾਵਨਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਜਦੋਂ ਵਿਸ਼ਵ ਵਾਤਾਵਰਣ ਸੁਰੱਖਿਆ ਦੀ ਗੱਲ ਕਰਦਾ ਹੈ, ਜਲਵਾਯੂ ਪਰਿਵਰਤਨ ਬਾਰੇ ਆਪਣੀ ਚਿੰਤਾ ਪ੍ਰਗਟ ਕਰਦਾ ਹੈ, ਤਾਂ ਇਸਦੇ ਨਾਲ ਕਈ ਪ੍ਰਸ਼ਨ ਉੱਠਦੇ ਹਨ। ਪਰ, ਜੇ ਅਸੀਂ ਬੁੱਧ ਦੇ ਸੰਦੇਸ਼ ਨੂੰ ਅਪਣਾਉਂਦੇ ਹਾਂ, ਤਾਂ 'ਕੌਣ ਕਰੇਗਾ' ਦੀ ਬਜਾਏ, 'ਕੀ ਕਰਨਾ ਹੈ' ਦਾ ਮਾਰਗ ਆਪਣੇ ਆਪ ਹੀ ਦਿਖਾਈ ਦੇਣ ਲਗਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬੁੱਧ ਮਾਨਵਤਾ ਦੀ ਆਤਮਾ ਵਿੱਚ ਵਸਦੇ ਹਨ ਅਤੇ ਵਿਭਿੰਨ ਸੱਭਿਆਚਾਰਾਂ ਅਤੇ ਦੇਸ਼ਾਂ ਨੂੰ ਜੋੜ ਰਹੇ ਹਨ। ਭਾਰਤ ਨੇ ਉਨ੍ਹਾਂ ਦੀ ਸਿੱਖਿਆ ਦੇ ਇਸ ਪਹਿਲੂ ਨੂੰ ਆਪਣੇ ਵਿਕਾਸ ਦੀ ਯਾਤਰਾ ਦਾ ਹਿੱਸਾ ਬਣਾਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ “ਭਾਰਤ ਨੇ ਕਦੇ ਵੀ ਗਿਆਨ, ਮਹਾਨ ਸੰਦੇਸ਼ਾਂ ਜਾਂ ਮਹਾਨ ਆਤਮਾਵਾਂ ਦੇ ਵਿਚਾਰਾਂ ਨੂੰ ਸੀਮਿਤ ਕਰਨ ਵਿੱਚ ਵਿਸ਼ਵਾਸ ਨਹੀਂ ਕੀਤਾ। ਜੋ ਵੀ ਸਾਡਾ ਸੀ ਉਹ ਸਾਰੀ ਮਾਨਵਤਾ ਨਾਲ ਸਾਂਝਾ ਕੀਤਾ। ਇਸੇ ਲਈ, ਅਹਿੰਸਾ ਅਤੇ ਹਮਦਰਦੀ ਜਿਹੀਆਂ ਮਾਨਵੀ ਕਦਰਾਂ-ਕੀਮਤਾਂ ਕੁਦਰਤੀ ਤੌਰ 'ਤੇ ਭਾਰਤ ਦੇ ਦਿਲ ਵਿੱਚ ਵਸ ਗਈਆਂ ਹਨ।"
ਪ੍ਰਧਾਨ ਮੰਤਰੀ ਨੇ ਕਿਹਾ ਕਿ ਬੁੱਧ, ਅੱਜ ਵੀ, ਭਾਰਤ ਦੇ ਸੰਵਿਧਾਨ ਦੀ ਪ੍ਰੇਰਣਾ ਹੈ, ਬੁੱਧ ਦਾ ਧੰਮ-ਚੱਕਰ ਭਾਰਤ ਦੇ ਤਿਰੰਗੇ ਉੱਤੇ ਬਿਰਾਜਮਾਨ ਹੈ ਅਤੇ ਸਾਨੂੰ ਗਤੀ ਦੇ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਵੀ, ਜੇ ਕੋਈ ਭਾਰਤ ਦੀ ਸੰਸਦ ਵਿੱਚ ਜਾਂਦਾ ਹੈ, ਤਾਂ ਇਹ ਮੰਤਰ ਨਿਸ਼ਚਿਤ ਰੂਪ ਵਿੱਚ ਦੇਖਿਆ ਜਾਂਦਾ ਹੈ - 'ਧਰਮ ਚੱਕਰ ਪ੍ਰਵਰਤਨਾਯ'।
ਗੁਜਰਾਤ ਵਿੱਚ ਭਗਵਾਨ ਬੁੱਧ ਦੇ ਪ੍ਰਭਾਵ ਅਤੇ ਖ਼ਾਸ ਕਰਕੇ ਪ੍ਰਧਾਨ ਮੰਤਰੀ ਦੀ ਜਨਮ ਭੂਮੀ ਵਡਨਗਰ ਬਾਰੇ ਗੱਲ ਕਰਦਿਆਂ, ਸ਼੍ਰੀ ਮੋਦੀ ਨੇ ਕਿਹਾ ਕਿ ਪੂਰਬੀ ਹਿੱਸਿਆਂ ਦੀ ਤਰ੍ਹਾਂ ਹੀ ਦੇਸ਼ ਦੇ ਪੱਛਮੀ ਅਤੇ ਦੱਖਣੀ ਹਿੱਸਿਆਂ ਵਿੱਚ ਵੀ ਬੁੱਧ ਦਾ ਪ੍ਰਭਾਵ ਬਰਾਬਰ ਦਿਖਾਈ ਦਿੰਦਾ ਹੈ। ਉਨ੍ਹਾਂ ਕਿਹਾ ਕਿ “ਗੁਜਰਾਤ ਦਾ ਅਤੀਤ ਦਰਸਾਉਂਦਾ ਹੈ ਕਿ ਬੁੱਧ ਹੱਦਾਂ ਅਤੇ ਦਿਸ਼ਾਵਾਂ ਤੋਂ ਪਰ੍ਹੇ ਸੀ। ਗੁਜਰਾਤ ਦੀ ਧਰਤੀ 'ਤੇ ਪੈਦਾ ਹੋਏ ਮਹਾਤਮਾ ਗਾਂਧੀ, ਬੁੱਧ ਦੇ ਸੱਚ ਅਤੇ ਅਹਿੰਸਾ ਦੇ ਸੰਦੇਸ਼ ਦੇ ਆਧੁਨਿਕ ਝੰਡਾਬਰਦਾਰ ਸਨ।“
ਭਗਵਾਨ ਬੁੱਧ ਦੇ ਕਥਨ "ਅੱਪ ਦੀਪੋ ਭਵ" ਭਾਵ "ਆਪਣਾ ਦੀਵਾ ਖੁਦ ਬਣੋ" ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਕੋਈ ਵਿਅਕਤੀ ਸਵੈ-ਪ੍ਰਕਾਸ਼ਮਾਨ ਹੁੰਦਾ ਹੈ, ਤਾਂ ਉਹ ਵਿਸ਼ਵ ਨੂੰ ਵੀ ਰੌਸ਼ਨ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤ ਲਈ ਆਤਮਨਿਰਭਰ ਬਣਨ ਦੀ ਪ੍ਰੇਰਣਾ ਹੈ। ਇਹ ਉਹ ਪ੍ਰੇਰਣਾ ਹੈ ਜੋ ਸਾਨੂੰ ਵਿਸ਼ਵ ਦੇ ਹਰੇਕ ਦੇਸ਼ ਦੀ ਪ੍ਰਗਤੀ ਵਿੱਚ ਹਿੱਸਾ ਲੈਣ ਦੀ ਤਾਕਤ ਦਿੰਦੀ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਟਿੱਪਣੀ ਕੀਤੀ ਕਿ ਭਾਰਤ ਦੁਆਰਾ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਨੂੰ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਔਰ ਸਬਕਾ ਪ੍ਰਯਾਸ ਦੇ ਮੰਤਰ ਵਿੱਚ ਅੱਗੇ ਲਿਜਾਇਆ ਜਾ ਰਿਹਾ ਹੈ।
********* *********
ਡੀਐੱਸ/ਏਕੇ
(Release ID: 1765324)
Visitor Counter : 213
Read this release in:
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam