ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਪੈਰਲੰਪਿਕ ਥੀਮ-ਗੀਤ ਜਾਰੀ ਕੀਤਾ ਜੇਕਰ ਤੁਸੀਂ ਸੁਪਨਾ ਦੇਖ ਸਕਦੇ ਹੋ ਤਾਂ ਤੁਸੀਂ ਸੁਪਨਾ ਸਾਕਾਰ ਵੀ ਕਰ ਸਕਦੇ ਹੋ: ਸ਼੍ਰੀ ਅਨੁਰਾਗ ਸਿੰਘ ਠਾਕੁਰ

Posted On: 03 AUG 2021 4:10PM by PIB Chandigarh

ਮੁੱਖ ਬਿੰਦੂ: 

  • ਗੀਤ ‘ਕਰ ਦੇ ਕਮਾਲ ਤੂ’ ਨੂੰ ਦਿਵਯਾਂਗ ਕ੍ਰਿਕੇਟ ਖਿਡਾਰੀ ਸੰਜੀਵ ਸਿੰਘ ਨੇ ਲਿਖਿਆ ਅਤੇ ਗਾਇਆ ਹੈ

  • ਇਸ ਵਾਰ ਰਿਕਾਰਡ 54 ਪੈਰਾ ਐਥਲੀਟ ਨੌਂ ਵਿਭਿੰਨ ਖੇਡਾਂ ਵਿੱਚ ਹਿੱਸਾ ਲੈਣਗੇ

ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤੀ ਪੈਰਾਲੰਪਿਕ ਦਲ ਦੇ ਥੀਮ-ਗੀਤ ‘‘ਕਰ ਦੇ ਕਮਾਲ ਤੂ’’ ਨੂੰ ਜਾਰੀ ਕੀਤਾ। ਇਸ ਅਵਸਰ ’ਤੇ ਖੇਡ ਮੰਤਰਾਲੇ ਦੇ ਸਕੱਤਰ ਸ਼੍ਰੀ ਰਵੀ ਮਿੱਤਲ, ਖੇਡ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਐੱਲਐੱਸ ਸਿੰਘ, ਭਾਰਤੀ ਪੈਰਾਲੰਪਿਕ ਕਮੇਟੀ (ਪੀਸੀਆਈ) ਦੀ ਪ੍ਰਧਾਨ ਡਾ. ਦੀਪਾ ਮਲਿਕ, ਜਨਰਲ ਸਕੱਤਰ ਸ਼੍ਰੀ ਗੁਰਸ਼ਰਨ ਸਿੰਘ ਅਤੇ ਮੁੱਖ ਸਰਪ੍ਰਸਤ ਸ਼੍ਰੀ ਅਵਿਨਾਸ਼ ਰਾਏ ਖੰਨਾ ਵੀ ਵਰਚੁਅਲ ਮਾਧਿਅਮ ਨਾਲ ਹਾਜ਼ਰ ਹੋਏ।

‘‘ਕਰ ਦੇ ਕਮਾਲ ਤੂ’’ ਗੀਤ ਨੂੰ ਦਿਵਯਾਂਗ ਕ੍ਰਿਕੇਟ ਖਿਡਾਰੀ ਸੰਜੀਵ ਸਿੰਘ ਨੇ ਲਿਖਿਆ ਅਤੇ ਗਾਇਆ ਹੈ ਜੋ ਲਖਨਊ ਦੇ ਰਹਿਣ ਵਾਲੇ ਹਨ। ਭਾਰਤੀ ਪੈਰਾਲੰਪਿਕ ਕਮੇਟੀ ਦਾ ਵਿਚਾਰ ਸੀ ਕਿ ਸਮਾਵੇਸ਼ਤਾ ਦੇ ਪ੍ਰਤੀਕ ਦੇ ਰੂਪ ਵਿੱਚ ਦਿਵਯਾਂਗ ਸਮੁਦਾਏ ਦੇ ਕਿਸੇ ਵਿਅਕਤੀ ਤੋਂ ਗੀਤ ਲਿਖਵਾਇਆ ਜਾਵੇ। ਇਸ ਗੀਤ ਦੇ ਬੋਲ ਨਾ ਸਿਰਫ਼ ਖਿਡਾਰੀਆਂ ਵਿੱਚ ਜੋਸ਼ ਭਰਦੇ ਹਨ, ਬਲਕਿ ਕਿਸੇ ਵੀ ਤਰ੍ਹਾਂ ਦੀ ਸਰੀਰਕ ਰੁਕਾਵਟ ਦਾ ਸਾਹਮਣਾ ਕਰਨ ਵਾਲੇ ਵਿਅਕਤੀਆਂ ਨੂੰ ਵੀ ਪ੍ਰੇਰਣਾ ਦਿੰਦੇ ਹਨ ਕਿ ਉਹ ਖੁਦ ਨੂੰ ਕਿਸੇ ਤੋਂ ਘੱਟ ਨਾ ਸਮਝਣ ਅਤੇ ਇਹ ਕਿ ਉਹ ਹਰ ਖੇਤਰ ਵਿੱਚ ਚਮਤਕਾਰ ਕਰ ਸਕਦੇ ਹਨ।

 

https://static.pib.gov.in/WriteReadData/userfiles/image/image0017YL3.jpg

 

ਇਸ ਅਵਸਰ ’ਤੇ ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ, ‘‘ਭਾਰਤ, ਟੋਕਿਓ ਓਲੰਪਿਕ ਦੇ 9 ਖੇਡ ਮੁਕਾਬਲਿਆਂ ਵਿੱਚ 54 ਪੈਰਾ ਖਿਡਾਰੀਆਂ ਨਾਲ ਆਪਣਾ ਹੁਣ ਤੱਕ ਦਾ ਸਭ ਤੋਂ ਵੱਡਾ ਦਲ ਭੇਜ ਰਿਹਾ ਹੈ। ਅਸੀਂ ਤੁਹਾਡੀ ਖੇਡ ਨੂੰ ਗੌਰ ਨਾਲ ਦੇਖਾਂਗੇ ਅਤੇ ਤੁਹਾਡੀ ਇਸ ਵਿਲੱਖਣ ਯਾਤਰਾ ਦੇ ਗਵਾਹ ਬਣਾਂਗੇ। ਸਾਡੇ ਪੈਰਾ ਐਥਲੀਟਾਂ ਦਾ ਦ੍ਰਿੜ ਸੰਕਲਪ ਉਨ੍ਹਾਂ ਦੀ ਅਸਾਧਾਰਨ ਮਨੁੱਖੀ ਭਾਵਨਾ ਨੂੰ ਦਿਖਾਉਂਦਾ ਹੈ। ਇਹ ਯਾਦ ਰੱਖੋ ਕਿ ਜਦੋਂ ਤੁਸੀਂ ਭਾਰਤ ਲਈ ਖੇਡ ਰਹੇ ਹੋਵੋਗੇ ਤਾਂ ਤੁਹਾਡਾ ਉਤਸ਼ਾਹ ਵਧਾ ਰਹੇ 130 ਕਰੋੜ ਭਾਰਤੀ ਤੁਹਾਡੇ ਨਾਲ ਹੋਣਗੇ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੇ ਪੈਰਾ ਐਥਲੀਟ ਆਪਣਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਦੇਣਗੇ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਡੇ ਰੀਓ 2016 ਪੈਰਾ ਓਲੰਪਿਕ ਖੇਡਾਂ ਦੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਸੀ ਅਤੇ ਉਹ ਹਮੇਸ਼ਾ ਸਾਡੇ ਖਿਡਾਰੀਆਂ ਦੇ ਕਲਿਆਣ ਲਈ ਗਹਿਰੀ ਰੁਚੀ ਰੱਖਦੇ ਹਨ। ਪ੍ਰਧਾਨ ਮੰਤਰੀ ਨੇ ਖੁਦ ਪੂਰੇ ਦੇਸ਼ ਵਿੱਚ ਖੇਡ ਸਬੰਧੀ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਨਾਲ ਨਾਲ ਪ੍ਰਤਿਭਾ ਦੇ ਪੋਸ਼ਣ ਲਈ ਸਰਕਾਰ ਦੇ ਦ੍ਰਿਸ਼ਟੀਕੋਣ ’ਤੇ ਧਿਆਨ ਦਿੱਤਾ ਹੈ। ਮੈਂ ਭਾਰਤ ਦੀ ਪੈਰਲੰਪਿਕ ਕਮੇਟੀ ਅਤੇ ਇਸ ਦੀ ਪ੍ਰਧਾਨ ਸ਼੍ਰੀਮਤੀ ਦੀਪਾ ਮਲਿਕ ਨੂੰ ਵੀ ਵਧਾਈ ਦੇਣਾ  ਚਾਹੁੰਦਾ ਹਾਂ ਜਿਨ੍ਹਾਂ ਨੇ ਇਹ ਯਕੀਨੀ ਕੀਤਾ ਕਿ ਸਾਡੇ ਖਿਡਾਰੀ ਬਿਹਤਰ ਤਰੀਕੇ ਨਾਲ ਤਿਆਰ ਹੋਣ ਅਤੇ ਸਰਵਸ਼੍ਰੇਸ਼ਠ ਸੁਵਿਧਾਵਾਂ ਪ੍ਰਾਪਤ ਕਰ ਸਕਣ।’’

 

https://static.pib.gov.in/WriteReadData/userfiles/image/image0021JZS.jpg

 

ਇਸ ਗੀਤ ਦੇ ਰਚੇਤ ਅਤੇ ਗਾਇਕ ਸੰਜੀਵ ਸਿੰਘ ਨੇ ਇਹ ਮਹਿਸੂਸ ਕੀਤਾ ਕਿ ਇਹ ਕੇਵਲ ਉਨ੍ਹਾਂ ਲਈ ਹੀ ਨਹੀਂ ਬਲਕਿ ਪੂਰੇ ਸਮੂਹ ਲਈ ਮਾਣ ਦਾ ਪਲ ਹੈ। ਸੰਜੀਵ ਸਿੰਘ ਨੇ ਕਿਹਾ ਕਿ ਅਸਲ ਵਿੱਚ ਇਹ ਰੀਓ 2016 ਪੈਰਾ ਗੇਮਜ਼ ਵਿੱਚ ਖਿਡਾਰੀ ਦੇ ਤੌਰ ’ਤੇ ਡਾ. ਦੀਪਾ ਮਲਿਕ ਦੀ ਉਪਲੱਬਧੀ ਹੈ ਜਿਸ ਤੋਂ ਉਨ੍ਹਾਂ ’ਤੇ ਕਵਿਤਾ ਲਿਖਣ ਦੀ ਪ੍ਰੇਰਣਾ ਮਿਲੀ ਅਤੇ ਜਿਸ ਨੇ ਥੀਮ-ਸੌਂਗ ਦਾ ਰੂਪ ਲਿਆ ਹੈ। ਸੰਜੀਵ ਕਹਿੰਦੇ ਹਨ, ‘‘ਮੈਂ ਇਹੀ ਚਾਹੁੰਦਾ ਹਾਂ ਕਿ ਇਹ ਗੀਤ ਪੈਰਾ ਐਥਲੀਟਾਂ ਨੂੰ ਚੰਗਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰੇ। ਉਹ ਆਪਣੇ ਜੀਵਨ ਵਿੱਚ ਪਹਿਲਾਂ ਤੋਂ ਹੀ ਜੇਤੂ ਹਨ, ਲੇਕਿਨ ਜੇਕਰ ਉਹ ਜਿੱਤ ਦੇ ਨਾਲ ਮੈਡਲ ਪ੍ਰਾਪਤ ਕਰਦੇ ਹਨ ਤਾਂ ਉਸ ਮੈਡਲ ਨਾਲ ਪੂਰੇ ਦੇਸ਼ ਦਾ ਧਿਆਨ ਉਨ੍ਹਾਂ ਵੱਲ ਆਕਰਸ਼ਿਤ ਹੋਵੇਗਾ ਅਤੇ ਦੇਸ਼ ਵੀ ਮਾਣ ਮਹਿਸੂਸ ਕਰੇਗਾ।’’

 

 

 

https://static.pib.gov.in/WriteReadData/userfiles/image/image003Y8B0.jpg

 

ਪੀਸੀਆਈ ਦੀ ਪ੍ਰਧਾਨ ਦੀਪਾ ਮਲਿਕ ਨੇ ਕਿਹਾ ਕਿ, ‘‘ਭਾਰਤੀ ਪੈਰਾਲੰਪਿਕ ਕਮੇਟੀ ਦੀ ਪ੍ਰਧਾਨ ਅਤੇ ‘ਅਜ਼ਾਦੀ ਦਾ ਅੰਮ੍ਰਿਤ ਮਹੋਤਸਵ’ ਨਾਲ ਸਬੰਧਿਤ ਰਾਸ਼ਟਰੀ ਕਮੇਟੀ ਦੀ ਮੈਂਬਰ ਹੋਣ ਦੇ ਨਾਤੇ ਮੈਂ ਇਸ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਇੰਡੀਆ@75 ਦੇ ਸਮਾਵੇਸ਼ੀ ਭਾਰਤ ਦੇ ਸੁਪਨੇ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਇੱਕ ਅਵਸਰ ਦੇ ਤੌਰ ’ਤੇ ਦੇਖਦੀ ਹਾਂ। ਭਾਰਤ ਵਿੱਚ ਪੈਰਾਲੰਪਿਕ ਅਭਿਆਨ ਨੇ ਬਹੁਤ ਹੀ ਘੱਟ ਸਮੇਂ ਵਿੱਚ ਬਹੁਤ ਵੱਡਾ ਅਕਾਰ ਲੈ ਲਿਆ ਹੈ ਅਤੇ ਪੈਰਾ ਸਪੋਰਟਸ ਦੇ ਇਸ ਅਭਿਆਨ ਨੂੰ ਅੱਗੇ ਵਧਾਉਣ ਵਿੱਚ ਸਭ ਤੋਂ ਵੱਡੀ ਭਾਗੀਦਾਰੀ ਹੈ। ਭਾਰਤ ਵਿੱਚ ਪੈਰਾ ਸਪੋਰਟਸ ਨੂੰ ਮੁੱਖ ਧਾਰਾ ਵਿੱਚ ਲਿਆਉਣ ਦੀ ਜ਼ਰੂਰਤ ਹੈ। ਇਹ ਥੀਮ ਗੀਤ ਭਾਰਤੀ ਪੈਰਾਲੰਪਿਕ ਦਲ ਦੇ ਮਲੋਬਲ ਨੂੰ ਵਧਾਉਣ ਲਈ ਰਚਿਆ ਗਿਆ ਹੈ। ਅਸੀਂ ਸਾਰੇ ਭਾਰਤੀਆਂ ਨੂੰ ਬੇਨਤੀ ਕਰਦੇ ਹਾਂ ਕਿ ਥੀਮ ਸੌਂਗ ਨੂੰ ਸੁਣ ਕੇ ਹੋਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਕੇ ਪੈਰਾਲੰਪਿਕ ਖੇਡਾਂ ਲਈ ਆਪਣਾ ਸਮਰਥਨ ਜ਼ਾਹਿਰ ਕਰੋ।

ਧੰਨਵਾਦ ਦਾ ਮਤਾ ਪਾਉਂਦੇ ਹੋਏ ਪੀਸੀਆਈ ਦੇ ਜਨਰਲ ਸਕੱਤਰ ਸ਼੍ਰੀ ਗੁਰਸ਼ਰਨ ਸਿੰਘ ਨੇ ਕਿਹਾ ਕਿ, ‘‘ਇਹ ਗੀਤ ਖਿਡਾਰੀਆਂ ਨੂੰ ਪ੍ਰੇਰਣਾ ਦੇਵੇਗਾ ਅਤੇ ਉਨ੍ਹਾਂ ਨੂੰ ਅਹਿਸਾਸ ਹੋਵੇਗਾ ਕਿ ਪੂਰਾ ਦੇਸ਼ ਉਨ੍ਹਾਂ ਦੇ ਪਿੱਛੇ ਖੜ੍ਹਾ ਹੈ। ਜਦੋਂ ਪੈਰਾਲੰਪਿਕ ਵਿੱਚ ਤਿਰੰਗਾ ਉੱਪਰ ਲਹਿਰਾਇਆ ਜਾਵੇਗਾ ਤਾਂ ਪੂਰੇ ਦੇਸ਼ ਨੂੰ ਮਾਣ ਮਹਿਸੂਸ ਹੋਵੇਗਾ। ਅਸੀਂ ਚਾਹੁੰਦੇ ਹਾਂ ਕਿ ਇਸ ਗੀਤ ਨੂੰ ਸੁਣ ਕੇ ਖਿਡਾਰੀਆਂ ਵਿੱਚ ਜੋਸ਼ ਆ ਜਾਵੇ ਅਤੇ ਉਨ੍ਹਾਂ ਨੂੰ ਪ੍ਰੇਰਣਾ ਮਿਲੇ।’’

ਇਸ ਵਾਰ ਰਿਕਾਰਡ 54 ਪੈਰਾ ਐਥਲੀਟ 9 ਅਲੱਗ ਅਲੱਗ ਖੇਡਾਂ ਵਿੱਚ ਹਿੱਸਾ ਲੈਣ ਜਾ ਰਹੇ ਹਨ। ਕਈ ਖਿਡਾਰੀ ਅਜਿਹੇ ਹਨ ਜਿਨ੍ਹਾਂ ਨੇ ਵਿਸ਼ਵ ਰਿਕਾਰਡ ਬਣਾ ਕੇ ਇਨ੍ਹਾਂ ਖੇਡਾਂ ਵਿਚ ਆਪਣੀ ਜਗ੍ਹਾ ਬਣਾਈ ਹੈ ਜੋ ਜਿਨ੍ਹਾਂ ਤੋਂ ਮੈਡਲ ਦੀਆਂ ਉਮੀਦਾਂ ਨੂੰ ਵਧਾਉਂਦਾ ਹੈ।

*******

ਐਨ ਬੀ/ਓ ਏ



(Release ID: 1742094) Visitor Counter : 117