ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕੋਵਿਡ ਦੀ ਸਥਿਤੀ ਬਾਰੇ ਵਿਚਾਰ–ਵਟਾਂਦਰੇ ਲਈ 6 ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ


ਰਾਜਾਂ ਦੇ ਸਹਿਯੋਗ, ਇਕਜੁੱਟ ਕੋਸ਼ਿਸ਼ਾਂ ਤੇ ਤਾਲਮੇਲ ਦੀ ਪ੍ਰਧਾਨ ਮੰਤਰੀ ਨੇ ਸ਼ਲਾਘਾ ਕੀਤੀ



ਹਰ ਸੰਭਵ ਮਦਦ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀਆਂ ਨੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ



ਮਹਾਰਾਸ਼ਟਰ ਤੇ ਕੇਰਲ ਵਿੱਚ ਮਾਮਲੇ ਵਧਣ ਦਾ ਰੁਝਾਨ ਚਿੰਤਾ ਦਾ ਕਾਰਨ ਹੈ: ਪ੍ਰਧਾਨ ਮੰਤਰੀ



ਟੈਸਟ, ਟ੍ਰੈਕ, ਟ੍ਰੀਟ ਤੇ ਟੀਕਾ ਇੱਕ ਪਰਖੀ ਹੋਈ ਤੇ ਸਿੱਧ ਰਣਨੀਤੀ ਹੈ: ਪ੍ਰਧਾਨ ਮੰਤਰੀ



ਸਾਨੂੰ ਤੀਜੀ ਲਹਿਰ ਦੀ ਸੰਭਾਵਨਾ ਦੀ ਰੋਕਥਾਮ ਲਈ ਸਰਗਰਮ ਉਪਾਅ ਕਰਨੇ ਹੋਣਗੇ: ਪ੍ਰਧਾਨ ਮੰਤਰੀ



ਬੁਨਿਆਦੀ ਢਾਂਚੇ ਦੇ ਪਾੜੇ ਪੂਰੋ, ਖ਼ਾਸ ਕਰਕੇ ਗ੍ਰਾਮੀਣ ਇਲਾਕਿਆਂ ’ਚ: ਪ੍ਰਧਾਨ ਮੰਤਰੀ



ਕੋਰੋਨਾ ਖ਼ਤਮ ਨਹੀਂ ਹੋਇਆ, ਅਨਲੌਕਿੰਗ ਤੋਂ ਬਾਅਦ ਦੇ ਵਿਵਹਾਰ ਦੀਆਂ ਤਸਵੀਰਾਂ ਚਿੰਤਾਜਨਕ: ਪ੍ਰਧਾਨ ਮੰਤਰੀ

Posted On: 16 JUL 2021 1:44PM by PIB Chandigarh

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕੋਵਿਡ ਨਾਲ ਸਬੰਧਿਤ ਸਥਿਤੀ ਉੱਤੇ ਵਿਚਾਰ–ਵਟਾਂਦਰਾ ਕਰਨ ਲਈ ਤਮਿਲ ਨਾਡੂ, ਆਂਧਰ ਪ੍ਰਦੇਸ਼, ਕਰਨਾਟਕ,ਓਡੀਸ਼ਾ, ਮਹਾਰਾਸ਼ਟਰ ਤੇ ਕੇਰਲ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ। ਕੇਂਦਰੀ ਗ੍ਰਹਿ ਮੰਤਰੀ, ਸਿਹਤ ਮੰਤਰੀ ਵੀ ਇਸ ਬੈਠਕ ਵਿੱਚ ਮੌਜੂਦ ਸਨ। ਮੁੱਖ ਮੰਤਰੀਆਂ ਨੇ ਕੋਵਿਡ ਨਾਲ ਨਿਪਟਣ ਵਿੱਚ ਹਰ ਸੰਭਵ ਮਦਦ ਤੇ ਸਮਰਥਨ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਆਪੋ–ਆਪਣੇ ਰਾਜਾਂ ਵਿੱਚ ਵਾਇਰਸ ਦਾ ਫੈਲਣਾ ਰੋਕਣ ਲਈ ਟੀਕਾਕਰਣ ਤੇ ਹੋਰ ਉਪਾਵਾਂ ਦੀ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਟੀਕਾਕਰਣ ਦੀ ਰਣਨੀਤੀ ਬਾਰੇ ਵੀ ਆਪਣੇ ਫ਼ੀਡਬੈਕ ਦਿੱਤੇ।

ਮੁੱਖ ਮੰਤਰੀਆਂ ਨੇ ਮੈਡੀਕਲ ਬੁਨਿਆਦੀ ਢਾਂਚਾ ਵਧਾਉਣ ਲਈ ਉਠਾਏ ਗਏ ਕਦਮਾਂ ਬਾਰੇ ਦੱਸਿਆ ਤੇ ਭਵਿੱਖ ’ਚ ਅਜਿਹੇ ਮਾਮਲੇ ਵਧਣ ਦੀ ਕਿਸੇ ਸੰਭਾਵਨਾ ਨਾਲ ਨਿਪਟਣ ਲਈ ਸੁਝਾਅ ਦਿੱਤੇ। ਉਨ੍ਹਾਂ ਮਰੀਜ਼ਾਂ ਵੱਲੋਂ ਕੋਵਿਡ ਬਾਅਦ ਵੀ ਆ ਰਹੀਆਂ ਸਮੱਸਿਆਵਾਂ ਅਤੇ ਅਜਿਹੇ ਮਾਮਲਿਆਂ ’ਚ ਸਹਾਇਤਾ ਮੁਹੱਈਆ ਕਰਵਾਉਣ ਲਈ ਉਠਾਏ ਜਾ ਰਹੇ ਕਦਮਾਂ ਬਾਰੇ ਚਰਚਾ ਕੀਤੀ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਸੰਕ੍ਰਮਣ ਵਧਣ ਤੋਂ ਰੋਕਣ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਨ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਜੁਲਾਈ ਮਹੀਨੇ ਦੌਰਾਨ ਕੁੱਲ ਮਾਮਲਿਆਂ ਦੇ 80 ਫ਼ੀ ਸਦੀ ਤੋਂ ਵੀ ਵੱਧ ਇਨ੍ਹਾਂ ਛੇ ਰਾਜਾਂ ’ਚ ਹੀ ਦੇਖਣ ਨੂੰ ਮਿਲੇ ਹਨ; ਇਨ੍ਹਾਂ ਵਿੱਚੋਂ ਕੁਝ ਰਾਜਾਂ ਵਿੱਚ ਪਾਜ਼ਿਟੀਵਿਟੀ ਦਰ ਵੀ ਬਹੁਤ ਜ਼ਿਆਦਾ ਹੈ। ਕੇਂਦਰੀ ਸਿਹਤ ਸਕੱਤਰ ਨੇ ਕੋਵਿਡ ਮਾਮਲਿਆਂ ਬਾਰੇ ਵਿਚਾਰ–ਵਟਾਂਦਰਾ ਕਰਦਿਆਂ ਦੇਸ਼ ਦੇ ਵਧੇਰੇ ਨਵੇਂ ਮਾਮਲੇ ਸਾਹਮਣੇ ਆਉਣ ਵਾਲੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਕੋਵਿਡ ਲਈ ਉਚਿਤ ਵਿਵਹਾਰ ਤੇ ਰੋਕਥਾਮ ਦੇ ਉਪਾਅ ਜ਼ੋਰਦਾਰ ਢੰਗ ਨਾਲ ਲਾਗੂ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਇਨ੍ਹਾਂ ਜ਼ਿਲ੍ਹਿਆਂ ਨੂੰ ਖੋਲ੍ਹਣ ਦਾ ਕਾਰਜ ਕ੍ਰਮਿਕ ਰੂਪ ਨਾਲ ਅਤੇ ਜਾਂਚ-ਪਰਖ ਕੇ ਕਰਨਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੀ ਸਮਾਪਤੀ ਮੌਕੇ ਰਾਜ ਸਰਕਾਰਾਂ ਵੱਲੋਂ ਆਪਸੀ ਸਹਿਯੋਗ ਅਤੇ ਮਹਾਮਾਰੀ ਦੇ ਖ਼ਿਲਾਫ਼ ਜੰਗ ਵਿੱਚ ਉਨ੍ਹਾਂ ਦੇ ਨਵੀਆਂ ਚੀਜ਼ਾਂ ਸਿੱਖਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪਾਂ ਸਾਰੇ ਹੁਣ ਉਸ ਮੁਕਾਮ ’ਤੇ ਹਾਂ, ਜਿੱਥੇ ਤੀਜੀ ਲਹਿਰ ਦੇ ਖ਼ਦਸ਼ੇ ਲਗਾਤਾਰ ਪ੍ਰਗਟਾਏ ਜਾ ਰਹੇ ਹਨ। ਨਵੇਂ ਮਾਮਲੇ ਘਟਣ ਦੇ ਰੁਝਾਨ ਕਾਰਨ ਮਾਹਿਰ ਭਾਵੇਂ ਸਕਾਰਾਤਮਕ ਸੰਕੇਤ ਦੇ ਰਹੇ ਹਨ ਪਰ ਫਿਰ ਵੀ ਕੁਝ ਰਾਜਾਂ ਵਿੱਚ ਨਵੇਂ ਕੇਸਾਂ ਦੀ ਸੰਖਿਆ ਵਧਣਾ ਚਿੰਤਾਜਨਕ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਹਫ਼ਤੇ 80 ਫ਼ੀ ਸਦੀ ਮਾਮਲਿਆਂ ਦੇ ਨਾਲ–ਨਾਲ 84 ਫੀਸਦੀ ਮੰਦਭਾਗੀਆਂ ਮੌਤਾਂ ਇਸ ਬੈਠਕ ’ਚ ਸ਼ਾਮਲ ਹੋਏ ਰਾਜਾਂ ਵਿੱਚ ਹੋਈਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ–ਪਹਿਲ ਮਾਹਿਰਾਂ ਦਾ ਮੰਨਣਾ ਸੀ ਕਿ ਜਿੱਥੇ ਦੂਜੀ ਲਹਿਰ ਸ਼ੁਰੂ ਹੋਈ ਸੀ, ਉੱਥੇ ਹਾਲਾਤ ਪਹਿਲਾਂ ਸੁਖਾਵੇਂ ਹੋਣਗੇ। ਪਰ ਕੇਰਲ ਤੇ ਮਹਾਰਾਸ਼ਟਰ ’ਚ ਨਵੇਂ ਮਾਮਲਿਆਂ ਦੀ ਸੰਖਿਆ ਵਧਣਾ ਗੰਭੀਰ ਚਿੰਤਾ ਦਾ ਕਾਰਨ ਹੈ।

 

 

ਪ੍ਰਧਾਨ ਮੰਤਰੀ ਨੇ ਚੇਤਾਵਨੀ ਦਿੱਤੀ ਕਿ ਦੂਜੀ ਲਹਿਰ ਤੋਂ ਪਹਿਲਾਂ ਜਨਵਰੀ–ਫ਼ਰਵਰੀ ’ਚ ਵੀ ਬਿਲਕੁਲ ਅਜਿਹੇ ਰੁਝਾਨ ਦੇਖਣ ਨੂੰ ਮਿਲੇ ਸਨ। ਇਹੋ ਕਾਰਨ ਹੈ ਕਿ ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਜਿਹੜੇ ਰਾਜਾਂ ਵਿੱਚ ਨਵੇਂ ਮਾਮਲੇ ਰਹੇ ਹਨ, ਸਾਨੂੰ ਉੱਥੇ ਤੀਜੀ ਲਹਿਰ ਦੀ ਸੰਭਾਵਨਾ ਦੀ ਰੋਕਥਾਮ ਲਈ ਸਰਗਰਮੀ ਨਾਲ ਉਪਾਅ ਕਰਨੇ ਹੋਣਗੇ।

 

 

ਪ੍ਰਧਾਨ ਮੰਤਰੀ ਨੇ ਮਾਹਿਰਾਂ ਦੇ ਉਸ ਵਿਚਾਰ ਨੂੰ ਉਜਾਗਰ ਕੀਤਾ ਕਿ ਜੇ ਮਾਮਲੇ ਲੰਬੇ ਸਮੇਂ ਤੱਕ ਵਧਦੇ ਰਹੇ, ਤਾਂ ਕੋਰੋਨਾ ਵਾਇਰਸ ਦੇ ਮਿਊਟੇਸ਼ਨ ਦੀ ਸੰਭਾਵਨਾ ਵੀ ਵਧ ਜਾਵੇਗੀ ਤੇ ਨਵੇਂ ਵੇਰੀਐਂਟ ਦੇ ਖ਼ਤਰੇ ਵੀ ਵਧ ਜਾਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਲਈ ਸਾਨੂੰ ਮਾਇਕ੍ਰੋ–ਕੰਟੇਨਮੈਂਟ ਜ਼ੋਨਾਂ ਉੱਤੇ ਖ਼ਾਸ ਧਿਆਨ ਦਿੰਦਿਆਂ ਟੈਸਟ, ਟ੍ਰੈਕ, ਟ੍ਰੀਟਮੈਂਟ ਤੇ ਟੀਕਾ (ਟੀਕਾਕਰਣ) ਦੀ ਰਣਨੀਤੀ ਨੂੰ ਜਾਰੀ ਰੱਖਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਨਵੇਂ ਮਾਮਲਿਆਂ ਦੀ ਵਧੇਰੇ ਗਿਣਤੀ ਵਾਲੇ ਜ਼ਿਲ੍ਹਿਆਂ ਉੱਤੇ ਫ਼ੋਕਸ ਕੀਤਾ ਜਾਣਾ ਚਾਹੀਦਾ ਹੈ। ਸ਼੍ਰੀ ਮੋਦੀ ਨੇ ਸਾਰੇ ਰਾਜਾਂ ਵਿੱਚ ਜਾਂਚ ਦਾ ਕੰਮ ਵਧਾਉਣ ਉੱਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਟੀਕੇ ਨੂੰ ਵਧੇਰੇ ਸੰਕ੍ਰਮਣ ਵਾਲੇ ਖੇਤਰਾਂ ਲਈ ਇੱਕ ਰਣਨੀਤਕ ਉਪਾਅ ਦੱਸਦਿਆਂ ਟੀਕਾਕਰਣ ਦੇ ਪ੍ਰਭਾਵੀ ਉਪਯੋਗ ਉੱਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਉਨ੍ਹਾਂ ਰਾਜਾਂ ਦੀ ਸ਼ਲਾਘਾ ਕੀਤੀ, ਜੋ ਇਸ ਸਮੇਂ ਦਾ ਉਪਯੋਗ ਕਰਕੇ ਆਪਣੀ ਆਰਟੀ–ਪੀਸੀਆਰ ਜਾਂਚ ਸਮਰੱਥਾ ਵਿੱਚ ਸੁਧਾਰ ਲਈ ਕਰ ਰਹੇ ਹਨ।

ਪ੍ਰਧਾਨ ਮੰਤਰੀ ਨੇ ਆਈਸੀਯੂ ਬਿਸਤਰਿਆਂ ਤੇ ਜਾਂਚ ਸਮਰੱਥਾ ਜਿਹਾ ਮੈਡੀਕਲ ਬੁਨਿਆਦੀ ਢਾਂਚਾ ਵਧਾਉਣ ਲਈ ਦਿੱਤੀ ਜਾ ਰਹੀ ਵਿੱਤੀ ਸਹਾਇਤਾ ਦੀ ਵੀ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਪਿੱਛੇ ਜਿਹੇ ਪ੍ਰਵਾਨਿਤ 23,000 ਕਰੋੜ ਰੁਪਏ ਦੇ ਐਮਰਜੈਂਸੀ ਕੋਵਿਡ ਰਿਸਪਾਂਸ ਪੈਕੇਜ ਦਾ ਜ਼ਿਕਰ ਕਰਦਿਆਂ ਰਾਜਾਂ ਨੂੰ ਕਿਹਾ ਕਿ ਉਹ ਮੈਡੀਕਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਫੰਡਾਂ ਦਾ ਉਪਯੋਗ ਕਰਨ।

 

 

ਪ੍ਰਧਾਨ ਮੰਤਰੀ ਨੇ ਰਾਜਾਂ ਨੂੰ, ਖ਼ਾਸ ਤੌਰ ਉੱਤੇ ਗ੍ਰਾਮੀਣ ਖੇਤਰਾਂ ਵਿੱਚ, ਬੁਨਿਆਦੀ ਢਾਂਚੇ ਦੀਆਂ ਕਮੀਆਂ ਦੂਰ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਆਈਟੀ ਸਿਸਟਮ, ਕੰਟਰੋਲ ਰੂਮ ਤੇ ਕਾਲ ਸੈਂਟਰਾਂ ਨੂੰ ਮਜ਼ਬੂਤ ਬਣਾਉਣ ਲਈ ਕਿਹਾ, ਤਾਂ ਜੋ ਪਾਰਦਰਸ਼ੀ ਤਰੀਕਿਆਂ ਨਾਲ ਸੰਸਾਧਨਾਂ ਤੇ ਡੇਟਾ ਤੱਕ ਨਾਗਰਿਕਾਂ ਦੀ ਪਹੁੰਚ ਹੋ ਸਕੇ ਤੇ ਮਰੀਜ਼ਾਂ ਨੂੰ ਪਰੇਸ਼ਾਨੀ ਤੋਂ ਬਚਾਇਆ ਜਾ ਸਕੇ। ਸ਼੍ਰੀ ਮੋਦੀ ਨੇ ਕਿਹਾ ਕਿ ਬੈਠਕ ਵਿੱਚ ਮੌਜੂਦ ਰਾਜਾਂ ਨੂੰ ਐਲੋਕੇਟ ਕੀਤੇ 332 ਪੀਐੱਸਏ ਪਲਾਂਟਸ ਵਿੱਚੋਂ 53 ਪਲਾਂਟ ਚਾਲੂ ਹੋ ਚੁੱਕੇ ਹਨ। ਉਨ੍ਹਾਂ ਮੁੱਖ ਮੰਤਰੀਆਂ ਨੂੰ ਪਲਾਂਟਾਂ ਦੀ ਸਥਾਪਨਾ ਤੇਜ਼ੀ ਨਾਲ ਪੂਰਾ ਕਰਨ ਲਈ ਕਿਹਾ। ਪ੍ਰਧਾਨ ਮੰਤਰੀ ਨੇ ਬੱਚਿਆਂ ਨੂੰ ਸੰਕ੍ਰਮਿਤ ਹੋਣ ਤੋਂ ਬਚਾਉਣ ਅਤੇ ਇਸ ਸਬੰਧੀ ਹਰ ਸੰਭਵ ਇੰਤਜ਼ਾਮ ਕਰਨ ਦੀ ਲੋੜ ਦਾ ਖ਼ਾਸ ਤੌਰ ਉੱਤੇ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਯੂਰਪ, ਅਮਰੀਕਾ ਤੇ ਬੰਗਲਾਦੇਸ਼, ਇੰਡੋਨੇਸ਼ੀਆ, ਥਾਈਲੈਂਡ ਅਤੇ ਹੋਰ ਕਈ ਦੇਸ਼ਾਂ ਵਿੱਚ ਨਵੇਂ ਮਾਮਲਿਆਂ ਦੀ ਗਿਣਤੀ ਵਧਣ ਉੱਤੇ ਚਿੰਤਾ ਪ੍ਰਗਟਾਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਤੋਂ ਸਾਨੂੰ ਅਤੇ ਵਿਸ਼ਵ ਨੂੰ ਸਚੇਤ ਹੋਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਕੋਰੋਨਾ ਖ਼ਤਮ ਨਹੀਂ ਹੋਇਆ ਹੈ ਤੇ ਲੌਕਡਾਊਨ ਤੋਂ ਬਾਅਦ ਆ ਰਹੀਆਂ ਤਸਵੀਰਾਂ ਉੱਤੇ ਡੂੰਘੀ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਪ੍ਰੋਟੋਕੋਲ ਦੀ ਪਾਲਣਾ ਕਰਨ ਤੇ ਭੀੜ ਤੋਂ ਬਚਣ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ ਕਿਉਂਕਿ ਬੈਠਕ ਵਿੱਚ ਸ਼ਾਮਲ ਕਈ ਰਾਜਾਂ ਵਿੱਚ ਸੰਘਣੀ ਆਬਾਦੀ ਵਾਲੇ ਮਹਾਨਗਰ ਹਨ। ਉਨ੍ਹਾਂ ਸਿਆਸੀ ਪਾਰਟੀਆਂ, ਸਮਾਜਿਕ ਸੰਗਠਨਾਂ ਤੇ ਸਵੈ–ਸੇਵੀ ਸੰਗਠਨਾਂ ਨੂੰ ਵੀ ਲੋਕਾਂ ਨੂੰ ਜਾਗਰੂਕ ਬਣਾਉਣ ਦਾ ਸੱਦਾ ਦਿੱਤਾ।

 

 

***********

 

ਡੀਐੱਸ


(Release ID: 1736238) Visitor Counter : 250