ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸੀਐੱਸਆਈਆਰ ਸੁਸਾਇਟੀ ਦੀ ਬੈਠਕ ਦੀ ਪ੍ਰਧਾਨਗੀ ਕੀਤੀ


ਸਾਨੂੰ ਇਸ ਦਹਾਕੇ ਦੇ ਨਾਲ–ਨਾਲ ਆਉਣ ਵਾਲੇ ਦਹਾਕਿਆਂ ਦੀਆਂ ਜ਼ਰੂਰਤਾਂ ਦੀ ਵੀ ਤਿਆਰੀ ਕਰਨੀ ਹੋਵੇਗੀ: ਪ੍ਰਧਾਨ ਮੰਤਰੀ

Posted On: 04 JUN 2021 1:56PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸ ਦੇ ਜ਼ਰੀਏ ‘ਕੌਂਸਲ ਆਵ੍ ਸਾਇੰਟੀਫ਼ਿਕ ਐਂਡ ਇੰਡਸਟ੍ਰੀਅਲ ਰਿਸਰਚ’ (CSIR – ਵਿਗਿਆਨਕ ਤੇ ਉਦਯੋਗਿਕ ਖੋਜ ਪਰਿਸ਼ਦ) ਸੁਸਾਇਟੀ ਦੀ ਬੈਠਕ ਦੀ ਪ੍ਰਧਾਨਗੀ ਕੀਤੀ।

 

ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਇਸ ਸਦੀ ਦੀ ਸਭ ਤੋਂ ਵੱਡੀ ਚੁਣੌਤੀ ਵਜੋਂ ਉੱਭਰੀ ਹੈ। ਪਰ ਪਹਿਲਾਂ ਜਦੋਂ ਵੀ ਕਦੇ ਮਨੁੱਖਤਾ ਉੱਤੇ ਕੋਈ ਵੱਡਾ ਸੰਕਟ ਆਇਆ ਹੈ, ਤਾਂ ਵਿਗਿਆਨ ਨੇ ਹੀ ਇੱਕ ਬਿਹਤਰ ਭਵਿੱਖ ਲਈ ਰਾਹ ਤਿਆਰ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਗਿਆਨ ਦੀ ਬੁਨਿਆਦੀ ਪ੍ਰਕਿਰਤੀ ਸੰਕਟਾਂ ਦੌਰਾਨ ਹੱਲ ਅਤੇ ਸੰਭਾਵਨਾਵਾਂ ਲੱਭ ਕੇ ਨਵੀਂ ਤਾਕਤ ਪੈਦਾ ਕਰਨ ਦੀ ਰਹੀ ਹੈ।

 

ਮਹਾਮਾਰੀ ਤੋਂ ਮਾਨਵਤਾ ਨੂੰ ਬਚਾਉਣ ਲਈ ਇੱਕ ਸਾਲ ਦੇ ਅੰਦਰ ਜਿੰਨੇ ਵੱਡੇ ਪੱਧਰ ਉੱਤੇ ਅਤੇ ਜਿਸ ਰਫ਼ਤਾਰ ਨਾਲ ਵੈਕਸੀਨਾਂ ਤਿਆਰ ਕੀਤੀਆਂ, ਪ੍ਰਧਾਨ ਮੰਤਰੀ ਨੇ ਉਸ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਤਿਹਾਸ ਵਿੱਚ ਇੰਨੀ ਵੱਡੀ ਚੀਜ਼ ਪਹਿਲੀ ਵਾਰ ਵਾਪਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿਛਲੀ ਸਦੀ ਦੌਰਾਨ ਹੋਰਨਾਂ ਦੇਸ਼ਾਂ ਵਿੱਚ ਕਾਢਾਂ ਕੱਢੀਆਂ ਗਈਆਂ ਸਨ ਤੇ ਭਾਰਤ ਨੂੰ ਕਈ–ਕਈ ਸਾਲਾਂ ਤੱਕ ਉਡੀਕ ਕਰਨੀ ਪੈਂਦੀ ਸੀ। ਪਰ ਸਾਡੇ ਦੇਸ਼ ਦੇ ਵਿਗਿਆਨੀ ਅੱਜ ਹੋਰਨਾਂ ਦੇਸ਼ਾਂ ਵਾਂਗ ਉਸੇ ਹੀ ਰਫ਼ਤਾਰ ਉੱਤੇ ਕੰਮ ਕਰ ਰਹੇ ਹਨ। ਉਨ੍ਹਾਂ ਕੋਵਿਡ–19 ਵੈਕਸੀਨਾਂ, ਟੈਸਟਿੰਗ ਕਿਟਸ, ਜ਼ਰੂਰੀ ਉਪਕਰਣ ਅਤੇ ਕੋਰੋਨਾ ਵਿਰੁੱਧ ਜੂਝਣ ਲਈ ਨਵੀਂਆਂ ਪ੍ਰਭਾਵਸ਼ਾਲੀ ਦਵਾਈਆਂ ਤਿਆਰ ਕਰਨ ਦੇ ਮਾਮਲੇ ’ਚ ਭਾਰਤ ਨੂੰ ਆਤਮ–ਨਿਰਭਰ ਬਣਾਉਣ ਲਈ ਵਿਗਿਆਨੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਿਗਿਆਨ ਤੇ ਟੈਕਨੋਲੋਜੀ ਨੂੰ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਲਿਆਉਣਾ ਉਦਯੋਗਾਂ ਤੇ ਬਜ਼ਾਰ ਲਈ ਬਿਹਤਰ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਦੇਸ਼ ’ਚ ਸੀਐੱਸਆਈਆਰ ਵਿਗਿਆਨ, ਸਮਾਜ ਤੇ ਉਦਯੋਗ ਨੂੰ ਇੱਕਸਮਾਨ ਰੱਖਣ ਲਈ ਇੱਕ ਸੰਸਥਾਗਤ ਵਿਵਸਥਾ ਵਜੋਂ ਕੰਮ ਕਰਦਾ ਹੈ। ਸਾਡੇ ਇਸ ਸੰਸਥਾਨ ਨੇ ਸ਼ਾਂਤੀ ਸਵਰੂਪ ਭਟਨਾਗਰ ਜਿਹੀਆਂ ਇੰਨੀਆਂ ਜ਼ਿਆਦਾ ਪ੍ਰਤਿਭਾਵਾਂ ਤੇ ਵਿਗਿਆਨੀ ਦੇਸ਼ ਨੂੰ ਦਿੱਤੇ ਹਨ, ਜਿਨ੍ਹਾਂ ਇਸ ਸੰਸਥਾਨ ਨੂੰ ਲੀਡਰਸ਼ਿਪ ਦਿੱਤੀ। ਉਨ੍ਹਾਂ ਨੋਟ ਕੀਤਾ ਕਿ ਸੀਐੱਸਆਈਆਰ; ਖੋਜ ਤੇ ਪੇਟੈਂਟਸ ਈਕੋ–ਸਿਸਟਮ ਦਾ ਇੱਕ ਸ਼ਕਤੀਸ਼ਾਲੀ ਸੈੱਟ ਹੈ। ਉਨ੍ਹਾਂ ਕਿਹਾ ਕਿ ਸੀਐੱਸਆਈਆਰ ਦੇਸ਼ ਨੂੰ ਦਰਪੇਸ਼ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਕਰਨ ਲਈ ਕੰਮ ਕਰ ਰਿਹਾ ਹੈ ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਦੇ ਨਿਸ਼ਾਨੇ ਅਤੇ 21ਵੀਂ ਸਦੀ ਦੇ ਦੇਸ਼ਵਾਸੀਆਂ ਦੇ ਸੁਫ਼ਨੇ ਇੱਕ ਬੁਨਿਆਦ ਉੱਤੇ ਆਧਾਰਤ ਹਨ। ਇਸ ਲਈ ਸੀਐੱਸਆਈਆਰ ਜਿਹੇ ਸੰਸਥਾਨਾਂ ਦੇ ਟੀਚੇ ਵੀ ਅਸਾਧਾਰਣ ਹੀ ਹਨ। ਅਜੋਕਾ ਭਾਰਤ; ਬਾਇਓਟੈਕਨੋਲੋਜੀ ਤੋਂ ਲੈ ਕੇ ਬੈਟਰੀ ਟੈਕਨੋਲੋਜੀ ਤੱਕ, ਵੈਕਸੀਨਾਂ ਤੋਂ ਲੈ ਕੇ ਵਰਚੁਅਲ ਹਕੀਕਤ ਤੱਕ ਦੇ ਹਰੇਕ ਖੇਤਰ ਵਿੱਚ ਆਤਮਨਿਰਭਰ ਅਤੇ ਸਸ਼ਕਤ ਬਣਨਾ ਚਾਹੁੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਜੋਕਾ ਭਾਰਤ ਟਿਕਾਊ ਵਿਕਾਸ ਤੇ ਸਵੱਛ ਊਰਜਾ ਦੇ ਖੇਤਰ ਵਿੱਚ ਵਿਸ਼ਵ ਨੂੰ ਰਾਹ ਵਿਖਾ ਰਿਹਾ ਹੈ। ਅੱਜ ਸੌਫ਼ਟਵੇਅਰ ਤੋਂ ਉਪਗ੍ਰਹਿਆਂ (ਸੈਟੇਲਾਇਟਸ) ਤੱਕ, ਭਾਰਤ ਹੋਰਨਾਂ ਦੇਸ਼ਾਂ ਦੇ ਵਿਕਾਸ ਨੂੰ ਰਫ਼ਤਾਰ ਬਖ਼ਸ਼ ਰਿਹਾ ਹੈ, ਵਿਸ਼ਵ ਦੇ ਵਿਕਾਸ ਵਿੱਚ ਇੱਕ ਪ੍ਰਮੁੱਖ ਇੰਜਣ ਦੀ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸੇ ਲਈ ਭਾਰਤ ਦੇ ਨਿਸ਼ਾਨੇ ਇਸ ਦਹਾਕੇ ਦੀਆਂ ਜ਼ਰੂਰਤਾਂ ਦੇ ਨਾਲ–ਨਾਲ ਅਗਲੇ ਦਹਾਕੇ ਦੀਆਂ ਜ਼ਰੂਰਤਾਂ ਮੁਤਾਬਕ ਹੀ ਹੋਣੇ ਚਾਹੀਦੇ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮੁੱਚੇ ਵਿਸ਼ਵ ਦੇ ਮਾਹਿਰ ਜਲਵਾਯੂ ਪਰਿਵਰਤਨ ਬਾਰੇ ਨਿਰੰਤਰ ਵੱਡਾ ਖ਼ਦਸ਼ਾ ਪ੍ਰਗਟਾ ਰਹੇ ਹਨ। ਉਨ੍ਹਾਂ ਸਾਰੇ ਵਿਗਿਆਨੀਆਂ ਤੇ ਸੰਸਥਾਨਾਂ ਨੂੰ ਇੱਕ ਵਿਗਿਆਨਕ ਪਹੁੰਚ ਨਾਲ ਤਿਆਰੀਆਂ ਕਰਨ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਕਾਰਬਨ ਉੱਤੇ ਕਾਬੂ ਪਾਉਣ ਤੋਂ ਲੈ ਕੇ ਊਰਜਾ ਭੰਡਾਰਣ ਅਤੇ ਗ੍ਰੀਨ ਹਾਈਡ੍ਰੋਜਨ ਟੈਕਨੋਲੋਜੀ ਤੱਕ ਦੇ ਹਰੇਕ ਖੇਤਰ ਵਿੱਚ ਮੋਹਰੀ ਭੂਮਿਕਾ ਨਿਭਾਉਣ ਲਈ ਕਿਹਾ। ਉਨ੍ਹਾਂ ਸੀਐੱਸਆਈਆਰ ਨੂੰ ਸਮਾਜ ਤੇ ਉਦਯੋਗ ਨੂੰ ਨਾਲ ਲੈ ਕੇ ਚੱਲਣ ਦੀ ਬੇਨਤੀ ਕੀਤੀ। ਪ੍ਰਧਾਨ ਮੰਤਰੀ ਨੇ ਸੀਐੱਸਆਈਆਰ ਦੀ ਸ਼ਲਾਘਾ ਕੀਤੀ ਕਿਉਂਕਿ ਉਸ ਨੇ ਉਨ੍ਹਾਂ ਦੀ ਸਲਾਹ ਮੁਤਾਬਕ ਲੋਕਾਂ ਤੋਂ ਸੁਝਾਅ ਲੈਣੇ ਸ਼ੁਰੂ ਕੀਤੇ। ਉਨ੍ਹਾਂ ਸਾਲ 2016 ’ਚ ਅਰੋਮਾ ਮਿਸ਼ਨ ਵਿੱਚ ਨਿਭਾਈ ਭੂਮਿਕਾ ਲਈ ਸੀਐੱਸਆਈਆਰ ਦੀ ਸ਼ਲਾਘਾ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਦੇਸ਼ ਦੇ ਹਜ਼ਾਰਾਂ ਕਿਸਾਨ ਫੁੱਲਾਂ ਦੀ ਕਾਸ਼ਤ ਰਾਹੀਂ ਆਪਣੀਆਂ ਕਿਸਮਤਾਂ ਬਦਲ ਰਹੇ ਹਨ। ਉਨ੍ਹਾਂ ਦੇਸ਼ ਵਿੱਚ ਹਿੰਗ ਦੀ ਕਾਸ਼ਤ ਵਿੱਚ ਮਦਦ ਕਰਨ ਲਈ ਸੀਐੱਸਆਈਆਰ ਦੀ ਤਾਰੀਫ਼ ਕੀਤੀ; ਜਦ ਕਿ ਭਾਰਤ ਨੂੰ ਇਸ ਲਈ ਦਰਾਮਦਾਂ ਉੱਤੇ ਨਿਰਭਰ ਰਹਿਣਾ ਪੈਂਦਾ ਸੀ।

 

ਪ੍ਰਧਾਨ ਮੰਤਰੀ ਨੇ ਸੀਐੱਸਆਈਆਰ ਨੂੰ ਇੱਕ ਨਿਸ਼ਚਿਤ ਤਰੀਕੇ ਇੱਕ ਰੂਪ–ਰੇਖਾ ਨਾਲ ਅੱਗੇ ਵਧਣ ਦੀ ਬੇਨਤੀ ਕੀਤੀ। ਕੋਰੋਨਾ ਦੇ ਇਸ ਕੋਵਿਡ–19 ਸੰਕਟ ਨੇ ਵਿਕਾਸ ਦੀ ਰਫ਼ਤਾਰ ਨੂੰ ਪ੍ਰਭਾਵਿਤ ਕੀਤਾ ਹੋ ਸਕਦਾ ਹੈ ਪਰ ‘ਆਤਮਨਿਰਭਰ ਭਾਰਤ’ ਦਾ ਸੁਪਨਾ ਸਾਕਾਰ ਕਰਨ ਪ੍ਰਤੀ ਉਨ੍ਹਾਂ ਦੀ ਪ੍ਰਤੀਬੱਧਤਾ ਜਿਉਂ ਦੀ ਤਿਉਂ ਕਾਇਮ ਹੈ। ਉਨ੍ਹਾਂ ਕਿਹਾ ਕਿ ਸਾਡੇ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ ਤੇ ਸਟਾਰਟ–ਅੱਪਸ ਲਈ ਖੇਤੀਬਾੜੀ ਤੋਂ ਲੈ ਸਿੱਖਿਆ ਦੇ ਖੇਤਰ ਭਾਵ ਹਰੇਕ ਖੇਤਰ ਵਿੱਚ ਅਥਾਹ ਸੰਭਾਵਨਾਵਾਂ ਮੌਜੂਦ ਹਨ। ਉਨ੍ਹਾਂ ਸਾਰੇ ਵਿਗਿਆਨੀਆਂ ਤੇ ਉਦਯੋਗ ਨੂੰ ਬੇਨਤੀ ਕੀਤੀ ਕਿ ਉਹ ਕੋਵਿਡ ਸੰਕਟ ਦੌਰਾਨ ਹਾਸਲ ਕੀਤੀ ਸਫ਼ਲਤਾ ਹਰੇਕ ਖੇਤਰ ਵਿੱਚ ਦੁਹਰਾਉਣ।

 

************

 

ਡੀਐੱਸ/ਏਕੇ



(Release ID: 1724526) Visitor Counter : 198