ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕੋਵਿਡ ਅਤੇ ਟੀਕਾਕਰਣ ਨਾਲ ਸਬੰਧਿਤ ਸਥਿਤੀ ਬਾਰੇ ਉੱਚ–ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ
ਮਾਰਚ ਮਹੀਨੇ ਦੇ ਅਰੰਭ ਵਿੱਚ ਜੋ ਟੈਸਟਿੰਗ ਲਗਭਗ 50 ਲੱਖ ਪ੍ਰਤੀ ਹਫ਼ਤਾ ਸੀ, ਉਹ ਹੁਣ ਲਗਭਗ 1.3 ਕਰੋੜ ਟੈਸਟ ਪ੍ਰਤੀ ਹਫ਼ਤਾ ’ਤੇ ਪੁੱਜ ਚੁੱਕੀ ਹੈ
ਸਥਾਨਕ ਪੱਧਰ ’ਤੇ ਕੰਟੇਨਮੈਂਟ ਦੀ ਰਣਨੀਤੀ ਸਮੇਂ ਦੀ ਲੋੜ ਹੈ: ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨੇ ਹਦਾਇਤ ਕੀਤੀ ਉੱਚ ਟੈਸਟ ਪਾਜ਼ਿਟੀਵਿਟੀ ਦਰ ਵਾਲ ਇਲਾਕਿਆਂ ਵਿੱਚ ਟੈਸਟਿੰਗ ਹੋਰ ਵਧਾਉਣ ਦੀ ਲੋੜ
ਪ੍ਰਧਾਨ ਮੰਤਰੀ ਨੇ ਗ੍ਰਾਮੀਣ ਇਲਾਕਿਆਂ ’ਚ ਘਰ–ਘਰ ਜਾ ਕੇ ਟੈਸਟਿੰਗ ਤੇ ਚੌਕਸੀ ’ਤੇ ਧਿਆਨ ਕੇਂਦ੍ਰਿਤ ਕਰਨ ਲਈ ਸਿਹਤ ਸੰਭਾਲ਼ ਸੰਸਾਧਨਾਂ ਵਿੱਚ ਵਾਧਾ ਕਰਨ ਵਾਸਤੇ ਕਿਹਾ
ਗ੍ਰਾਮੀਣ ਖੇਤਰਾਂ 'ਚ ਜੰਗ ਤੇਜ਼ ਕਰਨ ਲਈ ਆਸ਼ਾ ਤੇ ਆਂਗਨਵਾੜੀ ਕਰਮਚਾਰੀਆਂ ਨੂੰ ਹਰ ਤਰ੍ਹਾਂ ਦੇ ਜ਼ਰੂਰੀ ਟੂਲਸ ਨਾਲ ਮਜ਼ਬੂਤ ਬਣਾਓ: ਪ੍ਰਧਾਨ ਮੰਤਰੀ
ਗ੍ਰਾਮੀਣ ਇਲਾਕਿਆਂ ’ਚ ਆਕਸੀਜਨ ਦੀ ਸਪਲਾਈ ਦੀ ਉਚਿਤ ਵੰਡ ਯਕੀਨੀ ਬਣਾਉਣਾ ਅਹਿਮ: ਪ੍ਰਧਾਨ ਮੰਤਰੀ
ਸਿਹਤ ਕਰਮਚਾਰੀਆਂ ਨੂੰ ਵੈਂਟੀਲੇਟਰਸ ਤੇ ਉਪਕਰਣ ਚਲਾਉਣ ਲਈ ਲੋੜੀਂਦੀ ਸਿਖਲਾਈ ਦੇਣੀ ਚਾਹੀਦੀ ਹੈ: ਪ੍ਰਧਾਨ ਮੰਤਰੀ
प्रविष्टि तिथि:
15 MAY 2021 2:28PM by PIB Chandigarh
ਪ੍ਰਧਾਨ ਮੰਤਰੀ ਨੇ ਦੇਸ਼ ’ਚ ਕੋਵਿਡ ਅਤੇ ਟੀਕਾਕਰਣ ਨਾਲ ਸਬੰਧਿਤ ਸਥਿਤੀ ਬਾਰੇ ਵਿਚਾਰ–ਵਟਾਂਦਰਾ ਕਰਨ ਲਈ ਇੱਕ ਉੱਚ–ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ। ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਦੇਸ਼ ਵਿੱਚ ਕੋਵਿਡ ਨਾਲ ਸਬੰਧਿਤ ਤਾਜ਼ਾ ਹਾਲਾਤ ਤੋਂ ਜਾਣੂ ਕਰਵਾਇਆ। ਪ੍ਰਧਾਨ ਮੰਤਰੀ ਨੂੰ ਦੱਸਿਆ ਗਿਆ ਕਿ ਦੇਸ਼ ਵਿੱਚ ਟੈਸਟਿੰਗ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ, ਮਾਰਚ ਮਹੀਨੇ ਦੇ ਅਰੰਭ ’ਚ ਜਿਹੜੀ ਟੈਸਟਿੰਗ 50 ਲੱਖ ਟੈਸਟ ਪ੍ਰਤੀ ਹਫ਼ਤਾ ਸੀ, ਉਹ ਹੁਣ ਵਧ ਕੇ 1.3 ਕਰੋੜ ਟੈਸਟ ਪ੍ਰਤੀ ਹਫ਼ਤਾ ’ਤੇ ਪੁੱਜ ਗਈ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਟੈਸਟ ਪਾਜ਼ਿਟੀਵਿਟੀ ਦਰ ਹੌਲ਼ੀ–ਹੌਲ਼ੀ ਘਟਣ ਤੇ ਸਿਹਤਯਾਬ ਹੋਣ ਦੀ ਦਰ ਵਧਣ ਬਾਰੇ ਵੀ ਸੂਚਿਤ ਕੀਤਾ। ਇਸ ਬਾਰੇ ਵਿਚਾਰ–ਵਟਾਂਦਰਾ ਕੀਤਾ ਗਿਆ ਕਿ ਜਿਹੜੇ ਕੇਸ ਪ੍ਰਤੀ ਦਿਨ 4 ਲੱਖ ਤੋਂ ਵੀ ਜ਼ਿਆਦਾ ਹੋ ਗਏ ਸਨ, ਉਹ ਸਿਹਤ–ਸੰਭਾਲ਼ ਕਰਮਚਾਰੀਆਂ, ਰਾਜ ਸਰਕਾਰਾਂ ਤੇ ਕੇਂਦਰ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਘਟ ਗਏ ਹਨ।
ਅਧਿਕਾਰੀਆਂ ਨੇ ਕੋਵਿਡ, ਟੈਸਟਿੰਗ, ਆਕਸੀਜਨ ਦੀ ਉਪਲਬਧਤਾ, ਸਿਹਤ–ਸੰਭਾਲ਼ ਬੁਨਿਆਦੀ ਢਾਂਚੇ, ਟੀਕਾਕਰਣ ਦੀ ਰੂਪ–ਰੇਖਾ ਦੀ ਰਾਜ ਤੇ ਜ਼ਿਲ੍ਹਾ–ਪੱਧਰੀ ਸਥਿਤੀ ਬਾਰੇ ਵਿਸਤਾਰਪੂਰਬਕ ਪੇਸ਼ਕਾਰੀ ਦਿੱਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਹੜੇ ਰਾਜਾਂ ਦੇ ਜ਼ਿਲ੍ਹਿਆਂ ਵਿੱਚ ‘ਟੈਸਟ ਪਾਜ਼ਿਟੀਵਿਟੀ ਦਰ’ (TPR) ਵੱਧ ਹੈ, ਉਨ੍ਹਾਂ ’ਚ ਖ਼ਾਸ ਤੌਰ ’ਤੇ ਸਥਾਨਕ ਪੱਧਰ ਉੱਤੇ ਕੰਟੇਨਮੈਂਟ ਰਣਨੀਤੀ ਅਪਣਾਉਣਾ ਸਮੇਂ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਹਦਾਇਤ ਜਾਰੀ ਕੀਤੀ ਕਿ ਵਧੇਰੇ ਟੈਸਟ ਪਾਜ਼ਿਟੀਵਿਟੀ ਦਰਾਂ ਵਾਲੇ ਇਲਾਕਿਆਂ ’ਚ ਆਰਟੀ ਪੀਸੀਆਰ (RT PCR) ਅਤੇ ਰੈਪਿਡ ਟੈਸਟਸ ਦੋਵਾਂ ਦੀ ਵਰਤੋਂ ਕਰਦਿਆਂ ਟੈਸਟਿੰਗ ਨੂੰ ਹੋਰ ਵਧਾਉਣ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜਾਂ ਨੂੰ ਪਾਰਦਰਸ਼ਤਾ ਨਾਲ ਆਪਣੇ ਨਵੇਂ ਕੇਸਾਂ ਦੀ ਗਿਣਤੀ ਦੀ ਰਿਪੋਰਟ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਅਤੇ ਇਸ ਵੱਧ ਗਿਣਤੀ ਨਾਲ ਉਨ੍ਹਾਂ ਦੀਆਂ ਕੋਸ਼ਿਸ਼ਾਂ ਉੱਤੇ ਕਿਸੇ ਮਾੜੇ ਅਸਰ ਦਾ ਕੋਈ ਦਬਾਅ ਨਹੀਂ ਪਵੇਗਾ। ਪ੍ਰਧਾਨ ਮੰਤਰੀ ਨੇ ਗ੍ਰਾਮੀਣ ਇਲਾਕਿਆਂ ’ਚ ਘਰੋਂ–ਘਰੀਂ ਜਾ ਕੇ ਟੈਸਟਿੰਗ ਤੇ ਚੌਕਸੀ ਉੱਤੇ ਧਿਆਨ ਕੇਂਦ੍ਰਿਤ ਕਰਦਿਆਂ ਸਿਹਤ–ਸੰਭਾਲ਼ ਸੰਸਾਧਨਾਂ ਵਿੱਚ ਵਾਧਾ ਕਰਨ ਲਈ ਕਿਹਾ। ਉਨ੍ਹਾਂ ਆਸ਼ਾ ਤੇ ਆਂਗਨਵਾੜੀ ਕਰਮਚਾਰੀਆਂ ਨੂੰ ਹਰ ਤਰ੍ਹਾਂ ਦੇ ਜ਼ਰੂਰੀ ਟੂਲਸ ਨਾਲ ਮਜ਼ਬੂਤ ਬਣਾਉਣ ਦੀ ਗੱਲ ਵੀ ਕੀਤੀ। ਪ੍ਰਧਾਨ ਮੰਤਰੀ ਨੇ ਗ੍ਰਾਮੀਣ ਇਲਾਕਿਆਂ ਦੇ ਘਰਾਂ ’ਚ ਏਕਾਂਤਵਾਸ ਅਤੇ ਇਲਾਜ ਲਈ ਸਾਰੇ ਦਿਸ਼ਾ–ਨਿਰਦੇਸ਼ ਆਸਾਨ ਭਾਸ਼ਾ ਵਿੱਚ ਉਪਲਬਧ ਕਰਵਾਉਣ ਲਈ ਕਿਹਾ।
ਪ੍ਰਧਾਨ ਮੰਤਰੀ ਨੇ ਹਦਾਇਤ ਕੀਤੀ ਕਿ ਗ੍ਰਾਮੀਣ ਇਲਾਕਿਆਂ ’ਚ ਆਕਸੀਜਨ ਕੰਸੰਟ੍ਰੇਟਰਸ ਦੀ ਵਿਵਸਥਾ ਸਮੇਤ ਆਕਸੀਜਨ ਦੀ ਸਪਲਾਈ ਯਕੀਨੀ ਬਣਾਉਣ ਲਈ ਵੰਡ ਦੀ ਇੱਕ ਯੋਜਨਾ ਉੱਤੇ ਕੰਮ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਅਜਿਹੇ ਉਪਕਰਣ ਚਲਾਉਣ ਦੀ ਲੋੜੀਂਦੀ ਸਿਖਲਾਈ ਸਿਹਤ ਕਰਮਚਾਰੀਆਂ ਨੂੰ ਦਿੱਤੀ ਜਾਣੀ ਚਾਹੀਦੀ ਹੈ ਅਤੇ ਅਜਿਹੇ ਮੈਡੀਕਲ ਉਪਕਰਣਾਂ ਨੂੰ ਵਧੀਆ ਤਰੀਕੇ ਚਲਦਾ ਰੱਖਣ ਵਾਸਤੇ ਬਿਜਲੀ ਸਪਲਾਈ ਯਕੀਨੀ ਬਣਾਈ ਜਾਣੀ ਚਾਹੀਦੀ ਹੈ।
ਪ੍ਰਧਾਨ ਮੰਤਰੀ ਨੇ ਕੁਝ ਰਾਜਾਂ ਦੇ ਸਟੋਰਜ਼ ਵਿੱਚ ਅਣਵਰਤੇ ਪਏ ਵੈਂਟੀਲੇਟਰਸ ਬਾਰੇ ਕੁਝ ਰਿਪੋਰਟਾਂ ਦਾ ਗੰਭੀਰ ਨੋਟਿਸ ਲੈਂਦਿਆਂ ਹਦਾਇਤ ਕੀਤੀ ਕਿ ਕੇਂਦਰ ਸਰਕਾਰ ਵੱਲੋਂ ਮੁਹੱਈਆ ਕਰਵਾਏ ਗਏ ਵੈਂਟੀਲੇਟਰਸ ਦੀ ਸਥਾਪਨਾ ਤੇ ਉਨ੍ਹਾਂ ਦੇ ਅਪਰੇਸ਼ਨ ਦੀ ਤੁਰੰਤ ਜਾਂਚ–ਪੜਤਾਲ ਕੀਤੀ ਜਾਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਲੋੜ ਪੈਣ ’ਤੇ ਸਿਹਤ–ਸੰਭਾਲ਼ ਕਰਮਚਾਰੀਆਂ ਨੂੰ ਵੈਂਟੀਲੇਟਰਸ ਚਲਾਉਣ ਲਈ ਉਚਿਤ ਰੀਫ਼੍ਰੈਸ਼ਰ ਟ੍ਰੇਨਿੰਗ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ ਵਿਰੁੱਧ ਭਾਰਤ ਦੀ ਜੰਗ ਪੂਰੀ ਤਰ੍ਹਾਂ ਵਿਗਿਆਨੀਆਂ ਤੇ ਵਿਸ਼ੇ ਦੇ ਮਾਹਿਰਾਂ ਵੱਲੋਂ ਸੇਧਤ ਹੈ ਤੇ ਉਹ ਆਪਣਾ ਮਾਰਗ–ਦਰਸ਼ਨ ਜਾਰੀ ਰੱਖਣਗੇ।
ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਟੀਕਾਕਰਣ ਅਤੇ 45+ ਦੀ ਆਬਾਦੀ ਦੀ ਰਾਜ–ਕ੍ਰਮ ਅਨੁਸਾਰ ਕਵਰੇਜ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ। ਭਵਿੱਖ ’ਚ ਵੈਕਸੀਨ ਲਈ ਰੂਪ–ਰੇਖਾ ਦੀ ਉਪਲਬਧਤਾ ਬਾਰੇ ਵੀ ਵਿਚਾਰ–ਵਟਾਂਦਰਾ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਟੀਕਾਕਰਣ ਦੀ ਰਫ਼ਤਾਰ ਵਿੱਚ ਵਾਧਾ ਕਰਨ ਲਈ ਰਾਜਾਂ ਨਾਲ ਮਿਲ ਕੇ ਕੰਮ ਕਰਨ ਦੀ ਹਦਾਇਤ ਕੀਤੀ।
*****
ਡੀਐੱਸ/ਏਕੇਜੇ
(रिलीज़ आईडी: 1718809)
आगंतुक पटल : 333
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam