ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਆਕਸੀਜਨ ਦੀ ਸਪਲਾਈ ਅਤੇ ਉਪਲਬਧਤਾ ਬਾਰੇ ਇੱਕ ਉੱਚ ਪੱਧਰੀ ਬੈਠਕ ਕੀਤੀ
Posted On:
22 APR 2021 3:59PM by PIB Chandigarh
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਭਰ ਵਿੱਚ ਆਕਸੀਜਨ ਦੀ ਸਪਲਾਈ ਦੀ ਸਮੀਖਿਆ ਕਰਨ ਅਤੇ ਇਸ ਦੀ ਉਪਲਬਧਤਾ ਨੂੰ ਵਧਾਉਣ ਦੇ ਤਰੀਕਿਆਂ ਅਤੇ ਸਾਧਨਾਂ ਬਾਰੇ ਵਿਚਾਰ-ਵਟਾਂਦਰੇ ਲਈ ਇੱਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ। ਅਧਿਕਾਰੀਆਂ ਨੇ ਉਨ੍ਹਾਂ ਨੂੰ ਪਿਛਲੇ ਕੁਝ ਹਫ਼ਤਿਆਂ ਦੌਰਾਨ ਆਕਸੀਜਨ ਸਪਲਾਈ ਵਿੱਚ ਸੁਧਾਰ ਲਿਆਉਣ ਲਈ ਕੀਤੇ ਗਏ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ।
ਪ੍ਰਧਾਨ ਮੰਤਰੀ ਨੇ ਕਈ ਪਹਿਲੂਆਂ ‘ਤੇ ਤੇਜ਼ੀ ਨਾਲ ਕੰਮ ਕਰਨ ਦੀ ਲੋੜ ਬਾਰੇ ਦੱਸਿਆ: ਆਕਸੀਜਨ ਦਾ ਉਤਪਾਦਨ ਵਧਾਉਣਾ, ਵੰਡ ਦੀ ਗਤੀ ਵਧਾਉਣਾ ਅਤੇ ਸਿਹਤ ਸੁਵਿਧਾਵਾਂ ਨੂੰ ਆਕਸੀਜਨ ਸਹਾਇਤਾ ਮੁਹੱਈਆ ਕਰਵਾਉਣ ਲਈ ਇਨੋਵੇਟਿਵ ਤਰੀਕਿਆਂ ਦੀ ਵਰਤੋਂ ਕਰਨਾ।
ਪ੍ਰਧਾਨ ਮੰਤਰੀ ਨੂੰ ਦੱਸਿਆ ਗਿਆ ਕਿ ਆਕਸੀਜਨ ਦੀ ਮੰਗ ਬਾਰੇ ਜਾਣਕਾਰੀ ਹਾਸਲ ਕਰਨ ਅਤੇ ਉਸ ਅਨੁਸਾਰ ਢੁਕਵੀਂ ਸਪਲਾਈ ਨੂੰ ਯਕੀਨੀ ਬਣਾਉਣ ਲਈ ਰਾਜਾਂ ਨਾਲ ਤਾਲਮੇਲ ਵਾਸਤੇ ਇੱਕ ਵਿਆਪਕ ਅਭਿਆਸ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੂੰ ਇਸ ਬਾਰੇ ਦੱਸਿਆ ਗਿਆ ਕਿ ਕਿਸ ਤਰ੍ਹਾਂ ਰਾਜਾਂ ਨੂੰ ਆਕਸੀਜਨ ਸਪਲਾਈ ਲਗਾਤਾਰ ਵਧ ਰਹੀ ਹੈ। 20 ਰਾਜਾਂ ਤੋਂ ਤਰਲ ਮੈਡੀਕਲ ਆਕਸੀਜਨ ਦੀ ਰੋਜ਼ਾਨਾ 6,785 ਮੀਟ੍ਰਿਕ ਟਨ ਦੀ ਮੌਜੂਦਾ ਮੰਗ ਦੇ ਵਿਰੁੱਧ, ਭਾਰਤ ਸਰਕਾਰ ਨੇ ਇਨ੍ਹਾਂ ਰਾਜਾਂ ਨੂੰ 21 ਅਪ੍ਰੈਲ ਤੋਂ 6,822 ਮੀਟ੍ਰਿਕ ਟਨ ਪ੍ਰਤੀ ਦਿਨ ਦੀ ਐਲੋਕੇਸ਼ਨ ਕੀਤੀ ਹੈ।
ਇਹ ਨੋਟ ਕੀਤਾ ਗਿਆ ਕਿ ਪਿਛਲੇ ਦਿਨਾਂ ਵਿੱਚ, ਪ੍ਰਾਈਵੇਟ ਅਤੇ ਪਬਲਿਕ ਸਟੀਲ ਪਲਾਂਟਾਂ, ਉਦਯੋਗਾਂ, ਆਕਸੀਜਨ ਨਿਰਮਾਤਾਵਾਂ ਦੇ ਯੋਗਦਾਨ ਦੇ ਨਾਲ-ਨਾਲ ਗ਼ੈਰ-ਜ਼ਰੂਰੀ ਉਦਯੋਗਾਂ ਲਈ ਆਕਸੀਜਨ ਦੀ ਸਪਲਾਈ ਦੀ ਮਨਾਹੀ ਦੇ ਨਾਲ, ਤਰਲ ਮੈਡੀਕਲ ਆਕਸੀਜਨ ਦੀ ਉਪਲਬਧਤਾ ਵਿੱਚ ਤਕਰੀਬਨ 3,300 ਮੀਟ੍ਰਿਕ ਟਨ ਪ੍ਰਤੀ ਦਿਨ ਦਾ ਵਾਧਾ ਕੀਤਾ ਗਿਆ ਹੈ।
ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਉਹ ਪ੍ਰਵਾਨਿਤ ਪੀਐੱਸਏ ਆਕਸੀਜਨ ਪਲਾਂਟਾਂ ਨੂੰ ਜਲਦੀ ਤੋਂ ਜਲਦੀ ਚਾਲੂ ਕਰਵਾਉਣ ਲਈ ਰਾਜਾਂ ਨਾਲ ਮਿਲ ਕੇ ਕੰਮ ਕਰ ਰਹੇ ਹਨ।
ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਵਿਭਿੰਨ ਰਾਜਾਂ ਨੂੰ ਆਕਸੀਜਨ ਦੀ ਸਪਲਾਈ ਸੁਚਾਰੂ ਅਤੇ ਨਿਰਵਿਘਨ ਢੰਗ ਨਾਲ ਕੀਤਾ ਜਾਣਾ ਸੁਨਿਸ਼ਚਿਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਰੁਕਾਵਟ ਦੇ ਮਾਮਲਿਆਂ ਵਿੱਚ ਸਥਾਨਕ ਪ੍ਰਸ਼ਾਸਨ ਨਾਲ ਜ਼ਿੰਮੇਵਾਰੀ ਤੈਅ ਕਰਨ ਦੀ ਲੋੜ ਬਾਰੇ ਗੱਲ ਕੀਤੀ। ਉਨ੍ਹਾਂ ਨੇ ਮੰਤਰਾਲਿਆਂ ਨੂੰ ਆਕਸੀਜਨ ਦੇ ਉਤਪਾਦਨ ਅਤੇ ਸਪਲਾਈ ਨੂੰ ਵਧਾਉਣ ਦੇ ਵਿਭਿੰਨ ਨਵੀਨਤਾਕਾਰੀ ਤਰੀਕਿਆਂ ਦੀ ਖੋਜ ਕਰਨ ਲਈ ਵੀ ਕਿਹਾ।
ਨਾਈਟਰੋਜਨ ਅਤੇ ਆਰਗਨ ਟੈਂਕਰਾਂ ਦੇ ਪਰਿਵਰਤਨ, ਟੈਂਕਰਾਂ ਦੀ ਦਰਾਮਦ ਅਤੇ ਏਅਰ ਲਿਫਟਿੰਗ ਦੇ ਨਾਲ-ਨਾਲ ਨਿਰਮਾਣ ਦੇ ਜ਼ਰੀਏ ਕ੍ਰਾਇਓਜੈਨਿਕ ਟੈਂਕਰਾਂ ਦੀ ਉਪਲਬਧਤਾ ਨੂੰ ਤੇਜ਼ੀ ਨਾਲ ਵਧਾਉਣ ਲਈ ਕਈ ਉਪਾਅ ਕੀਤੇ ਜਾ ਰਹੇ ਹਨ।
ਪ੍ਰਧਾਨ ਮੰਤਰੀ ਨੇ ਰਾਜਾਂ ਨੂੰ ਤੇਜ਼ੀ ਨਾਲ ਆਕਸੀਜਨ ਦੀ ਸਪਲਾਈ ਯਕੀਨੀ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਇਸ ਬਾਰੇ ਵਿਚਾਰ-ਵਟਾਂਦਰੇ ਵਿੱਚ ਦਸਿਆ ਗਿਆ ਕਿ ਟੈਂਕਰਾਂ ਦੀ ਤੇਜ਼ੀ ਨਾਲ ਅਤੇ ਨਾਨ-ਸਟਾਪ ਲੰਬੀ ਦੂਰੀ ਤੱਕ ਦੀ ਸਪਲਾਈ ਲਈ ਰੇਲਵੇ ਦੀ ਵਰਤੋਂ ਕੀਤੀ ਜਾ ਰਹੀ ਹੈ। 105 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਦੇ ਟ੍ਰਾਂਸਪੋਰਟ ਲਈ ਪਹਿਲੀ ਰੇਕ ਮੁੰਬਈ ਤੋਂ ਵਿਜ਼ਾਗ ਪਹੁੰਚ ਗਈ ਹੈ। ਇਸੇ ਤਰ੍ਹਾਂ, ਆਕਸੀਜਨ ਦੀ ਸਪਲਾਈ ਲਈ ਇੱਕ ਤਰਫਾ ਯਾਤਰਾ ਦਾ ਸਮਾਂ ਘਟਾਉਣ ਲਈ, ਖਾਲੀ ਆਕਸੀਜਨ ਟੈਂਕਰਾਂ ਨੂੰ ਸਪਲਾਇਰਾਂ ਤੱਕ ਏਅਰ ਲਿਫਟ ਕੀਤਾ ਜਾ ਰਿਹਾ ਹੈ।
ਮੈਡੀਕਲ ਭਾਈਚਾਰੇ ਦੇ ਨੁਮਾਇੰਦਿਆਂ ਨੇ ਆਕਸੀਜਨ ਦੀ ਜਾਇਜ਼ ਵਰਤੋਂ ਦੀ ਜ਼ਰੂਰਤ ਬਾਰੇ ਗੱਲ ਕੀਤੀ ਅਤੇ ਦੱਸਿਆ ਕਿ ਕਿਵੇਂ ਕੁਝ ਰਾਜਾਂ ਵਿੱਚ ਆਡਿਟ ਨੇ ਮਰੀਜ਼ਾਂ ਦੀ ਹਾਲਤ ਨੂੰ ਪ੍ਰਭਾਵਿਤ ਕੀਤੇ ਬਿਨਾ ਆਕਸੀਜਨ ਦੀ ਮੰਗ ਵਿੱਚ ਕਮੀ ਲਿਆਂਦੀ ਹੈ।
ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਰਾਜਾਂ ਨੂੰ ਜਮ੍ਹਾਂਖੋਰੀ ਨੂੰ ਰੋਕਣ ਲਈ ਜ਼ੋਰਦਾਰ ਕਾਰਵਾਈ ਕਰਨੀ ਚਾਹੀਦੀ ਹੈ।
ਮੀਟਿੰਗ ਵਿੱਚ ਕੈਬਨਿਟ ਸਕੱਤਰ, ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ, ਗ੍ਰਹਿ ਸਕੱਤਰ, ਸਿਹਤ ਸਕੱਤਰ ਅਤੇ ਵਣਜ ਤੇ ਉਦਯੋਗ ਮੰਤਰਾਲੇ, ਰੋਡ ਟਰਾਂਸਪੋਰਟ ਮੰਤਰਾਲੇ, ਫਾਰਮਾਸਿਊਟੀਕਲਸ, ਨੀਤੀ ਆਯੋਗ ਦੇ ਅਧਿਕਾਰੀ ਸ਼ਾਮਲ ਹੋਏ।
**********
ਡੀਐੱਸ/ਏਕੇ
(Release ID: 1713437)
Visitor Counter : 361
Read this release in:
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam