ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ India@75 ਦੀਆਂ ਸ਼ੁਰੂਆਤੀ ਗਤੀਵਿਧੀਆਂ ਦਾ ਉਦਘਾਟਨ ਕੀਤਾਭਾਰਤ ਆਪਣੇ ਸੁਤੰਤਰਤਾ ਸੰਗਰਾਮੀਆਂ ਨੂੰ ਨਹੀਂ ਭੁੱਲੇਗਾ: ਪ੍ਰਧਾਨ ਮੰਤਰੀ

ਪਿਛਲੇ ਛੇ ਵਰ੍ਹਿਆਂ ਵਿੱਚ ਅਣਗੌਲੇ ਨਾਇਕਾਂ ਦੇ ਇਤਿਹਾਸ ਨੂੰ ਸੁਰੱਖਿਅਤ ਕਰਨ ਲਈ ਸਜੱਗ ਪ੍ਰਯਤਨ: ਪ੍ਰਧਾਨ ਮੰਤਰੀਸਾਨੂੰ ਆਪਣੇ ਸੰਵਿਧਾਨ ਅਤੇ ਲੋਕਤੰਤਰੀ ਪਰੰਪਰਾ ਉੱਤੇ ਮਾਣ ਹੈ: ਪ੍ਰਧਾਨ ਮੰਤਰੀ

Posted On: 12 MAR 2021 2:15PM by PIB Chandigarh

 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਾਬਰਮਤੀ ਆਸ਼ਰਮ, ਅਹਿਮਦਾਬਾਦ ਤੋਂ ਪਦਯਾਤਰਾ’ (ਸੁਤੰਤਰਤਾ ਮਾਰਚ) ਨੂੰ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ (India @ 75) ਦੀਆਂ ਸ਼ੁਰੂਆਤੀ ਗਤੀਵਿਧੀਆਂ ਦਾ ਉਦਘਾਟਨ ਕੀਤਾ। ਉਨ੍ਹਾਂ India @ 75 ਦੇ ਜਸ਼ਨਾਂ ਲਈ ਕਈ ਹੋਰ ਸੱਭਿਆਚਾਰਕ ਅਤੇ ਡਿਜੀਟਲ ਗਤੀਵਿਧੀਆਂ ਵੀ ਲਾਂਚ ਕੀਤੀਆਂ। ਇਸ ਮੌਕੇ ਗੁਜਰਾਤ ਦੇ ਰਾਜਪਾਲ ਸ਼੍ਰੀ ਆਚਾਰੀਆ ਦੇਵਵ੍ਰਤ, ਕੇਂਦਰੀ ਰਾਜ ਮੰਤਰੀ (ਸੁਤੰਤਰ ਕਾਰਜ-ਭਾਰ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਅਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੈ ਰੁਪਾਣੀ ਵੀ ਮੌਜੂਦ ਸਨ।

 

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਭਾਰਤ ਸਰਕਾਰ ਦੁਆਰਾ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਆਯੋਜਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੀ ਇੱਕ ਲੜੀ ਹੈ। ਇਹ ਮਹੋਤਸਵ ਜਨ-ਭਾਗੀਦਰੀ ਦੀ ਭਾਵਨਾ ਨਾਲ ਜਨ-ਉਤਸਵ ਵਜੋਂ ਮਨਾਇਆ ਜਾਵੇਗਾ।

 

ਸਾਬਰਮਤੀ ਆਸ਼ਰਮ ਵਿਖੇ ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ 15 ਅਗਸਤ 2022 ਤੋਂ 75 ਹਫ਼ਤੇ ਪਹਿਲਾਂ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਦੀ ਸ਼ੁਰੂਆਤ ਕੀਤੇ ਜਾਣ ਦੀ ਚਰਚਾ ਕੀਤੀ ਜੋ ਕਿ 15 ਅਗਸਤ, 2023 ਤੱਕ ਚਲੇਗਾ। ਉਨ੍ਹਾਂ ਨੇ ਮਹਾਤਮਾ ਗਾਂਧੀ ਅਤੇ ਉਨ੍ਹਾਂ ਮਹਾਨ ਸਖਸ਼ੀਅਤਾਂ ਨੂੰ ਸ਼ਰਧਾਂਜਲੀ ਦਿੱਤੀ ਜਿਨ੍ਹਾਂ ਨੇ ਸੁਤੰਤਰਤਾ ਸੰਗਰਾਮ ਵਿੱਚ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ।

 

ਪ੍ਰਧਾਨ ਮੰਤਰੀ ਨੇ ਆਜ਼ਾਦੀ ਦੇ 75 ਸਾਲਾ ਜਸ਼ਨਾਂ ਲਈ ਤੈਅ ਕੀਤੇ ਗਏ ਕਿ 5 ਥੰਮ੍ਹਾਂ (ਮੁੱਖ ਪ੍ਰੋਗਰਾਮਾਂ) ਅਰਥਾਤ ਆਜ਼ਾਦੀ ਦਾ ਸੰਘਰਸ਼, 75 ਵਰ੍ਹਿਆਂ ਤੇ ਵਿਚਾਰ, 75 ਸਾਲ ਦੀਆਂ ਪ੍ਰਾਪਤੀਆਂ, 75 ਵਰ੍ਹੇ ਪੂਰੇ ਹੋਣ 'ਤੇ ਐਕਸ਼ਨਸ ਅਤੇ 75 ਵਰ੍ਹੇ ਪੂਰੇ ਹੋਣ 'ਤੇ ਸੰਕਲਪਾਂ ਨੂੰ ਇੱਕ ਪ੍ਰੇਰਣਾ ਮੰਨਦੇ ਹੋਏ, ਸੁਪਨਿਆਂ ਅਤੇ ਕਰਤੱਵਾਂ ਨੂੰ ਅੱਗੇ ਵਧਾਉਣ ਲਈ ਇੱਕ ਮਾਰਗ-ਦਰਸ਼ਕ ਬਲ ਵਜੋਂ ਦੋਹਰਾਇਆ।

 

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦਾ ਅਰਥ ਹੈ ਆਜ਼ਾਦੀ ਦੀ ਊਰਜਾ ਦਾ ਅੰਮ੍ਰਿਤ। ਇਸ ਦਾ ਅਰਥ ਹੈ ਸੁਤੰਤਰਤਾ ਸੰਗਰਾਮ ਦੇ ਜੋਧਿਆਂ ਦੀ ਪ੍ਰੇਰਣਾ ਦਾ ਅੰਮ੍ਰਿਤ; ਨਵੇਂ ਵਿਚਾਰਾਂ, ਸੰਕਲਪਾਂ ਅਤੇ ਆਤਮਨਿਰਭਰਤਾ ਦਾ ਅੰਮ੍ਰਿਤ।

 

ਨਮਕ ਦੇ ਪ੍ਰਤੀਕ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਰਫ ਲਾਗਤ ਦੇ ਅਧਾਰ ਤੇ ਹੀ ਨਮਕ ਦੀ ਕਦੇ ਕਦਰ ਨਹੀਂ ਕੀਤੀ ਗਈ ਸੀ। ਭਾਰਤੀਆਂ ਲਈ ਨਮਕ ਇਮਾਨਦਾਰੀ, ਵਿਸ਼ਵਾਸ, ਵਫ਼ਾਦਾਰੀ, ਕਿਰਤ, ਸਮਾਨਤਾ ਅਤੇ ਆਤਮਨਿਰਭਰਤਾ ਦੀ ਪ੍ਰਤੀਨਿਧਤਾ ਕਰਦਾ ਹੈ। ਉਨ੍ਹਾਂ ਕਿਹਾ ਕਿ ਉਸ ਸਮੇਂ ਲੂਣ ਭਾਰਤ ਦੀ ਆਤਮਨਿਰਭਰਤਾ ਦਾ ਪ੍ਰਤੀਕ ਸੀ। ਭਾਰਤ ਦੀਆਂ ਕਦਰਾਂ ਕੀਮਤਾਂ ਦੇ ਨਾਲ-ਨਾਲ ਅੰਗਰੇਜ਼ਾਂ ਨੇ ਇਸ ਆਤਮਨਿਰਭਰਤਾ ਨੂੰ ਵੀ ਠੇਸ ਪਹੁੰਚਾਈ। ਭਾਰਤ ਦੇ ਲੋਕਾਂ ਨੂੰ ਇੰਗਲੈਂਡ ਤੋਂ ਆਉਣ ਵਾਲੇ ਲੂਣ 'ਤੇ ਨਿਰਭਰ ਕਰਨਾ ਪਿਆ। ਉਨ੍ਹਾਂ ਕਿਹਾ ਕਿ ਗਾਂਧੀ ਜੀ ਨੇ ਦੇਸ਼ ਦੇ ਇਸ ਚਿਰਕਾਲੀ ਦਰਦ ਨੂੰ ਸਮਝਿਆ, ਲੋਕਾਂ ਦੀ ਨਬਜ਼ ਨੂੰ ਸਮਝਿਆ ਅਤੇ ਇਸ ਨੂੰ ਇੱਕ ਅੰਦੋਲਨ ਵਿੱਚ ਬਦਲ ਦਿੱਤਾ।

 

ਪ੍ਰਧਾਨ ਮੰਤਰੀ ਨੇ ਸੁਤੰਤਰਤਾ ਸੰਗਰਾਮ ਦੇ ਮਹੱਤਵਪੂਰਨ ਪਲਾਂ, ਜਿਵੇਂ ਕਿ 1857 ਵਿੱਚ ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ, ਮਹਾਤਮਾ ਗਾਂਧੀ ਦੀ ਵਿਦੇਸ਼ ਤੋਂ ਵਾਪਸੀ ਤੇ ਰਾਸ਼ਟਰ ਨੂੰ ਸੱਤਿਆਗ੍ਰਹਿ ਦੀ ਤਾਕਤ ਚੇਤੇ ਕਰਵਾਉਣਾ, ਲੋਕਮਾਨਯ ਤਿਲਕ ਦੁਆਰਾ ਪੂਰਨ ਆਜ਼ਾਦੀ ਦੀ ਮੰਗ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਅਗਵਾਈ ਹੇਠ ਆਜ਼ਾਦ ਹਿੰਦ ਫੌਜ ਦਾ ਦਿੱਲੀ ਮਾਰਚ ਆਦਿ ਨੂੰ ਯਾਦ ਕੀਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਸੁਤੰਤਰਤਾ ਅੰਦੋਲਨ ਦੀ ਇਸ ਲਾਟ ਨੂੰ ਲਗਾਤਾਰ ਜਗਾਈ ਰੱਖਣ ਦਾ ਕੰਮ ਹਰ ਦਿਸ਼ਾ ਵਿੱਚ, ਹਰ ਖੇਤਰ ਵਿੱਚ, ਸਾਡੇ ਆਚਾਰੀਆਂ, ਸੰਤਾਂ ਅਤੇ ਅਧਿਆਪਕਾਂ ਨੇ ਦੇਸ਼ ਦੇ ਕੋਨੇ ਕੋਨੇ ਵਿੱਚ ਕੀਤਾ ਸੀ। ਉਨ੍ਹਾਂ ਕਿਹਾ ਕਿ ਇੱਕ ਤਰ੍ਹਾਂ ਨਾਲ, ਭਗਤੀ ਲਹਿਰ ਨੇ ਦੇਸ਼ ਵਿਆਪੀ ਆਜ਼ਾਦੀ ਅੰਦੋਲਨ ਦਾ ਮੰਚ ਤਿਆਰ ਕੀਤਾ। ਚੈਤੰਨਯ ਮਹਾਪ੍ਰਭੂ, ਰਾਮਕ੍ਰਿਸ਼ਨ ਪਰਮਹੰਸ, ਸ਼੍ਰੀਮੰਤ ਸ਼ੰਕਰ ਦੇਵ ਜਿਹੇ ਸੰਤਾਂ ਨੇ ਦੇਸ਼ ਵਿਆਪੀ ਸੁਤੰਤਰਤਾ ਸੰਗਰਾਮ ਦੀ ਨੀਂਹ ਰੱਖੀ। ਇਸੇ ਤਰ੍ਹਾਂ, ਹਰ ਕੋਨੇ ਦੇ ਸੰਤਾਂ ਨੇ ਰਾਸ਼ਟਰ ਦੀ ਚੇਤਨਾ ਅਤੇ ਆਜ਼ਾਦੀ ਸੰਗਰਾਮ ਵਿੱਚ ਯੋਗਦਾਨ ਪਾਇਆ। ਦੇਸ਼ ਭਰ ਦੇ ਬਹੁਤ ਸਾਰੇ ਦਲਿਤਾਂ, ਆਦਿਵਾਸੀਆਂ, ਮਹਿਲਾਵਾਂ ਅਤੇ ਨੌਜਵਾਨਾਂ ਨੇ ਅਣਗਿਣਤ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਨੇ ਤਮਿਲ ਨਾਡੂ ਦੇ 32 ਸਾਲ ਦੇ ਵਿਅਕਤੀ ਕੋਡੀ ਕਠਾ ਕੁਮਾਰਨ, ਜਿਸ ਨੇ ਕਿ ਅੰਗ੍ਰੇਜ਼ਾਂ ਦੀ ਗੋਲੀ ਸਿਰ ਵਿੱਚ ਲਗਣ ਦੇ ਬਾਵਜੂਦ ਵੀ ਦੇਸ਼ ਦਾ ਝੰਡਾ ਧਰਤੀ ਤੇ ਨਾ ਡਿੱਗਣ ਦਿੱਤਾ, ਜਿਹੇ ਅਣਗੌਲੇ ਨਾਇਕਾਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਕੀਤਾ। ਤਮਿਲ ਨਾਡੂ ਦੀ ਵੇਲੁ ਨਚਿਯਾਰ ਪਹਿਲੀ ਮਹਾਰਾਣੀ ਸੀ ਜੋ ਬ੍ਰਿਟਿਸ਼ ਸ਼ਾਸਨ ਵਿਰੁੱਧ ਲੜੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਦੇਸ਼ ਦੇ ਕਬਾਇਲੀ ਸਮਾਜ ਨੇ ਆਪਣੀ ਵੀਰਤਾ ਅਤੇ ਬਹਾਦਰੀ ਨਾਲ ਵਿਦੇਸ਼ੀ ਸ਼ਾਸਨ ਨੂੰ ਇਸ ਦੇ ਗੋਡਿਆਂ ਤੇ ਲਿਆਉਣ ਲਈ ਲਗਾਤਾਰ ਕੰਮ ਕੀਤਾ। ਝਾਰਖੰਡ ਵਿੱਚ, ਬਿਰਸਾ ਮੁੰਡਾ ਨੇ ਬ੍ਰਿਟਿਸ਼ ਹਕੂਮਤ ਨੂੰ ਚੁਣੌਤੀ ਦਿੱਤੀ ਅਤੇ ਮੁਰਮੂ ਭਰਾਵਾਂ ਨੇ ਸੰਥਾਲ ਅੰਦੋਲਨ ਦੀ ਅਗਵਾਈ ਕੀਤੀ। ਓਡੀਸ਼ਾ ਵਿੱਚ, ਚਕਰਾ ਬਿਸੋਈ ਨੇ ਬ੍ਰਿਟਿਸ਼ ਹਕੂਮਤ ਵਿਰੁੱਧ ਲੜਾਈ ਛੇੜ ਦਿੱਤੀ ਅਤੇ ਲਕਛਮਣ ਨਾਇਕ ਨੇ ਗਾਂਧੀਵਾਦੀ ਤਰੀਕਿਆਂ ਨਾਲ ਜਾਗਰੂਕਤਾ ਫੈਲਾਈ। ਉਨ੍ਹਾਂ ਨੇ ਬ੍ਰਿਟਿਸ਼ ਹਕੂਮਤ ਦੇ ਵਿਰੁੱਧ ਲੜਨ ਵਾਲੇ ਹੋਰ ਅਣਗੌਲੇ ਕਬਾਇਲੀ ਨਾਇਕਾਂ, ਜਿਵੇਂ ਕਿ ਆਂਧਰ ਪ੍ਰਦੇਸ਼ ਦੇ ਮਨਯਾਮ ਵਿਰੁਡੁ ਅਲੁਰੀ ਸਿਰਾਰਾਮ ਰਾਜੂ ਜਿਸ ਨੇ ਰਾਮਪਾ ਅੰਦੋਲਨ ਦੀ ਅਗਵਾਈ ਕੀਤੀ ਸੀ ਅਤੇ ਪਸਾਲਥਾ ਖੁੰਗਚੇਰਾ ਜਿਸ ਨੇ ਮਿਜ਼ੋਰਮ ਦੀਆਂ ਪਹਾੜੀਆਂ ਵਿੱਚ ਬ੍ਰਿਟਿਸ਼ ਸ਼ਾਸਨ ਦੇ ਵਿਰੁੱਧ ਲੜਾਈ ਲੜੀ ਸੀ ਆਦਿ ਦੇ ਨਾਮ ਲਏ। ਉਨ੍ਹਾਂ ਅਸਾਮ ਅਤੇ ਉੱਤਰ-ਪੂਰਬ ਦੇ ਹੋਰ ਆਜ਼ਾਦੀ ਘੁਲਾਟੀਆਂ ਜਿਵੇਂ ਕਿ ਗੋਮਧਰ ਕੋਨਵਾਰ, ਲਕਛਿਤ ਬੋਰਫੁਕਨ ਅਤੇ ਸੇਰਾਤ ਸਿੰਘ ਦਾ ਜ਼ਿਕਰ ਕੀਤਾ ਜਿਨ੍ਹਾਂ ਨੇ ਕਿ ਦੇਸ਼ ਦੀ ਆਜ਼ਾਦੀ ਵਿੱਚ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਗੁਜਰਾਤ ਦੇ ਜੰਬੂਘੋਡਾ ਵਿੱਚ ਨਾਇਕ ਕਬਾਇਲੀਆਂ ਦੀ ਕੁਰਬਾਨੀ ਅਤੇ ਮਾਨਗਾਧ ਵਿੱਚ ਸੈਂਕੜੇ ਕਬਾਇਲੀਆਂ ਦੇ ਕਤਲੇਆਮ ਨੂੰ ਹਮੇਸ਼ਾ ਯਾਦ ਰੱਖੇਗਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਪਿਛਲੇ ਛੇ ਸਾਲ ਤੋਂ ਹਰ ਰਾਜ ਅਤੇ ਹਰ ਖੇਤਰ ਦੇ ਇਤਿਹਾਸ ਨੂੰ ਸੁਰੱਖਿਅਤ ਰੱਖਣ ਲਈ ਸਜੱਗ ਉਪਰਾਲੇ ਕਰਦਾ ਆ ਰਿਹਾ ਹੈ। ਡਾਂਡੀ ਯਾਤਰਾ ਨਾਲ ਜੁੜੇ ਸਥਾਨ ਦਾ ਪੁਨਰ-ਉੱਥਾਨ ਦੋ ਸਾਲ ਪਹਿਲਾਂ ਕੀਤਾ ਗਿਆ ਸੀ। ਅੰਡੇਮਾਨ ਵਿੱਚ ਉਸ ਸਥਾਨ ਦਾ ਵੀ ਪੁਨਰ-ਉੱਥਾਨ ਕੀਤਾ ਜਾ ਰਿਹਾ ਹੈ ਜਿੱਥੇ ਦੇਸ਼ ਦੀ ਪਹਿਲੀ ਸੁਤੰਤਰ ਸਰਕਾਰ ਬਣਨ ਤੋਂ ਬਾਅਦ ਨੇਤਾਜੀ ਸੁਭਾਸ਼ ਨੇ ਤਿਰੰਗਾ ਲਹਿਰਾਇਆ ਸੀ। ਉਨ੍ਹਾਂ ਅੱਗੇ ਕਿਹਾ ਕਿ ਅੰਡੇਮਾਨ ਅਤੇ ਨਿਕੋਬਾਰ ਦੇ ਟਾਪੂਆਂ ਦਾ ਨਾਮ ਸੁਤੰਤਰਤਾ ਸੰਗਰਾਮ ਦੇ ਨਾਮ ਤੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨਾਲ ਸਬੰਧਿਤ ਥਾਵਾਂ ਨੂੰ ਪੰਚਤੀਰਥ ਵਜੋਂ ਵਿਕਸਿਤ ਕੀਤਾ ਗਿਆ ਹੈ, ਜਲਿਆਂਵਾਲਾ ਬਾਗ਼ ਸਮਾਰਕ ਅਤੇ ਪੈਕਾ ਲਹਿਰ ਦੇ ਸਮਾਰਕ ਦਾ ਵੀ ਵਿਕਾਸ ਕੀਤਾ ਗਿਆ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਭਾਰਤ ਅਤੇ ਵਿਦੇਸ਼ਾਂ ਵਿੱਚ ਆਪਣੀ ਸਖਤ ਮਿਹਨਤ ਨਾਲ ਆਪਣੇ ਆਪ ਨੂੰ ਸਾਬਤ ਕੀਤਾ ਹੈ। ਸਾਨੂੰ ਆਪਣੇ ਸੰਵਿਧਾਨ ਅਤੇ ਲੋਕਤੰਤਰੀ ਪਰੰਪਰਾਵਾਂ ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਨੂੰ ਜਨਮ ਦੇਣ ਵਾਲਾ ਭਾਰਤ ਅੱਜ ਵੀ ਲੋਕਤੰਤਰ ਨੂੰ ਸੁਦ੍ਰਿੜ੍ਹ ਕਰਦੇ ਹੋਏ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀਆਂ ਪ੍ਰਾਪਤੀਆਂ ਸਮੁੱਚੀ ਮਾਨਵਤਾ ਨੂੰ ਭਰੋਸਾ ਦੇ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਦੀ ਵਿਕਾਸ ਯਾਤਰਾ ਆਤਮਨਿਰਭਰਤਾ ਨਾਲ ਭਰੀ ਹੋਈ ਹੈ ਅਤੇ ਇਹ ਪੂਰੀ ਦੁਨੀਆ ਦੀ ਵਿਕਾਸ ਯਾਤਰਾ ਨੂੰ ਗਤੀ ਦੇਣ ਜਾ ਰਹੀ ਹੈ।

 

ਪ੍ਰਧਾਨ ਮੰਤਰੀ ਨੇ ਨੌਜਵਾਨਾਂ ਅਤੇ ਵਿਦਵਾਨਾਂ ਨੂੰ ਤਾਕੀਦ ਕੀਤੀ ਕਿ ਉਹ ਸਾਡੇ ਸੁਤੰਤਰਤਾ ਸੈਨਾਨੀਆਂ ਦੇ ਇਤਿਹਾਸ ਦੇ ਦਸਤਾਵੇਜ਼ੀਕਰਨ ਵਾਸਤੇ ਦੇਸ਼ ਦੇ ਪ੍ਰਯਤਨਾਂ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਲੈਣ। ਉਨ੍ਹਾਂ ਇਹ ਵੀ ਤਾਕੀਦ ਕੀਤੀ ਕਿ ਆਜ਼ਾਦੀ ਅੰਦੋਲਨ ਦੀਆਂ ਉਪਲਬਧੀਆਂ ਨੂੰ ਦੁਨੀਆ ਦੇ ਸਾਹਮਣੇ ਪ੍ਰਦਰਸ਼ਿਤ ਕੀਤਾ ਜਾਵੇ। ਉਨ੍ਹਾਂ ਕਲਾ, ਸਾਹਿਤ, ਥੀਏਟਰ ਜਗਤ, ਫਿਲਮ ਉਦਯੋਗ ਅਤੇ ਡਿਜੀਟਲ ਮਨੋਰੰਜਨ ਨਾਲ ਜੁੜੇ ਲੋਕਾਂ ਨੂੰ ਵੀ ਤਾਕੀਦ ਕੀਤੀ ਕਿ ਉਹ ਸਾਡੇ ਅਤੀਤ ਵਿੱਚ ਖਿਲਰੀਆਂ ਪਈਆਂ ਵਿਲੱਖਣ ਗਾਥਾਵਾਂ ਦੀ ਪੜਚੋਲ ਕਰਨ ਅਤੇ ਉਨ੍ਹਾਂ ਨੂੰ ਨਵਾਂ ਜੀਵਨ ਦੇਣ।

 

https://twitter.com/PMOIndia/status/1370261669448802304

 

 

 

***

 

ਡੀਐੱਸ / ਏਕੇ(Release ID: 1704435) Visitor Counter : 319