ਵਿੱਤ ਮੰਤਰਾਲਾ

‘ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ’ ਯੋਜਨਾ 32 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲਾਗੂਕਰਨ ਅਧੀਨ, 69 ਕਰੋੜ ਲੋਕਾਂ ਨੂੰ ਲਾਭ: ਵਿੱਤ ਮੰਤਰੀ


ਅਸੰਗਠਿਤ ਕਾਮਿਆਂ ਨਾਲ ਸਬੰਧਿਤ ਸੂਚਨਾ ਇਕੱਤਰ ਕਰਨ ਲਈ ਵਿਸ਼ੇਸ਼ ਪੋਰਟਲ

ਗਿਗ ਅਤੇ ਪਲੈਟਫਾਰਮ ਕਾਮਿਆਂ ਨੂੰ ਸਮਾਜਿਕ ਸੁਰੱਖਿਆ ਦਾ ਲਾਭ ਦੇਣ ਲਈ ਚਾਰ ਕਿਰਤ ਕੋਡ ਲਾਗੂ ਕੀਤੇ ਜਾਣਗੇ

ਸਿੰਗਲ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਨਾਲ ਮਾਲਕਾਂ ਉੱਤੇ ਅਨੁਪਾਲਣ ਬੋਝ ਘਟ ਜਾਵੇਗਾ

Posted On: 01 FEB 2021 1:43PM by PIB Chandigarh

ਖਾਹਿਸ਼ੀ ਭਾਰਤ ਦੇ ਲਈ ਸੰਮਲਿਤ ਵਿਕਾਸ, ਉਨ੍ਹਾਂ ਮਹੱਤਵਪੂਰਨ ਥੰਮਾਂ ਵਿੱਚੋਂ ਇੱਕ ਹੈ ਜਿਸ ਉੱਤੇ ਕੇਂਦਰੀ ਬਜਟ 2021-22 ਆਧਾਰਿਤ ਹੈ ਅਤੇ ਨਾਲ ਹੀ ਇਸ ਵਿੱਚ ਅਸੰਗਠਿਤ ਕਾਮਿਆਂ, ਵਿਸ਼ੇਸ਼ ਤੌਰ ’ਤੇ ਪ੍ਰਵਾਸੀ ਕਾਮਿਆਂ ਅਤੇ ਕਿਰਤੀਆਂ ਲਈ ਜ਼ਰੂਰੀ ਪ੍ਰਸਤਾਵਾਂ ਨੂੰ ਪੇਸ਼ ਕਰਨ ਲਈ ਸਰਕਾਰ ਦਾ ਮਾਰਗ ਦਰਸ਼ਨ ਕੀਤਾ ਗਿਆ ਹੈ। ਅੱਜ ਸੰਸਦ ਵਿੱਚ ਕੇਂਦਰੀ ਬਜਟ 2021-22 ਪੇਸ਼ ਕਰਦੇ ਹੋਏ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ ਅਤੇ ਕਿਰਤ ਕੋਡ ਲਾਗੂ ਕਰਨ ’ਤੇ ਵਿਸ਼ੇਸ਼ ਜ਼ੋਰ ਦਿੱਤਾ ਅਤੇ ਇਸ ਦੇ ਨਾਲ ਹੀ ਅਸੰਗਠਿਤ ਕਾਮਿਆਂ ਨਾਲ ਸਬੰਧਿਤ ਸੂਚਨਾ ਨੂੰ ਇਕੱਤਰ ਕਰਨ ਦੇ ਲਈ ਇੱਕ ਪੋਰਟਲ ਦਾ ਐਲਾਨ ਕੀਤਾ।

 

ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ

 

ਵਿੱਤ ਮੰਤਰੀ ਨੇ ਸਦਨ ਨੂੰ ਦੱਸਿਆ, ‘ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ ਯੋਜਨਾ 32 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲਾਗੂ ਕੀਤੀ ਜਾ ਰਹੀ ਹੈ ਜਿਸ ਦਾ ਫ਼ਾਇਦਾ ਲਗਭਗ 69 ਕਰੋੜ ਲਾਭਾਰਥੀਆਂ ਤੱਕ ਪਹੁੰਚ ਰਿਹਾ ਹੈ, ਅਰਥਾਤ 86 ਫ਼ੀਸਦੀ ਲਾਭਾਰਥੀਆਂ ਨੂੰ ਇਸ ਵਿੱਚ ਕਵਰ ਕੀਤਾ ਜਾ ਚੁੱਕਿਆ ਹੈ।’ ਵਿੱਤ ਮੰਤਰੀ ਨੇ ਇਸਦੇ ਨਾਲ ਹੀ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਰਹਿੰਦੇ ਚਾਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੀ ਇਸ ਵਿੱਚ ਇਕੱਠੇ ਕਰਨ ਬਾਰੇ ਆਸਵੰਦ ਦਿੱਤਾ। ਇਸ ਯੋਜਨਾ ਦੇ ਤਹਿਤ ਲਾਭਾਰਥੀ, ਵਿਸ਼ੇਸ਼ ਤੌਰ ’ਤੇ ਪ੍ਰਵਾਸੀ ਕਿਰਤੀ ਪੂਰੇ ਦੇਸ਼ ਵਿੱਚ ਕਿਤੇ ਵੀ ਆਪਣਾ ਰਾਸ਼ਣ ਪਾਉਣ ਦਾ ਦਾਅਵਾ ਕਰ ਸਕਦੇ ਹਨ। ਇਸ ਤਹਿਤ ਪ੍ਰਵਾਸੀ ਕਾਮੇ ਮੁਫ਼ਤ ਰਾਸ਼ਣ ਪਾਉਣ ਦਾ ਦਾਅਵਾ ਉਸ ਜਗ੍ਹਾ ’ਤੇ ਕਰ ਸਕਦੇ ਹਨ ਜਿੱਥੇ ਉਹ ਮੌਜੂਦਾ ਸਮੇਂ ਵਿੱਚ ਰਹਿ ਰਹੇ ਹਨ, ਜਦੋਂਕਿ ਬਾਕੀ ਬਚੇ ਹੋਏ ਰਾਸ਼ਣ ਨੂੰ ਪਾਉਣ ਦਾ ਦਾਅਵਾ ਉਨ੍ਹਾਂ ਦੇ ਪਰਿਵਾਰ ਆਪਣੇ-ਆਪਣੇ ਮੂਲ ਸਥਾਨਾਂ ਉੱਤੇ ਕਰ ਸਕਦੇ ਹਨ।

 

ਅਸੰਗਠਿਤ ਕਾਮਿਆਂ ਲਈ ਪੋਰਟਲ

 

ਪ੍ਰਵਾਸੀ ਕਾਮਿਆਂ ਉੱਤੇ ਵਿਸ਼ੇਸ਼ ਰੂਪ ਵਿੱਚ ਧਿਆਨ ਦਿੰਦੇ ਹੋਏ ਅਸੰਗਠਿਤ ਕਾਮਿਆਂ ਦੇ ਹਿੱਤ ਵਿੱਚ ਕੀਤੇ ਜਾ ਰਹੇ ਸਰਕਾਰੀ ਯਤਨਾਂ ਨੂੰ ਹੋਰ ਅੱਗੇ ਵਧਾਉਂਦੇ ਹੋਏ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਇੱਕ ਪੋਰਟਲ ਲਾਂਚ ਕਰਨ ਦਾ ਐਲਾਨ ਕੀਤਾ ਜੋ ਗਿਗ, ਭਵਨ ਉਸਾਰੀ ਅਤੇ ਨਿਰਮਾਣ ਕਾਮਿਆਂ ਆਦਿ ਨਾਲ ਸਬੰਧਿਤ ਸੂਚਨਾ ਨੂੰ ਇਕੱਤਰ ਕਰੇਗਾ। ਇਸਦੇ ਨਾਲ ਹੀ ਇਹ ਪ੍ਰਵਾਸੀ ਕਾਮਿਆਂ ਲਈ ਸਿਹਤ, ਆਵਾਸ, ਹੁਨਰ, ਬੀਮਾ, ਕ੍ਰੈਡਿਟ ਅਤੇ ਭੋਜਨ ਯੋਜਨਾਵਾਂ ਤਿਆਰ ਕਰਨ ਵਿੱਚ ਵੀ ਮਦਦਗਾਰ ਸਾਬਤ ਹੋਵੇਗਾ।

 

ਕਿਰਤ ਕੋਡ ਲਾਗੂ ਕਰਨਾ  

 

ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਕਾਮਿਆਂ ਦੀਆਂ ਸਾਰੀਆਂ ਸ਼੍ਰੇਣੀਆਂ ਵਿੱਚ ਘੱਟੋ-ਘੱਟ ਤਨਖਾਹ ਨੂੰ ਲਾਗੂ ਕਰਦੇ ਹੋਏ ਗਿਗ ਅਤੇ ਪਲੈਟਫਾਰਮ ਕਾਮਿਆਂ ਨੂੰ ਸਮਾਜਿਕ ਸੁਰੱਖਿਆ ਲਾਭ ਦੇਣ ਲਈ ਚਾਰ ਕਿਰਤ ਕੋਡ ਲਾਗੂ ਕਰਨ ਦਾ ਕੰਮ ਪੂਰਾ ਕਰੇਗੀ। ਕਰਮਚਾਰੀ ਰਾਜ ਬੀਮਾ ਨਿਗਮ ਤਹਿਤ ਮਿਲਣ ਵਾਲੀ ਕਵਰੇਜ ਇਹ ਕਾਮਿਆਂ ਲਈ ਵੀ ਨਿਸ਼ਚਿਤ ਕੀਤੀ ਜਾਵੇਗੀ। ਔਰਤਾਂ ਨੂੰ ਸਾਰੀਆਂ ਸ਼੍ਰੇਣੀਆਂ ਵਿੱਚ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਔਰਤਾਂ ਨੂੰ ਅਨੁਸਾਰੀ ਸੁਰੱਖਿਆ ਨਾਲ ਰਾਤ ਦੀਆਂ ਸ਼ਿਫਟਾਂ ਵਿੱਚ ਵੀ ਕੰਮ ਕਰਨ ਦੀ ਆਗਿਆ ਦਿੱਤੀ ਜਾਵੇਗੀ।

 

ਸਿੰਗਲ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਦੀ ਸੁਵਿਧਾ ਦੇ ਨਾਲ-ਨਾਲ ਔਨਲਾਈਨ ਰਿਟਰਨ ਭਰਨ ਦੀ ਸੁਵਿਧਾ ਨਾਲ ਵੀ ਮਾਲਕ ਉਪਰ ਅਨੁਪਾਲਣ ਦਾ ਬੋਝ ਘਟ ਜਾਵੇਗਾ।

 

******

 

ਆਰਐੱਮ / ਕੇਐੱਸ



(Release ID: 1694187) Visitor Counter : 215