ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦਾ 72ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ ਰਾਸ਼ਟਰ ਦੇ ਨਾਮ ਸੰਦੇਸ਼

Posted On: 25 JAN 2021 7:41PM by PIB Chandigarh

ਮੇਰੇ ਪਿਆਰੇ ਦੇਸ਼ਵਾਸੀਓ,

 

ਨਮਸਕਾਰ!

 

ਵਿਸ਼ਵ ਦੇ ਸਭ ਤੋਂ ਵੱਡੇ ਅਤੇ ਜੀਵੰਤ ਲੋਕਤੰਤਰ ਦੇ ਸਾਰੇ ਨਾਗਰਿਕਾਂ ਨੂੰ ਦੇਸ਼ ਦੇ 72 ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ਦੀ ਹਾਰਦਿਕ ਮੁਬਾਰਕਬਾਦ। ਵਿਭਿੰਨਤਾਵਾਂ ਨਾਲ ਭਰਪੂਰ ਸਾਡੇ ਦੇਸ਼ ਵਿੱਚ ਅਨੇਕਾਂ ਤਿਉਹਾਰ ਮਨਾਏ ਜਾਂਦੇ ਹਨ, ਪਰ ਸਾਡੇ ਰਾਸ਼ਟਰੀ ਤਿਉਹਾਰਾਂ ਨੂੰ ਸਾਰੇ ਦੇਸ਼ਵਾਸੀ, ਰਾਸ਼ਟਰ ਪ੍ਰੇਮ ਦੀ ਭਾਵਨਾ ਨਾਲ ਮਨਾਉਂਦੇ ਹਨ। ਗਣਤੰਤਰ ਦਿਵਸ ਦਾ ਰਾਸ਼ਟਰੀ ਤਿਉਹਾਰ ਵੀ ਅਸੀਂ ਪੂਰੇ ਉਤਸ਼ਾਹ ਨਾਲ ਮਨਾਉਂਦੇ ਹੋਏ ਆਪਣੇ ਰਾਸ਼ਟਰੀ ਝੰਡੇ ਅਤੇ ਸੰਵਿਧਾਨ ਪ੍ਰਤੀ ਸਤਿਕਾਰ ਤੇ ਭਰੋਸਾ ਦਰਸਾਉਂਦੇ ਹਾਂ।

 

ਅੱਜ ਦਾ ਦਿਨ ਦੇਸ਼ ਵਿਦੇਸ਼ ਚ ਰਹਿਣ ਵਾਲੇ ਸਾਰੇ ਭਾਰਤੀਆਂ ਲਈ ਬਹੁਤ ਮਹੱਤਵਪੂਰਨ ਹੈ। ਅੱਜ ਹੀ ਦੇ ਦਿਨ 71 ਸਾਲ ਪਹਿਲਾਂ ਅਸੀਂ ਭਾਰਤ ਦੇ ਲੋਕਾਂ ਨੇ ਆਪਣੇ ਵਿਲੱਖਣ ਸੰਵਿਧਾਨ ਨੂੰ ਅਪਨਾਇਆ ਅਧਿਨਿਯਮਿਤ ਤੇ ਲਾਗੂ ਕੀਤਾ ਸੀ। ਇਸ ਲਈ ਅੱਜ ਸਾਡੇ ਸਾਰਿਆਂ ਲਈ ਸੰਵਿਧਾਨ ਦੀਆਂ ਮੁੱਢਲੀਆਂ ਕਦਰਾਂ-ਕੀਮਤਾਂ ਉਤੇ ਗਹਿਰਾਈ ਨਾਲ ਵਿਚਾਰ ਕਰਨ ਦਾ ਮੌਕਾ ਏ। ਸੰਵਿਧਾਨ ਦੀ ਪ੍ਰਸਤਾਵਨਾ ਚ ਉਲੀਕੀਆਂ ਨਿਆਂ, ਸੁਤੰਤਰਤਾ, ਬਰਾਬਰਤਾ ਅਤੇ ਭਾਈਚਾਰੇ ਦੀਆਂ ਕਦਰਾਂ-ਕੀਮਤਾਂ ਸਾਡੇ ਲਈ ਪਵਿੱਤਰ ਆਦਰਸ਼ ਹਨ। ਇਹ ਉਮੀਦ ਕੀਤੀ ਜਾਂਦੀ ਹੈ ਕਿ ਸਿਰਫ ਸ਼ਾਸਨ ਦੀ ਜ਼ਿੰਮੇਵਾਰੀ ਨਿਭਾਉਣ ਵਾਲੇ ਲੋਕ ਹੀ ਨਹੀਂ, ਬਲਕਿ ਅਸੀਂ ਸਾਰੇ ਆਮ ਨਾਗਰਿਕ ਵੀ ਇਨ੍ਹਾਂ ਆਦਰਸ਼ਾਂ ਦਾ ਦ੍ਰਿੜ੍ਹਤਾ ਤੇ ਤਨਦੇਹੀ ਨਾਲ ਪਾਲਣ ਕਰੀਏ।

 

ਲੋਕਤੰਤਰ ਨੂੰ ਅਧਾਰ ਪ੍ਰਦਾਨ ਕਰਨ ਵਾਲੀਆਂ ਇਨ੍ਹਾਂ ਚਾਰ ਧਾਰਨਾਵਾਂ ਨੂੰ ਸੰਵਿਧਾਨ ਦੇ ਆਰੰਭ ਵਿੱਚ ਹੀ ਪ੍ਰਮੁੱਖਤਾ ਨਾਲ ਰੱਖਣ ਦਾ ਫ਼ੈਸਲਾ ਸਾਡੇ ਬੁੱਧੀਮਾਨ ਸੰਵਿਧਾਨ ਨਿਰਮਾਤਾਵਾਂ ਨੇ ਬਹੁਤ ਸੋਚ ਸਮਝ ਕੇ ਲਿਆ ਸੀ। ਇਨ੍ਹਾਂ ਆਦਰਸ਼ਾਂ ਨੇ ਹੀ ਸਾਡੀ ਆਜ਼ਾਦੀ ਦੀ ਲੜਾਈ ਨੂੰ ਸਹੀ ਦਿਸ਼ਾ ਦਿਖਾਈ ਸੀ। ਬਾਲ ਗੰਗਾਧਰ ਤਿਲਕ, ਲਾਲਾ ਲਾਜਪਤ ਰਾਏ, ਮਹਾਤਮਾ ਗਾਂਧੀ ਅਤੇ ਸੁਭਾਸ਼ ਚੰਦਰ ਬੋਸ ਵਰਗੇ ਅਨੇਕਾਂ ਮਹਾਨ ਲੋਕ ਨਾਇਕਾਂ ਅਤੇ ਵਿਚਾਰਕਾਂ ਨੇ ਸਾਡੀ ਆਜ਼ਾਦੀ ਦੀ ਲੜਾਈ ਨੂੰ ਪ੍ਰੇਰਿਤ ਕੀਤਾ ਸੀ। ਮਾਤ ਭੂਮੀ ਦੇ ਸੁਨਹਿਰੀ ਭਵਿੱਖ ਪ੍ਰਤੀ ਉਨ੍ਹਾਂ ਦੀ ਸੋਚ ਵੱਖਰੀ ਵੱਖਰੀ ਸੀ। ਪਰ ਨਿਆਂ, ਸੁਤੰਤਰਤਾ, ਬਰਾਬਰਤਾ ਤੇ ਭਾਈਚਾਰੇ ਦੀਆਂ ਕਦਰਾਂ-ਕੀਮਤਾਂ ਨੇ ਉਨ੍ਹਾਂ ਦੇ ਸੁਪਨਿਆਂ ਨੂੰ ਇਕ ਸੂਤਰ ਵਿੱਚ ਪਿਰੋਣ ਦਾ ਕੰਮ ਕੀਤਾ।

 

ਮੈਂ ਸੋਚਦਾ ਹਾਂ ਕਿ ਸਾਨੂੰ ਸਾਰਿਆਂ ਨੂੰ ਅਤੀਤ ਚ ਹੋਰ ਪਿੱਛੇ ਜਾ ਕੇ ਇਹ ਜਾਣਨ ਦਾ ਯਤਨ ਕਰਨਾ ਚਾਹੀਦਾ ਹੈ ਕਿ ਇਹ ਕਦਰਾਂ-ਕੀਮਤਾਂ ਸਾਡੇ ਰਾਸ਼ਟਰ ਦੇ ਨਿਰਮਾਤਾਵਾਂ ਲਈ ਆਦਰਸ਼ ਕਿਉਂ ਬਣੀਆਂ? ਇਸ ਦਾ ਉੱਤਰ ਸਪਸ਼ਟ ਏ ਕਿ ਆਦਿ ਕਾਲ ਤੋਂ ਇਹ ਧਰਤੀ, ਤੇ ਇੱਥੋਂ ਦੀ ਸੱਭਿਅਤਾ ਇਨ੍ਹਾਂ ਕਦਰਾਂ-ਕੀਮਤਾਂ ਨੂੰ ਸੰਜੋਦੀ ਰਹੀ ਹੈ। ਨਿਆਂ, ਸੁਤੰਤਰਤਾ, ਬਰਾਬਰੀ ਤੇ ਭਾਈਚਾਰਾ ਸਾਡੇ ਜੀਵਨ ਦਰਸ਼ਨ ਦੇ ਸਦੀਵੀਂ ਸਿਧਾਂਤ ਹਨ ਇਨ੍ਹਾਂ ਦਾ ਬੇਰੋਕ ਵਰਤਾਰਾ ਸਾਡੀ ਸੱਭਿਅਤਾ ਦੀ ਸ਼ੁਰੂਆਤ ਤੋਂ ਹੀ ਸਾਡੇ ਸਾਰਿਆਂ ਦੇ ਜੀਵਨ ਨੂੰ ਖੁਸ਼ਹਾਲ ਕਰਦਾ ਰਿਹਾ ਹੈ। ਹਰ ਨਵੀਂ ਪੀੜ੍ਹੀ ਦੀ ਇਹ ਜ਼ਿੰਮੇਵਾਰੀ ਏ ਕੇ ਵਕਤ ਅਨੁਸਾਰ ਇਨ੍ਹਾਂ ਕਦਰਾਂ-ਕੀਮਤਾਂ ਦੀ ਸਾਰਥਕਤਾ ਨੂੰ ਸਥਾਪਤ ਕਰੇ। ਸਾਡੇ ਆਜ਼ਾਦੀ ਘੁਲਾਟੀਆਂ ਨੇ ਆਪਣੇ ਸਮੇਂ ਚ ਇਸ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾਇਆ ਸੀ। ਉਸੇ ਤਰੀਕੇ ਨਾਲ ਅਸੀਂ ਵੀ ਅੱਜ ਦੇ ਵਕਤ ਅਨੁਸਾਰ ਇਨ੍ਹਾਂ ਕਦਰਾਂ-ਕੀਮਤਾਂ ਨੂੰ ਸਾਰਥਕ ਤੇ ਉਪਯੋਗੀ ਬਣਾਉਣਾ ਹੈ। ਇਨ੍ਹਾਂ ਸਿਧਾਂਤਾਂ ਨਾਲ ਰੌਸ਼ਨ ਰਾਹ ਤੇ ਸਾਡੀ ਤਰੱਕੀ ਦਾ ਸਫ਼ਰ ਲਗਾਤਾਰ ਅਗਾਂਹ ਵਧਦਾ ਰਹਿਣਾ ਚਾਹੀਦਾ ਹੈ।

 

ਮੇਰੇ ਪਿਆਰੇ ਦੇਸ਼ਵਾਸੀਓ,

 

ਏਨੀ ਵੱਡੀ ਵਸੋਂ ਵਾਲੇ ਸਾਡੇ ਦੇਸ਼ ਨੂੰ ਅੰਨ ਤੇ ਦੁੱਧ ਉਤਪਾਦਾਂ ਚ ਆਤਮਨਿਰਭਰ ਬਣਾਉਣ ਵਾਲੇ ਸਾਡੇ ਕਿਸਾਨ ਭੈਣ ਭਰਾਵਾਂ ਦਾ ਸਾਰੇ ਦੇਸ਼ਵਾਸੀ ਦਿਲੋਂ ਸਤਿਕਾਰ ਕਰਦੇ ਹਨ। ਮਾੜੇ ਕੁਦਰਤੀ ਹਾਲਾਤ ਅਨੇਕਾਂ ਚੁਣੌਤੀਆਂ ਤੇ ਕੋਵਿਡ ਦੀ ਮਹਾਮਾਰੀ ਦੇ ਬਾਵਜੂਦ ਵੀ ਸਾਡੇ ਕਿਸਾਨ ਭੈਣ ਭਰਾਵਾਂ ਨੇ ਖੇਤੀ ਉਤਪਾਦਨ ਚ ਕੋਈ ਕਮੀ ਨਹੀਂ ਆਉਣ ਦਿੱਤੀ। ਇਹ ਆਭਾਰੀ ਦੇਸ਼ ਸਾਡੇ ਅੰਨਦਾਤਾ ਕਿਸਾਨਾਂ ਦੇ ਕਲਿਆਣ ਵਾਸਤੇ ਪੂਰੀ ਤਰ੍ਹਾਂ ਵਚਨਬੱਧ ਹੈ।

 

ਜਿਸ ਤਰ੍ਹਾਂ ਸਾਡੇ ਮਿਹਨਤੀ ਕਿਸਾਨ ਦੇਸ਼ ਚ ਅੰਨ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਸਫ਼ਲ ਰਹੇ ਹਨ, ਉਸੇ ਤਰ੍ਹਾਂ ਸਾਡੀਆਂ ਫ਼ੌਜਾਂ ਦੇ ਬਹਾਦਰ ਜਵਾਨ ਸਖ਼ਤ ਹਾਲਾਤ ਚ ਦੇਸ਼ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਦੇ ਰਹੇ ਹਨ। ਲੱਦਾਖ ਚ ਸਥਿਤ, ਸਿਆਚਿਨ ਤੇ ਗਲਵਾਨ ਘਾਟੀ ਚ ਮਾਈਨਸ ਪੰਜਾਹ ਤੋਂ ਸੱਠ ਡਿਗਰੀ ਸੈਂਟੀਗ੍ਰੇਡ ਤਾਪਮਾਨ ਚ, ਸਭ ਕੁਝ ਜਮਾ ਦੇਣ ਵਾਲੀ ਸਰਦੀ ਤੋਂ ਲੈ ਕੇ ਜੈਸਲਮੇਰ ਚ ਪੰਜਾਹ ਡਿਗਰੀ ਸੈਂਟੀਗਰੇਡ ਤੋਂ ਉਪਰ ਵਾਲੇ ਤਾਪਮਾਨ ਚ, ਝੁਲਸਾ ਦੇਣ ਵਾਲੀ ਗਰਮੀ ਚ, ਧਰਤੀ ਆਕਾਸ਼ ਤੇ ਵਿਸ਼ਾਲ ਤੱਟੀ ਖੇਤਰਾਂ ਚ ਸਾਡੇ ਫ਼ੌਜੀ ਜਵਾਨ ਭਾਰਤ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਨੂੰ ਹਰ ਘੜੀ ਨਿਭਾਉਂਦੇ ਹਨ। ਸਾਡੇ ਸੈਨਿਕਾਂ ਦੀ ਬਹਾਦਰੀ, ਦੇਸ਼ ਪ੍ਰੇਮ ਤੇ ਬਲੀਦਾਨ ਤੇ ਸਾਨੂੰ ਸਾਰੇ ਦੇਸ਼ਵਾਸੀਆਂ ਨੂੰ ਮਾਣ ਹੈ।

 

ਅੰਨ ਸੁਰੱਖਿਆ, ਫੌਜ ਸੁਰੱਖਿਆ, ਕੁਦਰਤੀ ਮੁਸੀਬਤਾਂ ਤੇ ਬਿਮਾਰੀਆਂ ਤੋਂ ਸੁਰੱਖਿਆ ਤੇ ਵਿਕਾਸ ਦੇ ਵੱਖ-ਵੱਖ ਖੇਤਰਾਂ ਚ ਸਾਡੇ ਵਿਗਿਆਨਿਕਾਂ ਨੇ ਆਪਣੇ ਯੋਗਦਾਨ ਨਾਲ ਰਾਸ਼ਟਰੀ ਕੋਸ਼ਿਸ਼ਾਂ ਨੂੰ ਤਾਕਤ ਦਿੱਤੀ ਏ। ਅੰਤਰਿਕਸ਼ ਤੋਂ ਲੈ ਕੇ ਖੇਤ-ਖਲਿਆਨ ਤਕ, ਸਿੱਖਿਆ ਸੰਸਥਾਵਾਂ ਤੋਂ ਲੈ ਕੇ ਹਸਪਤਾਲਾਂ ਤੱਕ, ਵਿਗਿਆਨਕ ਵਰਗ ਨੇ ਸਾਡੀ ਜ਼ਿੰਦਗੀ ਤੇ ਕੰਮਕਾਰ ਨੂੰ ਬਿਹਤਰ ਬਣਾਇਆ ਏ। ਦਿਨ ਰਾਤ ਮਿਹਨਤ ਕਰਦੇ ਹੋਏ ਕੋਰੋਨਾ ਵਾਇਰਸ ਨੂੰ ਡੀ-ਕੋਡ ਕਰਕੇ ਅਤੇ ਬਹੁਤ ਹੀ ਘੱਟ ਸਮੇਂ ਚ ਵੈਕਸੀਨ ਨੂੰ ਤਿਆਰ ਕਰਕੇ, ਸਾਡੇ ਵਿਗਿਆਨਕਾਂ ਨੇ ਪੂਰੀ ਮਨੁੱਖਤਾ ਦੇ ਕਲਿਆਣ ਹਿਤ ਇਕ ਨਵਾਂ ਇਤਿਹਾਸ ਸਿਰਜਿਆ ਹੈ। ਦੇਸ਼ ਚ ਇਸ ਮਹਾਮਾਰੀ ਤੇ ਕਾਬੂ ਪਾਉਣ ਚ ਤੇ ਵਿਕਸਿਤ ਦੇਸ਼ਾਂ ਦੀ ਤੁਲਨਾ ਚ ਮੌਤ ਦਰ ਨੂੰ ਸੀਮਤ ਰੱਖਣ ਵਿੱਚ ਵੀ ਸਾਡੇ ਵਿਗਿਆਨਕਾਂ ਨੇ ਡਾਕਟਰਾਂ, ਪ੍ਰਸ਼ਾਸਨ ਤੇ ਹੋਰ ਲੋਕਾਂ ਨਾਲ ਮਿਲ ਕੇ ਬੇਸ਼ਕੀਮਤੀ ਯੋਗਦਾਨ ਦਿੱਤਾ ਹੈ। ਇਸ ਤਰ੍ਹਾਂ ਸਾਡੇ ਸਾਰੇ ਕਿਸਾਨ, ਜਵਾਨ ਤੇ ਵਿਗਿਆਨਕ ਵਿਸ਼ੇਸ਼ ਵਧਾਈ ਦੇ ਪਾਤਰ ਹਨ ਤੇ ਆਭਾਰੀ ਰਾਸ਼ਟਰ ਗਣਤੰਤਰ ਦਿਵਸ ਦੇ ਸ਼ੁਭ ਮੌਕੇ ਤੇ ਇਨ੍ਹਾਂ ਸਾਰਿਆਂ ਦਾ ਸੁਆਗਤ ਕਰਦਾ ਹੈ।

 

ਪਿਆਰੇ ਦੇਸ਼ਵਾਸੀਓ,

 

ਪਿਛਲੇ ਸਾਲ, ਜਦੋਂ ਪੂਰੀ ਮਨੁੱਖਤਾ ਇਕ ਭਾਰੀ ਮੁਸੀਬਤ ਦਾ ਸਾਹਮਣਾ ਕਰਦੇ ਹੋਏ ਠਹਿਰ ਜਿਹੀ ਗਈ ਸੀ, ਉਸ ਦੌਰਾਨ, ਮੈਂ ਭਾਰਤੀ ਸੰਵਿਧਾਨ ਦੇ ਮੂਲ ਤੱਤਾਂ ਤੇ ਵਿਚਾਰ ਕਰਦਾ ਰਿਹਾ। ਮੇਰਾ ਮੰਨਣਾ ਹੈ ਕਿ ਭਾਈਚਾਰੇ ਦੇ ਸਾਡੇ ਸੰਵਿਧਾਨਕ ਆਦਰਸ਼ਾਂ ਦੇ ਬਲਬੂਤੇ ਤੇ ਹੀ ਇਸ ਮੁਸੀਬਤ ਦਾ ਪ੍ਰਭਾਵਸ਼ਾਲੀ ਢੰਗ ਨਾਲ ਸਾਹਮਣਾ ਕਰਨਾ ਸੰਭਵ ਹੋ ਸਕਿਆ ਹੈ। ਕੋਰੋਨਾ ਵਾਇਰਸ ਰੂਪੀ ਦੁਸ਼ਮਣ ਦੇ ਸਨਮੁੱਖ ਦੇਸ਼ਵਾਸੀਆਂ ਨੇ ਪਰਿਵਾਰ ਵਾਂਗ ਇਕਜੁੱਟ ਹੋ ਕੇ ਮਿਸਾਲੀ ਤਿਆਗ, ਸੇਵਾ ਤੇ ਬਲੀਦਾਨ ਦਾ ਪਰੀਚੈ ਦਿੰਦੇ ਹੋਏ, ਇਕ ਦੂਜੇ ਦੀ ਰੱਖਿਆ ਕੀਤੀ ਏ। ਮੈਂ ਇੱਥੇ ਉਨ੍ਹਾਂ ਡਾਕਟਰਾਂ, ਨਰਸਾਂ, ਸਿਹਤ ਕਰਮੀਆਂ ਤੇ ਸਿਹਤ ਸੇਵਾਵਾਂ ਨਾਲ ਜੁੜੇ ਪ੍ਰਬੰਧਕਾਂ ਅਤੇ ਸਫ਼ਾਈ ਕਾਮਿਆਂ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਪੀੜਤਾਂ ਦੀ ਦੇਖਭਾਲ਼ ਕੀਤੀ, ਬਹੁਤਿਆਂ ਨੇ ਤਾਂ ਆਪਣੀ ਜਾਨ ਵੀ ਗੁਆ ਦਿੱਤੀ। ਇਨ੍ਹਾਂ ਦੇ ਨਾਲ ਨਾਲ ਇਸ ਮਹਾਮਾਰੀ ਨੇ ਦੇਸ਼ ਦੇ ਲਗਪਗ ਡੇਢ ਲੱਖ ਨਾਗਰਿਕਾਂ ਨੂੰ ਵੀ ਆਪਣੀ ਲਪੇਟ ਚ ਲੈ ਲਿਆ। ਉਨ੍ਹਾਂ ਸਾਰਿਆਂ ਦੇ ਸੋਗ ਚ ਡੁੱਬੇ ਪਰਿਵਾਰਾਂ ਪ੍ਰਤੀ ਮੈਂ ਆਪਣੀ ਸੰਵੇਦਨਾ ਪ੍ਰਗਟ ਕਰਦਾ ਹਾਂ। ਕੋਰੋਨਾ ਦੇ ਮੋਰਚੇ ਤੇ ਪਹਿਲੀ ਕਤਾਰ ਦੇ ਯੋਧਿਆਂ ਦੇ ਰੂਪ ਚ ਸਾਡੇ ਸਾਧਾਰਨ ਨਾਗਰਿਕਾਂ ਨੇ ਅਸਾਧਾਰਨ ਯੋਗਦਾਨ ਦਿੱਤਾ ਹੈ। ਆਉਣ ਵਾਲੀਆਂ ਪੀੜ੍ਹੀਆਂ ਦੇ ਲੋਕ ਜਦੋਂ ਇਸ ਦੌਰ ਦਾ ਇਤਿਹਾਸ ਜਾਣਨਗੇ ਤਾਂ ਇਸ ਅਚਨਚੇਤੀ ਮੁਸੀਬਤ ਦਾ ਜਿਸ ਬਹਾਦਰੀ ਨਾਲ ਤੁਸੀਂ ਸਾਰਿਆਂ ਨੇ ਸਾਹਮਣਾ ਕੀਤਾ ਏ, ਉਹਦੇ ਪ੍ਰਤੀ ਉਹ ਸ਼ਰਧਾ ਨਾਲ ਸਿਰ ਝੁਕਾਉਣਗੇ।

 

ਭਾਰਤ ਦੀ ਸੰਘਣੀ ਆਬਾਦੀ, ਸਾਂਸਕ੍ਰਿਤਕ ਪਰੰਪਰਾਵਾਂ ਦੀ ਵਿਭਿੰਨਤਾ ਅਤੇ ਪ੍ਰਕਿਰਤਕ ਤੇ ਭੂਗੋਲਿਕ ਚੁਣੌਤੀਆਂ ਕਾਰਨ, ਕੋਵਿਡ ਦੇ ਬਚਾਅ ਦੇ ਉਪਾਅ ਕਰਨਾ ਸਾਡੇ ਸਾਰਿਆਂ ਲਈ ਕਿਤੇ ਜ਼ਿਆਦਾ ਚੁਣੌਤੀ ਭਰਿਆ ਕੰਮ ਸੀ। ਚੁਣੌਤੀਆਂ ਦੇ ਬਾਵਜੂਦ ਇਸ ਵਾਇਰਸ ਦੇ ਪ੍ਰਕੋਪ ਤੇ ਕਾਬੂ ਪਾਉਣ ਵਿਚ ਅਸੀਂ ਕਾਫ਼ੀ ਹੱਦ ਤਕ ਕਾਮਯਾਬ ਰਹੇ ਹਾਂ।

 

ਇਸ ਗੰਭੀਰ ਮੁਸੀਬਤ ਦੇ ਬਾਵਜੂਦ ਅਸੀਂ ਅਨੇਕ ਖੇਤਰਾਂ ਚ ਆਪਣੀ ਗਤੀਵਿਧੀਆਂ ਨੂੰ ਸਫ਼ਲਤਾਪੂਰਵਕ ਅੱਗੇ ਵਧਾਇਆ ਏ। ਇਸ ਮਹਾਮਾਰੀ ਕਾਰਨ ਸਾਡੇ ਬੱਚਿਆਂ ਤੇ ਨੌਜਵਾਨ ਪੀੜ੍ਹੀ ਦੀ ਸਿੱਖਿਆ ਪ੍ਰਕਿਰਿਆ ਵਿੱਚ ਰੁਕਾਵਟ ਦਾ ਖ਼ਤਰਾ ਪੈਦਾ ਹੋ ਗਿਆ ਸੀ, ਪ੍ਰੰਤੂ ਸਾਡੇ ਸੰਸਥਾਨਾਂ ਤੇ ਅਧਿਆਪਕਾਂ ਨੇ ਨਵੀਂ ਤਕਨੀਕ ਨੂੰ ਜਲਦੀ ਅਪਣਾ ਕੇ ਇਹ ਸੁਨਿਸ਼ਚਿਤ ਕੀਤਾ ਕਿ ਵਿਦਿਆਰਥੀਆਂ ਦੀ ਸਿੱਖਿਆ ਨਿਰੰਤਰ ਚਲਦੀ ਰਹੇ। ਬਿਹਾਰ ਵਰਗੀ ਸੰਘਣੀ ਆਬਾਦੀ ਵਾਲੇ ਰਾਜ ਅਤੇ ਜੰਮੂ ਕਸ਼ਮੀਰ ਤੇ ਲੱਦਾਖ ਵਰਗੇ ਮੁਸ਼ਕਿਲਾਂ ਤੇ ਚੁਣੌਤੀ ਭਰੇ ਖੇਤਰਾਂ ਚ ਸੁਤੰਤਰ, ਬਿਨਾ ਭੇਦ ਭਾਵ ਤੇ ਸੁਰੱਖਿਅਤ ਚੋਣਾਂ ਕਰਵਾਉਣਾ ਸਾਡੇ ਲੋਕਤੰਤਰ ਤੇ ਚੋਣ ਆਯੋਗ ਦੀ ਸਲਾਹੁਣਯੋਗ ਉਪਲੱਬਧੀ ਰਹੀ ਹੈ। ਤਕਨੀਕ ਦੀ ਸਹਾਇਤਾ ਨਾਲ ਨਿਆਂਪਾਲਿਕਾ ਨੇ ਨਿਆਂ ਦੇਣ ਦੀ ਪ੍ਰਕਿਰਿਆ ਜਾਰੀ ਰੱਖੀ। ਇਹੋ ਜਿਹੀਆਂ ਉਪਲੱਬਧੀਆਂ ਦੀ ਸੂਚੀ ਬਹੁਤ ਵੱਡੀ ਹੈ।

 

ਆਰਥਿਕ ਗਤੀਵਿਧੀਆਂ ਨੂੰ ਸ਼ੁਰੂ ਕਰਨ ਲਈ ਅਨਲੌਕਿੰਗ ਦੀ ਪ੍ਰਕਿਰਿਆ ਨੂੰ ਸਾਵਧਾਨੀ ਨਾਲ, ਕਦਮ ਦਰ ਕਦਮ ਤਰੀਕੇ ਨਾਲ ਲਾਗੂ ਕੀਤਾ ਗਿਆ। ਇਹ ਤਰੀਕਾ ਕਾਰਗਰ ਸਿੱਧ ਹੋਇਆ ਅਤੇ ਅਰਥਵਿਵਸਥਾ ਵਿਚ ਫਿਰ ਤੋਂ ਮਜ਼ਬੂਤੀ ਦੇ ਸੰਕੇਤ ਦਿਖਾਈ ਦੇਣ ਲੱਗੇ ਹਨ। ਹਾਲ ਹੀ ਵਿੱਚ ਦਰਜ ਕੀਤਾ ਗਿਆ ਜੀ.ਐੱਸ.ਟੀ ਦਾ ਰਿਕਾਰਡ ਵਾਧਾ ਅਤੇ ਵਿਦੇਸ਼ੀ ਨਿਵੇਸ਼ ਲਈ ਦਿਲ ਖਿੱਚਵੀਂ ਅਰਥਵਿਵਸਥਾ ਦੇ ਰੂਪ ਵਿੱਚ ਭਾਰਤ ਦਾ ਉੱਭਰਨਾ, ਤੇਜ਼ੀ ਨਾਲ ਹੋ ਰਹੀ ਸਾਡੀ ਆਰਥਿਕ ਪੂਰਤੀ ਦੇ ਸੂਚਕ ਹਨ। ਸਰਕਾਰ ਨੇ ਮੱਧਮ ਤੇ ਲਘੂ ਉਦਯੋਗਾਂ ਨੂੰ ਉਤਸ਼ਾਹਿਤ ਕੀਤਾ ਹੈ, ਅਸਾਨ ਕਰਜ਼ ਉਪਲੱਬਧ ਕਰ ਕੇ ਉੱਦਮਸ਼ੀਲਤਾ ਨੂੰ ਵਧਾਵਾ ਦਿੱਤਾ ਹੈ ਅਤੇ ਵਪਾਰ ਚ ਇਨੋਵੇਸ਼ਨ ਨੂੰ ਪ੍ਰੇਰਿਤ ਕਰਨ ਲਈ ਕਈ ਕਦਮ ਚੁੱਕੇ ਹਨ।

 

ਮੇਰੇ ਪਿਆਰੇ ਦੇਸ਼ਵਾਸੀਓ,

 

ਬੀਤੇ ਸਾਲ ਦੀਆਂ ਉਲਟ ਪਰਿਸਥਿਤੀਆਂ ਨੇ ਸਾਡੇ ਉਨ੍ਹਾਂ ਸੰਸਕਾਰਾਂ ਨੂੰ ਜਗਾਇਆ ਹੈ, ਜਿਹੜੇ ਸਾਡੇ ਲੋਕਾਂ ਦੇ ਦਿਲਾਂ ਚ ਹਮੇਸ਼ਾ ਹੀ ਵਸਦੇ ਰਹੇ ਹਨ। ਵਕਤ ਦੀ ਮੰਗ ਦੇ ਅਨੁਸਾਰ ਸਾਡੇ ਦੇਸ਼ਵਾਸੀਆਂ ਨੇ ਹਰ ਖੇਤਰ ਚ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਤੇ ਆਪਣੇ ਤੋਂ ਪਹਿਲਾਂ ਦੂਜਿਆਂ ਦੇ ਹਿਤ ਨੂੰ ਪਹਿਲ ਦਿੱਤੀ। ਸਮੁੱਚੀ ਮਨੁੱਖਤਾ ਲਈ ਹਮਦਰਦੀ, ਸੇਵਾ ਤੇ ਭਾਈਚਾਰੇ ਦੀਆਂ ਇਨ੍ਹਾਂ ਡੂੰਘੀਆਂ ਭਾਵਨਾਵਾਂ ਨੇ ਹੀ ਹਜ਼ਾਰਾਂ ਸਾਲਾਂ ਤੋਂ ਸਾਨੂੰ ਇਕਜੁੱਟ ਬਣਾਈ ਰੱਖਿਆ ਹੈ। ਅਸੀਂ ਭਾਰਤਵਾਸੀ, ਮਨੁੱਖਤਾ ਲਈ ਜਿਊਂਦੇ ਵੀ ਹਾਂ ਤੇ ਮਰਦੇ ਵੀ ਹਾਂ। ਇਨ੍ਹਾਂ ਭਾਰਤੀ ਆਦਰਸ਼ਾਂ ਨੂੰ ਮਹਾਨ ਕਵੀ ਮੈਥਿਲੀ ਸ਼ਰਣ ਗੁਪਤ ਨੇ ਇਨ੍ਹਾਂ ਸ਼ਬਦਾਂ ਚ ਦਰਸਾਇਆ ਹੈ:-

 

ਉਸੀ ਉਦਾਰ ਕੀ ਸਦਾ, ਸਜੀਵ ਕੀਰਤੀ ਕੂਜਤੀ;

ਤਥਾ ਉਸੀ ਉਦਾਰ ਕੋ ਸਮਸਤ ਸ੍ਰਿਸ਼ਟੀ ਪੂਜਤੀ।

ਅਖੰਡ ਆਤਮ ਭਾਵ ਜੋ, ਅਸੀਮ ਵਿਸ਼ਵ ਮੇਂ ਭਰੇ,

ਵਹੀ ਮਨੁਸ਼ ਹੈ ਕਿ ਜੋ ਮਨੁਸ਼ ਕੇ ਲੀਏ ਮਰੇ।

 

ਮੈਨੂੰ ਯਕੀਨ ਹੈ ਕਿ ਮਾਨਵਤਾ ਦੇ ਲਈ ਅਥਾਹ ਪਿਆਰ ਤੇ ਬਲੀਦਾਨ ਦੀ ਇਹ ਭਾਵਨਾ ਸਾਡੇ ਦੇਸ਼ ਨੂੰ ਤਰੱਕੀ ਦੇ ਸਿਖਰ ਤੇ ਲੈ ਜਾਏਗੀ।

 

ਮੇਰੇ ਵਿਚਾਰ ਚ ਸੰਨ ਦੋ ਹਜਾਰ ਵੀਹ ਨੂੰ ਸਬਕ ਦੇਣ ਵਾਲਾ ਵਰ੍ਹਾ ਮੰਨਣਾ ਚਾਹੀਦਾ ਹੈ। ਪਿਛਲੇ ਸਾਲ ਦੌਰਾਨ ਕੁਦਰਤ ਨੇ ਬਹੁਤ ਘੱਟ ਸਮੇਂ ਚ ਹੀ ਆਪਣਾ ਸਾਫ਼ ਸੁਥਰਾ ਤੇ ਨਿਰਮਲ ਸਰੂਪ ਦੁਬਾਰਾ ਪ੍ਰਾਪਤ ਕਰ ਲਿਆ ਸੀ। ਅਜਿਹਾ ਸਾਫ਼ ਸੁਥਰਾ ਤੇ ਪ੍ਰਕਿਰਤਕ ਸੁਹੱਪਣ ਬਹੁਤ ਦੇਰ ਬਾਅਦ ਦੇਖਣ ਨੂੰ ਮਿਲਿਆ। ਇਸ ਤਰ੍ਹਾਂ ਪ੍ਰਕਿਰਤੀ ਨੇ ਇਹ ਸਪਸ਼ਟ ਸੁਨੇਹਾ ਦਿੱਤਾ ਕਿ ਛੋਟੇ ਛੋਟੇ ਯਤਨ ਸਿਰਫ਼ ਮਜਬੂਰੀ ਨਹੀਂ, ਬਲਕਿ ਵੱਡੇ ਯਤਨਾਂ ਦੇ ਪੂਰਕ ਹੁੰਦੇ ਹਨ। ਮੈਨੂੰ ਯਕੀਨ ਹੈ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਮਹਾਮਾਰੀਆਂ ਦੇ ਖ਼ਤਰੇ ਨੂੰ ਘੱਟ ਕਰਨ ਦੇ ਉਦੇਸ਼ ਨਾਲ ਜਲਵਾਯੂ ਪਰਿਵਰਤਨ ਦੇ ਮੁੱਦੇ ਨੂੰ ਵਿਸ਼ਵ ਪੱਧਰ ਤੇ ਪਹਿਲ ਦਿੱਤੀ ਜਾਵੇਗੀ।

 

ਪਿਆਰੇ ਦੇਸ਼ਵਾਸੀਓ,

 

ਮੁਸੀਬਤ ਨੂੰ ਮੌਕੇ ਚ ਬਦਲਦੇ ਹੋਏ, ਪ੍ਰਧਾਨ ਮੰਤਰੀ ਨੇ ਆਤਮਨਿਰਭਰ ਭਾਰਤ ਅਭਿਯਾਨ ਦੀ ਸ਼ੁਰੁਆਤ ਕੀਤੀ। ਸਾਡਾ ਜੀਵੰਤ ਲੋਕਤੰਤਰ, ਸਾਡੇ ਕਰਮ ਯੋਗੀ ਤੇ ਪ੍ਰਤਿਭਾਸ਼ਾਲੀ ਦੇਸ਼ਵਾਸੀ- ਖ਼ਾਸ ਕਰਕੇ ਸਾਡੀ ਨੌਜਵਾਨ ਆਬਾਦੀ,ਆਤਮਨਿਰਭਰ ਭਾਰਤ ਦੇ ਨਿਰਮਾਣ ਦੇ ਸਾਡੇ ਯਤਨਾਂ ਨੂੰ ਊਰਜਾ ਪ੍ਰਦਾਨ ਕਰ ਰਹੇ ਹਨ। ਵਸਤਾਂ ਤੇ ਸੇਵਾਵਾਂ ਲਈ ਸਾਡੇ ਦੇਸ਼ਵਾਸੀਆਂ ਦੀ ਮੰਗ ਨੂੰ ਪੂਰਾ ਕਰਨ ਦੇ ਘਰੇਲੂ ਯਤਨਾਂ ਰਾਹੀਂ ਇਨ੍ਹਾਂ ਯਤਨਾਂ ਵਿੱਚ ਆਧੁਨਿਕ ਤਕਨੀਕ ਦੇ ਪ੍ਰਯੋਗ ਨਾਲ ਵੀ ਇਸ ਅਭਿਆਨ ਨੂੰ ਸ਼ਕਤੀ ਮਿਲ ਰਹੀ ਏ। ਇਸ ਅਭਿਆਨ ਤਹਿਤ ਮਾਈਕਰੋ, ਸਮਾਲ ਤੇ ਮੀਡੀਅਮ ਐਂਟਰਪ੍ਰਾਈਜ਼ਿਜ਼ ਨੂੰ ਵਧਾਵਾ ਦੇ ਕੇ ਤੇ ਸਟਾਰਟਅੱਪ ਈਕੋ ਸਿਸਟਮ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾ ਕੇ ਆਰਥਿਕ ਵਿਕਾਸ ਦੇ ਨਾਲ ਨਾਲ ਰੋਜ਼ਗਾਰ ਪੈਦਾ ਲਈ ਵੀ ਕਦਮ ਚੁੱਕੇ ਗਏ ਹਨ। ਆਤਮਨਿਰਭਰ ਭਾਰਤ ਅਭਿਯਾਨ ਇੱਕ ਜਨ ਅੰਦੋਲਨ ਦਾ ਰੂਪ ਲੈ ਰਿਹਾ ਹੈ।

 

ਇਹ ਅਭਿਆਨ ਸਾਡੇ ਉਨ੍ਹਾਂ ਰਾਸ਼ਟਰੀ ਸੰਕਲਪਾਂ ਨੂੰ ਪੂਰਾ ਕਰਨ ਚ ਵੀ ਸਹਾਇਕ ਹੋਵੇਗਾ, ਜਿਨ੍ਹਾਂ ਨੂੰ ਅਸੀਂ ਨਵ ਭਾਰਤ ਦੀ ਪਰਿਕਲਪਨਾ ਤਹਿਤ ਦੇਸ਼ ਦੀ ਆਜ਼ਾਦੀ ਦੇ ਪਚੱਤਰ ਵੇਂ ਸਾਲ ਤਕ ਯਾਨੀ ਸੰਨ ਦੋ ਹਜਾਰ ਬਾਈ ਤਕ ਹਾਸਲ ਕਰਨ ਦਾ ਟੀਚਾ ਰੱਖਿਆ ਹੈ। ਹਰ ਪਰਿਵਾਰ ਦੀਆਂ ਬੁਨਿਆਦੀ ਸੁਵਿਧਾਵਾਂ ਅਨੁਸਾਰ ਪੱਕਾ ਮਕਾਨ ਦਿਵਾਉਣ ਤੋਂ ਲੈ ਕੇ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਤਕ ਇਹੋ ਜਿਹੇ ਮਹੱਤਵਪੂਰਨ ਟੀਚਿਆਂ ਵੱਲ ਵੱਧਦੇ ਹੋਏ, ਅਸੀਂ ਆਪਣੀ ਆਜ਼ਾਦੀ ਦੀ ਪਚੱਤਰ ਵੀਂ ਵਰ੍ਹੇਗੰਢ ਦੇ ਇਤਿਹਾਸਕ ਪੜਾਅ ਤੱਕ ਪਹੁੰਚਾਗੇ। ਨਵੇਂ ਭਾਰਤ ਦੇ ਸਮਾਵੇਸ਼ੀ ਸਮਾਜ ਦਾ ਨਿਰਮਾਣ ਕਰਨ ਲਈ ਅਸੀਂ ਸਿੱਖਿਆ, ਸਿਹਤ, ਪੋਸ਼ਣ, ਵਾਂਝੇ ਵਰਗਾਂ ਦੇ ਉਭਾਰ ਅਤੇ ਔਰਤਾਂ ਦੇ ਕਲਿਆਣ ਤੇ ਵਿਸ਼ੇਸ਼ ਧਿਆਨ ਦੇ ਰਹੇ ਹਾਂ।

 

ਸਾਡੀ ਇਹ ਮਾਨਤਾ ਹੈ, ਕਿ ਉਲਟ ਹਾਲਾਤ ਨਾਲ ਕੋਈ ਨਾ ਕੋਈ ਸੱਬਕ ਮਿਲਦਾ ਏ। ਉਨ੍ਹਾ ਦਾ ਸਾਹਮਣਾ ਕਰਨ ਨਾਲ ਸਾਡੀ ਸ਼ਕਤੀ ਤੇ ਆਤਮ ਵਿਸ਼ਵਾਸ ਚ ਵਾਧਾ ਹੁੰਦਾ ਏ। ਇਸ ਆਤਮ ਵਿਸ਼ਵਾਸ ਨਾਲ ਭਾਰਤ ਨੇ ਕਈ ਖੇਤਰਾਂ ਚ ਵੱਡੇ-ਵੱਡੇ ਕਦਮ ਚੁੱਕੇ ਹਨ। ਪੂਰੀ ਗਤੀ ਨਾਲ ਅੱਗੇ ਵਧ ਰਹੇ ਸਾਡੇ ਆਰਥਿਕ ਸੁਧਾਰਾਂ ਦੇ ਪੂਰਕ ਦੇ ਰੂਪ ਚ ਨਵੇਂ ਕਾਨੂੰਨ ਬਣਾ ਕੇ ਖੇਤੀ ਤੇ ਮਜ਼ਦੂਰੀ ਦੇ ਖੇਤਰਾਂ ਚ ਇਹੋ ਜਿਹੇ ਸੁਧਾਰ ਕੀਤੇ ਗਏ ਹਨ,ਜਿਹੜੇ ਲੰਬੇ ਸਮੇਂ ਤੋਂ ਅੱਖੋਂ ਪਰੋਖੇ ਸਨ। ਸ਼ੁਰੂ ਸ਼ੁਰੂ ਚ ਇਨ੍ਹਾਂ ਸੁਧਾਰਾਂ ਦੇ ਵਿਸ਼ੇ ਚ ਭਰਮ ਪੈਦਾ ਹੋ ਸਕਦੇ ਹਨ। ਪਰ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਕਿਸਾਨਾਂ ਦੇ ਹਿਤ ਲਈ ਸਰਕਾਰ ਪੂਰੀ ਤਰ੍ਹਾਂ ਸਮਰਪਿਤ ਹੈ।

 

ਸੁਧਾਰਾਂ ਦੇ ਸਬੰਧ ਚ, ਸਿੱਖਿਆ ਦੇ ਖੇਤਰ ਚ ਕੀਤੇ ਗਏ ਵਿਆਪਕ ਸੁਧਾਰ ਗੋਰਤਲਬ ਹਨ। ਇਹ ਸੁਧਾਰ ਵੀ ਲੰਬੇ ਸਮੇਂ ਤੋਂ ਅਣਗੌਲੇ ਸਨ। ਇਹ ਵੀ ਖੇਤੀ ਤੇ ਮਜ਼ਦੂਰੀ ਸੁਧਾਰਾਂ ਵਾਂਗ ਹੀ ਮਹੱਤਵਪੂਰਨ ਹਨ। ਪਰ ਕਿਤੇ ਵੱਡੀ ਸੰਖਿਆ ਚ ਲੋਕਾਂ ਦੇ ਜੀਵਨ ਨੂੰ ਸਿੱਧੇ ਪ੍ਰਭਾਵਿਤ ਕਰਨ ਵਾਲੇ ਹਨ। 2020 ਚ ਘੋਸ਼ਿਤ ਰਾਸ਼ਟਰੀ ਸਿੱਖਿਆ ਨੀਤੀ ਚ ਤਕਨਾਲੌਜੀ ਦੇ ਨਾਲ ਨਾਲ ਪਰੰਪਰਾ ਉੱਤੇ ਵੀ ਜ਼ੋਰ ਦਿੱਤਾ ਗਿਆ ਹੈ। ਇਹਦੇ ਰਾਹੀਂ ਇਕ ਅਜਿਹੇ ਨਵੇਂ ਭਾਰਤ ਦੀ ਨੀਂਹ ਰੱਖੀ ਗਈ, ਜੋ ਅੰਤਰਰਾਸ਼ਟਰੀ ਮੰਚ ਤੇ ਗਿਆਨ ਕੇਂਦਰ ਦੇ ਰੂਪ ਚ ਉੱਭਰਨ ਦੀ ਇੱਛਾ ਰੱਖਦਾ ਹੈ। ਨਵੀਂ ਸਿੱਖਿਆ ਪ੍ਰਣਾਲੀ ਵਿਦਿਆਰਥੀਆਂ ਦੀ ਅੰਦਰੂਨੀ ਪ੍ਰਤਿਭਾ ਨੂੰ ਵਿਕਸਤ ਕਰੇਗੀ ਤੇ ਉਨ੍ਹਾਂ ਨੂੰ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਬਣਾਏਗੀ।

 

ਸਾਰੇ ਖੇਤਰਾਂ ਚ ਸੰਕਲਪ ਤੇ ਦ੍ਰਿੜ੍ਹਤਾ ਨਾਲ ਅੱਗੇ ਵਧਦੇ ਜਾਣ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਕੋਰੋਨਾ ਦੀ ਲਗਪਗ ਇਕ ਸਾਲ ਦੀ ਅਚਨਚੇਤ ਅਗਨੀ ਪ੍ਰੀਖਿਆ ਦੇ ਬਾਵਜੂਦ ਭਾਰਤ ਨਿਰਾਸ਼ ਨਹੀਂ ਹੋਇਆ, ਬਲਕਿ ਆਤਮ ਵਿਸ਼ਵਾਸ ਨਾਲ ਭਰਪੂਰ ਹੋ ਕੇ ਉੱਭਰਿਆ ਹੈ। ਸਾਡੇ ਦੇਸ਼ ਚ ਆਰਥਿਕ ਮੰਦੀ ਥੋੜ੍ਹੇ ਸਮੇਂ ਲਈ ਹੀ ਰਹੀ। ਹੁਣ ਸਾਡੀ ਅਰਥਵਿਵਸਥਾ ਦੁਬਾਰਾ ਗਤੀਸ਼ੀਲ ਹੋ ਗਈ ਏ। ਆਤਮਨਿਰਭਰ ਭਾਰਤ ਨੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਆਪਣੀ ਖੁਦ ਦੀ ਵੈਕਸੀਨ ਲਈ ਹੈ। ਹੁਣ ਵਿਸ਼ਾਲ ਪੱਧਰ ਤੇ ਟੀਕਾਕਰਨ ਦਾ ਜਿਹੜਾ ਅਭਿਆਨ ਚੱਲ ਰਿਹਾ ਏ, ਉਹ ਇਤਿਹਾਸ ਚ ਆਪਣੀ ਤਰ੍ਹਾਂ ਦਾ ਸਭ ਤੋਂ ਵੱਡਾ ਕੰਮ ਹੋਵੇਗਾ। ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਪ੍ਰਸ਼ਾਸਨ ਤੇ ਸਿਹਤ ਸੇਵਾਵਾਂ ਨਾਲ ਜੁੜੇ ਲੋਕ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੇ ਹਨ। ਮੈਂ ਦੇਸ਼ਵਾਸੀਆਂ ਨੂੰ ਅਪੀਲ ਕਰਦਾ ਹਾਂ, ਕਿ ਤੁਸੀਂ ਸਾਰੇ ਵੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਪਣੀ ਚੰਗੀ ਸਿਹਤਯਾਬੀ ਲਈ ਵੈਕਸੀਨ ਰੂਪੀ ਸੰਜੀਵਨੀ ਦਾ ਫ਼ਾਇਦਾ ਜ਼ਰੂਰ ਲਓ ਅਤੇ ਇਹਨੂੰ ਜ਼ਰੂਰ ਲਗਵਾਓ। ਤੁਹਾਡੀ ਸਿਹਤ ਹੀ ਤੁਹਾਡੀ ਤਰੱਕੀ ਦੇ ਰਸਤੇ ਖੋਲ੍ਹਦੀ ਹੈ।

 

ਅੱਜ ਭਾਰਤ ਨੂੰ ਸਹੀ ਅਰਥਾਂ ਚ ਫਾਰਮੇਸੀ ਆਫ਼ ਦਾ ਵਰਲਡ ਕਿਹਾ ਜਾ ਰਿਹਾ ਹੈ, ਕਿਉਂਕਿ ਅਸੀਂ ਅਨੇਕਾਂ ਦੇਸ਼ਾਂ ਦੇ ਲੋਕਾਂ ਦੀ ਪੀੜ ਨੂੰ ਘੱਟ ਕਰਨ ਅਤੇ ਮਹਾਮਾਰੀ ਤੇ ਕਾਬੂ ਪਾਉਣ ਲਈ ਦਵਾਈਆਂ ਤੇ ਸਿਹਤ ਸੇਵਾਵਾਂ ਦੇ ਹੋਰ ਉਪਕਰਨ ਸੰਸਾਰ ਦੇ ਕੋਨੇ ਕੋਨੇ ਵਿੱਚ ਉਪਲੱਬਧ ਕਰਵਾਉਂਦੇ ਰਹੇ ਹਾਂ। ਹੁਣ ਅਸੀਂ ਵੈਕਸੀਨ ਵੀ ਦੂਜੇ ਦੇਸ਼ਾਂ ਨੂੰ ਉਪਲੱਬਧ ਕਰਵਾ ਰਹੇ ਹਾਂ।

 

ਮੇਰੇ ਪਿਆਰੇ ਦੇਸ਼ਵਾਸੀਓ,

 

ਪਿਛਲੇ ਸਾਲ ਕਈ ਮੋਰਚਿਆਂ ਤੇ ਅਨੇਕਾਂ ਚੁਣੌਤੀਆਂ ਸਾਡੇ ਸਾਹਮਣੇ ਆਈਆਂ। ਸਾਨੂੰ ਆਪਣੀਆਂ ਸਰਹੱਦਾਂ ਤੇ ਵਿਸਥਾਰਵਾਦੀ ਗਤੀਵਿਧੀਆਂ ਦਾ ਸਾਹਮਣਾ ਕਰਨਾ ਪਿਆ, ਪਰ ਸਾਡੇ ਬਹਾਦਰ ਸੈਨਿਕਾਂ ਨੇ ਉਨ੍ਹਾਂ ਨੂੰ ਨਾਕਾਮ ਕਰ ਦਿੱਤਾ। ਏਦਾਂ ਕਰਦੇ ਹੋਏ ਸਾਡੇ ਵੀਹ ਜਵਾਨ ਵੀਰ ਗਤੀ ਨੂੰ ਪ੍ਰਾਪਤ ਹੋ ਗਏ। ਸਾਰੇ ਦੇਸ਼ਵਾਸੀ ਉਨ੍ਹਾਂ ਅਮਰ ਜਵਾਨਾਂ ਪ੍ਰਤੀ ਆਭਾਰੀ ਹਨ, ਹਾਲਾਂਕਿ ਅਸੀਂ ਸ਼ਾਂਤੀ ਲਈ ਆਪਣੀ ਪ੍ਰਤੀਬੱਧਤਾ ਤੇ ਅਟੱਲ ਹਾਂ। ਫਿਰ ਵੀ ਸਾਡੀ ਥਲ ਸੈਨਾ, ਹਵਾਈ ਸੈਨਾ ਤੇ ਜਲ ਸੈਨਾ ਸਾਡੀ ਸੁਰੱਖਿਆ ਦੇ ਵਿਰੁੱਧ ਕਿਸੇ ਵੀ ਦੁਰਸਾਹਸ ਨੂੰ ਅਸਫ਼ਲ ਕਰਨ ਲਈ ਪੂਰੀ ਤਿਆਰੀ ਨਾਲ ਤਾਇਨਾਤ ਹਨ। ਹਰੇਕ ਹਾਲਾਤ ਚ ਆਪਣੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਕਰਨ ਲਈ ਅਸੀਂ ਪੂਰੀ ਤਰ੍ਹਾਂ ਸਮਰੱਥ ਹਾਂ। ਭਾਰਤ ਦੇ ਸਾਫ਼, ਦ੍ਰਿੜ੍ਹ ਅਤੇ ਸਿਧਾਂਤ ਭਰਪੂਰ ਰਵੱਈਏ ਦੇ ਵਿਸ਼ੇ ਚ ਅੰਤਰਰਾਸ਼ਟਰੀ ਸਮੁਦਾਇ ਭਲੀ ਭਾਂਤ ਜਾਣੂ ਹੈ।

 

ਭਾਰਤ ਤਰੱਕੀ ਦੀ ਰਾਹ ਤੇ ਅੱਗੇ ਵਧਦੇ ਹੋਏ ਵਿਸ਼ਵ ਸਮੁਦਾਏ ਚ ਆਪਣਾ ਉਚਿਤ ਸਥਾਨ ਬਣਾ ਰਿਹਾ ਹੈ। ਪਿਛਲੇ ਕੁਝ ਸਾਲਾਂ ਚ ਭਾਰਤ ਦਾ ਪ੍ਰਭਾਵ ਖੇਤਰ ਹੋਰ ਜ਼ਿਆਦਾ ਫੈਲਿਆ ਏ, ਅਤੇ ਇਹਦੇ ਚ ਵਿਸ਼ਵ ਦੇ ਵਿਆਪਕ ਖੇਤਰ ਸ਼ਾਮਲ ਹੋਏ ਹਨ। ਜਿਸ ਅਸਾਧਾਰਨ ਸਮਰਥਨ ਦੇ ਨਾਲ ਇਸ ਸਾਲ ਭਾਰਤ ਨੇ ਅਸਥਾਈ ਮੈਂਬਰ ਦੇ ਰੂਪ ਚ ਸੁਰੱਖਿਆ ਪਰੀਸ਼ਦ ਵਿਚ ਪ੍ਰਵੇਸ਼ ਕੀਤਾ ਹੈ, ਉਹ ਇਸ ਵਧਦੇ ਪ੍ਰਭਾਵ ਦਾ ਸੂਚਕ ਹੈ। ਵਿਸ਼ਵ ਪੱਧਰ ਤੇ, ਰਾਜ ਨੇਤਾਵਾਂ ਦੇ ਨਾਲ, ਸਾਡੇ ਸਬੰਧਾਂ ਦੀ ਗਹਿਰਾਈ ਕਈ ਗੁਣਾਂ ਵਧੀ ਹੈ। ਆਪਣੇ ਜੀਵੰਤ ਲੋਕਤੰਤਰ ਦੇ ਬਲ ਤੇ ਭਾਰਤ ਨੇ ਇੱਕ ਜ਼ਿੰਮੇਵਾਰ ਤੇ ਭਰੋਸੇਯੋਗ ਰਾਸ਼ਟਰ ਦੇ ਰੂਪ ਵਿਚ ਆਪਣੀ ਸਾਖ ਵਧਾਈ ਹੈ।

 

ਇਸ ਸੰਦਰਭ ਵਿੱਚ ਇਹ ਸਾਡੇ ਸਾਰਿਆਂ ਦੇ ਹਿਤ ਚ ਹੈ ਕਿ ਅਸੀਂ ਆਪਣੇ ਸੰਵਿਧਾਨ ਵਿੱਚ ਸ਼ਾਮਲ ਆਦਰਸ਼ਾਂ ਨੂੰ ਸੂਤਰ ਵਾਕ ਵਾਂਗ ਹਮੇਸ਼ਾ ਯਾਦ ਰੱਖੀਏ। ਮੈਂ ਇਹ ਪਹਿਲੇ ਵੀ ਕਿਹਾ ਹੈ, ਤੇ ਮੈਂ ਅੱਜ ਵੀ ਇਸ ਗੱਲ ਨੂੰ ਦੁਹਰਾਵਾਂਗਾ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਜੀਵਨ ਅਤੇ ਵਿਚਾਰਾਂ ਉਤੇ ਅਮਲ ਕਰਨਾ ਸਾਡੀ ਰੋਜ਼ਮੱਰਾ ਜ਼ਿੰਦਗੀ ਦਾ ਹਿੱਸਾ ਹੋਣਾ ਚਾਹੀਦਾ ਹੈ। ਸਾਨੂੰ ਹਰ ਸੰਭਵ ਕੋਸ਼ਿਸ਼ ਕਰਨੀ ਹੈ ਕਿ ਸਮਾਜ ਦਾ ਇੱਕ ਵੀ ਮੈਂਬਰ ਦੁਖੀ ਜਾਂ ਅਣਗੌਲਿਆਂ ਨਾ ਰਹਿ ਜਾਵੇ। ਬਰਾਬਰਤਾ ਸਾਡੇ ਗਣਤੰਤਰ ਦੇ ਮਹਾਨ ਯੱਗ ਦਾ ਬੀਜ ਮੰਤਰ ਹੈ। ਸਮਾਜਿਕ ਬਰਾਬਰੀ ਦਾ ਆਦਰਸ਼ ਹਰੇਕ ਵਿਅਕਤੀ ਦਾ ਆਦਰ ਸੁਨਿਸ਼ਚਿਤ ਕਰਦਾ ਹੈ। ਜਿਹਦੇ ਚ ਸਾਡੇ ਪਿੰਡਾਂ ਦੇ ਲੋਕ, ਔਰਤਾਂ, ਅਨੁਸੂਚਿਤ ਜਾਤੀ ਤੇ ਜਨਜਾਤੀ ਸਹਿਤ, ਪਿਛੜੇ ਕਮਜ਼ੋਰ ਵਰਗਾਂ ਦੇ ਲੋਕ, ਦਿੱਵਯਾਂਗ ਲੋਕ ਅਤੇ ਬੱਚੇ-ਬਜ਼ੁਰਗ ਸਾਰੇ ਸ਼ਾਮਲ ਹਨ। ਆਰਥਿਕ ਬਰਾਬਰੀ ਦਾ ਆਦਰਸ਼ ਸਾਰਿਆਂ ਲਈ ਮੌਕੇ ਦੀ ਸਮਾਨਤਾ ਤੇ ਪਿੱਛੇ ਰਹਿ ਗਏ ਲੋਕਾਂ ਦੀ ਸਹਾਇਤਾ ਨਿਸ਼ਚਿਤ ਕਰਨ ਦੀ ਸਾਡੀ ਸੰਵਿਧਾਨਕ ਜ਼ਿੰਮੇਵਾਰੀ ਨੂੰ ਸਪਸ਼ਟ ਕਰਦਾ ਹੈ। ਹਮਦਰਦੀ ਦੀ ਭਾਵਨਾ ਪਰਉਪਕਾਰ ਦੇ ਕੰਮਾਂ ਨਾਲ ਹੀ ਹੋਰ ਜ਼ਿਆਦਾ ਮਜ਼ਬੂਤ ਹੁੰਦੀ ਹੈ। ਆਪਸੀ ਭਾਈਚਾਰੇ ਦਾ ਨੈਤਿਕ ਆਦਰਸ਼ ਹੀ ਸਾਡੇ ਮਾਰਗ ਦਰਸ਼ਕ ਦੇ ਰੂਪ ਚ ਸਾਡੀ ਭਵਿੱਖ ਦੀ ਸਮੂਹਿਕ ਯਾਤਰਾ ਦਾ ਰਾਹ ਮਜ਼ਬੂਤ ਕਰੇਗਾ। ਸਾਨੂੰ ਸਾਰਿਆਂ ਨੂੰ ਸੰਵਿਧਾਨਿਕ ਨੈਤਿਕਤਾ ਦੇ ਉਸ ਰਾਹ ਤੇ ਨਿਰੰਤਰ ਚਲਦੇ ਰਹਿਣਾ ਹੈ, ਜਿਸ ਦਾ ਉਲੇਖ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਨੇ ਚਾਰ ਨਵੰਬਰ ਉਨੀ ਸੌ ਅਠਤਾਲੀ ਨੂੰ ਸੰਵਿਧਾਨ ਦੇ ਸਵਰੂਪ ਨੂੰ ਪੇਸ਼ ਕਰਦੇ ਸਮੇਂ, ਸੰਵਿਧਾਨ ਸਭਾ ਦੇ ਆਪਣੇ ਭਾਸ਼ਣ ਵਿਚ ਕੀਤਾ ਸੀ। ਉਨ੍ਹਾਂ ਨੇ ਸਪਸ਼ਟ ਕੀਤਾ ਸੀ ਕਿ ਸੰਵਿਧਾਨਕ ਨੈਤਿਕਤਾ ਦਾ ਅਰਥ ਹੈ ਸੰਵਿਧਾਨ ਵਿਚਲੀਆਂ ਕਦਰਾਂ-ਕੀਮਤਾਂ ਨੂੰ ਸਰਵ ਉਚਿਤ ਮੰਨਣਾ।

 

ਮੇਰੇ ਪਿਆਰੇ ਦੇਸ਼ਵਾਸੀਓ,

 

ਸਾਡੇ ਗਣਤੰਤਰ ਦੀ ਸਥਾਪਨਾ ਦਾ ਤਿਉਹਾਰ ਮਨਾਉਣ ਦੇ ਇਸ ਮੌਕੇ ਤੇ ਮੇਰਾ ਧਿਆਨ ਵਿਦੇਸ਼ਾਂ ਵਿੱਚ ਵਸੇ ਆਪਣੇ ਭੈਣ ਭਰਾਵਾਂ ਵੱਲ ਜਾ ਰਿਹਾ ਹੈ। ਪ੍ਰਵਾਸੀ ਭਾਰਤੀ, ਸਾਡੇ ਦੇਸ਼ ਦਾ ਮਾਣ ਹਨ। ਦੂਜੇ ਦੇਸ਼ਾਂ ਵਿੱਚ ਵਸੇ ਭਾਰਤੀਆਂ ਨੇ ਵੱਖ- ਵੱਖ ਖੇਤਰਾਂ ਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਵਿੱਚੋਂ ਕੁਝ ਲੋਕ ਰਾਜਨੀਤੀ ਵਿੱਚ ਉੱਚ ਅਹੁਦਿਆਂ ਤੱਕ ਪਹੁੰਚੇ ਹਨ ਤੇ ਅਨੇਕਾਂ ਲੋਕ ਵਿਗਿਆਨ, ਕਲਾ, ਸਿੱਖਿਆ, ਸਮਾਜ ਸੇਵਾ ਤੇ ਵਪਾਰ ਦੇ ਖੇਤਰਾਂ ਵਿਚ ਆਪਣਾ ਵੱਡਮੁੱਲਾ ਯੋਗਦਾਨ ਦੇ ਰਹੇ ਹਨ। ਤੁਸੀਂ ਸਾਰੇ ਪ੍ਰਵਾਸੀ ਭਾਰਤੀ ਆਪਣੀ ਵਰਤਮਾਨ ਕਰਮ ਭੂਮੀ ਦਾ ਵੀ ਮਾਣ ਵੀ ਵਧਾ ਰਹੇ ਹੋ। ਤੁਹਾਡੇ ਸਾਰਿਆਂ ਦੇ ਪੂਰਵਜਾਂ ਦੀ ਧਰਤੀ, ਭਾਰਤ ਤੋਂ, ਮੈਂ ਤੁਹਾਨੂੰ ਗਣਤੰਤਰ ਦਿਵਸ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ। ਸਾਡੀ ਹਥਿਆਰਬੰਦ ਫੌਜ, ਅਰਧ ਸੈਨਿਕ ਬਲ ਤੇ ਪੁਲੀਸ ਦੇ ਜਵਾਨ ਹਮੇਸ਼ਾ ਆਪਣੇ ਪਰਿਵਾਰਾਂ ਤੋਂ ਦੂਰ ਰਹਿੰਦੇ ਹੋਏ ਤਿਉਹਾਰ ਮਨਾਉਂਦੇ ਹਨ। ਉਨ੍ਹਾਂ ਸਾਰੇ ਜਵਾਨਾਂ ਨੂੰ ਮੈਂ ਵਿਸ਼ੇਸ਼ ਵਧਾਈ ਦਿੰਦਾ ਹਾਂ।

 

ਮੈਂ ਇੱਕ ਵਾਰ ਫੇਰ ਆਪ ਸਾਰੇ ਦੇਸ਼ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਧੰਨਵਾਦ!

 

ਜੈ ਹਿੰਦ!

 

***

 

ਡੀਐੱਸ/ਐੱਸਐੱਚ/ਐੱਸਕੇਐੱਸ(Release ID: 1692302) Visitor Counter : 48