ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
“ਪੀਐੱਮਕੇਵੀਵਾਈ 3.0 ਭਾਰਤ ਦੇ ਦੂਰ ਦੁਰਾਡੇ ਦੇ ਪਿੰਡਾਂ ਅਤੇ ਕਸਬਿਆਂ ਵਿੱਚ ਹੁਨਰ ਲੈ ਕੇ ਜਾਵੇਗਾ; ਰਾਜਾਂ ਅਤੇ ਜ਼ਿਲ੍ਹਿਆਂ ਦੀ ਵਧੇਰੇ ਜ਼ਿੰਮੇਵਾਰੀ ਹੋਵੇਗੀ”: ਡਾ: ਮਹੇਂਦਰ ਨਾਥ ਪਾਂਡੇ
300 ਤੋਂ ਵੱਧ ਕੋਰਸਾਂ ਦੇ ਨਾਲ ਲਗਭਗ 600 ਸੈਂਟਰਾਂ ਵਿੱਚ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ
ਮੰਗ-ਅਧਾਰਤ ਹੁਨਰ ਸਿਖਲਾਈ ਲਈ ਜ਼ਿਲ੍ਹਾ ਹੁਨਰ ਕਮੇਟੀਆਂ (ਡੀਐੱਸਸੀ) ਨੂੰ ਮਜ਼ਬੂਤ ਕਰਨ ’ਤੇ ਧਿਆਨ ਕੇਂਦ੍ਰਤ ਹੈ
ਪੀਐੱਮਕੇਵੀਵਾਈ 3.0 ਦਾ ਉਦੇਸ਼ ਅੱਠ ਲੱਖ ਉਮੀਦਵਾਰਾਂ ਨੂੰ ਸਿਖਲਾਈ ਦੇਣਾ ਹੈ
ਪੀਐੱਮਕੇਵੀਵਾਈ 1.0 ਅਤੇ ਪੀਐੱਮਕੇਵੀਵਾਈ 2.0 ਦੇ ਤਹਿਤ ਦੇਸ਼ ਵਿੱਚ 1.2 ਕਰੋੜ ਤੋਂ ਵੱਧ ਨੌਜਵਾਨਾਂ ਨੂੰ ਸੁਧਾਰੇ ਗਏ ਮਾਨਕੀਕਰਨ ਵਾਲੇ ਸਕਿਲਿੰਗ ਈਕੋਸਿਸਟਮ ਦੁਆਰਾ ਸਿਖਲਾਈ ਦਿੱਤੀ ਗਈ ਹੈ
Posted On:
15 JAN 2021 6:10PM by PIB Chandigarh
ਭਾਰਤ ਦੇ ਨੌਜਵਾਨਾਂ ਨੂੰ ਰੋਜ਼ਗਾਰ ਯੋਗ ਹੁਨਰਾਂ ਨਾਲ ਸਸ਼ਕਤ ਕਰਨ ਲਈ, ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ (ਐੱਮਐੱਸਡੀਈ) ਨੇ ਅੱਜ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ (ਪੀਐੱਮਕੇਵੀਵਾਈ) 3.0 ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਤਕਰੀਬਨ 600 ਜ਼ਿਲ੍ਹਿਆਂ ਵਿੱਚ ਹੁਨਰ ਦੇ 300 ਤੋਂ ਵੱਧ ਕੋਰਸ ਨੌਜਵਾਨਾਂ ਲਈ ਉਪਲਬਧ ਕਰਾਏ ਗਏ ਹਨ| ਇਸ ਤਰ੍ਹਾਂ ਹੁਨਰ ਦੇ ਵਿਕਾਸ ਦੀ ਪਹੁੰਚ ਨੂੰ ਵਧੇਰੇ ਮੰਗ-ਆਧਾਰਤ ਅਤੇ ਵਿਕੇਂਦਰੀਕ੍ਰਿਤ ਕੀਤਾ ਜਾ ਰਿਹਾ ਹੈ।
ਐੱਮਐੱਸਡੀਈ ਦੇ ਮਾਣਯੋਗ ਕੇਂਦਰੀ ਮੰਤਰੀ ਡਾ: ਮਹਿੰਦਰ ਨਾਥ ਪਾਂਡੇ ਨੇ ਐੱਮਐੱਸਡੀਈ ਦੇ ਮਾਣਯੋਗ ਰਾਜ ਮੰਤਰੀ ਸ਼੍ਰੀ ਆਰ ਕੇ ਸਿੰਘ ਦੇ ਨਾਲ ਇੱਕ ਵਰਚੁਅਲ ਸਮਾਰੋਹ ਦੌਰਾਨ ਪੀਐੱਮਕੇਵੀਵਾਈ ਦੇ ਤੀਜੇ ਪੜਾਅ ਦੀ ਸ਼ੁਰੂਆਤ ਕੀਤੀ। ਸਥਾਨਕ ਆਰਥਿਕਤਾ ਨੂੰ ਸਮਰਥਨ ਦੇਣ ਦੇ ਉਦੇਸ਼ ਨਾਲ, ਪੀਐੱਮਕੇਵੀਵਾਈ 3.0 ਨੂੰ ਗਲੋਬਲ ਅਤੇ ਸਥਾਨਕ ਪੱਧਰ ’ਤੇ ਬਦਲਦੀਆਂ ਮੰਗਾਂ ਦੇ ਅਨੁਸਾਰ ਜਾਰੀ ਰੱਖਣ ਲਈ ਤਿਆਰ ਕੀਤਾ ਗਿਆ ਹੈ|
ਭਾਰਤ ਦੇ 28 ਰਾਜਾਂ/ ਅੱਠ ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ 717 ਜ਼ਿਲ੍ਹਿਆਂ ਵਿੱਚ ਪੀਐੱਮਕੇਵੀਵਾਈ 3.0 ਸ਼ੁਰੂ ਹੋਇਆ, ਜੋ ਕਿ ‘ਆਤਮ ਨਿਰਭਰ ਭਾਰਤ’ ਵੱਲ ਇੱਕ ਹੋਰ ਕਦਮ ਹੈ। ਪੀਐੱਮਕੇਵੀਵਾਈ 3.0 ਨੂੰ ਰਾਜਾਂ/ ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਜ਼ਿਲ੍ਹਿਆਂ ਵਿੱਚ ਵਧੇਰੇ ਜ਼ਿੰਮੇਵਾਰੀਆਂ ਅਤੇ ਸਹਾਇਤਾ ਨਾਲ ਵਧੇਰੇ ਵਿਕੇਂਦਰੀਕਰਣ ਤਰੀਕੇ ਨਾਲ ਲਾਗੂ ਕੀਤਾ ਜਾਵੇਗਾ| ਰਾਜ ਦੇ ਹੁਨਰ ਵਿਕਾਸ ਮਿਸ਼ਨਾਂ (ਐੱਸਐੱਸਡੀਐੱਮ) ਦੀ ਅਗਵਾਈ ਹੇਠ ਜ਼ਿਲ੍ਹਾ ਹੁਨਰ ਕਮੇਟੀਆਂ (ਡੀਐੱਸਸੀ) ਜ਼ਿਲ੍ਹਾ ਪੱਧਰ ’ਤੇ ਹੁਨਰ ਦੇ ਗੈਪ ਨੂੰ ਦੂਰ ਕਰਨ ਅਤੇ ਮੰਗ ਦਾ ਮੁਲਾਂਕਣ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ। ਨਵੀਂ ਯੋਜਨਾ ਵਧੇਰੇ ਸਿਖਾਂਦਰੂ ਅਤੇ ਸਿਖਿਆਰਥੀ ਕੇਂਦਰਿਤ ਹੋਵੇਗੀ ਜੋ ਉਤਸ਼ਾਹੀ ਭਾਰਤ ਦੀਆਂ ਖਾਹਿਸ਼ਾਂ ਨੂੰ ਸੰਬੋਧਿਤ ਹੋਵੇਗੀ|
ਪੀਐੱਮਕੇਵੀਵਾਈ 2.0 ਸਕਿਲਿੰਗ ਈਕੋਸਿਸਟਮ ਨੂੰ ਹੁਲਾਰਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ ਅਤੇ ਪੀਐੱਮਕੇਵੀਵਾਈ 3.0 ਮੰਗ-ਅਧਾਰਤ, ਡਿਜੀਟਲ ਤਕਨਾਲੋਜੀ ਅਤੇ ਉਦਯੋਗ 4.0 ਦੇ ਆਧਾਰ ’ਤੇ ਹੁਨਰ ਦੇ ਵਿਕਾਸ ’ਤੇ ਕੇਂਦ੍ਰਤ ਕਰੇਗਾ| ਸਰਕਾਰ ਦੇ ਵਿਕਾਸ ਦਾ ਏਜੰਡਾ ‘ਆਤਮ ਨਿਰਭਰ ਭਾਰਤ’ ਅਤੇ ‘ਵੋਕਲ ਫ਼ਾਰ ਵੋਕਲ’ ਨਜ਼ਰੀਏ ਵੱਲ ਸੇਧਿਤ ਹੈ। ਇਸ ਨਜ਼ਰੀਏ ਨੂੰ ਧਿਆਨ ਵਿੱਚ ਰੱਖਦੇ ਹੋਏ, ਪੀਐੱਮਕੇਵੀਵਾਈ 3.0 ਰਾਜ, ਜ਼ਿਲ੍ਹਾ ਅਤੇ ਬਲਾਕ ਪੱਧਰ ’ਤੇ ਵਧੇਰੇ ਸੰਪਰਕ ਦੀ ਸਥਾਪਨਾ ਕਰਕੇ ਇਸ ਨਜ਼ਰੀਏ ਦੀ ਪ੍ਰਾਪਤੀ ਲਈ ਇੱਕ ਅਗਾਂਹਵਧੂ ਕਦਮ ਹੈ| ਪੀਐੱਮਕੇਵੀਵਾਈ 2.0 ਨੇ ਰੀਕੋਗਨੀਸ਼ਨ ਆਫ਼ ਪ੍ਰਾਇਰ ਲਰਨਿੰਗ (ਆਰਪੀਐੱਲ) ਦੇ ਜ਼ਰੀਏ ਅਤੇ ਸਿਖਲਾਈ ’ਤੇ ਧਿਆਨ ਕੇਂਦਰਿਤ ਕਰਕੇ ਹੁਨਰ ਵਿਕਾਸ ਨੂੰ ਵਿਸ਼ਾਲ ਕੀਤਾ ਹੈ| ਪੀਐੱਮਕੇਵੀਵਾਈ 3.0 ਦੇ ਆਉਣ ਨਾਲ, ਨਵੇਂ ਜ਼ਮਾਨੇ ਅਤੇ ਨਵੇਂ ਉਦਯੋਗਾਂ (4.0) ਦੀਆਂ ਨੌਕਰੀਆਂ ਦੀਆਂ ਭੂਮਿਕਾਵਾਂ ਦੇ ਹੁਨਰ ਵਿਕਾਸ ਨੂੰ ਵਧਾਵਾ ਦਿੰਦਿਆਂ ਮੰਗ-ਸਪਲਾਈ ਦੇ ਪਾੜੇ ਨੂੰ ਪੂਰਾ ਕਰਨ ’ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ|
ਜਦੋਂ ਕਿ ਰਾਸ਼ਟਰੀ ਸਿੱਖਿਆ ਨੀਤੀ ਇੱਕ ਸਰਵਪੱਖੀ ਵਿਕਾਸ ਅਤੇ ਰੋਜ਼ਗਾਰਯੋਗਤਾ ਵਿੱਚ ਵਾਧਾ ਕਰਨ ਲਈ ਕਿੱਤਾਮੁਖੀ ਸਿਖਲਾਈ ’ਤੇ ਧਿਆਨ ਕੇਂਦ੍ਰਤ ਕਰਦੀ ਹੈ, ਪੀਐੱਮਕੇਵੀਵਾਈ 3.0 ਇੱਕ ਸ਼ੁਰੂਆਤੀ ਪੱਧਰ ’ਤੇ ਕਿੱਤਾਮੁਖੀ ਸਿੱਖਿਆ ਦਾ ਪ੍ਰਚਾਰਕ ਹੋਵੇਗੀ ਜੋ ਨੌਜਵਾਨਾਂ ਨੂੰ ਸ਼ੁਰੂਆਤੀ ਪੱਧਰ ’ਤੇ ਉਦਯੋਗ ਨਾਲ ਜੁੜੇ ਮੌਕਿਆਂ ਦਾ ਫਾਇਦਾ ਚੁੱਕਣ ਵਿੱਚ ਸਹਾਇਤਾ ਕਰੇਗੀ|
ਹੁਨਰ ਵਿਕਾਸ ਅਤੇ ਉੱਦਮਤਾ ਮੰਤਰੀ ਡਾ. ਮਹੇਂਦਰ ਨਾਥ ਪਾਂਡੇ ਨੇ ਕਿਹਾ, “ਪ੍ਰਧਾਨ ਮੰਤਰੀ ਦੇ ‘ਵੋਕਲ ਫ਼ਾਰ ਲੋਕਲ ਅਤੇ ਆਤਮ ਨਿਰਭਰ ਭਾਰਤ’ ਦੇ ਨਜ਼ਰੀਏ ਨੂੰ ਸਿਰਫ ਸਕਿਲਿੰਗ ਈਕੋਸਿਸਟਮ ਨੂੰ ਜ਼ਿਲ੍ਹਾ ਪੱਧਰ ਤੱਕ ਅੱਗੇ ਵਧਾ ਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਇੱਕ ਨੌਜਵਾਨ ਦੇਸ਼ ਵਜੋਂ, ਅਸੀਂ ਉਨ੍ਹਾਂ ਮੌਕਿਆਂ ਨੂੰ ਪਾਉਣ ਲਈ ਤਿਆਰ ਹਾਂ ਜੋ ਭਾਰਤ ਨੂੰ ਵਿਸ਼ਵ ਵਿੱਚ ਹੁਨਰ ਦੀ ਰਾਜਧਾਨੀ ਬਣਾਉਣਗੇ| ਸਿਖਲਾਈ ਲਈ ਸਭ ਤੋਂ ਹੇਠਲੇ ਪੱਧਰ ਤੱਕ ਪਹੁੰਚ ਅਪਣਾਉਣ ਨਾਲ, ਪੀਐੱਮਕੇਵੀਵਾਈ 3.0 ਜਿਨ੍ਹਾਂ ਨੌਕਰੀਆਂ ਦੀ ਸਥਾਨਕ ਪੱਧਰ ’ਤੇ ਮੰਗ ਹੈ, ਉਨ੍ਹਾਂ ਦੀਆਂ ਭੂਮਿਕਾਵਾਂ ਦੀ ਪਛਾਣ ਕਰੇਗੀ ਅਤੇ ਨੌਜਵਾਨਾਂ ਨੂੰ ਹੁਨਰਮੰਦ ਬਣਾਵੇਗੀ ਅਤੇ ਆਖਰ ਨੂੰ ਨੌਜਵਾਨਾਂ ਨੂੰ ਇਨ੍ਹਾਂ ਮੌਕਿਆਂ ਨਾਲ ਜੋੜੇਗੀ|”
ਉਨ੍ਹਾਂ ਨੇ ਅੱਗੇ ਕਿਹਾ, “ਯੋਜਨਾ ਤਹਿਤ ਸਿਖਲਾਈ ਪ੍ਰੋਗਰਾਮਾਂ ਦੀ ਦੇਖ-ਰੇਖ ਅਤੇ ਨਿਗਰਾਨੀ ਕਰਨ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੰਸਦ ਮੈਂਬਰਾਂ ਦੀ ਵੱਧ ਰਹੀ ਭੂਮਿਕਾ ਨਾਲ ਵਧੇਰੇ ਸਥਾਨਕ ਸੰਪਰਕ ਬਣਾਇਆ ਜਾਏਗਾ। ਪੀਐੱਮਕੇਵੀਵਾਈ 3.0 ਬਿਹਤਰ ਪ੍ਰਦਰਸ਼ਨ ਕਰਨ ਵਾਲੇ ਰਾਜਾਂ ਦੇ ਲੋਕਾਂ ਨੂੰ ਵੱਧ ਅਲਾਟਮੈਂਟ ਉਪਲਬਧ ਕਰਵਾ ਕੇ ਰਾਜਾਂ ਦਰਮਿਆਨ ਤੰਦਰੁਸਤ ਮੁਕਾਬਲੇ ਨੂੰ ਵਧਾਵਾ ਦੇਵੇਗੀ।”
ਬਿਜਲੀ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ); ਅਤੇ ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ); ਅਤੇ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਵਿੱਚ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਰਾਜ ਕੁਮਾਰ ਸਿੰਘ ਨੇ ਕਿਹਾ, “ਹੁਨਰ ਕੋਈ ਉਦੇਸ਼ ਨਹੀਂ ਹੈ, ਬਲਕਿ ਦੇਸ਼ ਦੇ ਆਰਥਿਕ ਵਿਕਾਸ ਲਈ ਇੱਕ ਜ਼ਰੂਰੀ ਸ਼ਰਤ ਹੈ। ਜੇ ਅਸੀਂ ਭਾਰਤ ਨੂੰ ਵਿਸ਼ਵ ਵਿੱਚ ਹੁਨਰ ਦੀ ਰਾਜਧਾਨੀ ਅਤੇ ਉੱਥੋਂ ਹੀ, ਵਿਸ਼ਵ ਦੀ ਉਦਯੋਗਿਕ ਰਾਜਧਾਨੀ ਬਣਾਉਣ ਦੇ ਨਜ਼ਰੀਏ ਨੂੰ ਸਾਕਾਰ ਕਰਨਾ ਹੈ ਤਾਂ ਸਾਨੂੰ ਗਤੀ ਅਤੇ ਪੈਮਾਨੇ ਨਾਲ ਅੱਗੇ ਵਧਣ ਦੀ ਲੋੜ ਹੈ।”
ਯੋਜਨਾ ਦੀ ਸ਼ੁਰੂਆਤ ਸਮੇਂ ਛੇ ਰਾਜਾਂ ਦੇ ਸੰਸਦ ਦੇ ਵੱਖ-ਵੱਖ ਮੈਂਬਰਾਂ ਅਤੇ ਹੁਨਰ ਵਿਕਾਸ ਮੰਤਰੀਆਂ ਦੀ ਸ਼ਮੂਲੀਅਤ ਵੇਖੀ ਗਈ। ਵੱਖ-ਵੱਖ ਪ੍ਰਧਾਨ ਮੰਤਰੀ ਕੌਸ਼ਲ ਕੇਂਦਰਾਂ (ਪੀਐੱਮਕੇਕੇਐੱਸ) ਤੋਂ ਉਮੀਦਵਾਰਾਂ ਨੇ ਮੰਤਰੀਆਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਵਿੱਚ ਉੱਤਰ ਪ੍ਰਦੇਸ਼ ਦੇ ਮੇਰਠ; ਮੱਧ ਪ੍ਰਦੇਸ਼ ਦੇ ਸਤਨਾ; ਓਡੀਸ਼ਾ ਦੇ ਮੀਤਾਪੁਰ, ਬਦਰਪੁਰ, ਅਤੇ ਕਟਕ ਅਤੇ ਦੱਖਣੀ ਦਿੱਲੀ ਦੇ ਉਮੀਦਵਾਰ ਸ਼ਾਮਲ ਸਨ| ਇਨ੍ਹਾਂ ਉਮੀਦਵਾਰਾਂ ਨੇ ਪ੍ਰੇਰਣਾਦਾਇਕ ਤਜ਼ਰਬੇ ਸਾਂਝੇ ਕੀਤੇ ਕਿ ਕਿਵੇਂ ਹੁਨਰ ਸਿਖਲਾਈ ਨੇ ਉਨ੍ਹਾਂ ਦੇ ਜੀਵਨ ਨੂੰ ਬਦਲਿਆ ਹੈ ਅਤੇ ਉਨ੍ਹਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦੇ ਨੇੜੇ ਲਿਆਂਦਾ ਹੈ| ਵਿਚਾਰ ਵਟਾਂਦਰੇ ਵਿੱਚ, ਉਮੀਦਵਾਰਾਂ ਨੇ ਉਨ੍ਹਾਂ ਕੋਰਸਾਂ ਬਾਰੇ ਵੀ ਗੱਲ ਕੀਤੀ ਜਿਨ੍ਹਾਂ ਦੀ ਉਹ ਆਪਣੇ ਕੇਂਦਰਾਂ ਵਿੱਚ ਸਿਖਲਾਈ ਦੇਣ ਦੀ ਜ਼ਰੂਰਤ ਮਹਿਸੂਸ ਕਰਦੇ ਹਨ|
ਦੋਵਾਂ ਮੰਤਰੀਆਂ ਨੇ ਉਮੀਦਵਾਰਾਂ ਅਤੇ ਪੀਐੱਮਕੇਕੇ ਕੇਂਦਰਾਂ ਦੇ ਮੁਖੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਵਾਧੂ ਕੋਰਸ ਮੁਹੱਈਆ ਕਰਵਾਏ ਜਾਣਗੇ ਜੋ ਉਨ੍ਹਾਂ ਦੀ ਸਥਾਨਕ ਮੰਗ ਪੂਰੀ ਕਰਨ ਵਿੱਚ ਸਹਾਇਤਾ ਕਰਨਗੇ। ਐੱਮਐੱਸਡੀਈ ਨੂੰ ਪੀਐੱਮਕੇਵੀਵਾਈ 1.0 ਅਤੇ 2.0 ਦੀ ਸਫ਼ਲਤਾ ਲਈ ਵਧਾਈ ਦੇਣ ਵਾਲੇ ਸੰਦੇਸ਼ਾਂ ਦੇ ਵਿਚਕਾਰ, ‘ਵੋਕਲ ਫਾਰ ਲੋਕਲ’ ਇੱਕ ਆਵਰਤੀ ਵਿਸ਼ੇ ਵਜੋਂ ਉਭਰਿਆ, ਕਿਉਂਕਿ ਸਾਰੇ ਸੰਸਦ ਮੈਂਬਰਾਂ ਅਤੇ ਪੀਐੱਮਕੇਕੇ ਕੇਂਦਰਾਂ ਨੇ ਸਥਾਨਕ ਪ੍ਰਤਿਭਾ ਪੂਲ ਬਣਾਉਣ ਦੀ ਜ਼ਰੂਰਤ ਬਾਰੇ ਗੱਲ ਕੀਤੀ ਜੋ ਉਦਯੋਗ ਦੀਆਂ ਮੰਗਾਂ ਨੂੰ ਪੂਰਾ ਕਰ ਸਕਦਾ ਹੋਵੇ।
ਇਸ ਪ੍ਰੋਗਰਾਮ ਦਾ ਆਯੋਜਨ ਐੱਮਐੱਸਡੀਈ ਦੇ ਮਾਣਯੋਗ ਕੇਂਦਰੀ ਮੰਤਰੀ ਡਾ: ਮਹਿੰਦਰ ਨਾਥ ਪਾਂਡੇ; ਬਿਜਲੀ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ); ਅਤੇ ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ); ਅਤੇ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਵਿੱਚ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਰਾਜ ਕੁਮਾਰ ਸਿੰਘ; ਐੱਮਐੱਸਡੀਈ ਦੇ ਸਕੱਤਰ ਸ਼੍ਰੀ. ਪ੍ਰਵੀਨ ਕੁਮਾਰ; ਐੱਮਐੱਸਡੀਈ ਦੇ ਵਧੀਕ ਸੱਕਤਰ ਸ਼੍ਰੀ ਅਤੁਲ ਕੁਮਾਰ ਤਿਵਾੜੀ ਅਤੇ ਰਾਸ਼ਟਰੀ ਹੁਨਰ ਵਿਕਾਸ ਨਿਗਮ (ਐੱਨਐੱਸਡੀਸੀ) ਦੇ ਐੱਮਡੀ ਅਤੇ ਸੀਈਓ ਡਾ: ਮਨੀਸ਼ ਕੁਮਾਰ ਦੁਆਰਾ ਕੀਤਾ ਗਿਆ। ਐੱਨਐੱਸਡੀਸੀ ਦੇ ਚੇਅਰਮੈਨ ਅਤੇ ਐੱਲ ਐਂਡ ਟੀ ਦੇ ਗਰੁੱਪ ਚੇਅਰਮੈਨ ਸ਼੍ਰੀ ਏ. ਐੱਮ. ਨਾਇਕ ਨੇ ਵੀ ਇਸ ਪ੍ਰੋਗਰਾਮ ਨੂੰ ਦੂਰੋਂ ਸੰਬੋਧਿਤ ਕਰਦੇ ਹੋਏ, ਐੱਨਐੱਸਡੀਸੀ ਦੁਆਰਾ ਸਕਿਲਿੰਗ ਈਕੋਸਿਸਟਿਮ ਵਿੱਚ ਤੇਜ਼ੀ ਲਿਆਉਣ ਦੇ ਯਤਨਾਂ ’ਤੇ ਚਾਨਣਾ ਪਾਇਆ ਅਤੇ ਮੁੰਬਈ ਵਿਖੇ ਐੱਲ ਐਂਡ ਟੀ ਸਕਿੱਲ ਟ੍ਰੇਨਰਜ਼ ਅਕਾਦਮੀ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ।
ਦੇਸ਼ ਭਰ ਦੇ ਅੱਠ ਹਲਕਿਆਂ ਤੋਂ ਸੰਸਦ ਮੈਂਬਰਾਂ ਨੇ ਡਾ: ਮਹਿੰਦਰ ਨਾਥ ਪਾਂਡੇ ਅਤੇ ਸ਼੍ਰੀ ਆਰ ਕੇ ਸਿੰਘ ਨਾਲ ਆਪਣੇ ਰਾਜਾਂ ਵਿੱਚ ਹੁਨਰ ਵਿਕਾਸ ਦੀਆਂ ਕੋਸ਼ਿਸ਼ਾਂ ਬਾਰੇ ਗੱਲ ਕੀਤੀ ਅਤੇ ਪੀਐੱਮਕੇਵੀਵਾਈ ਦੇ ਤੀਜੇ ਪੜਾਅ ਦਾ ਸਵਾਗਤ ਕੀਤਾ। ਇਸ ਤੋਂ ਇਲਾਵਾ, ਛੇ ਰਾਜਾਂ - ਗੁਜਰਾਤ, ਓਡੀਸ਼ਾ, ਅਸਾਮ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਕਰਨਾਟਕ ਦੇ ਰਾਜ ਹੁਨਰ ਮੰਤਰੀਆਂ ਨੇ ਪ੍ਰੋਗਰਾਮ ਲਈ ਆਪਣੀਆਂ ਸ਼ੁੱਭਕਾਮਨਾਵਾਂ ਵੀ ਦਿੱਤੀਆਂ।
ਹੁਨਰ ਵਿਕਾਸ ਬਾਰੇ ਵਧੇਰੇ ਜਾਣਕਾਰੀ ਲੈਣ ਲਈ, ਕਿਰਪਾ ਕਰਕੇ ਹੇਠ ਦਿੱਤੇ ਲਿੰਕ ’ਤੇ ਜਾਓ:
ਪੀਐੱਮਕੇਵੀਵਾਈ ਫੇਸਬੁੱਕ: www.facebook.com/PMKVYOfficial
ਸਕਿੱਲ ਇੰਡੀਆ ਫੇਸਬੁੱਕ: www.facebook.com/SkillIndiaOfficial
ਸਕਿੱਲ ਇੰਡੀਆ ਟਵਿੱਟਰ: www.twitter.com/@MSDESkillindia
ਹੁਨਰ ਇੰਡੀਆ ਯੂਟਿਊਬ: https://www.youtube.com/channel/UCzNfVNX5yLEUhIRNZJKniHg
*****
ਬੀਐੱਨ/ ਐੱਮਆਰ
(Release ID: 1688980)
Visitor Counter : 213
Read this release in:
Malayalam
,
English
,
Hindi
,
Bengali
,
Manipuri
,
Urdu
,
Marathi
,
Gujarati
,
Odia
,
Tamil
,
Kannada