ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਮੈਥੇਮੈਟਿਕਸ (ਐੱਸਟੀਈਐੱਮ) ਨਾਲ ਸਬੰਧਤ ਰੋਜ਼ਗਾਰ ਵਿੱਚ ਮਹਿਲਾ-ਪੁਰਸ਼ ਅਨੁਪਾਤ ਦੇ ਪਾੜੇ ਨੂੰ ਪੂਰਾ ਕਰਨ ਦਾ ਸੱਦਾ ਦਿੱਤਾ


ਡਾਟਾ ਸਾਇੰਸ ਕ੍ਰਾਂਤੀ ਦਾ ਉਪਯੋਗ ਕਰਨ ਲਈ ਇੰਜੀਨੀਅਰਿੰਗ ਦੇ ਪਾਠਕ੍ਰਮ ਨੂੰ ਅੱਪਡੇਟ ਕਰਨ ਦੀ ਜ਼ਰੂਰਤ ਹੈ- ਉਪ ਰਾਸ਼ਟਰਪਤੀ ਸ਼੍ਰੀ ਨਾਇਡੂ


ਉਪ ਰਾਸ਼ਟਰਪਤੀ ਨੇ ਸੰਸਥਾਵਾਂ ਨੂੰ ਖੇਤਰੀ ਭਾਸ਼ਾਵਾਂ ਵਿੱਚ ਤਕਨੀਕੀ ਕੋਰਸਾਂ ਦੀ ਪੇਸ਼ਕਸ਼ ਕਰਨ ਦੀ ਤਾਕੀਦ ਕੀਤੀ


ਬੱਚਿਆਂ ਦੀ ਗਣਿਤ ਵਿੱਚ ਦਿਲਚਸਪੀ ਪੈਦਾ ਕਰਨ ਲਈ ਅਧਿਆਪਿਕਾਂ ਨੂੰ ਰਚਨਾਤਮਕ ਤਰੀਕੇ ਅਪਣਾਉਣੇ ਚਾਹੀਦੇ ਹਨ - ਉਪ ਰਾਸ਼ਟਰਪਤੀ


ਲੋਕਾਂ, ਵਿਸ਼ੇਸ਼ ਕਰਕੇ ਬੱਚਿਆਂ ਵਿੱਚ ਵਿਗਿਆਨਕ ਮਿਜ਼ਾਜ ਵਿਕਸਿਤ ਕਰਨਾ ਸਮੇਂ ਦੀ ਜ਼ਰੂਰਤ ਹੈ: ਉਪ ਰਾਸ਼ਟਰਪਤੀ


ਉਪ ਰਾਸ਼ਟਰਪਤੀ ਨੇ ਇੰਸਟੀਟਿਊਟ ਆਵ੍ ਮੈਥੇਮੈਟੀਕਲ ਸਾਇੰਸਿਜ਼, ਚੇਨਈ ਦੀ ਫਰੇਟਰਨਿਟੀ ਨਾਲ ਗੱਲਬਾਤ ਕੀਤੀ


ਇੰਸਟੀਟਿਊਟ ਦੇ ਨਵੇਂ ਰਿਹਾਇਸ਼ੀ ਵਿੰਗ ਦਾ ਉਦਘਾਟਨ ਕੀਤਾ

Posted On: 05 JAN 2021 1:27PM by PIB Chandigarh

ਭਾਰਤ ਦੇ ਉਪ-ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਹਾਲਾਂਕਿਭਾਰਤ, ਵਿਸ਼ਵ ਵਿੱਚ ਸਭ ਤੋਂ ਅਧਿਕ ਮਹਿਲਾ ਐੱਸਟੀਈਐੱਮ ਗ੍ਰੈਜੂਏਟ (ਲਗਭਗ 40 ਪ੍ਰਤੀਸ਼ਤ) ਤਿਆਰ ਕਰਦਾ ਹੈ, ਫਿਰ ਵੀ ਭਾਰਤ ਵਿੱਚ ਐੱਸਟੀਈਐੱਮ ਨੌਕਰੀਆਂ ਵਿੱਚ ਉਨ੍ਹਾਂ ਦਾ ਹਿੱਸਾ ਬਹੁਤ ਘੱਟ ਅਰਥਾਤ14 ਪ੍ਰਤੀਸ਼ਤ ਹੈ ਅਤੇ ਇਸ ਵਿੱਚ ਸੁਧਾਰ ਕੀਤੇ ਜਾਣ ਦੀ ਜ਼ਰੂਰਤਹੈ। ਉਨ੍ਹਾਂ ਅੱਗੇ ਕਿਹਾ ਕਿ ਪੋਸਟ ਗ੍ਰੈਜੂਏਟ ਅਤੇ ਡੌਕਟਰਲ ਅਧਿਐਨਾਂ ਵਿੱਚ ਮਹਿਲਾਵਾਂ ਦੀ ਬਹੁਤ ਹੀ ਘੱਟ ਪ੍ਰਤੀਨਿਧਤਾ ਵਿੱਚ ਵੀ ਤੇਜ਼ੀ ਨਾਲਸੁਧਾਰ  ਕਰਨ ਦੀ ਲੋੜ ਹੈ।

 

ਇਸ ਸਬੰਧ ਵਿੱਚ, ਸ਼੍ਰੀ ਨਾਇਡੂ ਨੇ ਕਿਹਾ ਕਿ ਆਈਆਈਟੀਜ਼ ਵਿੱਚ ਵਿਦਿਆਰਥਣਾਂ ਦੀ ਗਿਣਤੀ ਵਿੱਚ ਸੁਧਾਰ ਲਿਆਉਣ ਲਈ ਸਰਕਾਰ ਦੇ ਪ੍ਰਯਤਨਾਂ ਸਦਕਾ  ਉਨ੍ਹਾਂ ਦੀ ਗਿਣਤੀ, ਜੋ ਕਿ ਸਾਲ 2016 ਦੌਰਾਨ ਸਿਰਫ 8 ਪ੍ਰਤੀਸ਼ਤ ਸੀ, ਤੋਂ ਵਧ ਕੇ ਹੁਣ 20 ਪ੍ਰਤੀਸ਼ਤ ਹੋ ਗਈ ਹੈ। ਉਨ੍ਹਾਂ ਨੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ '' ਮਹਿਲਾ ਵਿਗਿਆਨੀ ਪ੍ਰੋਗਰਾਮ'', ਜੋ ਮਹਿਲਾਵਾਂ ਨੂੰ ਵਿਗਿਆਨ ਅਤੇ ਗਣਿਤ ਵਿੱਚ ਆਪਣਾ ਕੈਰੀਅਰ ਬਣਾਉਣ ਲਈ ਉਤਸ਼ਾਹਿਤ ਕਰਦਾ ਹੈ, ਦੀ ਇੱਕ ਸ਼ਲਾਘਾਯੋਗ ਉਪਰਾਲੇ ਵਜੋਂ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਮਹਿਲਾ ਵਿਗਿਆਨੀਆਂ ਉੱਤੇ ਮਾਣ ਕਰਨਾ ਚਾਹੀਦਾ ਹੈ ਅਤੇ ਸਾਇੰਸ ਦੇ ਖੇਤਰ ਵਿੱਚ  ਬਾਲੜੀਆਂ ਵਾਸਤੇ ਰੋਲ ਮਾਡਲ ਤਿਆਰ ਕਰਨੇ ਚਾਹੀਦੇ ਹਨ।

 

ਚੇਨਈ ਦੇ ਗਣਿਤ ਵਿਗਿਆਨ ਸੰਸਥਾਨ (ਆਈਐੱਮਐੱਸਸੀ) ਵਿਖੇ ਬੋਲਦਿਆਂ ਉਪ ਰਾਸ਼ਟਰਪਤੀ ਨੇ ਐੱਸਟੀਈਐੱਮ ਦੇ ਰੁਝਾਨਾਂ ਬਾਰੇ ਅਤੇ  ਡਾਟਾ ਸਾਇੰਸ ਕ੍ਰਾਂਤੀ ਦੀਆਂ ਸੰਭਾਵਨਾਵਾਂ  ਦਾਨੌਕਰੀਆਂ ਦੀ ਸਿਰਜਣਾ ਵਿੱਚ ਕਿਸ ਤਰ੍ਹਾਂ ਉਪਯੋਗ ਕੀਤਾ ਜਾ ਸਕਦਾ ਹੈ, ਬਾਰੇ ਦੱਸਿਆ। ਸ਼੍ਰੀ ਨਾਇਡੂ ਨੇ ਕਿਹਾ ਕਿ ਡਾਟਾ ਨੇ ਕਾਰੋਬਾਰ ਕਰਨ ਦਾ ਤਰੀਕਾ ਬਦਲ ਦਿੱਤਾ ਹੈ ਅਤੇ ਸਾਨੂੰ ਆਪਣੇ ਯੁਵਾ ਗ੍ਰੈਜੂਏਟਾਂ ਨੂੰ ਇਨ੍ਹਾਂ ਨਵੇਂ ਹੁਨਰ ਸੈੱਟਾਂ ਨਾਲ ਲੈਸ ਕਰਨ ਲਈ ਆਪਣੇ ਰਵਾਇਤੀ ਇੰਜੀਨੀਅਰਿੰਗ ਪਾਠਕ੍ਰਮ ਤੋਂ ਹਟ ਕੇ ਸੋਚਣਾ ਚਾਹੀਦਾ ਹੈ।ਉਨ੍ਹਾਂ ਹੋਰ ਕਿਹਾ ਕਿ ਇਸ ਪ੍ਰਕਾਰ, ਸਾਨੂੰ ਉਦਯੋਗ ਦੀਆਂ ਵਰਤਮਾਨ ਮੰਗਾਂ ਲਈ ਪ੍ਰਾਸੰਗਿਕ ਰਹਿਣਾ ਚਾਹੀਦਾ ਹੈ।

 

ਆਈਆਈਟੀਜ਼ ਵਰਗੀਆਂ ਰਾਸ਼ਟਰੀ ਸੰਸਥਾਵਾਂ ਦੁਆਰਾ ਉਪਲੱਬਧ ਕਰਾਏ ਜਾਂਦੇ ਡਿਸਟੈਂਸ ਐਜੂਕੇਸ਼ਨ ਕੋਰਸਾਂ ਦੇ ਪਸਾਰ 'ਤੇ ਖੁਸ਼ੀ ਪ੍ਰਗਟ ਕਰਦਿਆਂ, ਉਨ੍ਹਾਂ ਇੱਛਾ ਪ੍ਰਗਟ ਕੀਤੀ ਕਿ ਹੋਰ ਜ਼ਿਆਦਾ ਵਿਦਿਆਰਥੀਆਂ  ਨੂੰ ਲਾਭ ਪਹੁੰਚਾਉਣ ਲਈ ਖੇਤਰੀ ਭਾਸ਼ਾਵਾਂ ਵਿੱਚ ਤਕਨੀਕੀ ਕੋਰਸਾਂ ਦੀ ਪੇਸ਼ਕਸ਼ ਕੀਤੀ ਜਾਵੇ।

 

ਸਥਾਨਕ ਭਾਸ਼ਾਵਾਂ ਵਿੱਚ ਵਿਗਿਆਨ ਸਿੱਖਿਆ ਉਪਲੱਬਧ ਕਰਾਉਣ ਦੀ ਮਹੱਤਤਾ ਉੱਤੇ ਜ਼ੋਰ ਦਿੰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਸ ਨਾਲ ਵਿਸ਼ੇ ਨੂੰ ਬਿਹਤਰ ਤਰੀਕੇ ਨਾਲ ਸਮਝਣ ਵਿੱਚ ਵਿਦਿਆਰਥੀਆਂ ਨੂੰ ਮਦਦ ਮਿਲੇਗੀ ਅਤੇ ਇਨੋਵੇਸ਼ਨ ਵਿੱਚ ਵੀ ਸਹਾਇਤਾ ਮਿਲੇਗੀ। ਇਹ ਕਹਿੰਦੇ ਹੋਏ  ਕਿ ਕਿਸੇ ਵੀ ਭਾਸ਼ਾ ਨੂੰ ਥੋਪਿਆ ਨਹੀਂ ਜਾਣਾ ਚਾਹੀਦਾ ਅਤੇ ਨਾ ਹੀ ਕਿਸੇ ਭਾਸ਼ਾ ਦਾ ਵਿਰੋਧ  ਕੀਤਾ ਜਾਣਾ ਚਾਹੀਦਾ ਹੈ, ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਭਾਸ਼ਾਵਾਂ ਸਿੱਖਣ ਪਰ ਮਾਂ ਬੋਲੀ ਨੂੰ ਪ੍ਰਮੁੱਖਤਾ ਦੇਣ ਦਾਸੱਦਾ ਦਿੱਤਾ।

 

ਇਸ ਵਿਸ਼ੇ ਵਿੱਚ ਗਣਿਤ ਅਤੇ ਭਾਰਤ ਦੀ ਅਮੀਰ ਵਿਰਾਸਤ ਦੀ ਮਹੱਤਤਾ ਬਾਰੇ ਬੋਲਦਿਆਂ, ਸ਼੍ਰੀ ਨਾਇਡੂ ਨੇ ਮਹਾਨ ਭਾਰਤੀ ਗਣਿਤ ਵਿਗਿਆਨੀ ਸ੍ਰੀਨਿਵਾਸ ਰਾਮਾਨੁਜਨ ਦੁਆਰਾ ਪਾਏ ਅਣਮੋਲ ਯੋਗਦਾਨ ਦਾ ਉੱਲੇਖ ਕੀਤਾ। ਬੱਚਿਆਂ ਵਿੱਚ ਛੁਪੀ ਹੋਈ ਪ੍ਰਤਿਭਾ ਨੂੰ ਉਜਾਗਰ ਕਰਨ ਦੀ ਮੰਗ ਕਰਦਿਆਂ ਉਪ ਰਾਸ਼ਟਰਪਤੀ ਨੇ ਰੇਖਾਂਕਿਤ ਕੀਤਾ ਕਿ ਬੱਚਿਆਂ ਵਿੱਚ ਪ੍ਰਤਿਭਾ ਦੀ ਕੋਈ ਘਾਟ ਨਹੀਂ ਹੈ ਅਤੇ ਇਸ ਪ੍ਰਤਿਭਾ ਨੂੰ ਲੱਭਣਾ ਅਤੇ ਉਸ ਦਾ  ਪੋਸ਼ਣ ਕਰਨਾ ਮਹੱਤਵਪੂਰਨ ਹੈ।

 

ਸਵਦੇਸ਼ੀ ਕੋਵਿਡ-19 ਵੈਕਸਿਨ ਨੂੰ ਸੰਭਵ ਬਣਾਉਣ ਵਾਲੇ ਵਿਗਿਆਨੀਆਂ ਦੀ ਪ੍ਰਸ਼ੰਸਾ ਕਰਦਿਆਂ ਸ਼੍ਰੀ ਨਾਇਡੂ ਨੇ ਇਸ ਨੂੰ ਭਾਰਤ ਲਈ ਵਿਗਿਆਨ ਦੀ ਇੱਕ ਵੱਡੀ ਛਲਾਂਗ ਕਿਹਾ। ਉਪ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਉਹ ਸਾਡੇ ਵਿਗਿਆਨੀਆਂ ਦੁਆਰਾ ਕੀਤੇ ਜਾ ਰਹੇ ਜ਼ਬਰਦਸਤ ਪ੍ਰਯਤਨਾਂ ਅਤੇ ਯੁਵਾ ਖੋਜਕਾਰਾਂ ਦੇ ਉਤਸ਼ਾਹ ਕਾਰਨ ਰਾਸ਼ਟਰ ਦੇ ਭਵਿੱਖ ਬਾਰੇ ਆਪਣੇ ਆਪ ਨੂੰ ਵਿਸ਼ਵਾਸੀ (ਕੌਨਫੀਡੈਂਟ) ਮਹਿਸੂਸ ਕਰਦੇ ਹਨ। ਉਨ੍ਹਾਂ ਦਾ ਵਿਚਾਰ ਸੀ ਕਿ ਸਮੁੱਚੀ ਖੋਜ ਅਤੇ ਵਿਕਾਸ ਦਾ ਉਦੇਸ਼ ਲੋਕਾਂ ਦੇ ਜੀਵਨ ਦੀ ਬਿਹਤਰੀ ਹੀ ਹੈ।

 

ਮੌਜੂਦਾ ਕੋਵਿਡ -19 ਮਹਾਮਾਰੀ ਦਾ ਉੱਲੇਖ ਕਰਦਿਆਂ ਉਪ ਰਾਸ਼ਟਰਪਤੀ ਨੇ ਕੁਦਰਤ ਦਾ ਸਤਿਕਾਰ ਕਰਨ ਦੀ ਲੋੜ ਨੂੰ ਉਜਾਗਰ ਕੀਤਾ। ਉਨ੍ਹਾਂ ਸਾਵਧਾਨ ਕੀਤਾ ਕਿ ਜਲਵਾਯੂ ਪਰਿਵਰਤਨ ਵਾਸਤਵਿਕ ਹੈ ਅਤੇ ਇਸ ਦੇ ਨਕਾਰਾਤਮਕ ਪ੍ਰਭਾਵ ਸਾਡੇ ਜੀਵਨ ਨੂੰ ਪ੍ਰਭਾਵਿਤ ਕਰਨਗੇ। ਕੁਦਰਤ ਦੇ ਅਨੁਕੂਲ ਰਹਿਣ ਦੀ ਜ਼ਰੂਰਤ 'ਤੇ ਜ਼ੋਰ ਦਿੰਦਿਆਂ, ਸ਼੍ਰੀ ਨਾਇਡੂ ਨੇ ਲੋਕਾਂ ਨੂੰ ਯੋਗ ਅਭਿਆਸ ਕਰਕੇ ਅਤੇ ਸਹੀ ਤਰ੍ਹਾਂ ਨਾਲ ਪਕਾਇਆ ਗਿਆ ਪੋਸ਼ਟਿਕ ਭੋਜਨ ਖਾ ਕੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੀ ਅਪੀਲ ਕੀਤੀ।

 

ਸ਼੍ਰੀ ਨਾਇਡੂ ਨੇ ਨੌਜਵਾਨਾਂ ਵਿੱਚ ਮੋਬਾਈਲ ਫੋਨ ਦੀ ਜ਼ਿਆਦਾ ਵਰਤੋਂ ਕਰਨ ਦੇ ਵਧ ਰਹੇ ਰੁਝਾਨ ‘ਤੇ ਵੀ ਸਰੋਕਾਰ ਪ੍ਰਗਟ ਕੀਤਾ ਕਿਉਂਕਿ ਇਸ ਨਾਲ ਬੇਲੋੜੀ ਵਿਆਕੁਲਤਾ ਪੈਦਾ ਹੁੰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਦਿਆਰਥੀਆਂ ਦੀ ਸਰਬਪੱਖੀ ਪ੍ਰਗਤੀ ਅਤੇ ਵਿਕਾਸ ਲਈ ਸਕੂਲਾਂ ਨੂੰ ਯੋਗਾ, ਬਾਗਬਾਨੀ ਅਤੇ ਸਮਾਜਿਕ ਕਾਰਜ ਵਰਗੀਆਂ ਗਤੀਵਿਧੀਆਂ ਨੂੰ ਆਪਣੇ ਪਾਠਕ੍ਰਮ ਵਿੱਚ ਸ਼ਾਮਲ ਕਰਨ ਦੀ ਲੋੜ ਹੈ।

 

ਇਹ ਵੇਖਦਿਆਂ ਕਿ ਬਹੁਤ ਸਾਰੇ ਬੱਚੇ ਗਣਿਤ ਤੋਂ ਭੈਭੀਤ ਹੋ ਜਾਂਦੇ ਹਨ ਅਤੇ ਇਸ ਵਿਸ਼ੇ ਨੂੰ ਸਿੱਖਣ ਦੀ ਸੰਭਾਵਨਾ ਪ੍ਰਤੀਆਪਣੇ ਅੰਦਰ ਡਰ ਅਤੇ ਚਿੰਤਾ ਵਿਕਸਿਤ ਕਰ ਲੈਂਦੇ ਹਨ, ਉਨ੍ਹਾਂ ਨੇ ਅਧਿਆਪਿਕਾਂ ਨੂੰ ਤਾਕੀਦ ਕੀਤੀ ਕਿ ਉਹ ਬੱਚਿਆਂ ਨੂੰ ਸੰਖਿਆਵਾਂ ਵਿੱਚ ਦਿਲਚਸਪੀ ਰੱਖਣ ਵਾਲੇ ਬਣਾਉਣ ਲਈ,  ਰੱਟੇ ਨਾਲ ਯਾਦ ਕਰਨ ਦੀ ਪਿਰਤ ਨੂੰ ਹਟਾ ਕੇ ਸਿਰਜਣਾਤਮਕ ਤਰੀਕਿਆਂ ਅਤੇ ਪ੍ਰੈਕਟੀਕਲ ਗਤੀਵਿਧੀਆਂ ਦਾ ਵਿਕਲਪ ਚੁਣਨ।

 

ਇਸ ਪ੍ਰਾਪਤੀ ਲਈਉਪ ਰਾਸ਼ਟਰਪਤੀ ਨੇ ਸੁਝਾਅ ਦਿੱਤਾ ਕਿ ਨਵੀਂ ਸਿੱਖਿਆ ਨੀਤੀ ਦੀਆਂ ਵਿਵਸਥਾਵਾਂ ਨੂੰ ਪੂਰੀ ਤਰ੍ਹਾਂ ਪੂੰਜੀਕ੍ਰਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਪ੍ਰਾਇਮਰੀ ਸਿੱਖਿਆ ਵਿੱਚ ਤਾਲੀਮੀ ਬਦਲਾਅ ਲਿਆਂਦੇ ਜਾਣੇ ਚਾਹੀਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਬੱਚਿਆਂ ਨੂੰ ਵਿਗਿਆਨ ਵਿੱਚ ਆਪਣਾ ਕੈਰੀਅਰ ਬਣਾਉਣ ਲਈ ਉਤਸ਼ਾਹਿਤ ਕਰਕੇ ਇੱਕ ਮਜ਼ਬੂਤ ਬੁਨਿਆਦ ਵਾਲੇ ਐੱਸਟੀਈਐੱਮ ਨੂੰ ਪੂਰਕ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਨਿੱਜੀ ਖੇਤਰ ਨੂੰ ਵੀ ਐੱਸਟੀਈਐੱਮ ਖੋਜ ਨੂੰ ਮਜ਼ਬੂਤ ਕਰਨ ਲਈ ਵਿੱਦਿਅਕ ਸੰਸਥਾਵਾਂ ਨਾਲ ਸਾਂਝੇਦਾਰੀ ਕਰਨ ਦੀ ਅਪੀਲ ਕੀਤੀ।

 

ਉਪ ਰਾਸ਼ਟਰਪਤੀ ਨੇ ਗੁਣਵੱਤਾ ਭਰਪੂਰ ਬੁਨਿਆਦੀ ਖੋਜ, ਵਿਸ਼ੇਸ਼ ਕਰਕੇ ਭਾਰਤ-ਅਧਾਰਿਤ ਨਿਊਟ੍ਰੀਨੋ ਔਬਜ਼ਰਵੇਟਰੀ (ਆਈਐੱਨਓ), ਮੈਗਾ-ਸਾਇੰਸ ਪ੍ਰੋਜੈਕਟ ਨੂੰ ਅੱਗੇ ਵਧਾਉਣ ਵਿੱਚ ਆਈਐੱਮਐੱਸਸੀ ਦੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਭਰੋਸਾ ਜਤਾਇਆ ਕਿ ਇਹ ਮਹੱਤਵ ਆਕਾਂਖੀ ਪ੍ਰੋਜੈਕਟ ਵਿਗਿਆਨਕ ਖੋਜਾਂ ਵਿੱਚ ਇੱਕ ਲੀਡਰ ਵਜੋਂ ਭਾਰਤ ਦੀ ਗਲੋਬਲ ਸਥਿਤੀ ਨੂੰ ਉੱਪਰ ਉਠਾਏਗਾ।

 

ਸ਼੍ਰੀ ਨਾਇਡੂ ਨੇ ਤਮਿਲ ਨਾਡੂ ਵਿੱਚ ਸਾਇੰਸ ਆਊਟਰੀਚ ਪ੍ਰੋਗਰਾਮ ਚਲਾਉਣ ਲਈ ਵੀ ਸੰਸਥਾ ਦੀ ਸ਼ਲਾਘਾ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਲੋਕਾਂ, ਵਿਸ਼ੇਸ਼ ਕਰਕੇ ਬੱਚਿਆਂ ਵਿੱਚ ਵਿਗਿਆਨਕ ਮਿਜ਼ਾਜ ਪੈਦਾ ਕਰਨਾ ਸਮੇਂ ਦੀ ਲੋੜ ਹੈ।

ਇਸ ਮੌਕੇ, ਉਪ ਰਾਸ਼ਟਰਪਤੀ ਨੇ ਡੀਏਈ ਨੋਡਲ ਸੈਂਟਰ, ਪੱਲਾਵਰਮ ਵਿਖੇ ਸਥਿਤ ਆਈਐੱਮਐੱਸਸੀ ਦੇ ਨਵੇਂ ਰਿਹਾਇਸ਼ੀ ਵਿੰਗ ਦਾ ਵਰਚੁਅਲੀ ਉਦਘਾਟਨ ਵੀ ਕੀਤਾ।

 

ਇਸ ਮੌਕੇ ’ਤੇ ਤਮਿਲ ਨਾਡੂ ਦੇ ਉੱਚ ਸਿੱਖਿਆ ਮੰਤਰੀ, ਸ਼੍ਰੀ ਕੇਪੀਐਨਬਾਲਾਗਨ, ਪ੍ਰੋ: ਵੀ ਅਰਵਿੰਦ, ਡਾਇਰੈਕਟਰ, ਆਈਐੱਮਐੱਸਸੀ, ਡਾ: ਅਰੁਣ ਕੁਮਾਰ ਭਾਦੁੜੀ, ਡਾਇਰੈਕਟਰ, ਆਈਜੀਸੀਏਆਰ, ਪ੍ਰਮਾਣੂ ਊਰਜਾ ਵਿਭਾਗ, ਕਲਪੱਕਮ, ਸੁਸ਼੍ਰੀ ਸੇਲਵੀ ਅਪੂਰਵਾ, ਪ੍ਰਮੁੱਖ ਸਕੱਤਰ, ਉੱਚ ਸਿੱਖਿਆ ਵਿਭਾਗ, ਤਮਿਲ ਨਾਡੂ, ਸ਼੍ਰੀ ਐੱਸ ਵਿਸ਼ਨੂੰ ਪ੍ਰਸਾਦ, ਰਜਿਸਟ੍ਰਾਰ, ਆਈਐੱਮਐੱਸਸੀ, ਵਿਦਿਆਰਥੀ ਅਤੇ ਸਟਾਫ  ਹਾਜ਼ਰ ਸਨ।

 

ਉਪ ਰਾਸ਼ਟਰਪਤੀ ਦੇ ਭਾਸ਼ਣ ਨੂੰ ਪੜ੍ਹਨ ਦੇ ਲਈ ਇੱਥੇ ਕਲਿੱਕ ਕਰੋ-


 

****

 

ਐੱਮਐੱਸ / ਆਰਕੇ / ਡੀਪੀ


(Release ID: 1686334) Visitor Counter : 179