ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਰਾਜਕੋਟ ਵਿਖੇ ਏਮਸ ਦਾ ਨੀਂਹ ਪੱਥਰ ਰੱਖਿਆ
ਰਾਜਕੋਟ ਦਾ ਏਮਸ (ਆਲ ਇੰਡੀਆ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼) ਸਿਹਤ ਬੁਨਿਆਦੀ ਢਾਂਚੇ ਨੂੰ ਪ੍ਰੋਤਸਾਹਿਤ ਕਰੇਗਾ ਅਤੇ ਗੁਜਰਾਤ ਵਿੱਚ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰੇਗਾ: ਪ੍ਰਧਾਨ ਮੰਤਰੀ
ਗੁਜਰਾਤ ਨੇ ਕੋਵਿਡ ਖ਼ਿਲਾਫ਼ ਲੜਨ ਵਿੱਚ ਮਾਰਗ ਦਰਸ਼ਨ ਕੀਤਾ ਹੈ: ਪ੍ਰਧਾਨ ਮੰਤਰੀ
10 ਨਵੇਂ ਏਮਸ ਅਤੇ ਸੁਪਰ ਸਪੈਸ਼ਲਿਟੀ ਹਸਪਤਾਲਾਂ ਦੇ ਨਿਰਮਾਣ ਦਾ ਕੰਮ ਚਲ ਰਿਹਾ ਹੈ: ਪ੍ਰਧਾਨ ਮੰਤਰੀ
2020 ਸਿਹਤ ਸਬੰਧੀ ਚੁਣੌਤੀਆਂ ਦਾ ਸਾਲ ਸੀ, 2021 ਸਿਹਤ ਸਮਾਧਾਨਾਂ ਦਾ ਸਾਲ ਬਣਨ ਜਾ ਰਿਹਾ ਹੈ: ਪ੍ਰਧਾਨ ਮੰਤਰੀ
ਭਾਰਤ 2021 ਵਿੱਚ ਗਲੋਬਲ ਹੈਲਥ ਦੇ ਨਰਵ ਸੈਂਟਰ ਵਜੋਂ ਆਪਣੀ ਭੂਮਿਕਾ ਨੂੰ ਮਜ਼ਬੂਤ ਕਰੇਗਾ: ਪ੍ਰਧਾਨ ਮੰਤਰੀ
ਸਾਲ ਦੇ ਆਖਰੀ ਦਿਨ ਫਰੰਟਲਾਈਨ ਕੋਰੋਨਾ ਜੋਧਿਆਂ ਨੂੰ ਯਾਦ ਕੀਤਾ
Posted On:
31 DEC 2020 12:55PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਵੀਡੀਓ ਕਾਨਫਰੰਸ ਦੇ ਜ਼ਰੀਏ ਏਮਸ, ਰਾਜਕੋਟ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਕੇਂਦਰੀ ਮੰਤਰੀ ਡਾ: ਹਰਸ਼ ਵਰਧਨ, ਗੁਜਰਾਤ ਦੇ ਰਾਜਪਾਲ, ਆਚਾਰੀਆ ਦੇਵਵ੍ਰਤ, ਗੁਜਰਾਤ ਦੇ ਮੁੱਖ ਮੰਤਰੀ, ਸ਼੍ਰੀ ਵਿਜੈ ਰੂਪਾਣੀ ਮੌਜੂਦ ਸਨ।
ਇਸ ਮੌਕੇ ’ਤੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਉਨ੍ਹਾਂ ਲੱਖਾਂ ਡਾਕਟਰਾਂ, ਸਿਹਤ ਕਰਮਚਾਰੀਆਂ, ਸਫਾਈ ਕਰਮਚਾਰੀਆਂ ਅਤੇ ਹੋਰ ਫਰੰਟਲਾਈਨ ਕੋਰੋਨਾ ਜੋਧਿਆਂ ਦੇ ਪ੍ਰਯਤਨਾਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਮਨੁੱਖਤਾ ਦੀ ਰੱਖਿਆ ਲਈ ਨਿਰੰਤਰ ਆਪਣੀਆਂ ਜਾਨਾਂ ਦਾਅ ਤੇ ਲਗਾਈ ਰੱਖੀਆਂ ਹਨ। ਉਨ੍ਹਾਂ ਨੇ ਵਿਗਿਆਨੀਆਂ ਅਤੇ ਉਨ੍ਹਾਂ ਸਾਰੇ ਲੋਕਾਂ ਦੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਇਸ ਮੁਸ਼ਕਿਲ ਸਮੇਂ ਵਿੱਚ ਪੂਰੇ ਸਮਰਪਣ ਨਾਲ ਗ਼ਰੀਬਾਂ ਨੂੰ ਭੋਜਨ ਉਪਲਬਧ ਕਰਵਾਇਆ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਇਸ ਸਾਲ ਨੇ ਇਹ ਅਹਿਸਾਸ ਕਰਾਇਆ ਹੈ ਕਿ ਜਦੋਂ ਭਾਰਤ ਇੱਕਜੁਟ ਹੋ ਜਾਂਦਾ ਹੈ ਤਾਂ ਇਹ ਮੁਸ਼ਕਿਲ ਤੋਂ ਮੁਸ਼ਕਿਲ ਸੰਕਟ ਦਾ ਵੀ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਪ੍ਰਭਾਵਸ਼ਾਲੀ ਕਦਮ ਉਠਾਏ ਜਾਣ ਦੇ ਨਤੀਜੇ ਵਜੋਂ ਭਾਰਤ ਇੱਕ ਬਿਹਤਰ ਸਥਿਤੀ ਵਿੱਚ ਹੈ ਅਤੇ ਕੋਰੋਨਾ ਪੀੜਤਾਂ ਨੂੰ ਬਚਾਉਣ ਦਾ ਭਾਰਤ ਦਾ ਰਿਕਾਰਡ ਦੂਜੇ ਦੇਸ਼ਾਂ ਨਾਲੋਂ ਕਿਤੇ ਬਿਹਤਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਵੈਕਸੀਨ ਲਈ ਹਰ ਲੋੜੀਂਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੇਡ ਇਨ ਇੰਡੀਆ ਵੈਕਸੀਨ ਨੂੰ ਤੇਜ਼ੀ ਨਾਲ ਹਰ ਕੋਨੇ ਵਿੱਚ ਪਹੁੰਚਾਉਣ ਦੇ ਪ੍ਰਯਤਨ ਅੰਤਿਮ ਪੜਾਅ ਵਿੱਚ ਹਨ। ਉਨ੍ਹਾਂ ਕਿਹਾ ਕਿ ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਚਲਾਉਣ ਲਈ ਭਾਰਤ ਦੀ ਤਿਆਰੀ ਜ਼ੋਰਾਂ 'ਤੇ ਹੈ। ਉਨ੍ਹਾਂ ਨੇ ਵੈਕਸੀਨੇਸ਼ਨ ਨੂੰ ਸਫਲ ਬਣਾਉਣ ਲਈ ਇੱਕਠੇ ਹੋ ਕੇ ਅੱਗੇ ਵਧਣ ਲਈ ਕਿਹਾ, ਠੀਕ ਉਸੇ ਤਰ੍ਹਾਂ ਹੀ, ਜਿਸ ਤਰ੍ਹਾਂ ਪਿਛਲੇ ਸਾਲ ਅਸੀਂ ਸੰਕ੍ਰਮਣ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ।
ਸ੍ਰੀ ਮੋਦੀ ਨੇ ਕਿਹਾ ਕਿ ਏਮਸ, ਰਾਜਕੋਟ ਸਿਹਤ ਬੁਨਿਆਦੀ ਢਾਂਚੇ, ਮੈਡੀਕਲ ਸਿੱਖਿਆ ਨੂੰ ਹੁਲਾਰਾ ਦੇਵੇਗਾ ਅਤੇ ਗੁਜਰਾਤ ਵਿੱਚ ਰੋਜ਼ਗਾਰ ਦੇ ਮੌਕੇ ਉਪਲਬਧ ਕਰਵਾਏਗਾ। ਉਨ੍ਹਾਂ ਕਿਹਾ ਕਿ ਲਗਭਗ 5 ਹਜ਼ਾਰ ਪ੍ਰਤੱਖ ਅਤੇ ਕਈ ਅਪ੍ਰਤੱਖ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ। ਕੋਵਿਡ ਨਾਲ ਲੜਨ ਵਿੱਚ ਗੁਜਰਾਤ ਦੇ ਪ੍ਰਯਤਨਾਂ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਜਰਾਤ ਨੇ ਕੋਵਿਡ ਨਾਲ ਲੜਨ ਵਿੱਚ ਮਾਰਗ ਦਰਸ਼ਨ ਕੀਤਾ ਹੈ। ਉਨ੍ਹਾਂ ਗੁਜਰਾਤ ਵਿੱਚ ਕੋਰੋਨਾ ਚੈਲੇਂਜ ਦੀ ਬਿਹਤਰ ਹੈਂਡਲਿੰਗ ਦਾ ਸਿਲਾ ਉੱਥੋਂ ਦੇ ਜ਼ਬਰਦਸਤ ਮੈਡੀਕਲ ਬੁਨਿਆਦੀ ਢਾਂਚੇ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਮੈਡੀਕਲ ਖੇਤਰ ਵਿੱਚ ਗੁਜਰਾਤ ਦੀ ਇਸ ਸਫ਼ਲਤਾ ਦੇ ਪਿੱਛੇ ਦੋ ਦਹਾਕਿਆਂ ਦੀ ਸਖਤ ਮਿਹਨਤ, ਲਗਨ ਅਤੇ ਸੰਕਲਪ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਆਜ਼ਾਦੀ ਤੋਂ ਕਈ ਦਹਾਕੇ ਬਾਅਦ ਵੀ ਸਿਰਫ਼ 6 ਏਮਸ ਦੀ ਸਥਾਪਨਾ ਕੀਤੀ ਗਈ ਸੀ। 2003 ਵਿੱਚ ਅਟਲ ਜੀ ਦੀ ਸਰਕਾਰ ਸਮੇਂ, 6 ਹੋਰ ਏਮਸ ਸਥਾਪਿਤ ਕਰਨ ਲਈ ਕਦਮ ਚੁੱਕੇ ਗਏ ਸਨ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ 6 ਸਾਲਾਂ ਵਿੱਚ, 10 ਨਵੇਂ ਏਮਸ ’ਤੇ ਕੰਮ ਸ਼ੁਰੂ ਕੀਤਾ ਗਿਆ ਸੀ ਅਤੇ ਕਈਆਂ ਦਾ ਉਦਘਾਟਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਏਮਸ ਦੇ ਨਾਲ, 20 ਸੁਪਰ ਸਪੈਸ਼ਲਿਟੀ ਹਸਪਤਾਲਾਂ ਦਾ ਵੀ ਨਿਰਮਾਣ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ 2014 ਤੋਂ ਪਹਿਲਾਂ ਸਾਡੇ ਸਿਹਤ ਖੇਤਰ ਦੇ ਵੱਖ-ਵੱਖ ਪਹਿਲੂ ਅਨੇਕ ਦਿਸ਼ਾਵਾਂ ਅਤੇ ਦ੍ਰਿਸ਼ਟੀਕੋਣਾਂ ਵੱਲ ਕੰਮ ਕਰ ਰਹੇ ਸਨ। ਉਨ੍ਹਾਂ ਕਿਹਾ ਕਿ 2014 ਤੋਂ ਬਾਅਦ, ਸਿਹਤ ਖੇਤਰ ਨੇ ਸਰਬਪੱਖੀ ਕੰਮ ਕੀਤਾ ਹੈ ਅਤੇ ਨਿਵਾਰਕ ਦੇਖਭਾਲ਼ 'ਤੇ ਜ਼ੋਰ ਰਿਹਾ, ਜਦੋਂਕਿ ਇਲਾਜ ਦੀਆਂ ਆਧੁਨਿਕ ਸੁਵਿਧਾਵਾਂ ਨੂੰ ਵੀ ਪਹਿਲ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਗ਼ਰੀਬਾਂ ਦੇ ਇਲਾਜ ਦੀ ਲਾਗਤ ਨੂੰ ਘੱਟ ਕੀਤਾ ਅਤੇ ਇਸ ਦੇ ਨਾਲ ਹੀ ਡਾਕਟਰਾਂ ਦੀ ਗਿਣਤੀ ਤੇਜ਼ੀ ਨਾਲ ਵਧਾਉਣ ‘ਤੇ ਵੀ ਜ਼ੋਰ ਦਿੱਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ, ਦੂਰ ਦੁਰਾਡੇ ਦੇ ਇਲਾਕਿਆਂ ਵਿੱਚ 1.5 ਮਿਲੀਅਨ ਹੈਲਥ ਐਂਡ ਵੈੱਲਨੈੱਸ ਸੈਂਟਰ ਸਥਾਪਿਤ ਕਰਨ ਦਾ ਕੰਮ ਕੀਤਾ ਜਾ ਚੁੱਕਾ ਹੈ ਅਤੇ ਉਨ੍ਹਾਂ ਵਿੱਚੋਂ ਲਗਭਗ 50,000 ਕੇਂਦਰਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਵਿੱਚੋਂ ਲਗਭਗ 5 ਹਜ਼ਾਰ ਤਾਂ ਇਕੱਲੇ ਗੁਜਰਾਤ ਵਿੱਚ ਹੀ ਹਨ। ਉਨ੍ਹਾਂ ਕਿਹਾ ਕਿ ਲਗਭਗ 7000 ਜਨ ਔਸ਼ਧੀ ਕੇਂਦਰਾਂ ਨੇ ਲਗਭਗ 3.5 ਲੱਖ ਗ਼ਰੀਬ ਮਰੀਜ਼ਾਂ ਨੂੰ ਘੱਟ ਕੀਮਤ 'ਤੇ ਦਵਾਈਆਂ ਦਿੱਤੀਆਂ। ਉਨ੍ਹਾਂ ਨੇ ਲੋਕਾਂ ਦੀ ਸਿਹਤ ਵਿੱਚ ਸੁਧਾਰ ਲਈ ਸਰਕਾਰ ਦੀਆਂ ਪਹਿਲਾਂ ਨੂੰ ਸੂਚੀਬੱਧ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਸਾਲ 2020 ਸਿਹਤ ਚੁਣੌਤੀਆਂ ਦਾ ਸਾਲ ਸੀ, ਤਾਂ 2021 ਸਿਹਤ ਸਮਾਧਾਨਾਂ ਦਾ ਸਾਲ ਬਣਨ ਜਾ ਰਿਹਾ ਹੈ। ਵਿਸ਼ਵ, ਵਧੇਰੇ ਜਾਗਰੂਕਤਾ ਦੇ ਨਾਲ ਸਿਹਤ ਸਮਾਧਾਨਾਂ ਦੀ ਦਿਸ਼ਾ ਵਿੱਚ ਅੱਗੇ ਵਧੇਗਾ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਸਿਹਤ ਸਮਾਧਾਨਾਂ ਵਿੱਚ ਪ੍ਰਮੁੱਖ ਭੂਮਿਕਾ ਨਿਭਾਵੇਗਾ, ਜਿਸ ਤਰ੍ਹਾਂ ਕਿ ਇਸ ਨੇਸਾਲ 2020 ਦੀਆਂ ਚੁਣੌਤੀਆਂ ਨਾਲ ਨਿਪਟਣ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਈ ਸੀ। ਉਨ੍ਹਾਂ ਕਿਹਾ ਕਿ 2021 ਦੇ ਸਿਹਤ ਸਮਾਧਾਨਾਂ ਲਈ ਭਾਰਤ ਦਾ ਯੋਗਦਾਨ ਸਮਾਧਾਨਾਂ ਦੀ ਸਕੇਲਿੰਗ ਵਾਸਤੇ ਮਹੱਤਵਪੂਰਨ ਹੋਵੇਗਾ। ਭਾਰਤੀ ਮੈਡੀਕਲ ਪ੍ਰੋਫੈਸ਼ਨਲਾਂ ਦੀ ਸਮਰੱਥਾ ਅਤੇ ਸਰਵਿਸ ਮੋਟੀਵੇਸ਼ਨ ਨੂੰ ਦੇਖਦੇ ਹੋਏ, ਵਿਸ਼ਾਲ ਰੋਗ-ਪ੍ਰਤੀਰੋਧਤਾ ਅਨੁਭਵ ਜਿਹੀ ਮੁਹਾਰਤ ਦੇ ਨਾਲ ਭਾਰਤ ਵਿਸ਼ਵ ਨੂੰ ਸਮਾਰਟ ਅਤੇ ਕਿਫਾਇਤੀ ਸਮਾਧਾਨ ਪ੍ਰਦਾਨ ਕਰੇਗਾ। ਹੈਲਥ ਸਟਾਰਟਅੱਪਸ ਸਿਹਤ ਸਮਾਧਾਨਾਂ ਅਤੇ ਟੈਕਨੋਲੋਜੀ ਨੂੰ ਏਕੀਕ੍ਰਿਤ ਕਰ ਰਹੇ ਹਨ ਅਤੇ ਸਿਹਤ ਦੇਖਭਾਲ਼ ਨੂੰ ਪਹੁੰਚਯੋਗ ਬਣਾ ਰਹੇ ਹਨ। ਸ੍ਰੀ ਮੋਦੀ ਨੇ ਕਿਹਾ, “ਭਾਰਤ, ਸਿਹਤ ਦੇ ਭਵਿੱਖ ਅਤੇ ਭਵਿੱਖ ਦੀ ਸਿਹਤ,ਦੋਹਾਂ ਵਿੱਚ ਹੀ ਮਹੱਤਵਪੂਰਨ ਭੂਮਿਕਾ ਨਿਭਾਉਣ ਜਾ ਰਿਹਾ ਹੈ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਸ ਪ੍ਰਕਾਰ ਬਿਮਾਰੀਆਂ ਗਲੋਬਲਾਈਜ਼ ਹੁੰਦੀਆਂ ਜਾ ਰਹੀਆਂ ਹਨ, ਗਲੋਬਲ ਸਿਹਤ ਸਮਾਧਾਨਾਂ ਲਈ ਤਾਲਮੇਲ ਭਰਪੂਰ ਗਲੋਬਲ ਪ੍ਰਤੀਕ੍ਰਮ ਨੂੰ ਅੰਜਾਮ ਦੇਣ ਦਾ ਇਹੀ ਸਹੀ ਸਮਾਂ ਹੈ ਅਤੇ ਇੱਕ ਗਲੋਬਲ ਖਿਡਾਰੀ ਵਜੋਂ ਭਾਰਤ ਨੇ ਇਹ ਕਰ ਦਿਖਾਇਆ ਹੈ। ਭਾਰਤ ਨੇ ਮੰਗ ਅਨੁਸਾਰ ਅਨੁਕੂਲਣ, ਵਿਕਾਸ ਅਤੇ ਵਿਸਤਾਰ ਕਰਕੇ ਆਪਣੀ ਸਮਰੱਥਾ ਨੂੰ ਸਾਬਤ ਕੀਤਾ। ਭਾਰਤ ਦੁਨੀਆ ਦੇ ਨਾਲ ਤੁਰਿਆ ਅਤੇ ਸਮੂਹਿਕ ਪ੍ਰਯਤਨਾਂ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਗਲੋਬਲ ਹੈਲਥ ਦੇ ਨਰਵ ਸੈਂਟਰ ਵਜੋਂ ਉੱਭਰ ਰਿਹਾ ਹੈ ਅਤੇ 2021 ਵਿੱਚ ਸਾਨੂੰ ਭਾਰਤ ਦੀ ਇਸ ਭੂਮਿਕਾ ਨੂੰ ਹੋਰ ਮਜ਼ਬੂਤ ਕਰਨ ਦੀ ਜ਼ਰੂਰਤ ਹੈ।
***
ਡੀਐੱਸ / ਏਕੇ
(Release ID: 1685133)
Visitor Counter : 268
Read this release in:
English
,
Urdu
,
Marathi
,
Hindi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam